ਮੁਫ਼ਤ ਸਹੂਲਤਾਂ, ਸਿਆਸਤਦਾਨਾਂ ਦੀ ਪਹੁੰਚ ਅਤੇ ਖੁਸ਼ਹਾਲ ਪੰਜਾਬ

ਮੁਫ਼ਤ ਸਹੂਲਤਾਂ, ਸਿਆਸਤਦਾਨਾਂ ਦੀ ਪਹੁੰਚ ਅਤੇ ਖੁਸ਼ਹਾਲ ਪੰਜਾਬ

ਮਨਮੋਹਨ ਸਿੰਘ ਖੇਲਾ (ਸਿਡਨੀ)

ਮਨਮੋਹਨ ਸਿੰਘ ਖੇਲਾ (ਸਿਡਨੀ)

ਸਿਰੜੀ ਅਤੇ ਸਖਤ ਮਿਹਨਤ ਕਰਨ ਵਾਲੇ ਪੰਜਾਬੀਆਂ ਤੋਂ ਵੋਟਾਂ ਬਟੋਰਨ ਲਈ ਸਿਆਸੀ ਪਾਰਟੀਆਂ ਤਰ੍ਹਾਂ ਤਰ੍ਹਾਂ ਦੇ ਵਾਅਦਿਆਂ ਰਾਹੀਂ ਮੁਫ਼ਤ ਸਹੂਲਤਾਂ ਦੇਣ ਦੇ ਐਲਾਨ ਕਰਕੇ ਮੰਗਤੇ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਅਜਿਹੇ ਲਾਲਚ ਦੇ ਕੇ ਲੋਕਾਂ ਨੂੰ ਵਿਹਲੜ ਅਤੇ ਨਿਕੰਮੇ ਬਣਨ ਦੇ ਰਾਹ ਪਾਇਆ ਜਾ ਰਿਹਾ ਹੈ। ਇਸ ਤੋਂ ਬਿਨਾ ਸਿਆਸੀ ਲੋਕ ਇਹ ਵੀ ਚਾਹੁੰਦੇ ਹਨ ਕਿ ਪੰਜਾਬੀ ਹਰ ਤਰ੍ਹਾਂ ਨਾਲ ਸਰਕਾਰਾਂ ਤੇ ਹੀ ਨਿਰਭਰ ਹੋ ਜਾਣ ਅਤੇ ਰੁਜ਼ਗਾਰ ਦੀ ਮੰਗ ਵੀ ਨਾ ਕਰ ਸਕਣ। ਚਾਹੀਦਾ ਇਹ ਸੀ ਕਿ ਹਰ ਇੱਕ ਤੋਂ ਟੈਕਸ ਵਸੂਲਣ ਦੇ ਸਰੋਤ ਪੈਦਾ ਕੀਤੇ ਜਾਣ ਤਾਂ ਕਿ ਨਿਰਵਿਘਨ ਬਿਜਲੀ, ਵਧੀਆ ਸਿਹਤ ਤੇ ਵਿਦਿਆ ਸਹੂਲਤਾਂ, ਰੁਜ਼ਗਾਰ ਦੇ ਮੌਕੇ ਮੁਹੱਈਆ ਕਰਕੇ ਅਤੇ ਸਰਕਾਰੀ ਤੰਤਰ ਨੂੰ ਭ੍ਰਿਸ਼ਟਾਚਾਰ ਮੁਕਤ ਕੀਤਾ ਜਾ ਸਕੇ। ਹੋਣਾ ਤਾਂ ਇਹ ਵੀ ਚਾਹੀਦਾ ਹੈ ਕਿ ਵਿਧਾਨ ਸਭਾ ਜਾਂ ਲੋਕ ਸਭਾ ਮੈਂਬਰਾਂ ਦਾ ਕਾਰਜਕਾਲ ਖਤਮ ਹੋਣ ਬਾਅਦ ਬਾਅਦ ਪੈਨਸ਼ਨ ਲੈਣ ਦਾ ਹੱਕ ਸਿਰਫ ਇੱਕ ਵਾਰ ਹੀ ਦਿੱਤਾ ਜਾਵੇ, ਬਹੁਤੀ ਵਾਰ ਚੁਣ ਹੋ ਕੇ ਲੱਗੀ ਪੈਨਸ਼ਨ ਬੰਦ ਹੋਵੇ।

ਅੱਜ ਬੇਸ਼ੱਕ ਹਰ ਇੱਕ ਬੱਚੇ ਲਈ ਵਿਦਿਆ ਲਾਜ਼ਮੀ ਕਰਕੇ ਹਰ ਪਿੰਡ ਵਿਚ ਸਕੂਲ ਖੋਲ੍ਹ ਦਿੱਤੇ ਗਏ ਹਨ ਪਰ ਇਨ੍ਹਾਂ ਪਿੰਡਾਂ ਵਾਲੇ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਹੈ। ਕਈ ਸਕੂਲਾਂ ਵਿਚ ਸਿਰਫ ਇੱਕ ਅਧਿਆਪਕ ਹੈ ਅਤੇ ਕਈਆਂ ਵਿਚ ਇੱਕ ਵੀ ਨਹੀਂ। ਇਕੱਲਾ ਅਧਿਆਪਕ ਪੰਜ ਕਲਾਸਾਂ ਦੇ ਬੱਚਿਆਂ ਨੂੰ ਪੰਜਾਬੀ, ਹਿੰਦੀ, ਅੰਗਰੇਜ਼ੀ, ਗਣਿਤ, ਸਮਾਜਿਕ ਸਿਖਿਆ, ਵਿਗਿਆਨ, ਕਲਾ, ਸਰੀਰਕ ਸਿਖਿਆ ਦਾ ਗਿਆਨ ਕਿਵੇਂ ਦੇ ਸਕਦਾ ਹੈ? ਇਸ ਸੂਰਤ ਵਿਚ ਨੈਤਿਕ ਸਿਖਿਆ ਤਾਂ ਬਹੁਤ ਦੂਰ ਦੀ ਗੱਲ ਹੈ। ਸਰਕਾਰਾਂ ਦੇ ਵੱਖ ਵੱਖ ਤਜਰਬਿਆਂ ਨਾਲ ਸਿਖਿਆ ਦਾ ਮਿਆਰ ਸਗੋਂ ਹੋਰ ਹੇਠਾਂ ਆਇਆ ਹੈ। ਅਸਲ ਵਿਚ ਹਰ ਪਿੰਡ ਵਿਚ ਸਕੂਲ ਸਿਆਸੀ ਲੋਕਾਂ ਨੇ ਰਾਜ ਸੱਤਾ ਦੀਆਂ ਆਪਣੀਆਂ ਕੁਰਸੀਆਂ ਪੱਕੀਆਂ ਕਰਨ ਲਈ ਖੋਲ੍ਹੇ ਹਨ। ਇਨ੍ਹਾਂ ਹਾਲਾਤ ਦੇ ਬਾਵਜੂਦ ਜਿਹੜੇ ਬੱਚੇ ਮਾਪਿਆਂ ਦੀ ਹਿੰਮਤ ਸਦਕੇ ਪੜ੍ਹ ਲਿਖ ਗਏ, ਉਨ੍ਹਾਂ ਨੂੰ ਫਿਰ ਰੁਜ਼ਗਾਰ ਖਾਤਰ ਧੱਕੇ ਖਾਣੇ ਪੈਂਦੇ ਹਨ। ਸੜਕਾਂ ਤੇ ਬੈਠੇ, ਟੈਂਕੀਆਂ ਤੇ ਚੜ੍ਹੇ ਅਤੇ ਮੰਤਰੀਆਂ, ਮੁੱਖ ਮੰਤਰੀਆਂ ਦੇ ਘਰਾਂ ਅੱਗੇ ਮੁਜ਼ਾਹਰੇ ਕਰਦੇ ਅਤੇ ਡਾਂਗਾਂ ਖਾਂਦੇ ਬੱਚਿਆਂ ਦੀਆਂ ਖ਼ਬਰਾਂ ਅਸੀਂ ਪੜ੍ਹਦੇ ਸੁਣਦੇ ਹਾਂ। ਇਸੇ ਕਰਕੇ ਬੱਚੇ ਧੜਾਧੜ ਆਇਲੈੱਟਸ ਪਾਸ ਕਰਕੇ ਵਿਦੇਸ਼ ਜਾ ਰਹੇ ਹਨ।

ਆਮ ਲੋਕਾਂ ਦਾ ਜ਼ਰੂਰੀ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਬਹੁਤੇ ਸਿਆਸਤਦਾਨ ਕਦੇ ਗਰੀਬਾਂ ਦੀਆਂ ਲੜਕੀਆਂ ਦੇ ਵਿਆਹਾਂ ਲਈ ਸ਼ਗਨ ਸਕੀਮਾਂ, ਕਦੇ ਗਰੀਬਾਂ ਦੀ ਘਰੇਲੂ ਬਿਜਲੀ ਮੁਫਤ ਕਰਕੇ, ਕਦੀ ਆਟਾ ਦਾਲ ਸਕੀਮ ਅਤੇ ਕਦੇ ਮੁਫ਼ਤ ਬਿਜਲੀ ਪਾਣੀ ਵਾਲੀਆਂ ਸਕੀਮਾਂ ਨਾਲ ਲੋਕਾਂ ਨੂੰ ਮਿੱਠਾ ਜ਼ਹਿਰ ਦੇ ਰਹੇ ਹਨ। ਮੁਫਤ ਪਾਣੀ ਮਿਲਣ ਕਰਕੇ ਪਾਣੀ ਦੀ ਦੁਰਵਰਤੋਂ ਬਹੁਤ ਵਧ ਗਈ ਹੈ। ਲੋਕ ਆਪਣੇ ਘਰਾਂ ਵਿਚ ਆ ਰਹੇ ਪਾਣੀ ਦੀਆਂ ਟੂਟੀਆਂ ਖੋਲ੍ਹੀ ਰੱਖਦੇ ਹਨ। ਵਾਧੂ ਪਾਣੀ ਗਲੀਆਂ ਨਾਲੀਆਂ ਵਿਚ ਘੁੰਮਦਾ ਰਹਿੰਦਾ ਹੈ ਅਤੇ ਅਗਾਂਹ ਢੁਕਵਾਂ ਨਿਕਾਸ ਨਾ ਹੋਣ ਕਰਕੇ ਲਾਗਲੇ ਖੇਤਾਂ ਵਿਚ ਫਸਲਾਂ ਦਾ ਨੁਕਸਾਨ ਕਰਦਾ ਹੈ। ਇਉਂ ਪਿੰਡਾਂ ਵਿਚ ਲੜਾਈ ਝਗੜੇ ਵੀ ਵਧਦੇ ਹਨ।

ਇਨ੍ਹਾਂ ਮੁਫਤ ਸਹੂਲਤਾਂ ਕਰਕੇ ਕਿਸਾਨਾਂ ਨੂੰ ਕਣਕ ਝੋਨੇ ਦੇ ਚੱਕਰ ਵਿਚ ਹੀ ਫਸਾ ਦਿੱਤਾ ਗਿਆ ਹੈ। ਪੰਜਾਬ ਦਾ ਕਿਸਾਨ ਪਹਿਲਾਂ ਸੌਣੀ ਅਤੇ ਹਾੜ੍ਹੀ ਮੌਕੇ ਵੰਨ-ਸਵੰਨੀਆਂ ਫਸਲਾਂ ਬੀਜਦਾ ਹੁੰਦਾ ਸੀ; ਹੁਣ ਸਾਰਾ ਜ਼ੋਰ ਕਣਕ ਝੋਨੇ ਤੇ ਹੈ। ਕਿਸਾਨ ਪਹਿਲਾਂ ਆਪਣੀ ਲੋੜ ਮੁਤਾਬਿਕ ਸਣ, ਸਨੁਕੜਾ, ਕਮਾਦ, ਸਰੋਂ, ਰਾਇਆ, ਮੇਥੇ, ਮੱਕੀ, ਚਰ੍ਹੀ, ਬਾਜਰਾ, ਤਿਲ, ਸੀਹਲ, ਮਾਂਹ, ਮੂੰਗੀ, ਮਸਰ, ਮੋਠ, ਛੋਲੇ ਅਤੇ ਸਬਜ਼ੀਆਂ ਬੀਜਦੇ ਸਨ ਪਰ ਹੁਣ ਸਾਰਾ ਢਾਂਚਾ ਹੀ ਬਦਲ ਗਿਆ ਹੈ।

ਇਸ ਨਵੇਂ ਢਾਂਚੇ ਕਾਰਨ ਪੰਜਾਬ ਦੀ ਜ਼ਰਖੇਜ਼ ਧਰਤੀ ਹੁਣ ਜ਼ਹਿਰ ਉਗਾ ਰਹੀ ਹੈ। ਕੀਟਨਾਸ਼ਕਾਂ, ਨਦੀਨਨਾਸ਼ਕਾਂ ਅਤੇ ਖਾਦਾਂ ਦੀ ਅੰਨ੍ਹੀ ਵਰਤੋਂ ਨੇ ਧਰਤੀ ਨੂੰ ਖੋਖਲਾ ਕਰ ਦਿੱਤਾ ਹੈ ਅਤੇ ਇਨ੍ਹਾਂ ਜ਼ਹਿਰਾਂ ਕਰਕੇ ਕੈਂਸਰ ਵਰਗੀਆਂ ਬਿਮਾਰੀਆਂ ਆਮ ਚਿੰਬੜ ਰਹੀਆਂ ਹਨ। ਖੇਤਾਂ ਵਿਚ ਉੱਗਣ ਵਾਲੀ ਹਰ ਫ਼ਸਲ ਅਤੇ ਸਬਜ਼ੀ ਵਿਚ ਵੱਡੀ ਮਾਤਰਾ ਵਿਚ ਜ਼ਹਿਰ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਇਹੀ ਜ਼ਹਿਰ ਅਸੀਂ ਅਤੇ ਸਾਡੇ ਬੱਚੇ ਖਾ ਰਹੇ ਹਨ। ਸਿੱਟੇ ਵਜੋਂ ਹਰ ਕਿਸੇ ਨੂੰ ਵੱਖ ਵੱਖ ਬਿਮਾਰੀਆਂ ਘੇਰ ਰਹੀਆਂ ਹਨ।

ਸਿਆਸੀ ਪਾਰਟੀਆਂ ਨੂੰ ਅਪੀਲ ਹੈ ਕਿ ਮੁਫਤ ਵਿਚ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਨੂੰ ਬੇਸ਼ੱਕ ਬੰਦ ਕਰ ਦਿੱਤਾ ਜਾਵੇ ਪਰ ਕਿਸਾਨ ਦੀਆਂ ਸਾਰੀਆਂ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਨਿਯਮਾਂ ਅਨੁਸਾਰ ਗਰੰਟੀ ਦਿੱਤੀ ਜਾਵੇ। ਮਜ਼ਦੂਰਾਂ ਅਤੇ ਕਿਰਤੀਆਂ ਦੇ ਕੰਮ ਦੇ ਰੇਟ ਬੰਨ੍ਹੇ ਜਾਣ ਅਤੇ ਨਾਲ ਹੀ ਰੁਜ਼ਗਾਰ ਦੀ ਗਰੰਟੀ ਦਿੱਤੀ ਜਾਵੇ। ਕੁਦਰਤੀ ਆਫਤਾਂ ਨਾਲ ਫਸਲਾਂ ਦੀ ਤਬਾਹੀ ਸਮੇਤ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਖੇਤੀ ਹਾਦਸਿਆਂ ਕਾਰਨ ਹੋਣ ਵਾਲੀ ਮੌਤ ਦੀ ਸੂਰਤ ਵਿਚ ਢੁੱਕਵੀਂ ਮਦਦ ਦਿੱਤੀ ਜਾਵੇ। ਹਰ ਸਕੂਲ ਵਿਚ ਅਧਿਆਪਕਾਂ ਦੀ ਨਫ਼ਰੀ ਪੂਰੀ ਕੀਤੀ ਜਾਵੇ। ਪਿੰਡ ਪਿੰਡ, ਗਲੀਆਂ ਮੁਹੱਲਿਆਂ ਵਿਚ ਬਿਨਾ ਕਿਸੇ ਸਰਕਾਰੀ ਮਾਨਤਾ ਤੋਂ ਖੁੱਲ੍ਹੇ ਦੁਕਾਨਨੁਮਾ ਸਕੂਲਾਂ ਤੇ ਕੰਟਰੋਲ ਕੀਤਾ ਜਾਵੇ ਤਾਂ ਕਿ ਲੋਕਾਂ ਦੀ ਬੇਵਜ੍ਹਾ ਲੁੱਟ ਬੰਦ ਹੋਵੇ। ਨਾਲੇ ਜੇ ਪੰਜਾਬ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਹੀ ਸਾਰਾ ਕੁਝ ਮਿਲਣ ਲੱਗ ਜਾਵੇ ਤਾਂ ਅਜਿਹੀਆਂ ਪ੍ਰਾਈਵੇਟ ਸੰਸਥਾਵਾਂ ਦੀ ਲੋੜ ਹੀ ਨਹੀਂ ਰਹੇਗੀ।

ਸੋ, ਪੰਜਾਬ ਵਾਸੀਆਂ ਨੂੰ ਸਿਆਸੀ ਪਾਰਟੀਆਂ ਤੋਂ ਪਾਣੀ ਤੇ ਬਿਜਲੀ ਮੁਫਤ ਵਿਚ ਨਹੀਂ ਚਾਹੀਦੀ ਬਲਕਿ ਨਿਰਵਿਘਨ ਸਪਲਾਈ ਚਾਹੀਦੀ ਹੈ। ਸਰਕਾਰੀ ਅਦਾਰਿਆਂ ਵਿਚ ਕੰਮ ਕਰਦੇ ਅਫਸਰਾਂ ਅਤੇ ਮੁਲਾਜ਼ਮਾਂ ਦਾ ਆਮ ਜਨਤਾ ਪ੍ਰਤੀ ਰਵੱਈਆ ਬਦਲਣ ਦੀ ਲੋੜ ਹੈ ਤਾਂ ਕਿ ਜ਼ਰੂਰੀ ਕੰਮਾਂ ਲਈ ਦਫਤਰਾਂ ਵਿਚ ਲੋਕਾਂ ਦੀ ਖੱਜਲ-ਖੁਆਰੀ ਬੰਦ ਹੋਵੇ। ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵਸੀਲੇ ਬਣਾ ਕੇ ਨੌਕਰੀਆਂ ਦਿੱਤੀਆਂ ਜਾਣ। ਵਧੀਆਂ ਸਿਹਤ ਸਹੂਲਤਾਂ ਦੇਣ ਲਈ ਉਪਰਾਲੇ ਕੀਤੇ ਜਾਣ। ਇਉਂ ਲੋਕਾਂ ਨੂੰ ਪੈਰਾਂ ਸਿਰ ਖੜ੍ਹਨ ਦੇ ਯੋਗ ਬਣਾਇਆ ਜਾਵੇ। ਇਸ ਤਰ੍ਹਾਂ ਲੋਕਾਂ ਅੰਦਰ ਹੋਰ ਮਿਹਨਤ ਕਰਨ ਦੀ ਰੁਚੀ ਵੀ ਪੈਦਾ ਹੋਵੇਗੀ। ਇਸ ਰਾਹ ਉੱਤੇ ਪੈ ਕੇ ਹੀ ਸਾਡਾ ਪੰਜਾਬ ਖੁਸ਼ਹਾਲ ਹੋ ਸਕਦਾ ਹੈ।

ਸੰਪਰਕ: +61-432-548-855

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਮੁੱਖ ਖ਼ਬਰਾਂ

ਹਾਈ ਕੋਰਟ ਵੱਲੋਂ ਮਜੀਠੀਆ ਨੂੰ ਰਾਹਤ, ਤਿੰਨ ਦਿਨ ਨਹੀਂ ਹੋਵੇਗੀ ਗ੍ਰਿਫ਼ਤਾਰੀ

ਹਾਈ ਕੋਰਟ ਵੱਲੋਂ ਮਜੀਠੀਆ ਨੂੰ ਰਾਹਤ, ਤਿੰਨ ਦਿਨ ਨਹੀਂ ਹੋਵੇਗੀ ਗ੍ਰਿਫ਼ਤਾਰੀ

ਸੁਪਰੀਮ ਕੋਰਟ ਤਕ ਪਹੁੰਚ ਲਈ ਦਿੱਤਾ ਤਿੰਨ ਦਿਨਾਂ ਦਾ ਸਮਾਂ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਪੁਲੀਸ ਦਾ ਛਾਪਾ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਪੁਲੀਸ ਦਾ ਛਾਪਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸੋਮਵਾਰ ਨੂੰ ਅੰਤਿਰਮ ਜ਼ਮਾਨਤ ਖਾਰ...

ਸ਼ਹਿਰ

View All