ਫਾਰਮੂਲਾ : The Tribune India

ਜੀਵਨ ਲੋਅ 22

ਫਾਰਮੂਲਾ

ਫਾਰਮੂਲਾ

ਜਿੰਦਰ

ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਮੈਂ ਆਪਣੇ ਵੱਡੇ ਬੇਟੇ ਸ਼ਿਵ ਕੋਲ ਮੈਲਬਰਨ ਜਾਣ ਦੀ ਤਿਆਰ ਕਰ ਰਿਹਾ ਸੀ। ਮੈਨੂੰ ਤੇ ਮੇਰੀ ਪਤਨੀ ਨੂੰ ਤਿੰਨ ਸਾਲਾਂ ਦਾ ਵੀਜ਼ਾ ਮਿਲਿਆ ਸੀ। ਅਸੀਂ ਇੱਕ ਸਾਲ ਰਹਿ ਸਕਦੇ ਸੀ। ਫੇਰ ਇਸ ਵੀਜ਼ੇ ’ਤੇ ਇੱਕ-ਇੱਕ ਕਰ ਕੇ ਦੋ ਵਾਰ ਹੋਰ ਆ ਜਾ ਸਕਦੇ ਸੀ। ਸ਼ਿਵ ਅਕਸਰ ਕਹਿ ਦਿੰਦਾ ਕਿ ਤੁਸੀਂ ਇੱਕ ਵਾਰ ਆਓ ਮੁੜ ਕੇ ਮੈਂ ਤੁਹਾਨੂੰ ਜਾਣ ਨਹੀਂ ਦੇਣਾ। ਆਸਟਰੇਲੀਆ ਸਰਕਾਰ ਮਾਂ-ਪਿਉ ਦੇ ਵੀਜ਼ੇ ਵਿੱਚ ਵਾਧਾ ਕਰ ਦਿੰਦੀ ਹੈ।

ਮੈਂ ਸ਼ਾਮ ਦੀ ਸੈਰ ਕਰਦਾ ਹੋਇਆ ਘਈ ਹਸਪਤਾਲ ਦੀ ਵੱਖੀ ਵਾਲੀ ਸੜਕ ਵੱਲ ਨੂੰ ਮੁੜਿਆ ਹੀ ਸੀ ਕਿ ਮੈਨੂੰ ਟੈਕਸੀ ਸਟੈਂਡ ਵਾਲੇ ਪਾਸਿਉਂ ਆਵਾਜ਼ ਸੁਣੀ, ‘‘ਕਵੀ ਸਾਹਿਬ, ਕੀ ਹਾਲ ਨੇ?’’ ਮੇਰੇ ਦਫ਼ਤਰ ਵਾਲਿਆਂ ਨੂੰ ਪਤਾ ਸੀ ਕਿ ਮੈਂ ਲੇਖਕ ਹਾਂ। ਉਨ੍ਹਾਂ ਮੇਰਾ ਨਾਂ ਕਵੀ ਸਾਹਿਬ ਰੱਖ ਲਿਆ ਸੀ। ਮੈਂ ਉਸ ਪਾਸੇ ਵੱਲ ਦੇਖਿਆ। ਸੜਕ ਪਾਰ, ਆਪਣੀ ਕਾਰ ਕੋਲ ਖੜ੍ਹਾ ਰਵਿੰਦਰ ਸਿੰਘ ਮੇਰੇ ਵੱਲ ਦੇਖ ਕੇ ਮਿੰਨਾ-ਮਿੰਨਾ ਮੁਸਕਰਾਇਆ। ਮੈਂ ਉਸ ਵੱਲ ਨੂੰ ਗਿਆ। ਅਸੀਂ ਇੱਕ ਦੂਜੇ ਨਾਲ ਹੱਥ ਮਿਲਾਏ। ਉਹ ਦਫ਼ਤਰ ਵਿੱਚ ਮੇਰਾ ਸਹਿਕਰਮੀ ਰਿਹਾ। ਉਸ ਨੇ ਸਵੈ-ਇੱਛਤ ਸੇਵਾਮੁਕਤੀ ਲੈ ਲਈ ਸੀ। ਉਸ ਦੀ ਪਤਨੀ ਸਕੂਲ ਅਧਿਆਪਕਾ ਸੀ। ਦੋਵੇਂ ਹੀ ਆਸਟਰੇਲੀਆ ਜਾਂਦੇ ਆਉਂਦੇ ਰਹਿੰਦੇ ਸਨ। ਨੌਂ-ਦਸ ਮਹੀਨੇ ਮੈਲਬਰਨ। ਦੋ-ਤਿੰਨ ਮਹੀਨੇ ਜਲੰਧਰ। ਦੋਵੇਂ ਮੁੰਡਿਆਂ ਦੀ ‘ਵਾਈਟ ਕਾਲਰ’ ਜੌਬ ਸੀ। ਮੀਆਂ-ਬੀਵੀ ਨੂੰ ਸੱਤਰ-ਪਝੰਤਰ ਹਜ਼ਾਰ ਮਹੀਨੇ ਦੀ ਸਰਕਾਰੀ ਪੈਨਸ਼ਨ ਮਿਲਦੀ ਸੀ। ਫੇਰ ਵੀ ਉਹ ਖ਼ੁਸ਼ ਨਹੀਂ ਸੀ। ਹੋਰ ਲੋਕਾਂ ਵਾਂਗੂੰ ਵੀ ਮੈਨੂੰ ਉਨ੍ਹਾਂ ਦੀ ਉਪਰਾਮਤਾ ਚੁੱਭਦੀ ਸੀ। ਵਧੀਆ ਜ਼ਿੰਦਗੀ ਜਿਊਂ ਰਹੇ ਸਨ। ਇੱਕ ਵਾਰ ਉਸ ਨੇ ਮੈਲਬਰਨ ਤੋਂ ਮੈਨੂੰ ਫੋਨ ਕਰ ਕੇ ਦੱਸਿਆ ਸੀ, ‘‘ਅਸੀਂ ਦੋ ਮਹੀਨੇ ਵੱਡੇ ਮੁੰਡੇ ਕੋਲ ਰਹਿੰਦੇ ਹਾਂ। ਉਸ ਨੇ ਗੋਰੀ ਕੁੜੀ ਨਾਲ ਵਿਆਹ ਕਰਵਾਇਆ। ਕੁੜੀ ਬਹੁਤ ਚੰਗੀ ਏ। ਮੇਰੀ ਪਤਨੀ ਨੂੰ ਕੰਮ ਨੂੰ ਹੱਥ ਵੀ ਲਾਉਣ ਨ੍ਹੀਂ ਦਿੰਦੀ। ਕਹਿ ਦਿੰਦੀ ਐ, ‘ਮੰਮੀ ਤੁਸੀਂ ਇੱਥੇ ਇੰਜੌਏ ਕਰਨ ਆਏ ਹੋ। ਇੰਜੌਏ ਕਰੋ। ਤੁਹਾਡਾ ਜਿਹੜੀ ਚੀਜ਼ ਖਾਣ ਨੂੰ ਮਨ ਕਰਦਾ, ਬਣਾ ਕੇ ਖਾ ਲਿਆ ਕਰੋ।’ ਦੂਜਾ ਮੁੰਡਾ ਵੀ ਬਹੁਤ ਖਿਆਲ ਰੱਖਦਾ ਏ। ਨੂੰਹ ਪੰਜਾਬੀ ਕੁੜੀ ਏ। ਉਹ ਵੀ ਬੜੀ ਚੰਗੀ ਏ। ਪਰ ਸਾਡਾ ਆਸਟਰੇਲੀਆ ਜਾ ਕੇ ਮਨ ਨ੍ਹੀਂ ਲੱਗਦਾ। ਜੇ ਇੱਥੇ ਹੋਈਏ ਤਾਂ ਮਨ ਕਾਹਲਾ ਪੈ ਜਾਂਦੈ ਕਿ ਬੱਚਿਆਂ ਕੋਲ ਚਲੇ ਜਾਈਏ। ਜੇ ਉੱਥੇ ਚਲੇ ਜਾਈਏ ਤਾਂ ਪਿੱਛੇ ਮੁੜਨ ਨੂੰ ਜੀਅ ਕਰਦਾ। ਚੱਲੋ ਅਸੀਂ ਮੀਆਂ-ਬੀਵੀ ਆਂ। ਹੱਸ-ਖੇਡ, ਰਿਸ਼ਤੇਦਾਰਾਂ ਦੀਆਂ ਗੱਲਾਂ, ਨਿੰਦਿਆ ਚੁਗਲੀ ਕਰ ਕੇ ਝੱਟ ਲੰਘ ਜਾਂਦਾ। ਐਵੇਂ ਕਿਉਂ ਝੂਠ ਬੋਲਾਂ- ਮੁੰਡਿਆਂ ਨੇ ਕਦੇ ਪੈਸਿਆਂ ਲਈ ਹੱਥ ਨ੍ਹੀਂ ਘੁੱਟਿਆ। ਪਹਿਲੇ ਦਿਨ ਜਿਸ ਕਿਸੇ ਮੁੰਡੇ ਕੋਲ ਪਹਿਲਾਂ ਪਹੁੰਚੀਏ- ਉਹ ਚਾਰ, ਪੰਜ ਸੌ ਡਾਲਰ ਮੇਜ਼ ਦੇ ਦਰਾਜ਼ ’ਚ ਰੱਖ ਦਿੰਦੈ। ਇਹੀ ਸੋਚ ਕੇ ਬਈ ਡੈਡੀ ਨੂੰ ਮੰਗਣ ਦੀ ਲੋੜ ਨਾ ਪਵੇ। ਬਸ ਵੱਡੀ ਗੱਲ ਇਹ ਏ ਕਿ ਉਨ੍ਹਾਂ ਕੋਲ ਸਮਾਂ ਨ੍ਹੀਂ ਹੁੰਦਾ। ਸਾਡੀ ਵੱਡੀ ਚਿੰਤਾ ਇਹੀ ਐ ਕਿ ਜੇ ਸਾਡੇ ’ਚੋਂ ਕੋਈ ਪਹਿਲਾਂ ਮਰ ਗਿਆ ਤਾਂ ਦੂਜੇ ਜਣੇ ਦਾ ਕੀ ਹੋਵੇਗਾ। ਜੇ ਇੰਡੀਆ ’ਚ ਮਰ ਗਿਆ ਤਾਂ ਕਿਸੇ ਮੁੰਡੇ ਕੋਲ ਟਾਈਮ ਨ੍ਹੀਂ ਕਿ ਆ ਕੇ ਚਿਤਾ ਨੂੰ ਅੱਗ ਦੇਵੇ। ਉਹ ਪੈਸੇ ਭੇਜ ਸਕਦੇ ਨੇ ਪਰ ਆਪ ਨ੍ਹੀਂ ਆ ਸਕਦੇ। ਚੱਲੋ, ਬਾਕੀ ਦੇਖੋ ਕਿੱਦਾਂ ਦਾ ਸਮਾਂ ਆਉਂਦੈ।’’

‘‘ਸੌਰੀ ਯਾਰ, ਤੂੰ ਮੇਰੇ ਇਲਾਕੇ ’ਚ ਆਇਐਂ। ਚੱਲ, ਦੱਸ ਕੋਲਡ ਡਰਿੰਕ ਪੀਣੀ ਜਾਂ ਨਿੰਬੂ ਪਾਣੀ।’’

‘‘ਨ੍ਹੀਂ, ਕਿਸੇ ਚੀਜ਼ ਦੀ ਲੋੜ ਨ੍ਹੀਂ। ਮੈਂ ਤਾਂ ਘਈ ਹਸਪਤਾਲ ਆਇਆ ਸੀ। ਸੱਜੀ ਬਾਂਹ ਦੀ ਫਿਜ਼ਿਓਥ੍ਰੈਪੀ ਕਰਾਉਣ। ਕੂਹਣੀ ਕੋਲ ਬਹੁਤ ਦਰਦ ਹੋ ਰਿਹਾ ਏ। ਹੁਣ ਮੈਂ ਸਿੱਧਾ ਘਰ ਜਾਣਾ। ਮੇਰੀ ਪਤਨੀ ਨੂੰ ਇਕੱਲਿਆਂ ਘਬਰਾਹਟ ਹੋਣ ਲੱਗ ਪੈਂਦੀ ਏ। ਦੋ ਵਾਰ ਫੋਨ ਆ ਚੁੱਕਿਆ। ਜਦੋਂ ਮੈਂ ਤੈਨੂੰ ਦੇਖਿਆ ਉਦੋਂ ਵੀ। ਮੋਬਾਈਲ ਦੀ ਰਿੰਗ ਵੱਜੀ ਸੀ। ਤੂੰ ਆਪਣੇ ਮੁੰਡੇ ਕੋਲ ਕਦੋਂ ਜਾਣੈ?’’ ਉਸ ਨੇ ਪੁੱਛਿਆ।

‘‘ਅਗਲੇ ਐਤਵਾਰ।’’

‘‘ਬਹੁਤ ਅੱਛਾ। ਕਿੰਨੇ ਸਮੇਂ ਲਈ ਜਾ ਰਿਹੈਂ?’’

‘‘ਇਹ ਤਾਂ ਮੁੰਡੇ ਨੂੰ ਪਤੈ। ਐਨੇ ਪੈਸੇ ਖਰਚੇ ਨੇ। ਕਰੋਨਾ ਤੋਂ ਬਾਅਦ ਟਿਕਟਾਂ ਹੀ ਬੜੀਆਂ ਮਹਿੰਗੀਆਂ ਹੋ ਗਈਆਂ।’’

‘‘ਹਾਂ, ਇਹ ਤਾਂ ਹੈ। ਫੇਰ ਵੀ ਸੋਚ ਵਿਚਾਰ ਕਰ ਕੇ ਜਾਇਉ ਕਿ ਤੁਸੀਂ ਉੱਥੇ ਕਿੰਨਾ ਸਮਾਂ ਰਹਿਣਾ। ਅਗਲੇ ਨੂੰ ਵੀ ਪਤਾ ਹੋਣਾ ਚਾਹੀਦੈ। ਜਿੱਦਾਂ ਦਾ ਤੁਸੀਂ ਸੋਚ ਕੇ ਜਾਂਦੇ ਓ- ਓਦਾਂ ਦਾ ਬਹੁਤ ਕੁਸ਼ ਹੁੰਦਾ ਨ੍ਹੀਂ।’’

‘‘ਮੈਂ ਤੇਰੀ ਗੱਲ ਸਮਝਿਆ ਨ੍ਹੀਂ।’’ ਮੈਂ ਉਸ ਨੂੰ ਕਿਹਾ। ਉਹ ਮੈਨੂੰ ਪਹਿਲਾਂ ਨਾਲੋਂ ਕਮਜ਼ੋਰ ਤੇ ਬਦਲਿਆ ਹੋਇਆ ਲੱਗਿਆ।

‘‘ਮੈਂ ਤੈਨੂੰ ਇੱਕ ਬੀਤੀ ਘਟਨਾ ਸੁਣਾਉਣਾਂ। ਅੰਮ੍ਰਿਤਸਰ ਦਾ ਇੱਕ ਮੁੰਡਾ ਏ ਕਮਲਪ੍ਰੀਤ। ਮੇਰੀ ਬੜੀ ਇੱਜ਼ਤ ਕਰਦਾ। ਜਦੋਂ ਵੀ ਮਿਲੇ ਜਾਂ ਮੈਂ ਉਸ ਨੂੰ ਆਉਂਦਿਆਂ ਜਾਂਦਿਆਂ ਦਿਸ ਪਵਾਂ, ਉਹ ਆਪਣੀ ਗੱਡੀ ਰੋਕ ਕੇ ਮੇਰੇ ਕੋਲ ਆਉਂਦਾ ਏ। ਮੇਰੇ ਪੈਰੀਂ ਹੱਥ ਲਾਉਂਦੈ। ਉਸ ਕੋਲ ਪੈਰਾ ਮੈਡੀਕਲ ਵਾਲਿਆਂ ਦੀ ਗੱਡੀ ਹੁੰਦੀ ਏ। ਉਸ ਦੀ ਡਿਊਟੀ ਹੁੰਦੀ ਐ ਕਿ ਜੇ ਕੋਈ ਬਿਮਾਰ-ਠਮਾਰ ਉਸ ਨੂੰ ਕਾਲ ਕਰੇ ਤਾਂ ਉਸ ਨੇ ਮਰੀਜ਼ ਨੂੰ ਹਸਪਤਾਲ ਪਹੁੰਚਾਉਣਾ ਹੁੰਦੈ। ਉਹ ਅੱਠ ਘੰਟੇ ਆਪਣੇ ਏਰੀਏ ’ਚ ਘੁੰਮਦਾ ਰਹਿੰਦੈ। ਤੁਸੀਂ ਕਿਸੇ ਘਰੇ ਚਲੇ ਜਾਓ, ਤੁਹਾਨੂੰ ਫਰਿੱਜ ’ਤੇ ਲੱਗੇ ਸਟਿਕਰ ਤੋਂ ਉਨ੍ਹਾਂ ਦਾ ਫੋਨ ਨੰਬਰ ਮਿਲ ਜਾਵੇਗਾ। ਇੱਕ ਦਿਨ ਉਸ ਨੂੰ ਕਿਸੇ ਘਰੋਂ ਫੋਨ ਆਇਆ। ਉਸ ਘਰ ਜਾ ਕੇ ਘੰਟੀ ’ਤੇ ਉਂਗਲ ਜਾ ਰੱਖੀ। ਮਾਤਾ ਨੇ ਦਰਵਾਜ਼ਾ ਖੋਲ੍ਹਿਆ। ਉਸ ਦੇ ਘਰ ਵਾਲਾ ਠੀਕ ਨ੍ਹੀਂ ਸੀ। ਮੈਂ ਮੁਆਇਨਾ ਕੀਤਾ ਤਾਂ ਮੈਨੂੰ ਲੱਗਿਆ ਕਿ ਬਜ਼ੁਰਗ ਨੂੰ ਦਿਲ ਦਾ ਦੌਰਾ ਪਿਆ ਏ। ਮੈਂ ਦਵਾਈ ਦਿੱਤੀ ਕਿ ਜਿੰਨਾ ਚਿਰ ਹਸਪਤਾਲ ਦੀ ਵੈਨ ਨ੍ਹੀਂ ਆਉਂਦੀ, ਬਜ਼ੁਰਗ ਨੂੰ ਬਹੁਤੀ ਤਕਲੀਫ਼ ਨਾ ਹੋਵੇ। ਮਾਤਾ ਨੇ ਪੁੱਛਿਆ ਤਾਂ ਮੈਂ ਦੱਸ ਦਿੱਤਾ। ਇੱਥੇ ਕੋਈ ਮਰੀਜ਼ ਬਾਰੇ ਝੂਠ ਨ੍ਹੀਂ ਬੋਲ ਸਕਦਾ। ਸੱਚ-ਸੱਚ ਦੱਸਣਾ ਪੈਂਦੈ। ਮੈਂ ਉਸ ਨੂੰ ਇਹ ਵੀ ਦੱਸ ਦਿੱਤਾ ਕਿ ਮੈਂ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਇੰਚਾਰਜ ਨੂੰ ਫੋਨ ਕਰ ਦਿੱਤਾ। ਮਾਤਾ ਗੁੱਸੇ ਨਾਲ ਬੋਲੀ, ‘ਤੂੰ ਕਿਹਨੂੰ ਪੁੱਛ ਕੇ ਫੋਨ ਕੀਤਾ? ਮੈਂ ਤੈਨੂੰ ਮੱਦਦ ਲਈ ਬੁਲਾਇਆ ਸੀ, ਹਸਪਤਾਲ ਦੀ ਵੈਨ ਮੰਗਾਉਣ ਲਈ ਨ੍ਹੀਂ।’ ਮੈਂ ਕਿਹਾ ਕਿ ਇਹ ਮੇਰੀ ਡਿਊਟੀ ਏ ਕਿ ਮਰੀਜ਼ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਇਆ ਜਾਵੇ। ਮੈਂ ਆਪਣੀ ਡਿਊਟੀ ਕੀਤੀ ਏ। ਮਾਤਾ ਨੇ ਫੇਰ ਪੁੱਛਿਆ, ‘ਵੈਨ ਦਾ ਕਿਰਾਇਆ ਕੌਣ ਦੇਵੇਗਾ?’ ਮੈਂ ਕਿਹਾ ਕਿ ਤੁਸੀਂ। ਹੋਰ ਕਿਸ ਨੇ ਦੇਣਾ। ਤੁਸੀਂ ਅਜੇ ਪੱਕੇ ਤਾਂ ਹੋਏ ਨ੍ਹੀਂ। ਮਾਤਾ ਮੱਥਾ ਫੜ ਕੇ ਬੈਠ ਗਈ, ‘ਵੇ ਪੁੱਤ, ਤੂੰ ਮੇਰੀ ਗੱਲ ਸਮਝਦਾ ਕਿਉਂ ਨ੍ਹੀਂ। ਮੁੰਡੇ ਨੇ ਸਾਡੇ ਨਾਲ ਕੁੱਤੇਖਾਣੀ ਕਰਨੀ ਐ। ਅਸੀਂ ਪਤਾ ਨ੍ਹੀਂ ਆਪਣੇ ਦਿਨ ਕਿੱਦਾਂ ਕੱਟਦੇ ਆਂ। ਘਰ ਤੇ ਮਕਾਨ ਵੇਚ ਕੇ ਮੁੰਡੇ ਨੂੰ ਇੱਥੇ ਘਰ ਲੈ ਕੇ ਦਿੱਤਾ। ਸਾਡਾ ਦੁੱਖ ਜਾਨਣ ਵਾਲਾ ਕੋਈ ਨ੍ਹੀਂ।’ ਮੈਂ ਮਾਤਾ ਨੂੰ ਕਿਹਾ ਕਿ ਮੈਨੂੰ ਆਪਣੇ ਮੁੰਡੇ ਦਾ ਟੈਲੀਫੋਨ ਦਿਓ। ਮੈਂ ਆਪ ਉਸ ਨਾਲ ਗੱਲ ਕਰਦਾਂ।

ਮੈਂ ਮੁੰਡੇ ਨੂੰ ਫੋਨ ਕੀਤਾ। ਉਸ ਦੇ ਪਿਉ ਦੀ ਹਾਲਤ ਬਾਰੇ ਦੱਸਿਆ। ਉਸ ਨੂੰ ਤੁਰੰਤ ਹਸਪਤਾਲ ਪਹੁੰਚਣ ਲਈ ਕਿਹਾ। ਮੁੰਡੇ ਨੇ ਦੱਸਿਆ ਕਿ ਉਸ ਦੇ ਬੌਸ ਨੇ ਛੁੱਟੀ ਨ੍ਹੀਂ ਦੇਣੀ। ਮੈਂ ਕਿਹਾ ਕਿ ਆਪਣੇ ਬੌਸ ਨਾਲ ਗੱਲ ਕਰਾ। ਉਹ ਕਿੱਦਾਂ ਛੁੱਟੀ ਨ੍ਹੀਂ ਦਿੰਦਾ। ਸਰਵਿਸ ਦੀ ਇੱਕ ਸ਼ਰਤ ਏ ਕਿ ਅਜਿਹੇ ਸਮੇਂ ਕੋਈ ਵੀ ਕੰਪਨੀ ਜਾਂ ਸਟੋਰ ਦਾ ਮਾਲਕ ਛੁੱਟੀ ਦੇਣ ਤੋਂ ਇਨਕਾਰ ਨ੍ਹੀਂ ਕਰ ਸਕਦਾ। ਮੇਰੇ ਕਹੇ ਦਾ ਮੁੰਡੇ ’ਤੇ ਕੋਈ ਅਸਰ ਨਾ ਹੋਇਆ। ਉਸ ਨੇ ਇਹ ਕਹਿ ਕੇ ‘ਮੈਂ ਛੇ ਵਜੇ ਤੋਂ ਪਹਿਲਾਂ ਨ੍ਹੀਂ ਆ ਸਕਦਾ’ ਫੋਨ ਕੱਟ ਦਿੱਤਾ। ਮੈਂ ਮਾਤਾ ਨੂੰ ਮੁੰਡੇ ਨਾਲ ਹੋਈ ਗੱਲਬਾਤ ਬਾਰੇ ਨਾ ਦੱਸਿਆ। ਮੈਂ ਉਸ ਕੋਲੋਂ ਉਸ ਦੀ ਨੂੰਹ ਦਾ ਫੋਨ ਪੁੱਛਿਆ। ਨੂੰਹ ਤੋਂ ਮਾਤਾ ਬਹੁਤ ਡਰਦੀ ਸੀ। ਉਹ ਥਰ-ਥਰ ਕੰਬਣ ਲੱਗੀ ਜਿੱਦਾਂ ਭੂਚਾਲ ਆ ਗਿਆ ਹੋਵੇ। ਮੈਂ ਉਸ ਨੂੰ ਸਮਝਾਇਆ ਕਿ ਡਰਣ ਵਾਲੀ ਕੋਈ ਗੱਲ ਨ੍ਹੀਂ। ਇੱਕ ਵਾਰ ਕਿਸੇ ਜ਼ਿੰਮੇਵਾਰ ਆਦਮੀ ਨੂੰ ਹਸਪਤਾਲ ਜਾਣਾ ਹੀ ਪੈਣਾ। ਜੇ ਪੁੱਤ ਨ੍ਹੀਂ ਤਾਂ ਨੂੰਹ ਹੀ ਸਹੀ। ਉਨ੍ਹਾਂ ਨੂੰ ਇੱਥੋਂ ਦੇ ਸਿਸਟਮ ਬਾਰੇ ਪਤੈ। ਤੁਸੀਂ ਐਵੇਂ ਨਾ ਡਰੀ ਜਾਓ। ਜੇ ਤੁਹਾਨੂੰ ਉਨ੍ਹਾਂ ਨੇ ਆਪਣੇ ਕੋਲ ਬੁਲਾਇਆ ਤਾਂ ਤੁਹਾਨੂੰ ਸੰਭਾਲਣ ਦੀ ਉਨ੍ਹਾਂ ਦੀ ਜ਼ਿੰਮੇਵਾਰੀ ਵੀ ਬਣਦੀ ਏ। ਮਾਤਾ ਨੇ ਫਰਿੱਜ ’ਤੇ ਲੱਗੇ ਸਟਿਕਰ ਤੋਂ ਪੜ੍ਹ ਕੇ ਨੰਬਰ ਦੱਸਿਆ। ਉਸ ਵਾਰ-ਵਾਰ ਕਿਹਾ, ‘ਵੇ ਜੀਉਣ ਜੋਗਿਆ, ਸਾਡਾ ਨਾਂ ਨਾ ਲਈਂ ਕਿ ਅਸੀਂ ਵੈਨ ਬੁਲਾਈ ਏ। ਉਹ ਤਾਂ ਪਹਿਲਾਂ ਹੀ ਸਾਥੋਂ ਸੜੀ-ਬਲੀ ਰਹਿੰਦੀ ਏ। ਜੇ ਚਾਰ-ਪੰਜ ਸੌ ਡਾਲਰਾਂ ਦਾ ਖਰਚਾ ਪੈ ਗਿਆ ਤਾਂ ਉਸ ਸਾਡਾ ਜਿਉਣਾ ਦੁੱਭਰ ਕਰ ਦੇਣੈ।’ ਮੈਂ ਫੋਨ ਮਿਲਾਇਆ ਪਰ ਉਸ ਚੁੱਕਿਆ ਹੀ ਨਾ। ਤੀਜੀ ਵਾਰ ਮਿਲਾਉਣ ’ ਫੋਨ ਚੁੱਕਿਆ। ਉਹ ਮੁੰਡੇ ਦਾ ਵੀ ਸਿਰਾ ਨਿਕਲੀ। ਉਸ ਨੇ ਐਨਾ ਕੁ ਕਹਿ ਕੇ ਫੋਨ ਕੱਟ ਦਿੱਤਾ ‘ਉਵਰ ਬਿਜ਼ੀ’। ਦੂਜੇ ਦਿਨ ਤੱਕ ਨੂੰਹ-ਪੁੱਤ ਆਪਣੇ ਬਜ਼ੁਰਗ ਦਾ ਪਤਾ ਲੈਣ ਲਈ ਹਸਪਤਾਲ ਨ੍ਹੀਂ ਆਏ।’’

‘‘ਅੰਕਲ ਜੀ, ਇੱਥੇ ਜਿਹੜੇ ਬਜ਼ੁਰਗ ਨੂੰਹ-ਪੁੱਤ ਦੇ ਆਸਰੇ ਰਹਿੰਦੇ ਨੇ, ਉਨ੍ਹਾਂ ’ਚੋਂ ਬਹੁਤਿਆਂ ਦੇ ਹਾਲਾਤ ਠੀਕ ਨ੍ਹੀਂ। ਮੈਨੂੰ ਸਾਲ ’ਚ ਚਾਰ ਮਹੀਨਿਆਂ ਦੀਆਂ ਛੁੱਟੀਆਂ ਹੁੰਦੀਆਂ ਨੇ। ਇਹ ਲਾਜ਼ਮੀ ਨੇ। ਮੈਂ ਦੋ ਮਹੀਨਿਆਂ ਲਈ ਇੰਡੀਆ ਜਾ ਆਉਨਾਂ। ਆਉਣ ਲੱਗਾ ਆਪਣੇ ਮਾਂ-ਪਿਉ ਨੂੰ ਨਾਲ ਲੈ ਆਉਨਾਂ। ਛੁੱਟੀਆਂ ਖ਼ਤਮ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਵਾਪਸ ਭੇਜ ਦਿੰਨਾਂ। ’ਕੱਲੇ ਉਹ ਰਹਿ ਨ੍ਹੀਂ ਸਕਦੇ। ਮੇਰੇ ਕੋਲ ਉਨ੍ਹਾਂ ਲਈ ਸਮਾਂ ਨ੍ਹੀਂ ਹੁੰਦਾ।’’

ਰਵਿੰਦਰ ਸਿੰਘ ਨੇ ਮੇਰੇ ਚਿਹਰੇ ਦੇ ਹਾਵ-ਭਾਵ ਪੜ੍ਹ ਲਏ ਸਨ। ਅਸੀਂ ਇੱਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਸੀ। ਬਾਰ੍ਹਾਂ ਸਾਲ ਇਕੱਠਿਆਂ ਹੀ ਜੀ.ਪੀ.ਐਫ਼. ਬ੍ਰਾਂਚ ਵਿੱਚ ਕੰਮ ਕੀਤਾ। ਸਾਡੇ ਮੇਜ਼ ਆਪਸ ਵਿੱਚ ਜੁੜੇ ਹੋਏ ਸਨ। ਅਸੀਂ ਇਕੱਠੇ ਲੰਚ ਕਰਦੇ ਸੀ। ਉਸ ਨੇ ਮੇਰੀ ਬਾਂਹ ਫੜ ਲਈ, ‘‘ਮੈਂ ਤੈਨੂੰ ਮਜ਼ੇ ਦੀ ਗੱਲ ਸੁਣਾਉਨਾਂ। ਇਹ ਗੱਲ ਮੇਰੇ ਕੈਨੇਡਾ ਵਾਲੇ ਸਾਢੂ ਨੇ ਦੱਸੀ ਸੀ। ਜੇ ਕਿਸੇ ਬਜ਼ੁਰਗ ਦੇ ਪ੍ਰੈੱਸ ਕੀਤੇ ਹੋਏ ਕੱਪੜੇ ਪਾਏ ਨੇ ਤਾਂ ਸਮਝ ਲਉ ਕਿ ਉਹ ਧੀ ਦੇ ਘਰੋਂ ਆਇਐ। ਜੇ ਪੈਂਟ ਤੇ ਕਮੀਜ਼ ਨੂੰ ਵੱਟ ਪਏ ਨੇ ਤਾਂ ਮੁੰਡੇ ਘਰੋਂ ਆਇਐ।’’ ਇਹ ਗੱਲ ਹੱਸਣ ਵਾਲੀ ਨਹੀਂ ਸੀ। ਉਸ ਦਾ ਸਾਥ ਦੇਣ ਲਈ ਮੈਨੂੰ ਹੱਸਣਾ ਪਿਆ। ‘‘ਬਈ ਹਰਜਿੰਦਰ ਪਾਲ, ਆਪਣੀਆਂ ਗੱਲਾਂ ਮੁੱਕਣੀਆਂ ਨ੍ਹੀਂ, ਭਾਵੇਂ ਇੱਥੇ ਖੜ੍ਹਿਆਂ-ਖੜ੍ਹਿਆਂ ਰਾਤ ਪੈ ਜਾਏ। ਮੈਂ ਜਦੋਂ ਪਹਿਲੀ ਵਾਰ ਮੁੰਡਿਆਂ ਕੋਲ ਗਿਆ ਸੀ, ਮੈਂ ਘਰ ਦੀ ਸਥਿਤੀ ਨੂੰ ਸਮਝ ਲਿਆ ਸੀ ਕਿ ਇੱਥੇ ਕੋਈ ਟੋਕ-ਟਿਕਾਈ ਨ੍ਹੀਂ ਚੱਲਣੀ। ਕੋਈ ਨ੍ਹੀਂ ਚਾਹੁੰਦਾ ਕਿ ਕੋਈ ਦੂਜਾ ਉਨ੍ਹਾਂ ਦੀ ਜ਼ਿੰਦਗੀ ’ਚ ਦਖਲਅੰਦਾਜ਼ੀ ਕਰੇ। ਮੈਂ ਆਪਣੀ ਪਤਨੀ ਨੂੰ ਸਮਝਾ ਦਿੱਤਾ ਕਿ ਭਾਵੇਂ ਹਜ਼ਾਰ ਡਾਲਰ ਦਾ ਨੁਕਸਾਨ ਹੋ ਜਾਵੇ, ਤੂੰ ਹਉਕਾ ਨ੍ਹੀਂ ਲੈਣਾ। ਨਾ ਹੀ ਆਪਣਾ ਮੂੰਹ ਖੋਲ੍ਹਣਾ। ਸਾਡਾ ਇਹ ਫਾਰਮੂਲਾ ਬਹੁਤ ਕਾਮਯਾਬ ਰਿਹਾ। ਹੁਣ ਜੇ ਤੁਸੀਂ ਇਹ ਫਾਰਮੂਲਾ ਅਪਣਾ ਲਿਆ ਤਾਂ ਭਾਵੇਂ ਆਪਣੀ ਬਾਕੀ ਰਹਿੰਦੀ ਸਾਰੀ ਜ਼ਿੰਦਗੀ ਰਹੀ ਜਾਇਓ, ਤੁਹਾਨੂੰ ਕਿਸੇ ਨੇ ਕੁਸ਼ ਨ੍ਹੀਂ ਕਹਿਣਾ। ਖਾਣ-ਪੀਣ ਖੁੱਲ੍ਹਾ। ਪੌਣ-ਪਾਣੀ ਸਾਫ਼।’’

ਉਸ ਦਾ ਧਿਆਨ ਫੇਰ ਆਪਣੀ ਪਤਨੀ ਦੇ ਆਏ ਫੋਨ ਵੱਲ ਚਲਾ ਗਿਆ, ‘‘ਮੈਨੂੰ ਹਰਜਿੰਦਰ ਪਾਲ ਮਿਲ ਗਿਆ ਸੀ। ਬਸ, ਹੁਣ ਵੀਹ ਮਿੰਟਾਂ ’ਚ ਆਇਆ ਲੈ।’’

ਉਸ ਨੇ ਹੱਥ ਮਿਲਾਉਣ ਲਈ ਆਪਣਾ ਹੱਥ ਅਗਾਂਹ ਕੀਤਾ। ਉਸ ਨੇ ਜਾਂਦਿਆਂ ਕਿਹਾ, ‘‘ਜ਼ਰਾ ਕੁ ਸੋਚ ਕੇ ਰਹਿਣਾ। ਕੋਈ ਨਾ ਮੈਂ ਵੀ ਅਗਲੇ ਮਹੀਨੇ ਆ ਰਿਹਾਂ। ਆਪਾਂ ਉੱਥੇ ’ਕੱਠੇ ਘੁੰਮਿਆ-ਫਿਰਿਆ ਕਰਾਂਗੇ।’’

ਸੰਪਰਕ: 98148-03254

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇੱਕ ਸੀ ‘ਬਾਪੂ ਭਾਈ’

ਇੱਕ ਸੀ ‘ਬਾਪੂ ਭਾਈ’

... ਕਾਗਦ ਪਰ ਮਿਟੈ ਨ ਮੰਸੁ।।

... ਕਾਗਦ ਪਰ ਮਿਟੈ ਨ ਮੰਸੁ।।

ਕੇਂਦਰੀ ਏਸ਼ੀਆ ਵਿਚ ਪੈਰ ਪਸਾਰਦਾ ਚੀਨ

ਕੇਂਦਰੀ ਏਸ਼ੀਆ ਵਿਚ ਪੈਰ ਪਸਾਰਦਾ ਚੀਨ

ਕਰਨਾਟਕ ਵਿਚ ਦੂਹਰਾ ਸੱਤਾ ਵਿਰੋਧ

ਕਰਨਾਟਕ ਵਿਚ ਦੂਹਰਾ ਸੱਤਾ ਵਿਰੋਧ

ਸ਼ਹਿਰ

View All