ਰੂਪ ਸਿੰਘ ਪੰਜਗਰਾਈਂ
ਦਰਸ਼ਨ ਸਿੰਘ ‘ਅਵਾਰਾ’ ਦਾ ਜਨਮ 30 ਦਸੰਬਰ 1906 ਨੂੰ ਪਿੰਡ ਕਾਲਾ ਗੁੱਜਰਾਂ ਜ਼ਿਲ੍ਹਾ ਜਿਹਲਮ (ਪਾਕਿਸਤਾਨ) ਵਿੱਚ ਹੋਇਆ। ਪਰਿਵਾਰ ਦਾ ਮਾਹੌਲ ਨਿਰੋਲ ਧਾਰਮਿਕ ਸੀ ਜਿਸ ਦਾ ਅਸਰ ਅਵਾਰਾ ਜੀ ਉਪਰ ਵੀ ਪਿਆ। ਉਸ ਨੂੰ ਮਾਤਾ ਜੀ ਵੱਲੋਂ ਸੁਬਹ ਉਠਾ ਕੇ ਜ਼ਬਰਦਸਤੀ ਬਾਬਾ ਫ਼ਰੀਦ ਜੀ ਦੇ ਸ਼ਲੋਕ ਪੜ੍ਹਾਏ ਜਾਂਦੇ ਸਨ। ਉਸ ਸਮੇਂ ‘ਅਵਾਰਾ’ ਦੀ ਉਮਰ ਲਗਪਗ 8-9 ਸਾਲ ਦੀ ਸੀ। ਹੌਲੀ-ਹੌਲੀ ਇਸ ਦਾ ਅਸਰ ਦਰਸ਼ਨ ਸਿੰਘ ‘ਤੇ ਪੈ ਗਿਆ। ਗੁਰਪੁਰਬਾਂ ਉੱਤੇ ਲਾਇਲ ਗ਼ਜ਼ਟ ਦੇ ਨੰਬਰਾਂ ਵਿੱਚੋਂ ਗ਼ਜ਼ਲਾਂ ਲੋਕਾਂ ਦੀ ਵਾਹ-ਵਾਹ ਵਿੱਚ ਪੜ੍ਹਨ ‘ਚ ਉਸ ਨੂੰ ਸੁਆਦ ਆਉਂਦਾ ਸੀ। ਫਿਰ ਉਹ ਆਪ ਟੁੱਟੀਆਂ ਫੁੱਟੀਆਂ ਕਵਿਤਾਵਾਂ ਜੋੜਨ ਲੱਗ ਪਏ। ਆਖ਼ਰ ਚਾਈਂ-ਚਾਈਂ ਅੰਮ੍ਰਿਤ ਛਕ ਕੇ ਤਿਆਰ-ਬਰ-ਤਿਆਰ ‘ਫ਼ੌਜਾਂ’ ਵਿੱਚ ਸ਼ਾਮਲ ਹੋ ਗਏ। ਅਕਾਲੀ ਲਹਿਰ ਦੇ ਜੋਬਨ ਵਿੱਚ ਗੁੱਜਰਾਂਵਾਲੇ ਹਾਈ ਸਕੂਲ ਵਿੱਚ ਦਸਵੀਂ ਪਾਸ ਕੀਤੀ ਹੀ ਸੀ ਕਿ ਸਰਕਾਰ ਵਿਰੁੱਧ ‘ਬਿਜਲੀ ਦੀ ਕੜਕ’ ਨਾਮ ਦੀ ਕਿਤਾਬ ਦਾ ਕਰਤਾ ਹੋਣ ਦੇ ਦੋਸ਼ ਵਿੱਚ ਫੜ ਲਿਆ ਗਿਆ। ਕਾਫ਼ੀ ਕਾਨੂੰਨੀ ਖੱਜਲ-ਖੁਆਰੀ ਹੋਣ ‘ਤੇ 1929 ਵਿਚ ਬਰੀ ਕੀਤਾ ਗਿਆ। ਇਨ੍ਹਾਂ ਦਿਨਾਂ ਵਿੱਚ ਉਹ ਖੱਦਰਪੋਸ਼, ਬਾਣੀ ਦਾ ਨਿੱਤ-ਨੇਮੀ, ਲੰਬੇ ਅਰਦਾਸੇ ਕਰਨ ਵਾਲਾ, ਧਾਰਮਿਕ ਕਵਿਤਾ ਲਿਖਣ ਵਾਲਾ ਅਕਾਲੀ ਕਵੀ ਬਣ ਗਿਆ। ਇਸ ਤੋਂ ਉਪਰੰਤ ਪਾਠੀਆਂ, ਸਾਧਾਂ, ਲੀਡਰਾਂ, ਪ੍ਰਚਾਰਕਾਂ, ਰਾਗੀਆਂ, ਰਬਾਬੀਆਂ, ਧਾਰਮਿਕ ਸੰਸਥਾਵਾਂ ਤੇ ਉਨ੍ਹਾਂ ਦੇ ਨਾਲ ‘ਗੁਰਮੁਖਾਂ’ ਦੇ ਦਿਲਾਂ ਅੰਦਰ ਝਾਤੀਆਂ ਪਾਉਣ ਦਾ ਉਸ ਨੂੰ ਮੌਕਾ ਮਿਲਦਾ ਰਿਹਾ। ਧਾਰਮਿਕ ਧਿਰਾਂ ਦੇ ਜੀਵਨ ਤੋਂ ਵਾਕਫ਼ੀਅਤ ਮਿਲੀ ਜਿਹੜੇ ਵੱਧ ਤੋਂ ਵੱਧ ਮਜ਼ਹਬ ਦੇ ਆਸਰੇ ਹੇਠ ਹਨ। ਉਨ੍ਹਾਂ ਦੇ ਕਰਤਬਾਂ ਨੇ ਉਸ ਨੂੰ ਬੜਾ ਨਿਰਾਸ਼ ਕੀਤਾ।
ਇਨ੍ਹਾਂ ਸਾਰਿਆਂ ਦੇ ਦਿਲਾਂ ਵਿੱਚ ਉਸ ਕਈ ਕੁਝ ਵੇਖਿਆ: ਕਿਸੇ ਸਿਆਸੀ ਜੀਵਨ ਤੋਂ ਆਸਾਂ, ਸਰਬ ਸਮਰੱਥ ਸ਼ਕਤੀ ਸਬੰਧੀ ਗ਼ਲਤ ਅਨੁਮਾਨਾਂ ਦੇ ਆਧਾਰ ‘ਤੇ ਗ਼ਲਤ ਅਮਲਾਂ ਦੀ ਪ੍ਰੇਰਨਾ, ਅਮਲਾਂ ਤੋਂ ਸੱਖਣੀ ਪਾਠ ਪੂਜਾ ਨਾਲ ਪਰਮਾਤਮਾ ਨੂੰ ਰਿਝਾ ਸਕਣ ਦੀ ਲਾਲਸਾ, ਕੁੰਭੀ ਨਰਕਾਂ ਦੇ ਡਰਾਵੇ, ਦੋਜ਼ਖਾਂ ਦੇ ਤੌਖ਼ਲੇ, ਅਣਹੋਈਆਂ ਹੂਰਾਂ ਤੇ ਅਪਸਰਾਂ ਦੇ ਤਸੱਵਰ, ਨਿਯਤ ਕਿਸਮ ਦੀ ਮਜਬੂਰੀ, ਆਪਣੇ ਨਕਾਰਾਪਣ ਦਾ ਅਹਿਸਾਸ, ਚੰਗੇ ਭਲੇ ਹੱਥਾਂ-ਪੈਰਾਂ ਦੀ ਸ਼ਕਤੀ ਤੋਂ ਨਿਰਾਸ਼ਤਾ, ਆਪਣੇ ਹੀ ਫ਼ਿਰਕੇ ਦੇ ਸੁੱਖ ਦੀਆਂ ਮੰਗਾਂ, ਬੇਗਾਨਿਆਂ ਵਾਸਤੇ ਨਫ਼ਰਤ, ਜ਼ਮਾਨੇ ਦੀ ਸਦਾ ਹੀ ਅਗਾਂਹ ਤੋਰ ਦੀ ਰੌਂਅ ਤੋਂ ਪਿਛਾਂਹ ਹੀ ਰਹਿੰਦੀ ਰੁਚੀ, ਆਪਣੇ ਰਹਨਿੁਮਾ ਦੇ ਹਰ ਪਹਿਲੂ ਵਿੱਚ ਮੁਕੰਮਲ ਹੋਣ ਦਾ ਫੋਕਾ ਅਭਿਮਾਨ, ਵਿਰੋਧੀ ਖ਼ਿਆਲ ਰੱਖਣ ਵਾਲਿਆਂ ਵਾਸਤੇ ਗੁੱਸਾ, ਸਾਂਝ ਦਾ ਘੇਰਾ ਸੌੜਾ ਜਿਹਾ, ਛੁਰੇ-ਤਲਵਾਰਾਂ ਮਾਰ ਕੇ ‘ਗਾਜ਼ੀ’ ਤੇ ‘ਸ਼ਹੀਦ’ ਹੋਣ ਦੀਆਂ ਰੀਝਾਂ, ਭੁੱਖ, ਗ਼ੁਲਾਮੀ ਤੇ ਕੰਗਾਲੀ ਨੂੰ ਉਸ ਦੀ ਰਜ਼ਾ ਸਮਝਣ ਦੀ ਲਾਚਾਰੀ, ਨਿਰਉਤਸ਼ਾਹ ਤੇ ਬੜਾ ਕੁਝ।
ਦਰਸ਼ਨ ਸਿੰਘ ਅਵਾਰਾ ਨੇ ਉਪਰਲੀਆਂ ‘ਬਿਮਾਰੀਆਂ’ ਦੇ ਸਾਰੇ ਬਿਮਾਰਾਂ ਦੇ ਰੋਗ ਨਿਰਣੈ ਪ੍ਰੀਤ ਲੈਬੋਰੇਟਰੀਜ਼ ਵਿੱਚ ਕੀਤਾ ਤਾਂ ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਜਦੋਂ ਇਨ੍ਹਾਂ ਸਾਰਿਆਂ ਵਿੱਚ ਅਜਿਹੀਆਂ ਗੱਲਾਂ ਦੇਖ ਕੇ ਉਸ ਦੇ ਮਨ ਵਿੱਚ ਤਰ੍ਹਾਂ-ਤਰ੍ਹਾਂ ਦੇ ਸਵਾਲ ਆਉਣ ਲੱਗੇ ਕਿ ਜਿਹੜਾ ਏਡਾ ਧਾਰਮਿਕ ਵਿਅਕਤੀ ਹੁੰਦਾ ਸੀ, ਕਿਹੜੇ ਪਾਸੇ ਤੁਰ ਪਿਆ? ਉਸ ਨੂੰ ਨਾਸਤਿਕ ਤੇ ਬਾਗ਼ੀ ਹੋਣ ਦਾ ਫ਼ਤਵਾ ਦਿੱਤਾ ਗਿਆ ਕਿਉਂਕਿ ਸਮਾਜਿਕ ਨਿਜ਼ਾਮ ਇਨ੍ਹਾਂ ਰੂੜੀਵਾਦੀਆਂ ਨੂੰ ਰਾਸ ਆਉਂਦਾ ਸੀ। ‘ਬਗ਼ਾਵਤ’ ਪਰਚੇ ਵਿੱਚੋਂ ਉਸ ਦੀ ਵਿਚਾਰਧਾਰਕ ਕਵਿਤਾ ਇਉਂ ਹੈ:
ਸੰਗ ਦਿਲੀ ਦੇ ਤੇਰੇ ਸਿਰ,
ਇਲਜ਼ਾਮ ਅੱਜ ਧਰਦਾ ਹਾਂ ਮੈਂ।
ਤੈਥੋਂ ਬਾਗ਼ੀ ਹੋਣ ਦਾ,
ਐਲਾਨ ਅੱਜ ਕਰਦਾ ਹਾਂ ਮੈਂ।
ਉਸ ਨੇ ਲਿਖਿਆ ਕਿ ਧਰਮਾਂ ਦੇ ਏਜੰਟ ਉਸ ‘ਤੇ ਤਰ੍ਹਾਂ-ਤਰ੍ਹਾਂ ਦੇ ਫ਼ਤਵੇ ਲਾਉਣਗੇ ਜਵਿੇਂ:
ਜਾਣਨਾ ਏਜੰਟ ਤੇਰੇ,
ਮੈਨੂੰ ਕਾਫਿ਼ਰ ਕਹਿਣਗੇ।
ਫ਼ਤਵਿਆਂ ਦੀ ਡਾਂਗ ਲੈ ਕੇ,
ਮੇਰੇ ਪਿੱਛੇ ਪੈਣਗੇ।
ਮੈਨੂੰ ਥਾਂ-ਥਾਂ ਭੰਡਦੇ,
ਬਦਨਾਮ ਕਰਦੇ ਰਹਿਣਗੇ।
ਮੇਰਾ ਇਹ ‘ਬਾਗ਼ੀਪੁਣਾ’,
ਨਹੀਂ ਹਾਈ-ਮਾਈ ਸਹਿਣਗੇ।
ਉਸ ਨੇ ਲਿਖਿਆ ਕਿ ਰੱਬ ਦਾ ਨਾਮ ਲੈ ਕੇ ਮਨੁੱਖ ਨੂੰ ਰਾਮ ਅਤੇ ਅੱਲਾ ਦੇ ਨਾਂ ‘ਤੇ ਲੜਾਇਆ ਜਾਂਦਾ ਹੈ। ਉਸ ਨੇ ਦੇਸ਼ ਦੀ ਹਾਲਤ ਬਾਰੇ ਲਿਖਿਆ ਕਿ ਪੁਜਾਰੀ ਵਰਗ ਕਵਿੇਂ ਆਪਣੇ ਮੁਰੀਦਾਂ ਨੂੰ ਲੁੱਟਦਾ ਹੈ:
ਜਿੱਥੇ ਝੁੱਗੇ ਪੁੱਟ ਮੁਰੀਦਾਂ ਦੇ,
ਹਨ ਮਹਿਲ ਉਸਾਰੇ ਪੀਰਾਂ ਨੇ।
ਜਿੱਥੇ ਘਰ ਜਜਮਾਨਾਂ ਰੋਟੀ ਨਹੀਂ,
ਪੰਡਤਾਂ ਦੀ ਥਾਲੀ ਖੀਰਾਂ ਨੇ।
‘ਅਵਾਰਾ’ ਨੇ ਆਪਣੀ ਕਵਿਤਾ ਵਿੱਚ ਇਨਸਾਨੀਅਤ ਨੂੰ ਪਹਿਲ ਦਿੱਤੀ। ਉਸ ਨੇ ਲਿਖਿਆ:
ਤੇਰੇ ਵਾਂਗ ਬੁੱਤ ਹੈ ਤੇਰੇ ਵਾਂਗ ਜੀ ਹੈ।
ਤੇਰੇ ਵਿੱਚ ਤੇ ਮੇਰੇ ‘ਚ, ਦੱਸ ਫ਼ਰਕ ਕੀ ਹੈ?
ਕਵੀ ਨੇ ਜਾਦੂ-ਟੂਣਾ, ਮੰਤਰਾਂ ਨਾਲ ਬਿਮਾਰ ਲੋਕਾਂ ਦੇ ਇਲਾਜ ਕਰਵਾਏ ਜਾਣ ਬਾਰੇ ਲਿਖਿਆ ਤੇ ਇਹ ਵੀ ਦੱਸਿਆ ਕਿ ਡਾਕਟਰੀ ਸਹਾਇਤਾ ਨਹੀਂ ਲਈ ਜਾਂਦੀ:
ਜਿੱਥੇ ਦਾਰੂ ਦੀ ਥਾਂ ਰੋਗਾਂ ਵਿੱਚ,
ਟੂਣੇ ਕਰਵਾਏ ਜਾਂਦੇ ਨੇ।
ਮੰਤਰ ਪੜ੍ਹਵਾਏ ਜਾਂਦੇ ਨੇ।
ਅਤੇ ਪਾਠ ਰਖਾਏ ਜਾਂਦੇ ਨੇ।
ਜਿੱਥੇ ਥਾਵੇਂ ਵੈਦ-ਹਕੀਮਾਂ ਦੀ,
ਘਰ ਸੰਤ ਬੁਲਾਏ ਜਾਂਦੇ ਨੇ।
ਉਹ ਦੇਸ਼ ਤੂੰ ਮੈਨੂੰ ਦੱਸ ਵੀਰਾ,
ਬਰਬਾਦ ਨਾ ਹੋਵੇ ਤਾਂ ਕੀ ਹੋਵੇ?
‘ਅਵਾਰਾ’ ਨੇ ਆਪਣੀ ਕਵਿਤਾ ਵਿੱਚ ਵੱਖ-ਵੱਖ ਫ਼ਿਰਕਿਆਂ ਦੇ ਲੋਕਾਂ ਦੇ ਮੂੰਹ ਤੋਂ ਕਦੇ ਇਹ ਨਹੀਂ ਸੁਣਿਆ ਕਿ ਅਸੀਂ ਭਾਈ-ਭਾਈ ਹਾਂ, ਜਵਿੇਂ ਕਿ-
ਜਿੱਥੇ ਬੰਦਾ ਇੱਕ ਵੀ ਵਸਦਾ ਨਹੀਂ,
ਕੋਈ ਮੁਸਲਿਮ ਕੋਈ ਈਸਾਈ ਹੈ।
ਹਿੰਦੂ ਸਿੱਖ ਕੋਈ ਜੈਨੀ ਹੈ।
ਕੋਈ ਸੁੰਨੀ ਕੋਈ ਮਿਰਜਾਈ ਹੈ।
ਜਿੱਥੇ ਸੜੇ ਮੂੰਹੋਂ ਕਦੇ ਸੁਣਿਆ ਨਹੀਂ,
”ਇਹ ਮੇਰਾ ਵਤਨੀ ਭਾਈ ਹੈ।”
ਉਹ ਦੇੇਸ਼ ਤੂੰ ਮੈਨੂੰ ਦੱਸ ਵੀਰਾ,
ਬਰਬਾਦ ਨਾ ਹੋਵੇ ਤਾਂ ਕੀ ਹੋਵੇ?
‘ਅਵਾਰਾ’ ਨੇ ਆਪਣੀਆਂ ਕਵਿਤਾਵਾਂ ਵਿੱਚ ਇਹ ਸੁਨੇਹਾ ਦੇਣ ਦਾ ਯਤਨ ਕੀਤਾ ਹੈ। ਰੂੜੀਵਾਦੀ ਵਿਚਾਰ, ਅੰਧ-ਵਿਸ਼ਵਾਸ, ਕੱਟੜਤਾ, ਰੱਬ ਦੇ ਏਜੰਟ ਬਣ ਕੇ ਠੱਗੀਆਂ ਮਾਰਨ, ਬਲਾਤਕਾਰ, ਲੋਕਾਂ ਦੀ ਵਿਗਿਆਨਕ ਸੋਚ ਨੂੰ ਖੁੰਡਾ ਕਰਨ ਅਤੇ ਅਗਿਆਨਤਾ ਦੇ ਹਨੇਰੇ ‘ਚ ਸੁੱਟਣ ਲਈ ਪੁਜਾਰੀ ਵਰਗ ਦਾ ਯਤਨ ਹੈ।
ਆਖ਼ਰ 6 ਦਸੰਬਰ 1982 ਨੂੰ ਇਹ ਮਹਾਨ ਕਵੀ ਸਦਾ ਲਈ ਸਰੀਰਕ ਤੌਰ ‘ਤੇ ਵਿਛੋੜਾ ਦੇ ਗਿਆ ਪਰ ਉਸ ਦੀਆਂ ਲੋਕ ਪੱਖੀ ਵਿਗਿਆਨਕ ਕਵਿਤਾਵਾਂ ਸਾਡੇ ਦਿਲਾਂ ‘ਚ ਸਦਾ ਲਈ ਪ੍ਰੇਰਕ ਬਣ ਕੇ ਰਹਿਣਗੀਆਂ।
ਸੰਪਰਕ: 98878-70500