ਪੰਜਾਬ ਦੀਆਂ ਪੈਲੀਆਂ ’ਚ ਹੜ੍ਹਾਂ ਦੇ ਜ਼ਖ਼ਮ ਹਰੇ!
ਪਿਛਲੇ ਸਾਲ ਆਏ ਹੜ੍ਹਾਂ ਨੇ ਪੰਜਾਬ ਵਿੱਚ ਕਿੰਨੀ ਤਬਾਹੀ ਮਚਾਈ, ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਿਲ ਹੈ। ਪੰਜਾਬ ਨੇ ਹਮੇਸ਼ਾ ਹੀ ਅਨੇਕਾਂ ਮੁਸੀਬਤਾਂ ਝੱਲੀਆਂ ਨੇ, ਪਰ ਹੜ੍ਹਾਂ ਵਰਗੀ ਮੁਸੀਬਤ ਨੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਨਿਚੋੜ ਕੇ ਰੱਖ ਦਿੱਤਾ। ਕਿਸਾਨਾਂ...
ਪਿਛਲੇ ਸਾਲ ਆਏ ਹੜ੍ਹਾਂ ਨੇ ਪੰਜਾਬ ਵਿੱਚ ਕਿੰਨੀ ਤਬਾਹੀ ਮਚਾਈ, ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਿਲ ਹੈ। ਪੰਜਾਬ ਨੇ ਹਮੇਸ਼ਾ ਹੀ ਅਨੇਕਾਂ ਮੁਸੀਬਤਾਂ ਝੱਲੀਆਂ ਨੇ, ਪਰ ਹੜ੍ਹਾਂ ਵਰਗੀ ਮੁਸੀਬਤ ਨੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਨਿਚੋੜ ਕੇ ਰੱਖ ਦਿੱਤਾ। ਕਿਸਾਨਾਂ ਸਮੇਤ ਆਮ ਲੋਕਾਂ ਨੇ ਇਨ੍ਹਾਂ ਹੜ੍ਹਾਂ ਦੀ ਮਾਰ ਝੱਲੀ, ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਨਾ ਤਾਂ ਇਸ ਔਖੀ ਘੜੀ ਵਿੱਚ ਸਰਕਾਰਾਂ ਦੀਆਂ ਨੀਤੀਆਂ ਕਾਰਗਰ ਸਾਬਤ ਹੋਈਆਂ ਅਤੇ ਨਾ ਹੀ ਸਿਸਟਮ।
ਕਿਸਾਨਾਂ ਦੀਆਂ ਪੈਲੀਆਂ ਵਿੱਚ ਕਈ-ਕਈ ਫੁੱਟ ਰੇਤ ਜੰਮ ਗਈ, ਜਿਸ ਨੇ ਪੈਲੀਆਂ ਨੂੰ ਖ਼ਤਮ ਕਰ ਦਿੱਤਾ। ਕਈ ਥਾਵਾਂ ’ਤੇ ਤਾਂ ਹੜ੍ਹਾਂ ਕਾਰਨ ਕਿਸਾਨ ਕਣਕ ਵੀ ਨਹੀਂ ਬੀਜ ਸਕੇ ਕਿਉਂਕਿ ਉਨ੍ਹਾਂ ਕੋਲ ਇੰਨਾ ਪੈਸਾ ਹੀ ਨਹੀਂ ਸੀ ਕਿ ਉਹ ਆਪਣੀ ਪੈਲੀ ਵਿੱਚੋਂ ਰੇਤ ਚੁੱਕ ਸਕਦੇ। ਵੱਡੇ ਪੱਧਰ ’ਤੇ ਹੜ੍ਹਾਂ ਦੀ ਮਾਰ ਸਰਹੱਦੀ ਇਲਾਕਿਆਂ ਨੂੰ ਝੱਲਣੀ ਪਈ। ਮਸਲਾ ਭਾਵੇਂ ਕੋਈ ਵੀ ਹੋਵੇ, ਪਰ ਮਰਦਾ ਆਖ਼ਰ ਕਿਸਾਨ ਹੀ ਹੈ। ਹੜ੍ਹਾਂ ਵਿੱਚ ਆਮ ਲੋਕਾਂ ਦਾ ਤਾਂ ਨੁਕਸਾਨ ਹੋਇਆ ਹੀ ਹੈ, ਪਰ ਹੁਣ ਸਾਹਮਣੇ ਆਈ ਰਿਪੋਰਟ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਜਿਨ੍ਹਾਂ ਇਲਾਕਿਆਂ ਵਿੱਚ ਹੜ੍ਹਾਂ ਨੇ ਦਸਤਕ ਦਿੱਤੀ ਸੀ, ਉਥੇ ਖੇਤਾਂ ਵਿੱਚ ਇਸ ਵੇਲੇ ਹਰਿਆਲੀ ਨਹੀਂ ਸਗੋਂ ਬਹੁਤੀ ਜਗ੍ਹਾ ’ਤੇ ਰੇਤ ਹੀ ਨਜ਼ਰ ਆਉਂਦੀ ਹੈ। ਪਿਛਲੇ ਸਾਲ ਆਏ ਹੜ੍ਹਾਂ ਨੇ ਪੰਜਾਬ ਦੇ ਵੱਡੇ ਹਿੱਸੇ ’ਚ ਤਕਰੀਬਨ 5 ਲੱਖ ਖੜ੍ਹੀ ਝੋਨੇ ਦੀ ਫ਼ਸਲ ਨੂੰ ਬਰਬਾਦ ਕਰਕੇ ਰੱਖ ਦਿੱਤਾ ਸੀ। ਸੂਬੇ ਦੇ ਤਕਰੀਬਨ 2500 ਪਿੰਡ ਅਤੇ 4 ਲੱਖ ਲੋਕ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ। ਸਰਕਾਰੀ ਅੰਕੜਿਆਂ ਮੁਤਾਬਿਕ ਹੜ੍ਹਾਂ ਦੌਰਾਨ 50 ਤੋਂ ਵੱਧ ਮੌਤਾਂ ਹੋਈਆਂ ਸਨ, ਪਰ ਅਸਲ ਗਿਣਤੀ ਸੈਂਕੜੇ ਤੋਂ ਵੀ ਪਾਰ ਹੈ। ਫ਼ਿਰੋਜ਼ਪੁਰ, ਫ਼ਾਜ਼ਿਲਕਾ, ਗੁਰਦਾਸਪੁਰ, ਪਠਾਨਕੋਟ, ਰੂਪਨਗਰ ਅਤੇ ਅੰਮ੍ਰਿਤਸਰ ਦੇ ਕੁਝ ਹਿੱਸਿਆਂ ਵਿੱਚ ਹੜ੍ਹਾਂ ਨੇ ਸਭ ਤੋਂ ਵੱਧ ਤਬਾਹੀ ਮਚਾਈ।
ਤਾਜ਼ਾ ਰਿਪੋਰਟ ਮੁਤਾਬਿਕ ਦਰਿਆਵਾਂ ਨਾਲ ਲੱਗਦੇ ਫ਼ਿਰੋਜ਼ਪੁਰ, ਫ਼ਾਜ਼ਿਲਕਾ ਅਤੇ ਗੁਰਦਾਸਪੁਰ ਦੇ ਬਹੁ-ਗਿਣਤੀ ਇਲਾਕਿਆਂ ਦੇ ਖੇਤਾਂ ਵਿੱਚ ਮਿੱਟੀ ਦੀ ਮੋਟੀ ਪਰਤ ਹਾਲੇ ਵੀ ਜੰਮੀ ਪਈ ਹੈ। ਬਹੁ-ਗਿਣਤੀ ਕਿਸਾਨ ਤਾਂ ਕਣਕ ਦੀ ਫ਼ਸਲ ਹੀ ਨਹੀਂ ਬੀਜ ਸਕੇ, ਜਿਸ ਕਾਰਨ ਉਨ੍ਹਾਂ ਕੋਲ ਖਾਣ ਲਈ ਦਾਣੇ ਵੀ ਨਹੀਂ ਹਨ। ਪੰਜਾਬ ਵਿੱਚ ਇਸ ਵਾਰ ਜਿੱਥੇ ਬੇਮੌਸਮੀ ਬਰਸਾਤ ਨੇ ਕਈ ਕਿਸਾਨਾਂ ਨੂੰ ਝੰਬਿਆ ਅਤੇ ਕਣਕਾਂ ਦੇ ਝਾੜ ’ਤੇ ਅਸਰ ਪਾਇਆ। ਉਨ੍ਹਾਂ ਦੀਆਂ ਜ਼ਮੀਨਾਂ ਉਸ ਪਹਾੜੀ ਰੇਤ ਦੀ ਲਪੇਟ ਵਿੱਚ ਨੇ, ਜਿਹੜੀ ਹੜ੍ਹਾਂ ਕਾਰਨ ਵਹਿ ਕੇ ਆਈ ਸੀ। ਪੰਜਾਬ ਸਰਕਾਰ ਦੁਆਰਾ ਸਾਂਝੀ ਕੀਤੀ ਗਈ ਰਿਪੋਰਟ ਮੁਤਾਬਿਕ, ਇਸ ਵਾਰ ਕਣਕ ਦੀ ਆਮਦ ਅਤੇ ਖ਼ਰੀਦ 123.47 ਲੱਖ ਮੀਟਰਿਕ ਟਨ ਦੇ ਟੀਚੇ ਨੂੰ ਪਾਰ ਕਰ ਚੁੱਕੀ ਹੈ। ਪਿਛਲੀਆਂ ਰਿਪੋਰਟਾਂ ’ਤੇ ਨਿਗਾਹ ਮਾਰੀਏ ਤਾਂ ਪਿਛਲੇ ਸਾਲ ਡੇਢ ਲੱਖ ਮੀਟਰਿਕ ਟਨ ਕਣਕ ਦੀ ਆਮਦ ਅਤੇ ਖ਼ਰੀਦ ਹੋਈ ਸੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਪੰਜਾਬ ਸਰਕਾਰ ਨੇ ਆਪਣਾ ਸਰਵੇਖਣ ਕਰਕੇ ਹੜ੍ਹਾਂ ਕਾਰਨ 13,800 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਅਤੇ ਕੇਂਦਰ ਕੋਲੋਂ ਵਿਸ਼ੇਸ਼ ਰਾਹਤ ਪੈਕੇਜ ਦੀ ਮੰਗ ਕੀਤੀ ਸੀ। ਕਿਸਾਨਾਂ ਨੂੰ ਰਾਹਤ ਦੇਣ ਵਾਸਤੇ ਖੇਤਾਂ ਵਿੱਚੋਂ ਰੇਤ ਚੁਕਵਾਉਣ ਲਈ ਇੱਕ ਨੀਤੀ ਵੀ ਪੰਜਾਬ ਸਰਕਾਰ ਨੇ ਲਿਆਂਦੀ। ਉਸ ਨੀਤੀ ਤਹਿਤ ਕਿਸਾਨ ਆਪਣੀ ਜ਼ਮੀਨ ਵਿੱਚੋਂ ਰੇਤ ਚੁੱਕ ਸਕਦੇ ਸਨ, ਪਰ ਉਸ ਵੇਲੇ ਵੱਡੀ ਸਮੱਸਿਆ ਇਹ ਸੀ ਕਿ ਜਿਨ੍ਹਾਂ ਕਿਸਾਨਾਂ ਕੋਲ ਆਪਣੇ ਟਰੈਕਟਰ ਨਹੀਂ, ਉਹ ਆਪਣੇ ਖੇਤ ਵਿੱਚੋਂ ਰੇਤ ਕਿਵੇਂ ਚੁੱਕਦੇ?
ਸਰਕਾਰੀ ਤੌਰ ’ਤੇ ਲੱਗੇ ਟਰੈਕਟਰਾਂ ਜਾਂ ਜੇ ਸੀ ਬੀ ਮਸ਼ੀਨਾਂ ਨੇ ਵੀ ਆਪਣੇ ਸੱਜੇ ਖੱਬੇ ਕਰੀਬੀਆਂ ਦੀਆਂ ਜ਼ਮੀਨਾਂ ਵਿੱਚੋਂ ਹੀ ਰੇਤ ਚੁੱਕੀ ਜਦੋਂਕਿ ਬਹੁ-ਗਿਣਤੀ ਗ਼ਰੀਬ ਅਤੇ ਛੋਟੇ ਕਿਸਾਨ ਚਾਰ ਪੰਜ ਕਿੱਲਿਆਂ ਵਾਲੇ ਆਪਣੀਆਂ ਪੈਲੀਆਂ ’ਚੋਂ ਰੇਤ ਚੁਕਾਉਣ ਤੋਂ ਵਾਂਝੇ ਰਹਿ ਗਏ। ਕਿਸਾਨ ਜਿੱਥੇ ਆੜ੍ਹਤੀਆਂ ਕੋਲੋਂ ਪਹਿਲਾਂ ਕਰਜ਼ੇ ਵਜੋਂ ਪੈਸੇ ਲੈਂਦੇ ਸਨ, ਉੱਥੇ ਹੁਣ ਉਹ ਕਰਜ਼ੇ ਵਜੋਂ ਆੜ੍ਹਤੀਆਂ ਕੋਲੋਂ ਕਣਕ ਲਿਜਾ ਰਹੇ ਹਨ।
ਜ਼ਿਆਦਾਤਰ ਥਾਵਾਂ ’ਤੇ ਲਿਫਟਿੰਗ ਪੂਰੀ ਹੋਣ ਕਾਰਨ ਕਿਸਾਨਾਂ ਨੂੰ ਕਣਕ ਵੀ ਨਹੀਂ ਮਿਲ ਰਹੀ। ਉਹ ਕਹਿ ਰਹੇ ਨੇ ਕਿ ਜ਼ਮੀਨਾਂ ਵਿੱਚ ਰੇਤ ਜੰਮੀ ਹੋਣ ਕਾਰਨ ਉਨ੍ਹਾਂ ਨੇ ਉੱਪਰਲੀ ਪਰਤ ’ਤੇ ਕਣਕ ਉਗਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਸੜ ਗਈ। ਕੁਝ ਮਰਲੇ ਜਿਹੜੀ ਕਣਕ ਬਚੀ ਵੀ, ਉਸ ’ਤੇ ਮੌਸਮ ਦੀ ਮਾਰ ਪੈ ਗਈ। ਇਹ ਕਹਾਣੀ ਇਕੱਲੇ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਗੁਰਦਾਸਪੁਰ, ਪਠਾਨਕੋਟ ਦੀ ਨਹੀਂ ਸਗੋਂ ਪੰਜਾਬ ਦੇ ਬਹੁਗਿਣਤੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਹੈ। ਹੜ੍ਹਾਂ ਦੀ ਮਾਰ ਹੇਠ ਆਏ ਇਲਾਕਿਆਂ ਦੇ ਲੋਕ ਅੱਜ ਵੀ ਪਰੇਸ਼ਾਨ ਨੇ। ਵੱਡੇ ਪੱਧਰ ’ਤੇ ਕਿਸਾਨ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮੰਗ ਕਰ ਰਹੇ ਨੇ ਕਿ ਖੇਤ ਵਿੱਚੋਂ ਰੇਤ ਹੀ ਹਟਾ ਦਿੱਤੀ ਜਾਵੇ ਤਾਂ ਜੋ ਉਹ ਦੁਬਾਰਾ ਖੇਤੀ ਕਰਨ ਜੋਗੇ ਹੋ ਸਕਣ।
ਪਠਾਨਕੋਟ ਦੇ ਕੁਝ ਕਿਸਾਨਾਂ ਨੇ ਦੱਸਿਆ ਕਿ ਸਰਕਾਰ ਨੇ ਭਾਵੇਂ ਖੇਤਾਂ ਵਿੱਚੋਂ ਰੇਤ ਚੁਕਾਉਣ ਦੀਆਂ ਸਕੀਮਾਂ ਚਲਾਈਆਂ, ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਉਨ੍ਹਾਂ ਤੱਕ ਕੋਈ ਵੀ ਸਕੀਮ ਨਹੀਂ ਪਹੁੰਚ ਸਕੀ। ਉਨ੍ਹਾਂ ਨੇ ਆਪਣੀ ਜ਼ਮੀਨ ਵਿੱਚੋਂ ਖ਼ੁਦ ਰੇਤ ਚੁੱਕੀ ਅਤੇ ਫ਼ਸਲ ਉਗਾਉਣ ਦੀ ਕੋਸ਼ਿਸ਼ ਕੀਤੀ, ਪਰ ਹਾਲਾਤ ਇਹ ਬਣੇ ਕਿ ਪਹਾੜੀ ਮਿੱਟੀ ਜੰਮੀ ਹੋਣ ਕਾਰਨ ਉਨ੍ਹਾਂ ਦੀ ਫ਼ਸਲ ਸਹੀ ਤਰੀਕੇ ਨਹੀਂ ਹੋ ਸਕੀ ਅਤੇ ਮੌਸਮ ਦੀ ਮਾਰ ਨੇ ਉਨ੍ਹਾਂ ਨੂੰ ਉਜਾੜ ਕੇ ਰੱਖ ਦਿੱਤਾ।
ਕਿਸਾਨਾਂ ਦਾ ਕਹਿਣਾ ਹੈ ਕਿ ਆਪਣੀ ਜ਼ਮੀਨ ਵਿੱਚੋਂ ਰੇਤ ਚੁਕਵਾਉਣ ਲਈ ਉਨ੍ਹਾਂ ਨੂੰ 15 ਤੋਂ 17 ਹਜ਼ਾਰ ਰੁਪਏ ਖ਼ਰਚ ਕਰਨੇ ਪਏ ਕਿਉਂਕਿ ਉਨ੍ਹਾਂ ਨੂੰ ਅਗਲੀ ਫ਼ਸਲ ਉਗਾਉਣ ਦਾ ਫ਼ਿਕਰ ਸੀ। ਅਗਲੀ ਫ਼ਸਲ ਉਗਾ ਕੇ ਉਹ ਆਪਣਾ ਕਰਜ਼ ਉਤਾਰਨਾ ਚਾਹੁੰਦੇ ਸਨ, ਪਰ ਹੋਇਆ ਇਸ ਤੋਂ ਉਲਟ।
ਇਸ ਵੇਲੇ ਜ਼ਮੀਨਾਂ ਵਾਲਿਆਂ ਨੂੰ ਵੀ ਦਿਹਾੜੀਆਂ ਕਰਨੀਆਂ ਪੈ ਰਹੀਆਂ ਨੇ। ਪੰਜਾਬ ਦੇ ਕਿਸਾਨਾਂ ਦੀ ਅਜਿਹੀ ਹਾਲਤ ਪਹਿਲੀ ਵਾਰ ਦੇਖਣ ਨੂੰ ਮਿਲੀ ਹੈ। ਕਿਸਾਨ ਜਥੇਬੰਦੀਆਂ ਵੱਡੇ ਪੱਧਰ ’ਤੇ ਪੰਜਾਬ ਦੇ ਬਹੁ-ਗਿਣਤੀ ਕਿਸਾਨਾਂ ਦੀ ਮਦਦ ਵੀ ਕਰ ਰਹੀਆਂ ਨੇ, ਪਰ ਸਰਕਾਰ ਜਾਂ ਰਿਲੀਫ ਫੰਡ ਜ਼ਰੀਏ ਹੋਣ ਵਾਲਾ ਕੰਮ ਨਹੀਂ ਹੋ ਰਿਹਾ।
ਇੱਕ ਜਾਣਕਾਰੀ ਮੁਤਾਬਿਕ ਸਤਲੁਜ ਦਰਿਆ ਨੇ ਸਸਰਾਲੀ ਵਿਖੇ ਪਿਛਲੇ ਸਾਲ ਕਈ ਏਕੜ ਫ਼ਸਲ ਆਪਣੇ ਵਿੱਚ ਸਮੇਟ ਲਈ ਸੀ। ਦਰਿਆ ਜ਼ਮੀਨ ਖਾ ਗਿਆ ਸੀ। ਅਸਲ ਵਿੱਚ ਦਰਿਆ ਨੇ ਆਪਣਾ ਰਸਤਾ ਨਵਾਂ ਬਣਾ ਲਿਆ ਸੀ। ਜ਼ਮੀਨਾਂ ਵਿਚਦੀ ਨਿਕਲੇ ਦਰਿਆ ਦੇ ਨਵੇਂ ਰਸਤੇ ਨੇ ਬਹੁਤ ਸਾਰੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਹੀ ਖ਼ਤਮ ਕਰ ਦਿੱਤਾ। ਇਹ ਸਮੱਸਿਆ ਬਹੁਤ ਵੱਡੀ ਹੈ। ਕਿਸਾਨਾਂ ਦੀ ਬਾਂਹ ਫੜਨ ਦੀ ਲੋੜ ਹੈ।
ਸੰਪਰਕ: 95698-20314

