ਲਾਸ ਏਂਜਲਸ ’ਚ ਰਣਬੀਰ ਦੀ ‘ਰਾਮਾਇਣ’ ਦੀ ਪਹਿਲੀ ਝਲਕ ਦਿਖਾਈ
ਅਦਾਕਾਰ ਰਣਬੀਰ ਕਪੂਰ ਫਿਲਮ ‘ਐਨੀਮਲ’ ਦੀ ਸਫ਼ਲਤਾ ਤੋਂ ਬਾਅਦ ਹੁਣ ਆਪਣੇ ਸਭ ਤੋਂ ਅਹਿਮ ਪ੍ਰਾਜੈਕਟ ‘ਰਾਮਾਇਣ’ ਲਈ ਤਿਆਰ ਹੈ। ਨਿਤੇਸ਼ ਤਿਵਾੜੀ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਦੀ ਪਹਿਲੀ ਝਲਕ ਅਮਰੀਕਾ ਦੇ ਲਾਸ ਏਂਜਲਸ ਵਿੱਚ ਵਿਸ਼ੇਸ਼ ਸਮਾਗਮ ਦੌਰਾਨ ਸਾਂਝੀ ਕੀਤੀ...
ਅਦਾਕਾਰ ਰਣਬੀਰ ਕਪੂਰ ਫਿਲਮ ‘ਐਨੀਮਲ’ ਦੀ ਸਫ਼ਲਤਾ ਤੋਂ ਬਾਅਦ ਹੁਣ ਆਪਣੇ ਸਭ ਤੋਂ ਅਹਿਮ ਪ੍ਰਾਜੈਕਟ ‘ਰਾਮਾਇਣ’ ਲਈ ਤਿਆਰ ਹੈ। ਨਿਤੇਸ਼ ਤਿਵਾੜੀ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਦੀ ਪਹਿਲੀ ਝਲਕ ਅਮਰੀਕਾ ਦੇ ਲਾਸ ਏਂਜਲਸ ਵਿੱਚ ਵਿਸ਼ੇਸ਼ ਸਮਾਗਮ ਦੌਰਾਨ ਸਾਂਝੀ ਕੀਤੀ ਗਈ। ‘ਰਾਮਾ’ ਸਿਰਲੇਖ ਹੇਠ ਸਾਂਝੀ ਕੀਤੀ ਗਈ ਇਸ ਝਲਕ ਵਿੱਚ ਰਣਬੀਰ ਕਪੂਰ ਭਗਵਾਨ ਰਾਮ ਦੇ ਰੂਪ ਵਿੱਚ ਨਜ਼ਰ ਆ ਰਿਹਾ ਹੈ। ਭਾਰਤ ਵਿੱਚ ਇਹ ਝਲਕ 2 ਅਪਰੈਲ ਨੂੰ ਹਨੂਮਾਨ ਜੈਯੰਤੀ ਮੌਕੇ ਜਾਰੀ ਕੀਤੀ ਜਾਵੇਗੀ। ਲਾਸ ਏਂਜਲਸ ਵਿੱਚ ਹੋਏ ਇਸ ਸਮਾਗਮ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਭਗਵਾਨ ਰਾਮ ਦੇ ਕਿਰਦਾਰ ਬਾਰੇ ਗੱਲ ਕਰਦਿਆਂ ਰਣਬੀਰ ਕਪੂਰ ਨੇ ਕਿਹਾ, ‘ਭਗਵਾਨ ਰਾਮ ਸਦੀਆਂ ਤੋਂ ਦੁਨੀਆ ਭਰ ਦੇ ਅਰਬਾਂ ਲੋਕਾਂ ਦੀ ਜ਼ਮੀਰ ਦੇ ਰਾਖੇ ਰਹੇ ਹਨ। ਉਹ ਸਾਨੂੰ ਮਨੁੱਖੀ ਭਾਵਨਾਵਾਂ ਦੀ ਜਿੱਤ, ਹਮਦਰਦੀ, ਹਿੰਮਤ, ਨੇਕੀ ਅਤੇ ਮੁਆਫੀ ਬਾਰੇ ਦੱਸਦੇ ਹਨ।’ ਫ਼ਿਲਮ ਵਿੱਚ ਰਣਬੀਰ ਕਪੂਰ ਦੇ ਨਾਲ ਸਾਈ ਪੱਲਵੀ ‘ਸੀਤਾ’, ਯਸ਼ ‘ਰਾਵਣ’, ਸਨੀ ਦਿਓਲ ‘ਹਨੂੰਮਾਨ’ ਅਤੇ ਰਵੀ ਦੂਬੇ ‘ਲਕਸ਼ਮਣ’ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। ਦੋ ਭਾਗਾਂ ਵਿੱਚ ਬਣਨ ਵਾਲੀ ਇਹ ਫ਼ਿਲਮ ਦੁਨੀਆ ਭਰ ਵਿੱਚ ਆਈਮੈਕਸ ਸਕਰੀਨਾਂ ’ਤੇ ਰਿਲੀਜ਼ ਹੋਵੇਗੀ। ਇਸ ਦਾ ਪਹਿਲਾ ਭਾਗ ਦੀਵਾਲੀ 2026 ਅਤੇ ਦੂਜਾ ਭਾਗ ਦੀਵਾਲੀ 2027 ’ਤੇ ਰਿਲੀਜ਼ ਕੀਤਾ ਜਾਵੇਗਾ।

