ਹੋਂਦ ਦਾ ਸੁਆਲ

ਜੂਝਦਾ ਜੀਵਨ ਤੇ ਮਿੱਟੀ ਦਾ ਮੋਹ

ਜੂਝਦਾ ਜੀਵਨ ਤੇ ਮਿੱਟੀ ਦਾ ਮੋਹ

ਪ੍ਰੇਮ ਸਿੰਘ

ਇਕ ਸਮਾਂ ਸੀ ਜਦੋਂ ਪਰਿਵਾਰ ਵੱਡੇ ਸਨ। ਮਨੋਰਥ ਸੀ ਇਕ ਚੰਗਾ ਇਨਸਾਨ ਬਣ ਕੇ ਜੀਵਨ ਜਿਊਣਾ। ਸਤਿਕਾਰ, ਸਮਤਾ ਤੇ ਪ੍ਰੇਮ ਸੀ, ਏਕਤਾ ਦੀ ਕੁੰਜੀ। ਮੈਂ ਵੀ ਇਕ ਅਜਿਹੇ ਪਰਿਵਾਰ ਵਿਚ ਜਨਮਿਆ ਤੇ ਵੱਡਾ ਹੋਇਆ। ਸ਼ਾਇਦ ਮੈਂ ਉਨ੍ਹਾਂ ਖ਼ੁਸ਼ਕਿਸਮਤ ਲੋਕਾਂ ਵਿਚੋਂ ਹਾਂ ਜਿਸ ਨੇ ਚਾਰ ਪੁਸ਼ਤਾਂ (ਪੜਦਾਦਾ, ਦਾਦਾ, ਪਿਤਾ, ਪੁੱਤਰ) ਦਾ ਸੁਖ ਮਾਣਿਆ ਹੈ। ਅੱਜ ਜੇ ਮੇਰੇ ਵਿਚ ਕੋਈ ਚੰਗਿਆਈ ਨਜ਼ਰੀਂ ਪੈਦੀ ਹੈ ਤਾਂ ਮੇਰੇ ਪਰਿਵਾਰ ਦੇ ਸੰਸਕਾਰਾਂ ਵਜੋਂ ਹੈ।

ਪਿਛਲੇ ਛੇ ਮਹੀਨਿਆਂ ਤੋਂ ਕਿਸਾਨਾਂ ਨੂੰ ਸੰਘਰਸ਼ ਕਰਦੇ ਦੇਖ ਮੇਰਾ ਮਨ ਮੈਨੂੰ ਮੁੜ ਬੀਤੇ ਜੀਵਨ ਦੀਆਂ ਯਾਦਾਂ ਵਿਚ ਲੈ ਗਿਆ। ਉਸ ਸਮੇਂ ਪੜ੍ਹਨ-ਪੜ੍ਹਾਉਣ ਨੂੰ ਤਖ਼ਤੀ ਤੇ ਖੇਡਣ ਨੂੰ ਮਿੱਟੀ ਹੁੰਦੀ ਸੀ। ਦਿਨ ਵਿਚ ਕਈ ਵਾਰ ਤਖ਼ਤੀ ਪੋਚ ਕੇ ਗਿਣਤੀ, ਪਹਾੜੇ ਤੇ ਪੈਂਤੀ ਅੱਖਰੀ ਲਿਖਦੇ। ਮੁਹੱਲੇ ਵਿਚ ਕਿਸੇ ਵੀ ਘਰ ਦੀ ਉਸਾਰੀ ਹੁੰਦੀ, ਉੱਥੇ ਮਿੱਟੀ ਤੇ ਗਾਰਾ ਲੈ ਕੇ ਵੱਖ-ਵੱਖ ਖੇਡਾਂ ਖੇਡਦੇ। ਯਾਦ ਰਹੇ ਕਿ ਉਸ ਸਮੇਂ ਇੱਟਾਂ ਦੀ ਚਿਣਾਈ ਗਾਰੇ ਨਾਲ ਹੀ ਹੁੰਦੀ ਸੀ। ਮਗਰੋਂ ਉਸ ਉੱਤੇ ਸੀਮਿੰਟ ਦਾ ਪਲਸਤਰ ਕਰ ਦਿੱਤਾ ਜਾਂਦਾ ਸੀ। ਘਰ ਪੱਕੇ ਹੋਣ ਦੇ ਬਾਵਜੂਦ ਠੰਢੇ ਰਹਿੰਦੇ ਸਨ। ਇਸ ਤਰ੍ਹਾਂ ਦਾ ਸੀ ਮੇਰਾ ਬਚਪਨ।

ਮੇਰਾ ਖੇਤੀ ਨਾਲ ਸਿੱਧਾ ਸਬੰਧ ਤਾਂ ਨਹੀਂ ਰਿਹਾ, ਪਰ ਫਿਰ ਵੀ ਪਟਿਆਲੇ ਦੇ ਜਿਸ ਮੁਹੱਲੇ ਵਿਚ ਮੈਂ ਰਹਿੰਦਾ ਸੀ ਉੱਥੇ ਬਚਪਨ ਦੇ ਕਈ ਦੋਸਤਾਂ ਦਾ ਖੇਤੀਬਾੜੀ ਨਾਲ ਸਬੰਧ ਸੀ। ਸਕੂਲ ਵਿਚ ਜਦੋਂ ਛੁੱਟੀਆਂ ਹੁੰਦੀਆਂ ਤਾਂ ਕਦੇ ਕਦਾਈਂ ਉਨ੍ਹਾਂ ਨਾਲ ਪਿੰਡ ਚਲੇ ਜਾਣਾ। ਰਲ-ਮਿਲ ਕੇ ਅਸੀਂ ਫਿਰ ਖੇਤਾਂ ਵੱਲ ਤੁਰ ਪੈਣਾ। ਪਹਿਲਾਂ ਗੰਨੇ ਪੁੱਟਣੇ ਤੇ ਫਿਰ ਰੱਸੀ ਨਾਲ ਬੰਨ੍ਹ ਕੇ ਠੰਢੇ ਹੋਣ ਲਈ ਖੂਹ ਵਿਚ ਲਟਕਾ ਦਿੰਦੇ। ਖੇਤਾਂ ’ਚ ਘੁੰਮਦੇ-ਫਿਰਦੇ, ਮੂਲੀਆਂ ਪੁੱਟਦੇ, ਆਢ ਦੇ ਵਗਦੇ ਪਾਣੀ ’ਚ ਧੋਂਦੇ ਤੇ ਫਿਰ ਖ਼ੂਬ ਆਨੰਦ ਲੈ ਕੇ ਖਾਂਦੇ। ਮਿੱਟੀ ਦੀ ਮਹਿਕ ਤੇ ਮਿਠਾਸ ਦਾ ਅਨੋਖਾ ਹੀ ਸੁਆਦ ਸੀ। ਫਿਰ ਖੂਹ ’ਤੇ ਆ ਜਾਣਾ, ਗੰਨ ਕੱਢਣੇ ਤੇ ਫਿਰ ਮਜ਼ੇ ਲੈ ਕੇ ਜਿੰਨੇ ਵੀ ਚੂਪ ਸਕਦੇ ਸੀ ਚੂਪਦੇ। ਸ਼ਹਿਰੀ ਹੋਣ ਕਰਕੇ ਮੇਰੀ ਗੰਨੇ ਚੂਪਣ ਦੀ ਇੱਛਾ ਮਿਟਦੀ ਹੀ ਨਹੀਂ ਸੀ। ਖੇਤਾਂ ’ਚੋਂ ਰੱਜ ਕੇ ਆਉਣਾ। ਘਰ ਵਿਚ ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ, ਮੱਖਣ, ਦਹੀਂ, ਲੱਸੀ ਤੇ ਗੁੜ੍ਹ ਤਿਆਰ ਹੁੰਦਾ। ਅੱਜ ਉਸ ਦਾ ਸੁਆਦ ਚੇਤੇ ਕਰਦਿਆਂ ਮਨ ’ਚ ਖ਼ੁਸ਼ੀ ਤੇ ਸਰੀਰ ’ਚ ਸ਼ਕਤੀ ਦਾ ਅਹਿਸਾਸ ਹੁੰਦਾ ਹੈ। ਸ਼ਾਮ ਤੱਕ ਅਸੀਂ ਸਾਈਕਲ ’ਤੇ ਸਵਾਰ ਹੋ ਕੇ ਘਰ ਪਰਤ ਆਉਂਦੇ। ਕਿਸਾਨ ਨੂੰ ਖੇਤਾਂ ’ਚ ਜੂਝਦੇ ਵੇਖ ਤੇ ਸੁਆਣੀਆਂ ਵੱਲੋਂ ਕੀਤੀ ਜਾਂਦੀ ਘਰ ਦੀ ਸਾਂਭ-ਸੰਭਾਲ, ਵਿਰਸਾ ਅਤੇ ਵਿਰਾਸਤ ਦੀ ਅਮੀਰੀ ਦਰਸਾਉਂਦੀ ਸੀ। ਅੱਜ ਜਦੋਂ ਕਿਸਾਨ ਨੂੰ ‘ਅੰਨਦਾਤਾ’ ਕਿਹਾ ਜਾਂਦਾ ਹੈ ਤਾਂ ਇਸ ਵਿਚ ਮੈਨੂੰ ਇਕ ਚੰਗੇ ਇਨਸਾਨ ਦੀ ਪਵਿੱਤਰਤਾ ਦਾ ਅਹਿਸਾਸ ਹੁੰਦਾ ਹੈ। ਹੁਣ ਮੈਨੂੰ ਇਹ ਸਮਝੀਂ ਪੈਂਦਾ ਹੈ ਕਿ ਕਿਉਂ ਸਾਡੇ ਵੱਡੇ-ਵਡੇਰੇ ਖਾਣਾ ਛਕਣ ਤੋਂ ਪਹਿਲਾਂ ਅੰਨਦਾਤਾ ਦਾ ਸ਼ੁਕਰਾਨਾ ਕਰਦੇ ਸਨ। ਭਾਰਤ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਲੋਕਾਂ ਨੂੰ ਖਾਣ ਤੋਂ ਪਹਿਲਾਂ ਪ੍ਰਾਰਥਨਾ ਕਰਦੇ ਵੇਖਿਆ।

ਅੱਜ ਜਦੋਂ ਕਿਸਾਨ ਨੂੰ ਮੈਂ ਸੰਘਰਸ਼ ਕਰਦੇ ਵੇਖਦਾ ਹਾਂ ਤਾਂ ਮੈਨੂੰ ਆਪਣਾ ਬਚਪਨ ਹੀ ਸਦੀਆਂ ਪੁਰਾਣਾ ਲੱਗਦਾ ਹੈ। ਸੱਭਿਅਤਾ ਤੇ ਸੱਭਿਆਚਾਰ ਸਿਆਸਤ ’ਚ ਬਦਲ ਗਿਆ ਵੇਖ ਮਨ ਦੁਖੀ ਹੁੰਦਾ ਹੈ। ਅਸੰਵੇਦਨਸ਼ੀਲਤਾ ਦੀ ਕੋਈ ਹੱਦ ਨਹੀਂ ਰਹੀ। ਕਿਸਾਨ ਨੂੰ ਊਣਾ ਕਰਕੇ ਵੇਖਿਆ ਜਾ ਰਿਹਾ ਹੈ। ਉਸ ਦੇ ਦੁੱਖ-ਦਰਦ ਦਾ ਅਹਿਸਾਸ ਸਿਆਸਤ ਦੇ ਰੌਲੇ ’ਚ ਲੋਪ ਹੈ। ਇਹ ਸਭ ਕੁਝ ਵੇਖ ਕੇ ਲੱਗਦਾ ਹੈ ਕਿ ਹਾਕਮ ਆਪਣੇ ਤਖ਼ਤ ਦੀਆਂ ਜੜ੍ਹਾਂ ਮਜ਼ਬੂਤ ਕਰਨ ਲਈ ਅਸੱਭਿਅਕ ਯਾਤਰਾ ’ਤੇ ਤੁਰ ਪਏ ਹਨ।

ਸਰ੍ਹੋਂ ਦੇ ਖਿੜੇ ਫੁੱਲਾਂ ਦੇ ਖੇਤ, ਸੋਨੇ ਵਾਂਗ ਚਮਕਦੀਆਂ ਕਣਕ ਦੀਆਂ ਬੱਲੀਆਂ ਅਤੇ ਝੋਨੇ ਦੇ ਹਰੇ-ਭਰੇ ਖੇਤ ਹਸਦੇ-ਵਸਦੇ ਜੀਵਨ ਦਾ ਪ੍ਰਤੀਕ ਹਨ। ਇਸ ਪਿੱਛੇ ਕਿਸਾਨ ਦਾ ਮਿੱਟੀ ਨਾਲ ਮੋਹ, ਮਨੁੱਖਤਾ ਦਾ ਭਲਾ ਅਤੇ ਜੀਵਨ ਪ੍ਰਤੀ ਸਮਰਪਣ, ਸ਼ਰਧਾ ਤੇ ਦ੍ਰਿੜ੍ਹਤਾ ਸਹਿਜੇ ਹੀ ਵਿਖਾਈ ਪੈਂਦੀ ਹੈ। ਇਸ ਦੇ ਨਾਲ ਹੀ ਤੁਰਦਾ ਹੈ ਪਿੰਡ ਵਿਚ ਗੁਜ਼ਾਰੇ ਪਲਾਂ ਦਾ ਮੇਰਾ ਅਨੁਭਵ ਜਿਸ ਵਿਚ ਬੀਜ ਪੁੰਗਰਣ ਤੋਂ ਲੈ ਕੇ ਸਿੱਟਾ ਬਣਨ ਦੀ ਯਾਤਰਾ ਸਮਾਈ ਹੈ। ਇਸ ਪ੍ਰਕਿਰਿਆ ਵਿਚ ਆਉਂਦੀ ਹੈ ਕਿਸਾਨ ਦੀ ਜੀਅ ਤੋੜ ਮਿਹਨਤ, ਰੁੱਤਾਂ ਦੇ ਕਹਿਰ ਦਾ ਸਾਹਮਣਾ ਅਤੇ ਸੰਭਾਲ ਖ਼ਾਤਰ ਚੌਕਸੀ (ਰਾਖੀ)।

ਘਰ ਪਰਿਵਾਰ ਵਿਚ ਦੋ ਥਾਵਾਂ ਰਾਖਵੀਆਂ ਸਨ। ਇਕ ਤੂੜੀ ਤੇ ਦੂਜਾ ਕਣਕ ਦੇ ਦਾਣਿਆਂ ਲਈ। ਬਚਪਨ ਵਿਚ ਇਨ੍ਹਾਂ ਦੋਵਾਂ ਥਾਵਾਂ ’ਤੇ ਖੇਡਣ ਦੀ ਮੌਜ ਹੀ ਵੱਖਰੀ ਸੀ। ਦਾਣਿਆਂ ’ਚ ਨੱਚਦੇ-ਟੱਪਦੇ। ਜਦੋਂ ਸਰੀਰ ਉਸ ਵਿਚ ਧਸਦਾ ਤਾਂ ਖ਼ੁਸ਼ੀ ਦੇ ਨਾਲ ਕੁਤਕੁਤਾੜੀਆਂ ਹੁੰਦੀਆਂ ਤਾਂ ਮਨ ਖਿੜ ਉੱਠਦਾ ਸੀ। ਕੁਝ ਕੁ ਦਿਨਾਂ ਬਾਅਦ ਕਣਕ ਧੋਈ ਜਾਂਦੀ, ਧੁੱਪ ’ਚ ਸੁਕਾ ਕੇ, ਚੁਣ ਕੇ ਤੇ ਫਿਰ ਚੱਕੀ ’ਤੇ ਪਿਸਾਉਣ ਲਈ ਜਾਣਾ।

ਅਜੋਕੇ ਦੌਰ ਵਿਚ ਕਿਸਾਨ ਦੀ ਮਾਨਸਿਕਤਾ ’ਚ ਲੋਹੇ ਦੀਆਂ ਸੂਲਾਂ ਗੱਡਣਾ (ਭਾਵੇਂ ਕਿਸਾਨਾਂ ਨੇ ਇਸ ਦਾ ਜੁਆਬ ਫੁੱਲਾਂ ਨਾਲ ਦਿੱਤਾ) ਤੇ ਕਿਲ੍ਹਾਬੰਦੀ ਇਸ ਨਛੱਤਰ ’ਤੇ ਵਸਦੇ ਲੋਕਾਂ ਲਈ ਕੋਈ ਸੁਖਾਵਾਂ ਸੰਕੇਤ ਨਹੀਂ। ਇਸ ਨਾਲ ਵਿੱਥ ਵਧਦੀ ਹੈ ਤੇ ਵਿਸ਼ਵਾਸ ਡੋਲਦਾ ਹੈ। ਇਤਿਹਾਸ ਇਸ ਦਾ ਗਵਾਹ ਹੈ। ਲੋੜ ਹੈ ਇਸ ਤੋਂ ਸਬਕ ਲੈਣ ਦੀ ਤੇ ਚੰਗੇ ਹੋਏ ਨੂੰ ਅਗਾਂਹ ਤੋਰਨ ਦੀ। ਕੁਦਰਤ ਤੋਂ ਪਰ੍ਹਾਂ ਹੋਰ ਕੋਈ ਵੀ ਮਨੁੱਖ ਨੂੰ ਪ੍ਰੇਰਨਾ ਨਹੀਂ ਦੇ ਸਕਦਾ। ਸੁਆਰਥ ਲਈ ਵੰਡੀਆਂ ਤਾਂ ਹਰ ਕੋਈ ਪਾ ਸਕਦਾ ਹੈ, ਪਰ ਮਿਲ-ਜੁਲ ਕੇ ਰਹਿਣਾ ਹੀ ਸੱਭਿਅਕ ਸਮਾਜ ਦੀ ਪਛਾਣ ਹੈ। ਕਿਸਾਨ ਦੇ ਨੈਣ-ਨਕਸ਼ ਵਿਗਾੜਨ ਲਈ ਉਸ ਨੂੰ ਵੱਖ-ਵੱਖ ਮਖੌਟੇ ਲਗਾ ਕੇ ਨਿੰਦਣਾ ਮਨੁੱਖ ਦੇ ਜਮਹੂਰੀ ਹੱਕਾਂ ਤੇ ਖੁੱਲ੍ਹ ਦੇ ਖ਼ਿਲਾਫ਼ ਹੈ।

ਪੋਹ-ਮਾਘ ਦੀ ਕੜਕਦੀ ਠੰਢ (ਤੇ ਹੁਣ ਭਰ ਗਰਮੀ) ’ਚ ਰੜੇ ਮੈਦਾਨ ਦਿੱਲੀ ਦੀਆਂ ਸਰਹੱਦਾਂ ’ਤੇ ਆਪਣੇ ਹੱਕਾਂ ਲਈ ਕੀਤੀ ਜਾ ਰਹੀ ਜੱਦੋਜਹਿਦ ਤੇ ਸ਼ਹੀਦੀ ਦੇ ਜਜ਼ਬੇ ਨੂੰ ਕੁਚਲਣ ਲਈ ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਤੇ ਲਾਠੀਆਂ ਦੀ ਕੀਤੀ ਵਰਤੋਂ ਕਿਸੇ ਵੀ ਸੂਰਤ ਵਿਚ ਸਹੀ ਨਹੀਂ ਜਾਪਦੀ। ਕਿਸਾਨ ਅੰਦਰ ਛੁਪੇ ਐਸੇ ਮਨੁੱਖ ਨੂੰ ਅੱਜ ਹਾਕਮ ਧਿਰ ਆਪਣੀ ਰਾਜ-ਹੱਠ ਸ਼ਕਤੀ ਦੁਆਰਾ ਮਿੱਟੀ ਵਿਚ ਮਿਲਾਉਣ ਲਈ ਜੁਟੀ ਹੈ। ਉਸ ਦੇ ਸੰਘਰਸ਼ ਦੀ ਆਵਾਜ਼ ਨੂੰ ਦਬਾਉਣ ਲਈ ਕੀਤਾ ਜਾ ਰਿਹਾ ਸਿੱਧਾ/ਅਸਿੱਧਾ ਜਬਰ ਲੋਕਾਈ ਵਿਚ ਚੁੱਪ ਬਣ ਕੇ ਚੀਖ ਰਿਹਾ ਹੈ। ਇਹ ਕਿਸਾਨ ਨਾਲ ਬੇਇਨਸਾਫ਼ੀ ਤੇ ਮਨੁੱਖਤਾ ਪ੍ਰਤੀ ਅਪਰਾਧ ਹੈ।

ਅੱਜ ‘ਆਤਮ-ਨਿਰਭਰਤਾ’ ਨਾਲੋਂ ‘ਆਤਮ ਚਿੰਤਨ’ ਦੀ ਵਧੇਰੇ ਲੋੜ ਹੈ। ਇਸ ਤੋਂ ਵਾਂਝੇ ਹੋ ਕੇ ਕਿਸੇ ਵੀ ਸਮਾਜ ਦੀ ਕਲਪਨਾ ਸਿਰਫ਼ ਤੇ ਸਿਰਫ਼ ਅਸੱਭਿਅਕ ਅਤੇ ਅਸੰਵੇਦਨਸ਼ੀਲ ਹੋਣ ਦੇ ਸੰਕੇਤ ਹਨ। ਕੁਦਰਤ ’ਚ ਵਿਚਰਦਾ ਜੀਵਨ ਤੇ ਇਸ ਨੂੰ ਸਦੀਵਤਾ ਪ੍ਰਦਾਨ ਕਰਦੇ ਕਿਸਾਨ ਨੂੰ ਸਤਿਕਾਰਨਾ, ਸੰਭਾਲਣਾ ਅਤੇ ਖੁਸ਼ਹਾਲ ਰੱਖਣਾ ਸਾਡੀ ਸਭ ਦੀ ਨੈਤਿਕ ਜ਼ਿੰਮੇਵਾਰੀ ਹੈ।

ਆਸਮਾਨ ਵਿਚ ਉੱਡਣਾ ਸਭ ਨੂੰ ਚੰਗਾ ਲੱਗਦਾ ਹੈ। ਇਹ ਸੱਚ ਹੈ ਕਿ ਹਰ ਇਕ ਜੀਵ ਨੂੰ ਜੀਣ ਲਈ ਧਰਤੀ ’ਤੇ ਉਤਰਨਾ ਪੈਂਦਾ ਹੈ। ਇਸ ਡਰ ਦੇ ਮਾਹੌਲ ਵਿਚ ਮੈਨੂੰ ਮੇਰੇ ਬਚਪਨ ਦੀਆਂ ਯਾਦਾਂ ਵੀ ਗੁੰਮ ਹੁੰਦੀਆਂ ਨਜ਼ਰੀਂ ਪੈਂਦੀਆਂ ਹਨ।

ਸੰਪਰਕ: 98110-52271

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All