
ਡੇਵਿਡ ਸਾਈਮਨ ਦੀ ਟੈਲੀਵਿਜ਼ਨ ਸੀਰੀਜ਼ ‘ਦਿ ਵਾਇਰ’
ਐਸ ਪੀ ਸਿੰਘ
ਨਸ਼ਿਆਂ ਵਿਰੁੱਧ ਪੁਲੀਸ ਦੀ ਲੜਾਈ ਬਾਰੇ ਦੁਨੀਆ ਦੀ ਸਭ ਤੋਂ ਵਧੀਆ ਅਤੇ ਹਕੀਕੀ ਮੰਨੀ ਜਾਂਦੀ ਟੈਲੀਵੀਜ਼ਨ ਸੀਰੀਜ਼ ‘ਦਿ ਵਾਇਰ’ (The Wire) ਦੇ ਲੇਖਕ ਅਤੇ ਨਿਰਮਾਤਾ ਡੇਵਿਡ ਸਾਈਮਨ ਲੰਬੇ ਸਮੇਂ ਤੋਂ ਇਹ ਦੁਹਾਈ ਦੇ ਰਹੇ ਹਨ ਕਿ ਨਸ਼ਿਆਂ ਖ਼ਿਲਾਫ਼ ਜੰਗ ਦਾ ਮੂਲ ਸੰਕਲਪ ਹੀ ਗ਼ਲਤ ਹੈ। ਡੇਵਿਡ ਸਾਈਮਨ ਨੇ ਅਮਰੀਕਾ ਦੇ ਨਸ਼ਿਆਂ ਨਾਲ ਸ਼ਾਇਦ ਸਭ ਤੋਂ ਵਧੇਰੇ ਗ੍ਰਸਤ ਸ਼ਹਿਰ ਬਾਲਟੀਮੋਰ ਦੀ ਇਸ ਜੁਰਮ ਦੀ ਦੁਨੀਆ ਨੂੰ ਬਹੁਤ ਨੇੜਿਓਂ ਡਿੱਠਾ ਹੈ ਕਿ ਪੁਲੀਸ ਕਿਵੇਂ ਨਸ਼ਿਆਂ ਖ਼ਿਲਾਫ਼ ਲੜਦੀ ਹੈ ਅਤੇ ਇਸ ਸਮੱਸਿਆ ਦਾ ਗਹਿਰਾ ਅਧਿਐਨ ਕੀਤਾ ਹੈ। ਐਡਵਰਡ ਸਨੋਡੇਨ ਤੋਂ ਬਰਾਕ ਓਬਾਮਾ ਤੱਕ ਉਹਦੇ ‘ਦਿ ਵਾਇਰ’ ਅਤੇ ਹੋਰਨਾਂ ਟੀਵੀ ਪ੍ਰੋਗਰਾਮਾਂ ਦੇ ਪ੍ਰਸ਼ੰਸਕ ਇਹ ਮੰਨਦੇ ਹਨ ਕਿ ਸਾਡੇ ਪਿੰਡਾਂ ਸ਼ਹਿਰਾਂ ਦੇ ਧੁਰ ਅੰਦਰ ਤੱਕ ਵੜ ਚੁੱਕੀ ਨਸ਼ਿਆਂ ਦੀ ਸਮੱਸਿਆ ਦਾ ਹੱਲ ਪੁਲੀਸ ਗਸ਼ਤਾਂ, ਗ੍ਰਿਫ਼ਤਾਰੀਆਂ, ਨਸ਼ਾ ਛੁਡਾਊ ਕੇਂਦਰ ਅਤੇ ਮਾਅਨੇ ਗਵਾ ਚੁੱਕੇ ਨਸ਼ਿਆਂ ਖ਼ਿਲਾਫ਼ ਜੰਗ ਦੇ ਨਾਅਰੇ ਨਹੀਂ ਹਨ।
ਬਰਾਕ ਓਬਾਮਾ ਨੇ ਤਾਂ ਨਾ ਸਿਰਫ਼ ਇਸ ਸੀਰੀਜ਼ ਬਾਰੇ ਲਿਖਿਆ ਹੀ ਸਗੋਂ ਡੇਵਿਡ ਸਾਈਮਨ ਦੀ ਆਪ ਇੰਟਰਵਿਊ ਵੀ ਕੀਤੀ ਹੈ। ਇਹ ਟੈਲੀਵਿਜ਼ਨ ਸੀਰੀਜ਼ ਦਰਸਾਉਂਦੀ ਹੈ ਕਿ ਨਸ਼ਿਆਂ ਦੀ ਸਮੱਸਿਆ ਨਾਲ ਜਮਾਤ ਦੇ ਮੁੱਦੇ ਜੁੜੇ ਹਨ, ਨੌਜਵਾਨਾਂ ਨੂੰ ਮੌਕਿਆਂ ਦਾ ਨਾ ਹਾਸਿਲ ਹੋਣਾ ਹੈ। ਸੱਤਾ ਦਾ ਸੰਚਾਲਨ ਭੈੜੇ ਦਲਾਲਾਂ ਦੀ ਮਾਰਫ਼ਤ ਹੋਣਾ ਅਤੇ ਉਹਦਾ ਜੁਰਮ ਦੀ ਦੁਨੀਆ ਨਾਲ ਜੁੜਿਆ ਹੀ ਨਹੀਂ, ਗੁੰਦਿਆ ਹੋਣਾ ਇੱਕ ਵੱਡਾ ਕਾਰਨ ਹੈ। ਨਸ਼ੇ ਕਿੱਥੋਂ ਆਉਂਦੇ ਹਨ, ਕੌਣ ਵੇਚਦਾ ਹੈ, ਕੌਣ ਗਲੀ ਗਲੀ ਪਹੁੰਚਾਉਂਦਾ ਹੈ, ਦੀਆਂ ਬਹਿਸਾਂ ਵਿੱਚ ਡੁੱਬਿਆਂ ਨੂੰ ਉਹ ਅਕਸਰ ਯਾਦ ਕਰਵਾਉਂਦੇ ਹਨ ਕਿ ਨਸ਼ੇ ਰਸਾਇਣ ਵਿਗਿਆਨ ਦੀ ਼ਦੇਣ ਹਨ, ਇਹ ਵਿਗਿਆਨ ਲਗਾਤਾਰ ਹੋਰ ਤਰੱਕੀ ਕਰਦਾ ਰਹੇਗਾ, ਵੱਖ ਵੱਖ ਜਮਾਤੀ ਪਿੱਠਭੂਮੀ ਵਾਲਿਆਂ ਦੀ ਵੱਖ ਵੱਖ ਕਿਸਮ ਦੇ ਨਸ਼ਿਆਂ ਲਈ ਮੰਗ ਵੀ ਬਾਕਾਇਦਾ ਰਹੇਗੀ। ਸਦਾ ਸਦਾ ਲਈ ਨਸ਼ੇ ਦਾ ਮੱਕੂ ਠੱਪਣ ਦੀ ਗੱਲ ਕਰਦੇ ਸਿਆਸਤਦਾਨਾਂ ਦੇ ਵਹੀਰ ਨੂੰ ਉਹ ਏਨਾ ਹੀ ਦੱਸਦੇ ਹਨ ਕਿ ਅੱਜ ਤੱਕ ਦੁਨੀਆ ਦਾ ਕੋਈ ਸ਼ਹਿਰ ਨਹੀਂ ਜਿੱਥੇ ਇੱਕ ਵਾਰੀ ਨਸ਼ੇ ਆਏ ਹੋਣ, ਫੈਲ ਗਏ ਹੋਣ, ਅਤੇ ਫਿਰ ਨਸ਼ਿਆਂ ਖ਼ਿਲਾਫ਼ ਜੰਗ ਨੇ ਓਥੋਂ ਨਸ਼ੇ ਹਟਾ ਦਿੱਤੇ ਹੋਣ। ਜਿਵੇਂ ਸਾਡੇ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਲੜਾਈ ਲੜੀ ਜਾ ਰਹੀ ਹੈ ਅਤੇ ਸਾਡੇ ਸਿਆਸਤਦਾਨ ਤੇ ਪ੍ਰਸ਼ਾਸਨਿਕ ਅਧਿਕਾਰੀ ਇਸ ਯੁੱਧ ਵਿੱਚ ਕਿਸੇ ਜਿੱਤ ਦੀ ਉਮੀਦ ਲਾਈ ਬੈਠੇ ਹਨ, ਉਨ੍ਹਾਂ ਨੂੰ ਡੇਵਿਡ ਸਾਈਮਨ ਦੀ ਆਪਣੇ ਸਾਥੀ ਅਤੇ ਨਸ਼ਿਆਂ ਖ਼ਿਲਾਫ਼ ਲੜਨ ਵਾਲੇ ਸਾਬਕਾ ਪੁਲੀਸ ਅਧਿਕਾਰੀ ਐਡ ਬਰਨਜ਼ ਨਾਲ ਰਲ ਕੇ ਉਨ੍ਹਾਂ ਮੁਹੱਲਿਆਂ, ਗਲੀਆਂ, ਨੁੱਕਰਾਂ ਬਾਰੇ ਜਿੱਥੇ ਨਸ਼ੇ ਵਿਕਦੇ ਅਤੇ ਪੁਲੀਸ ਦੇ ਛਾਪੇ ਪੈਂਦੇ ਹਨ, ਲਿਖੀ ਕਿਤਾਬ, ‘The Corner: A Year in the Life of an Inner-City Neighborhood’ ਪੜ੍ਹਨੀ ਚਾਹੀਦੀ ਹੈ।
‘ਦਿ ਵਾਇਰ’ ਨੂੰ ਬਹੁਤ ਸਾਰੇ ਵਿਸ਼ਲੇਸ਼ਕ ਅਤੇ ਵਿਕੀਪੀਡੀਆ ਵੀ ਅੱਜ ਤੱਕ ਦਾ ਸਭ ਤੋਂ ਵਧੀਆ ਟੀਵੀ ਪ੍ਰੋਗਰਾਮ ਹੀ ਨਹੀਂ ਸਗੋਂ ਟੈਲੀਵਿਜ਼ਨ ਦੇ ਪਰਦੇ ’ਤੇ ਲਿਖਿਆ ਨਾਵਲ (visual novel) ਕਹਿੰਦੇ ਹਨ। ਇਸ ਤੋਂ ਬਿਨਾਂ ਵੀ ਡੇਵਿਡ ਸਾਈਮਨ ਇਸ ਸਮੱਸਿਆ ਨਾਲ ਜੁੜੇ ਬਹੁਤ ਸਾਰੇ ਕੰਮ ਨਾਲ ਵਾਬਸਤਾ ਰਹੇ ਹਨ। ਉਨ੍ਹਾਂ ਵਰਗੇ ਵਿਸ਼ਲੇਸ਼ਕਾਂ ਦਾ ਕੰਮ ਸਾਨੂੰ ਇਹ ਸਮਝਾਉਂਦਾ ਹੈ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ, ਸਾਡੇ ਨੌਜਵਾਨ ਨਸ਼ਿਆਂ ਵੱਲ ਮੂੰਹ ਨਾ ਕਰਨ ਤਾਂ ਇਹਦੇ ਲਈ ਸਾਡੀ ਲੜਾਈ ਚੰਗੇ ਸਕੂਲ, ਚੰਗੇ ਮੌਕੇ, ਚੰਗੇ ਰੁਜ਼ਗਾਰ, ਚੰਗੇ ਮਿਡ-ਡੇਅ ਮੀਲ, ਚੰਗੇ ਅਧਿਆਪਕਾਂ, ਚੰਗੀਆਂ ਸਿਹਤ ਸਹੂਲਤਾਂ, ਸੁਚੱਜੇ ਲੋਕਤੰਤਰ, ਖ਼ੁਦਮੁਖ਼ਤਿਆਰ ਸਥਾਨਕ ਪੇਂਡੂ ਤੇ ਸ਼ਹਿਰੀ ਸਥਾਨਕ ਸਰਕਾਰਾਂ ਅਤੇ ਅਪਰਾਧ-ਮੁਕਤ ਸਿਆਸਤ ਦੇ ਪਲੇਟਫਾਰਮ ਤੋਂ ਹੀ ਲੜਨੀ ਪਵੇਗੀ। ਪੁਲੀਸ ਛਾਪਿਆਂ, ਛੋਟੇ ਪ੍ਰਚੂਨ ਨਸ਼ਾ ਤਸਕਰਾਂ, ਵਿਕਰੇਤਾਵਾਂ ਅਤੇ ਸੇਵਨ ਕਰਨ ਵਾਲਿਆਂ ਦੀਆਂ ਥੋਕ ਵਿੱਚ ਗ੍ਰਿਫ਼ਤਾਰੀਆਂ ਨਸ਼ਿਆਂ ਖ਼ਿਲਾਫ਼ ਲੜਾਈ ਨਹੀਂ ਹੁੰਦੀਆਂ। ਇਹ ਠੀਕ ਹੈ ਕਿ ਪੁਲੀਸ ਦਾ ਇੱਕ ਰੋਲ ਹੈ ਅਤੇ ਉਹ ਜੁਰਮ ਬਾਰੇ ਅੱਖੀਆਂ ਮੀਚ ਕੇ ਨਹੀਂ ਬੈਠ ਸਕਦੀ, ਪਰ ਨਸ਼ਿਆਂ ਖ਼ਿਲਾਫ਼ ਜੰਗ ਨੇ ਕਦੇ ਨਸ਼ੇ ਖ਼ਤਮ ਨਹੀਂ ਕਰਨੇ। ਚੰਗੇਰੇ ਸਮਾਜ ਲਈ ਜੰਗ ਹੀ ਨਸ਼ਿਆਂ ਖ਼ਿਲਾਫ਼ ਹਕੀਕੀ ਜੰਗ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ