DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮੂਰਤੀ ਵਿਸਰਜਨ: ਪਾਣੀ ਤੇ ਮਨੁੱਖੀ ਜਾਨਾਂ ਬਚਾਉਣ ਦੀ ਲੋੜ

ਸਾਡੇ ਦੇਸ਼ ਵਿੱਚ ਵੱਖ-ਵੱਖ ਧਰਮਾਂ ਤੇ ਫ਼ਿਰਕਿਆਂ ਦੇ ਲੋਕਾਂ ਵੱਲੋਂ ਸਾਰਾ ਸਾਲ ਤਿਉਹਾਰ ਮਨਾਏ ਜਾਂਦੇ ਹਨ। ਹਾਲਾਂਕਿ ਇਹ ਤਿਉਹਾਰ ਲੋਕਾਂ ’ਚ ਸਦਭਾਵਨਾ ਪੈਦਾ ਕਰਦੇ ਹਨ, ਪਰ ਇਨ੍ਹਾਂ ਤਿਉਹਾਰਾਂ ਨਾਲ ਜੁੜੀਆਂ ਕੁਝ ਰਵਾਇਤਾਂ ਵੱਡੇ ਪੱਧਰ ’ਤੇ ਪੈਸੇ ਅਤੇ ਸਮੇਂ ਦੀ ਬਰਬਾਦੀ...

  • fb
  • twitter
  • whatsapp
  • whatsapp
Advertisement

ਸਾਡੇ ਦੇਸ਼ ਵਿੱਚ ਵੱਖ-ਵੱਖ ਧਰਮਾਂ ਤੇ ਫ਼ਿਰਕਿਆਂ ਦੇ ਲੋਕਾਂ ਵੱਲੋਂ ਸਾਰਾ ਸਾਲ ਤਿਉਹਾਰ ਮਨਾਏ ਜਾਂਦੇ ਹਨ। ਹਾਲਾਂਕਿ ਇਹ ਤਿਉਹਾਰ ਲੋਕਾਂ ’ਚ ਸਦਭਾਵਨਾ ਪੈਦਾ ਕਰਦੇ ਹਨ, ਪਰ ਇਨ੍ਹਾਂ ਤਿਉਹਾਰਾਂ ਨਾਲ ਜੁੜੀਆਂ ਕੁਝ ਰਵਾਇਤਾਂ ਵੱਡੇ ਪੱਧਰ ’ਤੇ ਪੈਸੇ ਅਤੇ ਸਮੇਂ ਦੀ ਬਰਬਾਦੀ ਕਰਨ ਸਮੇਤ ਪ੍ਰਦੂਸ਼ਣ ਫੈਲਾਉਣ ਅਤੇ ਕਈ ਵਾਰ ਜਾਨੀ ਨੁਕਸਾਨ ਦਾ ਕਾਰਨ ਵੀ ਬਣਦੀਆਂ ਹਨ। ਦੇਸ਼ ਵਿੱਚ ਹਰ ਸਾਲ ਸੈਂਕੜੇ ਲੋਕ ਗਣੇਸ਼ ਪੂਜਾ ਮੌਕੇ ਨਦੀਆਂ-ਨਹਿਰਾਂ ’ਚ ਮੂਰਤੀ ਵਿਸਰਜਨ ਅਤੇ ਪੂਜਾ ਸਮੱਗਰੀ ਜਲ ਪ੍ਰਵਾਹ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਕੇ ਆਪਣੀਆਂ ਜਾਨਾਂ ਗੁਆ ਬੈਠਦੇ ਹਨ, ਪਰ ਕੇਂਦਰ ਅਤੇ ਸੂਬਾਈ ਸਰਕਾਰਾਂ ਇਸ ਪਾਸੇ ਧਿਆਨ ਦੇਣ ਵਿੱਚ ਨਾਕਾਮ ਸਾਬਿਤ ਹੋਈਆਂ ਹਨ।

ਕਾਰਖਾਨਿਆਂ ਅਤੇ ਸ਼ਰਾਬ ਫੈਕਟਰੀਆਂ ਵੱਲੋਂ ਨਦੀਆਂ, ਨਾਲਿਆਂ, ਦਰਿਆਵਾਂ ਵਿੱਚ ਸੁੱਟੇ ਜਾਂਦੇ ਪ੍ਰਦੂਸ਼ਿਤ ਪਾਣੀ ਤੋਂ ਇਲਾਵਾ ਧਾਰਮਿਕ ਰਹੁ-ਰੀਤਾਂ ਕਾਰਨ ਮੂਰਤੀ ਵਿਸਰਜਨ ਅਤੇ ਹੋਰ ਸਮੱਗਰੀ ਜਲ ਪ੍ਰਵਾਹ ਕਰਨ ਕਾਰਨ ਵੀ ਪਾਣੀ ਪ੍ਰਦੂਸ਼ਿਤ ਹੁੰਦਾ ਹੈ, ਜੋ ਮਨੁੱਖ ਤੇ ਜੀਵ ਜੰਤੂਆਂ ਲਈ ਗੰਭੀਰ ਬਿਮਾਰੀਆਂ ਦਾ ਕਾਰਨ ਬਣਦਾ ਹੈ। ਮਹਾਰਾਸ਼ਟਰ ਦੀ ਤਰਕਸ਼ੀਲ ਸੰਸਥਾ ‘ਅੰਧ ਸ਼ਰਧਾ ਨਿਰਮੂਲਨ ਸਮਿਤੀ’ ਦੇ ਸੰਸਥਾਪਕ ਮਰਹੂਮ ਡਾ. ਨਰਿੰਦਰ ਦਾਭੋਲਕਰ ਨੇ ਪਾਣੀ ਪ੍ਰਦੂਸ਼ਿਤ ਕਰਨ ਵਾਲੀ ਮੂਰਤੀ ਵਿਸਰਜਨ ਦੀ ਰਵਾਇਤ ਖ਼ਿਲਾਫ਼ ਮਹਾਰਾਸ਼ਟਰ ਅਤੇ ਹੋਰਨਾਂ ਸੂਬਿਆਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਸਰਕਾਰਾਂ ਤੱਕ ਇਸ ’ਤੇ ਰੋਕ ਲਗਵਾਉਣ ਲਈ ਕਈ ਸਾਲ ਯਤਨ ਕੀਤੇ ਪਰ ਵੋਟ ਬੈਂਕ ਖੁਰਨ ਦੇ ਡਰੋਂ ਸਮੇਂ ਦੀਆਂ ਸਰਕਾਰਾਂ ਅਤੇ ਸਿਆਸੀ ਪਾਰਟੀਆਂ ਨੇ ਇਸ ਨੂੰ ਬੰਦ ਕਰਨ ਲਈ ਕਦੇ ਵੀ ਆਪਣੀ ਰਾਜਸੀ ਇੱਛਾ ਸ਼ਕਤੀ ਨਹੀਂ ਦਿਖਾਈ।

Advertisement

ਬੇਸ਼ੱਕ, ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਇਸ ਸਬੰਧੀ ਪ੍ਰਦੂਸ਼ਣ ਰੋਕੂ ਕਾਨੂੰਨ ਬਣਾਏ ਗਏ ਹਨ, ਪਰ ਧਾਰਮਿਕ ਸੰਸਥਾਵਾਂ ਅਤੇ ਅੰਧ-ਵਿਸ਼ਵਾਸ ਵਿੱਚ ਗ੍ਰਸੇ ਲੋਕਾਂ ਵੱਲੋਂ ਇਨ੍ਹਾਂ ਕਾਨੂੰਨਾਂ ਦੀ ਸ਼ਰੇਆਮ ਉਲੰਘਣਾ ਕਰਕੇ ਨਦੀਆਂ, ਦਰਿਆਵਾਂ ਵਿੱਚ ਵੱਡੇ ਪੱਧਰ ’ਤੇ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ। ਇਸ ਸਬੰਧੀ ਪੁਲੀਸ ਵੱਲੋਂ ਕਦੇ ਵੀ ਕਿਸੇ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ। ਉਦੋਂ ਹੋਰ ਵੀ ਦੁੱਖ ਹੁੰਦਾ ਹੈ ਜਦੋਂ ਵਿਸਰਜਨ ਤੋਂ ਕਈ ਦਿਨ ਬਾਅਦ ਧਾਰਮਿਕ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨਾਲਿਆਂ ਅਤੇ ਖ਼ਾਲਿਆਂ ਵਿੱਚ ਪਈਆਂ ਨਜ਼ਰ ਆਉਂਦੀਆਂ ਹਨ, ਜੋ ਕਿਸੇ ਵੀ ਸੰਵੇਦਨਸ਼ੀਲ ਮਨੁੱਖ ਦੇ ਮਨ ਨੂੰ ਠੇਸ ਪਹੁੰਚਾਉਂਦੀ ਹੈ। ਨਿਆਂਪਾਲਿਕਾ ਨੇ ਵੀ ਇਸ ਸੰਬੰਧੀ ਕੋਈ ਸਖ਼ਤ ਫੈਸਲਾ ਦੇਣ ਤੋਂ ਹਮੇਸ਼ਾ ਟਾਲਾ ਵੱਟਿਆ ਹੈ, ਜਿਸ ਕਾਰਨ ਹਰ ਸਾਲ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਹੁੰਦਾ ਹੈ।

Advertisement

ਅਜਿਹੇ ਮੌਕਿਆਂ ’ਤੇ ਵੱਡੇ-ਵੱਡੇ ਗਰੁੱਪਾਂ ’ਚ ਲੋਕ ਨਦੀਆਂ ਦੇ ਪੁਲਾਂ ਅਤੇ ਨਹਿਰਾਂ ਵਿੱਚ ਸ੍ਰੀ ਗਣੇਸ਼ ਦੀਆਂ ਵੱਡੀਆਂ ਰੰਗਦਾਰ ਮੂਰਤੀਆਂ ਤੇ ਪਾਠ ਪੂਜਾ ਦੀ ਸਮੱਗਰੀ ਦਾ ਵਿਸਰਜਨ ਕਰਦੇ ਹਨ ਅਤੇ ਉੱਚੀ ਆਵਾਜ਼ ਵਿੱਚ ਸਪੀਕਰ ਵਜਾਉਂਦੇ ਹਨ। ਉੱਚੀ ਆਵਾਜ਼ ’ਚ ਸਪੀਕਰ ਵੱਜਣ ਕਾਰਨ ਸ਼ੋਰ ਪ੍ਰਦੂਸ਼ਣ ਪੈਦਾ ਹੁੰਦਾ ਹੈ। ਇਸ ਤੋਂ ਇਲਾਵਾ ਕਈ-ਕਈ ਕਿਲੋਮੀਟਰ ਤੱਕ ਵਾਹਨਾਂ ਦਾ ਜਾਮ ਲੱਗ ਜਾਂਦਾ ਹੈ, ਜਿਸ ਨੂੰ ਸਥਾਨਕ ਪ੍ਰਸ਼ਾਸਨ ਵੱਲੋਂ ਸਹੀ ਢੰਗ ਨਾਲ ਕੰਟਰੋਲ ਨਹੀਂ ਕੀਤਾ ਜਾਂਦਾ। ਅਜਿਹੇ ਭੀੜ-ਭੜੱਕੇ ਵਾਲੇ ਸਥਾਨਾਂ ’ਤੇ ਵੱਡਾ ਹਾਦਸਾ ਵਾਪਰਨ ਦੀ ਸੂਰਤ ਵਿੱਚ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚਾਉਣ ਲਈ ਐਂਬੂਲੈਂਸ ਜਾਂ ਫਾਇਰ ਬ੍ਰਿਗੇਡ ਦੀ ਗੱਡੀ ਦਾ ਪੁੱਜਣਾ ਮੁਸ਼ਕਿਲ ਹੁੰਦਾ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਪ੍ਰਬੰਧਕਾਂ ਵੱਲੋਂ ਹਜ਼ਾਰਾਂ ਲੋਕਾਂ ਦਾ ਇਕੱਠ ਕਰਕੇ ਪਾਣੀਆਂ ਵਿੱਚ ਪ੍ਰਦੂਸ਼ਣ ਫੈਲਾਉਣ ਅਤੇ ਲੋਕਾਂ ਦੀਆਂ ਜਾਨਾਂ ਜੋਖ਼ਮ ਵਿੱਚ ਪਾਉਣ ਵਾਲੇ ਅਜਿਹੇ ਸਮਾਗਮ ਕਰਨ ਦੀ ਬਿਨਾਂ ਪੁਖ਼ਤਾ ਪ੍ਰਬੰਧਾਂ ਤੋਂ ਇਜਾਜ਼ਤ ਹੀ ਕਿਉਂ ਦਿੱਤੀ ਜਾਂਦੀ ਹੈ? ਇਹ ਗੱਲ ਬੇਹੱਦ ਚਿੰਤਾਜਨਕ ਹੈ ਕਿ ਪਾਣੀ ਵਿੱਚ ਪ੍ਰਦੂਸ਼ਣ ਫੈਲਾਉਣ ਵਾਲੀ ਇਹ ਰਵਾਇਤ ਅੱਜ ਪੰਜਾਬ ਵਿੱਚ ਵੀ ਵੱਡੇ ਪੱਧਰ ’ਤੇ ਪੈਰ ਪਸਾਰ ਚੁੱਕੀ ਹੈ। ਇਸ ਸਬੰਧੀ ਲੋਕ ਪੱਖੀ ਜਨਤਕ ਅਤੇ ਜਮਹੂਰੀ ਸੰਸਥਾਵਾਂ ਨੂੰ ਜਥੇਬੰਦਕ ਪੱਧਰ ’ਤੇ ਵਿਗਿਆਨਕ ਚੇਤਨਾ ਦੀ ਲੋਕ ਲਹਿਰ ਉਸਾਰਨ ਦੀ ਲੋੜ ਹੈ।

ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਰੰਗਦਾਰ ਪਲਾਸਟਿਕ ਦੀ ਥਾਂ ਆਮ ਮਿੱਟੀ ਦੀਆਂ ਮੂਰਤੀਆਂ ਦੀ ਵਰਤੋਂ ਕਰਨ ਅਤੇ ਇਸ ਨੂੰ ਨਦੀਆਂ, ਦਰਿਆਵਾਂ, ਸਮੁੰਦਰਾਂ ਵਿੱਚ ਜਲ ਪ੍ਰਵਾਹ ਕਰਨ ਦੀ ਬਜਾਏ ਖੁੱਲ੍ਹੇ ਮੈਦਾਨਾਂ ਜਾਂ ਆਪਣੇ ਘਰਾਂ ਵਿੱਚ ਹੀ ਰੀਤ ਰਿਵਾਜਾਂ ਨੂੰ ਸੰਪੰਨ ਕਰਨ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸੰਵਿਧਾਨ ਦੀ ਧਾਰਾ 51- ਏ (ਐੱਚ) ਅਨੁਸਾਰ ਜ਼ਿੰਦਗੀ ਵਿੱਚ ਵਿਗਿਆਨਕ ਸੋਚ ਦੇ ਧਾਰਨੀ ਬਣ ਕੇ ਸਾਫ਼ ਵਾਤਾਵਰਨ ਅਤੇ ਆਪਸੀ ਭਾਈਚਾਰਕ ਸਾਂਝ ਯਕੀਨੀ ਬਣਾਉਣ ਲਈ ਅਜਿਹੀਆਂ ਮਨੁੱਖ ਅਤੇ ਵਿਕਾਸ ਵਿਰੋਧੀ ਰਸਮਾਂ ਅਤੇ ਅੰਧ-ਵਿਸ਼ਵਾਸਾਂ ਨੂੰ ਛੱਡਣ ਦਾ ਅਹਿਦ ਕਰਨ। ਇੱਕ ਵਿਕਸਿਤ ਦੇਸ਼ ਅਤੇ ਚੇਤਨ ਸਮਾਜ ਦੀ ਉਸਾਰੀ ਲਈ ਵੱਡੀ ਗਿਣਤੀ ਲੋਕਾਂ ਦਾ ਵਿਗਿਆਨਕ ਸੋਚ ਨਾਲ ਲੈਸ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਅਜਿਹੀਆਂ ਮਨੁੱਖ ਵਿਰੋਧੀ ਰਵਾਇਤਾਂ ਦੇ ਮਾਰੂ ਸਿੱਟਿਆਂ ਵਿਰੁੱਧ ਜਾਗਰੂਕ ਕਰਨ ਲਈ ਸਰਕਾਰਾਂ, ਧਾਰਮਿਕ ਸੰਸਥਾਵਾਂ ਅਤੇ ਲੋਕ ਪੱਖੀ ਸਿਆਸੀ ਪਾਰਟੀਆਂ ਨੂੰ ਤਿਉਹਾਰਾਂ ਦੀਆਂ ਉਸਾਰੂ ਰਵਾਇਤਾਂ ਯਕੀਨੀ ਬਣਾਉਣ ਦੇ ਨਾਲ-ਨਾਲ ਲੋਕਾਂ ਦੀ ਸੁਰੱਖਿਆ ਲਈ ਸਾਂਝੇ ਤੌਰ ’ਤੇ ਠੋਸ ਯੋਜਨਾਬੰਦੀ ਕਰਨ ਦੀ ਲੋੜ ਹੈ।

ਇਸ ਸਬੰਧੀ ਦੇਸ਼ ਦੀ ਨਿਆਂਪਾਲਿਕਾ ਦਾ ਵੀ ਸੰਵਿਧਾਨਕ ਫ਼ਰਜ਼ ਬਣਦਾ ਹੈ ਕਿ ਉਹ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਕੇਂਦਰ ਅਤੇ ਸੂਬਾਈ ਸਰਕਾਰਾਂ ਨੂੰ ਕੋਈ ਠੋਸ ਦਿਸ਼ਾ ਨਿਰਦੇਸ਼ ਜਾਰੀ ਕਰੇ। ਇਸ ਦੇ ਨਾਲ ਹੀ ਦੇਸ਼ ਦੇ ਅਗਾਂਹਵਧੂ ਸਿੱਖਿਆ ਤੇ ਸਿਹਤ ਮਾਹਿਰਾਂ, ਲੋਕ ਪੱਖੀ ਬੁੱਧੀਜੀਵੀਆਂ, ਸਮਾਜ ਸ਼ਾਸਤਰੀਆਂ, ਪ੍ਰਗਤੀਸ਼ੀਲ ਸੰਗਠਨਾਂ ਅਤੇ ਮੀਡੀਆ ਦਾ ਵੀ ਸੰਵਿਧਾਨਕ ਤੇ ਨੈਤਿਕ ਫ਼ਰਜ਼ ਹੈ ਕਿ ਉਹ ਸਿਹਤਮੰਦ ਸਮਾਜ ਤੇ ਸਾਫ਼ ਵਾਤਾਵਰਨ ਲਈ ਲੋਕਾਂ ਵਿੱਚ ਅੰਧ-ਵਿਸ਼ਵਾਸ, ਰੂੜੀਵਾਦੀ ਰਵਾਇਤਾਂ, ਫਜ਼ੂਲਖਰਚੀ ਅਤੇ ਪ੍ਰਦੂਸ਼ਣ ਫੈਲਾਉਣ ਵਾਲੀਆਂ ਮਨੁੱਖ ਵਿਰੋਧੀ ਰਵਾਇਤਾਂ ਖਿਲਾਫ਼ ਵਿਗਿਆਨਕ ਚੇਤਨਾ ਮੁਹਿੰਮ ਚਲਾਉਣ ਲਈ ਅੱਗੇ ਆਉਣ। ਇਸ ਮਸਲੇ ਦਾ ਅਜਿਹਾ ਹੱਲ ਕੱਢਿਆ ਜਾਵੇ, ਜਿਸ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਵੀ ਨਾ ਪੁੱਜੇ ਅਤੇ ਨਾ ਹੀ ਪਾਣੀ ਪ੍ਰਦੂਸ਼ਿਤ ਹੋਵੇ। ਜੇਕਰ ਇੰਝ ਹੁੰਦਾ ਹੈ ਤਾਂ ਹਰ ਸਾਲ ਧਾਰਮਿਕ ਰਹੁ-ਰੀਤਾਂ ਨਿਭਾਉਂਦਿਆਂ ਵੀ ਮਨੁੱਖੀ ਜਾਨਾਂ ਸੁਰੱਖਿਅਤ ਰੱਖੀਆਂ ਜਾ ਸਕਦੀਆਂ ਹਨ।

ਸੰਪਰਕ: 76960-30173

Advertisement
×