ਫ਼ਤਹਿ ਸਿੰਘ ਆਹਲੂਵਾਲੀਆ

ਫ਼ਤਹਿ ਸਿੰਘ ਆਹਲੂਵਾਲੀਆ

ਸਹਿਦੇਵ ਕਲੇਰ

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਹੇਠ ਸਥਾਪਤ ਹੋਏ ਸਿੱਖ ਰਾਜ ਦੀ ਸਥਾਪਨਾ ਵਿਚ ਕਪੂਰਥਲਾ ਰਿਆਸਤ ਦੇ ਤੀਜੇ ਮੁਖੀ ਫਤਿਹ ਸਿੰਘ ਆਹਲੂਵਾਲੀਆ ਦਾ ਵੱਡਾ ਯੋਗਦਾਨ ਸੀ। ਮਹਾਰਾਜਾ ਰਣਜੀਤ ਸਿੰਘ ਨੇ 1799 ਵਿਚ ਲਾਹੌਰ ਜਿੱਤ ਲਿਆ ਤਾਂ ਇਸ ਦੇ ਛੇਤੀ ਮਗਰੋਂ ਹੀ ਦੋਹਾਂ ਦੀ ਆਪਸ ਵਿਚ ਗੂੜੀ ਸਾਂਝ ਪੈ ਗਈ। ਮਹਾਰਾਜਾ ਰਣਜੀਤ ਸਿੰਘ ਅਤੇ ਸਰਦਾਰ ਫ਼ਤਹਿ ਸਿੰਘ ਆਹਲੂਵਾਲੀਆ ਦੇ ਸਬੰਧਾਂ ਦਾ ਜ਼ਿਕਰ ਕਰਦਾ ਹੋਇਆ ਤਾਰੀਖ਼-ਏ-ਪੰਜਾਬ ਦਾ ਕਰਤਾ ਕਨੱਈਆ ਲਾਲ ਲਿਖਦਾ ਹੈ, ‘‘ਸਰਦਾਰ ਫ਼ਤਹਿ ਸਿੰਘ ਆਹਲੂਵਾਲੀਆ ਦਾ ਪਿਤਾ ਭਾਗ ਸਿੰਘ ਸੰਮਤ 1859 ਵਿਚ ਸਵਰਗਵਾਸ ਹੋ ਗਿਆ ਸੀ। ਮਹਾਰਾਜਾ ਨੇ ਜਦ ਭਾਗ ਸਿੰਘ ਦੀ ਮੌਤ ਦਾ ਹਾਲ ਸੁਣਿਆਂ ਤਾਂ ਉਸ ਨੇ ਇਹ ਯੋਗ ਸਮਝਿਆ ਕਿ ਕਪੂਰਥਲਾ ਜਾ ਕੇ ਮਾਤਮ ਪੁਰਸ਼ੀ ਕੀਤੀ ਜਾਵੇ ਕਿਉਂਕਿ ਉਸ ਨੂੰ ਪੰਜਾਬ ਦੇ ਸਾਰੇ ਰਾਇਸਾਂ ਵਿਚੋਂ ਫ਼ਤਹਿ ਸਿੰਘ ਹੀ ਆਪਣਾ ਮਿੱਤਰ ਤੇ ਸ਼ੁਭ ਚਿੰਤਕ ਨਜ਼ਰ ਆਉਂਦਾ ਸੀ। ਜਦ ਮਹਾਰਾਜਾ ਕਪੂਰਥਲਾ ਪਹੁੰਚਿਆ ਤਾਂ ਮਹਾਰਾਜਾ ਨੇ ਪਹਿਲਾਂ ਫਤਹਿ ਸਿੰਘ ਨਾਲ ਉਸ ਦੇ ਪਿਤਾ ਦੇ ਮਰਨ ਦਾ ਸ਼ੋਕ ਪ੍ਰਗਟ ਕੀਤਾ ਤੇ ਕਿਹਾ ਕਿ ਮੈਂ ਤੈਨੂੰ ਹਰ ਇੱਕ ਨਾਲੋਂ ਵਧੇਰੇ ਪਿਆਰਾ ਮਿੱਤਰ ਸਮਝਦਾ ਹਾਂ ਅਤੇ ਵਿਸ਼ਵਾਸ ਦਿਵਾਉਂਦਾ ਹਾਂ ਕਿ ਤੇਰੇ ਨਾਲ ਕਦੀ ਧੋਖਾ ਜਾਂ ਫਰੇਬ ਨਹੀਂ ਕਰਾਂਗਾ।’’ ਤਾਰੀਖ-ਏ-ਪੰਜਾਬ ਦਾ ਲਿਖਾਰੀ ਅੱਗੇ ਲਿਖਦਾ ਹੈ, ‘‘ਇਸ ਪਿੱਛੋਂ (ਮਹਾਰਾਜਾ ਰਣਜੀਤ ਸਿੰਘ ਨੇ) ਫ਼ਤਹਿ ਸਿੰਘ ਦੀ ਪੱਗ ਲੁਹਾ ਕੇ ਆਪਣੇ ਸਿਰ ’ਤੇ ਬੰਨ੍ਹ ਲਈ ਅਤੇ ਆਪਣੀ ਪੱਗ ਉਸ ਦੇ ਸਿਰ ਬੰਨ੍ਹਵਾ ਦਿੱਤੀ। ਇਸ ਤਰ੍ਹਾਂ ਉਹ ਭਰਾ ਬਣ ਗਏ। ਪੰਜਾਬ ਵਿਚ ਇਹ ਰਸਮ ਹੈ ਕਿ ਜਿਹੜੇ ਲੋਕ ਭਰਾ ਬਣਦੇ ਹਨ ਉਹ ਪ੍ਰਸਪਰ ਪਗੜੀਆਂ ਬਦਲ ਲੈਂਦੇ ਹਨ।’’ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀ ਇਤਿਹਾਸਕਾਰ ਸੋਹਣ ਲਾਲ ਸੂਰੀ ਦੀ ਪ੍ਰਸਿੱਧ ਪੁਸਤਕ ‘ਉਮਦਾਤ-ਉਤ-ਤਵਾਰੀਖ਼’ ਵੀ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਸਰਦਾਰ ਫਤਹਿ ਸਿੰਘ ਨੇ ਸਿੱਖ ਰਾਜ ਦੀ ਉਸਾਰੀ ਅਤੇ ਵਿਸਥਾਰ ਵਿਚ ਵੱਡਾ ਹਿੱਸਾ ਪਾਇਆ। ਸਮਕਾਲੀ ਅੰਗਰੇਜ਼ ਅਹਿਲਕਾਰ ਲਾਰਡ ਲੇਕ ਅਤੇ ਸਰ ਚਾਰਲਸ ਮੈਟਕਾਫ਼ ਦੀਆਂ ਲਿਖਤਾਂ ਵੀ ਦੋਹਾਂ ਦੇ ਗੂੜ੍ਹੇ ਅਤੇ ਚਿਰ ਸਥਾਈ ਸਬੰਧਾਂ ਦੀ ਜਾਣਕਾਰੀ ਦਿੰਦੀਆਂ ਹਨ।

ਫ਼ਤਹਿ ਸਿੰਘ ਆਹਲੂਵਾਲੀਆ ਦਾ ਜਨਮ ਕਪੂਰਥਲਾ ਰਿਆਸਤ ਦੇ ਰਾਜਾ ਭਾਗ ਸਿੰਘ ਦੇ ਘਰ 1784 ਨੂੰ ਹੋਇਆ। 1801 ਵਿਚ ਜਦੋਂ ਭਾਗ ਸਿੰਘ ਦੀ ਮੌਤ ਹੋ ਗਈ ਤਾਂ ਉਸ ਸਮੇਂ ਫ਼ਤਹਿ ਸਿੰਘ ਦੀ ਉਮਰ ਭਾਵੇਂ 17 ਕੁ ਸਾਲ ਹੀ ਸੀ ਪਰ ਆਪਣੇ ਪਿਤਾ ਦੀ ਵਿਰਾਸਤ ਸੰਭਾਲਣ ਲਈ ਉਹ ਹਰ ਤਰ੍ਹਾਂ ਨਾਲ ਯੋਗ ਸਾਬਤ ਹੋਇਆ।

ਮਹਾਰਾਜਾ ਰਣਜੀਤ ਸਿੰਘ ਦੀਆਂ ਸ਼ੁਰੂਆਤੀ ਜਿੱਤਾਂ ਅਤੇ ਸਿੱਖ ਰਾਜ ਦੀ ਸਥਾਪਨਾ ਵਿਚ ਫ਼ਤਹਿ ਸਿੰਘ ਦੇ ਸਾਥ ਅਤੇ ਸੈਨਿਕ ਸਹਾਇਤਾ ਨੇ ਫੈਸਲਾਕੁਨ ਯੋਗਦਾਨ ਪਾਇਆ। 1802 ਵਿਚ ਦੋਹਾਂ ਦੀਆਂ ਸਾਂਝੀਆਂ ਫੌਜਾਂ ਨੇ ਡਸਕਾ (ਸਿਆਲਕੋਟ) ਦੇ ਕਿਲ੍ਹੇ ’ਤੇ ਹਮਲਾ ਕੀਤਾ ਅਤੇ ਇਸ ਨੂੰ ਜਿੱਤ ਕੇ ਸਿੱਖ ਰਾਜ ਦਾ ਹਿੱਸਾ ਬਣਾ ਦਿੱਤਾ। ਛੇਤੀ ਮਗਰੋਂ ਦੋਹਾਂ ਦੀਆਂ ਸਾਂਝੀਆਂ ਫੌਜਾਂ ਨੇ ਅੰਮ੍ਰਿਤਸਰ ਨੂੰ ਵੀ ਸਿੱਖ ਰਾਜ ਦਾ ਇੱਕ ਅਹਿਮ ਅੰਗ ਬਣਾ ਲਿਆ। ਅਗਲੇ ਹੀ ਸਾਲ 1803 ਵਿਚ ਫਤਿਹ ਸਿੰਘ ਨੂੰ ਨਾਲ ਲੈ ਕੇ ਰਣਜੀਤ ਸਿੰਘ ਨੇ ਕਸੂਰ ’ਤੇ ਹਮਲਾ ਕੀਤਾ ਅਤੇ ਜਿੱਤ ਹਾਸਲ ਕਰਕੇ ਕਸੂਰ ਨੂੰ ਵੀ ਸਿੱਖ ਰਾਜ ਵਿੱਚ ਸ਼ਾਮਲ ਕਰ ਲਿਆ। ਅਗਲਾ ਕੁੱਝ ਸਮਾਂ ਇਨ੍ਹਾਂ ਜਿੱਤੇ ਇਲਾਕਿਆਂ ਦੀ ਪਕਿਆਈ ਲਈ ਕੰਮ ਕੀਤਾ।1805 ਵਿਚ ਮਰਾਠਾ ਸਰਦਾਰ ਜਸਵੰਤ ਰਾਏ ਹੋਲਕਰ, ਅੰਗਰੇਜ਼ ਸੈਨਾਪਤੀ ਲਾਰਡ ਲੇਕ ਤੋਂ ਹਾਰ ਖਾ ਕੇ ਸਹਾਇਤਾ ਲਈ ਲਾਹੌਰ ਮਹਾਰਾਜਾ ਰਣਜੀਤ ਸਿੰਘ ਕੋਲ ਪਹੁੰਚ ਗਿਆ। ਮਹਾਰਾਜੇ ਲਈ ਇਹ ਸਖ਼ਤ ਪ੍ਰੀਖਿਆ ਦਾ ਸਮਾਂ ਸੀ। ਰਣਜੀਤ ਸਿੰਘ ਨੇ ਇਸ ਮਾਮਲੇ ’ਤੇ ਵਿਚਾਰ ਕਰਨ ਲਈ ਉਸ ਸਮੇਂ ਦੇ ਸਾਰੇ ਸਿਰਕੱਢ ਸਿੱਖ ਸਰਦਾਰਾਂ ਦੀ ਇਕ ਸਭਾ ਸੱਦੀ। ਬਹੁ ਗਿਣਤੀ ਸਰਦਾਰ ਇਸ ਪੱਖ ’ਚ ਸਨ ਕਿ ਸਹਾਇਤਾ ਲਈ ਸ਼ਰਨ ਆਏ ਹੋਲਕਰ ਨੂੰ ਸੈਨਿਕ ਸਹਾਇਤਾ ਦੇ ਕੇ ਅੰਗਰੇਜ਼ਾਂ ਦੇ ਅਜਿੱਤ ਹੋਣ ਦਾ ਗਰੂਰ ਤੋੜਿਆ ਜਾਵੇ। ਪਰ ਇਸ ਸਮੇਂ ਦੂਰਦਰਸ਼ੀ ਸੋਚ ਦਾ ਸਬੂਤ ਦਿੰਦਿਆਂ ਫ਼ਤਹਿ ਸਿੰਘ ਅਤੇ ਹੋਰ ਸਿਆਣੇ ਦਰਬਾਰੀਆਂ ਨੇ ਕਿਹਾ ਕਿ ਇੰਜ ਕਰਕੇ ਅਸੀਂ ਆਪਣੇ ਰਾਜ ਨੂੰ ਯੁੱਧ ਭੂਮੀ ਵਿਚ ਬਦਲ ਰਹੇ ਹੋਵਾਂਗੇ। ਅਸਲ ਵਿਚ ਮਹਾਰਾਜਾ ਵੀ ਇਹੀ ਚਾਹੁੰਦਾ ਸੀ। ਉਸ ਨੇ ਫਤਹਿ ਸਿੰਘ ਅਤੇ ਦੂਜੇ ਦਰਬਾਰੀਆਂ ਦੀ ਰਾਏ ਮੰਨਦਿਆਂ ਡਿਊਟੀ ਲਾਈ ਕਿ ਉਹ ਅੰਗਰੇਜ਼ ਸੈਨਾਪਤੀ ਲਾਰਡ ਲੇਕ ਨੂੰ ਮਿਲਣ ਅਤੇ ਮਾਮਲੇ ਨੂੰ ਗੱਲਬਾਤ ਰਾਹੀਂ ਨਜਿੱਠਿਆ ਜਾਵੇ।

ਅਗਲੇ ਦੋ ਦਹਾਕਿਆਂ ਤੋਂ ਵਧ ਸਮੇਂ ਤੱਕ ਫ਼ਤਹਿ ਸਿੰਘ ਆਹਲੂਵਾਲੀਆ ਨੇ ਸਿੱਖ ਰਾਜ ਦੀ ਸਥਾਪਨਾ ਲਈ ਮਹਾਰਾਜਾ ਰਣਜੀਤ ਸਿੰਘ ਨੂੰ ਹਰ ਮੈਦਾਨ ਅਤੇ ਹਰ ਮੁਹਾਜ਼ ’ਤੇ ਨਾ ਸਿਰਫ ਸੈਨਿਕ ਸਹਾਇਤਾ ਹੀ ਦਿੱਤੀ ਸਗੋਂ ਦੂਰਦਰਸ਼ੀ ਸੋਚ ਦਾ ਸਬੂਤ ਦਿੰਦੀਆਂ ਨੇਕ ਸਲਾਹਾਂ ਦੇ ਕੇ ਮਹਾਰਾਜੇ ਦੇ ਦਿੱਲ ਵਿੱਚ ਆਪਣਾ ਸਨਮਾਨਿਤ ਸਥਾਨ ਵੀ ਬਣਾਇਆ। ਅੰਮ੍ਰਿਤਸਰ, ਕਸੂਰ, ਮਾਲਵਾ, ਕਾਂਗੜਾ, ਹੈਦਰੂ, ਮੁਲਤਾਨ, ਕਸ਼ਮੀਰ ਅਤੇ ਮਾਨਕੇਰਾ ਆਦਿ ਅਨੇਕਾਂ ਅਜਿਹੀਆਂ ਜਿੱਤਾਂ ਸਨ, ਜਿਨ੍ਹਾਂ ਵਿਚ ਫ਼ਤਿਹ ਸਿੰਘ ਆਹਲੂਵਾਲੀਆ ਦਾ ਯੋਗਦਾਨ ਅਹਿਮ ਸੀ। ਸ਼ੇਰ-ਏ-ਪੰਜਾਬ ਦੀ ਰਹਿਨੁਮਾਈ ਵਿੱਚ 1808 ਤੱਕ ਸਿੱਖ ਰਾਜ ਦੀ ਚੜ੍ਹਤ ਸਿਖਰਾਂ ’ਤੇ ਸੀ। ਅੰਗਰੇਜ਼ ਹਕੂਮਤ ਨੇ ਇਸ ਸਾਰੀ ਸਥਿਤੀ ਨੂੰ ਸਾਹਮਣੇ ਰੱਖਦਿਆਂ ਮਹਾਰਾਜਾ ਰਣਜੀਤ ਸਿੰਘ ਨਾਲ ਇਕ ਸੰਧੀ ਸਿਰੇ ਚਾੜ੍ਹਨ ਦੀ ਜ਼ਿੰਮੇਵਾਰੀ ਅੰਗਰੇਜ਼ ਅਹਿਲਕਾਰ ਮਿਸਟਰ ਮੈਟਕਾਫ਼ ਦੀ ਲਾਈ। ਮੈਟਕਾਫ਼ ਨਾਲ ਮਿਲਣ ਅਤੇ ਗੱਲਬਾਤ ਕਰਨ ਲਈ ਮਹਾਰਾਜੇ ਨੇ ਫਕੀਰ ਅਜ਼ੀਜੁੱਦੀਨ ਅਤੇ ਫਤਹਿ ਸਿੰਘ ਦੀ ਡਿਊਟੀ ਲਾਈ। ਦੋਹਾਂ ਦੀ ਦੂਰਦਰਸ਼ੀ ਸੋਚ ਅਤੇ ਅਣਥੱਕ ਕੋਸ਼ਿਸ਼ਾਂ ਸਦਕਾ ਇਹ ਸੰਧੀ 25 ਅਪਰੈਲ, 1809 ਨੂੰ ਬਾ-ਵਕਾਰ ਤਰੀਕੇ ਨਾਲ ਸਿਰੇ ਚੜ੍ਹ ਗਈ।

ਮਿਸਟਰ ਮੈਟਕਾਫ, ਫ਼ਤਹਿ ਸਿੰਘ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਹਿੰਦੋਸਤਾਨ ਦੇ ਅੰਗਰੇਜ਼ ਗਵਰਨਰ ਜਨਰਲ ਨੂੰ ਲਿਖੀ ਇੱਕ ਚਿੱਠੀ ਵਿੱਚ ਇਸ ਸਿੱਖ ਸਰਦਾਰ ਦੀਆਂ ਸਿਫਤਾਂ ਦੇ ਪੁਲ ਬੰਨ੍ਹਦਿਆਂ ਲਿਖਿਆ, ‘‘ਫਤਹਿ ਸਿੰਘ ਆਹਲੂਵਾਲੀਆ ਦੇ ਸਹਿਯੋਗ ਨਾਲ ਰਣਜੀਤ ਸਿੰਘ ਨੂੰ ਖ਼ਾਲਸਾ ਰਾਜ ਉਸਾਰਨ ਵਿਚ ਬਹੁਤ ਸਹਾਇਤਾ ਮਿਲੀ ਹੈ। ਮੁਰਾਤਬੇ ਅਤੇ ਸ਼ਖਸੀਅਤ ਦੇ ਲਿਹਾਜ਼ ਨਾਲ ਫਤਹਿ ਸਿੰਘ ਕਿਸੇ ਤਰ੍ਹਾਂ ਵੀ ਰਣਜੀਤ ਸਿੰਘ ਤੋਂ ਊਣਾ ਨਹੀਂ ਪਰ ਆਪਣੇ ਸਾਊ ਸੁਭਾਅ ਕਰਕੇ ਉਹ ਰਣਜੀਤ ਸਿੰਘ ਨਾਲ ਬਰਾਬਰੀ ਨਹੀਂ ਕਰਦਾ।’’ ਮੈਟਕਾਫ ਆਪਣੀ ਇਸ ਚਿੱਠੀ ਵਿਚ ਅੱਗੇ ਲਿੱਖਦਾ ਹੈ, ‘‘ਫਤਹਿ ਸਿੰਘ ਆਪਣੀ ਵੱਡੀ ਰਿਆਸਤ, ਸੈਨਿਕ ਸ਼ਕਤੀ ਅਤੇ ਉੱਚ ਮੁਰਾਤਬੇ ਦਾ ਮਾਲਕ ਹੋਣ ਕਾਰਨ ਰਣਜੀਤ ਸਿੰਘ ਦੇ ਸਾਰੇ ਸਿੱਖ ਸਰਦਾਰਾਂ ’ਚੋਂ ਅਹਿਮ ਹੈ।’’

1810 ਦੀ ਬਸੰਤ ਰੁੱਤੇ ਰਣਜੀਤ ਸਿੰਘ ਨੇ ਮੁਲਤਾਨ ਦੇ ਗੜ੍ਹ ਨੂੰ ਫ਼ਤਹਿ ਕਰਨ ਲਈ ਖ਼ਾਲਸਾ ਫੌਜ ਦੀ ਆਪ ਅਗਵਾਈ ਕਰਨ ਦਾ ਫੈਸਲਾ ਕੀਤਾ ਤਾਂ ਖ਼ਾਲਸਾ ਰਾਜ ਦੇ ਸਾਰੇ ਪ੍ਰਬੰਧ ਦੀ ਜ਼ਿੰਮੇਵਾਰੀ ਫ਼ਤਹਿ ਸਿੰਘ ਨੂੰ ਸੌਂਪੀ ਗਈ। 1818-1819 ਵਿਚ ਜਦੋਂ ਕਸ਼ਮੀਰ ਦੀ ਮੁਹਿੰਮ ਸਰ ਕਰਨ ਵਿਚ ਵੀ ਔਕੜਾਂ ਦਾ ਸਾਹਮਣਾ ਕਰਨਾ ਪਿਆ ਤਾਂ ਮਹਾਂਰਾਜੇ ਨੂੰ ਇਸ ਮੁਹਿੰਮ ਦੀ ਕਮਾਂਡ ਆਪਣੇ ਹੱਥ ਲੈਣੀ ਪਈ। ਲਾਹੌਰ ਤੋਂ ਆਪਣੀ ਲੰਬੀ ਗੈਰ-ਹਾਜ਼ਰੀ ਦੇ ਇਸ ਸਮੇਂ ਵੀ ਰਣਜੀਤ ਸਿੰਘ ਨੇ ਫ਼ਤਹਿ ਸਿੰਘ ਦੀ ਯੋਗਤਾ ਅਤੇ ਵਿਸ਼ਵਾਸ ਪਾਤਰਤਾ ਨੂੰ ਸਾਹਮਣੇ ਰੱਖ ਕੇ ਰਾਜ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਉਸ ਨੂੰ ਸੌਂਪੀ।

ਫ਼ਤਹਿ ਸਿੰਘ ਨੇ ਸਿੱਖ ਰਾਜ ਦੀ ਕਾਇਮੀ ਲਈ ਹੀ ਜੀਅ ਜਾਨ ਨਾਲ ਕੋਸ਼ਿਸ਼ਾਂ ਕੀਤੀਆਂ ਅਤੇ ਆਪਣੀ ਰਿਆਸਤ ਕਪੂਰਥਲਾ ਦੇ ਮਾਣ ਵਿਚ ਵੀ ਵੱਡਾ ਵਾਧਾ ਕੀਤਾ। 1801 ਨੂੰ ਜਦੋਂ ਇਸ ਨੇ ਰਿਆਸਤ ਦੀ ਵਾਗਡੋਰ ਸੰਭਾਲੀ ਸੀ ਤਾਂ ਇਸ ਦੀ ਸਲਾਨਾ ਆਮਦਨ ਲਗਪਗ ਡੇਢ ਲੱਖ ਰੁਪਏ ਸੀ ਪਰ ਜਦੋਂ ਇਹ 1836 ਨੂੰ ਉਹ ਫੌਤ ਹੋਇਆ ਤਾਂ ਰਿਆਸਤ ਦੀ ਸਲਾਨਾ ਆਮਦਨ ਸੋਲਾਂ ਲੱਖ ਰੁਪਏ ਦੇ ਲਗਪਗ ਸੀ। ਸਿੱਖ ਰਾਜ ਦੀ ਉਸਾਰੀ ਵਿਚ ਰਾਜਾ ਫ਼ਤਹਿ ਸਿੰਘ ਆਹਲੂਵਾਲੀਆ ਦਾ ਯੋਗਦਾਨ ਬਿਨਾਂ ਸ਼ੱਕ ਭਰਵਾਂ ਅਤੇ ਫੈਸਲਾਕੁਨ ਸੀ।

ਸੰਪਰਕ: 98774-43102 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All