ਲੈਕਚਰਾਰ ਲਲਿਤ ਗੁਪਤਾ
ਅੱਜ ਦਾ ਯੁੱਗ ਮਾਡਰਨ ਯੁੱਗ ਹੈ। ਹਰ ਇਨਸਾਨ ਆਪਣੀ ਜੀਵਨ ਸ਼ੈਲੀ ਵਿਚ ਤਬਦੀਲੀ ਚਾਹੁੰਦਾ ਹੈ। ਜੇਕਰ ਆਧੁਨਿਕ ਪੀੜ੍ਹੀ ਦੀ ਗੱਲ ਕਰੀਏ ਤਾਂ ਅੱਜ ਹਰ ਨੌਜਵਾਨ ਅਤੇ ਮੁਟਿਆਰ ਆਪਣੇ ਆਪ ਨੂੰ ਨਿਖਾਰਨਾ ਚਾਹੁੰਦਾ ਹੈ। ਅੱਜ ਦੀ ਪੀੜ੍ਹੀ ਹਰ ਤਰ੍ਹਾਂ ਦੇ ਰੂਪ ਅਪਣਾ ਰਹੀ ਹੈ। ਇਸ ਪੀੜ੍ਹੀ ਲਈ ਨਵੇਂ ਫੈਸ਼ਨ ਅਤੇ ਨਵੇਂ ਸ਼ੌਕ ਅਪਨਾਉਣਾ ਸਭ ਤੋਂ ਜ਼ਰੂਰੀ ਹੋ ਗਿਆ ਹੈ। ਕੋਈ ਵੀ ਬੰਦਾ ਕਿਸੇ ਤੋਂ ਪਿੱਛੇ ਨਹੀਂ ਰਹਿਣਾ ਚਾਹੁੰਦਾ।
ਅੱਜ ਦੀ ਪੀੜ੍ਹੀ ਸਾਦਾ ਜੀਵਨ ਜਿਊਣਾ ਭੁੱਲ ਗਈ ਹੈ। ਹਰ ਬੰਦਾ ਨਵੀਨਤਮ ਪਹਿਨਣਾ ਚਾਹੁੰਦਾ ਹੈ, ਨਵੀਨਤਮ ਬ੍ਰਾਂਡ ਖਰੀਦਣਾ ਚਾਹੁੰਦਾ ਹੈ; ਭਾਵੇਂ ਉਹ ਅਮੀਰ ਹੋਵੇ ਜਾਂ ਦਰਮਿਆਨਾ, ਹਰ ਕੋਈ ਦਿਖਾਵੇ ਅਤੇ ਝੂਠੀ ਸ਼ਾਨ ਦਾ ਹਿੱਸਾ ਬਣ ਗਿਆ ਹੈ। ਅੱਜ ਬਹੁਤ ਸਾਰੇ ਅਜਿਹੇ ਨੌਜਵਾਨ ਅਤੇ ਮੁਟਿਆਰਾਂ ਹਨ ਜਿਨ੍ਹਾਂ ਲਈ ਫੈਸ਼ਨ ਅਤੇ ਵਧੀਆ ਤੋਂ ਵਧੀਆ ਚੀਜ਼ਾਂ ‘ਤੇ ਖਰਚ ਕਰਨਾ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਲਈ ਪੈਸੇ ਦੀ ਕੀਮਤ ਪਾਣੀ ਵਾਂਗ ਹੋ ਗਈ ਹੈ। ਕੀ ਫੈਸ਼ਨ ਇੰਨਾ ਮਹੱਤਵਪੂਰਨ ਹੋ ਗਿਆ ਹੈ? ਕੀ ਕੋਈ ਬੰਦਾ ਸਾਦਾ ਜੀਵਨ ਨਹੀਂ
ਜੀਅ ਸਕਦਾ? ਕੀ ਬੇਲੋੜੇ ਖਰਚਿਆਂ ਅਤੇ ਦਿਖਾਵੇ ਨੂੰ ਰੋਕਣਾ ਜ਼ਰੂਰੀ ਨਹੀਂ ਹੈ?
ਅੱਜ ਹਰ ਬੰਦਾ ਦੂਜੇ ਦੀ ਬਰਾਬਰੀ ਕਰ ਰਿਹਾ ਹੈ। ਇਸ ਜੀਵਨ ਸ਼ੈਲੀ ਨੇ ਬੰਦੇ ਨੂੰ ਇੰਨਾ ਪ੍ਰਭਾਵਿਤ ਕੀਤਾ ਹੈ ਕਿ ਇਸ ਦਾ ਅਸਰ ਉਸ ਦੀ ਮਾਨਸਿਕ ਸਥਿਤੀ ‘ਤੇ ਵੀ ਪੈਣ ਲੱਗਾ ਹੈ। ਅੱਜ ਕਲ੍ਹ ਫੈਸ਼ਨ ਵੀ ਵੱਖਰਾ ਹੋ ਗਿਆ ਹੈ। ਨੌਜਵਾਨ ਪੀੜ੍ਹੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਹਰ ਪਾਸੇ ਵੱਖਰਾ ਫੈਸ਼ਨ ਹੈ। ਜੇਕਰ ਉਹ ਦੋਸਤਾਂ ਵਿਚ ਰਹਿੰਦੇ ਹਨ ਤਾਂ ਉਹ ਹਰ ਪੱਖੋਂ ਆਪਣੇ ਦੋਸਤ ਨਾਲੋਂ ਵਧੀਆ ਪਹਿਨਣਾ ਚਾਹੁੰਦੇ ਹਨ। ਆਪਣੇ ਦੋਸਤ ਨਾਲੋਂ ਵੱਧ ਖਰਚਾ ਕਰ ਕੇ ਦਿਖਾਉਂਦੇ ਹਨ। ਆਪਣੇ ਦੋਸਤ ਨਾਲੋਂ ਵਧੀਆ ਮੋਬਾਈਲ ਲੈਣਾ ਚਾਹੁੰਦਾ ਹੈ। ਹਰ ਕੋਈ ਵੱਡੀ ਥਾਂ ਜਾਂ ਹੋਟਲ ਵਿਚ ਖਾਣਾ ਚਾਹੁੰਦਾ ਹੈ। ਅੱਜ ਦੀ ਜੀਵਨ ਸ਼ੈਲੀ ਨਕਲੀ ਹੋ ਗਈ ਹੈ। ਅਸਲ ਜੀਵਨ ਮਨੁੱਖ ਨੇ ਆਪ ਹੀ ਖਤਮ ਕਰ ਲਿਆ ਹੈ।
ਜੇਕਰ ਪੁਰਾਣੇ ਸਮਿਆਂ ਦੀ ਗੱਲ ਕਰੀਏ ਤਾਂ ਜੀਵਨ ਸ਼ੈਲੀ ਬਹੁਤ ਵਧੀਆ ਸੀ। ਪਹਿਲਾਂ ਨੌਜਵਾਨ ਪੀੜ੍ਹੀ ਦਿੱਖ ਵਿਚ ਨਹੀਂ ਰਹਿੰਦੀ ਸੀ। ਪਹਿਲਾਂ ਵੀ ਲੋਕ ਬਾਹਰ ਖਾਣ ਲਈ ਜਾਂਦੇ ਸਨ, ਪਹਿਲਾਂ ਵੀ ਲੋਕ ਘੜੀਆਂ ਪਹਿਨਦੇ ਸਨ, ਅੱਜ ਮਹਿੰਗੀਆਂ ਘੜੀਆਂ ਵੀ ਪੁਰਾਣੇ ਸਮੇਂ ਦੀਆਂ ਘੜੀਆਂ ਵਾਂਗ ਹੀ ਸਮਾਂ ਦਿਖਾਉਂਦੀਆਂ ਹਨ।
ਪਹਿਲਾਂ ਵੀ ਲੋਕ ਮਨੋਰੰਜਨ ਲਈ ਬਾਹਰ ਨਿਕਲਦੇ ਸਨ ਅਤੇ ਮਨ ਦੀ ਸ਼ਾਂਤੀ ਲਈ ਬਗੀਚਿਆਂ ਵਿਚ ਜਾਂਦੇ ਸਨ; ਅੱਜ ਉਨ੍ਹਾਂ ਦੀ ਜਗ੍ਹਾ ਪਾਰਕਾਂ ਨੇ ਲੈ ਲਈ ਹੈ। ਪਹਿਲਾਂ ਵੀ ਲੋਕ ਝਰਨੇ ਅਤੇ ਨਹਿਰਾਂ ਦਾ ਆਨੰਦ ਮਾਣਦੇ ਸਨ, ਅੱਜ ਉਨ੍ਹਾਂ ਦੀ ਜਗ੍ਹਾ ਵਾਟਰ ਪਾਰਕਾਂ ਨੇ ਲੈ ਲਈ ਹੈ। ਪਹਿਲਾਂ ਵੀ ਲੋਕ ਚੰਗੇ ਕੱਪੜੇ ਪਹਿਨਦੇ ਸਨ ਅਤੇ ਲੰਮੇ ਸਮੇਂ ਤੱਕ ਉਨ੍ਹਾਂ ਕੱਪੜਿਆਂ ਦੀ ਵਰਤੋਂ ਕਰਦੇ ਸਨ; ਅੱਜ ਉਨ੍ਹਾਂ ਦੀ ਜਗ੍ਹਾ ਸ਼ਾਪਿੰਗ ਮਾਲ ਦੇ ਬ੍ਰਾਂਡਿਡ ਕੱਪੜਿਆਂ ਨੇ ਲੈ ਲਈ ਹੈ। ਅੱਜ ਦੋ-ਤਿੰਨ ਵਾਰ ਪਹਿਨੇ ਹੋਏ ਕੱਪੜੇ ਪੁਰਾਣੇ ਹੋ ਜਾਂਦੇ ਹਨ। ਕਹਿਣ ਦਾ ਭਾਵ ਇਹ ਕਿ ਅੱਜ ਦੀ ਪੀੜ੍ਹੀ ਮਹਿੰਗੇ ਕੱਪੜਿਆਂ ਨੂੰ ਆਪਣਾ ਸਵੈਮਾਣ ਸਮਝਦੀ ਹੈ। ਉਨ੍ਹਾਂ ਨੂੰ ਸਮਝਣਾ ਪਵੇਗਾ ਕਿ ਬੰਦੇ ਦੀ ਪਛਾਣ ਕੱਪੜਿਆਂ ਤੋਂ ਨਹੀਂ ਸਗੋਂ ਉਸ ਦੇ ਕਿਰਦਾਰ ਤੋਂ ਹੁੰਦੀ ਹੈ। ਅੱਜ ਦੀ ਜੀਵਨ ਸ਼ੈਲੀ ਨੂੰ ਪੁਰਾਣੀ ਜੀਵਨ ਸ਼ੈਲੀ ਨਾਲ ਜੋੜਨ ਦਾ ਮਤਲਬ ਇਹ ਵੀ ਹੈ ਕਿ ਜਿਸ ਨਵੇਂ ਢੰਗ ਨਾਲ ਅੱਜ ਬੰਦਾ ਜੀਅ ਰਿਹਾ ਹੈ, ਉਹੀ ਜੀਵਨ ਸ਼ੈਲੀ ਪਹਿਲੇ ਸਮਿਆਂ ਵਿਚ ਸੀ। ਫਰਕ ਸਿਰਫ ਇੰਨਾ ਹੈ ਕਿ ਅੱਜ ਦੀ ਪੀੜ੍ਹੀ ਦਾ ਰਹਿਣ-ਸਹਿਣ ਦਾ ਤਰੀਕਾ ਬਦਲ ਗਿਆ ਹੈ। ਪਹਿਲਾਂ ਮਨੁੱਖ ਆਪਣੇ ਅਤੇ ਪਰਿਵਾਰ ਲਈ ਜਿਊਂਦਾ ਸੀ ਪਰ ਅੱਜ ਦੀ ਪੀੜ੍ਹੀ ਦੂਜਿਆਂ ਨੂੰ ਦਿਖਾਉਣ ਲਈ ਜਿਊਂਦੀ ਹੈ।
ਅੱਜ ਦੇ ਸਮੇਂ ਵਿਚ ਮਨੁੱਖ ਦੇ ਖਾਣ-ਪੀਣ ਵਿਚ ਬਹੁਤ ਤਬਦੀਲੀ ਆ ਗਈ ਹੈ। ਸਾਦਾ ਖਾਣਾ ਅੱਜ ਦੀ ਪੀੜ੍ਹੀ ਦੇ ਸੁਭਾਅ ਵਿਚ ਨਹੀਂ ਰਿਹਾ। ਘਰ ਨਾਲੋਂ ਬਾਹਰ ਦਾ ਖਾਣਾ ਖਾਣ ਦੀ ਤਰਜੀਹ ਵਧ ਗਈ ਹੈ। ਜਿ਼ਆਦਾਤਰ ਲੋਕ ਬਾਹਰ ਦਾ ਜੰਕ ਫੂਡ ਖਾਣ ਲੱਗ ਪਏ ਹਨ। ਜੰਕ ਫੂਡ ਸ਼ਬਦ ਹੀ ਇਸ ਭੋਜਨ ਬਾਰੇ ਬਹੁਤ ਕੁਝ ਦੱਸਦਾ ਹੈ। ਇਹ ਦੱਸਦਾ ਹੈ ਕਿ ਇਹ ਸਾਡੀ ਸਿਹਤ ਲਈ ਕਿੰਨਾ ਹਾਨੀਕਾਰਕ ਹੈ। ਇਸ ਤੋਂ ਇਲਾਵਾ ਜੰਕ ਫੂਡ ਮੂਲ ਰੂਪ ਵਿਚ ਮਾੜੇ ਹੁੰਦੇ ਹਨ ਜੋ ਸਾਡੇ ਸਰੀਰ ਨੂੰ ਵੱਖ-ਵੱਖ ਤਰੀਕਿਆਂ ਨਾਲ ਨੁਕਸਾਨ ਪਹੁੰਚਾਉਂਦੇ ਹਨ।
ਇਨਸਾਨ ਜਾਣਦਾ ਹੈ ਕਿ ਘਰ ਦਾ ਖਾਣਾ ਅਤੇ ਦੇਸੀ ਭੋਜਨ ਜਿੰਨਾ ਸਿਹਤ ਲਈ ਕੋਈ ਵੀ ਭੋਜਨ ਲਾਭਦਾਇਕ ਨਹੀਂ ਹੈ। ਪੁਰਾਣੇ ਜ਼ਮਾਨੇ ਦੀ ਗੱਲ ਕਰੀਏ ਤਾਂ ਉਸ ਸਮੇਂ ਵੀ ਲੋਕ ਵੱਖ ਵੱਖ ਤਰ੍ਹਾਂ ਦੇ ਪਕਵਾਨ ਬਣਾਉਂਦੇ ਸੀ ਜੋ ਸੁਆਦਲੇ ਅਤੇ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਅੱਜ ਜਿ਼ਆਦਾਤਰ ਲੋਕ ਬਿਮਾਰੀਆਂ ਤੋਂ ਪੀੜਤ ਹਨ ਜਿਸ ਦਾ ਸਭ ਤੋਂ ਵੱਡਾ ਕਾਰਨ ਸਾਡਾ ਖਾਣ-ਪੀਣ ਹੈ। ਜਿ਼ਆਦਾਤਰ ਲੋਕ ਸਿਹਤਮੰਦ ਭੋਜਨ ਖਾਣਾ ਭੁੱਲ ਗਏ ਹਨ। ਮਨੁੱਖ ਨੂੰ ਇਹ ਸਮਝਣ ਦੀ ਲੋੜ ਹੈ ਕਿ ਹਰ ਚੀਜ਼ ਦੀ ਸੀਮਾ ਹੁੰਦੀ ਹੈ, ਜੇਕਰ ਤੁਸੀਂ ਬੇਲੋੜਾ ਖਾਣ-ਪੀਣ ਅਪਨਾਓਗੇ ਤਾਂ ਇਹ ਸਿਹਤ ਲਈ ਹਾਨੀਕਾਰਕ ਹੋਵੇਗਾ।
ਅੱਜ ਫੈਸ਼ਨ ਦਾ ਸਭ ਤੋਂ ਵੱਧ ਪ੍ਰਭਾਵ ਨੌਜਵਾਨ ਪੀੜ੍ਹੀ ‘ਤੇ ਪੈ ਰਿਹਾ ਹੈ। ਮਨੁੱਖੀ ਸੁਭਾਅ ਹੈ ਕਿ ਉਹ ਨਵੀਆਂ ਅਤੇ ਸੁੰਦਰ ਚੀਜ਼ਾਂ ਅਪਨਾਉਣਾ ਚਾਹੁੰਦਾ ਹੈ। ਅਸਲ ਵਿਚ, ਅੱਜ ਨੌਜਵਾਨ ਲੜਕੇ-ਲੜਕੀਆਂ ਆਪਣੇ ਤਰੀਕੇ ਨਾਲ ਜਿਊਣਾ ਚਾਹੁੰਦੇ ਹਨ। ਕਾਲਜ ਜਾਣ ਵਾਲ਼ੇ ਜਿ਼ਆਦਾਤਰ ਨੌਜਵਾਨਾਂ ਲਈ ਇਹ ਸੁਭਾਵਿਕ ਹੈ ਕਿ ਨਵਾਂ ਮਾਹੌਲ ਅਤੇ ਆਜ਼ਾਦੀ ਨੌਜਵਾਨਾਂ ਨੂੰ ਆਪਣੇ ਵੱਲ ਆਕਰਸਿ਼ਤ ਕਰਦਾ ਹੈ। ਵਿਦਿਆਰਥੀ ਕਿਤਾਬਾਂ ਖਰੀਦਣ ਦੀ ਬਜਾਇ ਨਵੀਨਤਮ ਕਿਸਮ ਦੀਆਂ ਫੇਸ਼ਨ ਵਾਲੀਆਂ ਚੀਜ਼ਾਂ ਪ੍ਰਾਪਤ ਕਰਨ ਵਿਚ ਆਪਣਾ ਕੀਮਤੀ ਸਮਾਂ ਤੇ ਪੈਸਾ ਬਰਬਾਦ ਕਰਦੇ ਹਨ। ਉਹ ਫੈਸ਼ਨ ਅਤੇ ਪਾਠਕ੍ਰਮ ਤੋਂ ਬਾਹਰ ਦੀਆਂ ਗਤੀਵਿਧੀਆਂ ਕਰ ਕੇ ਆਪਣੇ ਅਧਿਐਨ ਨੂੰ ਨਜ਼ਰਅੰਦਾਜ਼ ਕਰਦੇ ਹਨ। ਫੈਸ਼ਨ ਕਾਰਨ ਸਮਾਜ ਉੱਚ ਵਰਗ, ਮੱਧ ਵਰਗ ਅਤੇ ਹੇਠਲੇ ਵਰਗ ਵਿਚ ਵੰਡਿਆ ਗਿਆ ਹੈ। ਕਈ ਮਾਪੇ ਆਪਣੇ ਬੱਚਿਆਂ ਦੀਆਂ ਨਵੀਆ ਫੇਸ਼ਨ ਵਾਲੀਆਂ ਚੀਜ਼ਾਂ ਦਾ ਖਰਚਾ ਨਹੀਂ ਝੱਲ ਸਕਦੇ ਪਰ ਉਨ੍ਹਾਂ ਦੇ ਬੱਚੇ ਦੂਜਿਆਂ ਨੂੰ ਦੇਖ ਕੇ ਉਨ੍ਹਾਂ ਨੂੰ ਨਵੀਆਂ ਨਵੀਆਂ ਅਤੇ
ਮਹਿੰਗੀਆਂ ਚੀਜ਼ਾਂ ਲੈ ਕੇ ਦੇਣ ਲਈ ਤੰਗ ਕਰਦੇ ਰਹਿੰਦੇ ਹਨ। ਅੱਜ ਨੌਜਵਾਨ ਪੀੜ੍ਹੀ ਨੂੰ ਇਹ ਸਮਝਣ ਦੀ ਲੋੜ ਹੈ ਕਿ ਉਨ੍ਹਾਂ ਨੂੰ ਫੈਸ਼ਨ ਅਤੇ ਦਿਖਾਵੇ ਦੀ ਜਿ਼ੰਦਗੀ ਤੋਂ
ਉਪਰ ਉੱਠ ਕੇ ਸਕੂਨ ਅਤੇ ਸੰਤੁਸ਼ਟੀ ਵਾਲੀ ਜਿ਼ੰਦਗੀ ਅਪਨਾਉਣੀ ਚਾਹੀਦੀ ਹੈ।
ਸੰਪਰਕ: 97815-90500