ਮੁਗ਼ਲ ਸਲਤਨਤ ਅਤੇ ਉੱਤਰੀ ਭਾਰਤ ਦੇ ਕਿਸਾਨ

ਸ਼ੋਸ਼ਣਕਾਰੀ ਅਜਾਰਾ ਲਗਾਨ ਵਸੂਲੀ ਪ੍ਰਥਾ ਤੋਂ ਭੜਕੇ ਸਨ ਕਿਸਾਨ

ਮੁਗ਼ਲ ਸਲਤਨਤ ਅਤੇ ਉੱਤਰੀ ਭਾਰਤ ਦੇ ਕਿਸਾਨ

ਕਿਸਾਨ ਆਗੂ ਰਾਜਾਰਾਮ ਜਾਟ।

ਸੂਰਜਭਾਨ ਭਾਰਦਵਾਜ

ਹੱਕਾਂ ਦੀ ਲੜਾਈ

ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ 90 ਸਾਲਾ ਕਿਸਾਨ ਦੀ ਗੋਦੀ ਮੀਡੀਆ ਦੇ ਪੱਤਰਕਾਰ ਨਾਲ ਗੱਲ ਕਰਦਿਆਂ ਅੱਖ ਭਰ ਆਈ, ਪਰ ਫਿਰ ਉਸ ਨੇ ਇਕਦਮ ਸੰਭਲਦਿਆਂ ਗੜ੍ਹਕਵੀਂ ਆਵਾਜ਼ ਵਿਚ ਕਿਹਾ ਕਿ ਉਹ ਸਾਨੂੰ ਮਿਟਾਉਣਾ ਚਾਹੁੰਦੇ ਹਨ, ਪਰ ਅਸੀਂ ਮੁੱਕ ਨਹੀਂ ਸਕਦੇ। ਨਾਲ ਬੈਠਿਆ ਹੁੱਕਾ ਪੀਂਦਾ ਦੂਜਾ ਕਿਸਾਨ ਬੋਲਿਆ, ‘‘ਸਾਨੂੰ ਤਾਂ ਮੁਗ਼ਲ ਤੇ ਅੰਗਰੇਜ਼ ਵੀ ਖ਼ਤਮ ਨਹੀਂ ਕਰ ਸਕੇ, ਹੁਣ ਕਿਵੇਂ ਖ਼ਤਮ ਹੋ ਜਾਵਾਂਗੇ? ਅਸੀਂ ਇਕੱਲੇ ਨਹੀਂ, ਪੰਜਾਬ ਦੇ ਭਾਈ ਸਾਡੇ ਨਾਲ ਹਨ। ਅਸੀਂ ਤਾਂ ਮੋਦੀ ਦੇ ਸ਼ੁਕਰਗੁਜ਼ਾਰ ਹਾਂ ਜਿਸ ਨੇ ਸਾਨੂੰ ਆਪਣੇ ਭਰਾਵਾਂ (ਪੰਜਾਬ ਵਾਲਿਆਂ) ਨਾਲ ਮਿਲਾ ਦਿੱਤਾ। ਹੁਣ ਸਾਡਾ ਭਾਈਚਾਰਾ ਇੰਨਾ ਵਧ ਗਿਆ ਕਿ ਸਾਨੂੰ ਕੋਈ ਹਿਲਾ ਨਹੀਂ ਸਕਦਾ।’’

ਫਿਰ ਗੋਦੀ ਮੀਡੀਆ ਦੀ ਪੱਤਰਕਾਰ ਕੁਝ ਔਰਤਾਂ ਕੋਲ ਪੁੱਜੀ ਜੋ ਨੇੜੇ ਹੀ ਪਾਥੀਆਂ ਪੱਥ ਰਹੀਆਂ ਸਨ। ਉਸ ਨੇ ਇਕ ਔਰਤ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੂੰ ਦਿੱਲੀ ਵਿਚ ਕਿਸਾਨਾਂ ਦੇ ਚੱਲ ਰਹੇ ਝਗੜੇ ਬਾਰੇ ਪਤਾ ਹੈ? ਤਾਂ ਨਾਲ ਵਾਲੀ ਔਰਤ ਆਪਣਾ ਘੁੰਡ ਚੁੱਕਦਿਆਂ ਬੋਲੀ: ਮਾਲੂਮ ਸੈ, ਘਰ ਤੈ ਰੋਜ ਦੂਧ ਜਾਸੈ ਔਰ ਖੇਤ ਤੈ ਮੂਲ਼ੀ ਔਰ ਪਾਲਕ ਪਾੜ ਕੇ ਭੇਜਿਯਾਂ ਸੈ (ਪਤਾ ਹੈ, ਰੋਜ਼ਾਨਾ ਘਰੋਂ ਦੁੱਧ ਜਾਂਦੈ, ਖੇਤਾਂ ਤੋਂ ਮੂਲੀਆਂ ਤੇ ਪਾਲਕ ਪੁੱਟ ਕੇ ਭੇਜ ਰਹੇ ਹਾਂ।) ਪੱਤਰਕਾਰ ਬੀਬੀ ਹੈਰਾਨ ਸੀ ਕਿ ਕਿਸ ਤਰ੍ਹਾਂ ਪਿੰਡਾਂ ਦੇ ਬੱਚੇ, ਬੁੱਢੇ ਹੀ ਨਹੀਂ ਔਰਤਾਂ ਵੀ ਕਿਸਾਨ ਅੰਦੋਲਨ ਨਾਲ ਜੁੜੀਆਂ ਹੋਈਆਂ ਹਨ। ਇਹ ਗੱਲ ਸਹੀ ਹੈ ਕਿ ਕਿਸਾਨ ਅੰਦੋਲਨ ਅੱਜ ਹਰੇਕ ਘਰ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਕਿ ਮੋਦੀ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਪਿੱਛੇ ਪਈ ਹੋਈ ਹੈ। ਇਸ ਲਈ ਖੱਟਰ ਸਰਕਾਰ ਦੇ ਮੰਤਰੀਆਂ ਤੋਂ ਲੈ ਕੇ ਗੋਦੀ ਮੀਡੀਆ ਦੀਆਂ ਜ਼ੋਰਦਾਰ ਕੋਸ਼ਿਸ਼ਾਂ ਦੇ ਬਾਵਜੂਦ ਪਿੰਡਾਂ ਵਾਲੇ ਲੋਕ ਖੇਤੀ ਕਾਨੂੰਨਾਂ ਦਾ ਸਖ਼ਤ ਵਿਰੋਧ ਕਰ ਰਹੇ ਹਨ। ਵਿਰੋਧ ਹੀ ਨਹੀਂ ਸਗੋਂ ਸਰਕਾਰ ਦਾ ਸਾਥ ਦੇਣ ਵਾਲੇ ਮੰਤਰੀਆਂ ਤੇ ਲੋਕਾਂ ਦਾ ਬਾਈਕਾਟ ਤੱਕ ਕੀਤਾ ਜਾ ਰਿਹਾ ਹੈ। ਫਤਿਆਬਾਦ ਜ਼ਿਲ੍ਹੇ ਦਾ ਜਿਹੜਾ ਕਿਸਾਨ ਪ੍ਰਧਾਨ ਮੰਤਰੀ ਨਾਲ ਵੀਡੀਓ ਕਾਨਫਰੰਸ ਵਿਚ ਸ਼ਾਮਲ ਹੋਇਆ, ਉਸ ਦਾ ਪਿੰਡ ਦੀ ਪੰਚਾਇਤ ਨੇ ਬਾਈਕਾਟ ਕੀਤਾ ਹੋਇਆ ਹੈ। ਸਰਕਾਰ ਨੂੰ ਪੂਰੀ ਜਾਣਕਾਰੀ ਹੈ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਲੋਕਾਂ ਵਿਚ ਕਿੰਨਾ ਰੋਹ ਹੈ। ਇਸੇ ਕਾਰਨ ਕਿਸਾਨ ਅੰਦੋਲਨ ਲਗਾਤਾਰ ਵਧ-ਫੁੱਲ ਰਿਹਾ ਹੈ।

ਮੈਨੂੰ ਇਸ ਅੰਦੋਲਨ ਤੋਂ ਮੁਗ਼ਲ ਕਾਲ ਦੇ ਆਖ਼ਰੀ ਦੌਰ ਵਿਚ ਹੋਈਆਂ ਕਿਸਾਨ ਬਗ਼ਾਵਤਾਂ ਦੀ ਯਾਦ ਆਉਂਦੀ ਹੈ, ਜਦੋਂ ਮੁਗ਼ਲ ਹਾਕਮ ਵਰਗ (ਮਨਸਬਦਾਰ) ਨੇ ਆਪਣੀਆਂ ਜਾਗੀਰਾਂ ਦਾ ਲਗਾਨ ਇਕੱਠਾ ਕਰਨ ਦਾ ਅਖ਼ਤਿਆਰ ਅਜਾਰੇਦਾਰਾਂ ਨੂੰ ਦਿੱਤਾ, ਭਾਵ ਮਨਸਬਦਾਰਾਂ ਨੇ ਆਪਣੀਆਂ ਜ਼ਮੀਨਾਂ ਦਾ ਲਗਾਨ ਇਕੱਤਰ ਕਰਨ ਦੀ ਜ਼ਿੰਮੇਵਾਰੀ ਠੇਕਾ ਪ੍ਰਬੰਧ ਤਹਿਤ ਸਥਾਨਕ ਤਾਕਤਵਰ ਜ਼ਿਮੀਦਾਰਾਂ ਤੇ ਸ਼ਾਹੂਕਾਰਾਂ ਨੂੰ ਦੇ ਦਿੱਤੀ ਸੀ, ਜਿਸ ਨਾਲ ਕਿਸਾਨਾਂ ਵਿਚ ਹਕੂਮਤ ਖ਼ਿਲਾਫ਼ ਜ਼ੋਰਦਾਰ ਰੋਹ ਭੜਕ ਪਿਆ ਅਤੇ ਉੱਤਰੀ ਭਾਰਤ ਦੇ ਵੱਡੇ ਹਿੱਸੇ ਵਿਚ ਫੈਲ ਗਿਆ ਕਿਉਂਕਿ ਇਹ ‘ਰਾਜਧਰਮ’ ਤੇ ‘ਪ੍ਰਜਾਧਰਮ’ ਦਾ ਉਲੰਘਣ ਸੀ। ਇਹ ਪਹਿਲਾਂ ਜਾਰੀ ਭੂ-ਮਾਲੀਆ ਪ੍ਰਣਾਲੀ ਦਾ ਉਲੰਘਣ ਸੀ। ਅਜਾਰਾ ਪ੍ਰਥਾ ਤਹਿਤ ਅਜਾਰੇਦਾਰਾਂ ਨੇ ਕਿਸਾਨਾਂ ਤੋਂ ਤੈਅ ਲਗਾਨ ਨਾਲੋਂ ਵੱਧ ਵਸੂਲੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਉਹ ਆਪਣੇ ਖ਼ਰਚੇ ਵੀ ਕਿਸਾਨਾਂ ਤੋਂ ਹੀ ਵਸੂਲਣੇ ਚਾਹੁੰਦੇ ਸਨ ਜਿਸ ਨਾਲ ਕਿਸਾਨਾਂ ਲਈ ਦੋ ਡੰਗ ਦੀ ਰੋਟੀ ਖਾਣੀ ਵੀ ਮੁਸ਼ਕਲ ਹੋ ਗਈ। ਅਜਾਰੇਦਾਰਾਂ ਦੇ ਇਸ ਸ਼ੋਸ਼ਣ ਖ਼ਿਲਾਫ਼ ਕਿਸਾਨਾਂ ਨੇ ਮੁਗ਼ਲ ਦਰਬਾਰ ਵਿਚ ਅਨੇਕਾਂ ਫਰਿਆਦਾਂ ਕੀਤੀਆਂ। ਉਨ੍ਹਾਂ ਦੀ ਮੰਗ ਸੀ ਕਿ ਅਜਾਰਾ ਪ੍ਰਥਾ ਬੰਦ ਕਰ ਕੇ ਕਰ ਵਸੂਲੀ ਲਈ ਪੁਰਾਣਾ ਦਸਤੂਰ ਬਹਾਲ ਕੀਤਾ ਜਾਵੇ। ਪਰ ਉਨ੍ਹਾਂ ਦੀਆਂ ਇਨ੍ਹਾਂ ਮੰਗਾਂ ਨੂੰ ਅਣਸੁਣੀਆਂ ਕਰ ਦਿੱਤਾ ਗਿਆ, ਕਿਉਂਕਿ ਹਾਕਮ ਵਰਗ ਲਈ ਅਜਾਰਾ ਪ੍ਰਥਾ ਕਰ ਵਸੂਲੀ ਦਾ ਸੌਖਾ ਤਰੀਕਾ ਸੀ ਜਿਸ ਨਾਲ ਉਹ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਂਦੇ ਸਨ।

ਪਰ ਮੁਗ਼ਲ ਹਾਕਮ ਵਰਗ ਇਸ ਹਕੀਕਤ ਨੂੰ ਨਹੀਂ ਸਮਝ ਸਕਿਆ ਕਿ ਅਜਾਰਾ ਪ੍ਰਥਾ ਦਰਅਸਲ ਬਹੁਤ ਤਾਕਤਵਰ ਤੇ ਮਜ਼ਬੂਤ ਮੁਗ਼ਲ ਸਾਮਰਾਜ ਦੀਆਂ ਜੜ੍ਹਾਂ ਵਿਚ ਬੈਠ ਰਹੀ ਸੀ। ਦੇਖਦੇ-ਦੇਖਦੇ ਹੀ ਪੂਰੇ ਉੱਤਰੀ ਭਾਰਤ ਵਿਚ ਅਜਾਰਾ ਪ੍ਰਥਾ ਖ਼ਿਲਾਫ਼ ਕਿਸਾਨਾਂ ਦਾ ਜ਼ੋਰਦਾਰ ਵਿਰੋਧ ਸ਼ੁਰੂ ਹੋ ਗਿਆ। ਕਈ ਥਾਈਂ ਕਿਸਾਨਾਂ ਤੇ ਮੁਗ਼ਲ ਹਾਕਮਾਂ ਦਰਮਿਆਨ ਹਿੰਸਕ ਝੜਪਾਂ ਹੋਈਆਂ ਤੇ ਇਹ ਸਾਰੀ ਮੁਹਿੰਮ ਬਗ਼ਾਵਤ ਦਾ ਰੂਪ ਧਾਰ ਗਈ। ਪੰਜਾਬ ਵਿਚ ਕਿਸਾਨਾਂ ਨੇ ਬਹੁਤ ਥਾਈਂ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਵਿਦਰੋਹ ਕਰ ਦਿੱਤਾ। ਮੁਗ਼ਲ ਦਰਬਾਰ ਦੇ ਵਕੀਲਾਂ (ਵਕੀਲ: ਜੋ ਰਾਜ ਪ੍ਰਬੰਧ ਦੇ ਹਾਲਾਤ ਦਰਜ ਕਰਦੇ ਸਨ) ਦੀਆਂ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਨਾਰਨੌਲ, ਸੋਨੀਪਤ, ਪਾਣੀਪਤ, ਰੋਪੜ, ਬਟਾਲਾ, ਲਾਹੌਰ, ਸਰਹਿੰਦ, ਸੰਗਰੂਰ ਅਤੇ ਦੋਆਬਾ ਖ਼ਿੱਤੇ ਵਿਚ ਕਿਸਾਨਾਂ ਨੇ ਜ਼ਬਰਦਸਤ ਬਗ਼ਾਵਤ ਕਰ ਦਿੱਤੀ। ਨਾਹਨ ਦੇ ਰਾਜੇ ਉੱਤੇ ਸ਼ੱਕ ਕੀਤਾ ਜਾ ਰਿਹਾ ਸੀ ਕਿ ਉਸ ਨੇ ਬਾਬਾ ਬੰਦਾ ਬਹਾਦਰ ਨੂੰ ਛੁਪਣ ਲਈ ਸ਼ਰਨ ਦਿੱਤੀ ਸੀ। ਪੱਛਮੀ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ, ਗੜ੍ਹ ਮੁਕਤੇਸ਼ਵਰ ਅਤੇ ਸਹਾਰਨਪੁਰ ਇਲਾਕਿਆਂ ਵਿਚ ਵੀ ਵਿਦਰੋਹ ਹੋਏ। ਪੂਰਬੀ ਰਾਜਸਥਾਨ ਤੇ ਦੱਖਣੀ ਹਰਿਆਣਾ ਦੇ ਕਈ ਇਲਾਕਿਆਂ ਵਿਚ ਵੀ ਜਾਟ ਕਿਸਾਨਾਂ ਨੇ ਮੁਗ਼ਲਾਂ ਦੀ ਲੋਟੂ ਖੇਤੀ ਨੀਤੀ ਖ਼ਿਲਾਫ਼ ਬਗ਼ਾਵਤ ਦਾ ਝੰਡਾ ਬੁਲੰਦ ਕੀਤਾ। ਇਨ੍ਹਾਂ ਬਗ਼ਾਵਤਾਂ ਦੇ ਸਿੱਟੇ ਵਜੋਂ ਵੱਡੀ ਗਿਣਤੀ ਪਿੰਡ ਉੱਜੜ ਗਏ ਅਤੇ ਵਾਹੀ ਵਾਲੀ ਜ਼ਮੀਨ ਬੰਜਰ ਹੋ ਗਈ, ਕਿਉਂਕਿ ਕਿਸਾਨਾਂ ਨੇ ਮੁਗ਼ਲ ਸਲਤਨਤ ਦੀਆਂ ਸ਼ੋਸ਼ਣਕਾਰੀ ਤੇ ਦਮਨਕਾਰੀ ਨੀਤੀਆਂ ਖ਼ਿਲਾਫ਼ ਖੇਤੀ ਕਰਨੀ ਹੀ ਬੰਦ ਕਰ ਦਿੱਤੀ, ਇਸ ਕਾਰਨ ਵਾਹੀਯੋਗ ਜ਼ਮੀਨ ਦਾ ਵੱਡਾ ਹਿੱਸਾ ਖ਼ਾਲੀ ਰਹਿਣ ਲੱਗਾ।

ਵੱਡੀ ਗਿਣਤੀ ਕਿਸਾਨ ਬਾਗ਼ੀ ਜ਼ਿਮੀਦਾਰਾਂ ਦੀਆਂ ਗੜ੍ਹੀਆਂ ਵਿਚ ਪਨਾਹ ਲੈਣ ਲੱਗੇ। ਇਸ ਸਾਰੇ ਹਾਲਾਤ ਦਾ ਸਿੱਟਾ ਇਹ ਹੋਇਆ ਕਿ ਜ਼ਮੀਨ ਦੇ ਵੱਡੇ ਹਿੱਸੇ ’ਤੇ ਖੇਤੀ ਨਾ ਹੋਣ ਕਾਰਨ ਖੇਤੀ ਪੈਦਾਵਾਰ ਬੰਦ ਹੋ ਗਈ ਜਾਂ ਬਹੁਤ ਘਟ ਗਈ। ਜਦੋਂਕਿ ਮੁਗ਼ਲ ਸਾਮਰਾਜ ਦਾ ਅਰਥਚਾਰਾ ਮੁੱਖ ਤੌਰ ’ਤੇ ਖੇਤੀ ਉੱਤੇ ਹੀ ਨਿਰਭਰ ਸੀ, ਭਾਵ ਮੁਗ਼ਲ ਸਾਮਰਾਜ ਦੀ ਆਮਦਨ ਦਾ ਮੁੱਖ ਸਾਧਨ ਕਿਸਾਨਾਂ ਦੀ ਖੇਤੀ ਪੈਦਾਵਾਰ ਤੋਂ ਮਿਲਣ ਵਾਲਾ ਲਗਾਨ ਹੀ ਸੀ। ਕਿਸਾਨਾਂ ਨੂੰ ਆਪਣੀਆਂ ਜਿਣਸਾਂ ਦੀ ਪੈਦਾਵਾਰ ਦਾ ਅੱਧਾ ਹਿੱਸਾ (50 ਫ਼ੀਸਦੀ) ਲਗਾਨ ਵਜੋਂ ਅਦਾ ਕਰਨਾ ਪੈਂਦਾ ਸੀ, ਪਰ ਅਜਾਰਾ ਪ੍ਰਥਾ ਨਾਲ ਤਾਂ ਉਨ੍ਹਾਂ ਉੱਤੇ ਲਗਾਨ ਦਾ ਭਾਰ ਬਹੁਤ ਜ਼ਿਆਦਾ ਵਧ ਗਿਆ। ਜਦੋਂ ਕਿਸਾਨਾਂ ਨੇ ਸਮਝਿਆ ਕਿ ਸਖ਼ਤ ਮਿਹਨਤ ਨਾਲ ਖੇਤੀ ਕਰ ਕੇ ਵੀ ਉਨ੍ਹਾਂ ਦੇ ਪੱਲੇ ਕੁਝ ਨਹੀਂ ਪੈਂਦਾ ਅਤੇ ਉਹ ਆਪਣੇ ਬੱਚਿਆਂ ਦੇ ਢਿੱਡ ਨਹੀਂ ਭਰ ਸਕਦੇ, ਕਿਉਂਕਿ ਪੈਦਾਵਾਰ ਦਾ ਬਹੁਤਾ ਹਿੱਸਾ ਉਨ੍ਹਾਂ ਨੂੰ ਸਰਕਾਰ ਦੇ ਮਾਮਲੇ ਦੀ ਅਦਾਇਗੀ ਵਜੋਂ ਦੇਣਾ ਪੈਂਦਾ ਹੈ ਤਾਂ ਉਨ੍ਹਾਂ ਖੇਤੀ ਕਰਨੀ ਬੰਦ ਕਰ ਦਿੱਤੀ ਤੇ ਬਹੁਤ ਸਾਰੇ ਪਿੰਡ ਉੱਜੜ ਗਏ। ਇਸ ਨਾਲ ਮੁਗ਼ਲ ਸਾਮਰਾਜ ਦੀ ਖੇਤੀ ਕਰਾਂ ਦੀ ਵਸੂਲੀ ਬਹੁਤ ਘਟ ਗਈ ਅਤੇ ਉਸ ਲਈ ਭਾਰੀ ਖੇਤੀ ਸੰਕਟ ਪੈਦਾ ਹੋ ਗਿਆ ਜੋ ਮੁਗ਼ਲ ਸਾਮਰਾਜ ਲਈ ਮਾਲੀ ਸੰਕਟ ਦਾ ਰੂਪ ਧਾਰ ਗਿਆ। ਇਸ ਦੇ ਸਿੱਟੇ ਵਜੋਂ ਮੁਗ਼ਲ ਹਕੂਮਤ ਦੀ ਮਾਲੀ ਹਾਲਤ ਬੁਰੀ ਤਰ੍ਹਾਂ ਵਿਗੜ ਗਈ ਅਤੇ ਉਸ ਲਈ ਇੰਨੀ ਵੱਡੀ ਫ਼ੌਜ ਪਾਲਣੀ ਤੇ ਉਸ ਦੀ ਸੰਭਾਲ ਕਰਨੀ ਮੁਸ਼ਕਲ ਹੋਣ ਲੱਗੀ। ਨਾਲ ਹੀ ਮੁਗ਼ਲ ਹਾਕਮ ਵਰਗ ਦੀ ਐਸ਼-ਪ੍ਰਸਤੀ ਤੇ ਜ਼ਰੂਰਤ ਦੀਆਂ ਵਸਤਾਂ ਦੀ ਮੰਗ ਪੂਰੀ ਹੋਣੀ ਬੰਦ ਹੋ ਗਈ। ਖੇਤੀ ਸੰਕਟ ਕਾਰਨ ਵਪਾਰ ਤੇ ਵਪਾਰਕ ਵਸਤਾਂ ਦੇ ਕਾਰੋਬਾਰ ਨੂੰ ਵੀ ਝਟਕਾ ਲੱਗਾ, ਭਾਵ ਸਮੁੱਚਾ ਅਰਥਚਾਰਾ ਹੀ ਹਿੱਲ ਗਿਆ।

ਵੱਖ-ਵੱਖ ਇਲਾਕਿਆਂ ਵਿਚ ਬਾਗ਼ੀ ਜ਼ਿਮੀਦਾਰਾਂ ਨੇ ਕਿਸਾਨਾਂ ਦੀਆਂ ਫ਼ੌਜਾਂ ਖੜ੍ਹੀਆਂ ਕਰ ਲਈਆਂ ਤੇ ਬਗ਼ਾਵਤ ਕਰ ਦਿੱਤੀ। ਬ੍ਰਜ ਅਤੇ ਪੂਰਬੀ ਰਾਜਸਥਾਨ ਦੇ ਇਲਾਕਿਆਂ ਵਿਚ ਚੂੜਾਮਨ, ਨੰਦਾ, ਅਮਰ ਸਿੰਘ ਚੌਹਾਨ, ਰਾਜਾਰਾਮ ਜਾਟ ਆਦਿ ਜ਼ਿਮੀਦਾਰਾਂ ਨੇ ਕਿਸਾਨਾਂ ਨਾਲ ਮਿਲ ਕੇ ਲੜਾਈ ਲੜੀ। ਹਰਿਦੁਆਰ ਇਲਾਕੇ ਵਿਚ ਸਭਾਚੰਦ ਜਾਟ ਕਿਸਾਨਾਂ ਦਾ ਹਰਮਨਪਿਆਰਾ ਆਗੂ ਬਣ ਗਿਆ। ਪੰਜਾਬ ਵਿਚ ਬਾਬਾ ਬੰਦਾ ਬਹਾਦਰ ਨਾਲ ਹਰਿਆਣਾ ਦੇ ਖਰਖੋਦ ਤੇ ਸੋਨੀਪਤ ਇਲਾਕੇ ਦੇ ਜ਼ਿਮੀਂਦਾਰਾਂ, ਪੰਜਾਬ ਵਿਚ ਰੋਪੜ, ਸਰਹਿੰਦ, ਪਟਿਆਲਾ, ਬਟਾਲਾ, ਲਾਹੌਰ ਅਤੇ ਸੰਗਰੂਰ ਦੇ ਇਲਾਕਿਆਂ ਵਿਚ ਜ਼ਿਮੀਦਾਰਾਂ ਨੇ ਕਿਸਾਨਾਂ ਨਾਲ ਮਿਲ ਕੇ ਬਹੁਤ ਸਾਰੇ ਮੁਗ਼ਲ ਅਹਿਲਕਾਰਾਂ ਨੂੰ ਮਾਰ ਮੁਕਾਇਆ ਤੇ ਬਾਕੀ ਭੱਜ ਗਏ। ਬਾਬਾ ਬੰਦਾ ਬਹਾਦਰ ਨੇ ਸਰਹਿੰਦ ਦੀ ਤਾਂ ਇੱਟ ਨਾਲ ਇੱਟ ਖੜਕਾ ਦਿੱਤੀ। ਇਸ ਤਰ੍ਹਾਂ 18ਵੀਂ ਸਦੀ ਦੇ ਪਹਿਲੇ ਅੱਧ ਵਿਚ ਮੁਗ਼ਲ ਸਲਤਨਤ ਨੂੰ ਆਪਣੀ ਮਾੜੀ ਅਜਾਰਾ ਪ੍ਰਥਾ ਦੀ ਨੀਤੀ ਕਾਰਨ ਕਿਸਾਨਾਂ ਦੇ ਭਿਆਨਕ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਮੁਗ਼ਲ ਸਾਮਰਾਜ ਲਈ ਭਾਰੀ ਖੇਤੀ ਸੰਕਟ ਪੈਦਾ ਹੋ ਗਿਆ ਤੇ ਜ਼ੋਰਦਾਰ ਸਿਆਸੀ ਅਰਾਜਕਤਾ ਫੈਲ ਗਈ। ਇਸ ਦੇ ਸਿੱਟੇ ਵਜੋਂ ਮੁਗ਼ਲ ਸਾਮਰਾਜ ਟੁੱਟਣ ਲੱਗਾ ਤੇ ਆਖ਼ਰ ਇਸ ਦਾ ਅੰਤ ਹੋ ਗਿਆ। ਸਾਫ਼ ਹੈ ਕਿ ਮੁਗ਼ਲ ਸਲਤਨਤ, ਜਿਸ ਦਾ ਅਰਥਚਾਰਾ ਖੇਤੀ ਉੱਤੇ ਆਧਾਰਿਤ ਸੀ, ਦਾ ਅੰਤ ਆਪਣੀ ਗ਼ਲਤ ਖੇਤੀ ਨੀਤੀ ਕਾਰਨ ਹੀ ਹੋ ਗਿਆ।

ਅੱਜ ਜਿਵੇਂ ਸਰਕਾਰ ਅਤੇ ਸਰਕਾਰ ਦੇ ਹਮਾਇਤੀ ਨਵੇਂ ਖੇਤੀ ਕਾਨੂੰਨਾਂ ਦੇ ਫ਼ਾਇਦਿਆਂ ਦੀ ਗੱਲ ਕਰ ਰਹੇ ਹਨ, ਉਸੇ ਤਰ੍ਹਾਂ ਇਤਿਹਾਸਕਾਰਾਂ ਦਾ ਇਕ ਵਰਗ ਵੀ ਅਜਾਰਾ ਪ੍ਰਥਾ ਨੂੰ ਕਿਸਾਨਾਂ ਦੇ ਨਜ਼ਰੀਏ ਤੋਂ ਮਾਰੂ ਪ੍ਰਥਾ ਵਜੋਂ ਨਾ ਦੇਖ ਕੇ ਉਸ ਨੂੰ ਅਜਾਰੇਦਾਰਾਂ ਦੇ ਫ਼ਾਇਦੇ ਵਾਲੀ ਪ੍ਰਥਾ ਵਜੋਂ ਦੇਖਦਾ ਹੈ ਅਤੇ ਇਸ ਨੂੰ ਵਪਾਰ ਤੇ ਵਣਜ ਨੂੰ ਅੱਗੇ ਵਧਾਉਣ ਲਈ ਪੂੰਜੀ ਇਕੱਠੀ ਕਰ ਕੇ ਰੱਖਣ ਦਾ ਰਾਹ ਮੰਨਦਾ ਹੈ। ਪਰ ਅਜਿਹਾ ਕਰਦਿਆਂ ਉਹ ਇਹ ਅੰਦਾਜ਼ਾ ਨਹੀਂ ਲਾਉਂਦੇ ਕਿ ਜਦੋਂ ਅਜਾਰਾ ਪ੍ਰਥਾ ਨੇ ਇੰਨੇ ਵੱਡੇ ਤੇ ਤਾਕਤਵਰ ਮੁਗ਼ਲ ਸਾਮਰਾਜ ਨੂੰ ਨਿਗਲ ਲਿਆ ਤਾਂ ਉਸ ਦੌਰਾਨ ਦੌਲਤ ਇਕੱਠੀ ਕਰ ਕੇ ਰੱਖਣ ਦਾ ਸਵਾਲ ਕਿੱਥੋਂ ਪੈਦਾ ਹੁੰਦਾ ਹੈ?

ਇਤਿਹਾਸ ਸਾਨੂੰ ਬਹੁਤ ਕੁਝ ਸਿਖਾਉਂਦਾ ਹੈ ਅਤੇ ਜਦੋਂ ਅਸੀਂ ਇਤਿਹਾਸ ਦੀਆਂ ਗ਼ਲਤੀਆਂ ਤੋਂ ਸਬਕ ਸਿੱਖ ਕੇ ਅੱਗੇ ਵਧਦੇ ਹਾਂ ਤਾਂ ਹੀ ਸਮਾਜ ਅੱਗੇ ਵਧਦਾ ਹੈ। ਜੋ ਦੇਸ਼, ਕੌਮ ਜਾਂ ਸਮਾਜ ਇਤਿਹਾਸ ਤੋਂ ਸਬਕ ਨਹੀਂ ਲੈਂਦਾ, ਉਹ ਕਦੇ ਅੱਗੇ ਨਹੀਂ ਵਧ ਸਕਦਾ। ਸਰਕਾਰ ਨੇ ਜਿਸ ਹਤਾਸ਼ਾ ਤੇ ਜਲਦਬਾਜ਼ੀ ਵਿਚ ਕਰੋਨਾ ਮਹਾਂਮਾਰੀ ਦੌਰਾਨ ਖੇਤੀ ਕਾਨੂੰਨ ਪਾਸ ਕਰਵਾਏ, ਉਸ ਤੋਂ ਸਰਕਾਰ ਦੀ ਨੀਅਤ ਤੇ ਮਨਸ਼ਾ ਦਾ ਪਤਾ ਲੱਗਦਾ ਹੈ। ਸ਼ੁਰੂ ਵਿਚ ਖੇਤੀ ਕਾਨੂੰਨਾਂ ਦੇ ਖ਼ੂਬ ਸੋਹਲੇ ਗਾਏ। ਪਰ ਜਦੋਂ ਸਰਕਾਰ ਨੂੰ ਸਮਝ ਆ ਗਈ ਕਿ ਕਿਸਾਨ ਵੀ ਖੇਤੀ ਕਾਨੂੰਨਾਂ ਦੀ ਅਸਲੀਅਤ ਨੂੰ ਜਾਣ ਗਏ ਹਨ ਤਾਂ ਸਰਕਾਰ ਨੂੰ ਇਹ ਅੰਦੋਲਨਕਾਰੀ, ਕਿਸਾਨ ਨਹੀਂ ਸਗੋਂ ਖ਼ਾਲਿਸਤਾਨੀ, ਟੁਕੜੇ-ਟੁਕੜੇ ਗੈਂਗ ਅਤੇ ਨਕਸਲੀ ਨਜ਼ਰ ਆਉਣ ਲੱਗੇ। ਜਦੋਂ ਸਰਕਾਰ ਦੀ ਇਹ ਚਾਲ ਵੀ ਨਾਕਾਮ ਰਹੀ ਤੇ ਉਸ ਨੇ ਦੇਖ ਲਿਆ ਕਿ ਦੇਸ਼ ਦੀ ਜਨਤਾ ਹੁਣ ਉਸ ਦੀਆਂ ਗੱਲਾਂ ਵਿਚ ਨਹੀਂ ਆਉਣ ਵਾਲੀ ਤਾਂ ਉਸ ਨੇ ਆਖਣਾ ਸ਼ੁਰੂ ਕਰ ਦਿੱਤਾ ਕਿ ਇਨ੍ਹਾਂ ਕਿਸਾਨਾਂ ਨੂੰ ਵਿਰੋਧੀ ਪਾਰਟੀਆਂ ਨੇ ਭੜਕਾਇਆ ਹੈ। ਪਰ ਹੁਣ ਸਰਕਾਰ ਨੂੰ ਸਮਝ ਆਉਣ ਲੱਗਾ ਹੈ ਕਿ ਕਿਸਾਨ ਸਮਝ ਗਏ ਹਨ ਕਿ ਅਸਲ ਵਿਚ ਜਨਤਾ ਨੇ ਸਰਕਾਰ ਨੂੰ ਇੰਨੀ ਤਾਕਤ ਦੇ ਦਿੱਤੀ ਹੈ ਕਿ ਉਸ ਤੋਂ ‘ਨਾਂਹ’ ਬਰਦਾਸ਼ਤ ਨਹੀਂ ਹੋ ਰਹੀ ਜਿਸ ਕਾਰਨ ਸਰਕਾਰ ਇਨ੍ਹਾਂ ਕਾਨੂੰਨਾਂ ’ਤੇ ਅੜੀ ਹੋਈ ਹੈ। ਜਿਵੇਂ ਫ਼ਰਾਂਸ ਦੇ ਇਨਕਲਾਬ ਤੋਂ ਪਹਿਲਾਂ ਫ਼ਰਾਂਸ ਦਾ ਬਾਦਸ਼ਾਹ ਆਖਦਾ ਸੀ ਕਿ ‘ਮੈਂ ਹੀ ਸਟੇਟ/ਰਿਆਸਤ ਹਾਂ’, ਉਸੇ ਤਰ੍ਹਾਂ ਮੋਦੀ ਸਰਕਾਰ ਕਹਿ ਰਹੀ ਹੈ ਕਿ ‘ਮੋਦੀ ਹੀ ਦੇਸ਼ ਹੈ’ ਤੇ ਇਸ ਕਾਰਨ ਤੁਹਾਡੇ ਵਿਰੋਧ ਦਾ ਕੋਈ ਅਰਥ ਨਹੀਂ ਅਤੇ ਇਸ ਤੋਂ ਪਹਿਲਾਂ ਮੋਦੀ ਸਰਕਾਰ ਦਾ ਵਿਰੋਧ ਕਰਨ ਵਾਲਿਆਂ ਦਾ ਹਾਲ ਦੇਖ ਲਵੋ, ਕਿ ਕਿਵੇਂ ਮੀਡੀਆ ਕੁਝ ਘੰਟਿਆਂ ਵਿਚ ਹੀ ਵਿਰੋਧੀਆਂ ਨੂੰ ‘ਦੇਸ਼ ਧਰੋਹੀ’ ਅਤੇ ‘ਟੁਕੜੇ-ਟੁਕੜੇ ਗੈਂਗ’ ਕਰਾਰ ਦੇ ਕੇ ਨਕਾਰਾ ਕਰ ਦਿੰਦਾ ਹੈ। ਜੋ ਕੋਈ ਵੀ ਇਨ੍ਹਾਂ ਦੀ ਜ਼ੁਬਾਨ ਨਹੀਂ ਬੋਲਦਾ, ਉਹ ਦੇਸ਼ ਦਾ ਗ਼ੱਦਾਰ ਹੈ।

ਇਸ ਕੜਕਦੀ ਠੰਢ ਤੇ ਬਾਰਸ਼ ਵਿਚ ਕਿਸਾਨ ਜਿਵੇਂ ਖੁੱਲ੍ਹੇ ਅਸਮਾਨ ਹੇਠ ਆਪਣੇ ਬਜ਼ੁਰਗਾਂ, ਬੱਚਿਆਂ ਤੇ ਔਰਤਾਂ ਨਾਲ ਬੈਠੇ ਹਨ, ਉਸ ਨੂੰ ਦੇਖ ਕੇ ਤਾਂ ਪੱਥਰ ਵੀ ਪਿਘਲ਼ ਜਾਵੇ, ਪਰ ਮੋਦੀ ਸਰਕਾਰ ਨੂੰ ਇਨ੍ਹਾਂ ਗੱਲਾਂ ਦੀ ਕੋਈ ਪ੍ਰਵਾਹ ਨਹੀਂ। ਅੰਦੋਲਨ ਵਿਚ 70 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ, ਪਰ ਪ੍ਰਧਾਨ ਮੰਤਰੀ ਦੇ ਮੂੰਹੋਂ ਇਕ ਲਫ਼ਜ਼ ਵੀ ਨਹੀਂ ਨਿਕਲਿਆ। ਜਦੋਂਕਿ ਕਿਸੇ ਕ੍ਰਿਕਟਰ ਨੂੰ ਮਾਮੂਲੀ ਬਿਮਾਰੀ ਹੋ ਜਾਣ ’ਤੇ ਉਨ੍ਹਾਂ ਨੂੰ ਚਿੰਤਾ ਹੋ ਜਾਂਦੀ ਹੈ। ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਦੀ ਮਾਤਾ ਦੀ ਮੌਤ ’ਤੇ ਉਹ ਦੁਖੀ ਹੋ ਜਾਂਦੇ ਹਨ। ਕੀ ਮਰਨ ਵਾਲੇ ਕਿਸਾਨ ਭਾਰਤੀ ਨਹੀਂ ਹਨ? ਕੀ ਸਾਡੀ ਸੱਤਾ ਦੀ ਭੁੱਖ ਸਾਨੂੰ ਇੱਥੋਂ ਤੱਕ ਗਿਰਾ ਦਿੰਦੀ ਹੈ?

ਪਰ ਮੋਦੀ ਸਰਕਾਰ ਇਹ ਨਹੀਂ ਜਾਣਦੀ ਕਿ ਸੰਵੇਦਨਹੀਣਤਾ ਭਗਵਾਨ ਰਾਮ ਨੂੰ ਵੀ ਬੁਰੀ ਲੱਗੀ ਸੀ। ਉਨ੍ਹਾਂ ਰਾਵਣ ਨੂੰ ਮਰਦੇ ਸਮੇਂ ਆਖਿਆ ਸੀ ਕਿ ‘ਘੁਮੰਡ’ ਮਨੁੱਖਤਾ ਦਾ ਸਭ ਤੋਂ ਵੱਡਾ ਔਗੁਣ ਹੈ। ਇਸ ਦੇ ਬਾਵਜੂਦ ਜੇ ਤੁਹਾਡੀ ਸਰਕਾਰ ਭਾਰਤੀ ਸੰਸਕ੍ਰਿਤੀ ਅਤੇ ਨੈਤਿਕਤਾ ਦੀਆਂ ਸਾਰੀਆਂ ਕਦਰਾਂ-ਕੀਮਤਾਂ ਭੁੱਲ ਕੇ ਕਿਸਾਨਾਂ ਨਾਲ ਵਹਿਸ਼ੀ ਢੰਗ ਨਾਲ ਪੇਸ਼ ਆਉਂਦੀ ਹੈ, ਤਾਂ ਵੀ ਕਿਸਾਨ ਆਪਣੇ ਹੱਕ ਦੀ ਇਹ ਲੜਾਈ ਇਸ ਤਰ੍ਹਾਂ ਲੜਨਗੇ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਇਤਿਹਾਸ ਦਾ ਇਕ ਸੁਨਹਿਰਾ ਅਧਿਆਏ ਬਣ ਜਾਵੇਗਾ।

*ਸੇਵਾ ਮੁਕਤ ਪ੍ਰੋਫ਼ੈਸਰ, ਇਤਿਹਾਸ ਵਿਭਾਗ, ਮੋਤੀਲਾਲ ਨਹਿਰੂ ਕਾਲਜ, ਦਿੱਲੀ ਯੂਨੀਵਰਸਿਟੀ।

ਸੰਪਰਕ: 99680-19358

ਅਜਾਰਾ ਪ੍ਰਥਾ ਨਾਲ ਤਾਂ ਕਿਸਾਨਾਂ ਉੱਤੇ ਲਗਾਨ ਦਾ ਭਾਰ ਬਹੁਤ ਜ਼ਿਆਦਾ ਵਧ ਗਿਆ। ਜਦੋਂ ਕਿਸਾਨਾਂ ਨੇ ਸਮਝਿਆ ਕਿ ਸਖ਼ਤ ਮਿਹਨਤ ਨਾਲ ਖੇਤੀ ਕਰ ਕੇ ਵੀ ਉਨ੍ਹਾਂ ਦੇ ਪੱਲੇ ਕੁਝ ਨਹੀਂ ਪੈਂਦਾ ਅਤੇ ਉਹ ਆਪਣੇ ਬੱਚਿਆਂ ਦੇ ਢਿੱਡ ਨਹੀਂ ਭਰ ਸਕਦੇ, ਕਿਉਂਕਿ ਪੈਦਾਵਾਰ ਦਾ ਬਹੁਤਾ ਹਿੱਸਾ ਉਨ੍ਹਾਂ ਨੂੰ ਸਰਕਾਰ ਦੇ ਮਾਮਲੇ ਦੀ ਅਦਾਇਗੀ ਵਜੋਂ ਦੇਣਾ ਪੈਂਦਾ ਹੈ ਤਾਂ ਉਨ੍ਹਾਂ ਖੇਤੀ ਕਰਨੀ ਬੰਦ ਕਰ ਦਿੱਤੀ ਤੇ ਬਹੁਤ ਸਾਰੇ ਪਿੰਡ ਉੱਜੜ ਗਏ। ਇਸ ਨਾਲ ਮੁਗ਼ਲ ਸਾਮਰਾਜ ਦੀ ਖੇਤੀ ਕਰਾਂ ਦੀ ਵਸੂਲੀ ਬਹੁਤ ਘਟ ਗਈ ਅਤੇ ਉਸ ਲਈ ਭਾਰੀ ਖੇਤੀ ਸੰਕਟ ਪੈਦਾ ਹੋ ਗਿਆ ਜੋ ਮੁਗ਼ਲ ਸਾਮਰਾਜ ਲਈ ਮਾਲੀ ਸੰਕਟ ਦਾ ਰੂਪ ਧਾਰ ਗਿਆ। ਇਸ ਦੇ ਸਿੱਟੇ ਵਜੋਂ ਮੁਗ਼ਲ ਹਕੂਮਤ ਦੀ ਮਾਲੀ ਹਾਲਤ ਬੁਰੀ ਤਰ੍ਹਾਂ ਵਿਗੜ ਗਈ ਅਤੇ ਉਸ ਲਈ ਇੰਨੀ ਵੱਡੀ ਫ਼ੌਜ ਪਾਲਣੀ ਤੇ ਉਸ ਦੀ ਸੰਭਾਲ ਕਰਨੀ ਮੁਸ਼ਕਲ ਹੋਣ ਲੱਗੀ। ਨਾਲ ਹੀ ਮੁਗ਼ਲ ਹਾਕਮ ਵਰਗ ਦੀ ਐਸ਼-ਪ੍ਰਸਤੀ ਤੇ ਜ਼ਰੂਰਤ ਦੀਆਂ ਵਸਤਾਂ ਦੀ ਮੰਗ ਪੂਰੀ ਹੋਣੀ ਬੰਦ ਹੋ ਗਈ। ਖੇਤੀ ਸੰਕਟ ਕਾਰਨ ਵਪਾਰ ਤੇ ਵਪਾਰਕ ਵਸਤਾਂ ਦੇ ਕਾਰੋਬਾਰ ਨੂੰ ਵੀ ਝਟਕਾ ਲੱਗਾ, ਭਾਵ ਸਮੁੱਚਾ ਅਰਥਚਾਰਾ ਹੀ ਹਿੱਲ ਗਿਆ।

ਵੱਖ-ਵੱਖ ਇਲਾਕਿਆਂ ਵਿਚ ਬਾਗ਼ੀ ਜ਼ਿਮੀਦਾਰਾਂ ਨੇ ਕਿਸਾਨਾਂ ਦੀਆਂ ਫ਼ੌਜਾਂ ਖੜ੍ਹੀਆਂ ਕਰ ਲਈਆਂ ਤੇ ਬਗ਼ਾਵਤ ਕਰ ਦਿੱਤੀ। ਬ੍ਰਜ ਅਤੇ ਪੂਰਬੀ ਰਾਜਸਥਾਨ ਦੇ ਇਲਾਕਿਆਂ ਵਿਚ ਚੂੜਾਮਨ, ਨੰਦਾ, ਅਮਰ ਸਿੰਘ ਚੌਹਾਨ, ਰਾਜਾਰਾਮ ਜਾਟ ਆਦਿ ਜ਼ਿਮੀਦਾਰਾਂ ਨੇ ਕਿਸਾਨਾਂ ਨਾਲ ਮਿਲ ਕੇ ਲੜਾਈ ਲੜੀ। ਹਰਿਦੁਆਰ ਇਲਾਕੇ ਵਿਚ ਸਭਾਚੰਦ ਜਾਟ ਕਿਸਾਨਾਂ ਦਾ ਹਰਮਨਪਿਆਰਾ ਆਗੂ ਬਣ ਗਿਆ। ਪੰਜਾਬ ਵਿਚ ਬਾਬਾ ਬੰਦਾ ਬਹਾਦਰ ਨਾਲ ਹਰਿਆਣਾ ਦੇ ਖਰਖੋਦ ਤੇ ਸੋਨੀਪਤ ਇਲਾਕੇ ਦੇ ਜ਼ਿਮੀਂਦਾਰਾਂ, ਪੰਜਾਬ ਵਿਚ ਰੋਪੜ, ਸਰਹਿੰਦ, ਪਟਿਆਲਾ, ਬਟਾਲਾ, ਲਾਹੌਰ ਅਤੇ ਸੰਗਰੂਰ ਦੇ ਇਲਾਕਿਆਂ ਵਿਚ ਜ਼ਿਮੀਦਾਰਾਂ ਨੇ ਕਿਸਾਨਾਂ ਨਾਲ ਮਿਲ ਕੇ ਬਹੁਤ ਸਾਰੇ ਮੁਗ਼ਲ ਅਹਿਲਕਾਰਾਂ ਨੂੰ ਮਾਰ ਮੁਕਾਇਆ ਤੇ ਬਾਕੀ ਭੱਜ ਗਏ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ਼ਹਿਰ

View All