ਡਾ. ਪਿਆਰਾ ਲਾਲ ਗਰਗ
ਸਕੂਲੀ ਸਿੱਖਿਆ ਭਵਿੱਖ ਦੇ ਨਾਗਰਿਕਾਂ ਦੀ ਯੋਗਤਾ ਦਾ ਆਧਾਰ ਹੁੰਦੀ ਹੈ ਅਤੇ ਇਹ ਆਧਾਰ ਮਜ਼ਬੂਤ ਹੋਣਾ ਲਾਜ਼ਮੀ ਹੈ। ਦੇਸ਼ ਨੂੰ ਵਿਦੇਸ਼ੀ ਬਸਤੀਵਾਦੀ ਹਾਕਮਾਂ ਤੋਂ ਆਜ਼ਾਦ ਹੋਇਆਂ 75 ਸਾਲ ਹੋ ਗਏ ਹਨ। ਇਸ ਦੇ ਬਾਵਜੂਦ ਸਿੱਖਿਆ ਦਾ ਪੱਧਰ ਭਵਿੱਖ ਦੀਆਂ ਚੁਣੌਤੀਆਂ ਨਾਲ ਸਿੱਝਣ ਦੇ ਸਮਰੱਥ ਨਹੀਂ ਹੋ ਸਕਿਆ। ਇਸ ਵਿਚ ਕੁਝ ਸੁਧਾਰ ਵੀ ਹੋਇਆ ਹੈ ਅਤੇ ਨਿਘਾਰ ਵੀ ਆਇਆ ਹੈ। ਪਿਛਲੇ ਦਿਨੀਂ ਦੇਸ਼ ਵਿਚ ਸਿੱਖਿਆ ਦੀ ਦਸ਼ਾ ਬਾਬਤ ਸਾਲਾਨਾ ਰਿਪੋਰਟ ਨਸ਼ਰ ਹੋਈ ਹੈ ਜਿਸ ਵਿਚ ਪੇਸ਼ ਕੀਤੇ ਗਏ ਅੰਕੜੇ ਤੇ ਤੱਥ ਇਸੇ ਗੱਲ ਵੱਲ ਇਸ਼ਾਰਾ ਕਰਦੇ ਹਨ।
‘ਪੜਿਐ ਨਾਹੀ ਭੇਦੁ ਬੁਝਿਐ ਪਾਵਣਾ॥’
ਬੇਸ਼ੱਕ ਸਿੱਖਿਆ ਨੂੰ ਤੀਜਾ ਨੇਤਰ ਕਹਿੰਦੇ ਅਸੀਂ ਥੱਕਦੇ ਨਹੀਂ, ਬੇਸ਼ੱਕ ਬਾਬਾ ਨਾਨਕ ਨੇ ਕਹਿ ਦਿੱਤਾ ਸੀ, ‘ਵਿਦਿਆ ਵੀਚਾਰੀ ਤਾਂ ਪਰਉਪਕਾਰੀ॥’ ਬੇਸ਼ੱਕ ਇਹ ਸੱਚ ਹੈ ਕਿ ਪੜ੍ਹਣ, ਲਿਖਣ ਤੇ ਗਿਣਤੀ-ਮਿਣਤੀ ਦੀ ਜਾਚ ਗਿਆਨ ਦੀ ਮੰਜ਼ਿਲ ਵੱਲ ਜਾਣ ਲਈ ਪਹਿਲੀ ਪੁਲਾਂਘ ਹੈ ਪਰ ਸੱਚ ਇਹ ਹੈ ਕਿ ਪੰਜਾਬ ਦੀ ਧਰਤੀ ਉਪਰ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਪਹਿਲੀ ਤੋਂ ਅੱਠਵੀਂ ਤੱਕ ਦੇ 6-14 ਸਾਲ ਦੇ ਬਾਲ ਜਿਹੜੇ ਜ਼ਿਆਦਾਤਰ ਅਨੁਸੂਚਿਤ ਜਾਤੀਆਂ ਨਾਲ ਜਾਂ ਫਿਰ ਹੋਰ ਗ਼ਰੀਬ ਪਰਿਵਾਰਾਂ ਵਿੱਚੋਂ ਆਉਂਦੇ ਹਨ, ਉਨ੍ਹਾਂ ਵਿੱਚੋਂ ਬਹੁਤ ਵੱਡੀ ਗਿਣਤੀ ਆਪਣੀ ਜ਼ਿੰਦਗੀ ਦੀ ਅੱਠ ਸਾਲਾਂ ਦੀ ਬੇਸ਼ਕੀਮਤੀ ਪੂੰਜੀ ਲਗਾ ਕੇ ਵੀ ਅਜਿਹੀ ਜਾਚ ਤੋਂ ਕੋਰੇ ਰਹਿ ਜਾਂਦੇ ਹਨ। ਹਾਂ, ਇਹੀ ਸੱਚ ਹੈ। ਪਿਛਲੇ ਦਿਨੀਂ ਸਿੱਖਿਆ ਦੀ ਦਸ਼ਾ ਬਾਬਤ ਸਾਲਾਨਾ ਰਿਪੋਰਟ ਨਸ਼ਰ ਹੋਈ ਹੈ।
ਪੂਰੇ ਦੇਸ਼ ਦੇ 616 ਜ਼ਿਲ੍ਹਿਆਂ ਦੇ 19,060 ਪਿੰਡਾਂ ਦੇ 3,74,554 ਘਰਾਂ ਦੇ 6,99597 ਵਿਦਿਆਰਥੀਆਂ ਦਾ ਅਤੇ ਹੋਰ ਅੰਕੜਿਆਂ ਤੇ ਤੱਥਾਂ ਦਾ 27,536 ਵਲੰਟੀਅਰ ਨਿਰੀਖਕਾਂ ਜ਼ਰੀਏ ਮੁਲਾਂਕਣ ਕਰ ਕੇ ਇਹ ਰਿਪੋਰਟ ਤਿਆਰ ਕੀਤੀ ਗਈ ਹੈ ਜੋ 18 ਜਨਵਰੀ 2023 ਨੂੰ ਜਾਰੀ ਕੀਤੀ ਗਈ। ਇਸ ਨੂੰ ਤਿਆਰ ਕਰਨ ਵਿੱਚ ਸੈਂਕੜੇ ਸੰਸਥਾਵਾਂ ਦਾ ਯੋਗਦਾਨ ਹੈ। ਦੇਸ਼ ਵਿੱਚ ਸਰਕਾਰੀ ਸਕੂਲਾਂ ਵਿੱਚ ਦਾਖਲਾ ਦਰ ਵਧੀ ਹੈ ਅਤੇ ਪ੍ਰਾਈਵੇਟ ਟਿਊਸ਼ਨ ਪੜ੍ਹਣ ਦਾ ਰੁਝਾਨ ਵਧਿਆ ਹੈ। ਮਾਤ ਭਾਸ਼ਾ ਦੀ ਦੂਜੀ ਦੀ ਕਿਤਾਬ ਪੜ੍ਹ ਸਕਣ ਵਾਲੇ ਵਿਦਿਆਰਥੀਆਂ ਦਾ ਪ੍ਰਤੀਸ਼ਤ 2012 ਦੇ ਮੁਕਾਬਲੇ 2022 ਵਿੱਚ ਘਟਿਆ ਹੈ। ਅੱਠਵੀਂ ਦੇ 30.4 ਫ਼ੀਸਦੀ ਬੱਚੇ ਦੂਜੀ ਦੀ ਕਿਤਾਬ ਨਹੀਂ ਪੜ੍ਹ ਸਕਦੇ, 55.3 ਫ਼ੀਸਦੀ ਬੱਚੇ ਤਿੰਨ ਅੰਕਾਂ ਨੂੰ ਇੱਕ ਅੰਕ ਨਾਲ ਭਾਗ ਨਹੀਂ ਕਰ ਸਕਦੇ ਅਤੇ 31.5 ਫ਼ੀਸਦੀ ਅੰਗਰੇਜ਼ੀ ਦੇ ਸਾਧਾਰਨ ਵਾਕ ਨਹੀਂ ਪੜ੍ਹ ਸਕਦੇ। ਸਕੂਲਾਂ ਵਿੱਚ ਦਾਖ਼ਲ ਬੱਚਿਆਂ ਵਿੱਚੋਂ 28 ਫ਼ੀਸਦੀ ਗ਼ੈਰਹਾਜ਼ਰ ਰਹਿੰਦੇ ਹਨ ਅਤੇ ਅਧਿਆਪਕਾਂ ਵਿੱਚੋਂ 12.9 ਫ਼ੀਸਦੀ ਅਧਿਆਪਕ ਸਕੂਲ ਨਹੀਂ ਮਿਲੇ।
ਪੰਜਾਬ ਵਿੱਚ ਇਸ ਰਿਪੋਰਟ ਨੂੰ ਤਿਆਰ ਕਰਨ ਵਿੱਚ 13 ਸਰਕਾਰੀ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾਵਾਂ, 4 ਯੂਨੀਵਰਸਿਟੀਆਂ, 5 ਬੀ.ਐੱਡ. ਕਾਲਜ ਤੇ 2 ਹੋਰ ਸੰਸਥਾਵਾਂ ਸ਼ਾਮਲ ਹਨ। ਇਨ੍ਹਾਂ ਨੇ 20 ਜ਼ਿਲ੍ਹਿਆਂ ਦੇ 600 ਪਿੰਡਾਂ ਦੇ 11941 ਘਰਾਂ ਦੇ 20,570 ਬੱਚਿਆਂ ਦਾ ਨਿਰੀਖਣ ਕੀਤਾ ਹੈ। ਪੰਜਾਬ ਵਿੱਚ 6-14 ਸਾਲ ਦੇ ਕੁੱਲ ਬੱਚਿਆਂ ਦਾ 58.8 ਫ਼ੀਸਦੀ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਹੈ ਜੋ ਕਿ ਹਰਿਆਣਾ, ਜੰਮੂ ਕਸ਼ਮੀਰ, ਮਨੀਪੁਰ, ਮੇਘਾਲਿਆ ਤੇ ਨਾਗਾਲੈਂਡ ਨੂੰ ਛੱਡ ਕੇ ਬਾਕੀ ਸਾਰਿਆਂ ਨਾਲੋਂ ਘੱਟ ਹੈ ਜਦੋਂਕਿ ਬਿਹਾਰ, ਝਾਰਖੰਡ, ਛੱਤੀਸਗੜ੍ਹ, ਗੁਜਰਾਤ, ਬੰਗਾਲ, ਤ੍ਰਿਪੁਰਾ ਤੇ ਉੜੀਸਾ ਵਿੱਚ ਇਹ ਦਰ 80 ਫ਼ੀਸਦੀ ਤੋਂ ਉਪਰ ਹੈ। ਬੰਗਾਲ ਵਿੱਚ 92.2 ਫ਼ੀਸਦੀ ਸਰਕਾਰੀ ਸਕੂਲਾਂ ਵਿੱਚ ਦਾਖਲ ਹਨ। ਪੰਜਾਬ ਵਿੱਚ ਮੁਲਾਂਕਣ ਵਾਲੇ ਦਿਨ 21.3 ਫ਼ੀਸਦੀ ਬੱਚੇ ਗ਼ੈਰਹਾਜ਼ਰ ਪਾਏ ਗਏ।
ਪੰਜਾਬ ਦੇ 30.6 ਫ਼ੀਸਦੀ ਬੱਚੇ ਪ੍ਰਾਈਵੇਟ ਟਿਊਸ਼ਨ ਪੜ੍ਹਦੇ ਹਨ। ਜੇਕਰ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਪੰਜਾਬੀ ਪੜ੍ਹ ਸਕਣ ਦੀ ਸਮਰੱਥਾ ਵੇਖੀਏ ਤਾਂ ਸਾਰਣੀ 1 ਤੋਂ ਸਪਸ਼ਟ ਹੁੰਦਾ ਹੈ ਕਿ ਤੀਜੀ ਦੇ 73.7 ਫ਼ੀਸਦੀ ਦੂਜੀ ਜਮਾਤ ਦੀ ਪੰਜਾਬੀ ਦੀ ਕਿਤਾਬ ਨਹੀਂ ਪੜ੍ਹ ਸਕਦੇ ਜਦੋਂਕਿ ਪੰਜਵੀਂ ਦੇ 40.6 ਫ਼ੀਸਦੀ ਅਤੇ ਅੱਠਵੀਂ ਦੇ 17.4 ਫ਼ੀਸਦੀ ਬੱਚੇ ਦੂਜੀ ਦੀ ਕਿਤਾਬ ਪੜ੍ਹਣ ਜੋਗੇ ਵੀ ਨਹੀਂ ਹੋਏ। ਜੇ ਹਿਸਾਬ ਦੀ ਗੱਲ ਕਰੀਏ ਤਾਂ ਸਰਕਾਰੀ ਸਕੂਲਾਂ ਦੇ ਤੀਜੀ ਦੇ 68.9 ਫ਼ੀਸਦੀ ਬੱਚੇ ਸਾਧਾਰਨ ਘਟਾਓ ਨਹੀਂ ਕਰ ਸਕਦੇ ਜਦੋਂਕਿ ਪੰਜਵੀਂ ਦੇ 66.7 ਫ਼ੀਸਦੀ ਬੱਚੇ 519 ਨੂੰ 4 ਨਾਲ ਭਾਗ/ਤਕਸੀਮ ਨਹੀਂ ਕਰ ਸਕਦੇ। ਵੱਡਾ ਝਟਕਾ ਉਦੋਂ ਲੱਗਦਾ ਹੈ ਜਦੋਂ ਅਸੀਂ ਵੇਖਦੇ ਹਾਂ ਕਿ ਅੱਠਵੀਂ ਦੇ ਅੱਧਿਓਂ ਵੱਧ ਬੱਚਿਆਂ ਨੂੰ (55.6 ਫ਼ੀਸਦੀ) ਨੂੰ ਵੀ 519 ਨੂੰ 4 ਨਾਲ ਭਾਗ/ਤਕਸੀਮ ਕਰਨਾ ਨਹੀਂ ਆਉਂਦਾ। ਸਾਰਣੀ 2 ਮੁਤਾਬਿਕ ਅੱਠਵੀਂ ਦੇ 1.5 ਫ਼ੀਸਦੀ ਬੱਚੇ ਤਾਂ ਗੁਰਮੁਖੀ ਲਿਪੀ ਦੇ ਅੱਖਰ ਵੀ ਨਹੀਂ ਪੜ੍ਹ ਸਕਦੇ ਅਤੇ ਅੱਠਵੀਂ ਦੇ ਹੀ 1.3 ਫ਼ੀਸਦੀ ਬੱਚੇ 1 ਤੋਂ 9 ਤੱਕ ਅੰਕ ਵੀ ਨਹੀਂ ਪਛਾਣ ਸਕਦੇ । ਅੰਗਰੇਜ਼ੀ ਵਿੱਚ 2.6 ਫ਼ੀਸਦੀ ਬੱਚੇ ਅੱਖਰ ਨਹੀਂ ਪਛਾਣ ਸਕਦੇ। ਅੱਠਵੀਂ ਦੇ ਹੀ 11.1 ਫ਼ੀਸਦੀ ਬੱਚੇ ਤਾਂ ਕੈਟ, ਫੈਨ, ਬਸ ਆਦਿ ਸ਼ਬਦ ਵੀ ਨਹੀਂ ਪੜ੍ਹ ਸਕਦੇ। ਇਹ ਹਾਲਾਤ ਇਸ ਤੱਥ ਦੇ ਬਾਵਜੂਦ ਹਨ ਕਿ ਸਰਕਾਰੀ ਸਕੂਲਾਂ ਦੇ 22.6 ਫ਼ੀਸਦੀ ਬੱਚੇ ਟਿਊਸ਼ਨ ਵੀ ਪੜ੍ਹਦੇ ਹਨ। ਦਰਅਸਲ, ਸਾਡੀ ਲੋੜ ਹੈ ਕਰਮਯੋਗੀ ਹੋਣ ਦੀ, ‘ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤ ਦੇਹਿ ਪਾਣੀ॥ ਹੋਇ ਕਿਰਸਾਣੁ ਈਮਾਨੁ ਜੰਮਾਇ ਲੈ ਭਿਸਤੁ ਦੋਜਕੁ ਮੂੜੇ ਏਵ ਜਾਣੀ॥
ਸਾਰਣੀ 2 ਦੱਸਦੀ ਹੈ ਕਿ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਅੱਠਵੀਂ ਸ਼੍ਰੇਣੀ ਦੇ ਕੁੱਲ ਕਿੰਨੇ ਪ੍ਰਤੀਸ਼ਤ ਵਿਦਿਆਰਥੀ ਕੀ ਪੜ੍ਹ/ਕਰ ਨਹੀਂ ਸਕਦੇ।
ਇਹ ਦਲੀਲ ਦਿੱਤੀ ਜਾਂਦੀ ਹੈ ਕਿ ਪ੍ਰਾਈਵੇਟ ਸਕੂਲਾਂ ਦਾ ਵੀ ਮਾੜਾ ਹਾਲ ਹੈ, ਅਧਿਆਪਕਾਂ ਦੀ ਕਮੀ ਹੈ, ਬੱਚਿਆਂ ਦੀ ਅਚਾਨਕ ਵਧੀ ਗਿਣਤੀ ਅਨੁਸਾਰ ਅਧਿਆਪਕਾਂ ਦੀ ਗਿਣਤੀ ਨਹੀਂ ਵਧੀ, ਵੱਡੀ ਗਿਣਤੀ ਵਿੱਚ (ਕਰੀਬ 40 ਫ਼ੀਸਦੀ) ਅਧਿਆਪਕ ਕੱਚੇ/ਠੇਕੇ ‘ਤੇ ਹਨ, ਸਿੱਖਿਆ ਦਾ ਬਜਟ ਘੱਟ ਹੈ, ਪਿਛਲੇ ਦਹਾਕਿਆਂ ਵਿੱਚ ਸ਼ਹਿਰੀ ਖੇਤਰਾਂ ਵਿੱਚ ਸਰਕਾਰੀ ਸੀਨੀਅਰ ਸਕੂਲ ਨਹੀਂ ਖੋਲ੍ਹੇ ਗਏ।
ਹੁਣ ਅਸੀਂ ਇਨ੍ਹਾਂ ਮਦਾਂ ਬਾਬਤ ਇਸ ਸਰਵੇਖਣ ਦੇ, ਸਰਕਾਰ ਵੱਲੋਂ ਪ੍ਰਕਾਸ਼ਿਤ ਕੀਤੇ, ਵਿਧਾਨ ਸਭਾ ਵਿੱਚ ਪੇਸ਼, ਈ ਸਕੂਲਜ਼ ਪੰਜਾਬ ਉਪਰ ਪਾਏ, ਬਜਟ ਦਸਤਵੇਜ਼ਾਂ ਵਿੱਚ ਦਿੱਤੇ ਅਤੇ ਸੂਚਨਾ ਅਧਿਕਾਰ ਕਾਨੂੰਨ ਤਹਿਤ ਉਪਲਬਧ ਕਰਵਾਏ ਅੰਕੜਿਆਂ ਉਪਰ ਨਜ਼ਰ ਮਾਰਦੇ ਹਾਂ। ਵੇਖਦੇ ਹਾਂ ਕਿ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਤੀਜੀ, ਪੰਜਵੀ ਤੇ ਅੱਠਵੀਂ ਦੇ ਵਿਦਿਆਰਥੀਆਂ ਦਾ ਸਿਖਲਾਈ ਪ੍ਰਾਪਤੀ ਪੱਧਰ ਕੀ ਹੈ? ਕਿੰਨੇ ਫ਼ੀਸਦੀ ਕੀ ਕਰਨ ਦੇ ਅਸਮਰੱਥ ਹਨ, ਸਾਰਣੀ 1 ਵਿੱਚ ਸਪਸ਼ਟ ਹੈ।
ਇਸ ਸਾਰਣੀ ਤੋਂ ਸਪਸ਼ਟ ਹੈ ਕਿ ਤੀਜੀ, ਪੰਜਵੀਂ ਤੇ ਅੱਠਵੀਂ ਤਿੰਨਾਂ ਪੱਧਰਾਂ ਉਪਰ ਪੰਜਾਬੀ, ਹਿਸਾਬ ਤੇ ਅੰਗਰੇਜ਼ੀ ਵਿੱਚ ਸਰਕਾਰੀ ਸਕੂਲਾਂ ਦੇ ਮੁਕਾਬਲੇ ਪ੍ਰਾਈਵੇਟ ਦੀ ਪੜ੍ਹਾਈ ਦੀ ਪ੍ਰਾਪਤੀ ਬਹੁਤ ਬਿਹਤਰ ਹੈ, ਬੇਸ਼ੱਕ ਉੱਥੇ ਵੀ ਅਜੇ ਹੋਰ ਸੁਧਾਰ ਦੀ ਲੋੜ ਹੈ। ਸਾਲ 2012 ਦੇ ਮੁਕਾਬਲੇ ਸਾਲ 2022 ਵਿੱਚ ਪੰਜਾਬੀ ਪੜ੍ਹਣ ਵਿੱਚ ਤੀਜੀ ਜਮਾਤ ਦੇ ਮਿਆਰ ਵਿੱਚ ਗਿਰਾਵਟ ਆਈ ਹੈ ਜੋ ਸਰਕਾਰੀ ਸਕੂਲਾਂ ਦੇ ਬੱਚਿਆਂ ਵਿੱਚ ਕਾਫ਼ੀ ਜ਼ਿਆਦਾ ਹੈ।
ਪੰਜਵੀਂ ਤੇ ਅੱਠਵੀਂ ਦੇ ਮਿਆਰ ਵਿੱਚ ਸਰਕਾਰੀ ਸਕੂਲਾਂ ਵਿੱਚ ਗਿਰਾਵਟ ਤੇ ਪ੍ਰਾਈਵੇਟ ਵਿੱਚ ਸੁਧਾਰ ਹੈ। ਗਣਿਤ ਵਿੱਚ ਪ੍ਰਾਈਵੇਟ ਦੇ ਮੁਕਾਬਲੇ ਸਰਕਾਰੀ ਵਿੱਚ 3 ਤੋਂ 8 ਗੁਣਾ ਗਿਰਾਵਟ ਆਈ ਹੈ। ਅੰਗਰੇਜ਼ੀ ਵਿੱਚ ਪੰਜਵੀਂ ਵਿੱਚ ਸਰਕਾਰੀ ਵਿੱਚ ਮਾਮੂਲੀ ਗਿਰਾਵਟ ਅਤੇ ਪ੍ਰਾਈਵੇਟ ਵਿੱਚ ਸੁਧਾਰ ਹੈ ਜਦੋਂਕਿ ਅੱਠਵੀਂ ਵਿੱਚ ਦੋਹਾਂ ਵਿੱਚ ਸੁਧਾਰ ਹੈ। ਅਸੀਂ ਤਾਂ ਬੱਚਿਆਂ ਹੱਥੋਂ ‘ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥’ ਦਾ ਗੁਰ ਵੀ ਖੋਹ ਲਿਆ। ਸਰਕਾਰੀ ਸਕੂਲਾਂ ਦੀ ਗਿਣਤੀ ਸਾਰਣੀ 3 ਵਿੱਚ ਸਪਸ਼ਟ ਹੈ।
ਭਾਰਤ ਸਰਕਾਰ ਦੇ ਅੰਕੜਿਆਂ ਮੁਤਾਬਿਕ ਮੈਰੀਟੋਰੀਅਸ, ਆਦਰਸ਼, ਆਰ.ਐਮ.ਐੱਸ.ਏ., ਸਥਾਨਕ ਸਰਕਾਰਾਂ, ਸਮਾਜ ਭਲਾਈ ਅਤੇ ਕੇਂਦਰ ਸਰਕਾਰ ਦੇ ਮਿਲਾ ਕੇ ਵੀ ਕੁੱਲ ਸਕੂਲ 19316 (12834 + 2559 + 1753 + 2170 ) ਜਿਨ੍ਹਾਂ ਵਿੱਚ ਦਾਖਲ ਬੱਚੇ ਸਾਰਣੀ 4 ਅਤੇ ਅਧਿਆਪਕਾਂ ਦੀ ਗਿਣਤੀ ਸਾਰਣੀ 5 ਵਿੱਚ ਦਰਸਾਏ ਹਨ ਜਦੋਂਕਿ ਪ੍ਰਾਈਵੇਟ ਸਕੂਲ 8072 ਹਨ। ਇਸ ਦੇ ਉਲਟ ਸਾਰਣੀ 3 ਵਿਚ ਸਕੂਲਾਂ ਦੀ ਗਿਣਤੀ ਵੱਖਰੀ ਦਰਸਾਈ ਗਈ ਹੈ।
ਪ੍ਰਤੀ ਅਧਿਆਪਕ ਬੱਚਿਆਂ ਦੀ ਗਿਣਤੀ 22.36 ਹੈ ਜਦੋਂਕਿ ਪੱਧਰ ਅਨੁਸਾਰ ਅਧਿਆਪਕ ਵਿਦਿਆਥੀ ਅਨੁਪਾਤ ਪਿਛਲੇ ਦੋ ਦਹਾਕਿਆਂ ਵਿੱਚ ਹੇਠਲੀ ਸਾਰਣੀ ਅਨੁਸਾਰ ਹੈ:
ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ ਦੇ ਕੁੱਲ 3,06,8893 ਮੁਲਾਜ਼ਮਾਂ ਵਿੱਚੋਂ 33,575 ਕੱਚੇ ਦਿਹਾੜੀਦਾਰ ਤੇ ਠੇਕੇ ‘ਤੇ ਰੱਖੇ ਹੋਏ ਹਨ। ਇਸ ਤਰ੍ਹਾਂ ਇਹ ਦਾਅਵਾ ਵੀ ਸਹੀ ਨਹੀਂ ਹੈ ਕਿ 40 ਫ਼ੀਸਦੀ ਅਧਿਆਪਕ ਕੱਚੇ, ਦਿਹਾੜੀਦਾਰ ਜਾਂ ਠੇਕੇ ‘ਤੇ ਹਨ।
ਸਿੱਖਿਆ ਵਿਭਾਗ ਵੱਲੋਂ ਸੂਚਨਾ ਅਧਿਕਾਰ ਕਾਨੂੰਨ ਤਹਿਤ ਪਿਛਲੇ ਇੱਕ ਦਹਾਕੇ ਦੀ ਦਿੱਤੀ ਜਾਣਕਾਰੀ ਅਨੁਸਾਰ ਸ਼ਹਿਰੀ ਖੇਤਰ ਵਿੱਚ 117 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਲ੍ਹੇ ਹਨ। ਇਸ ਉਪਰ ਪੜਤਾਲ ਦੀ ਲੋੜ ਹੈ। ਸਾਡਾ ਤਾਂ ਹਾਲ ਹੈ, ‘ਪੰਡਿਤ ਵਾਚਹਿ ਪੋਥੀਆ ਨਾ ਬੂਝਹਿ ਵੀਚਾਰੁ॥ ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ॥’
ਪੰਜਾਬ ਸਰਕਾਰ ਦਾ ਸਕੂਲੀ ਸਿੱਖਿਆ ਬਜਟ 2022-23 ਪ੍ਰਾਇਮਰੀ ਲਈ 4471 ਕਰੋੜ ਰੁਪਏ ਤੇ ਸੈਕੰਡਰੀ ਲਈ 8477 ਕਰੋੜ ਰੁਪਏ ਹੈ ਭਾਵ ਕੁੱਲ ਸਕੂਲੀ ਸਿੱਖਿਆ ਬਜਟ 12941 ਕਰੋੜ ਹੈ ਜੋ ਦਾਖਲ ਦਰਸਾਏ ਕੁੱਲ 28,86,380 ਬੱਚਿਆਂ ਵਾਸਤੇ ਵੀ 45000 ਰੁਪਏ ਪ੍ਰਤੀ ਦਾਖਲ ਵਿਦਿਆਰਥੀ ਹੈ ਜਦੋਂਕਿ ਕਦੇ ਵੀ 72 ਫ਼ੀਸਦੀ ਤੋਂ ਵੱਧ ਵਿਦਿਆਰਥੀ ਹਾਜ਼ਰ ਨਹੀਂ ਪਾਏ ਗਏ। ਜੇਕਰ ਸਹੀ ਤਰੀਕੇ ਨਾਲ ਹਿਸਾਬ ਕਿਤਾਬ ਕੀਤਾ ਜਾਵੇ ਤਾਂ ਪ੍ਰਤੀ ਬੱਚਾ ਖਰਚਾ ਪ੍ਰਤੀ ਸਾਲ 50,000 ਤੋਂ ਵੱਧ ਹੈ।
ਸੰਪਰਕ: 99145-05009
ਬੀਤੇ ਸਮਿਆਂ ਦੇ ਸਕੂਲਾਂ ਦੀ ਕਹਾਣੀ
ਬੱਚਾ ਫੱਟੀ ਪੋਚਦਾ
ਅਮਰਜੀਤ ਚੰਦਨ
ਬੱਚਾ ਫੱਟੀ ਪੋਚ ਰਿਹਾ ਹੈ
ਛੁੱਟੀ ਦੀ ਘੰਟੀ ਵੱਜੀ
ਭੱਜ ਕੇ ਆਇਆ ਬੱਚਾ
ਸੁੱਟੀ ਫੱਟੀ ਪਾਣੀ ਅੰਦਰ
ਅਪਣਾ ਲਿਖਿਆ ਮੇਸ ਰਿਹਾ ਹੈ
ਬੱਚਾ ਫੱਟੀ ਪੋਚ ਰਿਹਾ ਹੈ
ਸਿਆਹੀ ਖੁਰਦੀ ਢਲ਼ਦੀ ਵਹਿੰਦੇ ਪਾਣੀ ਅੰਦਰ
ਗਾਚੀ ਘਸਦੀ ਰੰਗ ਰਚਦੀ ਹੈ
ਅੱਖਰ ਗੂੜ੍ਹੇ ਹੁੰਦੇ
ਸ਼ਬਦ ਵੀ ਗੂੜ੍ਹੇ ਅਰਥ ਵੀ ਗੂੜ੍ਹੇ
ਫਿਰ ਲਿਖੇ ਹੋਏ ‘ਤੇ ਲਿਖਣਾ
ਧੁਰ ਦਾ ਲਿਖਿਆ ਪੜ੍ਹਨਾ
ਹੌਲ਼ੀ ਹੌਲ਼ੀ ਸੋਚ ਰਿਹਾ ਹੈ
ਬੱਚਾ ਫੱਟੀ ਪੋਚ ਰਿਹਾ ਹੈ
ਅੰਬ ਦੀ ਲੱਕੜੀ ਰੰਗਲੀ ਮਿੱਟੀ
ਸੁੱਕਦੀ ਧੁੱਪ ਹਵਾ ਵਿਚ ਗਾਉਂਦੀ
ਨਾਲ਼ ਗਾਂਵਦਾ ਬੱਚਾ
ਗੇਂਦ ਸ਼ਬਦ ਦੀ ਬੋਚ ਰਿਹਾ ਹੈ
ਬੱਚਾ ਫੱਟੀ ਪੋਚ ਰਿਹਾ ਹੈ
* * *
ਛੁੱਟੀ ਦੀ ਘੰਟੀ
ਆਰੀਆ ਸਕੂਲ ਨਕੋਦਰ ਦੀ ਨਿੰਮ ਹੇਠ
ਨਮੋਲ਼ੀਆਂ ਦੀ ਗੰਧ ਲਟਕਦੀ ਹੈ
ਨਾਲ਼ ਓਸਦੇ ਘਟੀ
ਘੰਟੀ ਕੀ ਹੈ ਰੇਲ ਦਾ ਕੱਟਿਆ ਟੋਟਾ ਹੈ
ਜੋ ਵੱਡੇ-ਸਾਰੇ ਪੇਚ ਨਾਲ਼ ਵਜਾਇਆਂ ਟੁਣਕਦਾ ਹੈ
ਘੰਟੀ ‘ਤੇ ਛਣੀ ਹੋਈ ਧੁੱਪ ਪੈਂਦੀ ਹੈ
ਛਾਂ ਹਿੱਲਦੀ ਹੈ ਪੱਤਿਆਂ ਦੇ ਨਾਲ਼ ਨਾਲ਼
ਸੰਸਕ੍ਰਿਤ ਦਾ ਮਾਸਟਰ ਪਾਠ ਪੜ੍ਹਾਉਂਦਾ ਹੈ –
ਰਾਮ: ਕਿਮ ਕਰੋਤ
ਰਾਮ: ਪਾਠਮ ਪਠਤੀ
ਮਾਸਟਰ ਦੀ ਛੇੜ ਮੁੰਡਿਆਂ ‘ਚਿੜਾ’ ਪਾਈ ਹੋਈ ਹੈ
ਉਹ ਚਿੜੇ ਦੇ ਪਿੱਛੇ-ਪਿੱਛੇ ਬੋਲਦੇ ਹਨ
ਪਰ ਧਿਆਨ ਉਨ੍ਹਾਂ ਦਾ
ਨਿੰਮ ਹੇਠ ਲਟਕਦੇ ਲੋਹੇ ਦੇ ਟੋਟੇ ਵਲ ਹੈ
ਉਹ ਸਾਰਾ ਦਿਨ ਪਾਠ ਪੜ੍ਹ-ਪੜ੍ਹ ਹੰਭ ਗਏ ਹਨ
ਉਨ੍ਹਾਂ ਨੂੰ ਭੁੱਖ ਲੱਗੀ ਹੋਈ ਹੈ
ਉਨ੍ਹਾਂ ਘਰ ਜਾਣਾ ਹੈ
ਰਾਮ ਦਾ ਪਾਠ ਪੜ੍ਹਦਿਆਂ ਉਹ ਸੋਚਦੇ ਹਨ –
ਕਦੋਂ ਵੱਜੇਗੀ ਛੁੱਟੀ ਦੀ ਇਹ ਘੰਟੀ? .