ਸਰਹੱਦੋਂ ਪਾਰ ਮੇਲਾ ਚਿਰਾਗ਼ਾਂ

ਸਰਹੱਦੋਂ ਪਾਰ ਮੇਲਾ ਚਿਰਾਗ਼ਾਂ

ਸੁਭਾਸ਼ ਪਰਿਹਾਰ

ਸਾਂਝਾ ਵਿਰਸਾ

ਮੇਲਾ ਚਿਰਾਗ਼ਾਂ’ ਲਾਹੌਰ ਵਿਚ ਲੱਗਣ ਵਾਲੇ ਸਭ ਤੋਂ ਪ੍ਰਸਿੱਧ ਮੇਲਿਆਂ ਵਿਚੋਂ ਹੈ। ਇਹ ਮੇਲਾ ਸੋਲ੍ਹਵੀਂ ਸਦੀ ਦੇ ਪੰਜਾਬੀ ਸੂਫ਼ੀ ਸ਼ਾਇਰ ਸ਼ਾਹ ਹੁਸੈਨ (1538-99) ਦੇ ਉਰਸ (ਬਰਸੀ) ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਸ਼ਾਹ ਹੁਸੈਨ ਦਾ ਮਜ਼ਾਰ ਸ਼ਾਲੀਮਾਰ ਬਾਗ਼ ਦੇ ਨਜ਼ਦੀਕ ਮਹੱਲਾ ਬਾਗ਼ਬਾਨਪੁਰਾ ਵਿਚ ਹੈ। ਪਹਿਲਾਂ ਇਹ ਮੇਲਾ ਸ਼ਾਲੀਮਾਰ ਬਾਗ਼ ਵਿਚ ਵੀ ਲੱਗਦਾ ਸੀ, ਪਰ 1958 ਵਿਚ ਜਨਰਲ ਅਯੂਬ ਖ਼ਾਨ ਨੇ ਮੇਲੇ ਲਈ ਬਾਗ਼ ਨੂੰ ਵਰਤਣ ਦੀ ਮਨਾਹੀ ਕਰ ਦਿੱਤੀ ਸੀ। ਸ਼ਾਲੀਮਾਰ ਬਾਗ਼ ਇੱਕ ਇਤਿਹਾਸਕ ਸਮਾਰਕ ਹੈ ਅਤੇ ਇਸ ਨੂੰ ਮੇਲੇ ਦੀ ਬੇਮੁਹਾਰੀ ਭੀੜ ਤੋਂ ਸੁਰੱਖਿਅਤ ਰੱਖਣ ਲਈ ਹੀ ਅਜਿਹਾ ਕੀਤਾ ਗਿਆ ਹੋਵੇਗਾ।

ਪਹਿਲਾਂ ਇਹ ਮੇਲਾ ਚੰਨ-ਮਹੀਨੇ ਦੀ ਚੌਦਾਂ ਤਾਰੀਖ਼ ਨੂੰ ਮਨਾਇਆ ਜਾਂਦਾ ਸੀ, ਪਰ ਬਾਅਦ ਵਿਚ ਮੇਲੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਇਸ ਲਈ ਮਾਰਚ ਮਹੀਨੇ ਦਾ ਆਖ਼ਰੀ ਐਤਵਾਰ ਨਿਰਧਾਰਤ ਕੀਤਾ ਗਿਆ ਹੈ। ਉਂਜ ਮੇਲਾ ਸ਼ੁਰੂ ਤਾਂ ਸ਼ੁਕਰਵਾਰ ਨੂੰ ਹੀ ਹੋ ਜਾਂਦਾ ਹੈ

ਅਤੇ ਤਿੰਨ ਦਿਨ ਚਲਦਾ ਹੈ। ਮਜ਼ਾਰ ਦੇ ਵਿਹੜੇ ’ਚ ਵੱਡਾ ਧੂਣਾ ਧੁਖਾਇਆ ਜਾਂਦਾ ਹੈ ਜਿਸ ਤੋਂ ਲੋਕ ਚਿਰਾਗ਼ ਰੌਸ਼ਨ ਕਰਦੇ ਹਨ। ਇਸੇ ਲਈ ਇਸ ਦਾ ਨਾਂ ‘ਮੇਲਾ ਚਿਰਾਗ਼ਾਂ’ ਪੈ ਗਿਆ।

ਸ਼ਾਹ ਹੁਸੈਨ ਇਤਿਹਾਸਕ ਪਾਤਰ ਹੈ ਜੋ ਬਾਬਾ ਨਾਨਕ ਦੇ ਜੋਤੀ ਜੋਤ ਸਮਾਉਣ ਤੋਂ ਸਾਲ ਪਹਿਲਾਂ ਪੈਦਾ ਹੋਇਆ ਸੀ ਅਤੇ ਅਗਲੇ ਚਾਰ ਗੁਰੂ ਸਾਹਿਬਾਨ ਦਾ ਸਮਕਾਲੀ ਸੀ। ਉਸ ਦੇ ਪਿਤਾ ਦਾ ਨਾਂ ਸ਼ੇਖ਼ ਉਸਮਾਨ ਸੀ। ਕਿਹਾ ਜਾਂਦਾ ਹੈ ਕਿ ਇਨ੍ਹਾਂ ਦੇ ਪੁਰਖਿਆਂ ਨੇ ਸੁਲਤਾਨ ਫ਼ਿਰੋਜ਼ ਸ਼ਾਹ (1351-88) ਦੇ ਰਾਜਕਾਲ ਸਮੇਂ ਇਸਲਾਮ ਧਰਮ ਸਵੀਕਾਰ ਕਰ ਲਿਆ ਸੀ।

ਸ਼ਾਹ ਹੁਸੈਨ ਦੇ ਜੀਵਨ-ਕਾਲ ਦੌਰਾਨ ਪੰਜਾਬ ਵਿਚ ਤੁਲਨਾਤਮਕ ਤੌਰ ’ਤੇ ਰਾਜਨੀਤਿਕ ਸਥਿਰਤਾ ਸੀ ਅਤੇ ਧਾਰਮਿਕ ਮਾਹੌਲ ਉਦਾਰਵਾਦੀ ਵਿਚਾਰਾਂ ਦਾ ਸੀ। ਜਦ ਸ਼ਾਹ ਹੁਸੈਨ ਅਠਾਰਾਂ ਕੁ ਸਾਲਾਂ ਦਾ ਹੋਇਆ ਹਿੰਦੋਸਤਾਨ ਦੇ ਰਾਜ-ਸਿੰਘਾਸਨ ’ਤੇ ਧਰਮ-ਨਿਰਪੇਖ ਸੋਚ ਦਾ ਮਾਲਿਕ ਅਕਬਰ ਸੁਸ਼ੋਭਿਤ ਹੋ ਗਿਆ ਸੀ। ਪੰਜਾਬ ਦੀ ਫ਼ਿਜ਼ਾ ਵਿਚ ਗੁਰੂ ਸਾਹਿਬਾਨ ਅਤੇ ਹੋਰ ਸੰਤਾਂ-ਫ਼ਕੀਰਾਂ ਦੀ ਬਾਣੀ ਗੂੰਜ ਰਹੀ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਸੰਪਾਦਨ ਹੋਣ ਦੀ ਪ੍ਰਕਿਰਿਆ ਵਿਚ ਸੀ।

ਬਾਵਾ ਬੁੱਧ ਸਿੰਘ ਨੇ ਕਿਤਾਬ ਹੰਸ ਚੋਗ ਵਿਚ ਲਿਖਿਆ ਹੈ ਕਿ ਸ਼ਾਹ ਹੁਸੈਨ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਆਦਿ ਗ੍ਰੰਥ ਵਿਚ ਸ਼ਾਮਲ ਕਰਨ ਲਈ ਆਪਣੀਆਂ ਬਾਣੀਆਂ ਵੀ ਪ੍ਰਸਤੁਤ ਕੀਤੀਆਂ ਸਨ, ਪਰ ਗੁਰੂ ਜੀ ਨੂੰ ਇਹ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਾਧਾਰਾ ਨਾਲ ਢੁਕਦੀਆਂ ਨਹੀਂ ਜਾਪੀਆਂ। ਸੂਫ਼ੀਵਾਦ ਅਤੇ ਫ਼ਾਰਸੀ ਦੇ ਵਿਦਵਾਨ ਡਾ. ਜੀਤ ਸਿੰਘ ਸੀਤਲ ਨੇ ਸ਼ਾਹ ਹੁਸੈਨ ਦੀਆਂ ਲਿਖਤਾਂ ਅਤੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਵਿਚ ਅਨੇਕਾਂ ਸਮਾਨਤਾਵਾਂ ਵੱਲ ਇਸ਼ਾਰਾ ਕੀਤਾ ਹੈ। ਡਾ. ਕਾਲਾ ਸਿੰਘ ਬੇਦੀ ਨੇ ਆਪਣੀ ਕਿਤਾਬ ਸ਼ਾਹ ਹੁਸੈਨ ਰਚਨਾਵਲੀ ਵਿਚ ਇਨ੍ਹਾਂ ਸਮਾਨਤਾਵਾਂ ਨੂੰ ਸੂਚੀਬੱਧ ਵੀ ਕੀਤਾ ਹੈ। ਦਰਅਸਲ, ਉਸ ਸਮੇਂ ਸਾਰੇ ਮੁਲਕ ਵਿਚ ਪ੍ਰਚਲਿਤ ਭਗਤੀ ਲਹਿਰ ਦੇ ਸਾਧਾਂ-ਸੰਤਾਂ ਦੀ ਬਾਣੀ ਦੀ ਭਾਸ਼ਾ ਇਕੋ ਜਿਹੀ ਹੀ ਹੈ ਜਿਸ ਨੂੰ ‘ਸਾਧੁਕੜੀ’ ਵੀ ਕਿਹਾ ਜਾਂਦਾ ਹੈ।

ਬਾਦਸ਼ਾਹ ਸ਼ਾਹਜਹਾਂ ਦਾ ਜੇਠਾ ਪੁੱਤਰ ਸ਼ਹਿਜ਼ਾਦਾ ਦਾਰਾ ਸ਼ਿਕੋਹ ਆਪਣੀ ਕਿਤਾਬ ਹਸਨਾਤ ਅਲ-ਆਰਿਫ਼ੀਨ ਵਿਚ ਲਿਖਦਾ ਹੈ ਕਿ ਉਸ ਦਾ ਦਾਦਾ ਸਲੀਮ (ਜੋ ਬਾਅਦ ਵਿਚ ਜਹਾਂਗੀਰ ਦੇ ਨਾਂ ਨਾਲ ਗੱਦੀ ’ਤੇ ਬੈਠਾ) ਸ਼ਾਹ ਹੁਸੈਨ ਦਾ ਬਹੁਤ ਸਤਿਕਾਰ ਕਰਦਾ ਸੀ ਅਤੇ ਉਸ ਨੇ ਬਹਾਰ ਖ਼ਾਨ ਨਾਂ ਦੇ ਲੇਖਕ ਨੂੰ ਸਿਰਫ਼ ਇਸ ਕੰਮ ਲਈ ਨਿਯੁਕਤ ਕੀਤਾ ਸੀ ਕਿ ਉਹ ਇਸ ਫ਼ਕੀਰ ਦੇ ਦੈਨਿਕ ਜੀਵਨ ਦੀ ਡਾਇਰੀ ਤਿਆਰ ਕਰੇ। ਇਸ ਤਰ੍ਹਾਂ ਲਿਖੀ ਗਈ ਬਹਾਰੀਆ ਨਾਂ ਦੀ ਇਸ ਡਾਇਰੀ ਬਾਰੇ ਹੁਣ ਕੋਈ ਜਾਣਕਾਰੀ ਉਪਲੱਬਧ ਨਹੀਂ ਹੈ। ਨਾ ਹੀ ਜਹਾਂਗੀਰ ਆਪਣੀ ਕਿਤਾਬ ਤੁਜ਼ੁਕ-ਇ ਜਹਾਂਗੀਰੀ ਵਿਚ ਕਿਤੇ ਵੀ ਸ਼ਾਹ ਹੁਸੈਨ ਦਾ ਕੋਈ ਜ਼ਿਕਰ ਕਰਦਾ ਹੈ।

ਇਹ ਵੀ ਇਤਿਹਾਸਕ ਤੱਥ ਹੈ ਕਿ ਮਹਾਰਾਜਾ ਰਣਜੀਤ ਸਿੰਘ ਸ਼ਾਹ ਹੁਸੈਨ ਦੀ ਦਰਗਾਹ ਨਾਲ ਅਕੀਦਤ ਰੱਖਦਾ ਸੀ। ਉਹ ਕਈ ਵਾਰ ਬਸੰਤ ਦਾ ਤਿਉਹਾਰ ਇਸ ਫ਼ਕੀਰ ਦੇ ਮਜ਼ਾਰ ’ਤੇ ਮਨਾਉਂਦਾ ਸੀ ਜਿਸ ਦਾ ਜ਼ਿਕਰ ਉਸ ਦਾ ਦਰਬਾਰੀ ਇਤਿਹਾਸਕਾਰ ਸੋਹਨ ਲਾਲ ਸੂਰੀ ਉਮਦਾਤ ਅਲ-ਤਵਾਰੀਖ਼ ਵਿਚ ਵੀ ਕਰਦਾ ਹੈ। ਉਹ ਸਾਂਝੇ ਸੰਮਤ 1815 ਵਿਚ ਬਸੰਤ ਦੇ ਦਿਨ ਮਹਾਰਾਜੇ ਦੇ ਸ਼ਾਹ ਹੁਸੈਨ ਦੇ ਮਜ਼ਾਰ ’ਤੇ ਜਾਣ ਦਾ ਜ਼ਿਕਰ ਕਰਦਾ ਹੈ। ਸੋਹਨ ਲਾਲ ਇਹ ਵੀ ਲਿਖਦਾ ਹੈ ਕਿ 1830 ਦੀ ਬਸੰਤ ਦੇ ਦਿਨ ਵੀ ਮਹਾਰਾਜਾ ਨੇ ਤੀਸਰੇ ਪਹਿਰ ਕਿਲ੍ਹੇ ਵਿੱਚੋਂ ਨਿਕਲ ਕੇ ਦਿੱਲੀ ਦਰਵਾਜ਼ੇ ਦੇ ਬਾਹਰਲੇ ਪਾਸੇ ਤੋਂ ਲੈ ਕੇ ਸ਼ਾਹ ਹੁਸੈਨ ਦੇ ਮਕਬਰੇ ਤਕ ਫ਼ੌਜਾਂ ਦਾ ਨਿਰੀਖਣ ਕੀਤਾ ਸੀ। ਇਕ ਵਾਰ ਮਹਾਰਾਜੇ ਨੇ ਆਪਣੇ ਸਾਰੇ ਸਰਦਾਰਾਂ, ਕਰਮਚਾਰੀਆਂ, ਮੁਨਸ਼ੀ, ਕਲਰਕਾਂ ਅਤੇ ਵਕੀਲਾਂ ਨੂੰ ਬਸੰਤੀ ਸਿਰੋਪੇ ਭੇਟ ਕੀਤੇ। ਉਨ੍ਹਾਂ ਨੂੰ ਇਕੋ ਰੰਗ ਦੇ ਕੱਪੜੇ ਪਾਉਣ ਅਤੇ ਕਿਲ੍ਹੇ ਤੋਂ ਕਬਰ ਤੱਕ ਸੜਕ ਦੇ ਦੋਵੇਂ ਪਾਸੇ ਖੜ੍ਹੇ ਹੋਣ ਦਾ ਹੁਕਮ ਦਿੱਤਾ ਸੀ। ਰਣਜੀਤ ਸਿੰਘ ਦੀ ਰਾਣੀ ਮੋਰਾਂ ਨੇ ਸ਼ਾਹ ਹੁਸੈਨ ਦੇ ਮਜ਼ਾਰ ਨੇੜੇ ਇਕ ਮਸਜਿਦ ਵੀ ਬਣਵਾਈ ਸੀ।

ਸ਼ਾਹ ਹੁਸੈਨ ਦੀ ਪ੍ਰਸਿੱਧੀ ਸੂਫ਼ੀ ਸੰਤ ਹੋਣ ਨਾਲੋਂ ਵਧੇਰੇ ਪੰਜਾਬੀ ਦਾ ਚੋਟੀ ਦਾ ਸ਼ਾਇਰ ਹੋਣ ਕਰਕੇ ਹੈ। ਪੰਜਾਬੀ ਦੇ ਵਿਦਵਾਨ ਡਾ. ਮੋਹਨ ਸਿੰਘ ਦੀਵਾਨਾ ਅਨੁਸਾਰ ‘ਹੁਸੈਨ ਅਨੁਭਵੀ, ਮਸਤ, ਸੋਚਵਾਨ, ਸਰਬੰਗੀ ਚੇਤਨਤਾ ਵਾਲਾ ਕਵੀ ਹੈ...।’ ਉਸ ਨੇ ਆਪਣੀ ਰਚਨਾ ਸੋਲ੍ਹਵੀਂ ਸਦੀ ਵਿਚ ਪ੍ਰਚਲਿਤ ਵਿਸ਼ੇਸ਼ ਕਾਵਿ ਰੂਪ ‘ਕਾਫ਼ੀ’ ਵਿਚ ਕੀਤੀ ਜਿਸ ਦੇ ਅਰੰਭ ਵਿਚ ਇੱਕ ਸਥਾਈ ਹੁੰਦੀ ਹੈ ਅਤੇ ਇਸ ਦੇ ਬਾਅਦ ਆਮ ਤੌਰ ’ਤੇ ਚਾਰ ਤੋਂ ਦਸ ਤੱਕ ਕਾਫ਼ੀਆਬੰਦ ਸਤਰਾਂ। ਵਿਦਵਾਨ ਡਾ. ਕਾਲਾ ਸਿੰਘ ਬੇਦੀ ਮੁਤਾਬਿਕ ਇਸ ਕਾਵਿ ਰੂਪ ਵਿਚ ਆਮ ਤੌਰ ’ਤੇ ਰੱਬੀ ਪਿਆਰ ਨੂੰ ਹੀ ਅੰਕਿਤ ਕੀਤਾ ਜਾਂਦਾ ਹੈ। ਸ਼ਾਹ ਹੁਸੈਨ ਦੀਆਂ ਕੁੱਲ ਕਾਫ਼ੀਆਂ 34 ਰਾਗਾਂ ਵਿਚ ਹਨ। ਇਨ੍ਹਾਂ ਵਿਚ ਉਨ੍ਹਾਂ ਨੇ ਆਪਣੇ ਅਤੇ ਖ਼ੁਦਾ ਦੇ ਪਿਆਰ ਨੂੰ ਹੀਰ ਅਤੇ ਰਾਂਝੇ ਦੇ ਪਿਆਰ ਨਾਲ ਤਸ਼ਬੀਹ ਦਿੱਤੀ ਹੈ ਜਿਵੇਂ ਬਾਅਦ ਵਿਚ ਅਠਾਰ੍ਹਵੀਂ ਸਦੀ ਦੇ ਸੂਫ਼ੀ ਸ਼ਾਇਰ ਬੁਲ੍ਹੇ ਸ਼ਾਹ ਨੇ ਵੀ ਕੀਤਾ। ਸ਼ਾਹ ਹੁਸੈਨ ਦੇ ਕਾਵਿ ਦੀ ਇੱਕ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਵਿਚ ਵਰਤੀਆਂ ਗਈਆਂ ਤਸ਼ਬੀਹਾਂ ਰੋਜ਼ਮੱਰਾ ਜੀਵਨ ਵਿਚੋਂ ਲਈਆਂ ਗਈਆਂ ਹਨ। ਪੇਸ਼ੇ ਵਜੋਂ ਉਹ ਕਬੀਰ ਵਾਂਙ ਜੁਲਾਹੇ ਦਾ ਕੰਮ ਕਰਦਾ ਸੀ ਜਿਸ ਦਾ ਪਰਛਾਵਾਂ ਉਸ ਦੀਆਂ ਕਾਫ਼ੀਆਂ ਦੇ ਰੂਪਕਾਂ ਅਤੇ ਉਪਮਾ ਅਲੰਕਾਰਾਂ ਵਿਚ ਨਜ਼ਰ ਆਉਂਦਾ ਹੈ। ਜਿਵੇਂ

‘ਸੁਰਤਿ ਕਾ ਤਾਣਾ ਨਿਰਤ ਕਾ ਬਾਣਾ, ਸੱਚ ਕਾ ਕਪੜਾ ਵੁਣ ਜਿੰਦੇ ਨੀ’

ਜਾਂ

‘ਕੱਤਣ ਸਿੱਖ ਨੀ ਵਲੱਲੀਏ ਕੁੜੇ, ਚੜ੍ਹਿਆ ਲੋੜੇ ਖਾਰੀ। ਤੰਦ ਟੁਟੀ ਅਟੇਰਨ ਭੰਨਾ, ਚਰਖੇ ਦੀ ਕਰ ਕਾਰੀ।

ਕਲਾਮ ਦੀ ਮੂਲ ਬੋਲੀ ਲਾਹੌਰੀ ਹੈ, ਪਰ ਇਸ ਵਿਚ ਪੋਠੋਹਾਰੀ ਅਤੇ ਮੁਲਤਾਨੀ ਦੇ ਸ਼ਬਦਾਂ ਦੀ ਵਰਤੋਂ ਵੀ ਹੈ। ਬੋਲੀ ਦੀ ਮਿਠਾਸ ਕਾਰਨ ਹੁਣ ਇਹ ਕਾਫ਼ੀਆਂ ਲੋਕਗੀਤਾਂ ਦਾ ਰੂਪ ਲੈ ਚੁੱਕੀਆਂ ਹਨ। ਇਨ੍ਹਾਂ ਦੀ ਭਾਸ਼ਾ ਇੰਨੀ ਸਾਦੀ ਹੈ ਕਿ ਚਾਰ ਸੌ ਸਾਲ ਤੋਂ ਵੱਧ ਪਹਿਲਾਂ ਲਿਖੀਆਂ ਇਨ੍ਹਾਂ ਕਾਫ਼ੀਆਂ ਨੂੰ ਸਮਝਣ ਵਿਚ ਅੱਜ ਵੀ ਕੋਈ ਮੁਸ਼ਕਿਲ ਨਹੀਂ ਆਉਂਦੀ। ਇਨ੍ਹਾਂ ਲਿਖਤਾਂ ਨੂੰ ਪਾਕਿਸਤਾਨ ਦੇ ਪਠਾਣੇ ਖ਼ਾਨ, ਨੁਸਰਤ ਫ਼ਤਿਹ ਅਲੀ ਖ਼ਾਨ, ਹਾਮਿਦ ਅਲੀ ਬੇਲਾ, ਫ਼ਿਦਾ ਹੁਸੈਨ, ਨਜ਼ੀਰ ਬੱਟ, ਗ਼ੁਲਾਮ ਅਲੀ, ਅਹਿਮਦ ਪਰਵੇਜ਼, ਆਬਿਦਾ ਪਰਵੀਨ ਆਦਿ ਵਰਗੇ ਚੋਟੀ ਦੇ ਗੁਲੂਕਾਰ ਗਾ ਚੁੱਕੇ ਹਨ ਹਨ। ਕੁਝ ਕਾਫ਼ੀਆਂ ਸੁਰਿੰਦਰ ਕੌਰ, ਜਗਜੀਤ ਕੌਰ ਅਤੇ ਘਣਸ਼ਿਆਮ ਦਾਸ ਨੇ ਵੀ ਗਾਈਆਂ ਹਨ। ਪਠਾਣੇ ਖ਼ਾਨ ਦੀ ਆਵਾਜ਼ ਵਿਚ ਸ਼ਾਹ ਹੁਸੈਨ ਦੀ ਇਹ ਕਾਫ਼ੀ ਸੁਣਨਯੋਗ ਹੈ:

ਮਾਏ ਨੀ ਮੈਂ ਕੀਹਨੂੰ ਆਖਾਂ, ਦਰਦ ਵਿਛੋੜੇ ਦਾ ਹਾਲ ਨੀ।

ਦੁਖਾਂ ਦੀ ਰੋਟੌ, ਸੂਲਾਂ ਦਾ ਸਾਲਣ, ਆਹੀਂ ਦਾ ਬਾਲਣ ਬਾਲ ਨੀ।

ਧੂੰਆਂ ਧੁਖੇ ਮੇਰੇ ਮੁਰਸ਼ਿਦ ਵਾਲਾ, ਜਾਂ ਫੋਲਾਂ ਤਾਂ ਲਾਲ ਨੀ।

ਜੰਗਲ ਬੇਲੇ ਫਿਰਾਂ ਢੂੰਡੇਂਦੀ, ਜਾਂ ਦੇਖਾਂ ਤਾਂ ਨਾਲ ਨੀ।

ਕਹੈ ਹੁਸੈਨ ਫਕੀਰ ਨਿਮਾਣਾ, ਸ਼ਹੁ ਦੇਖਾਂ ਤਾਂ ਥੀਵਾਂ ਨਿਹਾਲ ਨੀ।

ਬਾਅਦ ਦੇ ਸਾਰੇ ਸੂਫ਼ੀ ਕਵੀਆਂ ਦੀਆਂ ਲਿਖਤਾਂ

’ਤੇ ਸ਼ਾਹ ਹੁਸੈਨ ਦਾ ਪ੍ਰਭਾਵ ਹੈ। ਵੀਹਵੀਂ ਸਦੀ ਦੇ ਸੁਪ੍ਰਸਿੱਧ ਸ਼ਾਇਰ ਸ਼ਿਵ ਬਟਾਲਵੀ ਦੀਆਂ ਰਚਨਾਵਾਂ

’ਤੇ ਵੀ ਸ਼ਾਹ ਹੁਸੈਨ ਦਾ ਅਸਰ ਮਹਿਸੂਸ ਕੀਤਾ ਜਾ ਸਕਦਾ ਹੈ। ਸ਼ਿਵ ਨੂੰ ਵੀ ਸ਼ਾਹ ਹੁਸੈਨ ਵਾਂਙ ਹੀ

ਬਿਰਹਾ ਦਾ ਕਵੀ ਮੰਨਿਆ ਜਾਂਦਾ ਹੈ।

ਸ਼ਾਹ ਹੁਸੈਨ ਦੀ ਮਿਰਤੂ ਤਾਂ 1599 ਵਿਚ ਹੋਈ ਸੀ, ਪਰ ਉਨ੍ਹਾਂ ਦੇ ਮਜ਼ਾਰ ਉੱਪਰ ਉਸਰੀ ਇਮਾਰਤ ਨਵੀਂ ਹੀ ਹੈ। ਉਨੀਵੀਂ ਸਦੀ ਦੌਰਾਨ ਲਿਖੀ ਸੱਯਦ ਮੁਹੰਮਦ ਲਤੀਫ਼ ਦੀ ਕਿਤਾਬ ‘ਲਾਹੌਰ: ਇਟਸ ਹਿਸਟਰੀ, ਆਰਕਿਟੈੱਕਚਰਲ ਰੀਮੇਂਜ਼ ਐਂਡ ਐਂਟੀਕਵੀਟੀਜ਼’ ਵਿਚ ਵੀ ਇਹੋ ਲਿਖਿਆ ਹੈ ਕਿ ਕਬਰ ਦੇ ਆਸੇ-ਪਾਸੇ ਸਿਰਫ਼ ਜਾਲ਼ੀ ਹੈ। ਮਕਬਰੇ ਅੰਦਰ ਦੋ ਕਬਰਾਂ ਹਨ ਅਤੇ ਦੂਸਰੀ ਕਬਰ ਮਾਧੋ ਲਾਲ ਦੀ ਦੱਸੀ ਜਾਂਦੀ ਹੈ ਜੋ ਬ੍ਰਾਹਮਣਾਂ ਦਾ ਲੜਕਾ ਸੀ ਜਿਸ ਨਾਲ ਸ਼ਾਹ ਹੁਸੈਨ ਨੂੰ ਬਹੁਤ ਲਗਾਓ ਸੀ। ਆਪਣੀਆਂ ਦੋ ਕਾਫ਼ੀਆਂ ਵਿਚ ਸ਼ਾਹ ਹੁਸੈਨ ਮਾਧੋ ਲਾਲ ਦਾ ਜ਼ਿਕਰ ਵੀ ਕਰਦਾ ਹੈ। ਇਨ੍ਹਾਂ ਦੋਹਾਂ ਬਾਰੇ ਪਾਕਿਸਤਾਨੀ ਲੇਖਕ ਨੈਨ ਸੁੱਖ ਨੇ ਪੰਜਾਬੀ (ਸ਼ਾਹਮੁਖੀ ਲਿਪੀ) ਵਿਚ ‘ਮਾਧੋ ਲਾਲ ਹੁਸੈਨ ਦੀ ਵੇਲ’ ਨਾਂ ਦਾ ਨਾਵਲ ਵੀ ਲਿਖਿਆ ਹੈ।

ਭਾਵੇਂ ਪੂਰਬੀ ਪੰਜਾਬ ਵਿਚ ਸ਼ਾਹ ਹੁਸੈਨ ਦੀ ਕੋਈ ਨਿਸ਼ਾਨੀ ਨਹੀਂ ਮਿਲਦੀ ਪਰ ਫਿਰ ਵੀ ਉਸ ਦਾ ਕਲਾਮ ਦੋਹਾਂ ਪੰਜਾਬਾਂ ਦੇ ਪੰਜਾਬੀਆਂ ਵਿਚਕਾਰ ਸਾਂਝ ਦੀ ਤੰਦ ਹੈ। ਉਸ ਦਾ ਕਲਾਮ ਪੰਜਾਬੀ ਭਾਸ਼ਾ ਦੀ ਅਮੀਰੀ ਵਿਚ ਵਾਧਾ ਕਰਦਾ ਹੈ।

ਸੰਪਰਕ: 98728-22417

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All