ਵਾਹਗਿਓਂ ਪਾਰ

ਭਾਰਤ ਖ਼ਿਲਾਫ਼ ਉਲਾਂਭੇਬਾਜ਼ੀ ਤੇ ਸਬੂਤ...

ਭਾਰਤ ਖ਼ਿਲਾਫ਼ ਉਲਾਂਭੇਬਾਜ਼ੀ ਤੇ ਸਬੂਤ...

ਇਮਰਾਨ ਖ਼ਾਨ ਸਰਕਾਰ ਵੱਲੋਂ ਭਾਰਤ ਦੇ ਖ਼ਿਲਾਫ਼ ਜਿਹੜਾ ਡੌਸੀਅਰ ਸ਼ਨਿੱਚਰਵਾਰ ਨੂੰ ਵਿਦੇਸ਼ੀ ਮੀਡੀਆ ਸਾਹਮਣੇ ਪੇਸ਼ ਕੀਤਾ ਗਿਆ, ਉਸ ਬਾਰੇ ਵਿਦੇਸ਼ੀ ਮੀਡੀਆ ਦਾ ਹੁੰਗਾਰਾ ਤਾਂ ਬਹੁਤਾ ਹਾਂ-ਪੱਖੀ ਨਹੀਂ ਰਿਹਾ, ਪਰ ਪਾਕਿਸਤਾਨੀ ਮੀਡੀਆ ਨੇ ਉਸ ਨੂੰ ਖ਼ੂਬ ਉਛਾਲਿਆ ਹੈ। ‘ਹੁਣ ਆਈ ਬਿੱਲੀ ਥੈਲੇ ਤੋਂ ਬਾਹਰ’ ਸਿਰਲੇਖ ਵਾਲੀ ਸੰਪਾਦਕੀ ਵਿਚ ‘ਡੇਲੀ ਟਾਈਮਜ਼’ ਅਖ਼ਬਾਰ ਨੇ ਲਿਖਿਆ ਹੈ ਕਿ ਪਾਕਿਸਤਾਨ ਸਰਕਾਰ ਨੇ ਜੋ ‘ਸਬੂਤ’ ਸਾਹਮਣੇ ਲਿਆਂਦੇ ਹਨ, ਉਹ ਸਾਬਤ ਕਰਦੇ ਹਨ ਕਿ ‘‘ਭਾਰਤ ਦਹਿਸ਼ਤਵਾਦ ਦਾ ਸ਼ਿਕਾਰ ਨਹੀਂ, ਸਗੋਂ ਦਹਿਸ਼ਤਵਾਦੀ ਮੁਲਕ ਹੈ ਜੋ ਨਾ ਸਿਰਫ਼ ਪਾਕਿਸਤਾਨ ਸਗੋਂ ਸਮੁੱਚੇ ਦੱਖਣ ਏਸ਼ਿਆਈ ਖ਼ਿੱਤੇ ਵਿਚ ਅਸਥਿਰਤਾ ਪੈਦਾ ਕਰ ਰਿਹਾ ਹੈ।’’ ਜ਼ਿਕਰਯੋਗ ਹੈ ਕਿ ਸ਼ਨਿੱਚਰਵਾਰ ਨੂੰ ਇਸਲਾਮਾਬਾਦ ਵਿਚ ਵਿਦੇਸ਼ੀ, ਖ਼ਾਸ ਕਰਕੇ ਪੱਛਮੀ ਮੀਡੀਆ ਨੂੰ ਸੰਬੋਧਨ ਕਰਦਿਆਂ ਪਾਕਿਸਤਾਨੀ ਵਿਦੇਸ਼ ਮੰਤਰੀ ਮਖ਼ਦੂਮ ਸ਼ਾਹ ਮਹਿਮੂਦ ਕੁਰੈਸ਼ੀ ਤੇ ਪਾਕਿਸਤਾਨੀ ਫੌ਼ਜ ਦੇ ਤਰਜਮਾਨ ਮੇਜਰ ਜਨਰਲ ਬਾਬਰ ਇਫ਼ਤਿਖ਼ਾਰ ਨੇ ਭਾਰਤ ਉਪਰ ਪਾਕਿਸਤਾਨ ਨੂੰ ਦਹਿਸ਼ਤਵਾਦੀ ਸਰਗਰਮੀਆਂ ਦਾ ਨਿਸ਼ਾਨਾ ਬਣਾਉਣ ਦੇ ਦੋਸ਼ ਲਾਏ ਸਨ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਸੰਯੁਕਤ ਰਾਸ਼ਟਰ ਵੱਲੋਂ ਦਹਿਸ਼ਤਵਾਦੀ ਕਰਾਰ ਦਿੱਤੀਆਂ ਗਈਆਂ ਤਿੰਨ ਜਥੇਬੰਦੀਆਂ- ਜਮਾਤ-ਉਲ-ਅਹਿਰਾਰ, ਬਲੋਚ ਲਿਬਰੇਸ਼ਨ ਆਰਮੀ ਅਤੇ ਤਹਿਰੀਕ-ਇ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੀ ਭਾਰਤ ‘‘ਸਿੱਧੇ ਤੌਰ ’ਤੇ ਮਦਦ ਕਰ ਰਿਹਾ ਹੈ।’’ ਕੁਰੈਸ਼ੀ ਤੇ ਇਫ਼ਤਿਖ਼ਾਰ ਵੱਲੋਂ ਪੇਸ਼ ਕੀਤੇ ਗਏ ਡੌਸੀਅਰ ਵਿਚ ਦਾਰੀ (ਅਫ਼ਗਾਨ) ਭਾਸ਼ਾ ਵਿਚ ਕਈ ਪੱਤਰਾਂ ਦੀਆਂ ਨਕਲਾਂ, ਬੈਂਕ ਦਸਤਾਵੇਜ਼ਾਂ ਦੀਆਂ ਨਕਲਾਂ, ਗ੍ਰਿਫ਼ਤਾਰ ‘ਭਾਰਤੀ’ ਏਜੰਟਾਂ ਦੇ ਇਕਬਾਲੀਆ ਬਿਆਨਾਂ ਦੀਆਂ ਨਕਲਾਂ ਅਤੇ ਅਜਿਹੇ ਹੋਰ ਕਾਗ਼ਜ਼ਾਤ ਸ਼ਾਮਲ ਸਨ ਜਿਨ੍ਹਾਂ ਨੂੰ ਦੋਵਾਂ ਬੁਲਾਰਿਆਂ ਨੇ ‘‘ਸਿੱਧੇ ਤੇ ਤਸਦੀਕਸ਼ੁਦਾ ਸਬੂਤ’’ ਦੱਸਿਆ ਸੀ। ਦੋਵਾਂ ਦਾ ਦਾਅਵਾ ਸੀ ਕਿ ਭਾਰਤ ਨੇ ਇਨ੍ਹਾਂ ਜਥੇਬੰਦੀਆਂ ਨੂੰ ‘‘ਦੋ ਅਰਬ ਡਾਲਰਾਂ ਦੀ ਮਾਇਕ ਮਦਦ ਦਿੱਤੀ।’’ ਹਥਿਆਰਾਂ ਦੀ ਸਪਲਾਈ ਤੇ ਸਿਖਲਾਈ ਇਸ ਤੋਂ ਵੱਖਰੀ ਸੀ। ਇਹ ਵੀ ਦੋਸ਼ ਲਾਇਆ ਗਿਆ ਕਿ ਭਾਰਤੀ ਏਜੰਸੀ ‘ਰਾਅ’ ਵੱਲੋਂ 87 ਸਿਖਲਾਈ ਕੈਂਪ ਚਲਾਏ ਜਾ ਰਹੇ ਹਨ ਜਿਨ੍ਹਾਂ ਵਿਚੋਂ 66 ਅਫ਼ਗਾਨਿਸਤਾਨ ਵਿਚ ਹਨ। ਪਾਕਿਸਤਾਨੀ ਭੂਮੀ ਉਪਰ ਦਹਿਸ਼ਤੀ ਕਾਰਵਾਈਆਂ ਨੂੰ ‘‘ਅਫ਼ਗਾਨਿਸਤਾਨ ਸਥਿਤ ਭਾਰਤੀ ਦੂਤਘਰ ਤੇ ਕੌਂਸੁਲੇਟਾਂ ਵੱਲੋਂ ਸੇਧਿਤ ਕੀਤੇ ਜਾਣ’’ ਦੇ ਦੋਸ਼ ਵੀ ਇਸੇ ਮੀਡੀਆ ਕਾਨਫਰੰਸ ਵਿਚ ਲਾਏ ਗਏ ਸਨ। ਸ਼ਾਮ ਵੇਲੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੀ ਅਜਿਹੇ ਦੋਸ਼ਾਂ ਨੂੰ ਦੁਹਰਾਉਂਦਿਆਂ ਉਮੀਦ ਜਤਾਈ ਸੀ ਕਿ ਸੰਯੁਕਤ ਰਾਸ਼ਟਰ, ਅਮਰੀਕਾ ਤੇ ਹੋਰ ਪੱਛਮੀ ਦੇਸ਼, ਇਸਲਾਮੀ ਮੁਲਕ ਅਤੇ ਬਾਕੀ ਦੁਨੀਆਂ ਇਨ੍ਹਾਂ ‘ਸਬੂਤਾਂ’ ਦਾ ਨੋਟਿਸ ਲਵੇਗੀ ਅਤੇ ਭਾਰਤ ਵਿਰੁੱਧ ਜਾਂਚ-ਪੜਤਾਲ ਆਰੰਭੀ ਜਾਵੇਗੀ।

ਇਸੇ ਡੌਸੀਅਰ ਦਾ ਹਵਾਲਾ ਦਿੰਦਿਆਂ ਅੰਗਰੇਜ਼ੀ ਰੋਜ਼ਨਾਮਾ ‘ਡਾਅਨ’ ਨੇ ਆਪਣੇ ਅਦਾਰੀਏ ਵਿਚ ਲਿਖਿਆ ਕਿ ਨਰਿੰਦਰ ਮੋਦੀ ਦੇ ਸੱਤਾ ਵਿਚ ਆਉਣ ਮਗਰੋਂ ਭਾਰਤ ਨੇ ਪਾਕਿਸਤਾਨ ਅੰਦਰ ਦਹਿਸ਼ਤੀ ਸਰਗਰਮੀਆਂ ਨੂੰ ‘‘ਉਚੇਚੇ ਤੌਰ ’ਤੇ ਹਵਾ ਦਿੱਤੀ ਹੈ।’’ ‘ਦਿ ਨੇਸ਼ਨ’ ਨੇ ਆਪਣੇ ਅਦਾਰੀਏ ਵਿਚ ਕਰਾਚੀ, ਇਸਲਾਮਾਬਾਦ, ਬਲੋਚਿਸਤਾਨ ਤੇ ਪਿਸ਼ਾਵਰ ਵਿਚਲੇ ਹਾਲੀਆ ਦਹਿਸ਼ਤੀ ਕਾਰਿਆਂ ਨੂੰ ਕੰਟਰੋਲ ਰੇਖਾ ’ਤੇ ਗੋਲਾਬਾਰੀ ਨਾਲ ਜੋੜਿਆ ਅਤੇ ਲਿਖਿਆ ਕਿ ‘‘ਨਰਿੰਦਰ ਮੋਦੀ ਸਰਕਾਰ ਪਾਕਿਸਤਾਨ ਖ਼ਿਲਾਫ਼ ਜੰਗ ਛੇੜਨ ਵੱਲ ਵਧ ਰਹੀ ਹੈ।’’ ਅਜਿਹਾ ਹੀ ਫ਼ਤਵਾ ਉਰਦੂ ਅਖ਼ਬਾਰ ‘ਦੁਨੀਆਂ’ ਨੇ ਆਪਣੇ ਅਦਾਰੀਏ ਰਾਹੀਂ ਸੁਣਾਇਆ। ਸਿਰਫ਼ ‘ਫਰੰਟੀਅਰ ਪੋਸਟ’ ਦੀ ਸੁਰ ਕੁਝ ਸੰਜਮੀ ਰਹੀ। ਉਸ ਨੇ ਪਾਕਿਸਤਾਨ ਖ਼ਿਲਾਫ਼ ਭਾਰਤੀ ਕੂਟਨੀਤਕ ਕਾਮਯਾਬੀਆਂ ਦਾ ਹਵਾਲਾ ਦਿੰਦਿਆਂ ਚੌਕਸ ਕੀਤਾ ਕਿ ‘‘ਜਿਨ੍ਹਾਂ ਦਸਤਾਵੇਜ਼ਾਂ ਨੂੰ ਪਾਕਿਸਤਾਨ ਨਿੱਗਰ ਸਬੂਤ ਦੱਸ ਰਿਹਾ ਹੈ, ਉਹ ਕੌਮਾਂਤਰੀ ਭਾਈਚਾਰੇ ਨੂੰ ਸੰਤੁਸ਼ਟ ਕਰਨ ਦੇ ਸਮਰੱਥ ਹਨ ਜਾਂ ਨਹੀਂ, ਇਸ ਦੀ ਜਾਂਚ-ਪਰਖ ਪਹਿਲਾਂ ਹੀ ਬਹੁਤ ਚੰਗੀ ਤਰ੍ਹਾਂ ਕਰ ਲਈ ਜਾਣੀ ਚਾਹੀਦੀ ਹੈ। ਜੇ ਇਹ ਕਮਜ਼ੋਰ ਸਾਬਤ ਹੋਏ ਤਾਂ ਪਾਕਿਸਤਾਨ ਦਾ ਪੱਖ ਹੋਰ ਵੀ ਹੌਲਾ ਪੈ ਜਾਏਗਾ।’’

ਬਖ਼ਤਾਵਰ ਭੁੱਟੋ ਦੀ ਕੁੜਮਾਈ

ਸਾਬਕਾ ਪ੍ਰਧਾਨ ਮੰਤਰੀ ਮਰਹੂਮ ਬੇਨਜ਼ੀਰ ਭੁੱਟੋ ਤੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਦੀ ਬੇਟੀ ਬਖ਼ਤਾਵਰ ਭੁੱਟੋ-ਜ਼ਰਦਾਰੀ ਦੀ ਕੁੜਮਾਈ 27 ਨਵੰਬਰ ਨੂੰ ਹੋਵੇਗੀ। ਪਾਕਿਸਤਾਨੀ ਅਖ਼ਬਾਰਾਂ ਮੁਤਾਬਿਕ ਰਸਮ ਕੁੜਮਾਈ ਕਰਾਚੀ ਦੇ ਬਿਲਾਵਲ ਹਾਊਸ ਵਿਖੇ ਨਿਭਾਈ ਜਾਵੇਗੀ। ਇਹੋ ਸਥਾਨ ਰਸਮ ਮਹਿੰਦੀ ਲਈ ਵੀ ਚੁਣਿਆ ਗਿਆ ਹੈ। 30 ਵਰ੍ਹਿਆਂ ਦੀ ਬਖ਼ਤਾਵਰ ਯੂਨੀਵਰਸਿਟੀ ਆਫ਼ ਐਡਿਨਬਰਾ ਤੋਂ ਪੋਸਟ ਗਰੈਜੂਏਟ ਹੈ। ਉਸ ਦਾ ਮੰਗੇਤਰ ਮਹਿਮੂਦ ਚੌਧਰੀ ਅਮਰੀਕਾ ਵਿਚ ਵਸੇ ਪਾਕਿਸਤਾਨੀ ਕਾਰੋਬਾਰੀ ਯੂਨਸ ਚੌਧਰੀ ਦਾ ਬੇਟਾ ਹੈ। ਯੂਨਸ ਚੌਧਰੀ ਦਾ ਦੁਬਈ ਵਿਚ ਵੀ ਕਾਰੋਬਾਰ ਹੈ। ਇਸੇ ਦੌਰਾਨ ਪਾਕਿਸਤਾਨ ਵਿਚ ਇਹ ਵਿਵਾਦ ਉੱਭਰ ਆਇਆ ਹੈ ਕਿ ਯੂਨਸ ਚੌਧਰੀ ਕਾਦਿਆਨੀ ਹੋਣ ਕਾਰਨ ‘ਗ਼ੈਰ-ਮੁਸਲਿਮ’ ਹੈ। ਚੌਧਰੀ ਪਰਿਵਾਰ ਨੇ ਐਤਵਾਰ ਸ਼ਾਮ ਤਕ ਇਸ ਦਾਅਵੇ ਦਾ ਖੰਡਨ ਨਹੀਂ ਸੀ ਕੀਤਾ।

ਵਿਸ਼ੇਸ਼ ਅਦਾਲਤਾਂ ਛੇਤੀ

ਪਾਕਿਸਤਾਨ ਵਿਚ ਬਲਾਤਕਾਰ ਦੇ ਮਾਮਲਿਆਂ ਦੀ ਤੇਜ਼ੀ ਨਾਲ ਸੁਣਵਾਈ ਕਰਵਾਉਣ ਲਈ ਵਿਸ਼ੇਸ਼ ਅਦਾਲਤਾਂ ਕਾਇਮ ਕੀਤੀਆਂ ਜਾਣਗੀਆਂ। ਇਹ ਐਲਾਨ ਪ੍ਰਧਾਨ ਮੰਤਰੀ ਦੇ ਪਾਰਲੀਮਾਨੀ ਮਾਮਲਿਆਂ ਬਾਰੇ ਸਲਾਹਕਾਰ ਸਰਦਾਰ ਬਾਬਰ ਅਵਾਨ ਨੇ ਕੀਤਾ। ਰੋਜ਼ਨਾਮਾ ‘ਐਕਸਪ੍ਰੈਸ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਿਕ ਅਵਾਨ ਨੇ ਲਾਹੌਰ ਵਿਚ ਮੀਡੀਆ ਕਰਮੀਆਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਹਦਾਇਤ ’ਤੇ ਉਲੀਕੇ ਜਾ ਰਹੇ ਆਰਡੀਨੈਂਸ ਵਿਚ ਚਾਰ ਮੱਦਾਂ ਪ੍ਰਮੁੱਖ ਹੋਣਗੀਆਂ। ਇਹ ਹਨ: ਸਖ਼ਤ ਸਜ਼ਾ, ਤੇਜ਼-ਰਫ਼ਤਾਰ ਮੁਕੱਦਮਾ, ਪੀੜਤਾ ਦੀ ਸੁਰੱਖਿਆ ਅਤੇ ਗਵਾਹਾਂ ਦੀ ਹਿਫ਼ਾਜ਼ਤ। ਬਲਾਤਕਾਰ ਵਰਗੇ ਜੁਰਮ ਦੀ ਮੁੱਢਲੀ ਜਾਂਚ ਕੋਈ ਸਾਧਾਰਨ ਪੁਲੀਸ ਮੁਲਾਜ਼ਮ ਨਹੀਂ, ਗਜ਼ਟਿਡ ਰੈਂਕ ਦਾ ਅਫ਼ਸਰ ਕਰੇਗਾ। ਜਾਂਚ ਦੀ ਨਿਗਰਾਨੀ ਡੀਆਈਜੀ ਪੱਧਰ ਦੇ ਅਫ਼ਸਰ ਵੱਲੋਂ ਕੀਤੀ ਜਾਵੇਗੀ। ਅਵਾਨ ਨੇ ਮੰਨਿਆ ਕਿ ਮੁਲਕ ਵਿਚ ਬਲਾਤਕਾਰ ਦੇ ਕੇਸ ਤੇਜ਼ੀ ਨਾਲ ਵਧੇ ਹਨ ਅਤੇ ਤੇਜ਼-ਰਫ਼ਤਾਰ ਮੁਕੱਦਮੇ ਤੇ ਸਖ਼ਤ ਸਜ਼ਾਵਾਂ ਹੀ ਇਸ ਰੁਝਾਨ ਨੂੰ ਠੱਲ੍ਹ ਪਾ ਸਕਣਗੀਆਂ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਸ਼ਾਹਰਾਹਾਂ ’ਤੇ ਗੱਡੀਆਂ ਜਬਰੀ ਰੁਕਵਾ ਕੇ ਔਰਤਾਂ ਦੀ ਬੇਪਤੀ ਦੇ ਕਈ ਮਾਮਲੇ ਪਿਛਲੇ 20 ਦਿਨਾਂ ਦੌਰਾਨ ਵਾਪਰੇ ਹਨ। ਇਨ੍ਹਾਂ ਨੇ ਪੁਲੀਸ ਦੀ ਕਾਰਗੁਜ਼ਾਰੀ ਉਪਰ ਪ੍ਰਸ਼ਨ ਚਿੰਨ੍ਹ ਲਾਇਆ ਹੈ। ਉਪਰੋਂ ਇਮਰਾਨ ਸਰਕਾਰ ਦੀ ਬਦਨਾਮੀ ਵੀ ਬਹੁਤ ਹੋਈ ਹੈ।

ਨਵਾਜ਼ ਖ਼ਿਲਾਫ਼ ਕੇਸ ਖਾਰਿਜ

ਇਸਲਾਮਾਬਾਦ ਦੀ ਦਹਿਸ਼ਤਵਾਦ ਵਿਰੋਧੀ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਖ਼ਿਲਾਫ਼ ਉਹ ਸ਼ਿਕਾਇਤ ਖਾਰਿਜ ਕਰ ਦਿੱਤੀ ਹੈ ਜਿਸ ਵਿਚ ਦੋਸ਼ ਲਾਇਆ ਗਿਆ ਸੀ ਕਿ 2014 ਵਿਚ ਇਸਲਾਮਾਬਾਦ ਵਿਚ ਲੰਬੇ ਧਰਨੇ ਦੌਰਾਨ ਨਵਾਜ਼ ਤੇ ਉਸ ਦੇ ਸੀਨੀਅਰ ਸਾਥੀਆਂ ਨੇ ਇਮਰਾਨ ਖ਼ਾਨ ਦੀ ਪਾਰਟੀ (ਪੀਟੀਆਈ) ਦੇ ਕਈ ਵਰਕਰ ਹਿੰਸਕ ਗਤੀਵਿਧੀਆਂ ਰਾਹੀਂ ਮਰਵਾਏ। ਇਹ ਸ਼ਿਕਾਇਤ ਮੌਜੂਦਾ ਵਿਦੇਸ਼ ਮੰਤਰੀ ਤੇ ਪੀਟੀਆਈ ਦੇ ਨੇਤਾ ਸ਼ਾਹ ਮਹਿਮੂਦ ਕੁਰੈਸ਼ੀ ਨੇ ਦਾਖ਼ਲ ਕੀਤੀ ਸੀ। ਅਦਾਲਤ ਫੈ਼ਸਲੇ ਅਨੁਸਾਰ ਸ਼ਿਕਾਇਤਕਾਰ ਨੇ ਨਾ ਤਾਂ ਸ਼ਿਕਾਇਤ ਵਾਪਸ ਲਈ ਅਤੇ ਨਾ ਹੀ ਸ਼ਿਕਾਇਤ ਅੰਦਰਲੇ ਦੋਸ਼ਾਂ ਦੇ ਸਬੰਧ ਵਿਚ ਕੋਈ ਸਬੂਤ ਪੇਸ਼ ਕੀਤੇ। ਨਵਾਜ਼ ਸ਼ਰੀਫ਼ ਦੇ ਨਾਲ ਜਿਹੜੇ ਹੋਰ ਆਗੂ ਬਰੀ ਹੋਏ, ਉਨ੍ਹਾਂ ਵਿਚ ਚੌਧਰੀ ਨਿਸਾਰ ਅਲੀ ਖ਼ਾਨ, ਖਵਾਜਾ ਸਾਦ ਰਫ਼ੀਕ ਅਤੇ ਮੀਆਂ ਸ਼ਾਹਬਾਜ਼ ਸ਼ਰੀਫ਼ ਸ਼ਾਮਲ ਹਨ।

ਮਹਿੰਗਾਈ ਮਾਰ ਗਈ...

ਸੂਬਾ ਪੰਜਾਬ ਵਿਚ ਸਬਜ਼ੀਆਂ ਤੇ ਹੋਰ ਖੁਰਾਕੀ ਵਸਤਾਂ ਦੇ ਭਾਅ ਬਹੁਤ ਉੱਚੇ ਹੋਣ ਕਾਰਨ ਆਮ ਲੋਕਾਂ, ਖ਼ਾਸ ਕਰਕੇ ਮੱਧ ਵਰਗ ਵਿਚ ਬੇਚੈਨੀ ਹੈ। ਅੰਗਰੇਜ਼ੀ ਰੋਜ਼ਨਾਮਾ ‘ਦਿ ਨਿਊਜ਼’ ਦੀ ਰਿਪੋਰਟ ਅਨੁਸਾਰ ਰਾਵਲਪਿੰਡੀ, ਜਿਹਲਮ, ਫੈ਼ਸਲਾਬਾਦ, ਲਾਹੌਰ ਤੇ ਗੁੱਜਰਾਂਵਾਲਾ ਵਿਚ ਆਲੂ 85 ਰੁਪਏ, ਪਿਆਜ਼ 80 ਰੁਪਏ, ਟਮਾਟਰ 140 ਰੁਪਏ, ਅਧਰਕ 600 ਰੁਪਏ ਅਤੇ ਲਸਣ 200 ਰੁਪਏ ਕਿਲੋ ਦੇ ਭਾਅ ਵਿਕ ਰਹੇ ਹਨ। ਖੰਡ 90 ਰੁਪਏ, ਆਟਾ 75 ਤੋਂ 85 ਰੁਪਏ, ਵਨਸਪਤੀ ਘੀ/ਤੇਲ 260 ਰੁਪਏ, ਚਾਹ ਪੱਤੀ 990 ਰੁਪਏ ਅਤੇ ਲਾਲ ਮਿਰਚ 400 ਰੁਪਏ ਕਿਲੋ ਦੇ ਭਾਅ ਵੇਚੀ ਜਾ ਰਹੀ ਹੈ। ਸਾਰੀਆਂ ਦਾਲਾਂ ਦੇ ਭਾਅ 150 ਤੋਂ 270 ਰੁਪਏ ਕਿਲੋ ਦਰਮਿਆਨ ਹਨ। ਬੱਕਰੇ ਦਾ ਗੋਸ਼ਤ 1200 ਰੁਪਏ ਕਿਲੋ ਹੈ। ਅਖ਼ਬਾਰ ਮੁਤਾਬਿਕ ‘‘ਅਜਿਹੇ ਆਲਮ ਵਿਚ ਮੱਧ ਵਰਗ ਤੇ ਗ਼ਰੀਬ ਤਬਕਾ ਜੇਕਰ ਨਾਖ਼ੁਸ਼ੀ ਪ੍ਰਗਟਾ ਰਹੇ ਹਨ ਤਾਂ ਇਹ ਨਾਖ਼ੁਸ਼ੀ ਬਿਲਕੁਲ ਜਾਇਜ਼ ਹੈ।’’

- ਪੰਜਾਬੀ ਟ੍ਰਿਬਿਊਨ ਫੀਚਰ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All