ਬੇਰੁਜ਼ਗਾਰੀ ਦਾ ਖ਼ਾਤਮਾ ਸਮੇਂ ਦੀ ਲੋੜ : The Tribune India

ਨੌਜਵਾਨ ਕਲਮਾਂ

ਬੇਰੁਜ਼ਗਾਰੀ ਦਾ ਖ਼ਾਤਮਾ ਸਮੇਂ ਦੀ ਲੋੜ

ਬੇਰੁਜ਼ਗਾਰੀ ਦਾ ਖ਼ਾਤਮਾ ਸਮੇਂ ਦੀ ਲੋੜ

ਬਿੰਦਰ ਸਿੰਘ ਖੁੱਡੀ ਕਲਾਂ

ਸਾਡੇ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਵਿੱਚੋਂ ਬੇਰੁਜ਼ਗਾਰੀ ਸਭ ਤੋਂ ਅਹਿਮ ਹੈ। ਰੁਜ਼ਗਾਰ ਦੀ ਤਲਾਸ਼ ਵਿੱਚ ਨੌਜਵਾਨਾਂ ਵੱਲੋਂ ਵਿਦੇਸ਼ਾਂ ਵੱਲ ਕੀਤਾ ਜਾ ਰਿਹਾ ਕੂਚ ਇਸ ਦਾ ਪ੍ਰਤੱਖ ਪ੍ਰਮਾਣ ਹੈ। ਸਾਡੇ ਮੁਲਕ ਵਿੱਚ ਆਬਾਦੀ ਦੇ ਅਨੁਪਾਤ ਨਾਲ ਰੁਜ਼ਗਾਰ ਦੇ ਮੌਕਿਆਂ ਵਿੱਚ ਇਜ਼ਾਫ਼ਾ ਤਾਂ ਕੀ ਹੋਣਾ, ਸਗੋਂ ਮੌਕੇ ਦਿਨ-ਬ-ਦਿਨ ਘਟ ਰਹੇ ਹਨ। ਮਸ਼ੀਨੀਕਰਨ ਤੇ ਕੰਪਿਊਟਰੀਕਰਨ ਨਾਲ ਹੁਨਰਮੰਦ ਅਤੇ ਗੈਰ ਹੁਨਰਮੰਦ ਕਾਮਿਆਂ ਦੇ ਰੁਜ਼ਗਾਰ ਭਾਰੀ ਕਮੀ ਆਈ ਹੈ। ਸਰਕਾਰੀ ਅਦਾਰਿਆਂ ‘ਚ ਅਸਾਮੀਆਂ ਦੀ ਗਿਣਤੀ ਲਗਾਤਾਰ ਘਟਾਈ ਜਾ ਰਹੀ ਹੈ। ਇੱਥੋਂ ਤੱਕ ਕਿ ਬਹੁਤ ਸਾਰੇ ਸਰਕਾਰੀ ਦਫਤਰਾਂ ਦਾ ਤਾਂ ਖਾਤਮਾ ਕਰ ਦਿੱਤਾ ਗਿਆ ਹੈ ਅਤੇ ਕਈਆਂ ‘ਤੇ ਖਾਤਮੇ ਦੀ ਤਲਵਾਰ ਲਟਕ ਰਹੀ ਹੈ। ਸਰਕਾਰਾਂ ਵੱਲੋਂ ਰੁਜ਼ਗਾਰ ਦੀ ਕੀਮਤ ‘ਤੇ ਕੀਤੀ ਜਾ ਰਹੀ ਪੈਸੇ ਦੀ ਬਚਤ ਉਸਾਰੂ ਸੋਚ ਦਾ ਹਿੱਸਾ ਨਹੀਂ।

ਬੇਰੁਜ਼ਗਾਰੀ ਨੂੰ ਇਨਸਾਨੀ ਜ਼ਿੰਦਗੀ ਦਾ ਸੰਤਾਪ ਕਹਿ ਲੈਣਾ ਵੀ ਗਲਤ ਨਹੀਂ ਹੋਵੇਗਾ, ਕਿਉਂਕਿ ਬੇਰੁਜ਼ਗਾਰ ਵਿਅਕਤੀ ਨੂੰ ਮਾਨਸਿਕ, ਆਰਥਿਕ ਅਤੇ ਸਮਾਜਿਕ ਪੀੜਾ ਵੀ ਹੰਢਾਉਣੀ ਪੈਂਦੀ ਹੈ। ਕਮਾਉਣ ਤੋਂ ਸੱਖਣੇ ਨੌਜਵਾਨਾਂ ਨੂੰ ਅਸਾਮੀਆਂ ਲਈ ਅਪਲਾਈ ਕਰਨ ਸਮੇਂ ਮਹਿੰਗੀਆਂ ਫੀਸਾਂ ਭਰਨੀਆਂ ਪੈਂਦੀਆਂ ਹਨ। ਕਈ-ਕਈ ਅਸਾਮੀਆਂ ਲਈ ਅਰਜ਼ੀ ਦੇਣ ਸਮੇਂ ਮਹਿੰਗੀਆਂ ਫੀਸਾਂ ਤਾਰਨਾ ਵੱਡੀ ਚੁਣੌਤੀ ਹੈ। ਕਈ ਕਈ ਵਾਰ ਤਾਂ ਫੀਸਾਂ ਭਰਨ ਉਪਰੰਤ ਨਿਯੁਕਤੀਆਂ ਕਿਸੇ ਤਣ ਪੱਤਣ ਨਹੀਂ ਲਗਦੀਆਂ ਜਾਂ ਸਰਕਾਰਾਂ ਬਦਲਣ ਨਾਲ ਨਵੇਂ ਸਿਰੇ ਤੋਂ ਅਰਜ਼ੀਆਂ ਦੀ ਮੰਗ ਕਰ ਲਈ ਜਾਂਦੀ ਹੈ। ਰੁਜ਼ਗਾਰ ਤੋਂ ਸੱਖਣੇ ਤੇ ਆਰਥਿਕ ਪੱਖੋਂ ਕਮਜ਼ੋਰ ਇਨਸਾਨ ਦੀ ਮਾਨਸਿਕਤਾ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ। ਉਸ ਨੂੰ ਸਮਾਜ ਵਿੱਚ ਵੀ ਬਣਦਾ ਮਾਣ ਸਨਮਾਨ ਨਹੀਂ ਮਿਲਦਾ। ਬੇਰੁਜ਼ਗਾਰ ਵਿਅਕਤੀ ਪਰਿਵਾਰ ਵਸਾਉਣ ਦੀ ਤਾਂ ਸੋਚ ਵੀ ਨਹੀਂ ਸਕਦਾ।

ਬੇਰੁਜ਼ਗਾਰੀ ਨੂੰ ਤਮਾਮ ਬੁਰਾਈਆਂ ਦੀ ਜਨਮ ਦਾਤੀ ਕਹਿ ਲੈਣਾ ਵੀ ਗਲਤ ਨਹੀਂ ਹੋਵੇਗਾ। ਬੇਰੁਜ਼ਗਾਰੀ ਕਾਰਨ ਮਾਨਸਿਕ, ਆਰਥਿਕ ਅਤੇ ਸਮਾਜਿਕ ਤੌਰ ‘ਤੇ ਪੀੜਤ ਨੌਜਵਾਨ ਅਕਸਰ ਨਸ਼ਿਆਂ ਤੇ ਜੁਰਮ ਦੀ ਦੁਨੀਆਂ ਵੱਲ ਚਲੇ ਜਾਂਦੇ ਹਨ ਤੇ ਇਨਸਾਨ ਨਸ਼ਿਆਂ ਅਤੇ ਜੁਰਮ ਦੀ ਦੁਨੀਆਂ ਵਿੱਚ ਅਜਿਹਾ ਫਸਦਾ ਹੈ ਕਿ ਇਹੋ ਉਸ ਦੀ ਜ਼ਿੰਦਗੀ ਬਣ ਕੇ ਰਹਿ ਜਾਂਦੇ ਹਨ। ਅਜਿਹੇ ਨੌਜਵਾਨ ਸਮਾਜ ਲਈ ਚੁਣੌਤੀ ਬਣ ਜਾਂਦੇ ਹਨ। ਸਮਾਜ ਵਿੱਚ ਨਸ਼ਿਆਂ, ਜੁਰਮ ਤੇ ਗੈਂਗਵਾਦ ਦਾ ਪਸਾਰਾ, ਕਾਫ਼ੀ ਹੱਦ ਤੱਕ ਬੇਰੁਜ਼ਗਾਰੀ ਦਾ ਹੀ ਨਤੀਜਾ ਕਿਹਾ ਜਾ ਸਕਦਾ ਹੈ। ਨੌਜਵਾਨਾਂ ਦਾ ਮਹਿੰਗੀਆਂ ਪੜ੍ਹਾਈਆਂ ਉਪਰੰਤ ਇਨ੍ਹਾਂ ਬੁਰਾਈਆਂ ਦਾ ਸ਼ਿਕਾਰ ਹੋਣਾ ਸਾਡੀਆਂ ਸਰਕਾਰਾਂ ਦੀ ਕਾਰਗੁਜ਼ਾਰੀ ‘ਤੇ ਵੱਡਾ ਸਵਾਲ ਹੈ।

ਸਾਡੇ ਮੁਲਕ ‘ਚ ਯੋਗਤਾ ਅਨੁਸਾਰ ਰੁਜ਼ਗਾਰ ਮਿਲਣਾ ਤਾਂ ਸੁਪਨਾ ਹੀ ਬਣ ਕੇ ਰਹਿ ਗਿਆ ਹੈ। ਬੇਰੁਜ਼ਗਾਰ ਨੌਜਵਾਨੀ ਯੋਗਤਾ ਤੋਂ ਘੱਟ ਰੁਤਬੇ ਵਾਲੀਆਂ ਅਸਾਮੀਆਂ ‘ਤੇ ਵੀ ਕੰਮ ਕਰਨ ਲਈ ਤਿਆਰ ਹੈ। ਹਜ਼ਾਰਾਂ ਨੌਜਵਾਨਾਂ ਨੂੰ ਯੋਗਤਾ ਘੱਟ ਪੱਧਰ ਦੀਆਂ ਨੌਕਰੀਆਂ ਵੀ ਨਹੀਂ ਮਿਲ ਰਹੀਆਂ। ਪੋਸਟ ਗਰੈਜੂਏਟ ਨੌਜਵਾਨਾਂ ਦਾ ਚੌਥਾ ਦਰਜਾ ਅਸਾਮੀਆਂ ਲਈ ਅਰਜ਼ੀਆਂ ਦੇਣਾ ਤ੍ਰਾਸਦੀ ਹੀ ਤਾਂ ਹੈ। ਤ੍ਰਾਸਦੀ ਦੀ ਹੱਦ ਵੇਖੋ ਕਿ ਬਹੁਤੇ ਨੌਜਵਾਨਾਂ ਨੂੰ ਇਹ ਨੌਕਰੀ ਵੀ ਨਸੀਬ ਨਹੀਂ ਹੁੰਦੀ। ਸਰਕਾਰਾਂ ਵੱਲੋਂ ਰੁਜ਼ਗਾਰ ਦੇ ਮੌਕੇ ਵਧਾਉਣ ਤਾਂ ਕੀ, ਬਚਾਉਣ ਵੱਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਰੁਜ਼ਗਾਰ ਬਾਰੇ ਅਗਵਾਈ ਵੀ ਨਾਂਹ ਦੇ ਬਰਾਬਰ ਹੈ। ਸਰਕਾਰਾਂ ਕੋਲ ਕੋਈ ਯੋਜਨਾ ਨਹੀਂ ਕਿ ਉਸ ਨੂੰ ਕਿਸ ਵਰ੍ਹੇ ਕਿਸ ਖੇਤਰ ਵਿੱਚ ਕਿੰਨੇ ਮੁਲਾਜ਼ਮਾਂ ਜਾਂ ਕਾਮਿਆਂ ਦੀ ਜ਼ਰੂਰਤ ਹੋਵੇਗੀ। ਨੌਜਵਾਨ ਮੁੰਡੇ-ਕੁੜੀਆਂ ਤਵੇਖਾ-ਵੇਖੀ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਡਿਗਰੀਆਂ ਹਾਸਲ ਕਰੀ ਜਾ ਰਹੇ ਹਨ। ਸਰਕਾਰਾਂ ਦਾ ਫ਼ਰਜ਼ ਹੈ ਕਿ ਨੌਜਵਾਨਾਂ ਨੂੰ ਰੁਜ਼ਗਾਰ ਵਾਲੇ ਖੇਤਰ ਦੀ ਸਮੇਂ ਸਿਰ ਜਾਣਕਾਰੀ ਦਿੱਤੀ ਜਾਵੇ। ਸਰਕਾਰ ਵੱਲੋਂ ਨੌਜਵਾਨਾਂ ਨੂੰ ਧੜਾਧੜ ਬੀਐੱਡ ਅਤੇ ਈਟੀਟੀ ਦੇ ਕੋਰਸ ਕਰਵਾਏ ਜਾ ਰਹੇ ਹਨ, ਪਰ ਭਰਤੀ ਸਮੇਂ ਅਕਸਰ ਅਸਾਮੀਆਂ ਖਾਲੀ ਨਾ ਹੋਣ ਦੀ ਗੱਲ ਆਖ ਦਿੱਤੀ ਜਾਂਦੀ ਹੈ। ਫਿਰ ਅਜਿਹੇ ਕੋਰਸ ਕਰਵਾਉਣ ਦੀ ਕੀ ਤੁਕ ਹੈ?

ਬੇਰੁਜ਼ਗਾਰੀ ਦਾ ਸੰਤਾਪ ਹੰਢਾਉਂਦੀ ਔਲਾਦ ਨੂੰ ਵੇਖ ਮਾਪੇ ਵੀ ਮਾਨਸਿਕ ਪੀੜਾ ਵਿੱਚੋਂ ਗੁਜ਼ਰਦੇ ਹਨ। ਬੇਰੁਜ਼ਗਾਰੀ ਕਾਰਨ ਕੁਰਾਹੇ ਪਈ ਔਲਾਦ ਦਾ ਦਰਦ ਉਹ ਮਾਪੇ ਹੀ ਜਾਣ ਸਕਦੇ ਹਨ। ਜੇ ਵੋਟ ਬੈਂਕ ਦੀ ਮਜ਼ਬੂਤੀ ਲਈ ਤਰਕਹੀਣ ਅਤੇ ਸੂਬੇ ਦੀ ਆਰਥਿਕਤਾ ਲਈ ਮਾਰੂ ਰਿਆਇਤਾਂ ਦਿੱਤੀਆਂ ਜਾ ਸਕਦੀਆਂ ਹਨ ਤਾਂ ਬੇਰੁਜ਼ਗਾਰਾਂ ਤੋਂ ਅਸਾਮੀਆਂ ਲਈ ਅਪਲਾਈ ਕਰਨ ਸਮੇਂ ਮੋਟੀਆਂ ਫੀਸਾਂ ਦੀ ਵਸੂਲੀ ਕਿਉਂ ਬੰਦ ਨਹੀਂ ਕੀਤੀ ਜਾ ਸਕਦੀ? ਬੇਰੁਜ਼ਗਾਰਾਂ ਨੂੰ ਗੁਜ਼ਾਰਾ ਭੱਤਾ ਦੇਣ ਬਾਰੇ ਵੀ ਸਰਕਾਰ ਨੂੰ ਛੇਤੀ ਵਿਚਾਰ ਕਰਨਾ ਚਾਹੀਦਾ ਹੈ, ਕਿਉਂਕਿ ਸਮਾਂ ਬੇਰੁਜ਼ਗਾਰੀ ਨੂੰ ਸੰਤਾਪ ਬਣਨ ਤੋਂ ਰੋਕਣ ਦੀ ਮੰਗ ਕਰਦਾ ਹੈ। ਸਮਾਜ ਨੂੰ ਅਸ਼ਾਂਤੀ ਅਤੇ ਅਰਾਜਕਤਾ ਵਾਲੇ ਮਾਹੌਲ ਤੋਂ ਬਚਾਉਣ ਲਈ ਸਰਕਾਰ ਨੂੰ ਬੇਰੁਜ਼ਗਾਰੀ ਦੇ ਮੁੱਦੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

ਸੰਪਰਕ: 98786-05965

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸ਼ਹਿਰ

View All