ਅਮਰੀਕਾ-ਇਰਾਨ ਜੰਗ ਵਿੱਚ ਵਾਤਾਵਰਨ ਦੀ ਤਬਾਹੀ
ਮੱਧ-ਪੂਰਬ ਖੇਤਰ ਵਿੱਚ ਕਈ ਸਾਲਾਂ ਤੋਂ ਚੱਲ ਰਹੀ ਰਾਜਨੀਤਕ ਅਣਬਣ, ਕੁਦਰਤੀ ਸਰੋਤਾਂ ’ਤੇ ਕਬਜ਼ਾ ਕਰਨ ਦੀ ਹੋੜ, ਪਰਮਾਣੂ ਪ੍ਰੋਗਰਾਮਾਂ ਨੂੰ ਲੈ ਕੇ ਸ਼ੱਕ ਅਤੇ ਧੌਂਸਬਾਜ਼ੀ ਦੀ ਦੌੜ ਨੇ ਅੰਤ ਵਿੱਚ ਇਜ਼ਰਾਈਲ, ਇਰਾਨ ਅਤੇ ਅਮਰੀਕਾ ਵਿਚਕਾਰ ਇੱਕ ਵੱਡੇ ਅੰਤਰਰਾਸ਼ਟਰੀ ਟਕਰਾਅ ਦਾ...
ਮੱਧ-ਪੂਰਬ ਖੇਤਰ ਵਿੱਚ ਕਈ ਸਾਲਾਂ ਤੋਂ ਚੱਲ ਰਹੀ ਰਾਜਨੀਤਕ ਅਣਬਣ, ਕੁਦਰਤੀ ਸਰੋਤਾਂ ’ਤੇ ਕਬਜ਼ਾ ਕਰਨ ਦੀ ਹੋੜ, ਪਰਮਾਣੂ ਪ੍ਰੋਗਰਾਮਾਂ ਨੂੰ ਲੈ ਕੇ ਸ਼ੱਕ ਅਤੇ ਧੌਂਸਬਾਜ਼ੀ ਦੀ ਦੌੜ ਨੇ ਅੰਤ ਵਿੱਚ ਇਜ਼ਰਾਈਲ, ਇਰਾਨ ਅਤੇ ਅਮਰੀਕਾ ਵਿਚਕਾਰ ਇੱਕ ਵੱਡੇ ਅੰਤਰਰਾਸ਼ਟਰੀ ਟਕਰਾਅ ਦਾ ਰੂਪ ਧਾਰ ਲਿਆ ਹੈ। ਆਖਿਰਕਾਰ, ਇਹ ਸਥਿਤੀ ਇੱਕ ਮਹੀਨੇ ਤੋਂ ਵੱਧ ਚੱਲਣ ਵਾਲੇ ਯੁੱਧ ਵਿੱਚ ਬਦਲ ਗਈ ਹੈ।
ਯੁੱਧ ਦੇ ਦੌਰਾਨ ਕਈ ਅਹਿਮ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਅੰਤਰਰਾਸ਼ਟਰੀ ਮੀਡੀਆ ਵਿੱਚ ਵੱਡੀ ਕਵਰੇਜ਼ ਪ੍ਰਾਪਤ ਕੀਤੀ ਹੈ। ਹਵਾਈ ਹਮਲੇ, ਮਿਜ਼ਾਈਲ ਹਮਲੇ ਅਤੇ ਸਾਇਬਰ ਯੁੱਧਾਂ ਰਾਹੀਂ ਦੋਹਾਂ ਪੱਖਾਂ ਨੇ ਇੱਕ ਦੂਜੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਕਈ ਸ਼ਹਿਰਾਂ ਵਿੱਚ ਆਮ ਜਨਤਾ ਨੂੰ ਵੀ ਇਸ ਯੁੱਧ ਦਾ ਸਿੱਧਾ ਅਸਰ ਸਹਿਣਾ ਪਿਆ ਹੈ।
ਵਾਤਾਵਰਨ ’ਤੇ ਵੀ ਇਸ ਯੁੱਧ ਦਾ ਅਤਿ ਗੰਭੀਰ ਪ੍ਰਭਾਵ ਪਿਆ ਹੈ। ਬੰਬ ਧਮਾਕਿਆਂ ਅਤੇ ਹਥਿਆਰਾਂ ਦੇ ਇਸਤੇਮਾਲ ਨਾਲ ਹਵਾ ਪ੍ਰਦੂਸ਼ਣ ਵਿੱਚ ਵੱਡਾ ਵਾਧਾ ਹੋਇਆ ਹੈ। ਜੰਗਲਾਂ ਅਤੇ ਖੇਤੀਬਾੜੀ ਵਾਲੀਆਂ ਜ਼ਮੀਨਾਂ ਨੂੰ ਨੁਕਸਾਨ ਪਹੁੰਚਿਆ ਹੈ, ਜਿਸ ਨਾਲ ਜੈਵ-ਵਿਭਿੰਨਤਾ ਨੂੰ ਖ਼ਤਰਾ ਪੈਦਾ ਹੋਇਆ ਹੈ। ਪਾਣੀ ਦੇ ਸਰੋਤਾਂ ਵਿੱਚ ਰਸਾਇਣਕ ਪਦਾਰਥਾਂ ਦੇ ਮਿਲਣ ਨਾਲ ਪੀਣ ਵਾਲਾ ਪਾਣੀ ਵੀ ਪ੍ਰਭਾਵਿਤ ਹੋਇਆ ਹੈ। ਇਸ ਤਰ੍ਹਾਂ ਧਰਤੀ ਦੇ ਕੁਦਰਤੀ ਸੰਤੁਲਨ ਲਈ ਵੀ ਇੱਕ ਵੱਡੀ ਚੁਣੌਤੀ ਬਣ ਕੇ ਉੱਭਰਿਆ ਹੈ।
ਵਾਤਾਵਰਨ ’ਤੇ ਇਸ ਯੁੱਧ ਦੇ ਪ੍ਰਭਾਵ ਬਹੁਤ ਗੰਭੀਰ ਅਤੇ ਬਹੁ-ਪੱਖੀ ਰਹੇ ਹਨ। ਇੱਥੇ ਕੁਝ ਪ੍ਰਭਾਵਾਂ ਦੀ ਚਰਚਾ ਕਰਦੇ ਹਾਂ;
ਸਮੁੰਦਰੀ ਪਾਣੀ ਦਾ ਪ੍ਰਦੂਸ਼ਣ (Oil Spill): ਜੰਗ ਦੌਰਾਨ ਤੇਲ ਲਿਜਾਣ ਵਾਲੇ ਜਹਾਜ਼ਾਂ (oil tankers) ’ਤੇ ਹਮਲਿਆਂ ਕਾਰਨ ਸਮੁੰਦਰ ਵਿੱਚ ਵੱਡੇ ਪੱਧਰ ’ਤੇ ਤੇਲ ਫੈਲ ਗਿਆ ਹੈ। ਇਹ ਤੇਲ ਪਾਣੀ ਦੀ ਸਤ੍ਵਾ ’ਤੇ ਇੱਕ ਪਰਤ ਬਣਾਉਂਦਾ ਹੈ, ਜਿਸ ਨਾਲ ਪਾਣੀ ਵਿੱਚ ਘੁਲਣ ਵਾਲੀ ਆਕਸੀਜਨ ਘਟ ਜਾਂਦੀ ਹੈ। ਇਸ ਦਾ ਸਿੱਧਾ ਅਸਰ ਮੱਛੀਆਂ, ਕੱਛੂਆਂ ਅਤੇ ਹੋਰ ਸਮੁੰਦਰੀ ਜੀਵਾਂ ’ਤੇ ਪੈਂਦਾ ਹੈ। ਖੰਭ ਤੇਲ ਨਾਲ ਲਥ-ਪਥ ਹੋ ਜਾਣ ਨਾਲ ਕਈ ਪੰਛੀ ਉੱਡ ਨਹੀਂ ਸਕਦੇ ਅਤੇ ਅੰਤ ਵਿੱਚ ਮਰ ਜਾਂਦੇ ਹਨ। ਮੂੰਗਾ ਚੱਟਾਨਾਂ ਵੀ ਇਸ ਨਾਲ ਨੁਕਸਾਨੀਆਂ ਜਾਂਦੀਆਂ ਹਨ।
ਲੜਾਕੂ ਜਹਾਜ਼ਾਂ ਤੋਂ ਨਿਕਲਣ ਵਾਲਾ ਪ੍ਰਦੂਸ਼ਣ: ਲੜਾਕੂ ਜਹਾਜ਼ਾਂ ਵਿੱਚ ਵਰਤੇ ਜਾਣ ਵਾਲੇ ਬਾਲਣ (aviation fuel) ਦੇ ਸੜਨ ਨਾਲ ਕਈ ਹਾਨੀਕਾਰਕ ਗੈਸਾਂ ਨਿਕਲਦੀਆਂ ਹਨ, ਜਿਵੇਂ ਕਿ ਕਾਰਬਨ ਡਾਈਆਕਸਾਈਡ (CO₂), ਨਾਈਟ੍ਰੋਜਨ ਆਕਸਾਈਡਜ਼ (NOₓ) ਅਤੇ ਕਾਰਬਨ ਮੋਨੋਆਕਸਾਈਡ (CO)। ਇਹ ਗੈਸਾਂ ਆਲਮੀ ਤਪਿਸ਼ ਨੂੰ ਵਧਾਉਂਦੀਆਂ ਹਨ ਅਤੇ ਸਾਹ ਸਬੰਧੀ ਬਿਮਾਰੀਆਂ ਦਾ ਕਾਰਨ ਬਣਦੀਆਂ ਹਨ।
ਇਮਾਰਤਾਂ ਅਤੇ ਸਾਜੋ-ਸਾਮਾਨ ਦੇ ਸੜਨ ਨਾਲ ਪ੍ਰਦੂਸ਼ਣ: ਜੰਗ ਦੌਰਾਨ ਬੰਬਾਰੀ ਨਾਲ ਕਈ ਇਮਾਰਤਾਂ ਤਬਾਹ ਹੋ ਗਈਆਂ ਹਨ। ਇਨ੍ਹਾਂ ਦੇ ਸੜਨ ਨਾਲ ਹਵਾ ਵਿੱਚ ਜ਼ਹਿਰੀਲੇ ਧੂੰਏਂ ਦਾ ਨਿਕਾਸ ਹੋਇਆ, ਜਿਸ ਵਿੱਚ ਡਾਇਆਕਸਿਨਸ (Dioxins), ਫਿਊਰਾਨਸ (Furans) ਅਤੇ ਕਣੀ ਪਦਾਰਥ (PM2.5, PM10) ਸ਼ਾਮਲ ਹਨ। ਇਹ ਪਦਾਰਥ ਕੈਂਸਰ, ਦਿਲ ਦੀਆਂ ਬਿਮਾਰੀਆਂ ਅਤੇ ਅੱਖਾਂ/ਚਮੜੀ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ।
ਗੋਲੀ-ਬਾਰੂਦ ਅਤੇ ਧਮਾਕਿਆਂ ਨਾਲ ਨਿਕਲਣ ਵਾਲੀਆਂ ਗੈਸਾਂ: ਹਥਿਆਰਾਂ ਅਤੇ ਬੰਬਾਂ ਦੀ ਵਰਤੋਂ ਨਾਲ ਕਈ ਖ਼ਤਰਨਾਕ ਗੈਸਾਂ ਨਿਕਲਦੀਆਂ ਹਨ। ਇਨ੍ਹਾਂ ਵਿੱਚ ਸਲਫਰ ਡਾਈਆਕਸਾਈਡ (SO₂), ਨਾਈਟ੍ਰੋਜਨ ਡਾਈਆਕਸਾਈਡ (NO₂), ਕਾਰਬਨ ਮੋਨੋਆਕਸਾਈਡ (CO) ਅਤੇ ਲੈੱਡ (Pb) ਦੇ ਕਣ ਹੁੰਦੇ ਹਨ। ਇਹ ਗੈਸਾਂ ਹਵਾ-ਪ੍ਰਦੂਸ਼ਣ ਨੂੰ ਵਧਾਉਂਦੀਆਂ ਹਨ, ਤੇਜ਼ਾਬੀ ਮੀਂਹ ਦਾ ਕਾਰਨ ਬਣਦੀਆਂ ਹਨ ਅਤੇ ਮਨੁੱਖੀ ਸਿਹਤ ’ਤੇ ਬੁਰਾ ਅਸਰ ਪਾਉਂਦੀਆਂ ਹਨ।
ਗੋਲੀ ਸਿੱਕਾ ਅਤੇ ਭੂਮੀ ਪ੍ਰਦੂਸ਼ਣ: ਜੰਗ ਦੌਰਾਨ ਵਰਤੇ ਗਏ ਕਾਰਤੂਸ, ਧਾਤੂ-ਟੁਕੜੇ ਅਤੇ ਵਿਸਫੋਟਕ ਪਦਾਰਥਾਂ ਦੇ ਅਵਸ਼ੇਸ਼ ਮਿੱਟੀ ਵਿੱਚ ਮਿਲ ਕੇ ਭੂਮੀ-ਪ੍ਰਦੂਸ਼ਣ ਕਰਦੇ ਹਨ। ਇਨ੍ਹਾਂ ਵਿੱਚ ਲੈੱਡ, ਕੈਡਮੀਅਮ ਅਤੇ ਪਾਰੇ ਵਰਗੀਆਂ ਭਾਰੀਆਂ ਧਾਤਾਂ ਸ਼ਾਮਲ ਹੁੰਦੀਆਂ ਹਨ। ਇਹ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਘਟਾਉਂਦੀਆਂ ਹਨ ਅਤੇ ਫ਼ਸਲਾਂ ਰਾਹੀਂ ਮਨੁੱਖੀ ਭੋਜਨ-ਲੜੀ ਵਿੱਚ ਦਾਖਲ ਹੋ ਕੇ ਲੰਬੇ ਸਮੇਂ ਦੀਆਂ ਬਿਮਾਰੀਆਂ ਦਾ ਕਾਰਨ ਬਣਦੀਆਂ ਹਨ।
ਇਸ ਤਰ੍ਹਾਂ ਦੇ ਯੁੱਧਾਂ ਨਾਲ ਵਾਤਾਵਰਨ ’ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਕਈ ਪ੍ਰਸਿੱਧ ਵਾਤਾਵਰਨ ਮਾਹਿਰਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਨੇ ਸਮੇਂ-ਸਮੇਂ ’ਤੇ ਗੰਭੀਰ ਚਿੰਤਾ ਜਤਾਈ ਹੈ। ਹਾਲਾਂਕਿ ਇਸ ਖ਼ਾਸ ਟਕਰਾਅ ਬਾਰੇ ਤਾਜ਼ਾ ਅਤੇ ਪੂਰੇ ਅੰਕੜੇ ਤੁਰੰਤ ਉਪਲੱਬਧ ਨਹੀਂ ਹੋਏ, ਪਰ ਪਹਿਲਾਂ ਦੇ ਯੁੱਧਾਂ ਅਤੇ ਅਧਿਐਨਾਂ ਦੇ ਆਧਾਰ ’ਤੇ ਮਹੱਤਵਪੂਰਨ ਵਿਚਾਰ ’ਤੇ ਚਰਚਾ ਕੀਤੀ ਜਾ ਸਕਦੀ ਹੈ।
ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ (UNEP) ਦੀ ਰਿਪੋਰਟ ਅਨੁਸਾਰ, ‘ਯੁੱਧ ਵਾਤਾਵਰਨ ਨੂੰ ਤੁਰੰਤ ਅਤੇ ਲੰਬੇ ਸਮੇਂ ਲਈ ਨੁਕਸਾਨ ਪਹੁੰਚਾਉਂਦੇ ਹਨ: ਪਾਣੀ ਦੇ ਸਰੋਤ ਪ੍ਰਦੂਸ਼ਿਤ ਹੁੰਦੇ ਹਨ, ਮਿੱਟੀ ਜ਼ਹਿਰੀਲੀ ਹੋ ਜਾਂਦੀ ਹੈ ਅਤੇ ਹਵਾ ਦੀ ਗੁਣਵੱਤਾ ਬਹੁਤ ਖ਼ਰਾਬ ਹੋ ਜਾਂਦੀ ਹੈ।’ ਇਸ ਨੇ ਇਰਾਕ ਅਤੇ ਸੀਰੀਆ ਵਿੱਚ ਹੋਏ ਸੰਘਰਸ਼ਾਂ ਦੇ ਅਧਿਐਨ ਦੌਰਾਨ ਪਾਇਆ ਕਿ ਤੇਲ-ਖੂਹਾਂ ਨੂੰ ਅੱਗ ਲੱਗਣ ਨਾਲ ਹਜ਼ਾਰਾਂ ਟਨ ਕਾਰਬਨਡਾਇਆਕਸਾਈਡ ਅਤੇ ਹੋਰ ਜ਼ਹਿਰੀਲੀਆਂ ਗੈਸਾਂ ਵਾਤਾਵਰਨ ਵਿੱਚ ਛੱਡੀਆਂ ਗਈਆਂ।
ਪ੍ਰਸਿੱਧ ਵਾਤਾਵਰਨ ਵਿਦਵਾਨ ਲੈਸਟਰ ਆਰ. ਬਰਾਊਨ ਕਹਿੰਦੇ ਹਨ ਕਿ ‘ਆਧੁਨਿਕ ਯੁੱਧ ਸਿਰਫ਼ ਮਨੁੱਖੀ ਹਾਨੀ ਨਹੀਂ ਕਰਦੇ, ਸਗੋਂ ਪ੍ਰਕਿਰਤੀ ਦੇ ਢਾਂਚੇ ਨੂੰ ਵੀ ਤਬਾਹ ਕਰ ਦਿੰਦੇ ਹਨ।’ ਉਨ੍ਹਾਂ ਦੇ ਅਨੁਸਾਰ ਇੱਕ ਵੱਡੇ ਪੱਧਰ ਦੇ ਯੁੱਧ ਨਾਲ ਇੱਕ ਛੋਟੇ ਦੇਸ਼ ਦੇ ਸਾਲਾਨਾ ਕਾਰਬਨ ਉਤਸਰਜਨ ਦੇ ਬਰਾਬਰ ਪ੍ਰਦੂਸ਼ਣ ਕੁਝ ਹੀ ਹਫ਼ਤਿਆਂ ਵਿੱਚ ਪੈਦਾ ਹੋ ਸਕਦਾ ਹੈ।
ਸੰਸਾਰ ਸਿਹਤ ਸੰਗਠਨ ਦੇ ਅੰਕੜੇ ਦੱਸਦੇ ਹਨ ਕਿ ਸੰਘਰਸ਼ ਪ੍ਰਭਾਵਿਤ ਖੇਤਰਾਂ ਵਿੱਚ ਹਵਾ-ਪ੍ਰਦੂਸ਼ਣ ਕਾਰਨ ਸਾਹ ਸਬੰਧੀ ਬਿਮਾਰੀਆਂ ਵਿੱਚ 20–30% ਤੱਕ ਵਾਧਾ ਦੇਖਿਆ ਗਿਆ ਹੈ। ਧਮਾਕਿਆਂ ਅਤੇ ਅੱਗ ਕਾਰਨ ਨਿਕਲਣ ਵਾਲੇ ਸੂਖਮ ਕਣ (PM2.5) ਮਨੁੱਖੀ ਸਿਹਤ ਲਈ ਬਹੁਤ ਜ਼ਿਆਦਾ ਖ਼ਤਰਨਾਕ ਹੁੰਦੇ ਹਨ।
ਤੇਲ-ਪ੍ਰਦੂਸ਼ਣ ਬਾਰੇ ਅਧਿਐਨ ਦੱਸਦੇ ਹਨ ਕਿ 1991 ਦੇ ਖਾੜੀ-ਯੁੱਧ ਦੌਰਾਨ ਲਗਭਗ 60-80 ਲੱਖ ਬੈਰਲ ਤੇਲ ਸਮੁੰਦਰ ਵਿੱਚ ਡੁੱਲ੍ਹ ਗਿਆ ਸੀ ਜਿਸ ਨਾਲ ਸਮੁੰਦਰੀ ਜੀਵਨ ਨੂੰ ਬੇਹੱਦ ਨੁਕਸਾਨ ਹੋਇਆ। ਮਾਹਿਰਾਂ ਦੇ ਅਨੁਸਾਰ ਇਸ ਤਰ੍ਹਾਂ ਦੇ ਤੇਲ-ਪ੍ਰਦੂਸ਼ਣ ਦੇ ਪ੍ਰਭਾਵ ਕਈ ਦਹਾਕਿਆਂ ਤੱਕ ਰਹਿੰਦੇ ਹਨ।
ਜਲਵਾਯੂ ਵਿਗਿਆਨੀ ਮਾਈਕਲ ਈ. ਮੈਨ ਮੰਨਦੇ ਹਨ ਕਿ ‘ਜੰਗਾਂ ਜਲਵਾਯੂ-ਸੰਕਟ ਨੂੰ ਹੋਰ ਗੰਭੀਰ ਬਣਾਉਂਦੀਆਂ ਹਨ ਕਿਉਂਕਿ ਇਹ ਵੱਡੇ ਪੱਧਰ ’ਤੇ ਗ੍ਰੀਨਹਾਊਸ ਗੈਸਾਂ ਦੇ ਉਤਸਰਜਨ ਨੂੰ ਵਧਾਉਂਦੀਆਂ ਹਨ ਅਤੇ ਨਵਿਆਉਣਯੋਗ ਊਰਜਾ ਵੱਲ ਵਧਣ ਦੇ ਯਤਨਾਂ ਨੂੰ ਪਿੱਛੇ ਧੱਕ ਦਿੰਦੀਆਂ ਹਨ।’
ਇਹ ਗੱਲ ਸਰਬਪ੍ਰਵਾਨਿਤ ਹੈ ਕਿ ਯੁੱਧ ਦੇ ਪ੍ਰਭਾਵ ਸਿਰਫ਼ ਤੁਰੰਤ ਹੀ ਨਹੀਂ, ਸਗੋਂ ਪੀੜ੍ਹੀਆਂ ਤੱਕ ਰਹਿੰਦੇ ਹਨ। ਵਾਤਾਵਰਨ ਦੀ ਇਹ ਹਾਨੀ ਮਨੁੱਖੀ ਜੀਵਨ, ਖੇਤੀਬਾੜੀ ਅਤੇ ਜੈਵਿਕ ਸੰਤੁਲਨ ਨੂੰ ਲੰਬੇ ਸਮੇਂ ਲਈ ਪ੍ਰਭਾਵਿਤ ਕਰਦੀ ਹੈ। ਇਸ ਲਈ ਆਉਣ ਵਾਲੀਆਂ ਪੀੜ੍ਹੀਆਂ ਦੀ ਸਿਹਤ ਲਈ ਆਓ ਰਲ ਕੇ ਅਰਦਾਸ ਅਤੇ ਯਤਨ ਕਰੀਏ ਕਿ ਇਹ ਯੁੱਧ ਵਿਰਾਮ ਸਥਾਈ ਸ਼ਾਂਤੀ ਵਿੱਚ ਬਦਲੇ ਅਤੇ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਸਥਿਤੀਆਂ ਤੋਂ ਬਚਣ ਲਈ ਸੰਵਾਦ ਅਤੇ ਕੂਟਨੀਤੀ ਨੂੰ ਤਰਜੀਹ ਦਿੱਤੀ ਜਾਵੇ, ਜਿਸ ਨਾਲ ਅਸੀਂ ਆਪਣੇ ਵਾਤਾਵਰਨ ਨੂੰ ਹੋਰ ਨੁਕਸਾਨ ਤੋਂ ਬਚਾ ਸਕੀਏ।
ਸੰਪਰਕ: 98761-35823

