
ਡਾ. ਰਣਜੀਤ ਸਿੰਘ
ਇਸ ਵਿਚ ਕੋਈ ਸ਼ੱਕ ਨਹੀਂ ਕਿ ਹਿੰਦੋਸਤਾਨ ਪ੍ਰਾਚੀਨ ਸਭਿਅਤਾ ਦਾ ਮਾਲਕ ਹੈ। ਇਸ ਉਤੇ ਅਸੀਂ ਮਾਣ ਵੀ ਬਹੁਤ ਕਰਦੇ ਹਾਂ ਪਰ ਇਹ ਵੀ ਸੱਚ ਹੈ ਕਿ ਸਾਡੇ ਦੇਸ਼ ਦਾ ਨਾਂ ਸਭ ਤੋ ਗੰਦੇ ਦੇਸ਼ਾਂ ਵਿਚ ਸ਼ੁਮਾਰ ਹੈ। ਹਰ ਪਾਸੇ ਗੰਦਗੀ ਦੇ ਢੇਰ ਸਵਾਗਤ ਕਰਦੇ ਹਨ। ਸਦੀਆਂ ਦੀ ਗੁਲਾਮੀ ਨੇ ਸਾਡੇ ਵਿਚੋਂ ਆਪਣੇ ਆਪ ਅਤੇ ਆਪਣੇ ਦੇਸ਼ ਉਤੇ ਮਾਣ ਕਰਨਾ ਭੁਲਾ ਦਿੱਤਾ ਹੈ। ਵਿਦੇਸ਼ਾਂ ਦੇ ਮੁਕਾਬਲੇ ਅਸੀਂ ਆਪਣੇ ਦੇਸ਼, ਬੋਲੀ ਅਤੇ ਸਭਿਅਤਾ ਨੂੰ ਘਟੀਆ ਸਮਝਣ ਲੱਗ ਪਏ ਹਾਂ। ਸਾਰੇ ਸੰਸਾਰ ਨੂੰ ਸਲੀਕੇ ਦਾ ਪਾਠ ਪੜ੍ਹਾਉਣ ਵਾਲਾ ਦੇਸ਼ ਆਪ ਸਲੀਕਾ ਵਿਹੂਣਾ ਹੋ ਗਿਆ ਹੈ। ਲੋਕਰਾਜ ਵਿਚ ਸਰਕਾਰ ਤੋਂ ਵੀ ਵੱਧ ਜ਼ਿੰਮੇਵਾਰੀ ਲੋਕਾਂ ਦੀ ਹੁੰਦੀ ਹੈ। ਕਾਇਦੇ-ਕਾਨੂੰਨ ਦੀ ਪਾਲਣਾ ਕਰਵਾਉਣਾ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੁੰਦੀ, ਲੋਕਾਂ ਦਾ ਸਹਿਯੋਗ ਵੀ ਜ਼ਰੂਰੀ ਹੋ ਜਾਂਦਾ ਹੈ। ਆਪਣੇ ਚੌਗਿਰਦੇ ਨੂੰ ਸਾਫ਼-ਸੁਥਰਾ ਰੱਖਣਾ, ਸੜਕ ਸਲੀਕੇ ਦੀ ਪਾਲਣਾ ਕਰਨਾ ਤੇ ਵਾਤਾਵਰਨ ਦੀ ਸਾਂਭ-ਸੰਭਾਲ ਲੋਕਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਜਦੋਂ ਤਕ ਲੋਕ ਆਪਣਾ ਯੋਗਦਾਨ ਨਹੀਂ ਪਾਉਂਦੇ, ਉਦੋਂ ਤਕ ਸਵੱਛ ਭਾਰਤ ਦਾ ਸੁਪਨਾ ਕਦੇ ਪੂਰਾ ਨਹੀਂ ਹੋ ਸਕਦਾ। ਪੰਜਾਬ ਨੂੰ ਦੇਸ਼ ਦਾ ਵਿਕਸਤ ਸੂਥਾ ਮੰਨਿਆ ਜਾਂਦਾ ਹੈ। ਸ਼ਹਿਰਾਂ ਅਤੇ ਪਿੰਡਾਂ ਵਿਚ ਸਾਰੇ ਪਾਸੇ ਪੱਕੇ ਮਕਾਨ, ਬਿਜਲੀ, ਪਾਣੀ ਦੀ ਸਹੂਲਤ ਅਤੇ ਪੱਕੀਆਂ ਸੜਕਾਂ ਵਧੀਆ ਦਿੱਖ ਪ੍ਰਦਾਨ ਕਰਦੇ ਹਨ ਪਰ ਚੌਗਿਰਦੇ ਦੀ ਸਾਫ਼-ਸਫ਼ਾਈ ਦੀ ਘਾਟ ਰੜਕਦੀ ਹੈ। ਗਲੀਆਂ ਅਤੇ ਸੜਕਾਂ ਕੰਢੇ ਕੂੜੇ ਦੇ ਢੇਰ ਨਜ਼ਰ ਆਉਂਦੇ ਹਨ। ਜਿੱਥੇ ਕਿਸੇ ਦਾ ਮਨ ਕਰੇ, ਖ਼ਾਲੀ ਲਿਫ਼ਾਫ਼ੇ, ਕਾਗਜ਼, ਫਲ਼ਾਂ ਦੇ ਛਿਲਕੇ ਤੇ ਥੁੱਕ ਸੁੱਟ ਦਿੰਦਾ ਹੈ। ਚੌਗਿਰਦੇ ਦੀ ਗੰਦਗੀ ਨਾਲ ਇੱਥੋਂ ਦਾ ਵਾਤਾਵਰਨ ਵੀ ਪਲੀਤ ਹੋ ਗਿਆ ਹੈ। ਪੌਣ, ਪਾਣੀ ਅਤੇ ਧਰਤੀ ਪ੍ਰਦੂਸ਼ਿਤ ਹੋ ਰਹੇ ਹਨ। ਕੁਦਰਤ ਦੇ ਰੂਪ ਵਿਚ ਕਾਦਰ ਦੀ ਇਸ ਸੰਸਾਰ ਨੂੰ ਸਭ ਤੋਂ ਵੱਡੀ ਦੇਣ ਪੌਣ, ਪਾਣੀ ਅਤੇ ਧਰਤੀ ਦੀ ਹੈ। ਇਨ੍ਹਾਂ ਤਿੰਨ ਬਗੈਰ ਸੰਸਾਰ ਅਤੇ ਜੀਵਨ ਅਸੰਭਵ ਹੈ। ਇਸੇ ਕਰ ਕੇ ਮੁੱਢ ਕਦੀਮ ਤੋਂ ਮਨੁੱਖ ਇਨ੍ਹਾਂ ਨੂੰ ਪਵਿੱਤਰ ਮੰਨਦਾ ਆ ਰਿਹਾ ਹੈ ਤੇ ਇਨ੍ਹਾਂ ਦੀ ਪੂਜਾ ਕਰਦਾ ਰਿਹਾ ਹੈ। ਗੁਰੂ ਨਾਨਕ ਜੀ ਨੇ ਤਾਂ ਪੌਣ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਹੈ।
ਇਸੇ ਕਰ ਕੇ ਸਾਡੇ ਵਡੇਰੇ ਇਨ੍ਹਾਂ ਦੀ ਪੂਜਾ ਕਰਦੇ ਸਨ। ਆਧੁਨਿਕਤਾ ਦੇ ਪ੍ਰਭਾਵ ਹੇਠ ਅਸੀਂ ਇਸ ਨੂੰ ਅੰਧਵਿਸ਼ਵਾਸ ਆਖਣਾ ਸ਼ੁਰੂ ਕਰ ਦਿੱਤਾ ਹੈ। ਚੌਗਿਰਦੇ ਦੀ ਸਾਂਭ-ਸੰਭਾਲ ਹਵਾ, ਪਾਣੀ ਤੇ ਧਰਤੀ ਦੀ ਸ਼ੁੱਧਤਾ ਬਣਾਈ ਰੱਖਣਾ ਸਾਡੀ ਸਾਰਿਆ ਦੀ ਜ਼ਿੰਮੇਵਾਰੀ ਹੈ। ਅਸੀਂ ਇਹ ਆਖਣ ਲੱਗ ਪਏ ਹਾਂ ਕਿ ਇਹ ਕੰਮ ਸਰਕਾਰ, ਨਗਰ ਕੌਂਸਲ ਜਾਂ ਪਿੰਡ ਦੀ ਪੰਚਾਇਤ ਦਾ ਹੈ। ਲੋਕਰਾਜ ਵਿਚ ਜਿੱਥੇ ਸ਼ਹਿਰੀਆਂ ਨੂੰ ਬਹੁਤ ਸਾਰੇ ਅਧਿਕਾਰ ਪ੍ਰਾਪਤ ਹਨ, ਉੱਥੇ ਉਨ੍ਹਾਂ ਦੀਆਂ ਕੁਝ ਜ਼ਿੰਮੇਵਾਰੀ ਵੀ ਹਨ। ਸਭ ਤੋਂ ਵੱਡੀ ਜ਼ਿੰਮੇਵਾਰੀ ਚੌਗਿਰਦੇ ਦੀ ਸਾਂਭ-ਸੰਭਾਲ ਕਰਨਾ ਹੈ ਤੇ ਵਾਤਾਵਰਨ ਦੀ ਸ਼ੁੱਧਤਾ ਬਣਾਈ ਰੱਖਣ ਵਿਚ ਯੋਗਦਾਨ ਪਾਉਣਾ ਹੈ। ਇਸ ਦਾ ਫਾਇਦਾ ਸਾਨੂੰ ਸਾਰਿਆਂ ਨੂੰ ਹੈ। ਸਾਫ਼-ਸੁਥਰੇ ਚੌਗਿਰਦੇ ਵਿਚ ਰਹਿਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ, ਸਾਹ ਲੈਣ ਲਈ ਸਾਫ਼ ਹਵਾ ਪ੍ਰਾਪਤ ਹੋਵੇਗੀ ਅਤੇ ਵਧੀਆਂ ਚੌਗਿਰਦਾ ਮਨ ਨੂੰ ਆਨੰਦਿਤ ਕਰੇਗਾ, ਉਤਸ਼ਾਹ ਵਿਚ ਵਾਧਾ ਹੋਵੇਗਾ ਤੇ ਚੜ੍ਹਦੀ ਕਲਾ ਦਾ ਅਹਿਸਾਸ ਹੋਵੇਗਾ। ਮਨੁੱਖ ਦੀ ਕਾਰਗੁਜ਼ਾਰੀ ਵੱਧ ਅਤੇ ਵਧੀਆ ਹੋ ਸਕੇਗੀ। ਗੰਦੇ ਚੌਗਿਰਦੇ ਅਤੇ ਪ੍ਰਦੂਸ਼ਿਤ ਵਾਤਾਵਰਨ ਕਾਰਨ ਬਿਮਾਰੀਆ ਵਿਚ ਵਾਧਾ ਹੋ ਰਿਹਾ ਹੈ। ਇਕ ਅੰਦਾਜ਼ੇ ਅਨੁਸਾਰ ਹਰ ਸਾਲ ਕੋਈ 40000 ਲੋਕ ਅਜਿਹੀਆਂ ਬਿਮਾਰੀਆਂ ਨਾਲ ਮਰਦੇ ਹਨ ਜਿਹੜੀਆਂ ਪ੍ਰਦੂਸ਼ਣ ਨਾਲ ਫੈਲਦੀਆਂ ਹਨ। ਕੋਈ ਦੋ ਕਰੋੜ ਲੋਕ ਇਸ ਦਾ ਸ਼ਿਕਾਰ ਹਨ।
ਪੰਜਾਬ ਵਿਚ ਕਈ ਸੰਸਥਾਵਾਂ ਹਨ ਜਿਹੜੀਆਂ ਵਾਤਾਵਰਨ ਦੀ ਸ਼ੁੱਧਤਾ ਲਈ ਕਾਰਜ ਕਰ ਰਹੀਆਂ ਹਨ। ਇਨ੍ਹਾਂ ਵਿਚੋਂ ਹੀ ਇਕ ਸੰਸਥਾ ਹੈ ‘ਸੋਚ’। ਇਸ ਨੂੰ ਦੋ ਵਾਤਾਵਰਨ ਪ੍ਰੇਮੀ ਡਾ. ਬਲਵਿੰਦਰ ਸਿੰਘ ਲੱਖੇਵਾਲੀ ਅਤੇ ਡਾ. ਬ੍ਰਿਜਮੋਹਨ ਭਾਰਦਵਾਜ, ਬਾਬਾ ਗੁਰਮੀਤ ਸਿੰਘ ਦੀ ਰਹਿਨੁਮਾਈ ਹੇਠ ਚਲਾ ਰਹੇ ਹਨ। ਇਨ੍ਹਾਂ ਵਲੋਂ ਪਿੰਡਾਂ ਵਿਚ ਰੁਖ ਲਗਾਉਣ, ਬਗੀਚੀਆਂ ਬਣਾਉਣ, ਛੱਪੜਾਂ ਦੀ ਸਾਂਭ-ਸੰਭਾਲ, ਕੁਦਰਤੀ ਖੇਤੀ ਆਦਿ ਦੇ ਪ੍ਰਚਾਰ ਲਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਲੋਕਾਂ ਅੰਦਰ ਚੇਤਨਾ ਉਜਾਗਰ ਕਰਨ ਲਈ ਪਿਛਲੇ ਸਾਲ ਤੋਂ ਰਾਜ ਪੱਧਰ ’ਤੇ ਵਾਤਾਵਰਨ ਸੰਭਾਲ ਮੇਲਾ ਲਗਾਇਆ ਜਾਂਦਾ ਹੈ। ਇਸ ਵਰ੍ਹੇ ਦਾ ਮੇਲਾ 25 ਨਵੰਬਰ ਨੂੰ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਲੁਧਿਆਣਾ ਵਿਚ ਲਗਾਇਆ ਗਿਆ। ਮੇਲੇ ਦੀ ਸਫਲਤਾ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪੰਜਾਬੀ ਫਿਲਮ ਐਂਡ ਟੀਵੀ ਐਕਟਰਸ ਐਸੋਸੀਏਸ਼ਨ, ਆਪਣੀ ਖੇਤੀ ਫਾਊਂਡੇਸ਼ਨ ਪੰਜਾਬ ਦਾ ਵਣਤ੍ਰਿਣ ਜੀਵ ਜੰਤ ਸੰਤੁਲਨ ਬਹਾਲੀ ਕੇਂਦਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਹੋਰ ਸੰਸਥਾਵਾਂ ਨੇ ਯੋਗਦਾਨ ਪਾਇਆ। ਮੇਲੇ ਦੌਰਾਨ ‘ਨਿਰਮਲ ਜਲ’, ‘ਮੇਰੀ ਮਿੱਟੀ ਮੇਰਾ ਸੋਨਾ’, ‘ਰੁੱਖਾਂ ਦਾ ਰਾਖਾ’, ‘ਬਹੁਭਾਂਤੀ ਖੇਤੀ’ ਅਤੇ ‘ਜੰਗਲੀ ਜੀਵ ਸੁਰੱਖਿਆ’, ਪੰਜ ਇਨਾਮ ਦਿੱਤੇ ਗਏ। ਇਸ ਤੋਂ ਇਲਾਵਾ ਵਾਤਾਵਰਨ ਬਾਰੇ ਲਘੂ ਫਿਲਮ ਅਤੇ ਵਾਤਾਵਰਨ ਸੰਭਾਲ ਬਾਰੇ ਫੋਟੋਗ੍ਰਾਫੀ ਮੁਕਾਬਲੇ ਲਈ ਇਨਾਮ ਦਿੱਤੇ ਗਏ।
ਮੇਲੇ ਵਿਚ ਇਨ੍ਹਾਂ ਵਿਸ਼ਿਆਂ ਨਾਲ ਸਬੰਧਿਤ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਵਿਚ ਜੈਵਿਕ ਫਲ, ਸਬਜ਼ੀਆਂ, ਮੋਟੇ ਅਨਾਜ, ਸਿਹਤਮੰਦ ਖੁਰਾਕ, ਛੱਤ ’ਤੇ ਬਗੀਚੀ, ਪੰਜਾਬ ਦੀਆਂ ਤਿਤਲੀਆਂ, ਜੰਗਲੀ ਜੀਵ ਵਾਤਾਵਰਨ ਸ਼ੁੱਧਤਾ ਢੰਗ, ਸੂਰਜੀ ਊਰਜਾ, ਬਰਸਾਤੀ ਪਾਣੀ ਦੀ ਸੰਭਾਲ, ਫੁਲਾਂ ਦੀ ਨੁਮਾਇਸ਼, ਫਾਲਤੂ ਭੋਜਨ ਦੀ ਵਰਤੋਂ ਆਦਿ ਬਾਰੇ ਸਟਾਲ ਲਾਏ ਗਏ। ਇਹੀ ਨਹੀਂ, ਸਕੂਲੀ ਬੱਚਿਆਂ ਨੂੰ ਵਾਤਾਵਰਨ ਸੰਭਾਲ ਬਾਰੇ ਹੁਲਾਰਾ ਦੇਣ ਲਈ ਰਾਜ ਵਿਦਿਅਕ ਖੋਜ ਤੇ ਸਿਖਲਾਈ ਪਰਿਸ਼ਦ ਪੰਜਾਬ ਦੇ ਸਹਿਯੋਗ ਨਾਲ ਵਿਗਿਆਨ ਮਾਡਲ ਮੁਕਾਬਲੇ ਵੀ ਕਰਵਾਏ ਗਏ। ਪੰਜਾਬ ਦੇ ਵਾਤਾਵਰਨ ਦੀ ਰਾਖੀ ਲਈ ਅਜਿਹੇ ਹੀ ਉਪਰਾਲੇ ਕੀਤੇ ਜਾਣ ਤਾਂ ਜੋ ਹਵਾ, ਪਾਣੀ ਤੇ ਧਰਤੀ ਦੀ ਰਾਖੀ ਕੀਤੀ ਜਾ ਸਕੇ।
ਸੰਪਰਕ: 94170-87328
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ