
ਹਰਮੀਤ ਸਿਵੀਆਂ ਬਠਿੰਡਾ
ਖੇਤਰ ਭਾਵੇਂ ਕੋਈ ਹੋਵੇ, ਹੁਣ ਉਸਤਾਦ-ਸ਼ਾਗਿਰਦ ਦਾ ਰਿਸ਼ਤਾ ਖ਼ਤਮ ਹੁੰਦਾ ਜਾ ਰਿਹਾ ਹੈ। ਅੱਜਕੱਲ੍ਹ ਕੁਝ ਵੀ ਪੈਸੇ ਲੈ ਕੇ ਤੇ ਦੇ ਕੇ ਸਿੱਖਿਆ ਤੇ ਸਿਖਾਇਆ ਜਾਂਦਾ ਹੈ। ਪਰ ਕੋਈ ਵੇਲਾ ਹੁੰਦਾ ਸੀ, ਜਦੋਂ ਕਿਸੇ ਨੇ ਕਿਸੇ ਤੋਂ ਕੁਝ ਸਿੱਖਣਾ ਹੁੰਦਾ ਤਾਂ ਸਿਖਾਉਣ ਵਾਲੇ ਨੂੰ ਬਾਕਾਇਦਾ ਸ਼ਗਿਰਦੀ ਦੀਆਂ ਰਸਮਾਂ ਨਿਭਾਅ ਕੇ ਭਾਵ ਕਿ ਪੱਗ ਦੇ ਕੇ ਸ਼ਗਿਰਦ ਬਣਦੇ ਸਨ। ਕੋਈ ਵੀ ਵਿਅਕਤੀ ਆਪਣੇ ਗੁਰੂ ਤੋਂ ਬਹੁਤ ਕੁਝ ਸਿੱਖ ਕੇ ਹੁਨਰਮੰਦ ਇਨਸਾਨ ਬਣ ਬਣ ਸਕਦਾ ਹੈ।
ਹੁਣ ਗੱਲ ਕਰਦੇ ਹਾਂ ਪੰਜਾਬੀ ਸੰਗੀਤ ਦੇ ਖੇਤਰ ਦੀ ਕਿਉਂਕਿ ਇਸ ਖੇਤਰ ਵਿੱਚ ਸਭ ਤੋਂ ਵੱਧ ਉਸਤਾਦ ਸ਼ਗਿਰਦ ਦਾ ਰਿਸ਼ਤਾ ਰਿਹਾ ਹੈ ਅਤੇ ਹੁਣ ਇਹ ਰਿਸ਼ਤਾ ਖ਼ਤਮ ਹੁੰਦਾ ਜਾ ਰਿਹਾ ਹੈ, ਕਿਉਂਕਿ ਹੁਣ ਸੰਗੀਤਕ ਅਕੈਡਮੀਆਂ ਬਣ ਗਈਆਂ ਹਨ, ਜਿੱਥੇ ਪੈਸੇ ਲੈ ਕੇ ਸੰਗੀਤ ਸਿਖਾਇਆ ਜਾਂਦਾ ਹੈ। ਗਾਉਣਾ ਬਹੁਤ ਹੀ ਉੱਤਮ ਹੈ ਅਤੇ ਇਹ ਕਲਾ ਮੁੱਢਲੇ ਤੌਰ ’ਤੇ ਕੁਦਰਤ ਦੀ ਦੇਣ ਹੁੰਦੀ ਹੈ, ਕਿਉਂਕਿ ਗਾਇਕੀ ਲਈ ਸਭ ਤੋਂ ਪਹਿਲਾਂ ਮਿੱਠੀ ਅਤੇ ਢੁਕਵੀਂ ਆਵਾਜ਼ ਹੋਣਾ ਜ਼ਰੂਰੀ ਹੈ। ਪਰ ਜੇ ਇਸ ਨੂੰ ਸੁਰਾਂ ਦੇ ਸਾਂਚੇ ਵਿੱਚ ਢਾਲ ਕੇ ਪੇਸ਼ ਕੀਤਾ ਜਾਵੇ ਤਾਂ ਹੀ ਉਹ ਅਸਲ ਗਾਇਕੀ ਅਖਵਾਉਂਦੀ ਹੈ। ਸੁਰਾਂ ਦੇ ਸਾਂਚੇ ਵਿੱਚ ਢਾਲਣ ਲਈ ਸੰਗੀਤਕ ਗਿਆਨ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ, ਭਾਵੇਂ ਕਿ ਅੱਜ ਬਹੁਤ ਸਾਰੇ ਅਜਿਹੇ ਗਾਇਕ ਵੀ ਹਨ ਜਿਨ੍ਹਾਂ ਨੇ ਗਾਇਕੀ ਵਿੱਚ ਕੋਈ ਉਸਤਾਦ ਨਹੀਂ ਧਾਰਿਆ ਅਤੇ ਤਾਂ ਵੀ ਉਹ ਸਥਾਪਿਤ ਗਾਇਕ ਹਨ ਪਰ ਅਸਲ ਵਿਚ ਸਾਰੇ ਹੀ ਅਜਿਹੇ ਗਾਇਕ ਨਹੀਂ ਹਨ, ਜਿਨ੍ਹਾਂ ਨੇ ਸੰਗੀਤਕ ਗਿਆਨ ਨਾ ਲਿਆ ਹੋਵੇ ਅਤੇ ਉਹ ਸਥਾਪਿਤ ਗਾਇਕ ਹੋਣ। ਹਾਂ ਕੁਝ ਕੁ ਨੂੰ ਕੁਦਰਤ ਵੱਲੋਂ ਅਜਿਹੀ ਦਾਤ ਮਿਲੀ ਹੁੰਦੀ ਹੈ ਕਿ ਉਹ ਬਗੈਰ ਸਿੱਖੇ ਵੀ ਗਾਇਕੀ ਵਿੱਚ ਉੱਚਾ ਮੁਕਾਮ ਹਾਸਿਲ ਕਰ ਲੈਂਦੇ ਹਨ।
ਕਈ ਨਵੇਂ ਗਾਇਕ ਸ਼ੋਹਰਤ ਹਾਸਲ ਕਰਨ ਅਤੇ ਰਾਤੋ ਰਾਤ ਸਟਾਰ ਬਣਨ ਦੀ ਲਾਲਸਾ ਵਿੱਚ ਬਿਨਾਂ ਕੋਈ ਉਸਤਾਦ ਧਾਰਿਆਂ ਅਤੇ ਬਿਨਾਂ ਕੋਈ ਸੰਗੀਤਕ ਗਿਆਨ ਲਿਆਂ ਹੀ ਗਾਇਕੀ ਦੇ ਮੈਦਾਨ ਵਿੱਚ ਕੁੱਦ ਪੈਂਦੇ ਹਨ, ਪਰ ਅਜਿਹੇ ਗਾਇਕਾਂ ਵਿਚ ਇਹ ਖੁਮਾਰੀ ਥੋੜ੍ਹਾ ਚਿਰ ਹੀ ਰਹਿੰਦੀ ਹੈ ਤੇ ਘਰ ਫੂਕ ਤਮਾਸ਼ਾ ਦੇਖਣ ਪਿੱਛੋਂ ਹੀ ਅਕਲ ਟਿਕਾਣੇ ਆਉਂਦੀ ਹੈ। ਇਸ ਰੁਝਾਨ ਨੂੰ ਉਕਸਾਉਣ ਵੱਡਾ ਹਿੱਥ ਸੰਗੀਤਕ ਕੰਪਨੀਆਂ ਵੀ ਹਨ, ਉਹ ਨਵੇਂ ਗਾਇਕਾਂ ਨੂੰ ਅਜਿਹੇ ਸਬਜ਼ਬਾਗ ਦਿਖਾਉਂਦੀਆਂ ਹਨ ਕਿ ਉਨ੍ਹਾਂ ਨੂੰ ਇਸ ਗੱਲ ਦਾ ਖਿਆਲ ਹੀ ਨਹੀਂ ਰਹਿੰਦਾ ਕਿ ਕਿਸੇ ਨੂੰ ਉਸਤਾਦ ਧਾਰ ਕੇ ਸਿੱਖਿਆ ਜਾਵੇ। ਸੰਗੀਤਕ ਕੰਪਨੀਆਂ ਦੀ ਪੈਸਾ ਕਮਾਉਣ ਦੀ ਲਾਲਸਾ ਨੇ ਉਸਤਾਦੀ-ਸ਼ਗਿਰਦੀ ਨੂੰ ਬਿਲਕੁਲ ਖਤਮ ਕਰ ਦਿੱਤਾ ਹੈ ਅਤੇ ਬੇਸੁਰੇ ਬੇਤਾਲੇ ਗਾਇਕਾਂ ਦੀਆਂ ਲਾਈਨਾਂ ਲਗਾ ਦਿੱਤੀਆਂ ਹਨ। ਕੰਪਨੀ ਵਾਲੇ ਨਵੇਂ ਗਾਇਕ ਲਈ ਇਸ ਤਰ੍ਹਾਂ ਦੀ ਪ੍ਰਭਾਵਸ਼ਾਲੀ ਸ਼ਬਦਾਵਲੀ ਵਰਤ ਕੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਉਕਸਾਉਂਦੇ ਹਨ ਕਿ ਗਾਇਕ ਉਨ੍ਹਾਂ ਦਾ ਹੀ ਹੋ ਕੇ ਰਹਿ ਜਾਂਦਾ ਹੈ। ਇੱਕ ਪ੍ਰਸਿੱਧ ਪਾਕਿਸਤਾਨੀ ਗਾਇਕ ਨੇ ਸਾਡੇ ਇੱਕ ਗਾਇਕ ਨੂੰ ਵਿਦੇਸ਼ੀ ਦੌਰੇ ਦੌਰਾਨ ਕਿਹਾ ਸੀ ਕਿ ਸਾਡੇ ਪੰਜਾਬੀ ਗਾਇਕ ਪਹਿਲਾਂ ਗਾਉਣਾ ਸਿੱਖਦੇ ਹਨ ਤੇ ਫਿਰ ਗਾਇਕ ਅਖਵਾਉਂਦੇ ਹਨ, ਪਰ ਤੁਹਾਡੇ ਪਹਿਲਾਂ ਗਾਇਕ ਅਖਵਾਉਂਦੇ ਹਨ ਅਤੇ ਫਿਰ ਸਿੱਖਣ ਲਗਦੇ ਹਨ। ਪਰ ਅੱਜ ਤਾਂ ਪੰਜਾਬੀ ਗਾਇਕੀ ਦਾ ਮਾਹੌਲ ਇਸ ਤਰ੍ਹਾਂ ਦਾ ਬਣ ਚੁੱਕਿਆ ਹੈ ਕਿ ਸਾਡੇ ਗਾਇਕ, ਗਾਇਕ ਵੀ ਪਹਿਲਾਂ ਹੀ ਅਖਵਾਉਣਾ ਸ਼ੁਰੂ ਕਰ ਦਿੰਦੇ ਹਨ ਤੇ ਸਿੱਖਣ ਦੀ ਲੋੜ ਵੀ ਮਹਿਸੂਸ ਨਹੀਂ ਕਰਦੇ। ਬਹੁਤ ਸਾਰੇ ਚਰਚਿਤ ਗਾਇਕਾਂ ਨੂੰ ਹਾਲੇ ਤੱਕ ਹਰਮੋਨੀਅਮ ਵਜਾਉਣਾ ਨਹੀਂ ਆਉਂਦਾ। ਇਸ ਦਾ ਇਕ ਕਾਰਨ ਸਾਡਾ ਇਲੈਕਟ੍ਰਾਨਿਕ ਮੀਡੀਆ ਵੀ ਹੈ ਜਿਵੇਂ ਅਸੀਂ ਆਮ ਹੀ ਪੜ੍ਹਦੇ ਸੁਣਦੇ ਹਾਂ ਕਿ ਗਾਇਕੀ ਹੁਣ ਸੁਣਨ ਦੀ ਨਹੀਂ, ਦੇਖਣ ਦੀ ਹੀ ਰਹਿ ਗਈ ਹੈ।
ਇਸ ਗੱਲ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਅੱਜ ਦੇ ਉਸਤਾਦ ਵੀ ਅੱਜ ਦੇ ਗਾਇਕਾਂ ਵਾਂਗ ਹੀ ਹੋ ਗਏ ਹਨ। ਕਈ ਤਾਂ ਸਿਰਫ਼ ਨਾਮ ਦੇ ਹੀ ‘ਉਸਤਾਦ’ ਹਨ। ਪਹਿਲਾਂ ਸ਼ਗਿਰਦ ਬਕਾਇਦਾ ਉਸਤਾਦ ਨੂੰ ਪੱਗ ਦੇ ਕੇ ਉਸਤਾਦ ਧਾਰਦੇ ਸਨ, ਕਈ-ਕਈ ਸਾਲ ਉਸਤਾਦ ਦੇ ਘਰ ਰਹਿੰਦੇ ਸਨ। ਉਸਤਾਦ ਦੀਆਂ ਝਿੜਕਾਂ ਵੀ ਸਹਿੰਦੇ ਸਨ, ਪਰ ਅੱਜ ਦੀ ਇਸ ਜਲਦਬਾਜ਼ੀ ਦੀ ਦੌੜ ਵਿੱਚ ਕਿਸ ਕੋਲ ਇੰਨਾ ਸਮਾਂ ਹੈ। ਅੱਜ ਜ਼ਿਆਦਾਤਰ ਗਾਇਕ ਜਿਹੜੇ ਪੁਰਾਣੇ ਸਥਾਪਿਤ ਗਾਇਕਾਂ ਦੇ ਸ਼ਗਿਰਦ ਅਖਵਾਉਂਦੇ ਹਨ, ਉਨ੍ਹਾਂ ਵਿੱਚੋਂ ਕਈ ਤਾਂ ਉਸ ਉਸਤਾਦ ਨੂੰ ਮਿਲੇ ਵੀ ਨਹੀਂ ਹੁੰਦੇ। ਕਈ ਗਾਇਕ ਕਿਸੇ ਸਥਾਪਿਤ ਗਾਇਕ ਦੇ ਮਰਨ ਪਿੱਛੋਂ ਉਸ ਦੇ ਸ਼ਗਿਰਦ ਅਖਵਾਉਣਾ ਸ਼ੁਰੂ ਕਰ ਦਿੰਦੇ ਹਨ, ਜਿਵੇਂ ਅਮਰ ਸਿੰਘ ਚਮਕੀਲਾ ਦੇ ਮਰਨ ਪਿੱਛੋਂ ਉਸ ਦੇ ਸ਼ਗਿਰਦ ਅਖਵਾਉਣ ਵਾਲੀਆਂ ਗਾਇਕ ਜੋੜੀਆਂ ਖੁੰਭਾਂ ਵਾਂਗ ਪੈਦਾ ਹੋ ਗਈਆਂ ਸਨ।
ਜਿਵੇਂ ਕਿਹਾ ਜਾਂਦਾ ਹੈ ਕਿ ਜਿਸ ਮਕਾਨ ਦੀ ਨੀਂਹ ਮਜ਼ਬੂਤ ਹੋਵੇਗੀ, ਉਹੀ ਜ਼ਿਆਦਾ ਦੇਰ ਟਿਕ ਸਕੇਗਾ, ਨਹੀਂ ਤਾਂ ਰੇਤ ਦੀਆਂ ਕੰਧਾਂ ਹੋ ਕੇ ਰਹਿ ਜਾਵੇਗਾ। ਇਸ ਲਈ ਅੱਜ ਲੋੜ ਹੈ ਬਾਕਾਇਦਾ ਉਸਤਾਦ ਧਾਰ ਕੇ ਤੇ ਸਿੱਖ ਕੇ ਹੀ ਸੰਗੀਤ ਵਾਲੇ ਪਾਸੇ ਆਉਣ ਦੀ ਤਾਂ ਹੀ ਬੇਸੁਰੇ, ਬੇਤਾਲੇ ਗਾਇਕਾਂ ਦੀ ਭੀੜ ਨੂੰ ਠੱਲ੍ਹ ਪਵੇਗੀ।
ਸੰਪਰਕ: 80547-57806
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ