ਮਹਿਲ ਕਲਾਂ ਲੋਕ ਘੋਲ ਦੇ ਵਿਰਸੇ ਨੂੰ ਬੁਲੰਦ ਕਰੋ

ਮਹਿਲ ਕਲਾਂ ਲੋਕ ਘੋਲ ਦੇ ਵਿਰਸੇ ਨੂੰ ਬੁਲੰਦ ਕਰੋ

ਨਰਾਇਣ ਦੱਤ

ਇਲਾਕਾ ਮਹਿਲ ਕਲਾਂ ਵਿਚ 29 ਜੁਲਾਈ 1997 ਨੂੰ ਵਾਪਰੇ ਕਿਰਨਜੀਤ ਕਾਂਡ ਵਿਰੁੱਧ ਲੱਖਾਂ ਲੋਕਾਂ ਦੀ ਸ਼ਮੂਲੀਅਤ ਵਾਲੇ ਸਾਂਝੇ ਸੰਘਰਸ਼ ਦੇ ਸਿੱਟੇ ਵਜੋਂ ਇਸ ਕਾਂਡ ’ਚ ਸ਼ਾਮਲ ਅਪਰਾਧੀਆਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ। ਇਸ ਸੰਘਰਸ਼ ਦੌਰਾਨ 3 ਮਾਰਚ 2001 ਨੂੰ ਮੁਲਜ਼ਮਾਂ ਦੇ ਮੁਖੀ ਦਲੀਪੇ ਅਤੇ ਹੋਰਨਾਂ ’ਤੇ ਕਚਹਿਰੀਆਂ ਵਿਚ ਕੁਝ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ? ਇਸ ਵਿਚ ਐਕਸ਼ਨ ਕਮੇਟੀ ਮੈਂਬਰਾਂ ਮਨਜੀਤ ਧਨੇਰ, ਨਰਾਇਣ ਦੱਤ ਤੇ ਪ੍ਰੇਮ ਕੁਮਾਰ ਨੂੰ ਸਾਜ਼ਿਸ਼ ਰਚਕੇ ਸ਼ਾਮਲ ਕਰ ਦਿੱਤਾ। ਇਸੇ ਸਜ਼ਿਸ਼ ਵਿਰੁੱਧ ਮਹਿਲਾਂ ਕਲਾਂ ਐਕਸ਼ਨ ਕਮੇਟੀ ਨੇ ਦਰੁਸਤ ਇਨਕਲਾਬੀ ਜਨਤਕ ਸੇਧ ’ਤੇ ਅਮਲ ਕੀਤਾ। ਐਕਸ਼ਨ ਕਮੇਟੀ ਮਹਿਲਕਲਾਂ ਵੱਲੋਂ ਜਨਤਕ ਅਤੇ ਕਾਨੂੰਨੀ ਜੱਦੋਜਹਿਦ ਉੱਪਰ ਦਰੁਸਤ ਪਹਿਰੇਦਾਰੀ ਕਰਨ ਦੇ ਬਾਵਜੂਦ ਅਦਾਲਤ ਨੇ 28-30 ਮਾਰਚ 2005 ਨੂੰ ਸੱਚ ਨੂੰ ਦਰਕਿਨਾਰ ਕਰਦਿਆਂ ਤਿੰਨੇ ਲੋਕ ਆਗੂਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਕੇ ਸੰਘਰਸ਼ ਨੂੰ ਆਗੂ ਰਹਿਤ ਕਰਨ ਅਤੇ ਦਹਿਸ਼ਤ ਪਾਉਣ ਲਈ ਜੇਲ੍ਹ ਭੇਜ ਦਿੱਤਾ। ਇਸ ਹੱਲੇ ਨੂੰ ਐਕਸ਼ਨ ਕਮੇਟੀ ਜਾਂ ਵਿਅਕਤੀਆਂ ਖਿਲਾਫ਼ ਹਮਲੇ ਦੀ ਥਾਂ ਇਨਕਲਾਬੀ ਜਮਹੂਰੀ ਲਹਿਰ ਉੱਪਰ ਯੋਜਨਾਬੱਧ ਹੱਲਾ ਸਮਝਦਿਆਂ ਅਦਾਲਤੀ ਗਠਜੋੜ ਖਿਲਾਫ਼ ਸਾਂਝੇ ਟਾਕਰੇ ਦੀ ਲੋਕ ਲਹਿਰ ਉਸਾਰਨ ਵਿਚ ਕਾਮਯਾਬੀ ਹਾਸਲ ਕੀਤੀ। ਦੋ ਸਾਲ ਤੋਂ ਵਧੇਰੇ ਸਮੇਂ ਦੇ ਸੰਘਰਸ਼ ਕਮੇਟੀ ਦੀ ਅਗਵਾਈ ਵਾਲੇ ਸਾਂਝੇ ਵਿਸ਼ਾਲ ਲੋਕ ਸੰਘਰਸ਼ ਨੇ ਪੰਜਾਬ ਦੇ ਰਾਜਪਾਲ ਨੂੰ 24 ਜੁਲਾਈ 2007 ਨੂੰ ਤਿੰਨਾਂ ਲੋਕ ਆਗੂਆਂ ਦੀ ਸਜ਼ਾ ਖਤਮ ਕਰਨ ਲਈ ਮਜਬੂਰ ਕੀਤਾ।

ਇਸ ਕੇਸ ਦੀ ਅਪੀਲ ਵਿਚ ਦੋ ਆਗੂਆਂ ਨਰਾਇਣ ਦੱਤ ਅਤੇ ਪ੍ਰੇਮ ਕੁਮਾਰ ਨੂੰ ਹਾਈਕੋਰਟ ਵੱਲੋਂ ਬਰੀ ਕਰਦਿਆਂ ਮਨਜੀਤ ਧਨੇਰ ਦੀ ਸਜ਼ਾ ਬਰਕਰਾਰ ਰੱਖ ਦਿੱਤੀ। ਸੁਪਰੀਮ ਕੋਰਟ ਨੇ ਹਾਈਕੋਰਟ ਦਾ ਫੈਸਲਾ ਬਰਕਰਾਰ ਰੱਖਦਿਆਂ ਪੰਜਾਬ ਦੇ ਰਾਜਪਾਲ ਨੂੰ ਸਜ਼ਾ ਖ਼ਤਮ ਕਰਨ ਦਾ ਕੇਸ ਮੁੜ ਵਿਚਾਰਨ ਭੇਜ ਦਿੱਤਾ। ਸੁਪਰੀਮ ਕੋਰਟ ਵਿਚ ਅਪੀਲ ਦੌਰਾਨ ਐਕਸ਼ਨ ਕਮੇਟੀ ਵੱਲੋਂ ਠੋਸ ਪਹਿਲਕਦਮੀ ਕੀਤੀ ਗਈ, ਪਰ 3 ਸਤੰਬਰ 2019 ਨੂੰ ਸੁਪਰੀਮ ਕੋਰਟ ਨੇ ਮਨਜੀਤ ਧਨੇਰ ਦੀ ਸਜ਼ਾ ਬਹਾਲ ਰੱਖੀ। ਇਸ ਖਿਲਾਫ਼ ਵਿਸ਼ਾਲ ਅਰਥੀ ਫੂਕ ਮੁਜ਼ਾਹਰੇ ਹੋਏ। ਜਿਨ੍ਹਾਂ ਨੇ ਅਗਲੇ ਵਿਸ਼ਾਲ ਸੰਘਰਸ਼ ਲਈ ਮੈਦਾਨ ਤਿਆਰ ਕਰ ਦਿੱਤਾ। ਸਜ਼ਾ ਰੱਦ ਕਰਾਉਣ ਲਈ 10 ਸਤੰਬਰ ਨੂੰ ਰਾਜਪਾਲ ਨੂੰ ਮੰਗ ਪੱਤਰ ਦਿੱਤਾ।

ਪੰਜਾਹ ਹਜ਼ਾਰ ਪੋਸਟਰ ਅਤੇ ਇਕ ਲੱਖ ਲੀਫਲੈਟ ਕੱਢ ਕੇ ਪਿੰਡਾਂ/ਕਸਬਿਆਂ/ਸ਼ਹਿਰਾਂ ਵਿਚ ਮੀਟਿੰਗਾਂ ਰਾਹੀਂ ਠੋਸ ਤਿਆਰੀ ਕਰਕੇ 20 ਸਤੰਬਰ, 2019 ਨੂੰ ਸੈਂਕੜੇ ਟਰੈਕਟਰ ਟਰਾਲੀਆਂ ਦੇ ਕਾਫਲਿਆਂ ਨੇ ਪਟਿਆਲੇ ਵੱਲ ਚਾਲੇ ਪਾ ਦਿੱਤੇ। ਪਰ ਪੁਲੀਸ ਨੇ ਭਾਰੀ ਬੈਰੀਕੇਡਿੰਗ ਕਰਕੇ ਕਾਫਲੇ ਨੂੰ ਜਦੋਂ ਅੱਗੇ ਨਾ ਵਧਣ ਦਿੱਤਾ ਤਾਂ ਦੇਰ ਸ਼ਾਮ ਤਕ ਨੈਸ਼ਨਲ ਹਾਈਵੇ ਜਾਮ ਕਰਕੇ ਧਰਨਾ/ਪਰਦਰਸ਼ਨ ਉੱਥੇ ਹੀ ਚਲਦਾ ਰਿਹਾ। 24 ਸਤੰਬਰ ਨੂੰ ਹਜ਼ਾਰਾਂ ਦੀ ਸੰਖਿਆ ਦੇ ਕਾਫਲਿਆਂ ਦੇ ਰੋਹ ਨੂੰ ਭਾਂਪਦਿਆਂ 26 ਸਤੰਬਰ ਨੂੰ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਨਾਲ ਪੈਨਲ ਮੀਟਿੰਗ ਕਰਾਉਣ ਦਾ ਪ੍ਰਸ਼ਾਸਨ ਨੂੰ ਐਲਾਨ ਕਰਨਾ ਪਿਆ। 26 ਸਤੰਬਰ ਨੂੰ ਪ੍ਰਮੁੱਖ ਸਕੱਤਰ ਨਾਲ ਚੱਲ ਰਹੀ ਮੀਟਿੰਗ ਸਮੇਂ ਹਜ਼ਾਰਾਂ ਜੁਝਾਰੂ ਮਰਦ ਔਰਤਾਂ ਖ਼ਾਸ ਕਰ ਔਰਤਾਂ ਦੀ ਮਹਿਮਦਪੁਰ ਦਾਣਾ ਮੰਡੀ ਵਿਖੇ ਰੋਹਲੀ ਗਰਜ ਪੈਂਦੀ ਰਹੀ। ਲੋਕਾਂ ਦੇ ਦ੍ਰਿੜ ਸੰਘਰਸ਼ ਕਰਕੇ ਪ੍ਰਸ਼ਾਸਨ ਨੂੰ ਮਜਬੂਰ ਹੋ ਕੇ ਸਜ਼ਾ ਰੱਦ ਕਰਨ ਦੇ ਅਮਲ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ ਮਜਬੂਰ ਹੋਣਾ ਪਿਆ।

ਲੋਕਾਂ ਦੇ ਆਗੂ ਨੂੰ ਅਦਾਲਤੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਜਿਉਂ ਹੀ ਪੁਲੀਸ ਬਰਨਾਲਾ ਜੇਲ੍ਹ ਵਿਚ ਬੰਦ ਕਰਨ ਲਈ ਰਵਾਨਾ ਹੋਈ, ਲੋਕਾਂ ਦਾ ਹੜ੍ਹ ਆਪਣੇ ਆਗੂ ਨੂੰ ਰਿਹਾਅ ਕਰਾਉਣ ਲਈ ਪਹਿਲਾਂ ਹੀ ਬਰਨਾਲਾ ਜੇਲ੍ਹ ਅੱਗੇ ਲੱਗਣ ਵਾਲੇ ਪੱਕੇ ਮੋਰਚੇ ਲਈ ਵਗ ਤੁਰਿਆ। ਜੇਲ੍ਹ ਦੇ ਗੇਟ ਅੱਗੇ ਸ਼ੁਰੂ ਹੋਏ ਪੱਕੇ ਮੋਰਚੇ ਨੇ ਪੰਜਾਬ ਸਰਕਾਰ/ਪ੍ਰਸ਼ਾਸਨ ਲਈ ਨਵੀਂ ਸਿਰਦਰਦੀ ਖੜ੍ਹੀ ਕਰ ਦਿੱਤੀ।

ਪ੍ਰਸ਼ਾਸਨ ਨੇ ਮੋਰਚੇ ਨੂੰ ਗੈਰਕਾਨੂੰਨੀ ਕਰਾਰ ਦੇ ਕੇ ਕਾਰਵਾਈ ਕਰਨ ਦੀ ਧਮਕੀ ਦਿੱਤੀ। ਫਿਰ ਸੰਘਰਸ਼ ਨੇ ਹਰ ਤਬਕੇ ਦਾ ਸਾਥ ਹਾਸਲ ਕਰ ਲਿਆ। 30 ਸਤੰਬਰ ਤੋਂ ਸ਼ੁਰੂ ਹੋਇਆ ਪੱਕਾ ਮੋਰਚਾ 14 ਨਵੰਬਰ ਤਕ ਨਿਰੰਤਰ ਰਿਹਾ। ਹਜ਼ਾਰਾਂ ਦੀ ਤਾਦਾਦ ’ਚ ਹਰੀਆਂ, ਬਸੰਤੀ ਚੁੰਨੀਆਂ ਦੀ ਸ਼ਮੂਲੀਅਤ ਨੇ ‘ਲੋਕ ਆਗੂ ਮਨਜੀਤ ਦੀ ਸਜ਼ਾ ਰੱਦ ਕਰਵਾ ਕੇ ਰਹਾਂਗੇ’ ਨੂੰ ਅਮਲੀ ਜਾਮਾ ਪਹਿਨਾਉਣ ਵਿਚ ਅਹਿਮ ਰੋਲ ਅਦਾ ਕੀਤਾ। 46 ਦਿਨ ਲਗਾਤਾਰ ਚੱਲੇ ਪੱਕੇ ਮੋਰਚੇ ਦੌਰਾਨ ਹੀ ਸਾਜ਼ਿਸ਼ੀ ਗੱਠਜੋੜ ਦਾ ਪੁਤਲਾ ਦੁਸਹਿਰੇ ਵਾਲੇ ਦਿਨ ਅਗਨ ਭੇਂਟ ਕੀਤਾ, ਦੀਵਾਲੀ ਵੀ ਉੱਥੇ ਹੀ ਮਨਾਈ।

13 ਨਵੰਬਰ ਨੂੰ ਲੋਕਾਂ ਦਾ ਸੰਘਰਸ਼ ਰੰਗ ਲਿਆਇਆ। ਇਸ ਦਿਨ ਰਾਜਪਾਲ ਨੂੰ ਕਿਸਾਨ ਆਗੂ ਮਨਜੀਤ ਧਨੇਰ ਦੀ ਰਿਹਾਈ ਸਬੰਧੀ ਫਾਈਲ ਉੱਪਰ ਦਸਤਖ਼ਤ ਕਰਨੇ ਪਏ। 14 ਨਵੰਬਰ, 2019 ਨੂੰ ਸਾਰਾ ਦਿਨ ਹਜ਼ਾਰਾਂ ਦੀ ਗਿਣਤੀ ਵਿਚ ਬਰਨਾਲਾ ਜੇਲ੍ਹ ਅੱਗੇ ਇਕੱਤਰ ਹੋੲੇ ਲੋਕ ਆਪਣੇ ਆਗੂ ਦੀ ਝਲਕ ਪਾਉਣ ਲਈ ਬੇਸਬਰੀ ਨਾਲ ਉਡੀਕਦੇ ਰਹੇ, ਪਰ ਪ੍ਰਸ਼ਾਸਨ ਨੇ ਚੁੱਪ ਚਾਪ ਰਾਤ ਨੂੰ 8 ਵਜੇ ਤੋਂ ਬਾਅਦ ਰਿਹਾਅ ਕੀਤਾ। ਜਿਉਂ ਹੀ ਲੋਕਾਂ ਦੇ ਆਗੂ ਨੇ ਜੇਲ੍ਹੋਂ ਬਾਹਰ ਕਦਮ ਰੱਖਿਆ, ਅਕਾਸ਼ ਗੁੰਜਾਊ ਨਾਅਰਿਆਂ ਨਾਲ ਉਸਦਾ ਜੋਸ਼ੀਲਾ ਸਵਾਗਤ ਕੀਤਾ ਗਿਆ। 30 ਸਤੰਬਰ ਜੇਲ੍ਹ ਜਾਣ ਮੌਕੇ ਆਪਣੀ ਜਥੇਬੰਦੀ ਬੀਕੇਯੂ ਏਕਤਾ ਡਕੌਂਦਾ ਦਾ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗ ਦੇ ਸਪੁਰਦ ਕੀਤਾ ਝੰਡਾ ਫੜ ਜੇਲ੍ਹ ’ਚੋਂ ਪਹਿਲਾ ਕਦਮ ਬਾਹਰ ਰੱਖਿਆ ਤਾਂ ਸੈਂਕੜਿਆਂ ਦੀ ਤਾਦਾਦ ’ਚ ਹਾਜ਼ਰ ਆਗੂਆਂ ਨੇ ਆਪਣੇ ਆਗੂ ਨੂੰ ਫੁੱਲਾਂ ਨਾਲ ਲੱਦ ਦਿੱਤਾ। ਇਸ ਤਰ੍ਹਾਂ ਇਹ ਲੋਕ ਸੰਘਰਸ਼ ਮਿਸਾਲੀ ਜਿੱਤ ਹਾਸਲ ਕਰਕੇ ਇਕ ਅਹਿਮ ਪੜਾਅ ’ਤੇ ਇਤਿਹਾਸ ਦਾ ਨਵਾਂ ਪੰਨਾ ਸਿਰਜ ਗਿਆ।

ਸ਼ਹੀਦ ਕਿਰਨਜੀਤ ਲੋਕ ਦੁਸ਼ਮਣ ਤਾਕਤਾਂ ਵਿਰੁੱਧ ‘ਔਰਤ ਮੁਕਤੀ ਲਈ ਅੰਤਮ ਦਮ ਤਕ ਜੂਝਣ ਦਾ ਸ਼ਾਨਦਾਰ ਚਿੰਨ੍ਹ’ ਬਣ ਚੁੱਕੀ ਹੈ। ਇਸ ਗੌਰਵਮਈ ਵਿਰਸੇ ਨੂੰ ਬੁਲੰਦ ਕਰਨਾ ਅਤੇ ਲੋਕ ਦੁਸ਼ਮਣ ਤਾਕਤਾਂ ਨੂੰ ਕੂੜੇ ਵਿਚ ਦੱਬਣ ਲਈ ਇਸਨੂੰ ਵਾਰ ਵਾਰ ਦੁਹਰਾਉਣਾ ਪਵੇਗਾ। ਕਿਰਨਜੀਤ ਦੇ ਸ਼ਰਧਾਂਜਲੀ ਦਿਵਸ ਨੂੰ ਇਸੇ ਕੜੀ ਵਜੋਂ ਲਗਾਤਾਰ ਜਾਰੀ ਰੱਖਣ ਦੀ ਵੱਡੀ ਲੋੜ ਹੈ। ਇਸ ਵਾਰ ਬੇਸ਼ੱਕ ਕਰੋਨਾ ਸੰਕਟ ਦੇ ਚਲਦਿਆਂ ਮਹਿਲਕਲਾਂ ਦੀ ਦਾਣਾ ਮੰਡੀ ’ਚ ਇਕੱਠ ਨਹੀਂ ਹੋਵਗਾ ਤਾਂ ਵੀ ਇਸ ਲੋਕ ਘੋਲ ਦੇ ਮਸ਼ਾਲਚੀ ਅਨੇਕਾਂ ਪਿੰਡਾਂ/ਕਸਬਿਆਂ ਵਿਚ ਸ਼ਰਧਾਂਜਲੀਆਂ ਭੇਂਟ ਕਰਕੇ ਇਸ ਲੋਕ ਦੋਖੀ ਢਾਂਚੇ ਖਿਲਾਫ਼ ਸੰਘਰਸ਼ ਦੀ ਧਾਰ ਸੇਧਤ ਕਰਨ ਦਾ ਅਹਿਦ ਕਰਨਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All