ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਚੋਣ; ‘ਖਿਮਾ ਦਾਨ’ ਨੇ ਪਲਟੀ ਬਾਜ਼ੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ-2

ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਚੋਣ; ‘ਖਿਮਾ ਦਾਨ’ ਨੇ ਪਲਟੀ ਬਾਜ਼ੀ

ਗੁਰਦੇਵ ਸਿੰਘ ਸਿੱਧੂ

(ਲੜੀ ਜੋੜਨ ਲਈ 14 ਨਵੰਬਰ ਵਾਲਾ ਅੰਕ ਦੇਖੋ)

16 ਨਵੰਬਰ ਨੂੰ ਦੁਪਹਿਰ ਸਮੇਂ ਸਰਬੱਤ ਖਾਲਸਾ ਇਕੱਤਰਤਾ ਪ੍ਰਿੰਸੀਪਲ ਭਾਈ ਤੇਜਾ ਸਿੰਘ ਅਕਾਲ ਕਾਲਜ ਮਸਤੂਆਣਾ ਦੀ ਪ੍ਰਧਾਨਗੀ ਹੇਠ ਮੁੜ ਸ਼ੁਰੂ ਹੋਈ। ਸੰਗਤ ਸ੍ਰੀ ਅਕਾਲ ਬੁੰਗੇ ਦੇ ਸਾਹਮਣੇ ਸਜੀ ਹੋਈ ਸੀ। ਕਾਰਜ ਆਰੰਭ ਕਰਨ ਦਾ ਅਰਦਾਸਾ ਸੋਧ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਕ ਲਿਆ ਗਿਆ। ਪਵਿੱਤਰ ਵਾਕ ‘ਸੋਰਠ ਮਹਲਾ ਪੰਜਵਾਂ: ਤਾਪ ਗਵਾਇਆ ਗੁਰ ਪੂਰੇ’ ਸੁਣ ਕੇ ਸਭ ਦੇ ਦਿਲ ਮੋਮ ਹੋ ਗਏ। ਸਮਝਿਆ ਗਿਆ ਕਿ ਕੱਲ੍ਹ ਦੀ ਇਕੱਤਰਤਾ ਦੌਰਾਨ ਰਾਵਾਂ ਦੇ ਵਖਰੇਵੇਂ ਦਾ ਤਾਪ ਗੁਰੂ ਜੀ ਨੇ ਗਵਾ ਦਿੱਤਾ ਹੈ। ਕਾਰਵਾਈ ਦਾ ਆਰੰਭ ਸਰਦਾਰ ਸ ਸ ਚਰਨ ਸਿੰਘ ‘ਸ਼ਹੀਦ’ ਵੱਲੋਂ ਸਿੱਖਾਂ ਦੀ ਏਕਤਾ ਬਾਰੇ ਕਵਿਤਾ ‘ਇਕ ਜਾਨ, ਤੀਹ ਲੱਖ ਸਰੀਰ’ ਪੜ੍ਹਨ ਨਾਲ ਹੋਇਆ। ਉਪਰੰਤ ਮਾਸਟਰ ਚੰਦਾ ਸਿੰਘ ਨੇ ਰਾਤ ਨੂੰ ਹੋਈ ਮੀਟਿੰਗ ਦੀ ਕਾਰਵਾਈ ਬਾਰੇ ਦੱਸਦਿਆਂ ਕਿਹਾ ਕਿ ਸ਼ਿਵਦੇਵ ਸਿੰਘ ਨੇ ਆਪਣਾ ਮਤਾ ਵਾਪਸ ਲੈ ਲਿਆ ਹੈ, ਇਸ ਲਈ ਕੱਲ੍ਹ ਸੰਗਤ ਵਿਚ ਪੇਸ਼ ਕੀਤੇ ਗਏ ਮਤੇ “ਗੁਰਦੁਆਰਿਆਂ ਦੇ ਪ੍ਰਬੰਧ ਲਈ ਜ਼ਿਲ੍ਹੇ ਤੇ ਇਲਾਕੇ ਵਾਰ ਚੋਣਵੇਂ ਸਿੱਖਾਂ ਦੀ ਅਜ ਇਕ ਕਮੇਟੀ ਬਣਾਈ ਜਾਵੇ ਜੋ ਦਰਬਾਰ ਸਾਹਿਬ ਤੇ ਹੋਰ ਸਭ ਗੁਰ ਅਸਥਾਨਾਂ ਦਾ ਪ੍ਰਬੰਧ ਕਰੇ” ਨੂੰ ਪ੍ਰਵਾਨਗੀ ਦਿੱਤੀ ਜਾਵੇ। ਉੱਤਰ ਵਿਚ ਸੰਗਤ ਨੇ ਜੈਕਾਰਿਆਂ ਦੀ ਗੂੰਜ ਵਿਚ ਮਾਸਟਰ ਚੰਦਾ ਸਿੰਘ ਦੇ ਕੱਲ੍ਹ ਪੇਸ਼ ਕੀਤੇ ਮਤੇ ਨੂੰ ਪ੍ਰਵਾਨਗੀ ਦਿੱਤੀ।

ਇਸ ਪਿੱਛੋਂ ਸ ਸ ਚਰਨ ਸਿੰਘ ਸ਼ਹੀਦ ਨੇ ਇਸ ਭਾਵ ਦਾ ਦੂਜਾ ਮਤਾ ਪੇਸ਼ ਕੀਤਾ ਜਿਸ ਵਿਚ ਮੰਗ ਕੀਤੀ ਗਈ ਕਿ ਵੱਡੀ ਕਮੇਟੀ ਨੂੰ ਦਰਬਾਰ ਸਾਹਿਬ ਅਤੇ ਹੋਰ ਸੰਬੰਧਿਤ ਗੁਰਦੁਆਰਿਆ ਦਾ ਪ੍ਰਬੰਧ ਚਲਾਉਣ ਲਈ ਆਪਣੇ ਵਿਚੋਂ ਅਤੇ ਹੋਰ ਯੋਗ ਸੱਜਣਾਂ ਵਿਚੋਂ 72 ਮੈਂਬਰਾਂ ਦੀ ਅੰਤ੍ਰਿੰਗ ਕਮੇਟੀ ਬਣਾਉਣ ਦਾ ਅਧਿਕਾਰ ਦਿੱਤਾ ਜਾਵੇ। ਬਾਵਾ ਹਰਕਿਸ਼ਨ ਸਿੰਘ ਦੀ ਤਾਈਦ ਪਿੱਛੋਂ ਇਹ ਮਤਾ ਵੀ ਪ੍ਰਵਾਨ ਕੀਤਾ ਗਿਆ। ਤੀਜਾ ਮਤਾ ਜਥੇਦਾਰ ਕਰਤਾਰ ਸਿੰਘ ਝੱਬਰ ਨੇ ਪੇਸ਼ ਕੀਤਾ। ਉਸ ਨੇ ਕਿਹਾ ਕਿ ਸਰਕਾਰੀ ਕਮੇਟੀ ਦੇ ਮੈਂਬਰਾਂ ਨੂੰ ਵੀ ਵੱਡੀ ਕਮੇਟੀ ਵਿਚ ਸ਼ਾਮਲ ਕੀਤਾ ਜਾਵੇ। ਮਾਸਟਰ ਮੋਤਾ ਸਿੰਘ ਦੀ ਪ੍ਰੋੜਤਾ ਮਗਰੋਂ ਇਹ ਮਤਾ ਵੀ ਪ੍ਰਵਾਨ ਹੋਇਆ। ਕਮੇਟੀ ਦਾ ਨਾਉਂ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਰੱਖਣ ਅਤੇ ਰਹਿ ਗਏ ਇਲਾਕਿਆਂ ਨੂੰ ਪ੍ਰਤੀਨਿਧਤਾ ਦੇਣ ਲਈ ਕਮੇਟੀ ਦੇ ਮੈਂਬਰਾਂ ਦੀ ਗਿਣਤੀ 175 ਕਰਨ ਦਾ ਫੈਸਲਾ ਹੋਇਆ। ਉਪਰੰਤ ਬਾਵਾ ਹਰਕਿਸ਼ਨ ਸਿੰਘ ਨੇ ਵਿਭਿੰਨ ਇਲਾਕਾ ਵਾਰ ਪ੍ਰਤੀਨਿਧਾਂ ਲਈ ਪਹਿਲਾਂ ਦੱਸੀ ਗਈ ਗਿਣਤੀ ਅਨੁਸਾਰ ਜਿੰਨੇ ਕੁ ਨੁਮਾਇੰਦੇ ਚੁਣੇ ਗਏ ਸਨ, ਉਨ੍ਹਾਂ ਦੀ ਸੂਚੀ ਪੜ੍ਹੀ ਅਤੇ ਉਨ੍ਹਾਂ ਨੂੰ ਅਕਾਲ ਤਖਤ ਸਾਹਿਬ ਉੱਤੇ ਆਉਣ ਦੀ ਬੇਨਤੀ ਕੀਤੀ। ਇਸ ਪਿੱਛੋਂ ਚੌਥਾ ਮਤਾ ਖੁਦ ਪ੍ਰਧਾਨ ਪ੍ਰਿੰਸੀਪਲ ਤੇਜਾ ਸਿੰਘ ਮਸਤੂਆਣਾ ਨੇ ਇਹ ਪੇਸ਼ ਕੀਤਾ ਕਿ ਚੁਣੇ ਗਏ ਮੈਂਬਰਾਂ ਵੱਲੋਂ ਸ੍ਰੀ ਅਕਾਲ ਤਖਤ ਦੇ ਜਾਰੀ ਹੁਕਮਨਾਮੇ ਵਿਚ ਦੱਸੇ ਨਿਯਮਾਂ ਦੀ ਪੂਰਤੀ ਕਰਨ ਦੀ ਪੜਤਾਲ ਕਰਨ ਵਾਸਤੇ ਪੰਜ ਪਿਆਰਿਆਂ ਦੀ ਪੜਤਾਲੀਆ ਕਮੇਟੀ ਬਣਾਈ ਜਾਵੇ। ਇਹ ਕਮੇਟੀ ਕਿਸੇ ਮੈਂਬਰ ਵਿਚ ਊਣਤਾਈ ਵੇਖ ਕੇ ਉਸ ਨੂੰ ਤਨਖਾਹ ਲਾਵੇ ਅਤੇ ਮੈਂਬਰ ਸੰਗਤ ਪਾਸੋਂ ਭੁੱਲ ਬਖਸ਼ਾਵੇ। ਜੋ ਅਜਿਹਾ ਨਾ ਕਰੇ, ਉਸ ਨੂੰ ਮੈਂਬਰੀ ਦੇ ਅਯੋਗ ਕਰਾਰ ਦਿੱਤਾ ਜਾਵੇ। ਇਹ ਮਤਾ ਵੀ ਸਰਬਸੰਮਤੀ ਨਾਲ ਪ੍ਰਵਾਨ ਹੋਇਆ।

ਪੰਜ ਪਿਆਰਿਆਂ ਦੀ ਇਹ ਪੜਤਾਲੀਆ ਕਮੇਟੀ ਬਣਾਉਣ ਲਈ ਨਾਂ ਮੰਗੇ ਗਏ ਤਾਂ ਸੰਗਤ ਨੇ ਜਥੇਦਾਰ ਤੇਜਾ ਸਿੰਘ ਭੁੱਚਰ ਜਥੇਦਾਰ ਅਕਾਲ ਤਖਤ ਸਾਹਿਬ, ਪ੍ਰਿੰਸੀਪਲ ਤੇਜਾ ਸਿੰਘ ਮਸਤੂਆਣਾ, ਮਾਸਟਰ ਮੋਤਾ ਸਿੰਘ, ਬਲਵੰਤ ਸਿੰਘ ਕੁੱਲਾ ਅਤੇ ਭਾਈ ਬਖਸ਼ੀਸ ਸਿੰਘ, ਕੇਸਗੜ੍ਹ ਦੇ ਨਾਂ ਪ੍ਰਵਾਨ ਕੀਤੇ। ਸੰਗਤ ਨੇ ਮੰਗ ਕੀਤੀ ਕਿ ਅਗਲੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਇਹ ਪੰਜ ਪਿਆਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਲੋਅ ਵਿਚ ਸੰਗਤ ਪਾਸੋਂ ਆਪਣੀਆਂ ਭੁੱਲਾਂ ਬਖਸ਼ਾਉਣ। ਵਾਰੀ ਵਾਰੀ ਪੰਜਾਂ ਪਿਆਰਿਆਂ ਵਿਚੋਂ ਹਰ ਕੋਈ ਗਲ ਵਿਚ ਪੱਲਾ ਪਾ ਅਤੇ ਹੱਥ ਜੋੜ ਕੇ ਸੰਗਤ ਦੇ ਹਜ਼ੂਰ ਖੜ੍ਹਾ ਹੋਇਆ ਅਤੇ ਅਜਿਹੇ ਸ਼ਬਦਾਂ ਵਿਚ ਬੇਨਤੀ ਕੀਤੀ, “ਸੰਗਤ ਜੀ ਬੰਦਾ ਭੁੱਲਣਹਾਰ ਹੈ। ਦਾਸ ਵਿਚ ਕੋਈ ਭੁੱਲ ਹੋਵੇ ਤਾਂ ਸੋਧ ਲਈ ਜਾਵੇ, ਦਾਸ ਹਾਜ਼ਰ ਹੈ।” ਸੰਗਤ ਨੇ ਚਾਰ ਸੱਜਣਾਂ ਦੀਆਂ ਭੁੱਲਾਂ ਦੀ ਸੋਧ ਜੈਕਾਰਿਆਂ ਦੀ ਗੂੰਜ ਨਾਲ ਕੀਤੀ ਪਰ ਪ੍ਰਿੰਸੀਪਲ ਤੇਜਾ ਸਿੰਘ ਮਸਤੂਆਣਾ ਨੂੰ ਉਸ ਦੀਆਂ ਭੁੱਲਾਂ ਬਾਰੇ ਇਉਂ ਜਾਣੂ ਕਰਵਾਇਆ, “ਤੁਸੀਂ ਗਾਤਰੇ ਵਾਲੀ ਕਿਰਪਾਨ ਧਾਰਨ ਨਹੀਂ ਕਰਦੇ, ਆਪਣੇ ਆਪ ਨੂੰ ਸੰਤ ਅਖਵਾਉਂਦੇ ਹੋ ਅਤੇ ਮੱਥਾ ਟਿਕਵਾਉਂਦੇ ਹੋ।” ਪ੍ਰਿੰਸੀਪਲ ਤੇਜਾ ਸਿੰਘ ਨੇ ਸੰਗਤ ਦੇ ਤਿੰਨੇ ਹੁਕਮ ਪ੍ਰਵਾਨ ਕਰਦਿਆਂ ਇਸ ਅਨੁਸਾਰ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਤਾਂ ਸੰਗਤ ਨੇ ਜੈਕਾਰੇ ਗਜਾ ਕੇ ਉਸ ਦੇ ਨਾਉਂ ਨੂੰ ਵੀ ਸਹਿਮਤੀ ਦੇ ਦਿੱਤੀ।

ਇਸ ਪਿੱਛੋਂ ਕਮੇਟੀ ਲਈ ਚੁਣੇ ਗਏ ਮੈਂਬਰਾਂ ਦੀ ਸੁਧਾਈ ਦਾ ਕਾਰਜ ਸ਼ੁਰੂ ਹੋਇਆ। ਕੱਲ੍ਹ ਦੇ ਸਮਾਗਮ ਦੌਰਾਨ ਸਰਕਾਰ ਦੇ ਇਸ਼ਾਰੇ ਉੱਤੇ ਬਣੀ ਕਮੇਟੀ ਨੂੰ ਅਪ੍ਰਵਾਨ ਕਰਨ ਵਾਲਿਆਂ ਦੀ ਦਲੀਲ ਸੀ ਕਿ “ਸਾਡਾ ਆਪਣਾ (36 ਮੈਂਬਰੀ) ਕਮੇਟੀ ਦੇ ਮੈਂਬਰਾਂ ਨਾਲ ਵਿਰੋਧ ਨਹੀਂ ਪਰ ਅਸੂਲ ਦੇ ਘਾਤ ਕਰਨੇ ਤੇ ਸਾਨੂੰ ਡਾਢਾ ਰੰਜ ਹੈ। ਭਾਵੇਂ ਇਸ ਤਰ੍ਹਾਂ ਦੀ ਬਣਾਈ ਕਮੇਟੀ ਵਿਚ ਸਾਰੇ ਹੀ ਉਹ ਸੱਜਨ ਹੁੰਦੇ ਜਿਨ੍ਹਾਂ ਨੂੰ ਅਸੀਂ ਚਾਹੁੰਦੇ ਹਾਂ ਤਾਂ ਵੀ ਬੇਅਸੂਲੀ ਦੀ ਕਾਰਵਾਈ ਤੇ ਅਸੀਂ ਜ਼ਰੂਰ ਵਿਰੋਧਤਾ ਕਰਦੇ ਅਤੇ ਪੰਥ ਵਲੋਂ ਭਾਵੇਂ ਸਾਰੇ ਉਹ ਆਦਮੀ ਚੁਣੇ ਜਾਣ ਜਿਨ੍ਹਾਂ ਨੂੰ ਅਸੀਂ ਨਹੀਂ ਚਾਹੁੰਦੇ ਤਾਂ ਵੀ ਅਸੀਂ ਕਦੀ ਵਿਰੋਧਤਾ ਨਾ ਕਰਦੇ। ਕੋਈ ਕਾਰਵਾਈ ਪੰਥ ਦੀ ਮਰਜ਼ੀ ਅਤੇ ਸਲਾਹ ਤੋਂ ਬਿਨਾਂ ਨਹੀਂ ਹੋਣੀ ਚਾਹੀਦੀ।” ‘ਸਮਝਦਾਰਾਂ’ ਨੇ ਇਸ ਭਾਵਨਾ ਉੱਤੇ ਫੁੱਲ ਚੜ੍ਹਾਏ ਅਤੇ 13 ਨਵੰਬਰ 1920 ਨੂੰ ਸਰਕਾਰੀ ਸਰਪ੍ਰਸਤੀ ਹੇਠ ਬਣੀ ਕਮੇਟੀ ਵਿਚਲੇ ਲਗਭਗ ਸਾਰੇ ਮੈਂਬਰ ਆਪੋ-ਆਪਣੇ ਇਲਾਕੇ ਵੱਲੋਂ ਚੁਣੇ ਪ੍ਰਤੀਨਿਧ ਬਣ ਕੇ ਇਕੱਤਰਤਾ ਵਿਚ ਸ਼ਾਮਲ ਹੋਏ। ਉਦਾਹਰਨ ਵਜੋਂ ਸੁੰਦਰ ਸਿੰਘ ਮਜੀਠੀਆ ਅਤੇ ਸੁੰਦਰ ਸਿੰਘ ਰਾਮਗੜ੍ਹੀਆ ਅੰਮ੍ਰਿਤਸਰ ਸ਼ਹਿਰ ਲਈ ਨਿਰਧਾਰਿਤ ਮੈਂਬਰਾਂ ਵਿਚੋਂ ਸਨ ਅਤੇ ਹਰਬੰਸ ਸਿੰਘ ਅਟਾਰੀ ਅਤੇ ਰਘਬੀਰ ਸਿੰਘ ਸੰਧਾਵਾਲੀਆ ਅੰਮ੍ਰਿਤਸਰ ਜ਼ਿਲ੍ਹੇ ਵਾਲੀ ਸੂਚੀ ਵਿਚੋਂ। ਸ਼ਿਵਦੇਵ ਸਿੰਘ ਨੂੰ ਸਿਆਲਕੋਟ ਜ਼ਿਲ੍ਹੇ ਦੇ ਪ੍ਰਤੀਨਿਧਾਂ ਵਿਚ ਥਾਂ ਮਿਲੀ ਅਤੇ ਪ੍ਰਿੰਸੀਪਲ ਜੋਧ ਸਿੰਘ ਨੂੰ ਰਾਵਲਪਿੰਡੀ ਜ਼ਿਲ੍ਹੇ ਵਿਚ। ਇਉਂ ਉਹ ਲਗਭਗ ਸਾਰੇ ਮੈਂਬਰ ਨਵੀਂ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣੇ ਹੋਏ ਮੈਂਬਰਾਂ ਦੇ ਰੂਪ ਵਿਚ ਅੱਜ ਦੀ ਇਕੱਤਰਤਾ ਵਿਚ ਸ਼ਾਮਲ ਸਨ। ਸ਼੍ਰੋਮਣੀ ਕਮੇਟੀ ਦੇ ਨਾਮਜ਼ਦ ਸਮੂਹ ਮੈਂਬਰਾਂ ਨੂੰ ਸ੍ਰੀ ਅਕਾਲ ਤਖਤ ਦੀ ਉਪਰਲੀ ਮੰਜ਼ਲ ਉੱਤੇ ਬੁਲਾ ਕੇ ਉਨ੍ਹਾਂ ਦੀ ਸੋਧਾਈ ਕੀਤੀ ਗਈ।

ਇਹ ਸਾਰੀ ਕਾਰਵਾਈ ਮੁਕੰਮਲ ਹੋਣ ਉਪਰੰਤ ਸਾਰੇ ਸਿੱਖ-ਪ੍ਰਤੀਨਿਧ ਪੰਜ ਪਿਆਰਿਆਂ ਦੀ ਅਗਵਾਈ ਵਿਚ ਅਕਾਲ ਤਖਤ ਸਾਹਿਬ ਦੇ ਸਾਹਮਣੇ ਇਕੱਠੀ ਹੋਈ ਸਿੱਖ ਸੰਗਤ ਦੇ ਸਨਮੁੱਖ ਪੇਸ਼ ਹੋਏ। ਕਾਲੀ ਪੁਸ਼ਾਕ ਪਹਿਨੀ ਅਤੇ ਮੋਢਿਆਂ ਉੱਤੇ ਸ੍ਰੀ ਸਾਹਿਬ ਟਿਕਾਈ ਪੰਜ ਪਿਆਰੇ ਜਦੋਂ ਸ਼ਬਦ ਪੜ੍ਹਦੇ ਹੋਏ ਸਿੱਖ ਪ੍ਰਤੀਨਿਧਾਂ ਨੂੰ ਲੈ ਕੇ ਸਿੱਖ ਸੰਗਤ ਦੇ ਸਾਹਮਣੇ ਆਏ ਤਾਂ ਇਹ ਬਹੁਤ ਪ੍ਰਭਾਵਸ਼ਾਲੀ ਅਤੇ ਅਦਭੁੱਤ ਨਜ਼ਾਰਾ ਸੀ। ਸੰਗਤ ਦੇ ਸਾਹਮਣੇ ਖੜ੍ਹੇ ਹੋ ਕੇ ਬਾਵਾ ਹਰਕਿਸ਼ਨ ਸਿੰਘ ਨੇ ਇਕੱਲੇ ਇਕੱਲੇ ਸਿੱਖ ਪ੍ਰਤੀਨਿਧ ਦਾ ਨਾਂ ਲੈ ਕੇ ਉਸ ਵਿਚ ਪਾਈਆਂ ਗਈਆਂ ਕਮਜ਼ੋਰੀਆਂ ਅਤੇ ਉਨ੍ਹਾਂ ਦੇ ਨਿਵਾਰਨ ਵਾਸਤੇ ਲਾਈ ਗਈ ਤਨਖਾਹ ਦਾ ਵੇਰਵਾ ਪੇਸ਼ ਕੀਤਾ ਜਿਸ ਨੂੰ ਸੰਗਤ ਨੇ ਸਾਹ ਰੋਕ ਕੇ ਸੁਣਿਆ। ਜਦ ਇਹ ਕਾਰਵਾਈ ਚੱਲ ਰਹੀ ਸੀ ਤਾਂ ਸੋਹਨ ਸਿੰਘ ਜੋਸ਼ ਅਨੁਸਾਰ, “ਸਾਰਿਆਂ ਦੀਆਂ ਅੱਖਾਂ ਮੁੜ ਮੁੜ ਸੁੰਦਰ ਸਿੰਘ ਮਜੀਠੀਏ ਵੱਲ ਉਠਦੀਆਂ ਸਨ। ਲੋਕ ਜਾਨਣਾ ਚਾਹੁੰਦੇ ਸਨ ਕਿ ਮਜੀਠੀਏ ਨੂੰ ਪਿਛਲੇ ਗੁਨਾਹਾਂ ਦੀ ਕੀ ਸਜ਼ਾ ਦਿੱਤੀ ਗਈ ਹੈ? ਕਿਉਂਕਿ ਉਹ ਲੋਕਾਂ ਦੀਆਂ ਨਜ਼ਰਾਂ ਵਿਚ ਪੁੱਜ ਕੇ ਜੀ ਹਜ਼ੂਰੀਆ, ਢਿੱਲੜ ਅਤੇ ਸੁਆਰਥੀ ਸੀ ਅਤੇ ਸਿੱਖਾਂ ਵਿਚ ਗਦਰੀ ਇਨਕਲਾਬੀਆਂ ਦੇ ਖਿਲਾਫ ਅਸਿੱਖ ਹੋਣ ਦੇ ਫਤਵੇ ਦੇਣ ਕਰਕੇ ਬੜਾ ਬਦਨਾਮ ਹੋ ਚੁੱਕਾ ਸੀ।” ਬਾਵਾ ਹਰਕਿਸ਼ਨ ਸਿੰਘ ਨੇ ਸੁੰਦਰ ਸਿੰਘ ਨੂੰ ਸਿੱਖ ਸੰਗਤ ਸਾਹਮਣੇ ਪੇਸ਼ ਕਰਨ ਤੋਂ ਪਹਿਲਾਂ ਉਸ ਬਾਰੇ ਵਿਸਥਾਰ ਨਾਲ ਦੱਸਿਆ। ਉਪਰੰਤ ਸੁੰਦਰ ਸਿੰਘ ਨੇ ਸੰਗਤ ਦੇ ਸਾਹਮਣੇ ਭਟ ਕੀਰਤਿ ਦਾ ਸਵਈਆ ‘ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ’ ਪੜ੍ਹਿਆ ਅਤੇ ਫਿਰ ਜੋ ਕਿਹਾ, ਉਹ ਗਿਆਨੀ ਪ੍ਰਤਾਪ ਸਿੰਘ, ਸਾਬਕਾ ਜਥੇਦਾਰ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ, ਦੇ ਸ਼ਬਦਾਂ ਵਿਚ ਇਉਂ ਦਰਜ ਹੈ, “ਮੈਂ ਹੁਣ ਤੀਕ ਜੋ ਕੁਝ ਕੀਤਾ ਹੈ, ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ ਹਾਂ ਕਿ ਪੰਥ ਦੇ ਭਲੇ ਲਈ ਆਪਣੀ ਯੋਗਤਾ ਅਨੁਸਾਰ ਕੀਤਾ ਹੈ। ਮੈਂ ਕੋਈ ਗੱਲ ਨਿੱਜੀ ਸਵਾਰਥ ਲਈ ਨਹੀਂ ਕੀਤੀ। ਜੇ ਮੈਂ ਕੋਈ ਭੁੱਲ ਕੀਤੀ ਹੈ ਤਾਂ ਪੰਥ ਬਖਸ਼ਣਹਾਰ ਹੈ।” ਸੁੰਦਰ ਸਿੰਘ ਦੀ ਨਿਮਰਤਾ ਸਹਿਤ ਕੀਤੀ ਅਰਜ਼ੋਈ ਸੁਣ ਕੇ ਸੰਗਤ ਦੇ ਨੇਤਰਾਂ ਵਿਚ ਅੱਥਰੂ ਆ ਗਏ, ਫਲਸਰੂਪ ਸੰਗਤ ਨੇ ਉਸ ਦੀ ਮੈਂਬਰੀ ਨੂੰ ਪ੍ਰਵਾਨਗੀ ਦਿੱਤੀ ਹੀ, ਨਾਲ ਹੀ ਸੰਗਤ ਦੇ ਮਨ ਵਿਚ ਇਸ ਤੋਂ ਅੱਗੋਂ ਹੋਰ ਕਿਸੇ ਦੀਆਂ ਭੁੱਲਾਂ ਬਾਰੇ ਜਾਨਣ ਦੀ ਉਤਸੁਕਤਾ ਹੀ ਨਾ ਰਹੀ।

ਸ੍ਰੀ ਅਕਾਲ ਤਖਤ ਸਾਹਿਬ ਦੇ ਭੇਜੇ ਹੁਕਮਨਾਮੇ ਵਿਚ ਸਰਬੱਤ ਖਾਲਸਾ ਸਮਾਗਮ ਕੇਵਲ ਇਕ ਦਿਨ ਲਈ ਬੁਲਾਇਆ ਗਿਆ ਸੀ ਪਰ ਲਗਾਤਾਰ ਦੋ ਦਿਨ ਕਾਰਵਾਈ ਚੱਲਣ ਪਿੱਛੋਂ ਅਜੇ ਵੀ ਏਜੰਡਾ ਪੂਰਾ ਨਹੀਂ ਸੀ ਹੋਇਆ। ਇਸ ਲਈ ਕਮੇਟੀ ਲਈ ਨਾਮਜ਼ਦ ਰਹਿੰਦੇ ਵਿਅਕਤੀਆਂ ਵੱਲੋਂ ਹੁਕਮਨਾਮੇ ਵਿਚ ਦਰਜ ਨਿਯਮਾਂ ਦੀ ਪੂਰਤੀ ਕਰਨ ਬਾਰੇ ਪੜਤਾਲ ਕਰਨ ਦਾ ਕੰਮ ਅੱਗੇ ਪਾ ਦਿੱਤਾ ਗਿਆ ਅਤੇ ਇਹਨਾਂ ਮੈਂਬਰਾਂ ਦੀ ਸੁਧਾਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਕਰਨ ਵਾਸਤੇ 12 ਦਸੰਬਰ 1920 ਦਾ ਦਿਨ ਨਿਸ਼ਚਿਤ ਕੀਤਾ ਗਿਆ। ਉਸ ਦਿਨ ਤੱਕ ਕੰਮ ਚਲਾਉਣ ਵਾਸਤੇ ਸੁਰਿੰਦਰ ਸਿੰਘ ਰਾਮਗੜ੍ਹੀਆ ਜੋ 12 ਅਕਤੂਬਰ ਤੱਕ ਸਰਬਰਾਹ ਸੀ, ਨੂੰ ਸਕੱਤਰ ਅਤੇ ਬਾਵਾ ਹਰਕਿਸ਼ਨ ਸਿੰਘ ਨੂੰ ਮੀਤ ਸਕੱਤਰ ਬਣਾਇਆ ਗਿਆ।

ਬਿਨਾ ਸ਼ੱਕ, ਇਸ ਸਮਾਗਮ ਲਈ ਵਰਤਿਆ ਤਰੀਕਾਕਾਰ ਅੱਜ ਦੇ ਪ੍ਰਸੰਗ ਵਿਚ ਵੀ ਸਾਰਥਕ ਸੇਧ ਦੇਣ ਦੇ ਸਮਰੱਥ ਹੈ।

---

ਪਿੱਛਲ ਲਿਖਤ: ਜਾਪਦਾ ਹੈ, 16 ਨਵੰਬਰ ਨੂੰ ਸਿੱਖ ਸੰਗਤ ਦੀ ਦਿਖਾਈ ਭੁੱਲ ਬਖਸ਼ ਦੇਣ ਦੀ ਦਰਿਆ ਦਿਲੀ ਉੱਤੇ ਭਰੋਸਾ ਕਰਦਿਆਂ ਹੁਣ ਤੱਕ ਪੰਥਕ ਆਗੂ ਭੁੱਲਾਂ ਕਰਨ ਤੋਂ ਨਾ ਝਿਜਕਦੇ ਹਨ, ਨਾ ਸ਼ਰਮ ਮੰਨਦੇ ਹਨ ਕਿਉਂਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਜਦ ਉਹ ਗੁਰੂ ਦੀ ਹਜ਼ੂਰੀ ਵਿਚ ਗਲ ਵਿਚ ਪੱਲੂ ਪਾ ਅਤੇ ਨਿਮਾਣੇ ਬਣ ਕੇ ਬਖਸ਼ਣਹਾਰ ਪੰਥ ਅੱਗੇ ‘ਜਾਣੇ ਜਾਂ ਅਣਜਾਣੇ’ ਕੀਤੀਆਂ ਭੁੱਲਾਂ ਬਖਸ਼ ਦੇਣ ਦੀ ਜੋਦੜੀ ਕਰਨਗੇ ਤਾਂ ਪੰਥ ‘ਖਿਮਾ ਦਾਨ’ ਦੇਣ ਵਿਚ ਇਕ ਪਲ ਨਹੀਂ ਲਾਏਗਾ।

ਸੰਪਰਕ: 94170-49417

ਅਜੋਕੇ ਪ੍ਰਸੰਗ ਵਿਚ ਵਿਚਾਰਨਯੋਗ

ਮੈਨੂੰ ਇਸ ਪਬਲਕ ਜੀਵਨ ਵਿਚ ਇਹ ਗੱਲ ਚੰਗੀ ਤਰ੍ਹਾਂ ਸਮਝ ਪੈ ਗਈ ਹੋਈ ਹੈ ਕਿ ਕਈ ਵੇਰਾਂ ਜਿੱਤਾਂ ਹੀ ਪੱਕੀ ਹਾਰ ਦਾ ਕਾਰਨ ਬਣਦੀਆਂ ਹਨ ਅਤੇ ਕਈ ਵੇਰਾਂ ਹਾਰਾਂ ਭੀ ਪੱਕੀ ਜਿੱਤ ਕਰਵਾਂਦੀਆਂ ਹਨ। ਇਹ ਤਾਂ ਆਗੂਆਂ ਤੇ ਕੌਮ ਦੀ ਜ਼ਿਹਨੀ ਹਾਲਤ, ਅਕਲ ਤੇ ਚਾਲਚਲਣ ਉੱਤੇ ਮੁਨਹਸਰ ਹੈ। ਜੋ ਜਿੱਤ ਨਹੀਂ ਪਚਾ ਸਕਦਾ, ਉਹ ਜ਼ਰੂਰ ਹਾਰੇਗਾ ਤੇ ਜੋ ਹਾਰ ਨਹੀਂ ਝੱਲ ਸਕਦਾ, ਉਹ ਜ਼ਰੂਰ ਮਰੇਗਾ। ਅਕਾਲੀ ਲਹਿਰ ਦਾ ਸਭ ਤੋਂ ਵੱਡਾ ਔਗੁਣ ਅਹੰਕਾਰ ਤੇ ਬੁਰਛੇਗਰਦੀ ਸੀ। ਜੇਕਰ ਸਾਡੀਆਂ ਸਪੀਚਾਂ ਵਿਚ ਇਤਨੀ ਆਕੜ ਨਾ ਹੁੰਦੀ ਤਾਂ ਇਹ ਆਕੜ ਸ਼ਾਇਦ ਕੌਮ ਵਿਚ ਨਾ ਖਿੱਲਰਦੀ ਤੇ ਸਾਡੀ ਕਾਮਿਆਬੀ ਵਧੇਰੀ ਤੇ ਬਾਹਲਾ ਚਿਰ ਰਹਿਣ ਵਾਲੀ ਹੁੰਦੀ। ਅਕਾਲੀ ਲਹਿਰ ਨੇ ਸਾਡਾ ਚਾਲਚਲਣ ਉੱਚਾ ਕੀਤਾ ਸੀ ਤੇ ਸਾਡੇ ਵਿਚ ਏਕਤਾ ਪੈਦਾ ਕੀਤੀ ਸੀ। ਇਸ ਅਹੰਕਾਰ ਭਰੀ ਗੱਪਬਾਜ਼ੀ ਨੇ ਦੋਵੇਂ ਗੱਲਾਂ ਹੁਣ ਕੱਢ ਦਿੱਤੀਆਂ ਹਨ। ਆਕੜ ਭਰੇ ਲਫਜ਼ਾਂ ਦੀ ਆਦਤ ਨੇ ਸਾਨੂੰ ਆਪੋ ਵਿਚ ਲੜਾ ਕੇ ਕਮਜ਼ੋਰ ਕੀਤਾ। ਸਾਡੇ ਚਾਲਚਲਣ ਉੱਤੇ ਭੀ ਬੜਾ ਮਾੜਾ ਅਸਰ ਪਿਆ ਹੈ ਤੇ ਸਾਡੇ ਵਿਚੋਂ ਬਾਣੀ ਦਾ ਪਾਠ ਤੇ ਸ਼ਰਧਾ ਪ੍ਰੇਮ ਭੀ ਘਟ ਰਹੇ ਹਨ। ਨਿਰਮਾਨਤਾ ਤੇ ਚਾਲਚਲਣ ਬਿਨਾ ਨਾ ਕੋਈ ਤਾਕਤ ਪੈਦਾ ਹੋ ਸਕਦੀ ਹੈ ਤੇ ਨਾ ਕਾਇਮ ਰਹਿ ਸਕਦੀ ਹੈ। ਏਕਤਾ ਬਿਨਾ ਤਾਕਤ ਦਾ ਕੀ ਅਰਥ? ਜਿਨ੍ਹਾਂ ਦਾ ਆਪੋ ਵਿਚ ਇਤਬਾਰ ਨਹੀਂ ਉਨ੍ਹਾਂ ਦੀ ਏਕਤਾ ਕੀ? ਫੁਟ ਨੇ ਸਾਡਾ ਰਾਜ ਗੰਵਾਇਆ। ਉਸ ਵੇਲੇ ਸਾਡੇ ਕੋਲ ਸਭ ਕੁਝ ਸੀ। ਸਾਡੀ ਫੌਜ ਦੁਨੀਆ ਵਿਚੋਂ ਸਭ ਤੋਂ ਜ਼ਬਰਦਸਤ ਸੀ ਪਰ ਸਾਡਾ ਚਾਲਚਲਣ ਨੀਵਾਂ ਹੋ ਗਿਆ। ਸਾਡਾ ਆਪੋ ਵਿਚ ਇਤਬਾਰ ਉਡ ਗਿਆ ਤੇ ਸਾਡੀ ਹੁਣ ਵਾਲੀ ਦਸ਼ਾ ਹੋ ਗਈ। ਸਿੰਘੋ! ਚਾਲਚਲਣ ਉੱਚਾ ਕਰੋ। ਮੱਤ ਸੁਣੋ ਨਵੇਂ ਪਾਲਿਟੀਸ਼ਨਾਂ ਨੂੰ ਜੋ ਕਹਿੰਦੇ ਹਨ ਪਾਲਿਟਿਕਸ ਨਾਮ ਹੀ ਝੂਠ ਦਾ ਹੈ। ਪਾਲਿਟਿਕਸ ਚੱਲ ਹੀ ਇਤਬਾਰ ਉੱਤੇ ਸਕਦਾ ਹੈ। ਝੂਠੇ ਬੇਇਤਬਾਰਿਆਂ ਨੇ ਕੀ ਪਾਲਿਟਕਿਸ ਚਲਾਣਾ ਹੈ। ਓਹ ਤਾਂ ਦੋ ਹੱਥ ਮਾਰ ਕੇ ਕੁਝ ਰੁਪਏ ਠੱਗ ਕੇ ਹੀ ਸੁੱਟ ਜਾਣਗੇ। ਸਿੱਖਾਂ ਦਾ ਪਾਲਿਟਿਕਸ ਤਾਂ ਕੇਵਲ ਧਰਮ ਤੇ ਇਖਲਾਕ ਦੇ ਆਸਰੇ ਹੀ ਚੱਲ ਸਕਦਾ ਹੈ। ਇਸੇ ਤਰ੍ਹਾਂ ਕੌਮ ਉੱਚੀ ਹੋ ਸਕਦੀ ਹੈ।

(ਮਾਸਟਰ ਤਾਰਾ ਸਿੰਘ ‘ਮੇਰੀ ਯਾਦ’ ਵਿਚੋਂ)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਮੁੱਖ ਖ਼ਬਰਾਂ

ਮੰਗਾਂ ’ਤੇ ਕੋਈ ਸਮਝੌਤਾ ਨਹੀਂ, ਕੇਂਦਰ ਤਿੰਨੋਂ ਕਾਨੂੰਨ ਵਾਪਸ ਲਵੇ

ਮੰਗਾਂ ’ਤੇ ਕੋਈ ਸਮਝੌਤਾ ਨਹੀਂ, ਕੇਂਦਰ ਤਿੰਨੋਂ ਕਾਨੂੰਨ ਵਾਪਸ ਲਵੇ

ਪ੍ਰਧਾਨ ਮੰਤਰੀ ਕਿਸਾਨਾਂ ਦੇ ‘ਮਨ ਕੀ ਬਾਤ’ ਸਮਝਣ: ਕਿਸਾਨ ਜਥੇਬੰਦੀਆਂ

ਕੇਂਦਰ ਵੱਲੋਂ ਕਿਸਾਨਾਂ ਨਾਲ ਬੈਠਕ ਅੱਜ

ਕੇਂਦਰ ਵੱਲੋਂ ਕਿਸਾਨਾਂ ਨਾਲ ਬੈਠਕ ਅੱਜ

32 ਕਿਸਾਨ ਜਥੇਬੰਦੀਆਂ ਨੂੰ ਪੱਤਰ ਭੇਜਿਆ

ਖੇਤੀ ਬਿੱਲ ਵਾਪਸ ਨਾ ਲਏ ਤਾਂ ਐੱਨਡੀਏ ਨੂੰ ਸਮਰਥਨ ਬਾਰੇ ਮੁੜ ਸੋਚਾਂਗੇ: ਬੇਨੀਵਾਲ

ਖੇਤੀ ਬਿੱਲ ਵਾਪਸ ਨਾ ਲਏ ਤਾਂ ਐੱਨਡੀਏ ਨੂੰ ਸਮਰਥਨ ਬਾਰੇ ਮੁੜ ਸੋਚਾਂਗੇ: ਬੇਨੀਵਾਲ

ਅਮਿਤ ਸ਼ਾਹ ਨੂੰ ਖੇਤੀ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ

ਦਿੱਲੀ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ 5ਵੇਂ ਦਿਨ ਵੀ ਜਾਰੀ

ਦਿੱਲੀ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ 5ਵੇਂ ਦਿਨ ਵੀ ਜਾਰੀ

ਕੌਮੀ ਰਾਜਧਾਨੀ ਵਿੱਚ ਦਾਖਲ ਹੋਣ ਵਾਲੇ ਰਸਤਿਆਂ ਨੂੰ ਜਾਮ ਕਰਨ ਦੀ ਦਿੱਤੀ ...

ਸ਼ਹਿਰ

View All