DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਐੱਲ ਨੀਨੋ: ਮੌਨਸੂਨ ਅਤੇ ਅਰਥਚਾਰੇ ਲਈ ਵੱਡੀ ਚੁਣੌਤੀ

ਭਾਰਤੀ ਮਹਾਸਾਗਰ ਅਤੇ ਅਰਬ ਸਾਗਰ, ਦੋਵੇਂ ਹੀ ਸਮੁੱਚੇ ਭਾਰਤੀ ਉਪਮਹਾਦੀਪ ਵਿੱਚ ਮੌਨਸੂਨ ਪੌਣਾਂ ਪੈਦਾ ਕਰਨ ਅਤੇ ਵਰਖਾ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਸਮੁੰਦਰਾਂ ਉੱਪਰ ਪੈਂਦੀ ਗਰਮੀ ਕਾਰਨ ਪਾਣੀ ਤੋਂ ਬੱਦਲ ਬਣਦੇ ਹਨ ਜੋ ਬਰਸਾਤੀ ਮਹੀਨਿਆਂ ਵਿੱਚ ਮੌਨਸੂਨ ਪੌਣਾਂ...

  • fb
  • twitter
  • whatsapp
  • whatsapp
Advertisement

ਭਾਰਤੀ ਮਹਾਸਾਗਰ ਅਤੇ ਅਰਬ ਸਾਗਰ, ਦੋਵੇਂ ਹੀ ਸਮੁੱਚੇ ਭਾਰਤੀ ਉਪਮਹਾਦੀਪ ਵਿੱਚ ਮੌਨਸੂਨ ਪੌਣਾਂ ਪੈਦਾ ਕਰਨ ਅਤੇ ਵਰਖਾ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਸਮੁੰਦਰਾਂ ਉੱਪਰ ਪੈਂਦੀ ਗਰਮੀ ਕਾਰਨ ਪਾਣੀ ਤੋਂ ਬੱਦਲ ਬਣਦੇ ਹਨ ਜੋ ਬਰਸਾਤੀ ਮਹੀਨਿਆਂ ਵਿੱਚ ਮੌਨਸੂਨ ਪੌਣਾਂ ਰਾਹੀਂ ਮੈਦਾਨੀ ਇਲਾਕਿਆਂ ਵੱਲ ਵਧਦੇ ਹਨ ਅਤੇ ਉੱਥੇ ਮੀਂਹ ਵਰ੍ਹਾਉਂਦੇ ਹਨ। ਮੈਦਾਨੀ ਇਲਾਕਿਆਂ ਵਿੱਚ ਤੇਜ਼ ਗਰਮੀ ਪੈਣ ਕਾਰਨ ਘੱਟ ਹਵਾ ਦਾ ਦਬਾਅ ਬਣਦਾ ਹੈ, ਜੋ ਮੌਨਸੂਨ ਪੌਣਾਂ ਨੂੰ ਤੱਟੀ ਖੇਤਰਾਂ ਤੋਂ ਮੈਦਾਨੀ ਹਿੱਸਿਆਂ ਵੱਲ ਖਿੱਚਦਾ ਹੈ, ਜਿਸ ਨਾਲ ਮੌਨਸੂਨੀ ਵਰਖਾ ਹੁੰਦੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਇਸ ਸਾਲ ਮੌਨਸੂਨ ਦੀ ਵਰਖਾ ਘੱਟ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਵਾਰ ਦੇ ਕਮਜ਼ੋਰ ਮੌਨਸੂਨ ਨੂੰ ਸਮਝਣ ਲਈ ਦੋ ਕੁਦਰਤੀ ਵਰਤਾਰਿਆਂ ‘ਵਾਕਰ ਸਰਕੁਲੇਸ਼ਨ ਪ੍ਰਭਾਵ’ ਅਤੇ ‘ਐੱਲ ਨੀਨੋ’ ਨੂੰ ਸਮਝਣਾ ਜ਼ਰੂਰੀ ਹੈ। ਆਮ ਤੌਰ ’ਤੇ ਪੱਛਮੀ ਪ੍ਰਸ਼ਾਂਤ ਮਹਾਸਾਗਰ ਦਾ ਗਰਮ ਪਾਣੀ ਸਮੁੰਦਰ ਦੇ ਉੱਪਰਲੇ ਵਾਤਾਵਰਨ ਦੀਆਂ ਹਵਾਵਾਂ ਨੂੰ ਪੱਛਮੀ ਪ੍ਰਸ਼ਾਂਤ ਮਹਾਸਾਗਰ ਤੋਂ ਪੂਰਬੀ ਮਹਾਸਾਗਰ ਵੱਲ ਤੋਰ ਦਿੰਦਾ ਹੈ। ਇਸ ਕਾਰਨ ਭਾਰਤੀ ਮਹਾਸਾਗਰ ਉੱਪਰ ਹਵਾ ਦਾ ਦਬਾਅ ਘਟ ਜਾਂਦਾ ਹੈ, ਜਿਸ ਨੂੰ ‘ਵਾਕਰ ਸਰਕੁਲੇਸ਼ਨ ਪ੍ਰਭਾਵ’ ਆਖਦੇ ਹਨ। ਘਟਿਆ ਹੋਇਆ ਇਹ ਦਬਾਅ ਭਾਰਤੀ ਮਹਾਸਾਗਰ ਉੱਪਰ ਮੌਨਸੂਨੀ ਬੱਦਲ ਬਣਨ ਦੀ ਪ੍ਰਕ੍ਰਿਆ ਨੂੰ ਤੇਜ਼ ਕਰਦਾ ਹੈ। ਐੱਲ ਨੀਨੋ ਦੌਰਾਨ ਪੱਛਮੀ ਅਤੇ ਪੂਰਬੀ ਪ੍ਰਸ਼ਾਂਤ ਮਹਾਸਾਗਰ ਦੇ ਪਾਣੀ ਦੇ ਤਾਪਮਾਨ ਦਾ ਫ਼ਰਕ ਘਟ ਜਾਂਦਾ ਹੈ, ਜਿਸ ਨਾਲ ਹਵਾਵਾਂ ਦੇ ਚੱਲਣ ਦੀ ਇਹ ਕੁਦਰਤੀ ਪ੍ਰਕਿਰਿਆ ਰੁਕ ਜਾਂਦੀ ਹੈ। ਨਤੀਜੇ ਵਜੋਂ ਭਾਰਤੀ ਮਹਾਸਾਗਰ ਉੱਪਰ ਹਵਾ ਦਾ ਦਬਾਅ ਵਧ ਜਾਂਦਾ ਹੈ, ਭਾਵ ਸਮੁੰਦਰੀ ਅਤੇ ਮੈਦਾਨੀ ਇਲਾਕਿਆਂ ਦੇ ਵਾਯੂਮੰਡਲੀ ਦਬਾਅ ਵਿਚਲਾ ਫ਼ਰਕ ਖ਼ਤਮ ਹੋ ਜਾਂਦਾ ਹੈ ਜਾਂ ਬਹੁਤ ਘਟ ਜਾਂਦਾ ਹੈ। ਅਜਿਹੇ ਹਾਲਾਤ ਵਿੱਚ ਸਮੁੰਦਰ ਦਾ ਪਾਣੀ ਤਾਂ ਗਰਮ ਹੁੰਦਾ ਹੈ, ਪਰ ਹਵਾ ਦਾ ਦਬਾਅ ਵਧੇਰੇ ਹੋਣ ਕਾਰਨ ਬੱਦਲ ਬਣਨ ਦੀ ਪ੍ਰਕਿਰਿਆ ਬਹੁਤ ਮੱਠੀ ਪੈ ਜਾਂਦੀ ਹੈ। ਪਿਛਲੇ ਕੁਝ ਦਿਨਾਂ ਤੋਂ ਅਜਿਹੀ ਸਥਿਤੀ ਹੀ ਦੇਖਣ ਨੂੰ ਮਿਲ ਰਹੀ ਹੈ। ਸੈਟੇਲਾਈਟ ਤੋਂ ਲਈਆਂ ਗਈਆਂ ਤਸਵੀਰਾਂ ਵਿੱਚ ਵੀ ਦੇਸ਼ ਦੇ ਦੱਖਣੀ ਹਿੱਸਿਆਂ ਵਿੱਚ ਆਸਮਾਨ ਸਾਫ਼ ਨਜ਼ਰ ਆ ਰਿਹਾ ਹੈ, ਜਿਸ ਤੋਂ ਸਾਫ਼ ਹੈ ਕਿ ਬੱਦਲ ਬਹੁਤ ਘੱਟ ਬਣ ਰਹੇ ਹਨ। ਇਹੀ ਕਾਰਨ ਹੈ ਕਿ ਜੋ ਵੀ ਬੱਦਲ ਬਣੇ ਸਨ, ਉਹ ਦੱਖਣ-ਪੱਛਮੀ ਮੌਨਸੂਨ ਪੌਣਾਂ ਨਾਲ ਕੇਰਲਾ ਵਿੱਚ ਆਮ ਸੀਜ਼ਨ ਨਾਲੋਂ ਤਿੰਨ ਦਿਨ ਦੀ ਦੇਰੀ ਨਾਲ ਪਹੁੰਚੇ। ਜਿੱਥੇ ਹਰ ਸਾਲ ਮੌਨਸੂਨ ਆਮ ਤੌਰ ’ਤੇ 1 ਜੂਨ ਨੂੰ ਕੇਰਲਾ ਪਹੁੰਚਦਾ ਹੈ, ਉੱਥੇ ਇਸ ਵਾਰ ਇਹ 4 ਜੂਨ ਨੂੰ ਪਹੁੰਚਿਆ।

ਭਾਰਤੀ ਮੌਸਮ ਵਿਭਾਗ ਦੇ ਵਿਗਿਆਨੀਆਂ ਨੇ ਪਹਿਲਾਂ ਹੀ ਇਸ ਵਾਰ ਔਸਤ ਨਾਲੋਂ ਘੱਟ ਵਰਖਾ ਹੋਣ ਦੀ ਪੇਸ਼ੀਨਗੋਈ ਕੀਤੀ ਸੀ। ਉਨ੍ਹਾਂ ਨੇ ਇਸ ਸਾਰੇ ਘਟਨਾਕ੍ਰਮ ਪਿੱਛੇ ‘ਐੱਲ ਨੀਨੋ’ ਨਾਂਅ ਦੇ ਵਾਤਾਵਰਨੀ ਵਰਤਾਰੇ ਨੂੰ ਮੁੱਖ ਕਾਰਨ ਦੱਸਿਆ ਹੈ। ਵਿਗਿਆਨੀਆਂ ਅਨੁਸਾਰ ਐੱਲ ਨੀਨੋ ਕਾਰਨ ਭਾਰਤੀ ਉਪਮਹਾਦੀਪ ਵਿੱਚ ਹਵਾ ਦਾ ਦਬਾਅ ਜ਼ਿਆਦਾ ਬਣਿਆ ਹੋਇਆ ਹੈ, ਜਿਸ ਨਾਲ ਨਮੀ ਵਾਲੀਆਂ ਹਵਾਵਾਂ ਦੇ ਉੱਪਰ ਉੱਠਣ ਅਤੇ ਬੱਦਲ ਬਣਨ ਦੀ ਪ੍ਰਕਿਰਿਆ ਮੱਠੀ ਪੈ ਜਾਂਦੀ ਹੈ, ਜਿਸ ਦੇ ਸਿੱਟੇ ਵਜੋਂ ਮੌਨਸੂਨ ਦੀ ਸੰਭਾਵਨਾ ਘਟਦੀ ਹੈ। ਮੌਸਮ ਵਿਗਿਆਨੀਆਂ ਮੁਤਾਬਿਕ ਇਨ੍ਹਾਂ ਹੀ ਕਾਰਨਾਂ ਕਰਕੇ ਇਸ ਖਿੱਤੇ ਵਿੱਚ ਮੌਨਸੂਨ ਦੇਰ ਨਾਲ ਪਹੁੰਚ ਰਿਹਾ ਹੈ ਅਤੇ ਵਰਖਾ ਵੀ ਘੱਟ ਹੋ ਰਹੀ ਹੈ। ਉਨ੍ਹਾਂ ਅਨੁਸਾਰ ਇਸ ਸਾਲ ਜੂਨ ਤੋਂ ਸਤੰਬਰ ਦਰਮਿਆਨ ਆਮ ਸਾਲਾਂ ਦੇ ਮੁਕਾਬਲੇ 92 ਫ਼ੀਸਦ ਦੇ ਆਸ-ਪਾਸ ਹੀ ਵਰਖਾ ਹੋਣ ਦੀ ਉਮੀਦ ਹੈ। ਵਿਗਿਆਨੀ ਇਸ ਸਥਿਤੀ ਨੂੰ ਸਾਲ 2002 ਨਾਲ ਜੋੜ ਕੇ ਦੇਖ ਰਹੇ ਹਨ, ਜਦੋਂ ਮੌਨਸੂਨ ਆ ਤਾਂ ਜਲਦੀ ਗਈ ਸੀ ਪਰ ਸਮੁੱਚੇ ਦੇਸ਼ ਵਿੱਚ ਫੈਲਣ ਲਈ ਇਸ ਨੇ 78 ਦਿਨਾਂ ਦਾ ਲੰਮਾ ਸਮਾਂ ਲਗਾ ਦਿੱਤਾ ਸੀ, ਜਿਸ ਨਾਲ ਦੇਸ਼ ਵਿੱਚ ਸੋਕੇ ਵਰਗੇ ਹਾਲਾਤ ਬਣ ਗਏ ਸਨ। ਜੇਕਰ ਮੌਨਸੂਨ ਪੌਣਾਂ ਦੀ ਗੱਲ ਕਰੀਏ ਤਾਂ ਭਾਰਤ ਦੇ ਪੱਛਮੀ ਅਤੇ ਕੇਂਦਰੀ ਹਿੱਸਿਆਂ ਵਿੱਚ ਹੁੰਦੀ ਕੁੱਲ ਵਰਖਾ ਦਾ ਲਗਪਗ 90 ਫ਼ੀਸਦ ਅਤੇ ਉੱਤਰੀ ਭਾਰਤ ਵਿੱਚ ਪੈਂਦੀ ਵਰਖਾ ਦਾ 50 ਤੋਂ 75 ਫ਼ੀਸਦ ਹਿੱਸਾ ਇਨ੍ਹਾਂ ਪੌਣਾਂ ਸਦਕਾ ਹੀ ਹੁੰਦਾ ਹੈ। ਇਸ ਲਈ ਇਸ ਦਾ ਮਨੁੱਖੀ ਜੀਵਨ, ਜੀਵ-ਜੰਤੂਆਂ ਅਤੇ ਕੁਦਰਤੀ ਆਲੇ-ਦੁਆਲੇ ਉੱਤੇ ਬਹੁਪੱਖੀ ਪ੍ਰਭਾਵ ਪੈਂਦਾ ਹੈ।

Advertisement

ਭਾਰਤੀ ਖੇਤੀਬਾੜੀ ਅਤੇ ਪਸ਼ੂਧਨ ਉੱਤੇ ਪ੍ਰਭਾਵ:

Advertisement

ਦੱਖਣ-ਪੱਛਮੀ ਮੌਨਸੂਨ ਪੌਣਾਂ ਦਾ ਭਾਰਤੀ ਖੇਤੀਬਾੜੀ ਉੱਤੇ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ, ਖ਼ਾਸ ਕਰਕੇ ਉਨ੍ਹਾਂ ਇਲਾਕਿਆਂ ਵਿੱਚ ਜਿੱਥੇ ਖੇਤੀ ਪੂਰੀ ਤਰ੍ਹਾਂ ਮੀਂਹ ਦੇ ਪਾਣੀ ’ਤੇ ਹੀ ਨਿਰਭਰ ਕਰਦੀ ਹੈ। ਢੁੱਕਵੀਂ ਅਤੇ ਸਮੇਂ ਸਿਰ ਹੋਈ ਬਾਰਿਸ਼ ਨਾਲ ਖੇਤੀ ਦੀ ਉਪਜ ਭਰਪੂਰ ਹੁੰਦੀ ਹੈ। ਝੋਨੇ ਦੀ ਫ਼ਸਲ ਨੂੰ ਬਹੁਤ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ, ਇਸ ਲਈ ਇਹ ਕਾਫ਼ੀ ਹੱਦ ਤੱਕ ਮੌਨਸੂਨ ਦੀ ਵਰਖਾ ’ਤੇ ਹੀ ਨਿਰਭਰ ਕਰਦੀ ਹੈ। ਇਸੇ ਤਰ੍ਹਾਂ, ਕਪਾਹ ਅਤੇ ਗੰਨੇ ਦੀਆਂ ਫ਼ਸਲਾਂ ਦੇ ਵਾਧੇ ਲਈ ਵੀ ਬਰਸਾਤੀ ਪਾਣੀ ਬੇਹੱਦ ਅਹਿਮ ਹੁੰਦਾ ਹੈ। ਮੌਨਸੂਨ ਪਸ਼ੂਆਂ ਨੂੰ ਭਿਆਨਕ ਗਰਮੀ ਤੋਂ ਵੀ ਰਾਹਤ ਮਿਲਦੀ ਹੈ, ਜਿਸ ਨਾਲ ਉਨ੍ਹਾਂ ਦੇ ਦੁੱਧ ਦਾ ਉਤਪਾਦਨ ਕੁਦਰਤੀ ਤੌਰ ’ਤੇ ਵਧ ਜਾਂਦਾ ਹੈ।

ਭਾਰਤੀ ਉਪ ਮਹਾਦੀਪ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਜ਼ਮੀਨ ਹੇਠਲੇ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਮੌਨਸੂਨ ਦੀ ਵਰਖਾ ਹੀ ਸਭ ਤੋਂ ਵੱਡਾ ਕੁਦਰਤੀ ਸਰੋਤ ਹੈ। ਪਿਛਲੇ ਕੁਝ ਸਾਲਾਂ ਤੋਂ ਜ਼ਮੀਨ ਹੇਠਲੇ ਪਾਣੀ ਦਾ ਲਗਾਤਾਰ ਡਿੱਗ ਰਿਹਾ ਪੱਧਰ ਵਿਗਿਆਨੀਆਂ, ਸਰਕਾਰਾਂ ਅਤੇ ਖ਼ਾਸ ਕਰਕੇ ਆਮ ਲੋਕਾਂ ਲਈ ਚਿੰਤਾ ਦਾ ਵੱਡਾ ਵਿਸ਼ਾ ਬਣਿਆ ਹੋਇਆ ਹੈ। ਇੱਕ ਅਨੁਮਾਨ ਅਨੁਸਾਰ ਪੰਜਾਬ ਵਿੱਚ ਪਿਛਲੇ 20 ਸਾਲਾਂ ਤੋਂ ਹਰ ਸਾਲ ਔਸਤਨ ਅੱਧਾ ਮੀਟਰ ਦੇ ਕਰੀਬ ਜ਼ਮੀਨ ਹੇਠਲਾ ਪਾਣੀ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਅਜਿਹੇ ਨਾਜ਼ੁਕ ਹਾਲਾਤ ਵਿੱਚ ਫ਼ਸਲਾਂ ਦੀ ਸਿੰਜਾਈ ਅਤੇ ਜ਼ਮੀਨ ਹੇਠਲੇ ਪਾਣੀ ਦੇ ਰੀਚਾਰਜ (ਮੁੜ-ਪੂਰਤੀ) ਲਈ ਮੌਨਸੂਨ ਦੀ ਅਹਿਮੀਅਤ ਹੋਰ ਵੀ ਜ਼ਿਆਦਾ ਵਧ ਜਾਂਦੀ ਹੈ, ਕਿਉਂਕਿ ਅਸੀਂ ਆਪਣੀਆਂ ਰੋਜ਼ਮਰ੍ਹਾ ਦੀਆਂ ਲੋੜਾਂ ਲਈ ਸਭ ਤੋਂ ਵੱਧ ਨਿਰਭਰ ਇਸੇ ਪਾਣੀ ’ਤੇ ਹਾਂ। ਭਾਰਤ ਵਿੱਚ ਕੁੱਲ ਬਿਜਲੀ ਉਤਪਾਦਨ ਦਾ ਲਗਭਗ 10 ਫ਼ੀਸਦ ਹਿੱਸਾ ਹਾਈਡਰੋ-ਪਾਵਰ (ਪਣ-ਬਿਜਲੀ) ਭਾਵ ਪਾਣੀ ਤੋਂ ਪੈਦਾ ਹੋਣ ਵਾਲੀ ਬਿਜਲੀ ਦਾ ਹੁੰਦਾ ਹੈ। ਇਸ ਉਤਪਾਦਨ ਨੂੰ ਬਰਕਰਾਰ ਰੱਖਣ ਲਈ ਡੈਮਾਂ ਅਤੇ ਸਰੋਵਰਾਂ ਵਿੱਚ ਪਾਣੀ ਦੀ ਢੁੱਕਵੀਂ ਮਾਤਰਾ ਹੋਣਾ ਬੇਹੱਦ ਜ਼ਰੂਰੀ ਹੈ, ਜਿਸ ਵਿੱਚ ਮੌਨਸੂਨ ਦੀ ਵਰਖਾ ਸਭ ਤੋਂ ਵੱਡਾ ਯੋਗਦਾਨ ਪਾਉਂਦੀ ਹੈ।

ਚੰਗੀ ਮੌਨਸੂਨ ਨਾਲ ਖੇਤੀ ਉਪਜ ਵਧਦੀ ਹੈ, ਜਿਸ ਨਾਲ ਪੇਂਡੂ ਖੇਤਰਾਂ ਦੀ ਆਮਦਨ ਵਧਣ ਕਾਰਨ ਬਾਜ਼ਾਰ ਵਿੱਚ ਵਸਤਾਂ ਦੀ ਮੰਗ ਅਤੇ ਲੋਕਾਂ ਦੀ ਖਰੀਦ ਸ਼ਕਤੀ ਵਧਦੀ ਹੈ। ਭਰਪੂਰ ਫ਼ਸਲ ਕਾਰਨ ਅਨਾਜ ਅਤੇ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਸਥਿਰ ਰਹਿੰਦੀਆਂ ਹਨ। ਇਹੀ ਕਾਰਨ ਹੈ ਕਿ ਚੰਗੀ ਮੌਨਸੂਨ ਦੀ ਖ਼ਬਰ ਆਉਂਦਿਆਂ ਹੀ ਸ਼ੇਅਰ ਬਾਜ਼ਾਰ ਵਿੱਚ ਵੀ ਤੇਜ਼ੀ ਦੇਖਣ ਨੂੰ ਮਿਲਦੀ ਹੈ। ਮੌਨਸੂਨ ਦੇ ਮੌਜੂਦਾ ਕਮਜ਼ੋਰ ਹਾਲਾਤ ਨੂੰ ਦੇਖਦਿਆਂ ਇਹ ਸਹਿਜੇ ਹੀ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਦੇਸ਼ ਨੂੰ ਕੁਝ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੌਨਸੂਨ ਦੀ ਹਰ ਇੱਕ ਬੂੰਦ ਨੂੰ ਸਾਂਭਣਾ ਅਤੇ ਪਾਣੀ ਦੀ ਸੰਕੋਚ ਨਾਲ ਵਰਤੋਂ ਕਰਨਾ ਸਮੇਂ ਦੀ ਮੁੱਖ ਲੋੜ ਹੈ।

ਸੰਪਰਕ: 62842-20595

Advertisement
×