ਆਮ ਲੋਕਾਂ ਤੋਂ ਦੂਰ ਹੋ ਰਹੀ ਸਿੱਖਿਆ

ਆਮ ਲੋਕਾਂ ਤੋਂ ਦੂਰ ਹੋ ਰਹੀ ਸਿੱਖਿਆ

ਕੁਲਵਿੰਦਰ ਸਿੰਘ ਛਾਹੜ

ਸਿੱਖਿਆ ਜਾਂ ਵਿੱਦਿਆ ਅਜਿਹਾ ਸ਼ਬਦ ਹੈ, ਜੋ ਮਨੁੱਖ ਨੂੰ ਜਾਨਵਰਾਂ ਤੋਂ ਵੱਖ ਕਰਦਾ ਹੈ ਕਿਉਂਕ ਅੱਜ ਤੱਕ ਮਨੁੱਖ ਨੇ ਜੋ ਤਰੱਕੀ ਕੀਤੀ ਹੈ, ਉਹ ਸਭ ਸਿੱਖਿਆ ਨਾਲ ਹੀ ਸੰਭਵ ਹੋਈ ਹੈ ਪਰ ਸੁਆਲ ਇਹ ਵੀ ਉੱਠਦਾ ਹੈ ਕਿ ਜਦ ਉਹ ਸਿੱਖਿਆ ਹੀ ਸੰਕਟ ਵਿਚ ਘਿਰੀ ਹੋਵੇ ਤਾਂ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਦੇਸ਼ ਦੇ ਭਵਿੱਖ ਦਾ ਅੰਦਾਜ਼ਾ ਸਹਿਜੇ ਹੀ ਲਗਾ ਸਕਦੇ ਹਾਂ। ਵਰਤਮਾਨ ਸਮੇਂ ਪੂੰਜੀ ਦੀ ਦੌੜ ਕਾਰਨ ਸਿੱਖਿਆ ਗਹਿਰੇ ਸੰਕਟ ਵਿਚ ਫਸ ਚੁੱਕੀ ਹੈ।

ਅਜੋਕੀ ਸਿੱਖਿਆ ਵਿਚ ਵੰਡੀਆਂ ਪੈ ਚੁੱਕੀਆਂ ਹਨ। ਇਕ ਪਾਸੇ ਸਰਕਾਰੀ ਸਕੂਲ ਹਨ, ਜਿਨ੍ਹਾਂ ਨੂੰ ਸਰਕਾਰ ਖ਼ਤਮ ਕਰਨ ’ਤੇ ਲੱਗੀ ਹੋਈ ਹੈ। ਦੂਸਰੇ ਪਾਸੇ ਪ੍ਰਾਈਵੇਟ ਸਕੂਲ ਹਨ, ਜਿਨ੍ਹਾਂ ਨੂੰ ਸਰਕਾਰਾਂ ਪੂਰਨ ਸਾਥ ਦੇ ਰਹੀਆਂ ਹਨ। ਇਹ ਵਰਤਾਰਾ ਸਿੱਖਿਆ ਨੂੰ ਅਮੀਰੀ-ਗਰੀਬੀ ਵਿਚ ਵੰਡਦਾ ਹੈ ਕਿਉਂਕਿ ਗਰੀਬਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਹਨ ਜਦੋਂ ਕਿ ਅਮੀਰਾਂ ਦੇ ਬੱਚੇ ਮਹਿੰਗੇ ਤੋਂ ਮਹਿੰਗੇ ਕਾਨਵੈਂਟ ਸਕੂਲਾਂ ਵਿਚ ਪੜ੍ਹਦੇ ਹਨ। ਨਿੱਜੀ ਪ੍ਰਾਈਵੇਟ ਸਕੂਲਾਂ ਦੇ ਮਾਲਕ ਸਿੱਖਿਆ ਦਾ ਵਪਾਰੀਕਰਨ ਕਰਕੇ ਵਧੇਰੇ ਮੁਨਾਫਾ ਕਮਾ ਰਹੇ ਹਨ। ਦੂਸਰੇ ਪਾਸੇ ਅਸੀਂ ਸਰਕਾਰੀ ਸਕੂਲਾਂ ਨੂੰ ਖੁਦ ਹੀ ਘਟੀਆ ਮੰਨਣ ਲੱਗ ਪਏ ਹਾਂ ਅਤੇ ਸਰਕਾਰੀ ਸਕੂਲਾਂ ਦੀ ਸਿੱਖਿਆ ਨੂੰ ਵੀ ਨਿੰਦ ਦੇ ਹਾਂ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸਰਕਾਰੀ ਸਕੂਲਾਂ ਦੀ ਸਿੱਖਿਆ ਵਿਚ ਸੁਧਾਰ ਕਰੀਏ। ਸਿੱਖਿਆ ਨੂੰ ਬੱਚਿਆਂ ਤੱਕ ਲੈ ਕੇ ਜਾਈਏ ਤੇ ਸਭ ਨੂੰ ਚੰਗੀ ਸਿੱਖਿਆ ਮੁਹੱਈਆ ਕਰਵਾਈਏ ਪਰ ਉੱਥੇ ਤਾਂ ਗਰੀਬਾਂ ਦੇ ਬੱਚੇ ਪੜ੍ਹਦੇ ਹਨ ਅਸੀਂ ਕੀ ਲੈਣਾ ਸਰਕਾਰੀ ਸਿੱਖਿਆ ਤੋਂ?

ਵਰਤਮਾਨ ਸਮੇਂ ਆਨਲਾਈਨ ਸਿੱਖਿਆ ਨੇ ਵੀ ਆਮ ਲੋਕਾਂ ਦੇ ਖਰਚੇ ਵਧਾ ਦਿੱਤੇ। ਗਰੀਬ਼ ਮਜ਼ਦੂਰ ਆਪਣੇ ਬੱਚਿਆਂ ਨੂੰ ਮਹਿੰਗੇ ਫੋਨ ਦਿਵਾਉਣ ਤੇ ਨੈੱਟ ਪੈਕ ਪਵਾਉਣ ਬਾਰੇ ਸੋਚ ਵੀ ਨਹੀਂ ਸਕਦੇ ਕਿਉਂਕਿ ਉਨ੍ਹਾਂ ਦਾ ਕੋਈ ਕੰਮ ਨਹੀਂ ਚੱਲ ਰਿਹਾ। ਤਾਂ ਅਜਿਹੀਆਂ ਪ੍ਰਸਥਿਤੀਆਂ ਵਿੱਚ ਘਿਰਿਆ ਮਜ਼ਦੂਰ ਫੋਨ ਕਿਵੇਂ ਲੈ ਸਕਦਾ ਹੈ ਜਾਂ ਲਏ ਹੋਣਗੇ ਕਦੇ ਕਿਸੇ ਨੇ ਨਹੀਂ ਸੋਚਿਆਂ? ਇਹ ਆਨਲਾਈਨ ਸਿੱਖਿਆ ਦਾ ਵਰਤਾਰਾ ਬੱਚਿਆਂ ਲਈ ਘਾਤਕ ਵੀ ਹੈ, ਜਿਹੜਾ ਉਨ੍ਹਾਂ ਨੂੰ ਪ੍ਰੈਕਟੀਕਲ ਤੌਰ ’ਤੇ ਫੇਲ੍ਹ ਕਰਦਾ ਹੈ। ਸਰਕਾਰਾਂ ਨੇ ਠੇਕੇ ਖੋਲ੍ਹ ਦਿੱਤੇ ਪਰ ਸਰਕਾਰੀ ਸਕੂਲ ਨਹੀਂ ਖੋਲ੍ਹੇ, ਕੀ ਠੇਕਿਆਂ ਤੇ ਕਰੋਨਾ ਨਹੀਂ ਆਉਂਦਾ? ਕੀ ਠੇਕੇ ਸਕੂਲਾਂ ਨਾਲੋਂ ਜ਼ਿਆਦਾ ਜ਼ਰੂਰੀ ਨੇ? ਦੂਸਰਾ ਆਮ ਲੋਕਾਂ ਆਪਣੇ ਬੱਚਿਆਂ ਨੂੰ ਆਨਲਾਈਨ ਕਲਾਸਾਂ ਅਟੈਂਡ ਕਰਨ ਲਈ ਵੱਖਰਾ ਕਮਰਾ ਵੀ ਮੁਹੱਈਆ ਨਹੀਂ ਕਰਵਾ ਸਕਦੇ ਕਿਉਂਕਿ ਉਹ ਤਾਂ ਇੱਕੋ ਕਮਰੇ ਵਿੱਚ 5-6 ਪਰਿਵਾਰਕ ਮੈਂਬਰ ਰਹਿੰਦੇ ਹਨ। ਜਿਥੇ ਆਨਲਾਈਨ ਕਲਾਸ ਲਗਾਉਣ ਵਿੱਚ ਵੀ ਵਧੇਰੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਵੱਲ ਵੀ ਸਿੱਖਿਆ ਮਾਹਿਰਾਂ ਤੇ ਸਰਕਾਰਾਂ ਨੂੰ ਵੀ ਖਾਸ ਧਿਆਨ ਦੇਣ ਦੀ ਲੋੜ ਹੈ।

ਇਸ ਤੋਂ ਇਲਾਵਾ ਜਿਸ ਮੁਲਕ ਵਿਚ ਸਿੱਖਿਆ ਇੰਨੀ ਮਹਿੰਗੀ ਹੋਵੇ ਕਿ ਉਸ ਦੇਸ਼ ਦੇ ਆਮ ਨਾਗਰਿਕਾਂ ਲਈ ਆਪਣੇ ਬੱਚਿਆਂ ਨੂੰ ਸਿੱਖਿਆ ਦਿਵਾਉਣਾ ਵਧੇਰੇ ਮੁਸ਼ਕਿਲ ਕਾਰਜ ਹੋਵੇ। ਉਥੇ ਦਲਿਤ ਵਰਗ ਦੇ ਬੱਚਿਆਂ ਨੂੰ ਸਿੱਖਿਆ ਗ੍ਰਹਿਣ ਕਰਨ ਵਿਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਸਥਿਤੀ ਸਾਡੇ ਭਾਰਤੀ ਸਮਾਜ ਦੀ ਬਣੀ ਹੋਈ ਹੈ। ਇਸ ਵਰਤਾਰੇ ਵਿਚ ਸਾਡੇ ਰਾਜਨੀਤੀਵਾਨਾਂ ਦੀ ਸੌੜੀ ਸਿਆਸਤ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ। ਉਹ ਆਪਣੇ ਨਾਗਰਿਕਾਂ ਨੂੰ ਸਿੱਖਿਆ ਤੋਂ ਦੂਰ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਭਾਰਤੀ ਸਮਾਜ ਵਿਚ ਜਿੱਥੇ ਇੱਕ ਚੰਗੀ ਨੌਕਰੀ ਕਰਦੇ ਤੇ ਸਾਧਨ ਯੁਕਤ ਵਿਅਕਤੀ ਲਈ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਉਣ ਲਈ ਲੱਕ ਟੁੱਟ ਜਾਂਦਾ ਹੈ। ਉੱਥੇ ਇਕ ਸਾਧਨਹੀਣ ਵਿਅਕਤੀ ਆਪਣੇ ਬੱਚਿਆਂ ਲਈ ਚੰਗੀ ਸਿੱਖਿਆ ਬਾਰੇ ਸੋਚ ਵੀ ਨਹੀਂ ਸਕਦਾ। ਇਸਦੇ ਨਾਲ ਇਹ ਵੀ ਸਪੱਸ਼ਟ ਹੋ ਜਾਂਦਾ ਹੈ ਕਿ ਸੱਤਾ ਤੇ ਕਾਬਿਜ਼ ਧਿਰਾਂ ਕਿਸ ਵਰਗ ਦਾ ਪੱਖ ਪੂਰਦੀਆਂ ਹਨ। ਦਲਿਤ ਵਿਰੋਧੀ ਵਿਚਾਰਧਾਰਾ ਦਲਿਤਾਂ ਨੂੰ ਸਿੱਖਿਆ ਤੋਂ ਦੂਰ ਕਰ ਕੇ ਉਨ੍ਹਾਂ ਦੇ ਬਣਦੇ ਅਧਿਕਾਰਾਂ ਤੋਂ ਦੂਰ ਕਰਨਾ ਚਾਹੁੰਦੀ ਹੈ ਤਾਂ ਜੋ ਉਹ ਗੁਲਾਮੀ ਵਾਲਾ ਜੀਵਨ ਗੁਜ਼ਾਰਨ ਲਈ ਮਜਬੂਰ ਹੋਣ ਅਤੇ ਉਹ ਕਿਸੇ ਕਿਸਮ ਦੀ ਚੇਤੰਨਤਾ ਪ੍ਰਾਪਤ ਨਾ ਕਰ ਸਕਣ। ਉਨ੍ਹਾਂ ਨੂੰ ਅੰਧ ਵਿਸ਼ਵਾਸਾਂ ਤੇ ਵਹਿਮਾਂ-ਭਰਮਾਂ ਵਿਚ ਫਸਾ ਕੇ ਉਨ੍ਹਾਂ ਦੀ ਲੁੱਟ-ਖਸੁੱਟ ਨੂੰ ਬਰਕਰਾਰ ਰੱਖਿਆ ਜਾ ਸਕੇ।

ਸਿੱਖਿਆ ਦੇ ਨਿੱਜੀਕਰਨ ਕਰਨ ਨਾਲ ਜਿੱਥੇ ਸਰਕਾਰੀ ਸਿੱਖਿਅਕ ਸੰਸਥਾਵਾਂ ਵਿਚ ਪੱਕੇ ਰੁਜ਼ਗਾਰ ਵਿਚ ਗਿਰਾਵਟ ਆਈ ਹੈ। ਉਥੇ ਉੱਚ ਸਿੱਖਿਆ ਪ੍ਰਾਪਤ ਨੌਜਵਾਨਾਂ ਦੀ ਲੁੱਟ-ਖਸੁੱਟ ਵੀ ਵਧੀ ਹੈ। ਮਹਿੰਗੇ ਤੋਂ ਮਹਿੰਗੇ ਕਾਨਵੈਂਟ ਸਕੂਲ ਧੜਾ-ਧੜ ਖੁੱਲ੍ਹ ਰਹੇ ਹਨ ਜਦੋਂ ਕਿ ਸਰਕਾਰੀ ਸਿੱਖਿਅਕ ਸੰਸਥਾਵਾਂ ਦਾ ਮਿਆਰ ਨਿਰੰਤਰ ਡਿੱਗਦਾ ਜਾ ਰਿਹਾ ਹੈ। ਅੱਜ ਕੱਲ੍ਹ ਸਰਕਾਰੀ ਸਿੱਖਿਆ ਕੇਵਲ ਦਲਿਤ ਸਿੱਖਿਆ ਹੀ ਬਣ ਕੇ ਰਹਿ ਗਈ ਹੈ ਕਿਉਂਕਿ ਸਰਕਾਰੀ ਸੰਸਥਾਵਾਂ ਹੁਣ ਕੇਵਲ ਦਲਿਤਾਂ ਵਾਸਤੇ ਹੀ ਰਹਿ ਗਈਆਂ ਹਨ। ਜਿਹੜੀਆਂ ਕਿ ਰੱਬ ਆਸਰੇ ਹੀ ਹਨ। ਵਰਤਮਾਨ ਸਥਿਤੀ ਇਹ ਬਣੀ ਹੋਈ ਹੈ ਕਿ ਕੋਈ ਵੀ ਸਾਧਨ ਸੰਪੰਨ ਵਿਅਕਤੀ ਆਪਣੇ ਬੱਚੇ ਨੂੰ ਸਰਕਾਰੀ ਸਕੂਲ ਵਿਚ ਦਾਖਲ ਕਰਵਾਉਣਾ ਗੁਨਾਹ ਸਮਝਦਾ ਹੈ। ਅਜਿਹਾ ਕਿਉਂ? ਦੂਸਰੇ ਪਾਸੇ ਹੁਕਮਰਾਨ ਧਿਰਾਂ ਖੁਦ ਵੀ ਸਰਕਾਰੀ ਸੰਸਥਾਵਾਂ ਨੂੰ ਫੇਲ੍ਹ ਕਰਨ ਵਿੱਚ ਲੱਗੀਆਂ ਹਨ। ਇਸਦਾ ਮੁੱਖ ਕਾਰਨ ਇਨ੍ਹਾਂ ਸੰਸਥਾਵਾਂ ਦਾ ਲਾਭ ਕੇਵਲ ਦਲਿਤਾਂ ਨੂੰ ਹੀ ਹੁੰਦਾ ਹੈ। ਇਸ ਲਈ ਇਨ੍ਹਾਂ ਦਾ ਵਿਕਾਸ ਜਾਂ ਇਨ੍ਹਾਂ ਨੂੰ ਬਿਹਤਰੀਨ ਕਿਉਂ ਬਣਾਇਆ ਜਾਵੇ? ਦਲਿਤ ਵਰਗ ਨੂੰ ਬਰਾਬਰ ਕਿਉਂ ਕੀਤਾ ਜਾਵੇ? ਅਜਿਹੇ ਸੁਆਲਾਂ ਦਾ ਉੱਠਣਾ ਸੁਭਾਵਿਕ ਹੈ।

ਪਰੰਤੂ ‘ਅਖੌਤੀ ਉੱਚ ਜਾਤੀ’ ਵਰਗ ਨੇ ਆਪਣੇ ਲਈ ਵੱਖਰਾ ਸਿੱਖਿਆ ਪ੍ਰਬੰਧ ਉਸਾਰ ਲਿਆ ਹੈ। ਜਿਸਦਾ ਮੁੱਖ ਮੰਤਵ ਸਿੱਖਿਆ ਨੂੰ ਮਹਿੰਗੀ ਕਰਕੇ ਦਲਿਤ ਵਰਗ ਨੂੰ ਸਿੱਖਿਆ ਤੋਂ ਦੂਰ ਕਰਨਾ ਹੈ। ਦੂਸਰੇ ਪਾਸੇ ਸਰਕਾਰੀ ਤੰਤਰ ਨੂੰ ਅਸਫਲ ਕਰਕੇ ਦਲਿਤਾਂ ਨੂੰ ਮੁੜ ਤੋਂ ਅਨਪੜ੍ਹ ਬਣਾ ਕੇ ਗੁਲਾਮੀ ਵਾਲੇ ਜੀਵਨ ਵੱਲ ਤੋਰਨਾ ਹੈ। ਇਸ ਵਰਤਾਰੇ ਨੂੰ ਸਮਝਣ ਦੀ ਲੋੜ ਹੈ। ਦਲਿਤ ਵਰਗ ਨੂੰ ਇਸ ਪ੍ਰਤੀ ਆਵਾਜ਼ ਉਠਾਉਣ ਦੀ ਲੋੜ ਹੈ ਤਾਂ ਜੋ ਸਮੁੱਚੇ ਦੇਸ਼ ਵਿਚ ਇਕੋ ਜਿਹੀ ਸਿੱਖਿਆ ਤੇ ਸਸਤੀ ਸਿੱਖਿਆ ਮੁਹੱਈਆ ਕਰਵਾਈ ਜਾ ਸਕੇ, ਜਿਸ ਨਾਲ ਦੇਸ਼ ਦੇ ਹਰ ਵਰਗ ਦਾ ਬੱਚਾ ਬਰਾਬਰ ਸਿੱਖਿਆ ਤੇ ਬਰਾਬਰ ਅਧਿਕਾਰ ਪ੍ਰਾਪਤ ਕਰ ਸਕੇ।

ਦੂਸਰੇ ਪਾਸੇ ਦਲਿਤ ਵਰਗ ਅਜਿਹੀ ਸਿੱਖਿਆ ਪ੍ਰਾਪਤ ਨਾ ਕਰਨ ਕਰਕੇ ਪਹਿਲਾਂ ਹੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚੋਂ ਪਛੜ ਜਾਂਦਾ ਹੈ। ਇਸ ਸੋਚੀ ਸਮਝੀ ਸਾਜ਼ਿਸ਼ ਤਹਿਤ ਸਮੁੱਚੇ ਦੇਸ਼ ਵਿਚ ਸਿੱਖਿਆ ਮਹਿੰਗੀ ਕਰਕੇ ਦਲਿਤ ਵਰਗ ਨੂੰ ਅਨਪੜ੍ਹ ਰੱਖ ਕੇ ਉਸ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚੋਂ ਬਾਹਰ ਕਰਨਾ ਹੈ। ਇਸ ਵਰਤਾਰੇ ਪਿੱਛੇ ਲੋਕ ਵਿਰੋਧੀ ਤੇ ਦਲਿਤ ਵਿਰੋਧੀ ਮਨੂੰਵਾਦੀ ਵਿਚਾਰਧਾਰਾ ਕਾਰਜ ਕਰਦੀ ਹੈ। ਜਦੋਂ ਦਲਿਤ ਵਰਗ ਅਜਿਹੀ ਮਹਿੰਗੀ ਸਿੱਖਿਆ ਬਾਰੇ ਸੋਚ ਵੀ ਨਹੀਂ ਸਕਦਾ ਫਿਰ ਉਨ੍ਹਾਂ ਦੇ ਬੱਚੇ ਉੱਚ ਪੱਧਰ ਦੀ ਸਿੱਖਿਆ ਤੇ ਨੌਕਰੀਆਂ ਵਿੱਚ ਪਛੜ ਜਾਣਗੇ। ਇਸ ਦਲਿਤ ਵਿਰੋਧੀ ਵਰਤਾਰੇ ਨੂੰ ਸਮਝਣ ਦੀ ਜ਼ਰੂਰਤ ਹੈ। ਸਿੱਖਿਆ ਨੂੰ ਬਚਾਉਣ ਦੇ ਨਾਲ-ਨਾਲ ਦਲਿਤ ਵਰਗ ਨੂੰ ਵੀ ਚੇਤੰਨ ਹੋਣ ਦੀ ਵਧੇਰੇ ਲੋੜ ਹੈ।
ਸੰਪਰਕ: 95012-45290

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All