ਸਿੱਖਿਆ, ਭਾਸ਼ਾ ਅਤੇ ਸਾਹਿਤ : The Tribune India

ਸਿੱਖਿਆ, ਭਾਸ਼ਾ ਅਤੇ ਸਾਹਿਤ

ਸਿੱਖਿਆ, ਭਾਸ਼ਾ ਅਤੇ ਸਾਹਿਤ

ਮਲਵਿੰਦਰ

ਮਲਵਿੰਦਰ

ਮੈਂ ਕਵੀ ਹਾਂ। ਪੰਜਾਬੀ ਸਾਹਿਤ ਦਾ ਪਾਠਕ ਹਾਂ। ਹੋਰ ਭਾਸ਼ਾਵਾਂ ਦਾ ਅਨੁਵਾਦਿਤ ਉਪਲਬਧ ਸਾਹਿਤ ਵੀ ਪੜ੍ਹਦਾ ਹਾਂ। ਵਾਰਤਕ ਵੀ ਲਿਖ ਲੈਂਦਾ ਹਾਂ। ਪੁਸਤਕਾਂ ਦੇ ਰੀਵਿਊ ਵੀ ਕਰਦਾ ਹਾਂ। ਮੇਰਾ ਇੱਕ ਪਰਿਵਾਰ ਹੈ। ਇੱਕ ਵੱਖਰਾ ਪਰਿਵਾਰ ਜਿਸ ਵਿਚ ਬਹੁਤ ਸਾਰੇ ਕਵੀ, ਕਹਾਣੀਕਾਰ ਅਤੇ ਹੋਰ ਵਿਧਾਵਾਂ ਦੇ ਲੇਖਕ ਸ਼ਾਮਲ ਹਨ। ਮੈਂ ਆਪਣੇ ਆਸੇ-ਪਾਸੇ ਵੱਸਦੀ ਦੁਨੀਆਂ ਤੋਂ ਥੋੜ੍ਹਾ ਵੱਖਰਾ ਹਾਂ। ਇਹ ਵੱਖਰਤਾ ਦਾ ਅਹਿਸਾਸ ਮੈਨੂੰ ਮਾਣ ਬਖ਼ਸ਼ਦਾ ਹੈ।

ਹੁਣ ਮੈਂ ਆਪਣੀ ਪ੍ਰਾਪਤ ਕੀਤੀ ਲੋੜੀਂਦੀ ਸਿੱਖਿਆ ਦੀ ਗੱਲ ਕਰਦਾ ਹਾਂ। ਮੈਂ ਵਿਗਿਆਨ ਦਾ ਵਿਦਿਆਰਥੀ ਅਤੇ ਅਧਿਆਪਕ ਰਿਹਾ। ਵਿਗਿਆਨ, ਗਣਿਤ ਪੜ੍ਹਿਆ ਤੇ ਪੜ੍ਹਾਇਆ ਹੈ। ਇਹ ਸਿੱਖਿਆ ਸਾਡੀ ਲੋੜ ਹੈ। ਸਾਡੇ ਭਵਿੱਖ ਦੀ ਆਸ ਹੈ। ਇਹ ਸਿੱਖਿਆ ਮਨੁੱਖੀ ਲੋੜ ਦੇ ਦਾਇਰੇ ਅੰਦਰ ਕੈਦ ਸੀਮਤ ਸੁਤੰਤਰਤਾ ਹੈ। ਇਸ ਨੇ ਸਾਨੂੰ ਰੁਜ਼ਗਾਰ ਦਿਵਾਉਣਾ ਹੈ। ਇਸ ਨੇ ਸਾਡੇ ਉਪਰ ਪੜ੍ਹੇ-ਲਿਖੇ ਹੋਣ ਦੀ ਮੋਹਰ ਲਾਉਣੀ ਹੈ। ਸਮਾਜ ਦਾ ਸਾਨੂੰ ਵੇਖਣ ਪਰਖਣ ਦਾ ਨਜ਼ਰੀਆ ਬਦਲਣਾ ਹੈ। ਪਰ ਇਹ ਸਿੱਖਿਆ ਮੈਨੂੰ ਕਵਿਤਾ ਕੋਲ਼ ਲੈ ਕੇ ਨਹੀਂ ਗਈ। ਇਸ ਨੇ ਮੈਨੂੰ ਸਾਹਿਤ ਪੜ੍ਹਨ ਦੀ ਚੇਟਕ ਵੀ ਨਹੀਂ ਲਾਈ। ਮੈਂ ਸਕੂਲਾਂ, ਕਾਲਜਾਂ ਵਿਚੋਂ ਪ੍ਰਾਪਤ ਵਿਧੀਵਤ ਸਿੱਖਿਆ ਦੀ ਗੱਲ ਕਰ ਰਿਹਾ ਹਾਂ। ਅੱਜ ਮਨੁੱਖ ਦੀ ਗ਼ੁਲਾਮ ਮਾਨਸਿਕਤਾ ਨੂੰ ਸੁਤੰਤਰ ਕਰਵਾਉਣ ਵਾਲੀ ਸਿੱਖਿਆ ਦੀ ਲੋੜ ਹੈ। ਜੀਵਨ ਵਿਚ ਅਸੀਂ ਜਿਹੜੇ ਬਦਤਰ ਹਾਲਾਤ ਦਾ ਸਾਹਮਣਾ ਕਰ ਰਹੇ ਹਾਂ, ਲੋੜਾਂ, ਸਹੂਲਤਾਂ ਦੀ ਅਣਹੋਂਦ ਦੇ ਸ਼ਿਕਾਰ ਹਾਂ, ਮਾਨਸਿਕ ਅਤੇ ਸਰੀਰਕ ਅੱਤਿਆਚਾਰ ਸਹਿ ਰਹੇ ਹਾਂ, ਇਨ੍ਹਾਂ ਦਾ ਹੱਲ ਕਰਦੀ ਸਿੱਖਿਆ ਦੀ ਲੋੜ ਹੈ। ਸਿੱਖਿਆ ਜਿਹੜੀ ਸਮਕਾਲ ਦੀ ਮਾਨਸਿਕ ਊਰਜਾ ਨੂੰ ਤਲਿਸਮੀ ਭਾਸ਼ਾ ਵਿਚ ਪ੍ਰਗਟ ਕਰਦੀ ਹੈ। ਕੀ ਪੰਜਾਬੀ ਭਾਸ਼ਾ ਵਿਚ ਅਜਿਹੀ ਸਿੱਖਿਆ ਸੰਭਵ ਨਹੀਂ? ਬਿਲਕੁਲ ਸੰਭਵ ਹੈ। ਲੋੜ ਹੈ ਸਿੱਖਿਆ ਪ੍ਰਾਪਤੀ ਲਈ ਜਗਿਆਸੂ ਮਨ ਦੀ। ਸਕੂਲਾਂ, ਕਾਲਜਾਂ ਤੋਂ ਬਾਹਰ ਸਿੱਖਿਆ ਦਾ ਵਿਸਥਾਰ ਕਰਨ ਲਈ ਸਾਹਿਤ ਹੀ ਇੱਕੋ-ਇੱਕ ਰਸਤਾ ਹੈ। ਅਜਿਹੀ ਸਿੱਖਿਆ ਲਈ ਕਠਿਨ ਰੁਕਾਵਟਾਂ ਪਾਰ ਕਰਨੀਆਂ ਪੈਣਗੀਆਂ। ਅਜੋਕੀ ਸਿਖਿਆ ਅਜੇ ਦੇਸ਼ ਦੀ ਮਾਨਸਿਕਤਾ ਨਾਲ ਸੁਭਾਵਿਕ ਸਾਂਝ ਸਿਰਜਣ ਵਿਚ ਸਫ਼ਲ ਨਹੀਂ ਹੋਈ।

ਭਾਸ਼ਾ ਦੀ ਗੱਲ ਵੱਖਰੀ ਹੈ। ਭਾਸ਼ਾ ਤੁਹਾਡੀ ਦ੍ਰਿਸ਼ਟੀ ਦਾ ਵਿਸਥਾਰ ਕਰਦੀ ਹੈ। ਭਾਸ਼ਾ ਤੁਹਾਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਖੁੱਲ੍ਹ ਦਿੰਦੀ ਹੈ। ਭਾਸ਼ਾ ਦਾਇਰੇ ਤੋਂ ਬਾਹਰ ਫੈਲਦਾ ਪ੍ਰਕਾਸ਼ ਹੈ। ਭਾਸ਼ਾ ਤੁਹਾਡੇ ਵਿਹਾਰ ਦਾ ਹਿੱਸਾ ਹੁੰਦੀ ਹੈ। ਵਿਹਾਰ ਸਿੱਖਣ ਲਈ ਉਚੇਚ ਨਹੀਂ ਕਰਨਾ ਪੈਂਦਾ। ਪਰ ਵਿਧੀਵਤ ਸਿੱਖਿਆ ਤੁਹਾਨੂੰ ਉਹ ਭਾਸ਼ਾ ਵੀ ਨਹੀਂ ਸਿਖਾਉਂਦੀ ਜੋ ਤੁਹਾਨੂੰ ਕਿਸੇ ਵੱਖਰੀ ਦੁਨੀਆਂ ਵਿਚ ਲੈ ਜਾਵੇ। ਅਜਿਹੀ ਭਾਸ਼ਾ ਸਿੱਖਣ ਦੇ ਸਬੱਬ ਹੋਰ ਬਣਦੇ ਹਨ। ਇਹ ਸਬੱਬ ਵਿਦਿਅਕ ਸੰਸਥਾਵਾਂ ਦੀਆਂ ਵਲਗਣਾਂ ਤੋਂ ਬਾਹਰ ਹੀ ਸੰਭਵ ਹਨ। ਵਲਗਣਾਂ ਤੋਂ ਬਾਹਰ ਜਿੱਥੇ ਕਿਤਾਬਾਂ ਦਾ ਸੰਸਾਰ ਹੈ। ਕਿਤਾਬਾਂ ਸਾਨੂੰ ਜਸ਼ਨ ਅਤੇ ਸੋਗ ਵੇਲੇ ਸਹਿਜ ਰਹਿਣ ਦੀ ਜਾਚ ਸਿਖਾਉਂਦੀਆਂ ਹਨ। ਕਿਤਾਬਾਂ ਅਨਿਆਂ ਦਾ ਵਿਰੋਧ ਕਰਨ ਲਈ ਮਾਨਸਿਕ ਸਮਝ ਪੈਦਾ ਕਰਦੀਆਂ ਹਨ। ਇਹ ਸਾਡੇ ਅੰਦਰਲੇ ਕਮਜ਼ੋਰ ਮਨੁੱਖ ਨੂੰ ਮਜ਼ਬੂਤ ਕਰਦੀਆਂ ਹਨ। ਕਿਤਾਬਾਂ ਪਿਆਰ ਕਰਨਾ ਸਿਖਾਉਂਦੀਆਂ ਹਨ। ਇਹ ਕੁਕਨੂਸ ਵਾਂਗ ਆਪਣੀ ਹੀ ਰਾਖ਼ ’ਚੋਂ ਮੁੜ ਜਨਮ ਲੈਣ ਦਾ ਵੱਲ਼ ਦੱਸਦੀਆਂ ਹਨ। ਕਿਤਾਬਾਂ ਪੜ੍ਹਦਿਆਂ ਅਸੀਂ ਅਧਿਆਇ ਰਟਦੇ ਨਹੀਂ, ਗ੍ਰਹਿਣ ਕਰਦੇ ਹਾਂ। ਪੜ੍ਹਦਿਆਂ ਪੜ੍ਹਦਿਆਂ ਸਾਡੀ ਪੜ੍ਹਨ ਦੀ ਗਤੀ ਅਤੇ ਗ੍ਰਹਿਣ ਕਰਨ ਦੀ ਸ਼ਕਤੀ ਸੁਭਾਵਕ ਗਤੀ ਨਾਲ ਵਧਦੀ ਹੈ। ਸਾਨੂੰ ਕੋਈ ਉਚੇਚ ਨਹੀਂ ਕਰਨਾ ਪੈਂਦਾ। ਸਾਡੇ ਸਿਰ ’ਤੇ ਕਿਸੇ ਪ੍ਰੀਖਿਆ ਵਿਚ ਬੈਠਣ ਦਾ ਡਰ ਵੀ ਨਹੀਂ ਹੁੰਦਾ। ਸਾਨੂੰ ਆਪਣੇ ਅੰਦਰ ਚਾਨਣ ਫੈਲਦਾ ਮਹਿਸੂਸ ਹੁੰਦਾ ਹੈ। ਸਾਡਾ ਵਸਤਾਂ, ਵਰਤਾਰਿਆਂ ਨੂੰ ਵੇਖਣ ਦਾ ਨਜ਼ਰੀਆ ਬਦਲਦਾ ਹੈ। ਖੁਰਦਰੀਆਂ ਵਸਤਾਂ ਵਿਚ ਕੋਮਲਤਾ ਸਾਕਾਰ ਹੋਣ ਲੱਗਦੀ ਹੈ। ਸਾਡੇ ਫੁਰਨੇ ਕਵਿਤਾਵਾਂ ਬਣ ਜਾਂਦੇ ਹਨ। ਸਾਡੇ ਬਿਰਤਾਂਤ ਗਲਪ ਦੀ ਕੋਈ ਰਚਨਾ ਦਾ ਆਕਾਰ ਗ੍ਰਹਿਣ ਕਰਦੇ ਹਨ। ਸਾਡੀਆਂ ਸੋਚਾਂ ਸਵੈ ਸੰਗ ਸੰਵਾਦ ਰਚਾਉਂਦੀਆਂ ਹਨ। ਸਾਡੇ ਅੰਦਰ ਵਿਚਾਰ ਮੌਲਦੇ ਹਨ। ਸਾਡੀ ਕਲਪਨਾ ਅੰਬਰ ’ਚ ਪੀਘਾਂ ਪਾਉਣ ਲੱਗਦੀ ਹੈ। ਅਸੀਂ ਕਿਸੇ ਅਦੁੱਤੀ ਊਰਜਾ ਨਾਲ ਭਰੇ ਰਹਿੰਦੇ ਹਾਂ। ਇੱਕ ਸਵੈਮਾਣ ਸਾਡੇ ਅੰਗ-ਸੰਗ ਤੁਰਦਾ ਹੈ। ਵਿਧੀਵਤ ਸਿੱਖਿਆ ਕੋਲ ਅਜਿਹੇ ਚਮਤਕਾਰ ਨਹੀਂ ਹਨ ਜੋ ਸਾਨੂੰ ਸੋਚਣ ਦੀ ਸਮਰੱਥਾ ਦੇਵੇ, ਸਾਡੀ ਕਲਪਨਾ ਸ਼ਕਤੀ ਪਰਵਾਜ਼ ਭਰੇ।

ਭਾਸ਼ਾ ਤੁਹਾਡੇ ਭਾਵਾਂ ਨੂੰ ਪ੍ਰਗਟਾਉਣ ਦੇ ਸਮਰੱਥ ਹੋਣੀ ਚਾਹੀਦੀ ਹੈ। ਕੀ ਸਕੂਲੀ ਸਿੱਖਿਆ ਦੌਰਾਨ ਪੜ੍ਹਾਈ ਭਾਸ਼ਾ ਸਾਨੂੰ ਇਸ ਯੋਗ ਬਣਾਉਂਦੀ ਹੈ? ਸਕੂਲੀ ਸਿਖਿਆ ਸਾਨੂੰ ਰੱਟਾ ਲਾਉਣ, ਨਕਲ ਮਾਰਨ ਅਤੇ ਕਿਸੇ ਵੀ ਹੀਲੇ ਇਮਤਿਹਾਨ ਵਿਚੋਂ ਪਾਸ ਹੋਣ ਦਾ ਜੁਗਾੜ ਕਰਨ ਦੇ ਯੋਗ ਹੀ ਬਣਾਉਂਦੀ ਹੈ। ਚਲੋ! ਹੋਰ ਗੱਲ ਕਰਦੇ ਹਾਂ। ਸਾਡੀ ਸਿੱਖਿਆ ਸਾਡੇ ਰੋਜ਼ਾਨਾ ਦੇ ਜੀਵਨ ਵਿਚ ਕਿੰਨੀ ਕੁ ਕਾਰਗਰ ਸਿੱਧ ਹੁੰਦੀ ਹੈ? ਅਸੀਂ ਸਵੇਰ ਤੋਂ ਸ਼ਾਮ ਤੱਕ ਜਿਸ ਵਿਹਾਰ ਦੀ ਸੰਗਲੀ ਨਾਲ ਬੱਝੇ ਰਹਿੰਦੇ ਹਾਂ, ਉਸ ਵਿਚੋਂ ਸੁਤੰਤਰ ਹੋਣ ਲਈ ਸਿੱਖਿਆ ਸਾਡੀ ਕਿੰਨੀ ਕੁ ਅਤੇ ਕਿੱਥੇ ਮਦਦ ਕਰਦੀ ਹੈ? ਸਾਡੇ ਕੋਲ ਸਵਾਲ ਏਨੇ ਜ਼ਿਆਦਾ ਹਨ ਕਿ ਜਵਾਬ ਤਲਾਸ਼ਦਿਆਂ ਜੀਵਨ ਛੋਟਾ ਪੈ ਜਾਂਦਾ ਹੈ। ਕਾਰਨ ਸ਼ਾਇਦ ਇਹ ਹੈ ਕਿ ਜੀਵਨ ਨੂੰ ਸਿੱਖਿਆ ਨੇ ਗੁੰਝਲਦਾਰ ਬਣਾ ਛੱਡਿਆ ਹੈ। ਜੀਵਨ ਅਤੇ ਸਿੱਖਿਆ ਵਿਚਲੀ ਵਿੱਥ ਜੀਵਨ ਦੀਆਂ ਬਹੁਤੀਆਂ ਤ੍ਰਾਸਦੀਆਂ ਦਾ ਕਾਰਨ ਬਣਦੀ ਹੈ। ਜੀਵਨ ਵਿਚ ਸੰਤੁਲਨ ਪੈਦਾ ਕਰਨਾ ਹੀ ਅੱਜ ਦੀ ਵੱਡੀ ਚੁਣੌਤੀ ਹੈ। ਸਿੱਖਿਆ ਦੇ ਮੁੱਢਲੇ ਵਰ੍ਹਿਆਂ ਦੌਰਾਨ ਸਾਨੂੰ ਆਪਣੀਆਂ ਭਾਵਨਾਵਾਂ ਨੂੰ ਵਿਅਕਤ ਕਰਨ, ਭਾਵਨਾਵਾਂ ਉਪਰ ਕਾਬੂ ਪਾਉਣ ਦਾ ਹੁਨਰ ਜਾਂ ਸਹਿਜ ਵੀ ਸਿੱਖਣਾ ਚਾਹੀਦਾ ਹੈ। ਸਾਡੇ ਖ਼ੁਸ਼ ਹੋਣ, ਉਦਾਸ ਹੋਣ, ਹੱਸਣ, ਰੋਣ, ਗੁੱਸਾ ਕਰਨ, ਹਲੀਮੀ ਵਰਤਣ, ਪਿਆਰ ਅਤੇ ਨਫ਼ਰਤ ਕਰਨ ਮੌਕੇ ਯੋਗ ਭਾਵਾਂ ਨੂੰ ਵਰਤਣਾ ਆਉਣਾ ਚਾਹੀਦਾ ਹੈ। ਜੇਕਰ ਅਸੀਂ ਗ਼ਮ ਵੇਲੇ ਖ਼ੁਸ਼ ਹੁੰਦੇ ਹਾਂ, ਸੋਗ ਦੇ ਸਮੇਂ ਆਪਣੇ ਹਾਸੇ ਉਪਰ ਕਾਬੂ ਨਹੀਂ ਰੱਖ ਸਕਦੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸਾਡੀ ਭਾਵਾਂ ਵਾਲੀ ਸਿੱਖਿਆ ਅਧੂਰੀ ਹੈ। ਸਾਨੂੰ ਆਉਂਦੀ ਭਾਸ਼ਾ ਅਪਾਹਜ ਹੈ। ਅਜਿਹਾ ਸਾਡੇ ਭਾਸ਼ਾ ਨੂੰ ਵਰਤਣ ਵਿਚ ਨੁਕਸ ਕਾਰਨ ਹੈ। ਸਾਡੀਆਂ ਭਾਵਨਾਵਾਂ ਦੇ ਅਵਿਕਸਤ ਰਹਿਣ ਕਰਕੇ ਹੈ। ਸਰੀਰਕ ਭਾਸ਼ਾ ਭਾਵਾਂ ਨੂੰ ਪ੍ਰਗਟਾਉਣ ਦੇ ਵਧੇਰੇ ਸਮਰੱਥ ਲੱਗਦੀ ਹੈ। ਅੰਗਰੇਜ਼ ਲੋਕ ਗੱਲਾਂ ਕਰਦਿਆਂ ਆਪਣੀਆਂ ਸਰੀਰਕ ਹਰਕਤਾਂ ਦੀ ਵਰਤੋਂ ਸਾਥੋਂ ਵੱਧ ਕਰਦੇ ਹਨ। ਉਨ੍ਹਾਂ ਦੀਆਂ ਅਦਾਵਾਂ ਦਾ ਨੌਟੰਕੀਪਨ ਸੰਵਾਦ ਨੂੰ ਪ੍ਰਭਾਵੀ ਅਤੇ ਮਜ਼ੇਦਾਰ ਬਣਾਉਣ ਵਿਚ ਮਦਦ ਕਰਦਾ ਹੈ। ਭਾਸ਼ਾ ਭਾਵਨਾਵਾਂ ਨੂੰ ਪ੍ਰਗਟਾਉਣ ਅਤੇ ਸਰੋਤੇ ਤੱਕ ਪਹੁੰਚਾਉਣ ਦੇ ਵਧੇਰੇ ਯੋਗ ਹੋ ਜਾਂਦੀ ਹੈ।

ਯੋਗ ਭਾਸ਼ਾ ਕੋਲ ਨਾ ਹੋਣ ਕਾਰਨ ਸਾਹਿਤ ਦੇ ਕਲਪਨਾ ਸੰਸਾਰ ਵਿਚ ਪ੍ਰਵੇਸ਼ ਕਰਨ ਦਾ ਬੂਹਾ ਬੰਦ ਰਹਿੰਦਾ ਹੈ। ਸਿਰਜਣ ਪ੍ਰਕਿਰਿਆ ਲਈ ਗਿਆਨ ਨਾਲੋਂ ਕਲਪਨਾ ਦੀ ਵਧੇਰੇ ਲੋੜ ਹੁੰਦੀ ਹੈ। ਸਾਹਿਤ ਦੀ ਕਿਸੇ ਵੀ ਵਿਧਾ ਦੀ ਸਿਰਜਣਾ ਵਿਚ ਮਹੱਤਵਪੂਰਨ ਭੂਮਿਕਾ ਕਲਪਨਾ ਦੀ ਹੁੰਦੀ ਹੈ। ਵੱਖ-ਵੱਖ ਉਮਰ, ਧਰਮ, ਜਾਤ, ਕਬੀਲੇ ਅਤੇ ਇਲਾਕੇ ਦੇ ਲੋਕਾਂ ਨਾਲ ਗੱਲਾਂ ਕਰ ਕੇ ਅਸੀਂ ਆਪਣੀ ਸਿਰਜਣਾਤਮਕ ਊਰਜਾ ਨੂੰ ਹੁਲਾਰਾ ਦੇ ਸਕਦੇ ਹਾਂ। ਅਜਿਹੇ ਵੇਲੇ ਬੋਲਣ ਨਾਲੋਂ ਸੁਣਨਾ ਵਧੇਰੇ ਲਾਹੇਵੰਦ ਹੁੰਦਾ ਹੈ। ਅਦਭੁੱਤ ਲੱਗਦੇ ਵਸਤਾਂ, ਵਰਤਾਰਿਆਂ ਬਾਰੇ ਖੁੱਲ੍ਹ ਕੇ ਲਿਖਣ ਦਾ ਅਭਿਆਸ ਕੀਤਿਆਂ ਵੀ ਸਿਰਜਣਾ ਦੇ ਨਕਸ਼ ਗੂੜ੍ਹੇ ਹੁੰਦੇ ਹਨ। ਜੀਵਨ ਦੇ ਹਰ ਵਰਤਾਰੇ ਦੀ ਸਫ਼ਲਤਾ ਉਸ ਨੂੰ ਖ਼ਾਮੀਆਂ ਤੋਂ ਮੁਕਤ ਕਰਨਾ ਹੁੰਦਾ ਹੈ। ਸਿੱਖਿਆ ਅਤੇ ਭਾਸ਼ਾ ਵਿਚਲੀਆਂ ਖ਼ਾਮੀਆਂ ਸਾਡੇ ਦੁਆਲੇ ਭਰਮਾਂ ਦਾ ਜਾਲ ਬੁਣਦੀਆਂ ਹਨ। ਕਈ ਤਰ੍ਹਾਂ ਦੇ ਡਰ ਸਾਡੇ ਅੰਗ-ਸੰਗ ਹੋ ਜਾਂਦੇ ਹਨ। ਡਰਪੋਕ ਹੋਣਾ ਅਸਫ਼ਲਤਾ ਦਾ ਆਗਾਜ਼ ਹੋਣਾ ਹੈ। ਵਿਗਿਆਨਕ ਅਤੇ ਤਰਕਸ਼ੀਲ ਨਜ਼ਰੀਏ ਨਾਲ ਅਸੀਂ ਡਰ ਮੁਕਤ ਹੁੰਦੇ ਹਾਂ। ਉਸਾਰੂ ਸਾਹਿਤ ਸਾਨੂੰ ਇਸ ਡਰ ਤੋਂ ਮੁਕਤ ਕਰਦਾ ਹੈ। ਆਪਣੀ ਖ਼ੁਸ਼ੀ, ਮਾਨਸਿਕ ਸੰਤੁਸ਼ਟੀ ਅਤੇ ਮਜ਼ੇ ਲੈਣ ਲਈ ਲਿਖਣਾ ਸਾਹਿਤ ਨਹੀਂ ਹੁੰਦਾ। ਲੇਖਕ ਦੀ ਸਿਰਜਣਾ ਦੇ ਕੇਂਦਰ ਵਿਚ ਸਮਾਜ ਹੋਣਾ ਚਾਹੀਦਾ ਹੈ। ਰਚਨਾ ਰਚਣਹਾਰੇ ਲਈ ਨਹੀਂ ਹੁੰਦੀ। ਸੁਰਜੀਤ ਪਾਤਰ ਹੋਰਾਂ ਦਾ ਇੱਕ ਸ਼ਿਅਰ ਹੈ:

ਮੈਂ ਨਹੀਂ ਰਹਾਂਗਾ ਮੇਰੇ ਗੀਤ ਰਹਿਣਗੇ, ਪਾਣੀ ਨੇ ਮੇਰੇ ਗੀਤ ਮੈਂ ਪਾਣੀ ’ਤੇ ਲੀਕ ਹਾਂ

ਸਾਹਿਤ ਵਿਚ ਇਹ ਚਿਰ-ਸਥਾਈ ਰਹਿਣ ਦੀ ਚੇਸ਼ਟਾ ਹੀ ਸਭ ਤੋਂ ਮਹੱਤਵਪੂਰਨ ਅਤੇ ਪਿਆਰੀ ਗੱਲ ਹੈ। ਗੀਤਾਂ ਦੇ ਅਮਰ ਹੋਣ ਲਈ ਉਨ੍ਹਾਂ ਦੀ ਸਿਰਜਣ ਪ੍ਰਕਿਰਿਆ ਵਿਚ ਕਲਪਨਾ, ਭਾਸ਼ਾ, ਭਾਵ ਅਤੇ ਇਲਾਹੀ ਛਿਣ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ। ਅਜਿਹਾ ਹਰ ਗੀਤ ਦਾ ਨਸੀਬ ਨਹੀਂ ਬਣਦਾ। ਗਿਆਨ ਦਾ ਭੰਡਾਰ ਕਵਿਤਾ ਨਹੀਂ ਹੁੰਦਾ। ਸਾਹਿਤ ਦਾ ਵੱਡਾ ਆਸਰਾ ਗਿਆਨ ਨਹੀਂ, ਭਾਵ ਹੁੰਦਾ ਹੈ। ਗਿਆਨ ਕੋਲ ਦਲੀਲ ਹੁੰਦੀ ਹੈ। ਦਲੀਲ ਗੱਲ ਨੂੰ ਸਮੇਟ ਦਿੰਦੀ ਹੈ। ਭਾਵ ਸਿਰਜਣ ਛਿਣ ਦਾ ਸੰਚਾਰ ਕਰਦਾ ਹੈ। ਸੰਚਾਰ ਵਿਚ ਜਿੰਨੀ ਜ਼ਿਆਦਾ ਰਵਾਨੀ ਹੋਵੇਗੀ, ਓਨੀ ਹੀ ਲੰਮੀ ਉਸ ਦੀ ਉਮਰ ਹੋਵੇਗੀ। ਨਿੱਜੀ ਭਾਵ ਜਦ ਸਮੂਹ ਦਾ ਭਾਵ ਬਣ ਜਾਵੇ ਤਾਂ ਉਹ ਸਾਹਿਤ ਹੁੰਦਾ ਹੈ। ਸਾਹਿਤ ਇਤਿਹਾਸ, ਕਾਲ ਤੋਂ ਪਾਰ ਦੀ ਸ਼ੈਅ ਹੁੰਦੀ ਹੈ ਜਿਸ ਦੀ ਭਾਸ਼ਾ ਦਾ ਤਲਿਸਮ ਕਠੋਰ ਹਿਰਦਿਆਂ ਅੰਦਰ ਕੂਲੇ ਅਹਿਸਾਸ ਪੈਦਾ ਕਰਦਾ ਹੈ। ਅਧਿਆਤਮਿਕਤਾ, ਰੂਹਾਨੀਅਤ ਸਾਹਿਤ ਅੰਦਰ ਲੁਪਤ ਨਿਰ-ਉਚੇਚ ਵਰਤਾਰੇ ਹਨ। ਬਾਹਰੀ ਸੰਸਾਰ ਨੂੰ ਸਾਡੀਆਂ ਇੰਦਰੀਆਂ ਪ੍ਰਤੱਖ ਰੂਪ ਵਿਚ ਵੇਖਦੀਆਂ ਅਤੇ ਮਹਿਸੂਸ ਕਰਦੀਆਂ ਹਨ। ਸਾਹਿਤ ਅੰਦਰ ਸਾਕਾਰ ਹੁੰਦੇ ਦ੍ਰਿਸ਼ ਪ੍ਰਤੱਖ ਨਹੀਂ ਹੁੰਦੇ। ਪ੍ਰਤੱਖਤਾ ਦੀ ਇਸ ਘਾਟ ਨੂੰ ਸਮਝਣਾ ਅਤੇ ਪੂਰਾ ਕਰਨਾ ਹੀ ਸਾਹਿਤ ਦਾ ਸੁਹਜ ਹੈ।

ਅੱਜ ਜਦੋਂ ਅਸੀਂ ਸਾਹਿਤ ਦੀ ਕਿਸੇ ਵਿਧਾ ਬਾਰੇ ਗੱਲ ਕਰਦੇ ਹਾਂ ਤਾਂ ਪੰਜ ਦਹਾਕੇ ਜਾਂ ਇਸ ਤੋਂ ਵੱਧ ਦਹਾਕੇ ਪਹਿਲਾਂ ਲਿਖੀਆਂ ਕਵਿਤਾਵਾਂ, ਕਹਾਣੀਆਂ ਦਾ ਜ਼ਿਕਰ ਹੀ ਕਰਦੇ ਹਾਂ। ਸਮਕਾਲ ਵਿਚ ਸਿਰਜਣਾ ਦੀ ਬਹੁਤਾਤ ਹੈ। ਸੋਸ਼ਲ ਮੀਡੀਆ ਨੇ ਝੱਟਪਟੀ ਵਰਤਾਰੇ ਨੂੰ ਬਹੁਤ ਉਤਸ਼ਾਹਤ ਕੀਤਾ ਹੈ। ਅੱਜ ਪੋਸਟ ਕੀਤੀ ਰਚਨਾ ਕੁਝ ਦਿਨਾਂ ਦੇ ਵਕਫ਼ੇ ’ਤੇ ਬੀਤੇ ਦੀ ਗੱਲ ਬਣ ਜਾਂਦੀ ਹੈ। ਸਾਡੇ ਗੀਤ ਹੁਣ ਪਾਣੀ ਨਹੀਂ ਰਹੇ, ਪਾਣੀ ’ਤੇ ਲੀਕ ਹੋ ਗਏ ਹਨ। ਵਗਦੇ ਪਾਣੀਆਂ ਦੀ ਉਮਰ ਸਾਡੇ ਸਾਹਿਤ ਦੀ ਉਮਰ ਨਹੀਂ ਰਹੀ। ਫ਼ਿਕਰਮੰਦ ਤਾਂ ਹੋਈਏ! ਵਿਚਾਰ ਤਾਂ ਕਰੀਏ। ਸੋਚੀਏ, ਵਿਚਾਰੀਏ, ਸੰਵਾਦ ਰਚਾਈਏ। ਸਾਨੂੰ ਆਪਣੀ ਸਮਰੱਥਾ ’ਤੇ ਯਕੀਨ ਹੈ। ਇਸ ਯਕੀਨ ਨੂੰ ਬਣਾਈ ਰੱਖਣ ਲਈ ਤੱਟਫੱਟ ਵਰਤਾਰੇ ਨੂੰ ਤਿਆਗਣਾ ਪਵੇਗਾ। ਸਾਧਨਾ ਕਰਨ ਨੂੰ ਵਿਹਾਰ ਬਣਾਉਣਾ ਪਵੇਗਾ। ਥੋੜ੍ਹੀ ਜਿਹੀ ਸੋਝੀ ਅਤੇ ਕਠਿਨ ਪੈਂਡਿਆਂ ਤੋਂ ਪਾਰ ਸਾਹਿਤ ਦਾ ਉੱਜਵਲ ਭਵਿੱਖ ਸਾਨੂੰ ਉਡੀਕ ਰਿਹਾ ਹੈ।

ਸੰਪਰਕ: 97795-91344

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਸੰਵਿਧਾਨ ਦੀਆਂ ਧਾਰਾ...

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਕੈਬਨਿਟ ਮੰਤਰੀ ਅਮਨ ਅਰੋੜਾ ਨੇ ‘ਆਪ’ ਸਰਕਾਰ ਵਿਰੁੱਧ ਸਾਜ਼ਿਸ਼ ਰਚਣ ਦੇ ਦ...

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਭਾਜਪਾ ਯੂਥ ਵਰਕਰਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤਾ ਸੰਬੋਧਨ

ਸ਼ਹਿਰ

View All