ਬਾਬੇ ਦਾ ਪੁਰਬ : The Tribune India

ਬਾਬੇ ਦਾ ਪੁਰਬ

ਬਾਬੇ ਦਾ ਪੁਰਬ

ਬਾਬੇ ਦਾ ਪੁਰਬ

ਅਮਰਜੀਤ ਸਿੰਘ ਫੌ਼ਜੀ

ਬਾਬੇ ਦਾ ਪੁਰਬ 

ਮਨਾ ਲਿਆ ਆਪਾਂ

ਬਹੁਤਾ ਸ਼ੋਰ 

ਮਚਾ ਲਿਆ ਆਪਾਂ

ਵਰਤ ਕੇ ਸਾਰੇ ਢੰਗ ਤਰੀਕੇ

ਪੂਰਾ ਜ਼ੋਰ ਲਗਾ ਲਿਆ ਆਪਾਂ।

ਦਾਲ ਪ੍ਰਸ਼ਾਦਾ ਭੁੱਲ ਕੇ ਸਾਦਾ

ਨਵਾਂ ਈ ਢੰਗ 

ਅਪਣਾ ਲਿਆ ਆਪਾਂ

ਪੂੜੀਆਂ ਛੋਲੇ, ਬਰਗਰ ਪੀਜ਼ੇ

ਲੰਗਰ ਬਹੁਤ

ਛਕਾ ਲਿਆ ਆਪਾਂ।

ਪਰ ਹੁਣ ਤਾਂ ਬਹਿ ਕੇ 

ਸੋਚ ਵਿਚਾਰੋ

ਕੀ ਖੋਇਆ 

ਕੀ ਪਾ ਲਿਆ ਆਪਾਂ

ਬਾਬੇ ਦੀ ਜੋ ਬਾਣੀ ਕਹਿੰਦੀ

ਉਸ ਨੂੰ 

ਕੀ ਅਪਣਾ ਲਿਆ ਆਪਾਂ?

ਊਚ ਨੀਚ ਤੇ ਜ਼ਾਤ-ਪਾਤ ਦਾ

ਕੀ ਮਨਾਂ ’ਚੋਂ

ਭਰਮ ਮਿਟਾ ਲਿਆ ਆਪਾਂ?

ਕਿਰਤ ਕਰਨੀ 

ਤੇ ਵੰਡ ਕੇ ਛਕਣਾ

ਕੀ ਮਨ ਦੇ ਵਿੱਚ

ਵਸਾ ਲਿਆ ਆਪਾਂ?

ਘਿਓ ਦੇ ਦੀਵੇ

ਬਹੁਤ ਜਗਾ ਲਏ

ਕੀ ਮਨ ਦਾ ਦੀਪ 

ਜਗਾ ਲਿਆ ਆਪਾਂ?

ਸ਼ਰੀਕ ਬਾਬੇ ਦੇ ਜੋ ਬਣ ਬੈਠੇ 

ਭੇਤ ਉਨ੍ਹਾਂ ਦਾ ਪਾ ਲਿਆ ਆਪਾਂ?

ਡੇਰੇਦਾਰ ਜੋ ਲੁੱਟੀ ਜਾਂਦੇ 

ਕੀ ਉਨ੍ਹਾਂ ਤੋਂ ਖਹਿੜਾ 

ਛੁਡਾ ਲਿਆ ਆਪਾਂ?

ਦੁਖੀ ਗ਼ਰੀਬ ਦੀ 

ਮਦਦ ਦੇ ਲਈ

ਕੀ ਮਨ ਨੂੰ 

ਸਮਝਾ ਲਿਆ ਆਪਾਂ?

ਹਉਮੈ ਹੰਕਾਰ ਦੀ ਕੈਦ ਦੇ ਵਿੱਚੋਂ

ਕੀ ਅਪਣਾ ਆਪ 

ਛੁਡਾ ਲਿਆ ਆਪਾਂ?

ਫੌ਼ਜੀਆ ਇਹ ਕੁਝ 

ਜੇ ਨਹੀਂ ਕੀਤਾ

ਤਾਂ ਐਵੇਂ ਵਕਤ 

ਗੁਆ ਲਿਆ ਆਪਾਂ।

ਸੰਪਰਕ: 95011-27033

* * *

ਪੰਜਾਬੀ ਮਾਂ ਬੋਲੀ

ਦਰਸ਼ਨ ਸਿੰਘ ਪ੍ਰੀਤੀਮਾਨ

ਮੈਂ ਸਦੀਓਂ ਪੁਰਾਣੀ ਅਖਵਾਕੇ ਰਾਣੀ

ਲੈ ਗਏ ਵੱਲ ਤਬਾਹੀ ਦੇ।

ਮਮਤਾ ਨੂੰ ਪੁੱਤਰ ਨਾ ਕਦੇ

ਇਹੋ ਜੇ ਦੁਨੀਆਂ ’ਤੇ ਚਾਹੀਦੇ।

ਬੋਲੀਆਂ ਬੋਲ ਪਰਾਈਆਂ 

ਮੇਰਾ ਮਾਣ ਘਟਾਇਆ ਏ,

ਆਪਣੀ ਮਾਂ ਦੀ ਮਮਤਾ ਭੁੱਲ ਕੇ, 

ਮਤਰੇਈਆਂ ਨਾਲ ਪਿਆਰ ਵਧਾਇਆ ਏ।

ਗੁੜਤੀ ਮੇਰੀ, ਕੁੱਖੋਂ ਜੰਮੇ ਮੇਰੇ, 

ਮੈਂ ਹੀ ਗੋਦ ਖਿਡਾਇਆ ਸੀ।

ਅੰਗਰੇਜ਼ੀ, ਹਿੰਦੀ, ਫ਼ਾਰਸੀ, ਉਰਦੂ, 

ਕਿਸ ਨੇ ਮੂੰਹ ਲਾਇਆ ਸੀ?

ਅੱਜ ਚੰਗੀਆਂ ਲੱਗਣ ਮਤਰੇਈਆਂ, 

ਮਾਂ ਨੂੰ ਮਾੜਾ ਅਖਵਾਇਆ ਏ।

ਆਪਣੀ ਮਾਂ ਦੀ ਮਮਤਾ ਭੁੱਲ ਕੇ, 

ਮਤਰੇਈਆਂ ਨਾਲ ਪਿਆਰ ਵਧਾਇਆ ਏ।

ਮੈਂ ਬੋਲੀ ਹਾਂ ਗੁਰੂ ਨਾਨਕ, ਬੁੱਲੇ ਭਗਤ, 

ਪੈਗੰਬਰ ਪੀਰਾਂ ਦੀ।

ਪੰਜਾਬ ਦੇ ਸਭ ਰਾਜਿਆਂ, 

ਰਾਣਿਆਂ ਅਤੇ ਵਜ਼ੀਰਾਂ ਦੀ।

ਫਿਰ ਕਿਉਂ ਮਾਂ ਦਾ ਪ੍ਰਭਾਵ ਘਟਾਕੇ, 

ਬੋਝ ਦੂਜੀ ਦਾ ਪਾਇਆ ਏ।

ਆਪਣੀ ਮਾਂ ਦੀ ਮਮਤਾ ਭੁੱਲ ਕੇ, 

ਮਤਰੇਈਆਂ ਨਾਲ ਪਿਆਰ ਵਧਾਇਆ ਏ।

ਮਾਖਿਓਂ ਮਿੱਠੀ, ਕਿਤੇ ਨਾ ਡਿੱਠੀ, 

ਮੈਨੂੰ ਕਹਿੰਦਾ ਸੰਸਾਰ ਪਿਆ।

ਨਵੀਂ ਪਨੀਰੀ ਦੇ ਕਾਹਤੋਂ ਫਿਰ, 

ਦਿਲ ਵਿੱਚ ਐਡਾ ਖ਼ਾਰ ਪਿਆ।

ਜਾਗੋ ਬੱਚਿਆਂ ਨੂੰ ਸਮਝਾਵੋ, 

ਕਿਉਂ ਗੂੜ੍ਹਾ ਰਿਸ਼ਤਾ ਭੁਲਾਇਆ ਏ।

ਆਪਣੀ ਮਾਂ ਦੀ ਮਮਤਾ ਭੁੱਲ ਕੇ, 

ਮਤਰੇਈਆਂ ਨਾਲ ਪਿਆਰ ਵਧਾਇਆ ਏ।

ਪਿਓ, ਦਾਦੇ ਤੋਂ ਲੈ ਕੇ ਮੈਂ,

ਵੰਡਦੀ ਖ਼ੁਸ਼ੀਆਂ ਢੇਰਾਂ ਆਈ ਆਂ।

ਭਾਰੀ ਕਹਿਰ ਮੇਰੇ ’ਤੇ ਟੁੱਟਿਆ, 

ਮੈਂ ਪਾਉਂਦੀ ਹਾਲ ਦੁਹਾਈ ਆਂ।

ਕੁਲ ਵਿਦਵਾਨ ‘ਪ੍ਰੀਤੀਮਾਨਾ’, 

ਤਾਹੀਂਓ ਅੱਜ ਪਿਆ ਕੁਮਲਾਇਆ ਏ।

ਆਪਣੀ ਮਾਂ ਦੀ ਮਮਤਾ ਭੁੱਲ ਕੇ,

ਮਤਰੇਈਆਂ ਨਾਲ ਪਿਆਰ ਵਧਾਇਆ ਏ।

ਸੰਪਰਕ: 98786-06963

* * *

ਮੁਆਫ਼ੀਨਾਮਾ

ਗੁਰਪ੍ਰੀਤ ਸਿੰਘ ਵਿੱਕੀ

ਮੁਆਫ਼ ਕਰੀਂ ਬਾਬਾ ਨਾਨਕ

ਅਸੀਂ ਤੇਰੇ ਸਿੱਖ ਨਹੀਂ ਰਹੇ...

ਜਿਵੇਂ ਦਾ ਸਾਨੂੰ ਤੂੰ ਸੀ ਬਣਾਇਆ

ਕਿਉਂ ਉਸ ਤਰ੍ਹਾਂ ਦੇ ਅਸੀਂ ਦਿਖ ਨਹੀਂ ਰਹੇ...?

‘‘ਪਵਨ ਗੁਰੂ ਪਾਣੀ ਪਿਤਾ’’

ਉਪਦੇਸ਼ ਸੀ ਤੇਰਾ ਬਾਬਾ

ਅਸੀਂ ਸਭ ਕੁਝ ਗੰਧਲਾ ਕਰ ਦਿੱਤਾ,

ਤੇਰੇ ਜਨਮ ਦਿਨ ’ਤੇ ਪ੍ਰਭਾਤ ਫੇਰੀਆਂ 

ਅੱਗੇ ਚਲਾ ਚਲਾ ਕੇ ਬੰਬ ਅਸੀਂ

ਹਵਾ ਨੂੰ ਗੰਧਲਾ ਕਰ ਦਿੱਤਾ,

ਵੱਖ ਵੱਖ ਜਾਤਾਂ ਦੇ ਬਣਾ ਲਏ ਗੁਰਦੁਆਰੇ 

ਮਾਨਸ ਕੀ ਜਾਤ ਅਸੀਂ ਇੱਕ ਨਹੀਂ ਰਹੇ,

ਮੁਆਫ਼ ਕਰੀਂ ਬਾਬਾ ਨਾਨਕ 

ਅਸੀਂ ਤੇਰੇ ਸਿੱਖ ਨਹੀਂ ਰਹੇ...

ਮੂਰਤੀ ਪੂਜਾ ਅਸੀਂ ਨਹੀਂ ਛੱਡੀ

 ਫੋਟੋਆਂ ਤੇਰੀਆਂ ਹੀ ਲਗਾ ਲਈਆਂ

ਤੇਰੇ ਨਾਮ‌‌ ’ਤੇ ਕਰਨ ਨੂੰ ਬਿਜ਼ਨਸ 

ਦੁਕਾਨਾਂ ਅਸੀਂ  ਬਣਾ ਲਈਆਂ,

ਕਰਕੇ ਠੱਗੀ ਗ਼ਰੀਬਾਂ ਨਾਲ

ਕਈ ਕੋਠੀਆਂ ਵੱਡੀਆਂ ਪਾ ਲਈਆਂ,

ਸੰਗਮਰਮਰ ਲਾ, ਯਾਦਗਾਰਾਂ ਢਾਹ ਦਿੱਤੀਆਂ

ਇਤਿਹਾਸ‌ਕਿਉਂ ਸਾਨੂੰ ਦਿਖ ਨਹੀਂ ਰਹੇ...?

ਮੁਆਫ਼ ਕਰੀਂ ਬਾਬਾ ਨਾਨਕ

ਅਸੀਂ ਤੇਰੇ ਸਿੱਖ ਨਾ ਰਹੇ...

ਸੰਪਰਕ: 82848-88700

* * *

ਯਾਰ     

ਅਮਰਜੀਤ ਸਿੰਘ ਸਿੱਧੂ

ਸਾਨੂੰ ਵੀ ਕੁਝ ਯਾਰ ਮਿਲੇ 

ਯਾਰ ਮਿਲੇ ਦਿਲਦਾਰ ਮਿਲੇ

ਕੁਝ ਜਾਨ ਵਾਰਦੇ ਸੀ ਸਾਡੇ ਤੋਂ 

ਕੁਝ ਯਾਰਾਂ ਵਿੱਚ ਗੱਦਾਰ ਮਿਲੇ 

ਕੁਝ ਦਿਲੋਂ ਦੁਆਵਾਂ ਮੰਗਦੇ ਸੀ 

ਕੁਝ ਕੱਢਣ ਦੇ ਲਈ ਖਾਰ ਮਿਲੇ 

ਹਿੰਦੂ ਮੁਸਲਿਮ ਅਤੇ ਇਸਾਈ 

ਕੁਝ ਗਿਣਤੀ ਦੇ ਸਰਦਾਰ ਮਿਲੇ

ਕੁਝ ਕੁ ਮਿਲੇ ਟੋਪੀਆਂ ਵਾਲੇ 

ਕੁਝ ਸਿਰਾਂ ’ਤੇ ਬੰਨ੍ਹ ਦਸਤਾਰ ਮਿਲੇ

ਕੁਝ ਅੰਗਿਆਰਾਂ ਵਾਂਗੂੰ ਦਗਦੇ ਸੀ 

ਕੁਝ ਕੁ ਹੋ ਕੇ ਠੰਢੇ  ਠਾਰ  ਮਿਲੇ 

ਕੁਝ ਸਾਡੇ ਲਈ ਸੁੱਖ ਮਨਾਉਂਦੇ ਸੀ 

ਕੁਝ ਬਣ ਦੋ ਧਾਰੀ ਤਲਵਾਰ ਮਿਲੇ 

ਕੁਝ ਕੰਨੀਂ ਕਤਰਾਉਂਦੇ ਸੀ ਸਾਡੇ ਤੋਂ 

ਕੋਈ ਖੜ੍ਹ ਕੇ ਵਿੱਚ  ਕਤਾਰ  ਮਿਲੇ 

ਕੁਝ ਕੁ ਪੈਰਾਂ ਨੂੰ ਖਿੱਚਣ ਵਾਲੇ ਸੀ

ਕੁਝ ਕੁ ਇੱਜ਼ਤਾਂ ਦੇ ਪਹਿਰੇਦਾਰ ਮਿਲੇ 

ਸਿੱਧੂ ਨੂੰ ਕੁਝ ਫ਼ਤਹਿ ਬੁਲਾ ਗਏ ਦੂਰੋਂ ਹੀ 

ਮੀਤੇ ਨੂੰ ਕੁਝ ਕੁ ਹੋ ਕੇ ਪੱਬਾਂ ਭਾਰ ਮਿਲੇ

ਸਾਨੂੰ ਵੀ ਕੁਝ ਯਾਰ ਮਿਲੇ 

ਯਾਰ ਮਿਲੇ ਦਿਲਦਾਰ ਮਿਲੇ  

ਸੰਪਰਕ: 94640-73505

* * *

ਕੀ ਮੰਗਦੈਂ ਤਸਵੀਰਾਂ ਕੋਲੋਂ?

ਪੋਰਿੰਦਰ ਸਿੰਗਲਾ

ਕੀ ਮੰਗਦੈਂ ਤਸਵੀਰਾਂ ਕੋਲੋਂ, 

ਮੰਗਣੈ ਤਾਂ ਮੰਗ ਤਦਬੀਰਾਂ ਕੋਲੋਂ।

ਆਪਣੀ ਇੱਜ਼ਤ ਖ਼ੁਦ ਸਾਂਭ ਲੈ, 

ਆਸ ਨਾ ਰੱਖ ਵਜ਼ੀਰਾਂ ਕੋਲੋਂ।

ਐਨਾ ਸੱਚ ਦੇ ਨੇੜੇ ਨਾ ਹੋ,

ਸੰਭਲ ਕੇ ਚੱਲ ਜ਼ੰਜੀਰਾਂ ਕੋਲੋਂ।

ਬੈਕੁੰਠ ਦੀਆਂ ਆਸਾਂ ਨਾ ਰੱਖ,

ਧੰਨੇ ਸ਼ਾਹ, ‘ਫ਼ਕੀਰਾਂ’ ਕੋਲੋਂ।

ਕਦੇ ਆਸਾਂ ਨੂੰ ਬੂਰ ਨਾ ਪੈਂਦਾ,

ਵਿਕੀਆਂ ਹੋਈਆਂ ਜ਼ਮੀਰਾਂ ਕੋਲੋਂ।

ਚਲਦੇ ਰਹਿਣ ਦੇ ਜੀਵਨ ਦਾ ਸੁਖ,

ਪੁੱਛ ਨਦੀਆਂ ਦੇ ਨੀਰਾਂ ਕੋਲੋਂ।

ਪਿੱਪਲਾਂ ਤੇ ਬੋਹੜਾਂ ਦੀਆਂ ਛਾਵਾਂ,

ਮਿਲਣ ਨਾ ਜੰਡ ਕਰੀਰਾਂ ਕੋਲੋਂ।

ਆਸਥਾ ਆਪਣੇ ਹੱਥਾਂ ’ਤੇ ਰੱਖ,

ਕੁਝ ਨਾ ਮਿਲਣਾ ਭੀੜਾਂ ਕੋਲੋਂ।।

ਸੰਪਰਕ: 95010-00276

* * *

ਬੁਢਾਪਾ

ਸਰੂਪ ਚੰਦ ਹਰੀਗੜ੍ਹ

ਸੋਟੀ ਫ਼ੜੀ ਹੱਥ ਨਾਲੇ ਮੱਠੀ ਪੈ ਗਈ ਤੋਰ ਹੈ,

ਕੰਨਾਂ ਤੋਂ ਵੀ ਘੱਟ ਸੁਣੇ ਨਿਗ੍ਹਾ ਕਮਜ਼ੋਰ ਹੈ,

ਘਰ ਦੇ ਜਵਾਕ ਨਾਲੇ ਵੱਢ ਵੱਢ ਪੈਂਦੇ ਨੇ,

ਏਥੋਂ ਪਤਾ ਲੱਗਦਾ ਬੁਢਾਪਾ ਕੀਹਨੂੰ ਕਹਿੰਦੇ ਨੇ।

ਵੱਟ ਬੰਨੇ ਟੱਪ ਜਾਂਦਾ ਜਿਹੜਾ ਮਾਰ ਛਾਲ ਜੀ,

ਉੱਠਿਆਂ ਨਾ ਜਾਵੇ ਤੇ ਸਹਾਰਾ ਰਿਹਾ ਭਾਲ ਜੀ,

ਨਿਕਲਦੀ ਚੀਸ ਲੀੜੇ ਪਿੰਡੇ ਨਾਲ ਖਹਿੰਦੇ ਨੇ,

ਏਥੋਂ ਪਤਾ ਲੱਗਦਾ ਬੁਢਾਪਾ ਕੀਹਨੂੰ ਕਹਿੰਦੇ ਨੇ।

ਦਵਾਈ ਲੈਣ ਗਿਆ ਕੱਲਾ ਉਮਰ ਵਡੇਰੀ ਐ,

ਚੁੱਕਦਾ ਕਦਮ ਆਉਂਦੀ ਅੱਖਾਂ ਮੂਹਰੇ ਨ੍ਹੇਰੀ ਐ,

ਆਖ਼ਰੀ ਪੜਾਅ ’ਤੇ ਦੁੱਖ ਨਿੱਤ ਨਵਾਂ ਸਹਿੰਦੇ ਨੇ,

ਏਥੋਂ ਪਤਾ ਲੱਗਦਾ ਬੁਢਾਪਾ ਕੀਹਨੂੰ ਕਹਿੰਦੇ ਨੇ।

ਜਿਨ੍ਹਾਂ ਲਈ ਰਿਹਾ ਬਾਪੂ ਕਰਦਾ ਕਮਾਈ ਐ,

ਭੁੱਖ ਤੇ ਗ਼ਰੀਬੀ ਨਾਲੇ ਤਨ ’ਤੇ ਹੰਢਾਈ ਐ,

ਭੁੱਲਗੇ ਫ਼ਰਜ਼ ਰੁੱਝੇ ਸ਼ੋਹਰਤਾਂ ’ਚ ਰਹਿੰਦੇ ਨੇ,

ਏਥੋਂ ਪਤਾ ਲੱਗਦਾ ਬੁਢਾਪਾ ਕੀਹਨੂੰ ਕਹਿੰਦੇ ਨੇ।

ਸਰੂਪ ਚੰਦਾ ਸਮਾਂ ਇਹ ਸਾਰਿਆਂ ’ਤੇ ਆਉਣਾ ਹੈ,

ਕਰ ਲਓ ਸੇਵਾ ਨਹੀਂ ਪੈਣਾ ਪਛਤਾਉਣਾ ਹੈ,

ਸੇਵਾ ਕਰ ਕਈ ਏਥੇ ਨੇਕੀ ਖੱਟ ਲੈਂਦੇ ਨੇ,

ਏਥੋਂ ਪਤਾ ਲੱਗਦਾ ਬੁਢਾਪਾ ਕੀਹਨੂੰ ਕਹਿੰਦੇ ਨੇ।

ਸੰਪਰਕ: 99143-85202

* * *

ਗ਼ਜ਼ਲ

ਬਲਵਿੰਦਰ ਬਾਲਮ ਗੁਰਦਾਸਪੁਰ

ਜੀ ਕਰਦਾ ਏ ਬਚਪਨ ਵਾਲੀਆਂ ਤੱਕ ਕੇ ਆਵਾਂ ਥਾਵਾਂ।

ਕਿੰਝ ਦੀਆਂ ਨੇ ਰਾਵ੍ਹਾਂ ਉੱਥੇ ਕਿੰਝ ਦੀਆਂ ਨੇ ਛਾਵਾਂ।

ਬੇਸ਼ੱਕ ਮੇਰੇ ਪਿੰਡ ਦੇ ਅੰਦਰ ਸਭ ਕੁਝ ਬਦਲ ਗਿਆ ਏ,

ਐਪਰ ਉਂਜ ਹੀ ਨਜ਼ਰੀਂ ਆਵਣ ਚਲਦੀਆਂ    ਫਿਰਦੀਆਂ ਮਾਵਾਂ।

ਸਭ ਕੁਝ ਬੰਦੇ ਨੂੰ ਭੁੱਲ ਜਾਂਦਾ ਵਿੱਚ ਵਡੇਰੀ ਉਮਰੇ,

ਮਗਰ ਜਵਾਨੀ ਦੇ ਵਿੱਚ ਹੋਈਆਂ ਭੁੱਲਣ ਨਾ ਘਟਨਾਵਾਂ।

ਲੱਖਾਂ ਸ਼ੁਹਰਤ ਵਾਲੇ ਬੰਦੇ ਵਿੱਚ ਜਨਾਜ਼ੇ ਹੋਵਣ,

ਪਰ ਅਰਥੀ ਬੇਅਰਥੀ ਲੱਗਦੀ ਯਾਰੋ ਬਾਝ ਭਰਾਵਾਂ।

ਉਹ ਆਨੰਦ ਸਕੂਨ ਨਹੀਂ ਮੋਬਾਈਲ ਤਰੰਗਾਂ ਅੰਦਰ,

ਇੱਕ ਵੱਖਰਾ ਸੰਦੇਸ਼ਾ ਹੁੰਦਾ ਕਾਂ ਕਾਂ ਦੇ ਵਿੱਚ ਕਾਂਵਾਂ।

ਕਲ਼ਮ ਲਗਾਵਣ ਦੇ ਆਲਿੰਗਨ ਨਸਲ ਪਰਿਵਰਤਨ ਕੀਤਾ,

ਰੰਗ ਬਰੰਗੇ ਰੰਗਾਂ ਦੇ ਵਿੱਚ ਅੱਜਕੱਲ੍ਹ ਦਿਸਣ ਖ਼ਿਜ਼ਾਵਾਂ।

ਗ਼ਜ਼ਲ ਵਿਚਾਰਨ ਲੱਗਿਆਂ ਮੈਥੋਂ ਐਸਾ ਬਿੰਬ ਗਵਾਚਾ,

ਨਾ ਕੋਈ ਥਹੁ ਟਿਕਾਣਾ ਉਸ ਦਾ ਨਾ ਕੋਈ ਸਿਰਨਾਵਾਂ।

ਬੁਸਕ ਬੁਸਕ ਕੇ ਉੱਚੀ ਉੱਚੀ ਬਾਲਮ, ਬਾਲਮ, ਕਹਿ ਕੇ,

ਸ਼ਾਮ ਢਲੇ ਨੂੰ ਵਾਜ਼ਾਂ ਮਾਰੇ ਢਲਦਾ ਇੱਕ ਪਰਛਾਵਾਂ।

ਸੰਪਰਕ: 98156-25409

* * *

ਜਗਮਗਾਇਆ ਕਰ

ਬਲਬੀਰ ਕੌਰ ਬੱਬੂ ਸੈਣੀ

ਸਦਾ ਹੀ ਮੁਸਕੁਰਾ ਕੇ ਜ਼ਿੰਦਗੀ ਦੇ ਗ਼ਮ ਭੁਲਾਇਆ ਕਰ।

ਇਹ ਜੀਵਨ ਚਾਰ ਦਿਨ ਦਾ ਹੈ ਜ਼ਰਾ ਖ਼ੁਸ਼ ਹੋ ਬਿਤਾਇਆ ਕਰ। 

ਕੋਈ ਦਰ ਆਣ ਖੜ੍ਹ ਜਾਵੇ ਖ਼ੁਸ਼ੀ ਦੀ ਖ਼ੈਰ ਜੋ ਮੰਗੇ, 

ਨਾ ਖਾਲੀ ਤੂੰ ਦਰੋਂ ਮੋੜੀਂ ਕਿ ਝੋਲੀ ਖ਼ੈਰ ਪਾਇਆ ਕਰ।

ਅਗਰ ਮੁਮਕਿਨ ਨਹੀਂ ਹੈ ਵਾਂਙ ਸੂਰਜ ਰੌਸ਼ਨੀ ਦੇਣਾ,

ਸਿਤਾਰਾ ਬਣ ਹਨੇਰੀ ਰਾਤ ਅੰਦਰ ਟਿਮਟਿਮਾਇਆ ਕਰ।

ਇਹ ਦੌਲਤ ਵੀ ਨਹੀਂ ਰਹਿਣੀ, ਕਾਇਆ ਵੀ ਨਹੀਂ ਰਹਿਣੀ 

ਰਹੇਗਾ ਨਾਮ ਦੁਨੀਆਂ ’ਤੇ ਕਰਮ ਚੰਗੇ ਕਮਾਇਆ ਕਰ

ਹਵਾਵਾਂ ਨਾਲ ਪਾ ਯਾਰੀ ਰਵਾਨੀ ਤੋਰ ਵਿੱਚ ਰੱਖੀਂ, 

ਸਦਾ ਮਹਿਕੀਂ ਗੁਲਾਂ ਵਾਂਗੂ ਤੇ ਕੋਇਲ ਵਾਂਙ ਗਾਇਆ ਕਰ। 

ਮਿਟਾ ਕੇ ਤੂੰ ਖ਼ੁਦੀ ਅਪਣੀ ਭਰੋਸਾ ਕਰ ਖ਼ੁਦਾ ਉੱਤੇ,

ਉਹਦਾ ਹਰ ਫ਼ੈਸਲਾ ਬੰਦੇ ਸਿਰ ਮੱਥੇ ਸਲਾਹਿਆ ਕਰ।

ਦਿਲਾਂ ਦੇ ਜੋੜ ਲੈ ਰਿਸ਼ਤੇ, ਘਟਾਵੀਂ ਤੂੰ ਸਦਾ ਰੋਸੇ,

ਮੁਹੱਬਤ ਭਰ ਮਨਾਂ ਅੰਦਰ ਗਿਲੇ ਸ਼ਿਕਵੇ ਮਿਟਾਇਆ ਕਰ। 

ਲਿਆ ਕੇ ਚੰਨ ਅਰਸ਼ਾਂ ਤੋਂ ਕਿਸੇ ਤੋਹਫ਼ਾ ਨਹੀਂ ਦੇਣਾ, 

ਹਸੀਂ ਮੁਖੜੇ ਦੀ ਰੰਗਤ ਨਾਲ ਬੱਬੂ ਜਗਮਗਾਇਆ ਕਰ।

ਸੰਪਰਕ: 84372-11036

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਸ਼ਹਿਰ

View All