DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਧਰਤੀ ਬਨਾਮ ਪਲਾਸਟਿਕ

ਧਰਤੀ ਨੂੰ ਮਾਂ ਦਾ ਰੁਤਬਾ ਹਾਸਿਲ ਹੈ। ਇਹ ਇੱਕਲੌਤਾ ਅਜਿਹਾ ਗ੍ਰਹਿ ਹੈ ਜਿਸ ਉੱਤੇ ਜੀਵਨ ਹੈ। ਜੀਵ ਜੰਤੂ ਘੁੱਗੀਂ ਵੱਸਦੇ ਹਨ। ਇਨ੍ਹਾਂ ਦੀ ਸੁਰੱਖਿਆ ਖ਼ਾਤਰ ਕੁਦਰਤ ਨੇ ਧਰਤੀ ਦੁਆਲੇ, ਗੈਸਾਂ ਦਾ ਇਕ ਵੱਡਾ ਚੰਦੋਆ ਤਾਣ ਦਿੱਤਾ ਹੈ। ਜ਼ਿੰਦਗੀ ਨੂੰ ਵਿਗਸਣ...

  • fb
  • twitter
  • whatsapp
  • whatsapp
Advertisement

ਧਰਤੀ ਨੂੰ ਮਾਂ ਦਾ ਰੁਤਬਾ ਹਾਸਿਲ ਹੈ। ਇਹ ਇੱਕਲੌਤਾ ਅਜਿਹਾ ਗ੍ਰਹਿ ਹੈ ਜਿਸ ਉੱਤੇ ਜੀਵਨ ਹੈ। ਜੀਵ ਜੰਤੂ ਘੁੱਗੀਂ ਵੱਸਦੇ ਹਨ। ਇਨ੍ਹਾਂ ਦੀ ਸੁਰੱਖਿਆ ਖ਼ਾਤਰ ਕੁਦਰਤ ਨੇ ਧਰਤੀ ਦੁਆਲੇ, ਗੈਸਾਂ ਦਾ ਇਕ ਵੱਡਾ ਚੰਦੋਆ ਤਾਣ ਦਿੱਤਾ ਹੈ। ਜ਼ਿੰਦਗੀ ਨੂੰ ਵਿਗਸਣ ਮੌਲਣ ਲਈ ਕੁਦਰਤ ਨੇ ਆਕਸੀਜਨ, ਕਾਰਬਨ ਡਾਇਆਕਸਾਈਡ, ਊਰਜਾ ਅਤੇ ਪਾਣੀ ਦੇ ਭੰਡਾਰੇ ਭਰ ਦਿੱਤੇ ਹਨ। ਸਭ ਤੋਂ ਵੱਧ ਅਕਲ ਵਾਲਾ ਜੀਵ ‘ਮਨੁੱਖ’ ਵੀ ਇਸੇ ਧਰਤੀ ’ਤੇ ਰਹਿੰਦਾ ਹੈ। ਰੋਜ਼ ਪੜ੍ਹੀਦਾ-ਸੁਣੀਂਦਾ ਹੈ ਕਿ ਮਨੁੱਖ ਕੁਦਰਤ ਦੀਆਂ ਨਿਆਮਤਾਂ ਨੂੰ ਮੁਫ਼ਤ ਵਿੱਚ ਮਿਲੀਆਂ ਸਮਝ ਕੇ ਦੋਹੀਂ ਹੱਥੀਂ ਲੁੱਟ ਰਿਹਾ ਹੈ ਤੇ ਰੱਜ ਕੇ ਇਨ੍ਹਾਂ ਨੂੰ ਪਲੀਤ ਕਰ ਰਿਹਾ ਹੈ। ਪ੍ਰਕਿਰਤੀ ਨੇ ਨਾਰਾਜ਼ਗੀ ਦਿਖਾਈ ਤਾਂ ਅਲਾਮਤਾਂ ਸਿਰ ਚੁੱਕਣ ਲੱਗੀਆਂ। ਮਨੁੱਖ ਜਾਤੀ ਦੇ ਇੱਕ ਹਿੱਸੇ ਨੂੰ ਧਰਤੀ ਦੇ ਮਹੱਤਵ ਅਤੇ ਇਸ ਦੇ ਅਨਮੋਲ ਖਜ਼ਾਨਿਆਂ ਦੀ ਸਮਝ ਪਈ ਅਤੇ ਉਹ ਪ੍ਰਕਿਰਤਕ ਸੋਮਿਆਂ ਨੂੰ ਸੁਰਜੀਤ ਕਰਨ ਬਾਰੇ ਸੋਚਣ ਲੱਗਾ।

ਵਿਸ਼ਵ ਭਰ ਦੇ ਮੁਲਕਾਂ ਦੀਆਂ ਸਰਗਰਮੀਆਂ ਇਸ ਵਰ੍ਹੇ ਇੱਕੋ ਇਕ ਥੀਮ ਧਰਤੀ ਬਨਾਮ ਪਲਾਸਟਿਕ ਦੁਆਲੇ ਹੀ ਕਰਵਾਈਆਂ ਜਾਣਗੀਆਂ। ਇਸ ਵਰ੍ਹੇ ਧਰਤੀ ਦੇ ਵੱਡੇ ਹਿੱਸੇ ਨੂੰ ਪਲਾਸਟਿਕ ਤੋਂ ਮੁਕਤ ਕਰਾਉਣ ਦਾ ਸੰਕਲਪ ਲਿਆ ਗਿਆ ਹੈ। ਮਿਥਿਆ ਗਿਆ ਹੈ ਕਿ ਸੰਨ 2040 ਤੀਕ ਵੱਖ ਵੱਖ ਪ੍ਰਕਾਰ ਦੇ ਪਲਾਸਟਿਕ ਦੇ ਉਤਪਾਦਨ ਵਿੱਚ 60 ਫ਼ੀਸਦੀ ਦੀ ਕਮੀ ਲਿਆਉਣ ਲਈ ਸਾਧਨ ਜੁਟਾਏ ਜਾਣਗੇ। ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਪਲਾਸਟਿਕ ਮੁਕਤ ਭਵਿੱਖ ਸਿਰਜਣ ਦਾ ਸੁਪਨਾ ਦੇਖ ਰਹੇ ਹਾਂ। ਵਿਸ਼ਵ ਪੱਧਰ ’ਤੇ ਧਰਤ ਦਿਵਸ ਮਨਾਉਣ ਵਾਲੀ ਸੰਸਥਾ ਅਰਥ ਡੇਅ ਔਰਗ (Earth Day.Org) ਦੇਸ਼ ਭਰ ਤੋਂ ਸਰਗਰਮ ਲੋਕਾਂ, ਉਦਯੋਗਪਤੀਆਂ ਤੇ ਵਪਾਰੀਆਂ, ਧਾਰਮਿਕ ਆਗੂਆਂ ਅਤੇ ਸਰਕਾਰਾਂ ਨੂੰ ਆਪਣੇ ਪ੍ਰੋਗਰਾਮਾਂ ਵਿੱਚ ਸ਼ਾਮਲ ਕਰੇਗੀ ਅਤੇ ਉਨ੍ਹਾਂ ਤੋਂ ਬਣਦਾ ਸਹਿਯੋਗ ਲਵੇਗੀ।

Advertisement

ਅਸੀਂ ਹਰ ਸਾਲ ਕਿੰਨੇ ਹੀ ਬਿਲੀਅਨ ਪਲਾਸਟਿਕ ਦਾ ਕੂੜਾ ਪੈਦਾ ਕਰ ਰਹੇ ਹਾਂ। ਪਲਾਸਟਿਕ ਦੀ ਵੱਡੀ ਦਿੱਕਤ ਇਹ ਹੈ ਕਿ ਇਕ ਵਾਰ ਇਹ ਕੂੜਾ ਬਣ ਕੇ ਵਾਤਾਵਰਨ ਵਿੱਚ ਪਹੁੰਚ ਗਿਆ ਤਾਂ ਇਹ ਜੈਵਿਕ ਤਰੀਕੇ ਨਾਲ ਸੁਖਾਲੇ ਰੂਪ ਵਿੱਚ ਗਲ਼ਦਾ ਨਹੀਂ। ਵਾਤਾਵਰਨ ਵਿੱਚ ਹੀ ਆਪਣਾ ਠਿਕਾਣਾ ਬਣਾ ਲੈਂਦਾ ਹੈ। ਖੋਜੀ ਤਾਂ ਇਹ ਵੀ ਕਹਿੰਦੇ ਨੇ ਕਿ ਕਈ ਢੀਠ ਸੁਭਾਅ ਦੇ ਪਲਾਸਟਿਕ ਹਜ਼ਾਰ ਸਾਲਾਂ ਤੱਕ ਵੀ ਨਹੀਂ ਗਲਦੇ ਤੇ ਜਦੋਂ ਇਹ ਖੁਰ ਕੇ ਮਿੱਟੀ ਵਿੱਚ ਰਲਦੇ ਹਨ ਤਾਂ ਉਸ ਨੂੰ ਜ਼ਹਿਰੀਲੀ ਕਰ ਦਿੰਦੇ ਹਨ। ਇਹ ਜ਼ਹਿਰਾਂ ਸਾਡੀ ਭੋਜਨ ਲੜੀ ਤੱਕ ਪੁੱਜ ਰਹੀਆਂ ਹਨ। ਵੱਡੀ ਗਿਣਤੀ ਵਿੱਚ ਇੱਧਰ-ਉਧਰ ਖਿੱਲਰੇ ਪਏ ਪਲਾਸਟਿਕ ਦੇ ਲਿਫਾਫੇ ਪਸ਼ੂਆਂ ਤੇ ਪੰਛੀਆਂ ਲਈ ਵੀ ਜਾਨਲੇਵਾ ਸਾਬਤ ਹੋ ਰਹੇ ਹਨ। ਪਲਾਸਟਿਕ ਦੇ ਲਿਫਾਫੇ ਨਿਗਲਣ ਕਾਰਨ ਵੱਡੀ ਗਿਣਤੀ ਪਸ਼ੂ, ਪੰਛੀ ਤੇ ਸਮੁੰਦਰੀ ਜੀਵ ਜਾਨਾਂ ਗੁਆ ਰਹੇ ਹਨ। ਸਮੁੰਦਰੀ ਜੀਵਾਂ ਦੇ ਢਿੱਡਾਂ ਵਿੱਚੋਂ ਕਈ ਕਿੱਲੋ ਪਲਾਸਟਿਕ ਦਾ ਕੂੜਾ ਨਿਕਲਦਾ ਹੈ। ਇੱਕ ਵਾਰ ਵਰਤੋਂ ਵਿੱਚ ਲਿਆਉਣ ਵਾਲਾ ਪਲਾਸਟਿਕ, ਜਿਵੇਂ ਪਾਣੀ ਦੀਆਂ ਬੋਤਲਾਂ, ਡਿਸਪੋਜੇਬਲ ਸਰਿੰਜਾਂ, ਸ਼ੀਸ਼ੀਆਂ, ਭਾਂਡੇ, ਇਸ਼ਤਿਹਾਰ, ਟੇਪਾਂ, ਖਿਡੌਣੇ, ਪੈਕਿੰਗ ਦੇ ਡੱਬੇ ਅਤੇ ਹੋਰ ਕੂੜਾ ਕਈ ਕਈ ਦਹਾਕਿਆਂ ਤੱਕ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦਾ ਰਹਿੰਦਾ ਹੈ।

Advertisement

ਮਿੱਟੀ ਵਿੱਚ ਦੱਬੇ ਪਲਾਸਟਿਕ ਦੇ ਲਿਫ਼ਾਫ਼ੇ ਬੀਜਾਂ ਨੂੰ ਪੁੰਗਰਨ ਨਹੀਂ ਦਿੰਦੇ। ਬੂਟਿਆਂ ਦੀਆਂ ਜੜ੍ਹਾਂ ਤੀਕ ਸਿੰਜਾਈ ਦਾ ਪਾਣੀ ਨਹੀਂ ਪਹੁੰਚਣ ਦਿੰਦੇ। ਸੈਰ ਸਪਾਟੇ ’ਤੇ ਆਏ ਲੋਕ ਦਰਿਆਵਾਂ, ਸਮੁੰਦਰਾਂ ਦੇ ਕੰਢੇ ਪੈਕਿੰਗ, ਸਿਗਰਟਾਂ ਦੀਆਂ ਡੱਬੀਆਂ, ਖਿਡੌਣੇ, ਡਿਸਪੋਜ਼ੇਬਲ ਪਲੇਟਾਂ, ਚਮਚੇ, ਗਿਲਾਸ ਆਦਿ ਖਿਲਾਰ ਜਾਂਦੇ ਹਨ। ਮਛਿਆਰੇ ਆਪਣੇ ਜਾਲ, ਕੁੰਡੀਆਂ, ਬੱਧਰੀਆਂ ਸਮੁੰਦਰ ਵਿੱਚ ਛੱਡ ਆਉਂਦੇ ਹਨ। ਸਮੁੰਦਰ ਵਿੱਚ ਇਸ ਸਮੇਂ ਪਲਾਸਟਿਕ ਕਚਰੇ ਦੇ ਢੇਰ ਲੱਗੇ ਹੋਏ ਹਨ। ਪਲਾਸਟਿਕ ਦੇ ਬਾਰੀਕ ਕਣ ਖਾ ਕੇ ਕੱਛੂਕੁੰਮੇ ਮਰ ਰਹੇ ਹਨ। ਜਾਨਵਰਾਂ ਦੀਆਂ ਕਿੰਨੀਆਂ ਹੀ ਕਿਸਮਾਂ ਲੋਪ ਹੋ ਰਹੀਆਂ ਹਨ। ਪਾਣੀਆਂ ’ਤੇ ਤੈਰਦਾ ਪਲਾਸਟਿਕ ਜਲ ਜੀਵਾਂ ਲਈ ਮੌਤ ਦਾ ਫੰਦਾ ਬਣ ਚੁੱਕਿਆ ਹੈ। ਬਨਸਪਤੀਆਂ ਆਪਣੇ ਮੂਲ ਨਾਲੋਂ ਟੁੱਟ ਰਹੀਆਂ ਹਨ। ਮਨੁੱਖੀ ਚਮੜੀ ਵਿੱਚ ਪਲਾਸਟਿਕ ਵਿਚਲੇ ਰਸਾਇਣ ਜਜ਼ਬ ਹੋਣ ਕਰਕੇ ਕਈ ਤਰ੍ਹਾਂ ਦੇ ਰੋਗ ਪੈਦਾ ਹੋ ਰਹੇ ਹਨ।

ਕੂੜੇ ਨੂੰ ਠੱਲ੍ਹ ਕਿਵੇਂ ਪਵੇ: ਘਰ ਦੇ ਕੂੜੇ ਲਈ ਤਿੰਨ ਡੱਬੇ ਲਗਾਏ ਜਾਣ। ਪਹਿਲਾ ਆਮ ਘਰੇਲੂ ਕੂੜੇ ਲਈ ਦੂਜੇ ਡੱਬੇ ਵਿੱਚ ਪਲਾਸਟਿਕ ਕਚਰਾ ਜੋ ਰੀਸਾਈਕਲ ਹੋਣ ਵਾਲਾ ਹੋਵੇ, ਪਾਇਆ ਜਾਵੇ। ਤੀਜੇ ਡੱਬੇ ਵਿੱਚ ਉਹ ਪਲਾਸਟਿਕ ਪਾਇਆ ਜਾਵੇ ਜਿਸ ਨੂੰ ਨਾ ਰੀਸਾਈਕਲ ਕੀਤਾ ਜਾ ਸਕੇ ਤੇ ਨਾ ਹੀ ਜੈਵਿਕ ਤੌਰ ’ਤੇ ਉਹ ਗਲ਼ ਸਕਦਾ ਹੋਵੇ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਕੂੜੇ ਨੂੰ ਵੱਖਰੇ ਤੌਰ ’ਤੇ ਇਕੱਠਾ ਕਰਕੇ ਇਸ ਦਾ ਪ੍ਰਬੰਧਨ ਕਰੇ। ਵੱਧ ਤੋਂ ਵੱਧ ਰੀਸਾਈਕਲਿੰਗ ਯੂਨਿਟ ਲਗਾਏ ਜਾਣ। ਸਥਾਨਕ ਪ੍ਰਸ਼ਾਸਨ ਜਾਂ ਪੰਚਾਇਤਾਂ ਇਸ ਜ਼ਿੰਮੇਵਾਰੀ ਨੂੰ ਸੁਹਿਰਦਤਾ ਨਾਲ ਨਿਭਾਉਣ।

• ਇੱਕ ਵਾਰ ਵਰਤੋਂ ਵਿੱਚ ਲਿਆਉਣ ਵਾਲੇ ਪਲਾਸਟਿਕ ਦੀ ਵਰਤੋਂ ਸਖ਼ਤੀ ਨਾਲ ਖ਼ਤਮ ਕੀਤੀ ਜਾਵੇ।

• ਘਰਾਂ ਵਿੱਚ ਪਲਾਸਟਿਕ ਦਾ ਕੂੜਾ ਘੱਟ ਪੈਦਾ ਕੀਤਾ ਜਾਵੇ। ਵੱਧ ਤੋਂ ਵੱਧ ਪਲਾਸਟਿਕ ਕੂੜਾ ਇਕੱਠਾ ਕਰਕੇ ਰੀਸਾਈਕਲਿੰਗ ਯੂਨਿਟਾਂ ਕੋਲ ਪਹੁੰਚਾਇਆ ਜਾਵੇ।

• ਪਲਾਸਟਿਕ ਦੇ ਲਿਫ਼ਾਫ਼ਿਆਂ ਬਾਬਤ ਬਣਿਆ ਕਾਨੂੰਨ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਪਲਾਸਟਿਕ ਕੂੜੇ ਨੂੰ ਪਾਣੀਆਂ ਵਿੱਚ ਜਾਣ ਜਾਂ ਮਿੱਟੀ ਥੱਲੇ ਦੱਬੇ ਜਾਣ ਤੋਂ ਪਹਿਲਾਂ ਹੀ ਚੁਗ ਲੈਣ ਲਈ ਜ਼ਿੰਮੇਵਾਰੀਆਂ ਤੈਅ ਕੀਤੀਆਂ ਜਾਣ।

• ਰੈਲੀਆਂ, ਸੈਮੀਨਾਰਾਂ, ਭਾਸ਼ਣਾਂ, ਬਹਿਸ ਮੁਬਾਹਸੇ ਤੇ ਪ੍ਰਦਰਸ਼ਨੀਆਂ ਰਾਹੀ ਲੋਕਾਂ ਨੂੰ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਬਾਰੇ ਚੇਤੰਨ ਕੀਤਾ ਜਾਵੇ।

• ਆਪਣੇ ਆਸ-ਪਾਸ ਦੇ ਪਾਰਕਾਂ ਵਿੱਚ ਫਾਲਤੂ ਘਾਹ ਫੂਸ ਅਤੇ ਕੂੜੇ ਦੀ ਸਫ਼ਾਈ, ਪੌਦੇ ਲਗਾਉਣ ਅਤੇ ਕਿਆਰੀਆਂ ਬਣਾਉਣ ਲਈ ਮੁਹਿੰਮ ਚਲਾਈ ਜਾਵੇ।

• ਨੇੜੇ ਦੇ ਨਦੀ ਨਾਲਿਆਂ ਦੇ ਕੰਢਿਆਂ ਤੋਂ ਕੂੜਾ ਚੁੱਕਿਆ ਜਾਵੇ ਅਤੇ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਜਾਵੇ। ਧਰਤੀ ਨੂੰ ਪਲਾਸਟਿਕ ਮੁਕਤ ਕਰਨ ਲਈ ਵਾਤਾਵਰਨ ਕਰਮੀਆਂ, ਪ੍ਰਬੰਧਕਾਂ ਅਤੇ ਆਮ ਲੋਕਾਂ ਵੱਲੋਂ ਵੱਡੇ ਪੱਧਰ ’ਤੇ ਇੱਕ ਲਹਿਰ ਉਸਾਰਨ ਦੀ ਲੋੜ ਹੈ।

ਰੁੱਖਾਂ ਨਾਲ ਸ਼ਿੰਗਾਰੋ ਧਰਤੀ: ਸਾਨੂੰ ਹਰ ਦਿਨ ਧਰਤੀ ਦਾ ਉਸੇ ਤਰ੍ਹਾਂ ਸਤਿਕਾਰ ਕਰਨਾ ਚਾਹੀਦਾ ਹੈ, ਜਿਵੇਂ ਅਸੀਂ ਆਪਣੀ ਮਾਂ ਦਾ ਕਰਦੇ ਹਾਂ। ਧਰਤੀ ਮਨੁੱਖ ਦੀ ਜਾਗੀਰ ਨਹੀਂ ਹੈ। ਇਹ ਸਭਨਾਂ ਜੀਵ-ਜੰਤੂਆਂ ਦੀ ਸਾਂਝੀ ਹੈ। ਧਰਤੀ ਦਿਵਸ ਮੌਕੇ ਵੱਧ ਤੋਂ ਵੱਧ ਬੂਟੇ ਲਾ ਕੇ ਇਸ ਨੂੰ ਸ਼ਿੰਗਾਰਨ ਦੀ ਲੋੜ ਹੈ। ਕਿੰਨਾ ਚੰਗਾ ਹੋਵੇ ਜੇ ਹਰ ਦਿਨ ਧਰਤੀ ਦਿਵਸ ਹੋਵੇ ਤੇ ਅਸੀਂ ਧਰਤੀ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਹਰ ਵੇਲੇ ਯਾਦ ਰੱਖੀਏ।

ਈ-ਮੇਲ: mayer_hk\@yahoo.com

Advertisement
×