DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਈ20 ਫਿਊਲ: ਭਾਰਤ ਬਨਾਮ ਲੋਕ

ਕੀ ਦੇਸ਼ ਅਤੇ ਕੰਪਨੀਆਂ ਦਾ ਫ਼ਾਇਦਾ ਆਮ ਲੋਕਾਂ ਦੀ ਕੀਮਤ ’ਤੇ ਹੋਣਾ ਚਾਹੀਦਾ ਹੈ? ਜਦੋਂ ਸਰਕਾਰ ‘ਵਿਕਸਤ ਭਾਰਤ’ ਬਣਨ ਵੱਲ ਕਦਮ ਅੱਗੇ ਵਧਾ ਰਹੀ ਹੈ ਤਾਂ ਇਹ ਸਵਾਲ ਉੱਠਣਾ ਸੁਭਾਵਿਕ ਅਤੇ ਵਾਜਬ ਹੈ। ਅੱਜ ਭਾਰਤ ਵਿੱਚ ਈ20 (20 ਫ਼ੀਸਦੀ ਈਥਾਨੌਲ...

  • fb
  • twitter
  • whatsapp
  • whatsapp
Advertisement

ਕੀ ਦੇਸ਼ ਅਤੇ ਕੰਪਨੀਆਂ ਦਾ ਫ਼ਾਇਦਾ ਆਮ ਲੋਕਾਂ ਦੀ ਕੀਮਤ ’ਤੇ ਹੋਣਾ ਚਾਹੀਦਾ ਹੈ? ਜਦੋਂ ਸਰਕਾਰ ‘ਵਿਕਸਤ ਭਾਰਤ’ ਬਣਨ ਵੱਲ ਕਦਮ ਅੱਗੇ ਵਧਾ ਰਹੀ ਹੈ ਤਾਂ ਇਹ ਸਵਾਲ ਉੱਠਣਾ ਸੁਭਾਵਿਕ ਅਤੇ ਵਾਜਬ ਹੈ। ਅੱਜ ਭਾਰਤ ਵਿੱਚ ਈ20 (20 ਫ਼ੀਸਦੀ ਈਥਾਨੌਲ ਅਤੇ 80 ਫ਼ੀਸਦੀ ਪੈਟਰੋਲ) ਨੂੰ ਲੈ ਕੇ ਵੱਡੀ ਬਹਿਸ ਛਿੜੀ ਹੋਈ ਹੈ। ਲੋਕਾਂ ਦੀ ਆਮ ਧਾਰਨਾ ਹੈ ਕਿ ਈ20 ਨਾਲ ਕਾਰਾਂ ਅਤੇ ਮੋਟਰਸਾਈਕਲਾਂ ਦੇ ਇੰਜਣ ਨੁਕਸਾਨੇ ਜਾ ਰਹੇ ਹਨ, ਮਾਈਲੇਜ ਘੱਟ ਰਹੀ ਹੈ ਅਤੇ ਉਨ੍ਹਾਂ ਨੂੰ ਖ਼ਾਲਸ ਪੈਟਰੋਲ ਦੀ ਥਾਂ ਮਿਲਾਵਟੀ ਫਿਊਲ ਦਿੱਤਾ ਜਾ ਰਿਹਾ ਹੈ। ਹਾਲਾਂਕਿ, ਕੇਂਦਰ ਸਰਕਾਰ ਮੁਤਾਬਿਕ ਇਹ ਦਾਅਵੇ ਅਧੂਰੀ ਜਾਣਕਾਰੀ ’ਤੇ ਆਧਾਰਿਤ ਹਨ। ਸਰਕਾਰ ਈ20 ਨੂੰ ਦੇਸ਼ ਦੀ ਊਰਜਾ ਸੁਰੱਖਿਆ, ਕਿਸਾਨਾਂ ਦੀ ਆਮਦਨ ਅਤੇ ਵਿਦੇਸ਼ੀ ਮੁਦਰਾ ਦੀ ਬੱਚਤ ਲਈ ਇੱਕ ਅਹਿਮ ਪੇਸ਼ਕਦਮੀ ਦੱਸ ਰਹੀ ਹੈ।

ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸੁਰੇਸ਼ ਗੋਪੀ ਨੇ ਮੌਨਸੂਨ ਇਜਲਾਸ ਦੌਰਾਨ ਰਾਜ ਸਭਾ ਵਿੱਚ ਦੱਸਿਆ ਕਿ ਸਰਕਾਰ ਨੇ ਮੁਲਕ ਵਿੱਚ ਈ20 ਫਿਊਲ ਮੁਹੱਈਆ ਕਰਾਉਣ ਦਾ ਟੀਚਾ ਨਿਰਧਾਰਤ ਸਮੇਂ ਤੋਂ ਪੰਜ ਸਾਲ ਪਹਿਲਾਂ ਹੀ ਹਾਸਲ ਕਰ ਲਿਆ ਹੈ। ਇਸ ਨਾਲ 1.97 ਲੱਖ ਕਰੋੜ ਰੁਪਏ ਤੋਂ ਵੱਧ ਦੀ ਵਿਦੇਸ਼ੀ ਮੁਦਰਾ ਦੀ ਬੱਚਤ ਹੋਈ ਹੈ। ਕੇਂਦਰੀ ਰਾਜ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ 20 ਫ਼ੀਸਦੀ ਤੋਂ ਵੱਧ ਈਥਾਨੌਲ ਮਿਸ਼ਰਨ ਵਾਲਾ ਤੇਲ ਲਿਆਉਣ ਦੀ ਫਿਲਹਾਲ ਕੋਈ ਯੋਜਨਾ ਨਹੀਂ ਹੈ। ਭਵਿੱਖ ਵਿੱਚ ਈਥਾਨੌਲ ਬਲੈਂਡਿੰਗ ਵਧਾਉਣ ਦਾ ਫ਼ੈਸਲਾ ਵਿਗਿਆਨਕ ਅਤੇ ਤਕਨੀਕੀ ਅਧਿਐਨਾਂ ਦੇ ਨਾਲ-ਨਾਲ ਵਾਹਨ ਨਿਰਮਾਤਾਵਾਂ, ਤੇਲ ਕੰਪਨੀਆਂ ਅਤੇ ਖੋਜ ਸੰਸਥਾਵਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਹੀ ਲਿਆ ਜਾਵੇਗਾ। ਪਰ ਈ20 ਫਿਊਲ ਬਾਜ਼ਾਰ ਵਿੱਚ ਉਤਾਰਨ ਤੋਂ ਪਹਿਲਾਂ ਕੀਤੀ ਗਈ ਟੈਸਟਿੰਗ ਅਤੇ ਇਸ ਦੇ ਨਤੀਜਿਆਂ ਦੀਆਂ ਰਿਪੋਰਟਾਂ ਸਬੰਧੀ ਅਜੇ ਵੀ ਕਈ ਸਵਾਲ ਬਾਕੀ ਹਨ, ਜਿਨ੍ਹਾਂ ਦੇ ਜਵਾਬ ਨਹੀਂ ਮਿਲੇ ਹਨ।

Advertisement

ਸਰਕਾਰੀ ਅੰਕੜਿਆਂ ਅਨੁਸਾਰ 2014 ਵਿੱਚ ਪੈਟਰੋਲ ਵਿੱਚ ਈਥਾਨੌਲ ਦਾ ਮਿਸ਼ਰਣ ਮਹਿਜ਼ 1.5 ਫ਼ੀਸਦੀ ਸੀ, ਜੋ 2025-26 ਵਿੱਚ ਵਧ ਕੇ 20 ਫ਼ੀਸਦੀ ਤੱਕ ਪਹੁੰਚ ਗਿਆ ਹੈ। ਇਸ ਸਬੰਧੀ ਫ਼ੈਸਲਾ ਬਿਨਾਂ ਕਿਸੇ ਵਿਆਪਕ ਵਿਚਾਰ-ਵਟਾਂਦਰੇ ਅਤੇ ਕਾਹਲੀ ਨਾਲ ਲਿਆ ਗਿਆ ਜਾਪਦਾ ਹੈ। ਸਰਕਾਰ ਦਾ ਤਰਕ ਹੈ ਕਿ ਇਸ ਨਾਲ ਕੱਚੇ ਤੇਲ ਦੀ ਦਰਾਮਦ ਘਟੀ ਹੈ, ਵਿਦੇਸ਼ੀ ਮੁਦਰਾ ਦੀ ਬੱਚਤ ਹੋਈ ਹੈ ਅਤੇ ਈਥਾਨੌਲ ਦੀ ਸਪਲਾਈ ਰਾਹੀਂ ਕਿਸਾਨਾਂ ਦੀ ਝੋਲੀ ਵਿੱਚ 1.43 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਪਈ ਹੈ। ਇਸ ਤੋਂ ਇਲਾਵਾ ਕਰੀਬ 1.63 ਲੱਖ ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਦੀ ਬੱਚਤ ਹੋਈ ਹੈ ਅਤੇ 277 ਲੱਖ ਮੀਟਰਿਕ ਟਨ ਤੋਂ ਵੱਧ ਕੱਚੇ ਤੇਲ ਦੀ ਥਾਂ ਦੇਸੀ ਈਥਾਨੌਲ ਦੀ ਵਰਤੋਂ ਕੀਤੀ ਗਈ ਹੈ।

Advertisement

ਭਾਰਤ ਕਿੰਨਾ ਤੇਲ ਖਰੀਦਦਾ ਹੈ?

ਭਾਰਤ ਆਪਣੀ ਲੋੜ ਦਾ ਲਗਪਗ 85 ਫ਼ੀਸਦੀ ਕੱਚਾ ਤੇਲ ਵਿਦੇਸ਼ਾਂ ਤੋਂ ਦਰਾਮਦ ਕਰਦਾ ਹੈ। ਇਸ ਦਾ ਵੱਡਾ ਹਿੱਸਾ ਰੂਸ, ਇਰਾਕ, ਸਾਊਦੀ ਅਰਬ, ਯੂਏਈ ਅਤੇ ਅਮਰੀਕਾ ਵਰਗੇ ਦੇਸ਼ਾਂ ਤੋਂ ਆਉਂਦਾ ਹੈ। ਭਾਰਤ ਇਹ ਕੱਚਾ ਤੇਲ ਰਿਫਾਈਨਰੀਆਂ ਵਿੱਚ ਸੋਧ ਕੇ ਪੈਟਰੋਲ, ਡੀਜ਼ਲ, ਹਵਾਬਾਜ਼ੀ ਬਾਲਣ (ਏਵੀਏਸ਼ਨ ਫਿਊਲ) ਅਤੇ ਹੋਰ ਉਤਪਾਦ ਤਿਆਰ ਕਰਦਾ ਹੈ। ਇਨ੍ਹਾਂ ਵਿੱਚੋਂ ਵੱਡੀ ਮਿਕਦਾਰ ਭਾਰਤ ਵਿੱਚ ਹੀ ਵਰਤੀ ਜਾਂਦੀ ਹੈ, ਜਦਕਿ ਇੱਕ ਹਿੱਸਾ ਯੂਰਪ, ਅਫ਼ਰੀਕਾ ਅਤੇ ਏਸ਼ੀਆ ਦੇ ਕਈ ਦੇਸ਼ਾਂ ਨੂੰ ਵੀ ਬਰਾਮਦ ਕੀਤਾ ਜਾਂਦਾ ਹੈ। ਸਾਲ 2024-25 ਵਿੱਚ ਭਾਰਤ ਦੇ ਰਿਫਾਈਂਡ ਪੈਟਰੋਲੀਅਮ ਉਤਪਾਦਾਂ ਦੀ ਬਰਾਮਦ ਲਗਪਗ 44.4 ਅਰਬ ਅਮਰੀਕੀ ਡਾਲਰ ਸੀ।

ਦੁਨੀਆ ਵਿੱਚ ਈ20 ਦਾ ਮਾਡਲ

ਭਾਰਤ ਪਹਿਲਾ ਦੇਸ਼ ਨਹੀਂ ਹੈ ਜਿਸ ਨੇ ਈ20 ਅਪਣਾਇਆ ਹੋਵੇ। ਬ੍ਰਾਜ਼ੀਲ ਵਿੱਚ ਈ27 ਆਮ ਹੈ ਅਤੇ ਬਹੁਤੇ ਵਾਹਨ ‘ਫਲੈਕਸ-ਫਿਊਲ’ ਹਨ, ਜੋ ਈ27 ਤੋਂ ਲੈ ਕੇ ਲਗਪਗ ਸ਼ੁੱਧ ਈਥਾਨੌਲ ਉੱਤੇ ਚੱਲ ਸਕਦੇ ਹਨ। ਅਮਰੀਕਾ ਵਿੱਚ ਆਮ ਪੈਟਰੋਲ ਈ10 ਹੈ, ਪਰ ਈ15 ਅਤੇ ਈ85 ਵੀ ਉਪਲਬਧ ਹਨ। ਈ85 ਸਿਰਫ਼ ਫਲੈਕਸ ਫਿਊਲ ਵਾਲੇ ਵਾਹਨਾਂ ਲਈ ਹੀ ਹੈ। ਥਾਈਲੈਂਡ ਵਿੱਚ ਈ20 ਅਤੇ ਈ85 ਦੋਵੇਂ ਉਪਲੱਬਧ ਹਨ ਪਰ ਉੱਥੇ ਖਪਤਕਾਰਾਂ ਨੂੰ ਆਪਣੀ ਪਸੰਦ ਦਾ ਫਿਊਲ ਚੁਣਨ ਦਾ ਪੂਰਾ ਹੱਕ ਦਿੱਤਾ ਜਾਂਦਾ ਹੈ। ਇਨ੍ਹਾਂ ਦੇਸ਼ਾਂ ਵਿੱਚ ਸਰਕਾਰਾਂ ਨੇ ਸਿਰਫ਼ ਫਿਊਲ ਹੀ ਨਹੀਂ ਬਦਲਿਆ ਸਗੋਂ ਵਾਹਨਾਂ ਨੂੰ ਵੀ ਉਸੇ ਅਨੁਸਾਰ ਤਿਆਰ ਕੀਤਾ, ਪੰਪਾਂ ਉੱਤੇ ਸਪੱਸ਼ਟ ਲੇਬਲਿੰਗ ਕੀਤੀ ਅਤੇ ਲੋਕਾਂ ਨੂੰ ਬਦਲਵੇਂ ਵਿਕਲਪ ਦਿੱਤੇ।

ਕੀ ਹਰ ਵਾਹਨ ਲਈ ਈ20 ਸੁਰੱਖਿਅਤ ਹੈ?

ਨਵੇਂ ਵਾਹਨ ਈ20 ਨੂੰ ਮੁੱਖ ਰੱਖ ਕੇ ਹੀ ਡਿਜ਼ਾਈਨ ਕੀਤੇ ਗਏ ਹਨ, ਪਰ ਪੁਰਾਣੇ ਵਾਹਨਾਂ ਵਿੱਚ ਕੁਝ ਨਿਰਮਾਤਾਵਾਂ ਨੇ ਚੌਕਸੀ ਵਰਤਣ ਦੀ ਸਲਾਹ ਦਿੱਤੀ ਹੈ। ਸਰਕਾਰ ਦੇ ਆਪਣੇ ਦਸਤਾਵੇਜ਼ ਵੀ ਇਹ ਮੰਨਦੇ ਹਨ ਕਿ ਈ10 ਲਈ ਬਣੇ ਕੁਝ ਚਾਰ-ਪਹੀਆ ਵਾਹਨਾਂ ਵਿੱਚ ਈ20 ਵਰਤਣ ਨਾਲ ਮਾਈਲੇਜ ਥੋੜ੍ਹੀ ਘੱਟ ਸਕਦੀ ਹੈ। ਇਸ ਲਈ ਹਰ ਵਾਹਨ ਨੂੰ ਇੱਕੋ ਜਿਹਾ ਮੰਨਣਾ ਠੀਕ ਨਹੀਂ ਹੈ।

ਸਰਕਾਰ ਵੱਲੋਂ ਈ20 ਫਿਊਲ ਲਾਗੂ ਕਰਨ ਲਈ ਕੀਤੇ ਗਏ ਦਾਅਵੇ:

* ਕੱਚੇ ਤੇਲ ਦੀ ਦਰਾਮਦ ਘਟੇਗੀ।

* ਵਿਦੇਸ਼ੀ ਮੁਦਰਾ ਦੀ ਬੱਚਤ ਹੋਵੇਗੀ।

* ਗੰਨਾ ਅਤੇ ਮੱਕੀ ਉਗਾਉਣ ਵਾਲੇ ਕਿਸਾਨਾਂ ਨੂੰ ਨਵਾਂ ਬਾਜ਼ਾਰ ਮਿਲੇਗਾ।

* ਕਾਰਬਨ ਦਾ ਨਿਕਾਸ ਘਟੇਗਾ।

* ਦੇਸ਼ ਦੀ ਊਰਜਾ ਸੁਰੱਖਿਆ ਮਜ਼ਬੂਤ ਹੋਵੇਗੀ।

ਪਰ ਆਮ ਲੋਕਾਂ ਦੇ ਨਜ਼ਰੀਏ ਤੋਂ ਕੁਝ ਸਵਾਲ ਅਜੇ ਵੀ ਜਵਾਬ ਮੰਗਦੇ ਹਨ:

* ਜੇ ਈ20 ਨਾਲ ਦਰਾਮਦ ਘਟਦੀ ਹੈ ਤਾਂ ਪੈਟਰੋਲ ਦੇ ਭਾਅ ਵਿੱਚ ਆਮ ਲੋਕਾਂ ਨੂੰ ਕਿੰਨੀ ਰਾਹਤ ਮਿਲੇਗੀ?

* ਜੇ ਵਾਹਨਾਂ ਦੀ ਮਾਈਲੇਜ ਘਟਦੀ ਹੈ ਤਾਂ ਇਸ ਦਾ ਆਰਥਿਕ ਬੋਝ ਆਖ਼ਰ ਕੌਣ ਝੱਲੇਗਾ?

* ਪੁਰਾਣੇ ਵਾਹਨਾਂ ਲਈ ਵੱਖਰਾ ਈ10 ਜਾਂ ਸ਼ੁੱਧ ਪੈਟਰੋਲ ਕਿਉਂ ਨਹੀਂ ਉਪਲੱਬਧ ਕਰਵਾਇਆ ਜਾ ਰਿਹਾ?

* ਕੀ ਹਰ ਪੰਪ ’ਤੇ ਈਥਾਨੌਲ ਦੀ ਸਹੀ ਮਾਤਰਾ ਸਪੱਸ਼ਟ ਤੌਰ ’ਤੇ ਦਰਸਾਈ ਜਾ ਰਹੀ ਹੈ?

* ਸਭ ਤੋਂ ਅਹਿਮ ਸਵਾਲ ਇਹ ਹੈ ਕਿ ਕੀ ਮੁਲਕ ਸਿਰਫ਼ ਸਰਕਾਰ ਨਾਲ ਹੀ ਚੱਲਦਾ ਹੈ?

ਭਾਰਤ ਦੇ ਸੰਵਿਧਾਨ ਵਿੱਚ ਸਪੱਸ਼ਟ ਹੈ ਕਿ ਜਮਹੂਰੀਅਤ ਵਿੱਚ ਸਰਕਾਰ ਲੋਕਾਂ ਵੱਲੋਂ ਹੀ ਚੁਣੀ ਜਾਂਦੀ ਹੈ। ਭਾਰਤੀ ਲੋਕਤੰਤਰ ਦੀ ਨੀਂਹ ਲੋਕਾਂ ਲਈ, ਲੋਕਾਂ ਵੱਲੋਂ ਅਤੇ ਲੋਕਾਂ ਦੀ ਭਲਾਈ ਦੀ ਭਾਵਨਾ ਉੱਤੇ ਆਧਾਰਿਤ ਹੈ। ਇਸ ਲਈ ਦੇਸ਼ ਸਿਰਫ਼ ਸਰਕਾਰ ਨਹੀਂ ਸਗੋਂ 140 ਕਰੋੜ ਤੋਂ ਵੱਧ ਨਾਗਰਿਕਾਂ ਦੀ ਸਾਂਝੀ ਇਕਾਈ ਹੈ। ਸਰਕਾਰ ਅਜਿਹੀਆਂ ਨੀਤੀਆਂ ਬਣਾਉਂਦੀ ਹੈ ਜਿਨ੍ਹਾਂ ਦਾ ਮੁੱਖ ਮਕਸਦ ਲੋਕਾਂ ਦੀ ਭਲਾਈ ਹੋਣਾ ਚਾਹੀਦਾ ਹੈ। ਜੇ ਕੋਈ ਨੀਤੀ ਦੇਸ਼ ਦੇ ਅਰਥਚਾਰੇ ਨੂੰ ਮਜ਼ਬੂਤ ਕਰਦੀ ਹੈ ਤਾਂ ਉਸ ਦਾ ਲਾਭ ਆਮ ਨਾਗਰਿਕ ਨੂੰ ਵੀ ਸਪੱਸ਼ਟ ਤੌਰ ’ਤੇ ਦਿਸਣਾ ਚਾਹੀਦਾ ਹੈ। ਜੇ ਭਾਰਤ ਨੇ ਈ20 ਨੀਤੀ ਨੂੰ ਸਫ਼ਲ ਬਣਾਉਣਾ ਹੈ ਤਾਂ ਸਾਨੂੰ ਬ੍ਰਾਜ਼ੀਲ ਅਤੇ ਅਮਰੀਕਾ ਵਰਗੇ ਦੇਸ਼ਾਂ ਤੋਂ ਸਿੱਖਣਾ ਹੋਵੇਗਾ। ਉਨ੍ਹਾਂ ਤੋਂ ਫਲੈਕਸ-ਫਿਊਲ ਵਾਹਨਾਂ ਨੂੰ ਉਤਸ਼ਾਹਿਤ ਕਰਨ, ਪੁਰਾਣੇ ਵਾਹਨਾਂ ਲਈ ਬਦਲਵੇਂ ਵਿਕਲਪ ਦੇਣ, ਪੰਪਾਂ ਉੱਤੇ ਸਪੱਸ਼ਟ ਲੇਬਲਿੰਗ ਕਰਨ, ਪਾਰਦਰਸ਼ਤਾ ਰੱਖਣ ਅਤੇ ਖਪਤਕਾਰਾਂ ਨੂੰ ਆਪਣੀ ਪਸੰਦ ਦਾ ਫਿਊਲ ਚੁਣਨ ਦਾ ਹੱਕ ਦੇਣ ਜਿਹੇ ਸਬਕ ਲੈਣੇ ਪੈਣਗੇ।

ਜੇਕਰ ਸਰਕਾਰ ਵਿਦੇਸ਼ੀ ਮੁਦਰਾ ਦੀ ਬੱਚਤ ਕਰਦੀ ਹੈ ਅਤੇ ਕਿਸਾਨਾਂ ਦੀ ਆਮਦਨ ਵਧਾਉਂਦੀ ਹੈ, ਤਾਂ ਇਹ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਆਮ ਵਾਹਨ ਮਾਲਕਾਂ ਨੂੰ ਵੀ ਘੱਟ ਕੀਮਤ, ਬਿਹਤਰ ਜਾਣਕਾਰੀ ਅਤੇ ਤਕਨੀਕੀ ਸੁਰੱਖਿਆ ਦਾ ਲਾਭ ਮਿਲੇ। ਤਦ ਹੀ ਈ-20 ਸਿਰਫ਼ ਇੱਕ ਸਰਕਾਰੀ ਯੋਜਨਾ ਨਹੀਂ ਸਗੋਂ ਲੋਕ-ਹਿੱਤ ਦੀ ਊਰਜਾ ਨੀਤੀ ਸਾਬਤ ਹੋਵੇਗੀ।

ਸੰਪਰਕ: 98155-51765

Advertisement
×