ਪ੍ਰੋ ਜਤਿੰਦਰ ਬੀਰ ਸਿੰਘ ਨੰਦਾ
ਪੰਜਾਬ ਵਿੱਚ ਸਿੱਖਿਆ ਵਿਭਾਗ ਵਲੋਂ ਈ-ਲਰਨਿੰਗ ਦਿੱਤੀ ਜਾ ਰਹੀ ਹੈ, ਇਸ ਨੂੰ ਸ਼ੁਰੂ ਹੋਣ ਤੋਂ ਬਾਅਦ ਇੰਨਾ ਸਮਾਂ ਤਾਂ ਹੋ ਗਿਆ ਹੈ ਕਿ ਇਸ ਦਾ ਤਰਕਸ਼ੀਲ ਢੰਗ ਨਾਲ ਸਹੀ ਮੁਲਾਕਣ ਕੀਤਾ ਜਾਵੇ। ਆਮ ਲੋਕ ਇਹ ਸਦਾ ਕਹਿੰਦੇ ਹਨ ਕਿ ਬੱਚਿਆਂ ਵਿਚ ਕੰਪਿਊਟਰ ਤੇ ਕੰਮ ਕਰਨ ਵਿਚ ਖਾਸ ਵਿਸ਼ੇਸ਼ਤਾ ਹੂੰਦੀ ਹੈ। ਇਸ ਕਠਿਨ ਸਮੇਂ ਵਿੱਚ ਜੇ ਉਹ ਸਵੇਰ ਵੇਲੇ ਇਕ ਵਿੱਦਿਆ ਪ੍ਰਾਪਤ ਕਰਨ ਲਈ ਇਸ ਢੰਗ ਨਾਲ ਜੁੜਦੇ ਹਨ ਤਾਂ ਇਸ ਦੀ ਸ਼ਲਾਘਾ ਕਰਨੀ ਬਣਦੀ ਹੈ। ਆਮ ਲੋਕਾਂ ਵਲੋਂ ਵੀ ਇਸ ਯਤਨ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਜਦੋਂ ਸਿੱਖਿਆ ਨੂੰ ਵਿਗਿਆਨ ਦੀਆਂ ਦੋ ਕਾਢਾਂ ਕੰਪਿਊਟਰ ਤੇ ਇੰਟਰਨੈੱਟ ਰਾਹੀਂ ਸਕੂਲਾਂ ਵਿਚ ਵਿੱਦਿਆ ਦਿੱਤੀ ਜਾਂਦੀ ਹੈ ਤਾਂ ਇਸ ਨੂੰ ਈ- ਲਰਨਿੰਗ ਦਾ ਨਾਂ ਦਿੱਤਾ ਜਾਂਦਾ ਹੈ। ਅੱਜ ਦੀ ਦੁਨੀਆਂ ਵਿਗਿਆਨ ਦੀ ਦੁਨੀਆ ਹੈ। ਇਸ ਲਈ ਇਸ ਸਿੱਖਿਆ ਪ੍ਰਣਾਲੀ ਵਿਚ ਵਿਗਿਆਨ ਦੇ ਇਨ੍ਹਾਂ ਦੋ ਉਪਕਰਨਾਂ ਦੀ ਵਰਤੋਂ ਕਰਨੀ ਇਕ ਲਾਜ਼ਮੀ ਲੋੜ ਹੈ। ਸਿੱਖਿਆ ਦਾ ਹੁਣ ਤੱਕ ਚਲਦਾ ਆ ਰਿਹਾ ਢੰਗ ਕਿਸੇ ਕਮਰੇ ਜਾਂ ਕਿਤੇ ਵੀ ਅਪਣਾਇਆ ਜਾ ਸਕਦਾ ਹੈ ਪਰ ਇਹ ਈ-ਲਰਨਿੰਗ ਦਾ ਢੰਗ ਕੇਵਲ ਕੰਪਿਊਟਰ ਸਕਰੀਨ ’ਤੇ ਹੀ ਅਪਣਾਇਆ ਜਾ ਸਕਦਾ ਹੈ। ਜਦੋਂ ਦੀ ਕੋਵਿਡ-19 ਦੀ ਸੰਸਾਰ ਵਿਆਪਕ ਸਮੱਸਿਆ ਗੰਭੀਰ ਰੂਪ ਵਿਚ ਆਉਣੀ ਸ਼ੁਰੂ ਹੋਈ ਹੈ ਤੇ ਸਾਰੇ ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣ ਲਈ ਕਿਹਾ ਜਾ ਰਿਹਾ ਹੈ ਤੇ ਸਾਰੇ ਵਿੱਦਿਆ ਦੇ ਅਦਾਰੇ ਤਾਲਾਬੰਦੀ ਕਾਰਨ ਬੰਦ ਕੀਤੇ ਗਏ ਹਨ। ਇਸ ਸਮੇਂ ਕਲਾਸ ਰੂਮ ਦਾ ਇਕ ਬਦਲ ਈ-ਲਰਨਿੰਗ ਸਾਹਮਣੇ ਆਇਆ ਤੇ ਪੰਜਾਬ ਸਰਕਾਰ ਨੇ ਇਕ ਕਲਾਸ ਰੂਮ ਸਿੱਖਿਆ ਨਾ ਦੇਣ ਕਰ ਕੇ ਈ-ਲਰਨਿੰਗ ਨੂੰ ਬਦਲਵੇਂ ਪ੍ਰਬੰਧ ਦੇ ਰੂਪ ਵਿਚ ਇਸ ਨੂੰ ਅਪਣਾ ਲਿਆ। ਸਾਰੇ ਵਿਦਿਅਕ ਮਾਹਿਰਾਂ ਦਾ ਇਹ ਕਹਿਣਾ ਹੈ ਕਿ ਇਸ ਨੂੰ ਇਕ ਵਕਤੀ ਤੌਰ ’ਤੇ ਤਾਂ ਅਪਣਾਇਆ ਜਾ ਸਕਦਾ ਹੈ ਪਰ ਪਹਿਲਾਂ ਵਾਲੇ ਪ੍ਰਪੰਰਾਮਈ ਵਿਦਿਆਕ ਪ੍ਰਬੰਧ ਦਾ ਬਦਲ ਨਹੀਂ ਬਣ ਸਕਦਾ। ਇਸ ਸਮੇਂ ਦੋਵੇ ਵਿਦਿਅਕ ਢੰਗਾਂ ਨੂੰ ਲੈ ਕੇ ਦੋਹਾਂ ਦਾ ਇਕ ਤੁਲਨਾਤਮਕ ਅਧਿਐਨ ਕੀਤੇ ਜਾਣ ਦੀ ਲੋੜ ਹੈ।
ਕਲਾਸ ਰੂਮ ਵਿੱਦਿਆ ਇਕ ਸਮੂਹਿਕ ਵਿਦਿਅਕ ਢੰਗ:
ਵਿਦਿਅਕ ਮਾਹਿਰਾਂ ਦਾ ਇਹ ਕਹਿਣਾ ਹੈ ਕਿ ਜਮਾਤ ਵਿਚ ਦਿੱਤੀ ਜਾਣ ਵਾਲੀ ਸਿੱਖਿਆ ਦਾ ਢੰਗ ਇਕ ਸਮੂਹਿਕ ਢੰਗ ਹੋਣ ਕਰ ਕੇ ਸਾਰੇ ਲੋਕਾਂ ਵਿਚ ਆਪਣੇ ਆਪੇ ਦੀ ਪਛਾਣ ਕਰਨ ਦਾ ਇਕ ਸੁਨਿਹਰਾ ਮੌਕਾ ਪ੍ਰਦਾਨ ਕਰਦਾ ਹੈ। ਲੋਕ ਇਸ ਪ੍ਰਬੰਧ ਵਿਚ ਇਕ ਦੂਸਰੇ ਦੀ ਪਛਾਣ ਵੀ ਕਰਦੇ ਹਨ। ਇਸ ਢੰਗ ਵਿਚ ਸਾਰੇ ਬਰਾਬਰ ਦੀ ਸਿਖਿਆ ਪ੍ਰਾਪਤ ਕਰਦੇ ਹਨ। ਇਸ ਵਿਚ ਕਿਸੇ ਕਿਸਮ ਦਾ ਵਿਤਕਰਾ ਨਹੀਂ ਹੋ ਸਕਦਾ।
ਦੂਸਰੇ ਪਾਸੇ ਈ-ਲਰਨਿੰਗ ਵਿਚ ਇਕ ਕੰਪਿਊਟਰ ਸਕਰੀਨ ਸਭ ਦੇ ਸਾਹਮਣੇ ਹੁੰਦੀ ਹੈ ਤੇ ਇਕ ਮਸ਼ੀਨ ਦੀ ਤਰ੍ਹਾਂ ਹੀ ਉਸ ਨੂੰ ਵੇਖਿਆ ਜਾ ਸਕਦਾ ਹੈ। ਇਹ ਅਜੇ ਤੱਕ ਸਾਰੇ ਲੋਕਾਂ ਵਿਚ ਨਹੀਂ ਪਹੁੰਚਿਆ, ਸਾਰੇ ਲੋਕਾਂ ਨੂੰ ਇਸ ਦਾ ਗਿਆਨ ਨਹੀਂ। ਕਲਾਸ ਰੂਮ ਵਿੱਦਿਆ ਵਿਚ ਵਧੇਰੇ ਸੂਝ ਸੰਭਵ:
ਜਦੋਂ ਸਮਾਜ ਦੇ ਸਾਰੇ ਵਰਗਾਂ ਦੇ ਲੋਕ ਰਲਕੇ ਪੜ੍ਹਦੇ ਹਨ, ਤਾਂ ਇਸ ਨਾਲ ਵਧੇਰੇ ਸੋਝੀ ਹੁੰਦੀ ਹੈ, ਇਸ ਨਾਲ ਸਿਖਿਆਰਥੀ ਨੂੰ ਦੂਸਰਿਆਂ ਦੇ ਮੁਕਾਬਲੇ ਵਿਚ ਤੁਲਨਾ ਕਰਨੀ ਵਧੇਰੇ ਸੰਭਵ ਹੁੰਦੀ ਹੈ ਤੇ ਇਸ ਵਿਚ ਹਰ ਪੱਧਰ ਦੇ ਲੋਕ ਸ਼ਾਮਲ ਹੁੰਦੇ ਹਨ ਤੇ ਇਕ ਦੂਸਰੇ ਕੋਲੋਂ ਕੁਝ ਸਿੱਖਦੇ ਤੇ ਸਿਖਾਉਂਦੇ ਹਨ। ਜਿਥੇ ਈ-ਲਰਨਿੰਗ ਇਕ ਮਸ਼ੀਨ ਰਾਹੀਂ ਦਿੱਤੀ ਜਾਂਦੀ ਹੈ, ਜਿਸਦਾ ਕੋਈ ਦਿਲ ਨਹੀਂ ਹੁੰਦਾ। ਜਮਾਤੀ ਸਿੱਖਿਆ ਵਿਚ ਦਿਲਾਂ ਦੀ ਸਾਂਝ ਉਸਰ ਸਕਦੀ ਹੈ। ਸੋਸ਼ਲ ਸਕਿੱਲ ਵਧਣ ਦੀ ਵਧੇਰੇ ਸੰਭਾਵਨਾ:
ਕਲਾਸ ਰੂਮ ਵਿਦਿਆ ਕੇਵਲ ਕਿਤਾਬਾਂ ਨਾਲ ਪ੍ਰੇਮ ਕਰਨਾ ਹੀ ਨਹੀਂ ਸਿਖਾਉਂਦੀ ਸਗੋਂ ਸਾਰਿਆਂ ਵਿਚ ਇਕ ਦੂਸਰੇ ਨਾਲ ਪਛਾਣ ਨਾਲ ਸਮਾਜਿਕ ਸੂਝ-ਬੂਝ ਵਿਚ ਵਾਧਾ ਕਰਨਾ ਵੀ ਸਿਖਾਉਂਦੀ ਹੈ। ਕਲਾਸਾਂ ਵਿਚ ਅਧਿਆਪਕ ਤੇ ਸਿਖਿਆਰਥੀ ਇਕ ਰਿਸ਼ਤੇ ਵਿਚ ਬੱਝਦੇ ਹਨ।
ਪ੍ਰਬੰਧਕੀ ਗੁਣਾਂ ਦਾ ਨਿਰਮਾਣ ਹੋਣਾ:
ਕਲਾਸ ਰੂਮ ਸਿੱਖਿਆ ਕਿਸੇ ਸੰਸਥਾ ਵਿਚ ਹੀ ਦਿੱਤੀ ਜਾ ਸਕਦੀ ਹੈ ਤੇ ਇਸ ਸੰਸਥਾ ਵਿਚ ਹਰ ਸਾਲ ਕਈ ਸਮਾਗਮ ਰਚਾਏ ਜਾਂਦੇ ਹਨ। ਇਨ੍ਹਾਂ ਦਾ ਪ੍ਰਬੰਧ ਕਰਨ ਲਈ ਬੱਚਿਆਂ ਤੇ ਅਧਿਆਪਕਾਂ ਦੀ ਭਾਗੀਦਾਰੀ ਹੋਣੀ ਜ਼ਰੂਰੀ ਹੋ ਜਾਂਦੀ ਹੈ। ਇਸ ਨਾਲ ਬੱਚਿਆ ਵਿਚ ਪ੍ਰਬੰਧਕੀ ਗੁਣਾਂ ਦਾ ਪੈਦਾ ਹੋਣਾ ਜ਼ਰੂਰੀ ਹੋ ਜਾਂਦਾ ਹੈ। ਮੁੱਖ ਪ੍ਰਬੰਧਕੀ ਗੁਣਾਂ ’ਚੋਂ ਕਿਸੇ ਵਿਦਿਆਰਥੀ ਨੂੰ ਮੰਚ ’ਤੇ ਲੋਕਾਂ ਵਿਚ ਬੋਲਣ ਦੀ ਕਲਾ ਆਉਂਦੀ ਹੈ।
ਜਮਾਤੀ ਸਿੱਖਿਆ ਵਧੇਰੇ ਊਰਜਾ ਪ੍ਰਦਾਨ ਕਰਨ ਵਾਲੀ:
ਕਲਾਸ ਰੂਮ ਸਿੱਖਿਆ ’ਚ ਕਿਉਂਕਿ ਇਕ ਸਿਖਿਆਰਥੀ ਇਕ ਵਿਅਕਤੀ ਦੇ ਸੰਪਰਕ ਵਿਚ ਸਿੱਧੇ ਰੂਪ ਵਿਚ ਸਾਹਮਣੇ ਹੁੰਦਾ ਹੈ ਤੇ ਕਈ ਕਿਸਮ ਦੇ ਸੁਆਲ ਪੁੱਛ ਸਕਦਾ ਹੈ, ਜਦੋਂ ਕਿ ਈ-ਲਰਨਿੰਗ ਵਿਚ ਕੇਵਲ ਇਕ ਸਕਰੀਨ ਨਾਲ ਹੀ ਸਾਥ ਹੁੰਦਾ ਹੈ। ਕਿਸੇ ਸੰਸਥਾ ਵਿਚ ਕਲਾਸ ਰੂਮ ਵਿਚ ਪ੍ਰਾਪਤ ਕੀਤੀ ਸਿੱਖਿਆ ਵਿਚ ਕਿਸੇ ਅਧਿਆਪਕ ਦੀਆਂ ਵਿਅਕਤੀਗਤ ਊਣਤਾਈਆਂ ਤਾਂ ਹੋ ਸਕਦੀਆਂ ਹਨ ਪਰ ਸਮੁੱਚੇ ਤੌਰ ’ਤੇ ਇਹ ਸਮਾਜ ਲਈ ਲਾਭਕਾਰੀ ਸਾਬਤ ਹੁੰਦੀ ਹੈ। ਈ-ਲਰਨਿੰਗ ਸਮਾਜਿਕ ਦ੍ਰਿਸ਼ਟੀ ਤੋਂ ਊਣੀ ਹੂੰਦੀ ਹੈ, ਇਹ ਇਕ ਗਿਆਨ ਦੀ ਪ੍ਰਾਪਤੀ ਲਈ ਮਨੁੱਖ ਦੁਵਾਰਾ ਹੀ ਬਣਾਈ ਗਈ ਵਿੱਧੀ ਹੈ। ਈ-ਲਰਨਿੰਗ ਇਕ ਸਕਿੱਲ ਹੈ। ਇਸ ਵਿਚ ਊਣਤਾ ਦੀ ਸੰਭਾਵਨਾ ਬਣੀ ਰਹਿੰਦੀ ਹੈ, ਇਸ ਬਾਰੇ ਅੰਤਿਮ ਰਾਏ ਇਹ ਹੀ ਦਿੱਤੀ ਜਾ ਸਕਦੀ ਹੈ ਕਿ ਇਹ ਕੇਵਲ ਮਸ਼ੀਨ ਦੀ ਹੀ ਦੇਣ ਹੈ। ਇਹ ਕੇਵਲ ਸਿਧਾਂਤਕ ਪੱਧਰ ਤੱਕ ਸੀਮਤ ਰਹਿੰਦੀ ਹੈ, ਵਿਗਿਆਨ ਦੇ ਵਿਸ਼ੇ ਨੂੰ ਸਮਝਣ ਲਈ ਇਸ ਵਿਚ ਪ੍ਰਯੋਗਸ਼ਲਾਵਾਂ ਨਹੀਂ ਹੁੰਦੀਆਂ ਪਰ ਅਮਲੀ ਰੂਪ ਵਿਚ ਸੰਸਥਾਗਤ ਕਲਾਸ ਰੂਮ ਸਿੱਖਿਆ ਦਾ ਪੂਰਾ ਬਦਲ ਨਹੀਂ ਹੋ ਸਕਦਾ ਪਰ ਇਸ ਸੰਕਟਮਈ ਸਮੇਂ ਵਿਚ ਈ-ਲਰਨਿੰਗ ਬੱਚਿਆ ਨੂੰ ਵਿੱਦਿਆ ਨਾਲ ਜੋੜਨ ਦਾ ਇਕ ਸਾਰਥਿਕ ਯਤਨ ਹੈ।
ਸੰਪਰਕ: 98152-55295