ਭੁਪਿੰਦਰ ਫ਼ੌਜੀ
ਕਥਾ ਪ੍ਰਵਾਹ
ਮੇਰੇ ਮੋਬਾਈਲ ’ਤੇ ਭਰਭੂਰ ਦਾ ਫ਼ੋਨ ਆ ਰਿਹਾ ਸੀ। ਸਵੇਰ ਦੇ ਸੱਤ ਵੱਜੇ ਸਨ। ਫ਼ੋਨ ਮੇਰੇ ਕੋਲ ਕੱਲ੍ਹ ਦੇ ਹੀ ਬਹੁਤ ਆ ਰਹੇ ਸਨ। ਸਭ ਹਾਲਚਾਲ ਪੁੱਛ ਰਹੇ ਸਨ। ਦੇਸ਼ ਦੇ ਲੋਕਾਂ ਦੇ ਮਨਾਂ ਵਿੱਚ ਨਿਊਜ਼ ਚੈਨਲਾਂ ਨੇ ਦਹਿਸ਼ਤ ਭਰ ਦਿੱਤੀ ਸੀ। ਜਿਵੇਂ ਬੱਸ ਦੁਨੀਆਂ ਤਾਂ ਹੁਣ ਖ਼ਤਮ ਹੋ ਜਾਵੇਗੀ। ਮੈਂ ਮੋਬਾਈਲ ਦੇ ਹਰੇ ਬਟਨ ’ਤੇ ਉਂਗਲੀ ਲਾਈ ਤੇ ਕਿਹਾ, ‘‘ਹੈਲੋ…।’’
‘‘ਕੀ ਹਾਲ ਨੇ…?’’ ਭਰਭੂਰ ਨੇ ਮੇਰਾ ਹਾਲ-ਚਾਲ ਪੁੱਛਿਆ।
‘‘ਠੀਕ ਹਾਂ…।’’ ਮੈਂ ਦੱਸਿਆ।
‘‘ਮੈਨੂੰ ਤੇਰੇ ਗੁਆਂਢੀ ਸ਼ੇਰ ਸਿੰਘ ਦਾ ਫ਼ੋਨ ਆਇਆ ਸੀ…। ਕਹਿੰਦਾ, ‘ਸੁਣਿਆ ਤੇਰੇ ਦੋਸਤ ਸਾਡੇ ਗੁਆਂਢੀ ਨੂੰ ਉਹ ਬਿਮਾਰੀ ਜਿਹੀ ਹੋ ਗਈ। ਭਲਾਂ ਸੱਚ ਐ’? ‘ਕੈਂਸਰ ਹੋ ਗਿਆ…!’ ਮੈਂ ਸ਼ੇਰ ਸਿੰਘ ਨੂੰ ਜਾਣ ਕੇ ਕਹਿ ਦਿੱਤਾ। ਮੈਨੂੰ ਪਤਾ ਤਾਂ ਸੀ ਉਹ ਕੀ ਕਹਿਣਾ ਚਾਹੁੰਦਾ ਸੀ, ਪਰ ਨਾਂ ਨਹੀਂ ਸੀ ਲੈ ਰਿਹਾ। ਮੈਨੂੰ ਬੁਝਾਰਤਾਂ ਜਿਹੀਆਂ ਪਾਈ ਜਾਵੇ। ਅਖੇ, ‘ਨਹੀਂ, ਨਿੱਤ ਆਪਾਂ ਅਖ਼ਬਾਰਾਂ ਵਿੱਚ ਨੀਂ ਪੜ੍ਹਦੇ… ਨਾਲ਼ੇ ਟੈਲੀਵਿਜ਼ਨਾਂ ਉੱਤੇ ਖ਼ਬਰਾਂ ’ਚ ਘਸਮਾਣ ਪਾ ਰੱਖਦੇ ਨੇ…।’ ‘ਕਰੋਨਾ…।’ ਮੈਂ ਅੱਗੋਂ ਬੋਲਿਆ। ‘ਹਾਂ! ਕਹਿੰਦੇ ਨੇ ਉਹਨੂੰ ਹੋ ਗਿਆ। ਘਰੇ ਪੁਲੀਸ ਤੇ ਹਸਪਤਾਲ ਵਾਲੇ ਆਏ ਸੀ। ਸਾਰਿਆਂ ਦਾ ਘਰੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ। ਭਲਾ ਹੁਣ ਸਾਰਿਆਂ ਨੂੰ ਚੱਕ ਕੇ ਲੈ ਜਾਣਗੇ? ਉਹਨੂੰ ਤਾਂ ਕਹਿੰਦੇ ਬਾਹਰੋਂ ਚੱਕ ਕੇ ਲੈ ਗਈ ਪੁਲੀਸ…।’ ਸ਼ੇਰ ਸਿੰਘ ਗੱਲ ਦੀ ਲੜੀ ਨਹੀਂ ਸੀ ਟੁੱਟਣ ਦੇ ਰਿਹਾ ਸੀ। ਫਿਰ ਮੈਂ ਹੀ ਝਾੜਝੰਬ ਕੀਤੀ, ‘ਸਰਦਾਰ ਜੀ! ਤੁਸੀਂ ਸਿੱਧਾ ਨਾਂ ਨਹੀਂ ਸੀ ਲੈ ਸਕਦੇ, ਬਈ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਜੇਕਰ ਹੋ ਵੀ ਗਿਆ ਕਿੱਡੀ ਕੁ ਗੱਲ ਐ, ਚਾਰ ਦਿਨਾਂ ਨੂੰ ਆ ਜਾਊ…। ਉਹ ਮਿਹਨਤ ਕਿੰਨੀ ਕਰਦਾ ਸਵੇਰੇ ਸ਼ਾਮ। ਪੰਦਰਾਂ ਕਿਲੋਮੀਟਰ ਭੱਜਦਾ ਐ…। ਜਵਾਕਾਂ ਨੂੰ ਲੈ ਕੇ ਜਾਂਦਾ। ਤੁਹਾਨੂੰ ਸਭ ਨੂੰ ਪਤਾ ਐ। ਤੁਸੀਂ ਪੜ੍ਹੇ ਲਿਖੇ ਹੋ ਕੇ ਨਾਂ ਨਹੀਂ ਲੈ ਰਹੇ ਜਿਵੇਂ ਅਨਪੜ੍ਹ ਬੁੜ੍ਹੀਆਂ ਕਰਦੀਆਂ ਹੁੰਦੀਆਂ ਨੇ। ਜੇ ਨਾਂ ਲੈ ਦਿੱਤਾ ਕਿਤੇ ਬਿਮਾਰੀ ਤੁਹਾਨੂੰ ਨਾ ਚਿੰਬੜ ਜਾਵੇ ਇਉਂ ਕਰਦੇ ਓ…। ਤੁਹਾਡੇ ਤਾਂ ਗੁਆਂਢੀ ਨੇ, ਪਤਾ ਕਰ ਆਉਣਾ ਸੀ…।’ ਮੈਂ ਗਰਮ ਹੋ ਗਿਆ। ਸ਼ੇਰ ਸਿੰਘ ਨੇ ਫ਼ੋਨ ਕੱਟ ਦਿੱਤਾ।’’ ਭਰਭੂਰ ਨਾਲ਼ੇ ਹੱਸੀ ਜਾਵੇ ਨਾਲ਼ੇ ਗੱਲ ਦੱਸੀ ਜਾਵੇ। ਮੈਨੂੰ ਵੀ ਹਾਸਾ ਆ ਰਿਹਾ ਸੀ। ਅਜਿਹੇ ਲੋਕ ਤਾਂ ਪਿਛਲੱਗ ਬਣ ਥਾਲੀਆਂ ਖੜਕਾਉਣ ਤੇ ਮੋਮਬੱਤੀਆਂ ਜਗਾਉਣ ਜੋਗੇ ਨੇ…। ਕਰੋਨਾ ਦੇ ਚਲਦਿਆਂ ਜਿੰਨਾ ਪੜ੍ਹਿਆ ਲਿਖਿਆ ਵਰਗ ਮੂਰਖ ਬਣਿਆ, ਓਨਾ ਪੱਛੜੇ ਤੇ ਅਨਪੜ੍ਹ ਲੋਕ ਨਹੀਂ।
‘‘ਤੂੰ ਕਿਵੇਂ ਚੱਕਰ ਵਿੱਚ ਪੈ ਗਿਆ। ਮੈਨੂੰ ਪਤਾ ਤਾਂ ਕੱਲ੍ਹ ਹੀ ਲੱਗ ਗਿਆ ਸੀ…।’’ ਭਰਭੂਰ ਨੇ ਗੱਲ ਅੱਗੇ ਤੋਰੀ।
‘‘ਸਾਡੇ ਸਾਰੇ ਕੋਰਟ ਦੇ ਮੁਲਾਜ਼ਮਾਂ ਦਾ ਟੈਸਟ ਕੀਤਾ ਸੀ। ਮੇਰਾ ਪਾਜ਼ੇਟਿਵ ਆ ਗਿਆ…।’’ ਮੈਂ ਵਿਸਥਾਰ ਵਿੱਚ ਦੱਸਿਆ।
‘‘ਇਹ ਕਿੱਟਾਂ ਹੀ ਅਜਿਹੀਆਂ ਨੇ, ਜੇ ਕਿਸੇ ਨੂੰ ਥੋੜ੍ਹਾ ਸਰਦੀ ਜ਼ੁਕਾਮ, ਬੁਖ਼ਾਰ ਹੈ ਫਿਰ ਵੀ ਪਾਜ਼ੇਟਿਵ ਆ ਜਾਂਦਾ ਹੈ। ਤੈਨੂੰ ਕੋਈ ਤਕਲੀਫ਼ ਤਾਂ ਨਹੀਂ…?’’
‘‘ਨਾ, ਮੈਂ ਜਮ੍ਹਾਂ ਠੀਕ ਹਾਂ…।’’ ਅਸੀਂ ਇਧਰ-ਉਧਰ ਦੀਆਂ ਗੱਲਾਂ ਕਰਦੇ ਰਹੇ। ਉਸ ਨੇ ਮੈਨੂੰ ਹੌਸਲਾ ਦਿੰਦਿਆਂ ਫ਼ੋਨ ਬੰਦ ਕਰ ਦਿੱਤਾ। ਭਰਭੂਰ ਮੇਰਾ ਵਧੀਆ ਮਿੱਤਰ ਹੈ। ਇਸ ਦੀ ਆਪਣੀ ਲੈਬੋਰੇਟਰੀ ਹੈ। ਉਸ ਦੀ ਲੈਬ ’ਤੇ ਟੈਸਟ ਕਰਵਾਉਣ ਵਾਲਿਆਂ ਦੀ ਕਤਾਰ ਲੱਗੀ ਰਹਿੰਦੀ ਹੈ।
ਸ਼ਾਮ ਨੂੰ ਚਾਚੇ ਦੇ ਮੁੰਡੇ ਦਾ ਫ਼ੋਨ ਆਇਆ। ਉਸ ਨੇ ਨਵੀਂ ਹੀ ਗੱਲ ਦੱਸੀ। ਉਹ ਵੀ ਪੜ੍ਹੇ ਲਿਖੇ ਲਾਲਿਆਂ ਦੇ ਮੁਹੱਲੇ ਵਿੱਚ ਰਹਿੰਦੇ ਨੇ। ਉਨ੍ਹਾਂ ਦੇ ਸਾਰੇ ਮੁਹੱਲੇ ਵਿੱਚ ਕਹਿ ਦਿੱਤਾ ਕਿ ‘‘ਫਲਾਣਿਆਂ ਦੇ ਮੁੰਡੇ ਨੂੰ ਕਰੋਨਾ ਹੋ ਗਿਆ। ਉਨ੍ਹਾਂ ਨੂੰ ਕੋਈ ਘਰੇ ਨਾ ਵੜਨ ਦਿਓ।’’ ਅਜਿਹੀਆਂ ਗੱਲਾਂ ਆ ਰਹੀਆਂ ਹਨ। ਮੇਰੀ ਮਾਂ ਹਰ ਰੋਜ਼ ਚਾਚੇ ਕੇ ਘਰ ਚਲੀ ਜਾਂਦੀ ਸੀ। ਚਾਚਾ ਚਾਚੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਚਾਚੇ ਦੀ ਨੂੰਹ ਨਾਲ ਮਾਂ ਦੀ ਥੋੜ੍ਹੀ ਮੱਤ ਮਿਲਦੀ ਸੀ। ਜਦੋਂ ਮੇਰੀ ਰਿਪੋਰਟ ਪਾਜ਼ੇਟਿਵ ਆਈ ਤਾਂ ਮੈਂ ਸਭ ਤੋਂ ਪਹਿਲਾਂ ਘਰ ਫ਼ੋਨ ਕਰਕੇ ਦੱਸਿਆ, ‘‘ਕਿਸੇ ਦੇ ਨਹੀਂ ਜਾਣਾ ਘਰ ਹੀ ਬੈਠੇ ਰਹੋ।’’ ਬਾਪੂ ਵੀ ਖੇਤੋਂ ਆ ਗਿਆ ਸੀ। ਮਾਂ ਕਦੋਂ ਟਿਕਣ ਵਾਲੀ ਸੀ। ਉਹ ਆਥਣੇ ਚਲੀ ਗਈ ਚਾਚੇ ਕੇ ਘਰ। ਉਦੋਂ ਤੱਕ ਇਹ ਗੱਲ ਸਾਰੇ ਪਿੰਡ ਵਿੱਚ ਫੈਲ ਚੁੱਕੀ ਸੀ। ਇਸ ਮਾਹੌਲ ਨੇ ਹਰ ਰੋਜ਼ ਦੀ ਆਪਸੀ ਭਾਈਚਾਰਕ ਸਾਂਝ ਨੂੰ ਪਲਾਂ ਵਿੱਚ ਤੋੜ ਦਿੱਤਾ। ਲੋਕਾਂ ਨੇ ਆਪਣੇ ਗਲੀ ਮੁਹੱਲੇ ਸੀਲ ਕਰ ਦਿੱਤੇ। ਜੇਕਰ ਕੋਈ ਬਾਹਰੋਂ ਆਉਂਦਾ ਤਾਂ ਉਸ ਨੂੰ ਵੜਨ ਨਾ ਦਿੱਤਾ ਜਾਂਦਾ। ਸਭ ਨਫ਼ਰਤ ਭਰੀਆਂ ਨਜ਼ਰਾਂ ਨਾਲ ਸਾਡੇ ਘਰਾਂ ਵੱਲ ਤੱਕ ਰਹੇ ਸਨ।
ਹਸਪਤਾਲ ਵਿੱਚ ਵੀ ਮੇਰੇ ਨਾਲ ਇੰਝ ਹੋਇਆ। ਪਹਿਲਾਂ ਅਸੀਂ ਸਭ ਇਕੱਠੇ ਗਏ। ਜਦੋਂ ਮੇਰੀ ਰਿਪੋਰਟ ਪਾਜ਼ੇਟਿਵ ਆ ਗਈ, ਸਾਰੇ ਸਹਿਮ ਗਏ। ਉਪਰੋਂ ਚਾਹੇ ਉਹ ਹਮਦਰਦੀ ਦਿਖਾ ਰਹੇ ਸਨ, ਪਰ ਅੰਦਰੋਂ ਡਰੇ ਹੋਏ ਸਨ। ਮੇਰੀ ਇਕੱਲੇ ਦੀ ਹੀ ਰਿਪੋਰਟ ਪਾਜ਼ੇਟਿਵ ਆਈ ਸੀ। ਉਂਜ, ਦਸ ਕੁ ਦਿਨ ਪਹਿਲਾਂ ਮੇਰੇ ਰਿਪੋਰਟ ਨੈਗੇਟਿਵ ਆਈ ਸੀ। ਉਹ ਟੈਸਟ ਮੈਂ ਆਪਣੀ ਮਰਜ਼ੀ ਨਾਲ ਕਰਵਾਇਆ ਸੀ। ਇਹ ਮਹਿਕਮੇ ਦੇ ਆਦੇਸ਼ਾਂ ਨਾਲ। ਹਸਪਤਾਲ ਦੇ ਅਮਲੇ ਨੇ ਮੈਨੂੰ ਵੱਖ ਕਰ ਕੇ ਇੱਕ ਪਾਸੇ ਖੜ੍ਹਾ ਦਿੱਤਾ। ਹਦਾਇਤਾਂ ਕੀਤੀਆਂ ਕਿ ਕਿਸੇ ਚੀਜ਼ ਨੂੰ ਹੱਥ ਨਹੀਂ ਲਾਉਣਾ। ਇੱਕ ਵੱਡੀ ਉਮਰ ਦੀ ਮਾਤਾ ਤੇ ਉਸ ਦਾ ਪੁੱਤਰ ਵੀ ਸੀ ਜਿਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਹਸਪਤਾਲ ਵਿੱਚ ਕੋਈ ਅਜਿਹਾ ਵਾਰਡ ਨਹੀਂ ਜਿੱਥੇ ਸਾਨੂੰ ਅਲੱਗ ਰੱਖਿਆ ਜਾਂਦਾ। ਕੁਝ ਸਮੇਂ ਬਾਅਦ ਸਾਡੇ ਉੱਤੇ ਪੁਲੀਸ ਮੁਲਾਜ਼ਮ ਲਾ ਦਿੱਤੇ। ਉਹ ਰੋਹਬ ਝਾੜਨ ਲੱਗੇ ਜਿਵੇਂ ਅਸੀਂ ਕਰੋਨਾ ਮਰੀਜ਼ ਨਾ ਹੋ ਕੇ ਮੁਜ਼ਰਮ ਹੋਈਏ। ਇਸ ਤਰ੍ਹਾਂ ਸਾਨੂੰ ਬਿਠਾ ਰੱਖਿਆ ਸੀ। ਜਿਹੜਾ ਆਵੇ ਉਹ ਹੀ ਸਵਾਲਾਂ ਦੀ ਝੜੀ ਲਾ ਦੇਵੇ। ਲੋਕ ਵੀ ਸਾਨੂੰ ਇੰਝ ਦੇਖ ਰਹੇ ਸਨ ਜਿਵੇਂ ਕਿਸੇ ਮੁਜ਼ਰਮ ਨੂੰ ਕਿਸੇ ਸੰਗੀਨ ਜ਼ੁਰਮ ਵਿੱਚ ਪੁਲੀਸ ਨੇ ਕਾਬੂ ਕੀਤਾ ਹੋਵੇ। ਸਾਨੂੰ ਸਰਕਾਰੀ ਹਸਪਤਾਲ ਮਾਨਸਾ ਲੈ ਜਾਣਾ ਸੀ। ਐਂਬੂਲੈਂਸ ਨਹੀਂ ਸੀ ਆ ਰਹੀ। ਇੱਕ ਘੰਟੇ ਤੋਂ ਵੱਧ ਹੋ ਚੁੱਕਿਆ ਸੀ। ਆਖ਼ਰ ਅਸੀਂ ਕਹਿ ਸੁਣ ਕੇ ਮਾਤਾ ਦੀ ਹਾਲਤ ਦਾ ਵਾਸਤਾ ਪਾ ਕੇ, ਉਨ੍ਹਾਂ ਦੀ ਕਾਰ ’ਤੇ ਹਸਪਤਾਲ ਚਲੇ ਗਏ।
ਵਾਰਡ ਦੇ ਰੂਮ ਵਿੱਚ ਕੋਈ ਡਾਕਟਰ ਨਹੀਂ ਸੀ। ਇੱਕ ਨਰਸ ਮੋਬਾਈਲ ’ਤੇ ਗੱਲਾਂ ਕਰ ਰਹੀ ਸੀ। ਉਸ ਨੂੰ ਆਪਣੀ ਵਿੱਥਿਆ ਦੱਸੀ। ਉਹ ਗਰਦਨ ਵਿੱਚ ਮੋਬਾਈਲ ਫਸਾ ਕੇ ਸਾਡੇ ਵੱਲ ਦੇਖ ਰਹੀ ਸੀ, ਕੋਈ ਜਵਾਬ ਨਹੀਂ ਸੀ ਦੇ ਰਹੀ। ਬੱਸ ਹੱਥ ਨਾਲ ਬਾਹਰ ਬੈਠਣ ਲਈ ਇਸ਼ਾਰਾ ਕੀਤਾ। ਅਸੀਂ ਬਰਾਂਡੇ ਵਿੱਚ ਬੈਠ ਗਏ। ਗਰਮੀ ਨਾਲ ਬੁਰਾ ਹਾਲ਼ ਸੀ। ਕੋਈ ਪੱਖਾ ਨਹੀਂ ਸੀ। ਸਾਥੋਂ ਇਲਾਵਾ ਨੌਂ ਬੰਦੇ ਹੋਰ ਬੈਠੇ ਸਨ ਜਿਸ ਵਿੱਚ ਦੋ ਮਾਵਾਂ ਧੀਆਂ ਵੀ ਸ਼ਾਮਲ ਸਨ। ਕੁਝ ਦੇਰ ਬਾਅਦ ਨਰਸ ਕਮਰੇ ਵਿੱਚੋਂ ਬਾਹਰ ਆਈ। ਸਾਡਾ ਸਭ ਦਾ ਬਲੱਡ ਪ੍ਰੈਸ਼ਰ ਤੇ ਬੁਖ਼ਾਰ ਚੈੱਕ ਕੀਤਾ। ਆਪਸੀ ਦੂਰੀ ਬਣਾਈ ਰੱਖਣ ਲਈ ਕਿਹਾ। ਐਂਬੂਲੈਂਸ ਨੇ ਸਾਨੂੰ ਨੌਂ ਜਣਿਆਂ ਨੂੰ ਇੱਕ ਕਾਲਜ ਵਿਖੇ ਇਕਾਂਤਵਾਸ ਕੇਂਦਰ ਵਿੱਚ ਲੈ ਜਾਣਾ ਸੀ। ਪੈਂਹਠ ਸਾਲ ਤੋਂ ਉਪਰ ਦੇ ਬਜ਼ੁਰਗਾਂ ਨੂੰ ਹਸਪਤਾਲ ’ਚ ਰੱਖ ਲੈਂਦੇ ਸਨ। ਇਸ ਲਈ ਮਾਤਾ ਤੇ ਉਸ ਦੇ ਪੁੱਤਰ ਨੇ ਉੱਥੇ ਹੀ ਰੁਕਣਾ ਸੀ। ਸਾਨੂੰ ਬੈਠਿਆਂ ਡੇਢ ਘੰਟੇ ਤੋਂ ਉੱਪਰ ਹੋ ਗਿਆ। ਨਾ ਐਂਬੂਲੈਂਸ ਆਈ ਤੇ ਨਾ ਸਾਨੂੰ ਕਿਸੇ ਵਾਰਡ ਵਿੱਚ ਭੇਜਿਆ ਗਿਆ। ਦੁਪਹਿਰ ਦੇ ਢਾਈ ਵੱਜ ਚੁੱਕੇ ਸਨ…। ਉਪਰੋਂ ਭੁੱਖ ਵੀ ਡਾਢੀ ਲੱਗੀ ਹੋਈ ਸੀ। ਮੈਂ ਇੱਕ ਸਾਥੀ ਨੂੰ ਲੈ ਕੇ ਨਰਸ ਦੇ ਕਮਰੇ ਵਿੱਚ ਗਿਆ। ਉਸ ਨੇ ਮੋਬਾਈਲ ਨਾਲ ਫਿਰ ਦਿਲ ਦੀਆਂ ਤਾਰਾਂ ਜੋੜ ਰੱਖੀਆਂ ਸਨ।
‘‘ਮੈਡਮ ਜੀ! ਐਂਬੂਲੈਸ ਕਦੋਂ ਆਊ? ਸਾਡਾ ਬਾਹਰ ਗਰਮੀ ਵਿੱਚ ਬੁਰਾ ਹਾਲ ਹੋ ਗਿਆ।’’ ਸਾਡੇ ਵੱਲ ਉਸ ਨੇ ਸਰਸਰੀ ਜਿਹੀ ਨਿਗਾਹ ਮਾਰੀ ਤੇ ਮੋਬਾਈਲ ’ਤੇ ਮਸਤ ਰਹੀ। ਸਾਡਾ ਉਸ ਕੋਲ ਜਾਣ ਦਾ ਕੋਈ ਬਹੁਤਾ ਅਸਰ ਨਹੀਂ ਸੀ ਹੋਇਆ।
‘‘ਬੈਠੋ ਦੋ ਮਿੰਟ ਆਉਂਦੀ ਐ ਐਂਬੂਲੈਂਸ…।’’ ਉਸ ਨੇ ਮੋਬਾਈਲ ਦੇ ਸਪੀਕਰ ’ਤੇ ਹੱਥ ਰੱਖ ਕੇ ਕਿਹਾ। ਜਿਵੇਂ ਅਸੀਂ ਉਸ ਦੇ ਬਹੁਤ ਜ਼ਰੂਰੀ ਕੰਮ ਵਿੱਚ ਦਖਲ ਦੇ ਦਿੱਤਾ ਹੋਵੇ। ਅਸੀਂ ਕਮਰੇ ਤੋਂ ਬਾਹਰ ਆ ਗਏ। ਉਹ ਫ਼ੋਨ ’ਤੇ ਕਹਿ ਰਹੀ ਸੀ, ‘‘ਉਹ ਅੱਠ ਦਸ ਕਰੋਨਾ ਦੇ ਮਰੀਜ਼ ਆਏ ਨੇ। ਉਹ ਜਾਨ ਖਾਈ ਜਾਂਦੇ ਨੇ। ਪਤਾ ਨਹੀਂ ਕਿੱਥੋਂ ਆਪ ਬਿਮਾਰੀਆਂ ਸਹੇੜ ਲੈਂਦੇ ਨੇ। ਸਾਡੀ ਜਾਨ ’ਤੇ ਬਣੀ ਰਹਿੰਦੀ ਐ…।’’ ਮੈਂ ਉਹਦੇ ਕੋਲ ਮੁੜਨ ਲੱਗਿਆ ਸੀ ਕਿ ਸਾਥੀ ਨੇ ਰੋਕ ਦਿੱਤਾ, ਪਰ ਦਿਮਾਗ਼ ਉੱਤੇ ਇਸ ਗੱਲ ਦਾ ਗਹਿਰਾ ਅਸਰ ਹੋਇਆ। ਮੈਂ ਮੇਰੇ ਇੱਕ ਪੱਤਰਕਾਰ ਮਿੱਤਰ ਤੋਂ ਉਸ ਡਾਕਟਰ ਦਾ ਮੋਬਾਈਲ ਨੰਬਰ ਲੈ ਲਿਆ ਜੋ ਜ਼ਿਲ੍ਹਾ ਪੱਧਰ ’ਤੇ ਕਰੋਨਾ ਦੇ ਮਰੀਜ਼ਾਂ ਦਾ ਇੰਚਾਰਜ ਸੀ। ਮੈਂ ਡਾਕਟਰ ਨੂੰ ਫ਼ੋਨ ’ਤੇ ਸਾਰੀ ਗੱਲ ਦੱਸ ਦਿੱਤੀ। ਦੋ ਕੁ ਮਿੰਟਾਂ ’ਚ ਨਰਸ ਸਾਡੇ ਕੋਲ ਆ ਕੇ ਕਹਿਣ ਲੱਗੀ, ‘‘ਜਦੋਂ ਤੱਕ ਐਂਬੂਲੈਂਸ ਨਹੀਂ ਆਉਂਦੀ… ਤੁਸੀਂ ਵਾਰਡ ਦੇ ਅੰਦਰ ਬੈਠ ਜਾਓ…।’’ ਉਸ ਦਾ ਬਦਲਿਆ ਵਿਵਹਾਰ ਦੇਖ ਸਭ ਦੰਗ ਰਹਿ ਗਏ।
ਵਾਰਡ ਪੂਰਾ ਖਾਲੀ ਸੀ। ਅਸੀਂ ਬੈੱਡਾਂ ਉੱਤੇ ਲੰਮੇ ਪੈ ਗਏ। ਕੁਝ ਸੁਖ ਦਾ ਸਾਹ ਆਇਆ। ਅੱਧੇ ਕੁ ਘੰਟੇ ਪਿੱਛੋਂ ਐਂਬੂਲੈਂਸ ਆ ਗਈ। ਸਾਨੂੰ ਨੌ ਜਣਿਆਂ ਨੂੰ ਲੈ ਐਂਬੂਲੈਂਸ ਕਾਲਜ ਨੂੰ ਚੱਲ ਪਈ। ਉਹ ਨਾਂ ਦੀ ਹੀ ਐਂਬੂਲੈਂਸ ਸੀ। ਸੀਟਾਂ ਉੱਤੇ ਗਿੱਠ-ਗਿੱਠ ਮਿੱਟੀ ਘੱਟਾ ਚੜ੍ਹਿਆ ਪਿਆ ਸੀ। ਰੇਤੇ ਦੇ ਵਾਵਰੋਲੇ ਉੱਡ ਉੱਡ ਸਾਡੇ ’ਤੇ ਪੈ ਰਹੇ ਸਨ।
ਐਂਬੂਲੈਂਸ ਕਾਲਜ ਅੰਦਰ ਦਾਖਲ ਹੋਈ ਤਾਂ ਅਸੀਂ ਹੇਠਾਂ ਉਤਰ ਥੋੜ੍ਹਾ ਚੰਗਾ ਮਹਿਸੂਸ ਕੀਤਾ। ਡਰਾਈਵਰ ਨੇ ਸਾਡੇ ਕਾਗਜ਼ ਉੱਥੇ ਜਮ੍ਹਾਂ ਕਰਵਾ ਦਿੱਤੇ। ਸਾਨੂੰ ਨਵੇਂ ਬਣਾਏ ਐਲੂਮੀਨੀਅਮ ਦੇ ਗੇਟ ਰਾਹੀਂ ਅੰਦਰ ਕਲਾਸ ਰੂਮਾਂ ਵਿੱਚ ਬਣਾਏ ਵਾਰਡਾਂ ਵਿੱਚ ਭੇਜ ਦਿੱਤਾ। ਅਸੀਂ ਸੱਤ ਜਣੇ ਇੱਕ ਵਾਰਡ ਵਿੱਚ ਚਲੇ ਗਏ। ਉਹ ਮਾਵਾਂ ਧੀਆਂ ਆਪਣੇ ਪਰਿਵਾਰ ਕੋਲ਼ ਪਹੁੰਚ ਗਈਆਂ। ਖਾਲੀ ਵਾਰਡ ਵਿੱਚ ਸੋਲਾਂ ਬੈੱਡ ਲੱਗੇ ਸਨ। ਅਸੀਂ ਮਰਜ਼ੀ ਨਾਲ ਪੱਖਿਆਂ ਹੇਠ ਆਪਣੀ ਜਗ੍ਹਾ ਮੱਲ ਲਈ। ਪੱਖੇ ਸਾਰੇ ਚੱਲਦੇ ਸਨ। ਸ਼ਾਇਦ ਅਜਿਹਾ ਕਾਲਜ ਦੀ ਇਮਾਰਤ ਹੋਣ ਕਾਰਨ ਸੀ। ਜੇ ਹਸਪਤਾਲ ਦੀ ਹੁੰਦੀ ਤਾਂ ਸ਼ਾਇਦ ਇਹ ਵੀ ਨਾ ਮਿਲਦੇ।
ਮੈਂ ਅਜੇ ਲੰਮਾ ਪਿਆ ਸੀ ਕਿ ਐੱਸ.ਐੱਸ.ਪੀ. ਦਫ਼ਤਰ ਵਿੱਚੋਂ ਫ਼ੋਨ ਆਇਆ। ਉਸ ਸੱਜਣ ਨੇ ਹਾਲ-ਚਾਲ ਪੁੱਛਣ ਮਗਰੋਂ ਸਵਾਲਾਂ ਦੀ ਝੜੀ ਲਾ ਦਿੱਤੀ। ‘‘ਤੁਸੀਂ ਕੀ ਕੰਮ ਕਰਦੇ ਹੋ, ਕਿਸ ਦੇ ਸੰਪਰਕ ਵਿੱਚ ਆਏ, ਤੁਹਾਡੇ ਨਾਲ ਦੇ ਸਾਥੀ ਕਿਹੜੇ ਨੇ, ਕਿੱਥੇ-ਕਿੱਥੇ ਗਏ, ਘਰ ਕੌਣ-ਕੌਣ ਹਨ। ਸਾਨੂੰ ਇਹ ਜਾਣਕਾਰੀ ਸਹੀ ਤਰੀਕੇ ਨਾਲ ਦਿਓ…।’’ ਅਜਿਹੇ ਅਨੇਕਾਂ ਸਵਾਲ ਉਸ ਨੇ ਦਾਗ਼ੇ ਦਿੱਤੇ ਜਿਵੇਂ ਕਿਸੇ ਮੁਜ਼ਰਮ ਤੋਂ ਪੁੱਛ ਪੜਤਾਲ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ ਮੋਬਾਈਲ ’ਤੇ ਇਸੇ ਤਰ੍ਹਾਂ ਕਦੇ ਥਾਣੇ, ਕਦੇ ਸਿਹਤ ਵਿਭਾਗ, ਕਦੇ ਸਾਡੇ ਪਿੰਡ ਦੇ ਸਿਵਲ ਹਸਪਤਾਲ ਵਿੱਚੋਂ ਤੇ ਕਦੇ ਕਿਤੋਂ ਕਦੇ ਕਿਤੋਂ ਫ਼ੋਨ ਆਏ ਸਨ। ਮੈਂ ਤੰਗ ਆ ਕੇ ਇੱਕ ਗੱਲ ਹੀ ਕਹਿੰਦਾ ਸੀ, ‘‘ਮੈਂ ਕੋਰਟ ਦਾ ਮੁਲਾਜ਼ਮ ਹਾਂ। ਮੇਰੇ ਸੰਪਰਕ ਵਿੱਚ ਜੱਜ ਤੋਂ ਲੈ ਕੇ ਸਾਰਾ ਸਟਾਫ਼ ਹੀ ਰਹਿੰਦਾ ਹੈ। ਜਾਓ ਪੁੱਛ ਪੜਤਾਲ ਕਰ ਲਓ…।’’ ਅੱਗੇ ਕੋਈ ਜਵਾਬ ਦਿੱਤੇ ਬਿਨਾਂ ਅਗਲਾ ਫ਼ੋਨ ਕੱਟ ਦਿੰਦਾ ਸੀ। ਮੈਂ ਆਪਣੇ ਨਜ਼ਦੀਕੀ ਮਿੱਤਰਾਂ ਦਾ ਨਾਂ ਨਾ ਲਿਆ ਜਿਨ੍ਹਾਂ ਨਾਲ ਮੇਰਾ ਹਰ ਰੋਜ਼ ਦਾ ਮਿਲਣਾ ਸੀ। ਉਨ੍ਹਾਂ ਨੂੰ ਵੀ ਪ੍ਰੇਸ਼ਾਨ ਕਰ ਦੇਣਾ ਸੀ, ਇਸ ਲਈ ਚੁੱਪ ਰਿਹਾ। ਇੱਕ ਦੋ ਮਿੱਤਰਾਂ ਨੇ ਮੇਰੇ ਘਰ ਨਾਲ ਰਾਬਤਾ ਰੱਖਿਆ, ਬਾਕੀ ਮੁਖ ਮੋੜ ਗਏ, ਮਤੇ ਅਸੀਂ ਵੀ ਨਾਲ ਟੰਗੇ ਜਾਈਏ। ਇਕਾਂਤਵਾਸ ਕੇਂਦਰ ਵਿੱਚ ਵੀ ਸਾਨੂੰ ਜਾਪਦਾ ਸੀ ਜਿਵੇਂ ਅਸੀਂ ਕਰੋਨਾ ਦੇ ਮਰੀਜ਼ ਨਹੀਂ, ਕੈਦੀ ਹੋਈਏ। ਕਮਰਿਆਂ ਸਾਹਮਣੇ ਛੋਟਾ ਜਿਹਾ ਵਿਹੜਾ ਸੀ। ਤਿੰਨ ਪਾਸੇ ਕਮਰੇ ਬਣੇ ਸਨ। ਇੱਕ ਪਾਸਾ ਖੁੱਲ੍ਹਾ ਸੀ ਜਿਸ ਉੱਤੇ ਕੰਡੇਦਾਰ ਤਾਰ ਅੱਠ ਫੁੱਟ ਉਚਾਈ ਤੱਕ ਲਾ ਰੱਖੀ ਸੀ। ਨਾ ਕੋਈ ਉਸ ਥਾਣੀਂ ਅੰਦਰ ਆ ਸਕਦਾ ਤੇ ਨਾ ਬਾਹਰ ਜਾ ਸਕਦਾ ਸੀ। ਤਾਰ ਕੋਲ ਤਿੰਨ ਗਾਰਡ ਤਾਇਨਾਤ ਕੀਤੇ ਹੋਏ ਸਨ। ਕੈਦੀਆਂ ਵਾਂਗ ਇਹ ਹੀ ਸਾਡੀਆਂ ਬੈਰਕਾਂ ਸਨ। ਅਸੀਂ ਲਗਭਗ ਪੈਂਤੀ ਚਾਲੀ ਮਰੀਜ਼ ਸਾਂ। ਸਭ ਠੀਕ-ਠਾਕ ਸਨ। ਪਖਾਨਿਆਂ ਦਾ ਬੁਰਾ ਹਾਲ ਸੀ। ਔਰਤਾਂ ਲਈ ਪਖਾਨਾ ਉੱਪਰਲੀ ਮੰਜ਼ਿਲ ’ਤੇ ਸੀ। ਮਰਦਾਂ ਲਈ ਹੇਠਾਂ। ਸਾਰਿਆਂ ਵਿੱਚ ਹਰ ਵਕਤ ਪਾਣੀ ਹੀ ਪਾਣੀ ਫਿਰਦਾ ਰਹਿੰਦਾ ਸੀ। ਛੱਤ ਤੋਂ ਪਾਣੀ ਤਿਪ-ਤਿਪ ਕਰਕੇ ਡਿੱਗਦਾ ਸੀ। ਇਸ ਲਈ ਹਰ ਕੋਈ ਸਿਰ ’ਤੇ ਤੌਲੀਆ ਲੈ ਕੇ ਜਾਂਦਾ ਸੀ। ਗੰਦਗੀ ਦਾ ਕੋਈ ਅੰਤ ਨਹੀਂ ਸੀ। ਮੱਛਰਾਂ ਦੀ ਭਰਮਾਰ। ਇੱਥੇ ਤਾਂ ਸਗੋਂ ਹੋਰ ਬਿਮਾਰੀਆਂ ਨੂੰ ਨਿਓਤਾ ਦਿੱਤਾ ਜਾ ਰਿਹਾ ਜਾਪਦਾ ਸੀ। ਆਪਣੇ ਇੱਕ ਸਾਹਿਤਕ ਮਿੱਤਰ ਅਮਨ ਨੂੰ ਫ਼ੋਨ ਕਰਕੇ ਸਾਬਣ, ਤੌਲੀਆ, ਕੱਛਾ, ਤੇਲ, ਟੁੱਥ-ਪੇਸਟ, ਬਰੱਸ਼ ਵਗੈਰਾ ਮੰਗਵਾਇਆ। ਘਰ ਮੈਨੂੰ ਉਨ੍ਹਾਂ ਜਾਣ ਨਹੀਂ ਦਿੱਤਾ। ਸਿੱਧਾ ਹਸਪਤਾਲ ਲਿਆਏ ਸਨ।
ਮੈਨੂੰ ਘਰ ਦੀ ਬਹੁਤ ਚਿੰਤਾ ਹੋ ਰਹੀ ਸੀ। ਘਰ ਬਜ਼ੁਰਗ ਮਾਂ-ਬਾਪ ਸਨ ਤੇ ਬੱਚੇ ਹਨ। ਉਨ੍ਹਾਂ ਨੂੰ ਵੀ ਲਪੇਟੇ ਵਿੱਚ ਲੈਣਾ ਸੀ। ਸਿਹਤ ਵਿਭਾਗ ਦੇ ਮੁਲਾਜ਼ਮ ਤੇ ਆਸ਼ਾ ਵਰਕਰ ਗੇੜੇ ਮਾਰਨ ਲੱਗੇ ਸਨ। ਕਰੋਨਾ ਟੈਸਟ ਕਰਵਾਉਣ ਬਾਰੇ ਜ਼ੋਰ ਪਾ ਰਹੇ ਸਨ। ਅਖੇ, ‘‘ਕੱਲ੍ਹ ਨੂੰ ਤੁਹਾਨੂੰ ਖ਼ਿਆਲੇ ਦੇ ਹਸਪਤਾਲ ਐਂਬੂਲੈਂਸ ਰਾਹੀਂ ਅਸੀਂ ਲੈ ਕੇ ਜਾਵਾਂਗੇ…।’’ ਜੇਕਰ ਕਿਸੇ ਦੀ ਰਿਪੋਰਟ ਪਾਜ਼ੇਟਿਵ ਆ ਗਈ ਤਾਂ ਖੱਜਲ-ਖੁਆਰੀ ਬਹੁਤ ਹੋਵੇਗੀ। ਇੱਕ ਤਰ੍ਹਾਂ ਸਾਰਾ ਪਰਿਵਾਰ ਸੂਲੀ ਟੰਗਿਆ ਜਾਣਾ ਸੀ। ਮੈਂ ਪਤਨੀ ਨੂੰ ਸਮਝਾਉਂਦਿਆਂ ਕਿਹਾ, ‘‘ਤੁਸੀਂ ਸਾਰੇ ਪੈਰਾਸੀਟਾਮੋਲ ਦੀ ਗੋਲ਼ੀ ਖਾਣੀ ਸ਼ੁਰੂ ਕਰ ਦਿਓ। ਗਰਮ ਪਾਣੀ ਪੀਣਾ ਸ਼ੁਰੂ ਕਰ ਦਿਓ ਤੇ ਗਰਮ ਪਾਣੀ ਵਿੱਚ ਨਮਕ ਪਾ ਕੇ ਗਰਾਰੇ ਕਰਨ ਲੱਗ ਜਾਓ। ਕਾੜਾ ਬਣਾ ਕੇ ਪੀਓ… ਜਿਸ ਨਾਲ ਸਿਹਤ ਠੀਕ ਰਹੇਗੀ।’’ ਸਾਡੇ ਚੈੱਕਅਪ ਕਰਨ ਆਉਂਦੀਆਂ ਨਰਸਾਂ ਸਾਨੂੰ ਤਿੰਨ ਗੋਲ਼ੀਆਂ ਦੇ ਜਾਂਦੀਆਂ। ਇੱਕ ਮਲਟੀਵਿਟਾਮਨ, ਵਿਟਾਮਨ ਸੀ ਅਤੇ ਕੁਨੀਨ।
ਉਸ ਰਾਤ ਮੈਨੂੰ ਨੀਂਦ ਨਾ ਆਈ। ਸਾਰੀ ਰਾਤ ਪਾਸੇ ਮਾਰਦਿਆਂ ਲੰਘੀ। ਮੱਛਰ ਤੇ ਘਾਹ ਉੱਤੇ ਬੈਠਣ ਵਾਲੇ ਟਿੱਡੇ ਸਾਡੇ ਬੈੱਡਾਂ ’ਤੇ ਕੁਸ਼ਤੀ ਖੇਡਦੇ ਰਹੇ। ਨਾਲ ਦੇ ਸਾਥੀਆਂ ਨਾਲ ਗੱਲਾਂ ਕਰਕੇ ਸਮਾਂ ਲੰਘਾਉਂਦਾ ਰਿਹਾ। ਇਸ ਤਰ੍ਹਾਂ ਸਾਡੀ ਸਭ ਨਾਲ ਜਾਣ ਪਛਾਣ ਹੋ ਗਈ। ਦਿਨ ਦੇ ਭੁੱਖੇ ਭਾਣਿਆਂ ਨੂੰ ਖਾਣਾ ਰਾਤ ਸਾਢੇ ਨੌਂ ਵਜੇ ਮਿਲਿਆ। ਸਵੇਰ ਹੋਣ ’ਤੇ ਸਭ ਆਰਾਮ ਨਾਲ ਉੱਠੇ। ਮੈਂ ਸਭ ਤੋਂ ਪਹਿਲਾਂ ਸਵੇਰ ਦਾ ਕੰਮ ਨਬਿੇੜ ਕੇ ਨਹਾ ਤਿਆਰ ਹੋ ਗਿਆ। ਸੱਤ ਕੁ ਵਜੇ ਘਰੋਂ ਮੰਗਵਾਇਆ ਮੇਰਾ ਬੈਗ ਵੱਡਾ ਭਾਈ ਦਰਸ਼ਨ ਤੇ ਅਮਰੀਕ ਦੇ ਗਏ। ਮੈਂ ਕੁਝ ਕਿਤਾਬਾਂ ਵੀ ਮੰਗਵਾ ਲਈਆਂ ਸਨ। ਹੌਲ਼ੀ ਹੌਲ਼ੀ ਵਾਰਡ ਦੇ ਸਾਰੇ ਸਾਥੀ ਤਿਆਰ ਹੋ ਗਏ। ਚਾਹ ਦੀ ਉਡੀਕ ਕਰਨ ਲੱਗੇ, ਪਰ ਚਾਹ ਨਾ ਆਈ। ਸਾਢੇ ਕੁ ਨੌਂ ਵਜੇ ਨਾਸ਼ਤਾ ਆਇਆ। ਦੋ ਪਰੌਂਠੇ, ਅਚਾਰ ਤੇ ਪੰਜਾਹ ਕੁ ਗ੍ਰਾਮ ਦਹੀਂ। ਕੁਝ ਸਮੇਂ ਬਾਅਦ ਚਾਹ ਵੀ ਆ ਗਈ। ਨਾਸ਼ਤਾ ਕਰਕੇ ਅਸੀਂ ਫਿਰ ਬੈੱਡਾਂ ’ਤੇ ਪੈ ਗਏ। ਸਾਥੀ ਆਪਣੇ ਮੋਬਾਈਲਾਂ ਉੱਤੇ ਠੁੰਗਾਂ ਮਾਰਨ ਲੱਗੇ। ਮੈਂ ਬੈਗ ਵਿੱਚੋਂ ਉਨ੍ਹਾਂ ਦੇ ਕਿਤਾਬਾਂ ਪੜ੍ਹਨ ਲਈ ਕੱਢ ਦਿੱਤੀਆਂ। ਸਾਰਿਆਂ ਨੇ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਮੈਂ ਵੀ ਕਿਤਾਬ ਪੜ੍ਹਨ ਲੱਗਿਆ। ਜਦੋਂ ਉਨ੍ਹਾਂ ਨੂੰ ਮੈਂ ਆਪਣੀਆਂ ਲਿਖੀਆਂ ਕਿਤਾਬਾਂ ਦਿੱਤੀਆਂ ਤਾਂ ਉਹ ਹੈਰਾਨ ਰਹਿ ਗਏ। ਉਨ੍ਹਾਂ ਦੀ ਮੇਰੀਆਂ ਕਿਤਾਬਾਂ ਪੜ੍ਹਨ ਵਿੱਚ ਰੁਚੀ ਵਧ ਗਈ। ਸਾਡੇ ਸਾਰੇ ਬੈੱਡਾਂ ਉੱਤੇ ਸਾਨੂੰ ਕਿਤਾਬਾਂ ਪੜ੍ਹਦਿਆਂ ਦੇਖ ਚੈੱਕਅੱਪ ਲਈ ਆਈਆਂ ਨਰਸਾਂ ਵੀ ਹੈਰਾਨ ਸਨ। ਜਿਵੇਂ ਕਿਸੇ ਕਾਲਜ ਦੇ ਹੋਸਟਲ ਵਿੱਚ ਪੜ੍ਹਦੇ ਹੋਈਏ। ਸਾਰੇ ਹੀ ਪੜ੍ਹੀ ਜਾ ਰਹੇ ਸਨ। ਉਨ੍ਹਾਂ ਵਿਚਾਰੀਆਂ ਦਾ ਤਾਂ ਬਹੁਤ ਬੁਰਾ ਹਾਲ ਸੀ। ਉਨ੍ਹਾਂ ਦੀਆਂ ਪਾਈਆਂ ਕਿੱਟਾਂ ਵਿੱਚ ਹਵਾ ਵੀ ਨਹੀਂ ਸੀ ਲੱਗਦੀ। ਸਿਰ ਤੋਂ ਲੈ ਕੇ ਪੈਰਾਂ ਤੱਕ ਢੱਕੀਆਂ ਹੁੰਦੀਆਂ। ਪਸੀਨੇ ਨਾਲ ਭਿੱਜੀਆਂ। ’ਕੱਲੇ-’ਕੱਲੇ ਮਰੀਜ਼ ਨੂੰ ਚੈੱਕ ਕਰਦੀਆਂ। ਦੋ ਢਾਈ ਘੰਟੇ ਲੱਗ ਜਾਂਦੇ। ਦਿਨ ਵਿੱਚ ਤਿੰਨ ਵਾਰ ਚੈੱਕ ਕਰਨਾ ਹੁੰਦਾ। ਨਿਗੂਣੀਆਂ ਤਨਖ਼ਾਹਾਂ ਅਤੇ ਕੱਚੀ ਨੌਕਰੀ ’ਤੇ ਜ਼ਿਆਦਾ ਕੰਮ ਕਰ ਰਹੀਆਂ ਸਨ। ਖ਼ੈਰ! ਕਿਤਾਬਾਂ ਪੜ੍ਹਦਿਆਂ ਬਹੁਤ ਸਾਰੇ ਸਾਥੀ ਨੀਂਦ ਵੀ ਲੈ ਲੈਂਦੇ, ਫਿਰ ਪੜ੍ਹਨ ਲੱਗ ਜਾਂਦੇ। ਸਮੇਂ ਦਾ ਪਤਾ ਹੀ ਨਾ ਲੱਗਿਆ। ਢਾਈ ਵਜੇ ਦੇ ਤਕਰੀਬਨ ਸਾਡਾ ਖਾਣਾ ਆ ਗਿਆ। ਖਾਣਾ ਖਾ ਕੇ ਕੁਝ ਸਾਥੀ ਸੌਂ ਗਏ, ਕੁਝ ਕਿਤਾਬਾਂ ਵਿੱਚ ਖੁੱਭੇ ਰਹੇ। ਰਘਵੀਰ ਸਿੰਘ ਨੇ ਮੇਰੀ ਸਾਰੀ ਕਿਤਾਬ ਪੜ੍ਹ ਕੇ ਹੀ ਦਮ ਲਿਆ। ਸ਼ਾਮ ਦੇ ਸੱਤ ਵੱਜ ਚੁੱਕੇ ਸਨ। ਅਸੀਂ ਮੇਰੀਆਂ ਕਹਾਣੀਆਂ ’ਤੇ ਚਰਚਾ ਕਰਨ ਲੱਗੇ। ਘਰੋਂ ਮੇਰੇ ਮੋਬਾਈਲ ’ਤੇ ਵੀਡੀਓ ਕਾਲ ਆ ਗਈ। ਬੇਟੀ ਜਸ਼ਨ ਸਕਰੀਨ ’ਤੇ ਨਜ਼ਰ ਆਈ।
ਹਾਲ-ਚਾਲ ਪੁੱਛਦਿਆਂ ਉਹ ਇਧਰ ਉਧਰ ਦੀਆਂ ਗੱਲਾਂ ਕਰਦੀ ਰਹੀ। ਨਾਲ਼ੇ ਮੈਨੂੰ ਦੇਖ ਕੇ ਹੱਸਦੀ ਰਹੀ। ਫਿਰ ਪਤਨੀ ਗੱਲਾਂ ਕਰਨ ਲੱਗੀ। ਉਸ ਨੇ ਦੱਸਿਆ, ‘‘ਅੱਜ ਸਾਡਾ ਟੈਸਟ ਨਹੀਂ ਹੋਇਆ। ਕੋਈ ਲੈਣ ਨਹੀਂ ਆਇਆ। ਫ਼ੋਨ ਆਇਆ ਸੀ। ਕਹਿੰਦੇ, ਸ਼ੁੱਕਰਵਾਰ ਨੂੰ ਆਪਣੇ ਹਸਪਤਾਲ ਵਿੱਚ ਹੀ ਹੋ ਜਾਊ…।’’
‘‘ਚਲੋ ਠੀਕ ਹੈ ਤੁਹਾਨੂੰ ਤਿੰਨ ਦਿਨ ਦਾ ਸਮਾਂ ਹੋਰ ਮਿਲ ਗਿਆ। ਗੋਲ਼ੀਆਂ ਖਾਂਦੇ, ਗਰਾਰੇ ਕਰਦੇ ਤੇ ਕਾੜਾ ਪੀਂਦੇ ਰਹੋ…।’’ ਉਸ ਨੇ ਇੱਕ ਗੱਲ ਹੋਰ ਦੱਸੀ।
‘‘ਕਿਸੇ ਨੇ ਹਸਪਤਾਲ ਵਿੱਚ ਫ਼ੋਨ ਕਰਕੇ ਸ਼ਿਕਾਇਤ ਕੀਤੀ। ਉਨ੍ਹਾਂ ਦਾ ਫ਼ੋਨ ਆਇਆ ਸੀ। ਅਖੇ ‘ਤੁਹਾਡੇ ਬੱਚੇ ਕਿਤੇ ਬਾਹਰ ਪੜ੍ਹਨ ਜਾਂਦੇ ਨੇ। ਤੁਹਾਡੇ ਘਰ ਵੀ ਕੁਝ ਬੱਚੇ ਆਉਂਦੇ ਨੇ। ਘਰ ਦੇ ਮੈਂਬਰ ਬਾਹਰ ਤੁਰੇ ਫਿਰਦੇ ਨੇ। ਜਿਨ੍ਹਾਂ ਨਾਲ ਉਨ੍ਹਾਂ ਦਾ ਤਾਲਮੇਲ ਬਣਿਆ ਸਭ ਦਾ ਨਾਂ ਦੱਸੋ…।’ ਅਸੀਂ ਤਾਂ ਕੋਰੀ ਨਾਂਹ ਕਰ ਦਿੱਤੀ। ਸਾਡੇ ਕੋਈ ਆਉਂਦਾ ਨਹੀਂ। ਅਸੀਂ ਕਿਸੇ ਦੇ ਜਾਂਦੇ ਨਹੀਂ। ਵਾਰ-ਵਾਰ ਪੁੱਛਣ ’ਤੇ ਮੈਂ ਕਿਹਾ, ਉਨ੍ਹਾਂ ਨਾਲ਼ ਗੱਲ ਕਰ ਲਓ। ਤੁਹਾਡੇ ਕੋਲ਼ ਤਾਂ ਕੋਈ ਫ਼ੋਨ ਨਹੀਂ ਆਇਆ…?’’
‘‘ਨਹੀਂ। ਚੱਲ ਮੈਂ ਪਤਾ ਕਰਦਾ ਹਾਂ ਕਿਸ ਨੇ ਸ਼ਿਕਾਇਤ ਕੀਤੀ ਹੈ। ਤੁਸੀਂ ਠੀਕ-ਠਾਕ ਰਹੋ। ਮੇਰੀ ਚਿੰਤਾ ਨਾ ਕਰੋ…।’’ ਮੈਂ ਜਵਾਬ ਦਿੱਤਾ। ਉਸ ਨੇ ਇੱਕ ਗੱਲ ਹੋਰ ਦੱਸੀ, ‘‘ਸਵੇਰੇ ਮੈਂ ਬਾਹਰ ਝਾੜੂ ਮਾਰ ਰਹੀ ਸੀ। ਆਪਣੇ ਸਾਹਮਣੇ ਵਾਲੀ ਵੀ ਗੇਟ ਦੀ ਸਫ਼ਾਈ ਕਰਨ ਆਈ। ਮੈਨੂੰ ਨਫ਼ਰਤ ਭਰੀਆਂ ਨਜ਼ਰਾਂ ਨਾਲ ਤੱਕਿਆ, ਮੂੰਹ ’ਤੇ ਚੰਗੀ ਤਰ੍ਹਾਂ ਚੁੰਨੀ ਬੰਨ੍ਹ ਲਈ ਤੇ ਬੁੜ-ਬੁੜ ਕਰਨ ਲੱਗੀ। ਦੂਜੇ ਗੁਆਂਢੀਆਂ ਦੇ ਜਵਾਕ ਛੱਤ ’ਤੇ ਖੜ੍ਹੇ ਆਪਣੇ ਜਵਾਕਾਂ ਵੱਲ ਥੁੱਕ ਕੇ ਕਹਿ ਰਹੇ ਸੀ ‘ਕਰੋਨਾ ਵਾਲੇ ਥੂਹ’…।’’ ਉਹ ਗੱਲਾਂ ਕਰਦੀ ਕਰਦੀ ਭਾਵੁਕ ਹੋ ਗਈ। ਮੇਰਾ ਵੀ ਮਨ ਖ਼ਰਾਬ ਹੋ ਗਿਆ ਕਿ ਮਨਾਂ ਵਿੱਚ ਕਰੋਨਾ ਦੀ ਏਨੀ ਦਹਿਸ਼ਤ ਭਰ ਦਿੱਤੀ ਗਈ ਕਿ ਲੋਕ ਇੱਕ ਦੂਜੇ ਨੂੰ ਮਿਲਣੋਂ ਹਟ ਗਏ। ਨਫ਼ਰਤ ਕਰਨ ਲੱਗ ਪਏ। ਟੀ.ਵੀ. ਦੇ ਨਿਊਜ਼ ਚੈਨਲ ਲੋਕਾਂ ਨੂੰ ਡਰਾਉਣ ਦਾ ਕੰਮ ਕਰ ਰਹੇ ਸਨ। ਇਹ ਹਾਲਾਤ ਹੋ ਗਏ ਸਨ, ਚਾਹੇ ਕਿਸੇ ਵੀ ਬਿਮਾਰੀ ਨਾਲ਼ ਮੌਤ ਹੋ ਜਾਂਦੀ, ਉਸ ਨੂੰ ਕਰੋਨੇ ਦੀ ਪੁੱਠ ਚੜ੍ਹਾਈ ਜਾਂਦੀ।
ਅੱਜ ਮੈਨੂੰ ਚੌਥਾ ਦਿਨ ਸੀ। ਬਹੁਤ ਸਾਰੇ ਮਿੱਤਰ ਪਿਆਰੇ ਫ਼ੋਨ ਕਰਕੇ ਹੌਸਲਾ ਦਿੰਦੇ ਰਹੇ। ਸਟਾਫ਼ ਮੈਬਰਾਂ ਤੇ ਜੱਜ ਸਾਹਿਬ ਨੇ ਵੀ ਗੱਲ ਕੀਤੀ। ਸਟਾਫ਼ ਵਾਲੇ ਕੁਝ ਸਾਥੀ ਮੇਰਾ ਘਰ ਅੰਦਰ ਇਕਾਂਤਵਾਸ ਕਰਵਾਉਣ ਲਈ ਅਫ਼ਸਰਾਂ ’ਤੇ ਜ਼ੋਰ ਪਾ ਰਹੇ ਸਨ। ਰੀਡਰ ਮੁਕੇਸ਼ ਕੇ ਕਾਫ਼ੀ ਜ਼ੋਰ ਲਾ ਰੱਖਿਆ ਸੀ। ਉਸ ਨੇ ਫਾਰਮ ਲੈ ਕੇ ਰੱਖਿਆ ਤੇ ਮੈਨੂੰ ਘਰ ਦੇ ਕਿਸੇ ਮੈਂਬਰ ਤੋਂ ਪੈਰਵੀ ਕਰਵਾਉਣ ਲਈ ਕਿਹਾ। ਜਿਹੜਾ ਤੇਰਾ ਖ਼ਿਆਲ ਰੱਖਣ ਲਈ ਆਪਣੀ ਜਿੰਮੇਵਾਰੀ ਦੇਵੇ। ਮੈਂ ਘਰ ਦੇ ਮੈਂਬਰਾਂ ਨੂੰ ਪ੍ਰੇਸ਼ਾਨ ਕਰਨਾ ਮੁਨਾਸਬਿ ਨਾ ਸਮਝਿਆ। ਆਪਣੇ ਇੱਕ ਮਿੱਤਰ ਗੁਰਦੀਪ ਸਿੰਘ ਨੂੰ ਸਾਰੀ ਗੱਲ ਸਮਝਾ ਦਿੱਤੀ। ਉਸ ਨੇ ਫਾਰਮ ਭਰ ਕੇ ਡਾਕਟਰ ਦੇ ਦਸਤਖ਼ਤ ਕਰਵਾ ਲਏ। ਉਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਕਾਰਵਾਈ ਕਾਫ਼ੀ ਲੰਮੀ ਸੀ। ਪਹਿਲਾਂ ਐੱਸ.ਡੀ.ਐੱਮ. ਤੋਂ ਦਸਤਖ਼ਤ ਕਰਵਾਉਣੇ, ਫਿਰ ਤਹਿਸੀਲਦਾਰ, ਫਿਰ ਨਾਇਬ ਤਹਿਸੀਲਦਾਰ, ਕੰਨਗੋ ਤੋਂ ਬਾਅਦ ਲੋਕਲ ਪਟਵਾਰੀ ਦੀ ਰਿਪੋਰਟ ਕਰਵਾਉਣੀ ਸੀ। ਜਿਵੇਂ ਕਿਸੇ ਕੈਦੀ ਨੂੰ ਜੇਲ੍ਹ ’ਚੋਂ ਛੁੱਟੀ ਦਿਵਾਉਣੀ ਹੋਵੇ। ਗੁਰਦੀਪ ਵਿਚਾਰਾ ਭੱਜ-ਦੌੜ ਕਰ ਰਿਹਾ ਸੀ। ਐੱਸ.ਡੀ.ਐੱਮ. ਕੋਲ ਗਿਆ ਉਸ ਨੇ ਫਾਰਮ ’ਤੇ ਦਸਤਖ਼ਤ ਕਰਨ ਤੋਂ ਮਨ੍ਹਾ ਕਰ ਦਿੱਤਾ।
‘‘ਪਹਿਲਾਂ ਦਰਖ਼ਾਸਤ ਲਿਖ ਕੇ ਦਿਓ। ਨਾਲ਼ੇ ਐਫੀਡੈਵਿਟ ਬਣਾ ਕੇ ਲਿਆਓ…।’’ ਗੁਰਦੀਪ ਨੇ ਸਾਰੀ ਕਾਰਵਾਈ ਕੀਤੀ। ਫਿਰ ਐੱਸ.ਡੀ.ਐੱਮ ਕੋਲ਼ ਪਹੁੰਚ ਗਿਆ। ਫਿਰ ਉਸ ਨੇ ਕਿਹਾ, ‘‘ਡਾਕਟਰ ਦੀ ਮੋਹਰ ਨਹੀਂ ਹੈ।’’ ਗੁਰਦੀਪ ਫਿਰ ਡਾਕਟਰ ਕੋਲ ਆ ਗਿਆ। ਉਨ੍ਹਾਂ ਸਾਫ਼ ਕਹਿ ਦਿੱਤਾ, ‘‘ਸਾਡੇ ਕੋਲ ਤਾਂ ਮੋਹਰ ਹੈ ਨਹੀਂ।’’ ਫਿਰ ਪਹੁੰਚੇ ਗੁਰਦੀਪ ਨੂੰ ਐੱਸ.ਡੀ.ਐੱਮ. ਨੇ ਸਾਫ਼ ਕਹਿ ਦਿੱਤਾ ਕਿ ਮੋਹਰ ਤੋਂ ਬਿਨਾ ਦਸਤਖ਼ਤ ਨਹੀਂ ਕਰਨੇ। ਗੁਰਦੀਪ ਦੀ ਉਸ ਨਾਲ ਥੋੜ੍ਹੀ ਤਕਰਾਰ ਵੀ ਹੋ ਗਈ। ਉਸ ਨੇ ਮੈਨੂੰ ਫ਼ੋਨ ’ਤੇ ਦੱਸਿਆ। ਮੈਂ ਅਗਾਂਹ ਮੁਕੇਸ਼ ਰੀਡਰ ਨੂੰ ਦੱਸਿਆ। ਉਸ ਨੇ ਉੱਪਰੋਂ ਐੱਸ.ਡੀ.ਐੱਮ. ਨੂੰ ਫ਼ੋਨ ਕਰਵਾ ਦਿੱਤਾ। ਫਿਰ ਕਿਤੇ ਜਾ ਕੇ ਉਸ ਨੇ ਦਸਤਖ਼ਤ ਕੀਤੇ। ਫਿਰ ਤਹਿਸੀਲਦਾਰ ਨਹੀਂ ਮਿਲਿਆ। ਗੁਰਦੀਪ ਦੀ ਸਾਰੀ ਦਿਹਾੜੀ ਇਸ ਕੰਮ ’ਤੇ ਹੀ ਲੰਘ ਗਈ। ਉਸ ਨੇ ਮੈਨੂੰ ਫ਼ੋਨ ਕੀਤਾ, ‘‘ਕੱਲ੍ਹ ਘਰੋਂ ਕਿਸੇ ਨੂੰ ਸੱਦ ਲਈਂ ਦਸ ਵਜੇ। ਮੈਂ ਤਹਿਸੀਲਦਾਰ ਤੋਂ ਦਸਤਖ਼ਤ ਕਰਵਾ ਦਿਆਂਗਾ। ਤੁਸੀਂ ਤੁਹਾਡੇ ਪਿੰਡ ਦੇ ਪਟਵਾਰੀ ਤੇ ਨਾਇਬ ਤਹਿਸੀਲਦਾਰ ਦੀ ਰਿਪੋਰਟ ਕਰਵਾ ਲਿਆਉਣੀ।’’ ਮੈਂ ਵੱਡੇ ਭਰਾ ਦਰਸ਼ਨ ਨੂੰ ਫ਼ੋਨ ਮਾਰਿਆ। ਉਸ ਨੂੰ ਸਾਰੀ ਗੱਲ ਸਮਝਾ ਦਿੱਤੀ।
ਅਸੀਂ ਕਦੇ ਕਿਤਾਬ ਪੜ੍ਹ ਲੈਂਦੇ, ਕਦੇ ਮੋਬਾਈਲ ’ਤੇ ਸਮਾਂ ਕੱਢਦੇ, ਕਦੇ ਗੱਲਾਂ ਕਰਨ ਲੱਗਦੇ। ਹੋਰ ਵਾਰਡਾਂ ਵਿੱਚ ਤਾਂ ਤਾਸ਼ ਦੀ ਵੀ ਬਾਜ਼ੀ ਚੱਲਦੀ ਸੀ। ਇੱਕ ਦੋ ਵਾਰਡਾਂ ਵਿੱਚ ਟੀ.ਵੀ.ਲੱਗੇ ਹੋਏ ਸਨ। ਆਪਸੀ ਫਾਸਲੇ ਵਾਲੀ ਗੱਲ ਤਾਂ ਉੱਥੇ ਹੈ ਨਹੀਂ ਸੀ। ਮੈਂ ਉੱਥੋਂ ਦੇ ਸੈਂਟਰ ਦੀਆਂ ਬਹੁਤ ਸਾਰੀਆਂ ਵੀਡੀਓ ਬਣਾ ਲਈਆਂ। ਸਾਡੇ ਚੈੱਕਅੱਪ ਲਈ ਆਉਂਦੀਆਂ ਨਰਸਾਂ ਦੀ ਫ਼ੋਟੋ ਵੀ ਖਿੱਚ ਲੈਂਦਾ ਸੀ। ਖਾਣਾ ਸਮੇਂ ਸਿਰ ਨਾ ਆਉਣ ਦੀ ਮੈਂ ਰਿਪੋਰਟ ਕਰਦਾ ਰਹਿੰਦਾ ਸੀ। ਉਨ੍ਹਾਂ ਦਾ ਉੱਤਰ ਸੀ: ‘‘ਖਾਣੇ ਵਾਲੇ ਨੂੰ ਪੈਸੇ ਨਹੀਂ ਦਿੱਤੇ ਇਸ ਲਈ ਦੇਰੀ ਹੁੰਦੀ ਹੈ।’’
ਸਾਡੇ ਵਿੱਚ ਬਹੁਤ ਸਾਰੇ ਪੁਲੀਸ ਮੁਲਾਜ਼ਮ ਵੀ ਮਰੀਜ਼ ਸਨ। ਬਾਹਰ ਜਾਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਸੀ, ਨਾ ਕੋਈ ਮਿਲ ਸਕਦਾ ਸੀ।
ਅਗਲੇ ਦਿਨ ਦਸ ਕੁ ਵਜੇ ਭਾਈ ਦਰਸ਼ਨ ਤੇ ਅਮਰੀਕ ਆ ਗਏ। ਉਨ੍ਹਾਂ ਨੂੰ ਮੈਂ ਗੁਰਦੀਪ ਦਾ ਨੰਬਰ ਦੇ ਦਿੱਤਾ। ਤਹਿਸੀਲਦਾਰ ਕਿਤੇ ਦੌਰੇ ’ਤੇ ਗਿਆ ਹੋਇਆ ਸੀ। ਗਿਆਰਾਂ ਕੁ ਵਜੇ ਉਹ ਦਫ਼ਤਰ ਆਇਆ ਤਾਂ ਗੁਰਦੀਪ ਨੇ ਦਸਤਖ਼ਤ ਕਰਵਾ ਦਿੱਤੇ ਤੇ ਕਿਹਾ ਕਿ ਜਿੰਨਾ ਜਲਦੀ ਹੋ ਸਕਦਾ, ਉਹ ਪਟਵਾਰੀ ਤੇ ਨਾਇਬ ਤਹਿਸੀਲਦਾਰ ਦੀ ਰਿਪੋਰਟ ਕਰਵਾ ਲਿਆਉਣ ਤਾਂ ਮੈਂ ਓਨਾ ਜਲਦੀ ਨਿਕਲ ਸਕਦਾ ਸੀ। ਉਹ ਘੰਟੇ ਕੁ ਅੰਦਰ ਰਿਪੋਰਟ ਕਰਵਾ ਲਿਆਏ। ਹੁਣ ਮੁੜ ਤਹਿਸੀਲਦਾਰ ਤੇ ਐੱਸ.ਡੀ.ਐੱਮ. ਦੀ ਰਿਪੋਰਟ ਹੋਣੀ ਸੀ। ਫਿਰ ਕਾਗ਼ਜ਼ ਡਾਕਟਰ ਕੋਲ ਇਕਾਂਤਵਾਸ ਕੇਂਦਰ ਵਿੱਚ ਜਮ੍ਹਾਂ ਕਰਵਾਉਣੇ ਸਨ। ਫਿਰ ਉਨ੍ਹਾਂ ਮੈਨੂੰ ਇਸ ਕੈਦ ’ਚੋਂ ਛੱਡਣਾ ਸੀ। ਕੋਰਟ ’ਚੋਂ ਵੀ ਸਾਥੀਆਂ ਦੇ ਫ਼ੋਨ ਲਗਾਤਾਰ ਆ ਰਹੇ ਸਨ। ਉਨ੍ਹਾਂ ਨੂੰ ਸਾਰੀ ਕਹਾਣੀ ਦੱਸਦਾ। ਆਖ਼ਰ ਤਹਿਸੀਲਦਾਰ ਨੇ ਰਿਪੋਰਟ ਕਰ ਦਿੱਤੀ ਤਾਂ ਐੱਸ.ਡੀ.ਐੱਮ. ਸਾਹਿਬ ਰੋਟੀ ਖਾਣ ਚਲੇ ਗਏ। ਢੀਂਡਾ ਫਿਰ ਫਸ ਗਿਆ। ਤਿੰਨ ਵਜੇ ਦੇ ਲਗਭਗ ਉਹ ਵਾਪਸ ਆਏ। ਕਾਗ਼ਜ਼ ਅੰਦਰ ਭੇਜੇ ਗਏ। ਮੇਜ਼ ’ਤੇ ਘੰਟਾ ਪਏ ਰਹੇ। ਕੜਕਦੀ ਧੁੱਪ ਵਿੱਚ ਬਾਹਰ ਉਹ ਭੁੱਖੇ-ਭਾਣੇ ਉਡੀਕਦੇ ਰਹੇ। ਐੱਸ.ਡੀ.ਐੱਮ. ਉੱਠ ਡੀ.ਸੀ. ਦਫ਼ਤਰ ਚਲੇ ਗਏ। ਕਾਗ਼ਜ਼ਾਂ ’ਤੇ ਦਸਤਖ਼ਤ ਨਹੀਂ ਸੀ ਹੋਏ। ਸਵੇਰ ਤੋਂ ਮੁੜ ਸ਼ਾਮ ਹੋਣ ਨੂੰ ਆ ਗਈ। ਫਿਰ ਕਾਗ਼ਜ਼ਾਂ ਨੂੰ ਡੀ.ਸੀ. ਸਾਹਬ ਦੇ ਦਫ਼ਤਰ ਲੈ ਕੇ ਚਲੇ ਗਏ। ਗੁਰਦੀਪ ਨੇ ਕਿਸੇ ਜਾਣੂ ਨੂੰ ਦੇ ਕੇ ਐੱਸ.ਡੀ.ਐੱਮ. ਕੋਲ ਪੁੱਜਦੇ ਕੀਤੇ। ਕਾਗ਼ਜ਼ ਅੰਦਰੋਂ ਬਾਹਰ ਆ ਗਏ। ਦਸਤਖ਼ਤ ਨਹੀਂ ਕੀਤੇ। ਜਵਾਬ ਸੀ, ‘‘ਮੇਰੀ ਬਦਲੀ ਹੋ ਗਈ। ਮੈਂ ਚਾਰਜ ਛੱਡ ਦਿੱਤਾ…।’’ ਇਸ ਨਵੀਂ ਬਿਪਤਾ ਨੇ ਸਭ ਨੂੰ ਘੇਰ ਲਿਆ। ਹੋਰ ਇੱਕ ਬੰਦੇ ਦੇ ਕਾਗ਼ਜ ਵੀ ਸਨ। ਚੱਕਰ ਕੱਢ ਰਿਹਾ ਸੀ। ਮੂਹਰੇ ਦੋ ਛੁੱਟੀਆਂ ਸਨ। ਦਸਤਖ਼ਤ ਨਾ ਹੋਣ ਦੀ ਸੂਰਤ ਵਿੱਚ ਗੱਲ ਤਿੰਨ-ਚਾਰ ਦਿਨਾਂ ਤੱਕ ਪਹੁੰਚ ਜਾਣੀ ਸੀ। ਦੋ ਦਿਨਾਂ ਦੀ ਭੱਜ ਦੌੜ ’ਤੇ ਪਾਣੀ ਫਿਰ ਜਾਂਦਾ। ਗੁਰਦੀਪ ਨੇ ਮੈਨੂੰ ਸਾਰੀ ਕਹਾਣੀ ਫ਼ੋਨ ’ਤੇ ਦੱਸੀ। ਮੈਂ ਮੁਕੇਸ਼ ਨੂੰ ਫ਼ੋਨ ’ਤੇ ਕਿਹਾ, ‘‘ਸੈਸ਼ਨ ਜੱਜ ਸਾਹਬ ਤੋਂ ਡੀ.ਸੀ.ਸਾਹਬ ਨੂੰ ਫ਼ੋਨ ਕਰਵਾਓ ਫਿਰ ਗੱਲ ਬਣੂ…।’’ ਇਉਂ ਮੁਕੇਸ਼ ਹੋਰਾਂ ਨੇ ਫ਼ੋਨ ਕਰਵਾਇਆ ਤਾਂ ਐੱਸ.ਡੀ.ਐੱਮ. ਨੇ ਦਸਤਖ਼ਤ ਕੀਤੇ। ਨਾਲ ਦੂਜੇ ਬੰਦਿਆਂ ਦੇ ਵੀ ਹੋ ਗਏ। ਇਉਂ ਆਮ ਬੰਦਾ ਦਫ਼ਤਰਾਂ ਵਿੱਚ ਖੱਜਲ-ਖੁਆਰ ਹੁੰਦਾ ਰਹਿੰਦਾ ਹੈ। ਲੋਕ ਛੋਟੇ-ਛੋਟੇੇ ਕੰਮਾਂ ਲਈ ਕਈ ਕਈ ਦਿਨ ਗੇੜੇ ਕੱਢਦੇ ਰਹਿੰਦੇ ਹਨ। ਸਵਾ ਪੰਜ ਵਜੇ ਤੱਕ ਉਨ੍ਹਾਂ ਨੇ ਡਾਕਟਰ ਕੋਲ ਕਾਗਜ਼ ਜਮ੍ਹਾਂ ਕਰਵਾ ਦਿੱਤੇ। ਰਾਤ ਨੂੰ ਮੈਂ ਘਰ ਪਹੁੰਚ ਜਾਣਾ ਸੀ। ਉਡੀਕ ਕਰਦੇ-ਕਰਦੇ ਅੱਠ ਵੱਜ ਗਏ। ਮੈਂ ਆਸ ਛੱਡ ਦਿੱਤੀ ਕਿ ਹੁਣ ਨਹੀਂ ਜਾ ਸਕਦਾ। ਐੱਸ.ਐੱਮ.ਓ. ਤੱਕ ਫ਼ੋਨ ਕਰਵਾ ਦਿੱਤੇ ਸੀ। ਕੋਈ ਅਸਰ ਨਹੀਂ ਹੋਇਆ। ਐਂਬੂਲੈਂਸ ਨਾ ਹੋਣ ਦਾ ਬਹਾਨਾ ਬਣਾਇਆ ਗਿਆ। ਗੁਰਦੀਪ ਹਸਪਤਾਲ ਤੱਕ ਵੀ ਦੇਖ ਆਇਆ ਸੀ, ਦੋ ਸਰਕਾਰੀ ਐਂਬੂਲੈਸਾਂ ਖੜ੍ਹੀਆਂ ਸਨ। ਹੁਣ ਇਹ ਤਾਂ ਤੈਅ ਸੀ, ਮੈਨੂੰ ਅੱਜ ਇਨ੍ਹਾਂ ਨੇ ਭੇਜਣਾ ਨਹੀਂ।
ਪਰਿਵਾਰ ਵਾਲੇ ਮੈਨੂੰ ਵਾਰ-ਵਾਰ ਪੁੱਛ ਰਹੇ ਸਨ, ‘‘ਕਦੋਂ ਆਓਗੇ…?’’ ਮੈਂ ਹਾਲਾਤ ਅਤੇ ਹੋ ਰਹੇ ਹਨੇਰੇ ਨੂੰ ਦੇਖ ਕੇ ਉਨ੍ਹਾਂ ਨੂੰ ਕਹਿ ਦਿੱਤਾ, ‘‘ਅੱਜ ਨਹੀਂ ਆਉਂਦਾ ਤੜਕੇ ਆਊਂਗਾ।’’ ਇੱਕ ਵਾਰ ਤਾਂ ਮਨ ਕੀਤਾ ਕਿ ਪੰਜ ਦਿਨ ਲੰਘ ਗਏ ਪੰਜ ਬਾਕੀ ਵੀ ਲੰਘਾ ਕੇ ਹੀ ਜਾਵਾਂ। ਦੋ ਦਿਨਾਂ ਤੋਂ ਗੁਰਦੀਪ ਵਰਗੇ ਖੱਜਲ ਹੁੰਦੇ ਰਹੇ। ਹੁਣ ਵੀ ਉਹ ਹੀ ਹਾਲ ਸੀ।
ਹਨੇਰਾ ਵਧਦਾ ਜਾ ਰਿਹਾ ਸੀ। ਖਾਣਾ ਅਜੇ ਨਹੀਂ ਸੀ ਆਇਆ। ਚੈੱਕਅੱਪ ਲਈ ਨਰਸਾਂ ਆ ਗਈਆਂ। ਅਸੀਂ ਵਾਰਡ ਵਿੱਚ ਚਲੇ ਗਏ। ਪਹਿਲਾਂ ਬਾਹਰ ਬੈਠੇ ਸੀ। ਉਨ੍ਹਾਂ ਨੂੰ ਮੈਂ ਆਪਣੇ ਜਾਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ, ‘‘ਕੱਲ੍ਹ ਤੁਹਾਨੂੰ ਅੱਠ ਕੁ ਵਜੇ ਭੇਜ ਦੇਣਗੇ…।’’ ਉਹ ਚੈੱਕਅੱਪ ਕਰਕੇ ਗੋਲ਼ੀਆਂ ਦੇ ਕੇ ਚਲੀਆਂ ਗਈਆਂ। ਅਸੀਂ ਬੈੱਡਾਂ ’ਤੇ ਪੈ ਪੜ੍ਹਨ ਲੱਗੇ। ਕੁਝ ਮੋਬਾਈਲ ’ਚ ਰੁੱਝ ਗਏ। ਸਾਢੇ ਨੌਂ ਵੱਜ ਗਏ। ਬਾਹਰ ਕੁਝ ਰੌਲਾਰੱਪਾ ਪਿਆ। ਪੁਲੀਸ ਮੁਲਾਜ਼ਮ ਖਾਣਾ ਨਾ ਆਉਣ ਕਰਕੇ ਹੰਗਾਮਾ ਕਰ ਰਹੇ ਸਨ। ਕਹਿੰਦੇ, ‘‘ਅਸੀਂ ਸਵੇਰ ਦੇ ਭੁੱਖੇ-ਤਿਹਾਏ ਹਾਂ। ਆਹ ਵੇਲਾ ਆ ਗਿਆ। ਦੁਪਹਿਰ ਦਾ ਖਾਣਾ ਵੀ ਨਹੀਂ ਮਿਲਿਆ। ਤਿੰਨ ਵਜੇ ਚਾਹ ਨਾਲ ਚਾਰ-ਚਾਰ ਬਿਸਕੁਟ ਮਿਲੇ। ਸਾਢੇ ਨੌਂ ਵੱਜ ਚੁੱਕੇ ਹਨ। ਅਸੀਂ ਕਦੋਂ ਦਾ ਦਰਵਾਜ਼ਾ ਖੜਕਾਈ ਜਾਨੇ ਆਂ, ਇਨ੍ਹਾਂ ਦਰਵਾਜ਼ਾ ਨਹੀਂ ਖੋਲ੍ਹਿਆ। ਜੇ ਕਿਸੇ ਮਰੀਜ਼ ਨੂੰ ਕੁਝ ਹੋ ਜਾਵੇ ਕੌਣ ਜ਼ਿੰਮੇਵਾਰ ਐ। ਇਹ ਤਾਂ ਬੰਦੇ ਮਾਰ ਦੇਣਗੇ…। ਥਾਂ-ਥਾਂ ਗੰਦਗੀ ਪਈ ਐ। ਨਹਾਉਣ ਵਾਲੇ ਵਿੱਚ ਗਿੱਠ-ਗਿੱਠ ਪਾਣੀ ਫਿਰਦਾ ਰਹਿੰਦਾ…।’’ ਅਸੀਂ ਸਭ ਉਨ੍ਹਾਂ ਦੀਆਂ ਗੱਲਾਂ ਸੁਣ ਰਹੇ ਸੀ। ਹੋਰ ਮਰੀਜ਼ ਵੀ ਇਕੱਠੇ ਹੋ ਗਏ। ਅਸੀਂ ਵੀ ਉਨ੍ਹਾਂ ਦੀ ਹਾਂ ਵਿੱਚ ਹਾਂ ਮਿਲਾ ਦਿੱਤੀ।
‘‘ਅਸੀਂ ਹਰ ਰੋਜ਼ ਰਿਪੋਰਟ ਕਰਦੇ ਹਾਂ ਕੋਈ ਸੁਣਦਾ ਨਹੀਂ…।’’ ਉਨ੍ਹਾਂ ਨੇ ਆਪਣੇ ਅਫ਼ਸਰਾਂ ਨੂੰ ਵੀ ਫ਼ੋਨ ਕਰ ਦਿੱਤੇ। ਸਾਰੀ ਸਥਿਤੀ ਤੋਂ ਜਾਣੂ ਕਰਵਾਇਆ। ਪੌਣੇ ਦਸ ਵਜੇ ਰੋਟੀ ਆ ਗਈ। ਉਨ੍ਹਾਂ ਨੇ ਰੋਟੀ ਖਾਣ ਤੋਂ ਮਨ੍ਹਾ ਕਰ ਦਿੱਤਾ। ਚਾਦਰਾਂ ਵਿਛਾ ਕੇ ਬਾਹਰ ਘਾਹ ’ਤੇ ਬੈਠ ਗਏ। ਉਨ੍ਹਾਂ ਸਾਰੇ ਸਾਥੀਆਂ ਨੇ ਮਿਲ ਕੇ ਮੋਬਾਈਲ ’ਤੇ ਵੀਡੀਓ ਬਣਾ ਲਈ ਤੇ ਬਾਥਰੂਮ ਦੀ ਵੀਡੀਓ ਸ਼ਾਮਲ ਕਰ ਲਈ। ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ। ਉਨ੍ਹਾਂ ਦੀ ਲੜਾਈ ਤਾਂ ਠੀਕ ਸੀ, ਪਰ ਸ਼ਰਾਬ ਪੀ ਕੇ ਬੋਲਣਾ ਹਮੇਸ਼ਾ ਗਲ਼ਤ ਹੋ ਜਾਂਦਾ ਹੈ। ਨਹੀਂ ਤਾਂ ਅਸੀਂ ਸਾਰੇ ਵੀ ਉਨ੍ਹਾਂ ਨਾਲ ਲੱਗ ਜਾਂਦੇ, ਪਰ ਮੈਂ ਆਪਣਾ ਕੰਮ ਕਰ ਦਿੱਤਾ। ਉਹ ਵੀਡੀਓ ਮੇਰੇ ਮਿੱਤਰ ਪੱਤਰਕਾਰ ਨੂੰ ਭੇਜ ਦਿੱਤੀ…।
ਉਹ ਸਾਰੇ ਬਾਹਰ ਪਏ ਰਹੇ, ਖਾਣਾ ਕਿਸੇ ਨਹੀਂ ਖਾਧਾ। ਸੈਂਟਰ ਨੇ ਉਨ੍ਹਾਂ ਉਪਰ ਡੀ.ਐੱਸ.ਪੀ. ਨੂੰ ਦਰਖਾਸਤ ਭੇਜ ਦਿੱਤੀ ਕਿ ‘‘ਸ਼ਰਾਬ ਪੀ ਕੇ ਹੰਗਾਮਾ ਕਰ ਰਹੇ ਨੇ…।’’ ਥਾਣਾ ਇੰਚਾਰਜ ਵੀ ਆਇਆ। ਉਸ ਨੇ ਗੱਲ ਕਰਨੀ ਚਾਹੀ। ਉਨ੍ਹਾਂ ਇਨਕਾਰ ਕਰ ਦਿੱਤਾ। ਉਹ ਟੱਸ ਤੋਂ ਮੱਸ ਨਹੀਂ ਹੋਏ। ਸਾਰੀ ਰਾਤ ਖਾਣਾ ਟੇਬਲ ’ਤੇ ਪਿਆ ਰਿਹਾ। ਉਨ੍ਹਾਂ ਖਾਧਾ ਨਹੀਂ। ਉਲਟੀ ਰਿਪੋਰਟ ਉਨ੍ਹਾਂ ਦੇ ਅਫ਼ਸਰਾਂ ਤੱਕ ਪਹੁੰਚ ਗਈ। ਸੋਸ਼ਲ ਮੀਡੀਆ ’ਤੇ ਪਾਈ ਵੀਡੀਓ ਲੋਕਾਂ ਤੱਕ ਜ਼ੋਰਸ਼ੋਰ ਨਾਲ ਪਹੁੰਚੀ। ਪ੍ਰਸ਼ਾਸਨ ਤੇ ਸਰਕਾਰ ਦੇ ਪ੍ਰਬੰਧਾਂ ’ਤੇ ਥੂਹ-ਥੂਹ ਹੋ ਰਹੀ ਸੀ।
ਸਵੇਰੇ ਮੈਂ ਸਮੇਂ ਨਾਲ ਹੀ ਆਪਣੇ ਬੈਗ ਵਿੱਚ ਸਾਮਾਨ ਪਾ ਲਿਆ। ਅੱਠ ਵਜੇ ਤੋਂ ਗੇਟ ਵੱਲ ਤੱਕ ਰਿਹਾ ਸੀ। ਐਂਬੂਲੈਂਸ ਹੁਣ ਆਈ ਹੁਣ ਆਈ…। ਰਾਤ ਦੇ ਹੰਗਾਮੇ ਦੇ ਅਸਰ ਕਾਰਨ ਨਾਸ਼ਤਾ ਸਾਢੇ ਅੱਠ ਵਜੇ ਹੀ ਆ ਗਿਆ, ਪਰ ਉਨ੍ਹਾਂ ਮੁਲਾਜ਼ਮਾਂ ਨੂੰ ਡਰਾਇਆ ਧਮਕਾਇਆ ਗਿਆ। ਸਵੇਰੇ ਉਨ੍ਹਾਂ ਨੂੰ ਲਿਖ ਕੇ ਮੁਆਫ਼ੀ ਮੰਗਣੀ ਪਈ। ਇੱਕ ਹੋਰ ਵੀਡੀਓ ਗਲ਼ਤੀ ਮੰਨਦਿਆਂ ਨੇ ਪਾਈ। ਓਦੋਂ ਤੱਕ ਤਾਂ ਟੀ.ਵੀ. ਦੇ ਨਿਊਜ਼ ਚੈਨਲਾਂ ’ਤੇ ਹੰਗਾਮਾ ਮਚਾ ਦਿੱਤਾ ਸੀ। ਗਿਆਰਾਂ ਕੁ ਵਜੇ ਐਂਬੂਲੈਂਸ ਆ ਗਈ। ਸਪੀਕਰ ਵਿੱਚ ਸਾਡਾ ਦੋ ਜਣਿਆਂ ਦਾ ਨਾਂ ਬੋਲਿਆ ਗਿਆ।
‘‘ਆਪਣਾ ਸਾਮਾਨ ਲੈ ਕੇ ਗੇਟ ’ਤੇ ਪਹੁੰਚ ਜਾਣ…।’’ ਮੇਰੇ ਵਾਰਡ ਦੇ ਸਾਰੇ ਸਾਥੀ ਮੈਨੂੰ ਛੱਡਣ ਗੇਟ ਤੱਕ ਆਏ। ਪਰਿਵਾਰ ਵਾਂਗ ਸਾਡੀ ਸਾਂਝ ਹੋ ਗਈ ਸੀ। ਮੈਂ ਆਪਣੀਆਂ ਕਿਤਾਬਾਂ ਉਨ੍ਹਾਂ ਕੋਲ ਛੱਡ ਆਇਆ ਸੀ। ਉਨ੍ਹਾਂ ਬੜੇ ਨਿੱਘ ਨਾਲ ਮੈਨੂੰ ਵਿਦਾਇਗੀ ਦਿੱਤੀ। ਗੇਟ ਦੇ ਬਾਹਰ ਡਾਕਟਰ ਆਪਣੇ ਅਮਲੇ ਨੂੰ ਲੈ ਕੇ ਖੜ੍ਹਾ ਸੀ ਜਿਹੜਾ ਕਦੇ ਸਾਡੇ ਵਾਰਡ ਵਿੱਚ ਵੀ ਨਹੀਂ ਸੀ ਆਇਆ। ਇੱਕ ਨਰਸ ਮੋਬਾਈਲ ’ਤੇ ਵੀਡੀਓ ਬਣਾ ਰਹੀ ਸੀ। ਸਾਨੂੰ ਦੋਵਾਂ ਜਣਿਆਂ ਨੂੰ ਇੱਕ ਪੈਕੇਟ ਦਿੱਤਾ ਗਿਆ ਜਿਸ ਵਿੱਚ ਗੋਲ਼ੀਆਂ, ਮਾਸਕ, ਸੈਨੀਟਾਈਜ਼ਰ ਅਤੇ ਸਾਡੇ ਕਾਗਜ਼ ਸਨ। ਡਾਕਟਰ ਨੇ ਪੁੱਛਿਆ, ‘‘ਤੁਹਾਡੀ ਸਿਹਤ ਕਿਵੇਂ…?’’
‘‘ਠੀਕ ਹੈ ਜੀ…।’’ ਅਸੀਂ ਦੋਵਾਂ ਨੇ ਇਕੱਠਿਆਂ ਜਵਾਬ ਦਿੱਤਾ। ਅਸੀਂ ਜਲਦੀ ਤੋਂ ਜਲਦੀ ਜਾਣਾ ਚਾਹੁੰਦੇ ਸੀ।
‘‘ਤੁਸੀਂ ਬਾਹਰ ਨਹੀਂ ਜਾਣਾ, ਘਰ ਦੇ ਅੰਦਰ ਹੀ ਰਹਿਣਾ। ਜੇਕਰ ਕੋਈ ਤਕਲੀਫ਼ ਹੁੰਦੀ ਹੈ ਤਾਂ ਸਾਨੂੰ ਫ਼ੋਨ ਕਰ ਦਿਓ। ਅਸੀਂ ਆਪਣੇ-ਆਪ ਤੁਹਾਨੂੰ ਲੈ ਜਾਵਾਂਗੇ…।’’ ਸਾਨੂੰ ਅਜਿਹੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਸਨ।
‘‘ਇੱਥੇ ਕੋਈ ਮੁਸ਼ਕਲ ਆਈ ਹੋਵੇ…।’’ ਉਨ੍ਹਾਂ ਸਵਾਲ ਕਰ ਦਿੱਤਾ। ਮੈਂ ਫਿਰ ਬੋਲ ਪਿਆ, ‘‘ਨਹਾਉਣ ਧੋਣ ਦਾ ਪ੍ਰਬੰਧ ਠੀਕ ਨਹੀਂ। ਖਾਣਾ ਸਮੇਂ ਸਿਰ ਨਹੀਂ ਆਉਂਦਾ। ਮੱਛਰ ਬੁਰਾ ਹਾਲ ਕਰ ਦਿੰਦੇ ਨੇ। ਮੱਛਰਦਾਨੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ…।’’ ਸ਼ਿਕਾਇਤਾਂ ਤਾਂ ਹੋਰ ਬਥੇਰੀਆਂ ਸਨ ਕਰਨ ਨੂੰ, ਪਰ ਮੇਰੇ ਨਾਲ ਦੇ ਨੇ ਪੈਰ ਦੱਬ ਦਿੱਤਾ। ਮੈਂ ਚੁੱਪ ਕਰ ਗਿਆ। ਉਹਨੂੰ ਸੀ ਕਿਤੇ ਜਾਣ ਹੀ ਨਾ ਦੇਣ। ਡਾਕਟਰ ਮੇਰੇ ਮੂੰਹ ਵੱਲ ਦੇਖਦਾ ਰਹਿ ਗਿਆ। ਮੇਰੇ ਸਵਾਲਾਂ ਦੇ ਗੋਲ਼-ਮੋਲ਼ ਜਵਾਬ ਦਿੱਤੇ। ਖ਼ੈਰ! ਸਾਨੂੰ ਐਂਬੂਲੈਂਸ ਵਿੱਚ ਬਿਠਾ ਘਰ ਵੱਲ ਨੂੰ ਰਵਾਨਾ ਕਰ ਦਿੱਤਾ।
ਅੱਧੇ ਘੰਟੇ ਵਿੱਚ ਐਂਬੂਲੈਂਸ ਮੈਨੂੰ ਲੈ ਕੇ ਘਰ ਪਹੁੰਚ ਗਈ। ਗੁਆਂਢੀਆਂ ਨੂੰ ਭਿਣਕ ਲੱਗੀ। ਉਹ ਬਾਹਰ ਆ ਗਏ। ਮੂੰਹ ਸਿਰ ਬੰਨ੍ਹ ਮੈਨੂੰ ਇੰਝ ਦੇਖ ਰਹੇ ਸਨ ਜਿਵੇਂ ਕਰੋਨਾ ਸ਼ਹਿਦ ਦੀਆਂ ਮੱਖੀਆਂ ਵਾਂਗ ਉੱਡ ਕੇ ਉਨ੍ਹਾਂ ਨੂੰ ਲੜ ਜਾਵੇਗਾ।
ਘਰ ਅੰਦਰ ਮੈਂ ਵੱਖਰੇ ਕਮਰੇ ਵਿੱਚ ਆਪਣਾ ਆਸਣ ਲਾ ਲਿਆ। ਅਜੇ ਘਰ ਵਾਲਿਆਂ ਦੀ ਰਿਪੋਰਟ ਆਉਣੀ ਸੀ। ਮੈਨੂੰ ਆਏ ਨੂੰ ਅੱਜ ਤੀਜਾ ਦਿਨ ਸੀ। ਰਾਤ ਦੇ ਦਸ ਵੱਜ ਚੁੱਕੇ ਸਨ। ਪਤਨੀ ਮੇਰੇ ਕੋਲ ਕਮਰੇ ਵਿੱਚ ਭੱਜੀ ਆਈ।
‘‘ਸਾਡੀ ਰਿਪੋਰਟ ਆ ਗਈ…।’’ ਮੈਂ ਇਕਦਮ ਸਹਿਮ ਗਿਆ। ਅੰਦਰਲਾ ਧੁੜਕੂ ਜਾਗ ਪਿਆ। ਇਕਦਮ ਮਨ ਅਤੇ ਅੱਖਾਂ ਸਾਹਮਣੇ ਕਰੋਨਾ ਇਕਾਂਤਵਾਸ ਸੈਂਟਰ ਆ ਗਿਆ…। ਉਹ ਵਾਰ-ਵਾਰ ਮੋਬਾਈਲ ’ਤੇ ਮੈਸੇਜ ਦੇਖ ਰਹੀ ਸੀ।
‘‘ਸਾਡੀ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ…।’’ ਉਹ ਬੋਲੀ, ਉਸ ਦੀਆਂ ਅੱਖਾਂ ਭਰ ਆਈਆਂ। ਮੈਂ ਉਸ ਨੂੰ ਘੁੱਟ ਕੇ ਸੀਨੇ ਨਾਲ ਲਾ ਲਿਆ। ਮੈਂ ਮੋਬਾਈਲ ’ਤੇ ਇੱਕ-ਇੱਕ ਰਿਪੋਰਟ ਨੂੰ ਚੰਗੀ ਤਰ੍ਹਾਂ ਨਿਹਾਰ ਰਿਹਾ ਸੀ। ਮੇਰੇ ਮੂੰਹ ਵਿੱਚੋਂ ਆਪ-ਮੁਹਾਰੇ ਦੋ ਸ਼ਬਦ ਨਿੱਕਲੇ ‘‘ਥੂਹ ਕਰੋਨਾ…।’’
ਸੰਪਰਕ: 98143-98762