ਗੁਰਦੀਪ ਸਿੰਘ ‘ਭੁੱਲਰ’
ਪੰਜਾਬ ਦੀ ਧਰਤੀ ਸਿੱਖੀ ਦੀ ਜਨਮ ਭੂਮੀ ਹੈ ਤੇ ਇਹ ਗੁਰੂਆਂ-ਪੀਰਾਂ ਸੰਤ-ਫਕੀਰਾਂ ਦੀ ਧਰਤੀ ਅਖਵਾਉਂਦੀ ਹੈ ਪਰ ਬੜੇ ਹੀ ਦੁੱਖ ਦੀ ਗੱਲ ਹੈ ਕਿ ਅੱਜ ਇਸ ਪਵਿੱਤਰ ਧਰਤੀ ਉੱਤੇ ਨਸ਼ੀਲੀ ਤੇ ਜ਼ਹਿਰੀਲੀ ਸ਼ਰਾਬ ਨੇ ਅਨੇਕਾਂ ਹੀ ਜਾਨਾਂ ਦੀ ਬਲੀ ਲੈ ਲਈ। ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿਚ ਵਾਪਰੇ ਜ਼ਹਿਰੀਲੀ ਸ਼ਰਾਬ ਦੇ ਦੁਖਾਂਤ ਨੇ ਹਰ ਇਨਸਾਨ ਦੇ ਹਿਰਦੇ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ। ਨਸ਼ਾ ਮਾਫੀਆ ਏਨਾ ਹਾਵੀ ਹੋ ਚੁੱਕਾ ਹੈ ਕਿ ਉਸ ਨੇ ਪੂਰੇ ਪੰਜਾਬ ਨੂੰ ਆਪਣੀ ਜ਼ਹਿਰੀਲੀ ਲਪੇਟ ਵਿਚ ਲਿਆ ਹੋਇਆ ਹੈ। ਸ਼ਰਾਬ ਦੀ ਬੋਤਲ ਉੱਪਰ ਲਿਖੀ ਇਬਾਰਤ: “ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ,” ਸੀਂ ਲੰਮੇ ਸਮੇਂ ਤੋਂ ਪੜ੍ਹਦੇ ਆ ਰਹੇ ਹਾਂ ਪਰ ਇਸ ਨੂੰ ਅੱਜ ਤੱਕ ਅਸੀਂ ਕਿੰਨੀ ਕੁ ਗੰਭੀਰਤਾ ਨਾਲ ਲਿਆ ਹੈ, ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਇਹ ਬੜੀ ਹੀ ਚਿੰਤਾ ਤੇ ਹੈਰਾਨੀ ਵਾਲੀ ਗੱਲ ਹੈ ਕਿ ਸਾਡੇ ਪੰਜਾਬੀ ਹਰ ਸਾਲ ਛੇ ਹਜ਼ਾਰ ਕਰੋੜ ਰੁਪਏ ਤੋਂ ਵੀ ਵੱਧ ਦੀ ਸ਼ਰਾਬ ਆਪਣੇ ਗਲੇ ਤੋਂ ਥੱਲੇ ਉਤਾਰ ਰਹੇ ਹਨ ਅਤੇ ਇਸ ਅਵੱਲੇ ਸ਼ੌਂਕ ਦਾ ਭਿਆਨਕ ਨਤੀਜਾ ਇਹ ਨਿਕਲਿਆ ਕਿ ਪਿਛਲੇ ਦਿਨੀਂ ਅਨੇਕਾਂ ਪਿੰਡਾਂ ਨੂੰ ਸਿਵਿਆਂ ਦੀ ਅੱਗ ਦਾ ਸੇਕ ਝੱਲਣਾ ਪਿਆ ਅਤੇ ਘਰ ਘਰ ਵਿਚ ਮੌਤ ਦੇ ਸੱਥਰ ਵਿਛ ਗਏ। ਇਸ ਸਾਰੇ ਘਟਨਾਕ੍ਰਮ ਦਾ ਮੁੱਢ ਤਾਂ ਉਸ ਦਿਨ ਤੋਂ ਹੀ ਬੱਝ ਗਿਆ ਸੀ ਜਿਸ ਦਿਨ ਕਰੋਨਾਂ ਮਹਾਂਮਾਰੀ ਦੇ ਚੱਲਦਿਆਂ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਕੋਲ ਅਰਜ਼ ਕੀਤੀ ਕਿ ਸੂਬੇ ਦੀ ਆਰਥਿਕ ਵਿਵਸਥਾ ਨੂੰ ਕਾਇਮ ਰੱਖਣ ਲਈ ਸਾਨੂੰ ਸ਼ਰਾਬ ਦੇ ਕਾਰੋਬਾਰ ਦੀ ਮਨਜ਼ੂਰੀ ਦਿੱਤੀ ਜਾਵੇ। ਭਾਵੇਂ ਜ਼ਹਿਰੀਲੀ ਸ਼ਰਾਬ ਦੀ ਵਜ੍ਹਾ ਨਾਲ ਕਈ ਔਰਤਾਂ ਵਿਧਵਾ ਤੇ ਬੱਚੇ ਯਤੀਮ ਹੋ ਗਏ ਹਨ ਪਰ ਸ਼ਰਾਬ ਦੇ ਇਸ ਕਾਰੋਬਾਰ ਵਿਚ ਹੋਏ ਵਾਧੇ ਨੂੰ ਆਬਕਾਰੀ ਵਿਭਾਗ ਵੀ ਆਪਣੀ ਅਹਿਮ ਪ੍ਰਾਪਤੀ ਮੰਨ ਰਿਹਾ ਹੈ।
ਇਹ ਗੱਲ ਤੈਅ ਹੈ ਕਿ ਇਹ ਇਕ ਹੱਥ ਨਾਲ ਵੱਜਣ ਵਾਲੀ ਤਾੜੀ ਨਹੀਂ ਕਿਉਂਕਿ ਇੱਥੇ ਨਸ਼ਾ ਤਸਕਰ, ਭ੍ਰਿਸ਼ਟ ਅਫਸਰ ਅਤੇ ਮਤਲਬਪ੍ਰਸਤ ਸਿਆਸਤਦਾਨ ਸਭ ਆਪੋ-ਆਪਣੇ ਨਿੱਜੀ ਸੁਆਰਥਾਂ ਲਈ ਰਲ ਮਿਲ ਕੇ ਪੰਜਾਬ ਦੀ ਜਵਾਨੀ ਦਾ ਘਾਣ ਕਰ ਰਹੇ ਹਨ। ਮੌਤ ਦਾ ਹੋਇਆ ਇਹ ਨੰਗਾ ਨਾਚ ਉਂਝ ਕੋਈ ਨਵੀਂ ਗੱਲ ਨਹੀਂ, ਕਿਉਂਕਿ ਸੰਨ ਸੰਤਾਲੀ ਤੋਂ ਲੈ ਕੇ ਹੁਣ ਤੱਕ ਪੰਜਾਬ ਨੇ ਵੱਡੇ ਤੋਂ ਵੱਡਾ ਸੰਤਾਪ ਆਪਣੇ ਤਨ ਤੇ ਬੜੇ ਹੀ ਸਬਰ ਨਾਲ ਹੰਢਾਇਆ, ਜਿਸ ਦੇ ਜ਼ਿੰਮੇਵਾਰ ਸ਼ੁਰੂ ਤੋਂ ਮਤਲਬਪ੍ਰਸਤ ਸਿਆਸਤਦਾਨ ਹੀ ਰਹੇ ਹਨ। ਸਮੇਂ ਦੀਆਂ ਸਰਕਾਰਾਂ ਤੋਂ ਕਿਸਾਨ ਵਰਗ, ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨ ਤੇ ਆਮ ਜਨਤਾ ਆਪਣੀਆਂ ਜਾਇਜ਼ ਮੰਗਾਂ ਨੂੰ ਮੰਨਵਾਉਂਦੇ ਹੋਏ ਜਿਸ ਵਿਚ ਸੈਂਕੜੇ ਹਜ਼ਾਰਾਂ ਖੁਦਕੁਸ਼ੀਆਂ ਵੀ ਸ਼ਾਮਿਲ ਹਨ, ਅਨੇਕਾਂ ਹੀ ਕੀਮਤੀ ਜਾਨਾਂ ਤੋਂ ਹੱਥ ਧੋ ਚੁੱਕੇ ਹਨ ਪਰ ਪੰਜਾਬ ਦੀ ਧਰਤੀ ਉੱਪਰ ਜਦ ਤੋਂ ਸਿੰਥੈਟਿਕ ਨਸ਼ੇ ਨੇ ਆਪਣੇ ਪੈਰ ਪਸਾਰੇ ਹਨ, ਉਸ ਸਮੇਂ ਤੋਂ ਲੈ ਕੇ ਨੌਜਵਾਨੀ ਦੀ ਅਜਿਹੀ ਬਰਬਾਦੀ ਹੋਈ ਕਿ ਅੱਜ ਮਰਨ ਵਾਲਿਆਂ ਦੀ ਗਿਣਤੀ ਲੱਖਾਂ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ। ਨਸ਼ਾ ਚਾਹੇ ਕਿਸੇ ਵੀ ਕਿਸਮ ਦਾ ਹੋਵੇ, ਉਸ ਦਾ ਕਾਰੋਬਾਰ ਸਰਕਾਰੀ ਸ਼ਹਿ ਤੋਂ ਬਿਨਾਂ ਬਿਲਕੁਲ ਸੰਭਵ ਨਹੀਂ ਹੈ ਤੇ ਇਸ ਵਿਚ ਭ੍ਰਿਸ਼ਟ ਅਫਸਰਸ਼ਾਹੀ ਆਪਣਾ ਬਰਾਬਰ ਰੋਲ ਅਦਾ ਕਰ ਰਹੀ ਹੈ। ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ ਇਹ ਗੱਲ ਕੋਈ ਬਹੁਤੇ ਮਾਅਨੇ ਨਹੀਂ ਰੱਖਦੀ ਕਿਉਂਕਿ ਰਾਜਸੀ ਨੇਤਾਵਾਂ ਦਾ ਥਾਪੜਾ ਹੋਣ ਕਾਰਨ ਇਸ ਅਫਸਰਸ਼ਾਹੀ ਦਾ ਸਦਾ ਹੀ ‘ਸੱਤੀ ਵੀਹੀਂ ਸੌ’ ਰਿਹਾ ਹੈ।
ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰ ਕੇ ਸੱਤਾ ਵਿਚ ਆਈ ਮੌਜੂਦਾ ਸਰਕਾਰ ਉਨ੍ਹਾਂ ਦੀਆਂ ਉਮੀਦਾਂ ’ਤੇ ਪੂਰਾ ਨਹੀਂ ਉਤਰ ਸਕੀ। ਜਨਤਾ ਵੱਲੋਂ ਸਰਕਾਰ ਪ੍ਰਤੀ ਲਗਾਈਆਂ ਗਈਆਂ ਵੱਡੀਆਂ ਵੱਡੀਆਂ ਆਸਾਂ ਨੂੰ ਕੋਈ ਬਹੁਤਾ ਬੂਰ ਨਹੀਂ ਪਿਆ ਤੇ ਉਹ ਅੱਜ ਆਰਥਿਕ ਸੰਕਟ ਦੇ ਭੈੜੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਪੰਜਾਬ ਵਿਚ ਨਸ਼ੇ ਦੇ ਮੁੱਦੇ ਨੂੰ ਲੈ ਕੇ ਬੇਸ਼ੱਕ ਉਸ ਵਕਤ ਪਵਿੱਤਰ ਗੁਰਬਾਣੀ ਦੀ ਕਸਮ ਖਾਧੀ ਗਈ ਪਰ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਨਸ਼ੇ ਦਾ ਕਾਰੋਬਾਰ ਏਨਾ ਵਧਿਆ ਕਿ ਸਾਰੀ ਕਹਾਣੀ ਦੀ ਰੂਪ ਰੇਖਾ ਹੀ ਬਦਲ ਗਈ ਤੇ ਇਸ ਦੇ ਭੈੜੇ ਤੋਂ ਭੈੜੇ ਹੀ ਨਤੀਜੇ ਸਾਹਮਣੇ ਆਏ। ਹਾਲੀਆ ਦੁੱਖਦਾਈ ਘਟਨਾ ਪ੍ਰਤੀ ਸਰਕਾਰ ਬਣਦੀ ਗੰਭੀਰਤਾ ਨਹੀਂ ਦਿਖਾ ਰਹੀ ਤੇ ਮੁੱਖ ਦੋਸ਼ੀਆਂ ਖਿਲਾਫ ਕਾਰਵਾਈ ਨਾ ਕਰ ਕੇ ਆਪਣੀ ਜ਼ਿੰਮੇਵਾਰੀ ਤੋਂ ਪਾਸਾ ਵੱਟ ਰਹੀ ਹੈ। ਪੀੜਤ ਪਰਿਵਾਰਾਂ ਦੇ ਰੋਹ ਨੂੰ ਸ਼ਾਂਤ ਕਰਨ ਲਈ ਬੇਸ਼ੱਕ ਕੁਝ ਕੁ ਮੁਲਜ਼ਮਾਂ ਦੀਆਂ ਗਿਰਫ਼ਤਾਰੀਆਂ ਤੇ ਕੁਝ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਪਰ ਜਿੰਨੀ ਦੇਰ ਵੱਡੇ ਵੱਡੇ ਧਨਾਢ ਤਸਕਰਾਂ ਨੂੰ ਨੱਥ ਨਹੀਂ ਪਾਈ ਜਾਂਦੀ, ਉਂਨੀ ਦੇਰ ਨਸ਼ੇ ਦੇ ਕਾਲੇ ਧੰਦੇ ਨੂੰ ਪੱਕੇ ਤੌਰ ’ਤੇ ਠੱਲ੍ਹ ਨਹੀਂ ਪਾਈ ਜਾ ਸਕਦੀ।
ਇਹ ਮੰਦਭਾਗੀ ਘਟਨਾਂ ਮਹਿਜ਼ ਇਤਫਾਕ ਹੈ ਜਾਂ ਕੋਈ ਸੋਚੀ ਸਮਝੀ ਚਾਲ, ਇਸ ਸਵਾਲ ਦਾ ਜਵਾਬ ਤਾਂ ਪਤਾ ਨਹੀਂ ਕਦੇ ਮਿਲੇਗਾ ਵੀ ਜਾਂ ਨਹੀਂ, ਪਰ ਜਦੋਂ ਵੀ ਸਮੇਂ ਦੀ ਹਕੂਮਤ ਕੋਲੋਂ ਲੋਕਾਂ ਵੱਲੋਂ ਕਿਸੇ ਮੁੱਦੇ ਨੂੰ ਲੈ ਕੇ ਇਨਸਾਫ਼ ਦੀ ਮੰਗ ਕੀਤੀ ਜਾਂਦੀ ਹੈ, ਤਾਂ ਉਨ੍ਹਾਂ ਨੂੰ ਅਕਸਰ ਹੀ ਇਸ ਤਰਾਂ ਦੇ ਕਹਿਰ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰ ਵੱਲੋਂ ਚਾਹੇ ਇਸ ਮੌਕੇ ਉੱਚ ਪੱਧਰੀ ਜਾਂਚ ਦਾ ਭਰੋਸਾ ਦਿਵਾਇਆ ਗਿਆ ਹੈ ਪਰ ਜਦੋਂ ਪੂਰੀ ਤਸਵੀਰ ਸ਼ੀਸ਼ੇ ਵਾਂਗ ਸਾਫ ਦਿਖਾਈ ਦੇ ਰਹੀ ਹੈ ਤਾਂ ਮੁੱਖ ਦੋਸ਼ੀਆਂ ਤੱਕ ਪਹੁੰਚ ਕਰਨ ਲਈ ਕਿਸੇ ਵਿਸ਼ੇਸ਼ ਜਾਂਚ ਦੀ ਕੀ ਜ਼ਰੂਰਤ? ਸਗੋਂ ਉਨ੍ਹਾਂ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਪਿਛਲੇ ਲੰਮੇਂ ਸਮੇਂ ਤੋਂ ਅਜਿਹੇ ਸੈਂਕੜੇ ਹੀ ਕੇਸ ਜਾਂਚ ਅਧੀਨ ਹਨ, ਜਿਨ੍ਹਾਂ ਦਾ ਅਜੇ ਤੱਕ ਕੋਈ ਠੋਸ ਨਤੀਜਾ ਨਹੀਂ ਨਿਕਲਿਆ ਤੇ ਉਹ ਅੱਜ ਵੀ ਊਠ ਦੇ ਬੁੱਲ੍ਹ ਵਾਂਗ ਲਟਕ ਰਹੇ ਹਨ। ਹੁਣ ਇਸ ਮੌਕੇ ਵੱਖ ਵੱਖ ਪਾਰਟੀਆਂ ਦੇ ਕੁਝ ਲੀਡਰਾਂ ਵੱਲੋਂ ਬਿਆਨਬਾਜ਼ੀ ਦਾ ਦੌਰ ਚੱਲ ਰਿਹਾ ਹੈ ਤੇ ਹਾਲੇ ਹੋਰ ਚੱਲੇਗਾ ਤੇ ਜਦ ਉਹ ਆਪਣੀ ਸਿਆਸਤ ਦੀਆਂ ਰੋਟੀਆਂ ਚੰਗੀ ਤਰਾਂ ਸੇਕ ਲੈਣਗੇ ਤਾਂ ਹੌਲੀ ਹੌਲੀ ਇਹ ਮਸਲਾ ਵੀ ਠੰਢੇ ਬਸਤੇ ਵਿਚ ਪੈ ਜਾਵੇਗਾ। ਅਚਨਚੇਤ ਵਾਪਰੇ ਇਸ ਦੁਖਾਂਤ ਨਾਲ ਜਿੱਥੇ ਹਰ ਦਿਲ ਦਰਦ ਮਹਿਸੂਸ ਕਰ ਰਿਹਾ ਹੈ, ਉੱਥੇ ਕਿਤੇ ਨਾ ਕਿਤੇ ਇਸ ਗੱਲ ਪਿੱਛੇ ਅੱਜ ਪੂਰਾ ਪੰਜਾਬ ਸ਼ਰਮਸਾਰ ਵੀ ਹੈ ਕਿਉਂਕਿ ਜਿਸ ਧਰਤੀ ਉੱਪਰ ਅਣਖ ਦੀ ਖਾਤਰ ਸੂਰਬੀਰ ਯੋਧਿਆਂ ਵੱਲੋਂ ਆਪਣਾ ਖੂਨ ਡੋਲ੍ਹਿਆ ਗਿਆ, ਉਸੇ ਧਰਤੀ ਨੂੰ ਅਸੀਂ ਆਪਣੇ ਹੱਥੀਂ ਨਸ਼ਿਆਂ ਨਾਲ ਸਿੰਜ ਰਹੇ ਹਾਂ। ਜਿੱਥੇ ਇਹ ਨਸ਼ਾ ਮਾਫੀਆ ਤੇ ਭ੍ਰਿਸ਼ਟ ਅਫਸਰਸ਼ਾਹੀ ਸਾਡੇ ਪੰਜਾਬ ਦੀ ਬਰਬਾਦੀ ਦੀ ਕਹਾਣੀ ਲਿਖ ਰਹੇ ਹਨ ਉੱਥੇ ਕਿਤੇ ਨਾ ਕਿਤੇ ਅਸੀਂ ਵੀ ਇਸ ਸਭ ਲਈ ਬਰਾਬਰ ਜ਼ਿੰਮੇਵਾਰ ਹਾਂ। ਇਨ੍ਹਾਂ ਤਾਕਤਾਂ ਦੁਆਰਾ ਸਾਡੀ ਸੰਪਤੀ ਤੇ ਸਾਡੇ ਪੰਜਾਬ ਦੀ ਜਵਾਨੀ ਦਾ ਵੱਡੇ ਪੱਧਰ ’ਤੇ ਉਜਾੜਾ ਕੀਤਾ ਜਾ ਰਿਹਾ ਹੈ ਜਿਸ ਪ੍ਰਤੀ ਅੱਜ ਹਰ ਵਰਗ ਨੂੰ ਸੁਚੇਤ ਹੋਣ ਦੀ ਲੋੜ ਹੈ। ਅਸੀਂ ਆਪਣੇ ਕੀਮਤੀ ਵੋਟ ਨਾਲ ਇਨ੍ਹਾਂ ਸਿਆਸਤਦਾਨਾਂ ਨੂੰ ਤਖਤਾਂ ਤੇ ਤਾਜ਼ਾਂ ਨਾਲ ਨਿਵਾਜਦੇ ਰਹੇ ਹਾਂ ਤੇ ਇਕ ਪ੍ਰਚਲਿਤ ਕਹਾਵਤ ‘ਭੰਡਾ ਭੰਡੋਰੀਆ ਕਿੰਨਾ ਕੁ ਭਾਰ ਇਕ ਮੁੱਠੀ ਚੱਕ ਲੈ ਦੂਜੀ ਤਿਆਰ’ ਦੀ ਤਰਾਂ ਦੁੱਖ ’ਤੇ ਦੁੱਖ ਭੋਗਦੇ ਆ ਰਹੇ ਹਾਂ। ਸਿਆਸੀ ਹਾਕਮ ਪੀੜ੍ਹੀ ਦਰ ਪੀੜ੍ਹੀ ਰਾਜਸੀ ਸੁੱਖ ਮਾਣਦੇ ਆ ਰਹੇ ਹਨ ਤੇ ਇਨ੍ਹਾਂ ਨੂੰ ਸੁੱਖ ਅਰਾਮ ਤੇ ਤਾਕਤ ਬਖਸ਼ਣ ਵਾਲੀ ਜਨਤਾ ਦੇ ਹਾਲਾਤ ਬਦ ਤੋਂ ਬਦਤਰ ਹਨ ਤੇ ਉਹ ਅਨੇਕਾਂ ਹੀ ਤੰਗੀਆਂ ਤਰੁਸ਼ੀਆਂ ਦਾ ਸਾਹਮਣਾ ਕਰ ਰਹੀ ਹੈ।
ਇਸ ਦਾ ਮੂਲ ਕਾਰਨ ਇਹ ਹੈ ਕਿ ਅਸੀਂ ਮਾਨਸਿਕ ਤੌਰ ’ਤੇ ਇੰਨੇ ਕਮਜ਼ੋਰ ਹੋ ਚੁੱਕੇ ਹਾਂ ਕਿ ਆਪਣੇ ਛੋਟੇ ਛੋਟੇ ਸਵਾਰਥਾਂ ਲਈ ਆਪਣੇ ਹੱਕ ਇਨ੍ਹਾਂ ਰਾਜਸੀ ਤਾਕਤਾਂ ਦੇ ਰਹਿਮੋ ਕਰਮ ਅੱਗੇ ਗਿਰਵੀ ਰੱਖ ਦਿੱਤੇ ਹਨ। ਸਰਕਾਰਾਂ ਦੀ ਚੋਣ ਕਰਨ ਵੇਲੇ ਅਸੀਂ ਅਸਲ ਮੁੱਦਿਆਂ ਨੂੰ ਧਿਆਨ ਵਿਚ ਨਾ ਰੱਖਦੇ ਹੋਏ ਤੇ ਲਾਲਚ ਵੱਸ ਆਪਣਾ ਕੀਮਤੀ ਵੋਟ ਕੁਰਬਾਨ ਕਰ ਦਿੰਦੇ ਹਾਂ ਤੇ ਫਿਰ ਪੰਜ ਸਾਲ ਆਪਣੀਆਂ ਮੰਗਾਂ ਤੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਲੜਦੇ ਮਰਦੇ ਰਹਿੰਦੇ ਹਾਂ। ਇਹ ਬੜੇ ਦੁੱਖ ਦੀ ਗੱਲ ਹੈ ਕਿ ਅਸੀਂ ਕਦੇ ਨਹੀਂ ਵਿਚਾਰਿਆ ਕਿ ਸਾਡਾ ਸੰਵਿਧਾਨ, ਸਾਡੇ ਮਸਲੇ, ਸਾਡੀਆਂ ਬੁਨਿਆਦੀ ਲੋੜਾਂ ਇਹ ਸਭ ਕੁਝ ਇਕ ਹੋਣ ਦੇ ਬਾਵਜੂਦ ਸਾਰੇ ਇਕ ਝੰਡੇ ਹੇਠ ਇਕੱਠੇ ਨਹੀਂ ਹੋ ਸਕੇ ਅਤੇ ਇਹ ਸਿਆਸੀ ਪਾਰਟੀਆਂ ਇਕ ਦੂਜੇ ਦੀਆਂ ਵਿਰੋਧੀ ਧਿਰਾਂ ਹੋਣ ’ਤੇ ਵੀ ਸਭ ਇਕ-ਮਿੱਕ ਹਨ। ਸਾਡੀ ਇਹ ਸ਼ੁਰੂ ਤੋਂ ਹੀ ਤ੍ਰਾਸਦੀ ਰਹੀ ਹੈ ਕਿ ਸਰਕਾਰਾਂ ਵੱਲੋਂ ਨਵੀਆਂ ਨੀਤੀਆਂ ਨੂੰ ਤਰਾਸ਼ਣ ਵੇਲੇ ਸ਼ਾਹੀ ਘਰਾਣਿਆਂ ਤੇ ਸਰਮਾਏਦਾਰਾਂ ਦੇ ਹਿੱਤਾਂ ਨੂੰ ਹੀ ਧਿਆਨ ਵਿਚ ਰੱਖਿਆ ਜਾਂਦਾ ਹੈ ਤੇ ਇਹ ਕਦੇ ਵੀ ਮੱਧ ਵਰਗ ਦੇ ਹੱਕਾਂ ਦੀ ਪੂਰਤੀ ਨਹੀਂ ਕਰਦੀਆਂ। ਸਾਨੂੰ ਚਾਹੀਦਾ ਹੈ ਕਿ ਅਸੀਂ ਹਮੇਸ਼ਾ ਪੰਜਾਬ ਦੀ ਕਿਸਾਨੀ, ਦਲਿਤਾਂ, ਗ਼ਰੀਬਾਂ, ਸਿਹਤ ਪ੍ਰਣਾਲੀ, ਤੇ ਸਿੱਖਿਆ ਸਬੰਧੀ ਅਹਿਮ ਮੁੱਦੇ ਹੀ ਸਰਕਾਰ ਅੱਗੇ ਰੱਖੀਏ ਤਾਂ ਜੋ ਉਹ ਸੱਤਾ ਵਿਚ ਆਉਣ ਵੇਲੇ ਇਨ੍ਹਾਂ ਨੀਤੀਆਂ ਦੇ ਅਧਾਰ ’ਤੇ ਹੀ ਆਪਣੇ ਚੋਣ ਮੈਨੀਫੈਸਟੋ ਤਿਆਰ ਕਰਨ। ਅਗਰ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਇਸ ਤਰਾਂ ਦੇ ਹਲਾਤ ਪੈਦਾ ਨਾ ਹੋਣ ਅਤੇ ਨਿੱਤ ਦਿਹਾੜੇ ਸੜਕਾਂ ’ਤੇ ਲੁੱਟ ਖੋਹ, ਗੁੰਡਾਗਰਦੀ, ਭ੍ਰਿਸ਼ਟਾਚਾਰ ਇਹ ਸਭ ਖਤਮ ਹੋਵੇ ਤਾਂ ਲੋਕਾਂ ਨੂੰ ਆਪਣੀਆਂ ਅਰਥਹੀਣ ਗਰਜ਼ਾਂ ਦਾ ਸਦਾ ਲਈ ਤਿਆਗ ਕਰਨਾ ਪਵੇਗਾ। ਸਾਨੂੰ ਇਕ ਦੂਰ ਅੰਦੇਸ਼ੀ ਤੇ ਉਸਾਰੂ ਸੋਚ ਰੱਖਦੇ ਹੋਏ ਨਸ਼ਾ ਮਾਫੀਆ ਗਰੋਹ ਤੇ ਭ੍ਰਿਸ਼ਟ ਅਫਸਰਸ਼ਾਹੀ ਖਿਲਾਫ ਲਾਮਬੰਦ ਹੋਣਾ ਪਵੇਗਾ ਤਾਂ ਜੋ ਆਉਣ ਵਾਲੇ ਸਮੇਂ ਵਿਚ ਇਸ ਤਰਾਂ ਦੀਆਂ ਮੰਦਭਾਗੀਆਂ ਘਟਨਾਵਾਂ ਨੂੰ ਸਦਾ ਲਈ ਠੱਲ੍ਹ ਪਾਈ ਜਾ ਸਕੇ।
-ਸੰਪਰਕ: 94172-41037