ਪਹਿਲੇ ਹਫ਼ਤੇ ‘ਦ੍ਰਿਸ਼ਮਯ 3’ ਨੇ 200 ਕਰੋੜ ਕਮਾਏ
ਮਾਲਿਆਲਮ ਅਦਾਕਾਰ ਮੋਹਨਲਾਲ ਨੇ ਫਿਲਮ ‘ਦ੍ਰਿਸ਼ਯਮ 3’ ਦੀ ਸ਼ਾਨਦਾਰ ਸਫ਼ਲਤਾ ਦਾ ਜਸ਼ਨ ਮਨਾਇਆ ਹੈ। ਇਸ ਫਿਲਮ ਨੇ ਰਿਲੀਜ਼ ਦੇ ਮਹਿਜ਼ ਸੱਤ ਦਿਨਾਂ ਅੰਦਰ ਦੁਨੀਆ ਭਰ ਦੇ ਬਾਕਸ ਆਫ਼ਿਸ ’ਤੇ ਕਮਾਈ ਦਾ 200 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ।...
ਮਾਲਿਆਲਮ ਅਦਾਕਾਰ ਮੋਹਨਲਾਲ ਨੇ ਫਿਲਮ ‘ਦ੍ਰਿਸ਼ਯਮ 3’ ਦੀ ਸ਼ਾਨਦਾਰ ਸਫ਼ਲਤਾ ਦਾ ਜਸ਼ਨ ਮਨਾਇਆ ਹੈ। ਇਸ ਫਿਲਮ ਨੇ ਰਿਲੀਜ਼ ਦੇ ਮਹਿਜ਼ ਸੱਤ ਦਿਨਾਂ ਅੰਦਰ ਦੁਨੀਆ ਭਰ ਦੇ ਬਾਕਸ ਆਫ਼ਿਸ ’ਤੇ ਕਮਾਈ ਦਾ 200 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਐਕਸ ’ਤੇ ਪੋਸਟਰ ਸਾਂਝਾ ਕਰਦਿਆਂ ਅਦਾਕਾਰ ਨੇ ਇਸ ਥ੍ਰਿਲਰ ਫ੍ਰੈਂਚਾਈਜ਼ੀ ਵਿੱਚ ਜੌਰਜਕੁਟੀ ਅਤੇ ਉਸ ਦੇ ਪਰਿਵਾਰ ਦੇ ਜਜ਼ਬਾਤੀ ਸਫ਼ਰ ਨੂੰ ਦਰਸਾਇਆ ਹੈ ਅਤੇ ਲਗਾਤਾਰ ਸਮਰਥਨ ਦੇਣ ਲਈ ਦਰਸ਼ਕਾਂ ਦਾ ਧੰਨਵਾਦ ਕੀਤਾ। ਮੋਹਨਲਾਲ ਨੇ ਆਪਣੀ ਪੋਸਟ ਵਿੱਚ ਲਿਖਿਆ,‘‘ਤਿੰਨ ਫ਼ਿਲਮਾਂ। ਤਿੰਨ ਅਧਿਆਏ। ਅਟੁੱਟ ਰਿਸ਼ਤਾ। ਜੌਰਜਕੁਟੀ ਅਤੇ ਪਰਿਵਾਰ ਨਾਲ ਚੱਲਣ ਲਈ ਤੁਹਾਡਾ ਸ਼ੁਕਰੀਆ। ਇਹ ਫਿਲਮ ਜੀਤੂ ਜੋਸਫ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਕੀਤੀ ਪ੍ਰਸਿੱਧ ਫਿਲਮ ‘ਦ੍ਰਿਸ਼ਯਮ’ ਦਾ ਤੀਜਾ ਅਤੇ ਆਖਰੀ ਭਾਗ ਹੈ। ਮੋਹਨਲਾਲ ਦੇ ਜਨਮਦਿਨ ਮੌਕੇ 21 ਮਈ ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਈ ਇਸ ਮਲਿਆਲਮ ਕ੍ਰਾਈਮ ਡਰਾਮਾ ਥ੍ਰਿਲਰ ਫਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਬਾਕਸ ਆਫਿਸ ’ਤੇ ਵਧੀਆ ਕਮਾਈ ਹੋਈ। ਮੋਹਨਲਾਲ ਨੇ ਇਸ ਫਿਲਮ ਵਿੱਚ ਜੌਰਜਕੁਟੀ ਦੀ ਦਮਦਾਰ ਭੂਮਿਕਾ ਨੂੰ ਦੁਹਰਾਇਆ ਹੈ, ਜਿਸ ਵਿੱਚ ਉਨ੍ਹਾਂ ਨਾਲ ਮੀਨਾ, ਅੰਸੀਬਾ ਹਸਨ, ਐਸਥਰ ਅਨਿਲ, ਸਿੱਦੀਕ ਅਤੇ ਆਸ਼ਾ ਸ਼ਰਤ ਵੀ ਨਜ਼ਰ ਆ ਰਹੇ ਹਨ। ਇਸ ਪ੍ਰਾਜੈਕਟ ਦਾ ਨਿਰਮਾਣ ਐਂਟਨੀ ਪੇਰੁੰਬਾਵੂਰ ਨੇ ‘ਆਸ਼ੀਰਵਾਦ ਸਿਨੇਮਾਜ਼’ ਦੇ ਬੈਨਰ ਹੇਠ ਕੀਤਾ ਹੈ, ਜਦੋਂ ਕਿ ‘ਪੈਨ ਸਟੂਡੀਓਜ਼’ ਅਤੇ ‘ਪੈਨੋਰਮਾ ਸਟੂਡੀਓਜ਼’ ਵੱਲੋਂ ਇਸ ਫ਼ਿਲਮ ਨੂੰ ਪੇਸ਼ ਕੀਤਾ ਗਿਆ ਹੈ। ਅਦਾਕਾਰ ਨੇ ਮਲਿਆਲਮ ਸਿਨੇਮਾ ਦੀ ਸਭ ਤੋਂ ਮਸ਼ਹੂਰ ਫ੍ਰੈਂਚਾਈਜ਼ੀ ਵਿੱਚੋਂ ਇੱਕ ਦੀ ਸਫ਼ਲਤਾ ਨੂੰ ਬਰਕਰਾਰ ਰੱਖਣ ਵਿੱਚ ਮਦਦ ਕਰਨ ਲਈ ਨਿਰਦੇਸ਼ਕ ਜੀਤੂ ਜੋਸਫ, ਨਿਰਮਾਤਾਵਾਂ ਅਤੇ ਪ੍ਰਸ਼ੰਸਕਾਂ ਨੂੰ ਸਲਾਹਿਆ ਹੈ। ‘ਦ੍ਰਿਸ਼ਯਮ’ ਸੀਰੀਜ਼ ਜੌਰਜਕੁਟੀ ਅਤੇ ਉਸ ਦੇ ਪਰਿਵਾਰ ਦੀ ਕਹਾਣੀ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਸੀਨੀਅਰ ਪੁਲੀਸ ਅਧਿਕਾਰੀ ਦੇ ਪੁੱਤਰ ਦੇ ਲਾਪਤਾ ਹੋਣ ਤੋਂ ਬਾਅਦ ਸ਼ੱਕ ਦੇ ਘੇਰੇ ਵਿੱਚ ਹੈ। ਪਹਿਲੀਆਂ ਦੋ ਫ਼ਿਲਮਾਂ ਨੇ ਆਪਣੀ ਦਿਲਚਸਪ ਕਹਾਣੀ ਲਈ ਵੱਡੇ ਪੱਧਰ ’ਤੇ ਪ੍ਰਸ਼ੰਸਾ ਖੱਟੀ ਸੀ, ਜਿਸ ਨਾਲ ਇਸ ਫ੍ਰੈਂਚਾਈਜ਼ੀ ਨੇ ਦੇਸ਼ ਭਰ ਵਿੱਚ ਵੱਡੀ ਗਿਣਤੀ ਪ੍ਰਸ਼ੰਸਕ ਬਣਾਏ। ਅਸਲ ‘ਦ੍ਰਿਸ਼ਯਮ’ 2013 ਵਿੱਚ ਰਿਲੀਜ਼ ਹੋਈ ਸੀ, ਜਿਸ ਤੋਂ ਬਾਅਦ 2021 ਵਿੱਚ ‘ਦ੍ਰਿਸ਼ਯਮ 2’ ਆਈ। ਇਸ ਫ੍ਰੈਂਚਾਈਜ਼ੀ ਦੀ ਮਕਬੂਲੀਅਤ ਸਦਕਾ ਹਿੰਦੀ, ਤਾਮਿਲ ਅਤੇ ਤੇਲਗੂ ਸਮੇਤ ਕਈ ਹੋਰ ਭਾਸ਼ਾਵਾਂ ਵਿੱਚ ਵੀ ਇਸ ਦੇ ਰੀਮੇਕ ਬਣਾਏ ਗਏ।

