ਸਾਕਾ ਨਨਕਾਣਾ ਸਾਹਿਬ

ਸ਼ਹੀਦੀ ਜਾਮ ਪੀਣ ਵਾਲੇ ਮਰਜੀਵੜੇ

ਸ਼ਹੀਦੀ ਜਾਮ ਪੀਣ ਵਾਲੇ ਮਰਜੀਵੜੇ

ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ

ਦਲਬੀਰ ਸਿੰਘ ਸੱਖੋਵਾਲੀਆ

ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ 20 ਫਰਵਰੀ 1921 ਨੂੰ ਹੋਏ ਖੂਨੀ ਸਾਕੇ ਨੂੰ ਅੱਜ ਪੂਰੀ ਸਦੀ ਹੋ ਗਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਭੋਂਇ ’ਤੇ ਜੋ ਇਹ ਦਿਲ ਕੰਬਾਊ ਸਾਕਾ ਵਾਪਰਿਆ, ਉਸ ਨੇ ਨਾ ਕੇਵਲ ਸਿੱਖ ਕੌਮ ਬਲਕਿ ਹਰ ਇਨਸਾਨ ਨੂੰ ਧੁਰ ਅੰਦਰੋਂ ਝੰਜੋੜ ਕੇ ਰੱਖ ਦਿੱਤਾ ਸੀ। ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਵਿਚ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ, ਖ਼ਾਸਕਰ ਬਟਾਲਾ ਖੇਤਰ ਦੇ ਕਈ ਮਰਜੀਵੜਿਆਂ ਨੇ ਸ਼ਹਾਦਤਾਂ ਦਾ ਜਾਮ ਪੀਤਾ। ਇਸ ਵਿਚ ਲਗਭਗ ਸਵਾ ਸੌ ਦੇ ਕਰੀਬ ਮਰਜੀਵੜੇ ਸ਼ਹੀਦ ਹੋਏ ਸਨ। 

ਉਸ ਸਮੇਂ ਗੁਰਦੁਆਰੇ ਦੇ ਮਹੰਤ ਦੀ ਨਿਯੁਕਤੀ ਅੰਗਰੇਜ਼ ਸਰਕਾਰ ਵੱਲੋਂ ਕੀਤੀ ਜਾਂਦੀ ਸੀ। ਲੈਫਟੀਨੈਂਟ ਗਵਰਨਰ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਆਦਮੀ ਮਹੰਤ ਨਹੀਂ ਸੀ ਬਣ ਸਕਦਾ।  ਨਨਕਾਣਾ ਸਾਹਿਬ ਦਾ ਮਹੰਤ ਨਰੈਣ ਦਾਸ ਤਤਕਾਲੀ ਗਵਰਨਰ ਮੈਕਲੈਗਨ ਦੀ ‘ਕਿਰਪਾ’ ਨਾਲ ਬਣਿਆ ਸੀ। ਉਪਰੰਤ  ਮਹੰਤ ਨੇ ਅੰਗਰੇਜ਼ ਮੈਜਿਸਟਰੇਟ ਦੇ ਸਾਹਮਣੇ ਸਿੱਖ ਸੰਗਤ ਨਾਲ ਵਾਅਦਾ ਕੀਤਾ ਕਿ ਉਹ ਬਦਸਲੂਕੀ ਤੋਂ ਤੋਬਾ ਕਰਦੇ ਹਨ, ਬਾਵਜੂਦ ਇਸ ਦੇ ਕੋਈ ਕੁਤਾਹੀ ਹੋਵੇ ਤਾਂ ਉਹ ਖ਼ੁਦ ਹੀ ਅਸਤੀਫ਼ਾ ਦੇ ਦੇਣਗੇ। ਸ਼ਹੀਦ ਭਾਈ ਲਛਮਣ ਸਿੰਘ ਦੇ ਖਾਨਦਾਨ ਵਿਚੋਂ ਗੁਰਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਸੇ ਮਹੰਤ ਨੇ 1917 ਵਿਚ ਪਹਿਲੇ ਪਾਤਸ਼ਾਹ ਦੇ ਜਨਮ ਅਸਥਾਨ ’ਤੇ ਲਾਹੌਰ ਤੋਂ ਲਿਆਂਦੇ ਨਚਾਰਾਂ ਦਾ ਨ੍ਰਿਤ ਕਰਵਾਇਆ, ਉਸ ਸਮੇਂ ਇਨ੍ਹਾਂ ਨਚਾਰਾਂ ਦਾ ਖੁਲਾਸਾ ਕਈ ਅਖ਼ਬਾਰਾਂ ਨੇ ਵੀ ਕੀਤਾ ਸੀ। ਸਿੱਖ ਕੌਮ ਵੱਲੋਂ ਇਸ ਦਾ ਭਾਰੀ ਵਿਰੋਧ ਕੀਤਾ ਗਿਆ। ਇਸੇ ਸਮੇਂ ਦੌਰਾਨ ਮਹੰਤਾਂ ਦੀਆਂ ਕਈ ਹੋਰ ਆਪਹੁਦਰੀਆਂ ਘਟਨਾਵਾਂ ਵੀ ਸਾਹਮਣੇ ਆਈਆਂ। ਨਨਕਾਣਾ ਸਾਹਿਬ ਵਿਚ ਮਹੰਤਾਂ ਦੇ ਮਾੜੇ ਕੰਮ ਰੋਕਣ ਲਈ ਜ਼ਿਲ੍ਹਾ ਗੁਜਰਾਤ ਦੇ ਕਸਬਾ ਡਿੰਗਾ ’ਚ ਸਿੱਖ ਐਜੂਕੇਸ਼ਨ ਕਾਨਫਰੰਸ ਹੋਈ। ਜਿਸ ਵਿਚ ਗਿਆਨੀ ਹੀਰਾ ਸਿੰਘ ਦਰਦ, ਗਿਆਨੀ ਸ਼ੇਰ ਸਿੰਘ, ਮਾਸਟਰ ਸੁੰਦਰ ਸਿੰਘ ਲਾਇਲਪੁਰੀ ਅਤੇ ਅਮਰ ਸਿੰਘ ਸਮੇਤ ਹੋਰ ਪੰਥਕ ਨੇਤਾ ਹਾਜ਼ਰ ਸਨ। ਇਸ ਮੌਕੇ ’ਤੇ ਮਹੰਤਾਂ ਦੇ ਕੁਕਰਮਾਂ ਨੂੰ ਲਗਾਮ ਲਾਉਣ ਲਈ ਯਤਨ ਹੋਣ ਲੱਗੇ। ਉਨ੍ਹਾਂ ਨੇ ਦੱਸਿਆ ਕਿ ਮਹੰਤ ਨੇ ਨਵੰਬਰ 1920 ਨੂੰ ਗੁਰਦੁਆਰੇ ਦੀ ਹਦੂਦ ਵਿਚ ਚਾਰ-ਪੰਜ ਸੌ ਵਿਅਕਤੀਆਂ ਦਾ ਇਕੱਠ ਕਰਕੇ ਸਪੱਸ਼ਟ ਕੀਤਾ ਕਿ ਜੋ ਅਕਾਲੀ ਦਿਖਾਈ ਦੇਵੇ, ਉਸ ਨੂੰ ਪਹਿਲੀ ਪਾਤਸ਼ਾਹੀ ਦੇ ਜਨਮ ਅਸਥਾਨ ਤੋਂ ਜਾਣ ਤੋਂ ਸਖ਼ਤੀ ਨਾਲ ਰੋਕਿਆ ਜਾਵੇ। ਇਸ ਦੌਰਾਨ ਹੀ ਮਹੰਤ ਨੇ ਕਾਦਰ, ਰਾਂਝੇ, ਰਿਹਾਣੇ, ਨੂਰਸ਼ਾਹ, ਰਹਿਮਾਨ, ਇਸਮਾਇਲ ਅਤੇ ਦਸ ਨੰਬਰੀਏ ਦੋ ਦਰਜਨ ਤੋਂ ਵੱਧ ਪਠਾਣਾਂ ਨੂੰ ਆਪਣੇ ਕੋਲ ਤਨਖਾਹੀਏ ਵੱਜੋਂ ਰੱਖ ਲਿਆ। ਮਹੰਤ ਨਰੈਣ ਦਾਸ ਨੇ ਕਿਸੇ ਵੀ ਸਥਿਤੀ ਦੇ ਟਾਕਰੇ ਲਈ ਗੁਰਦੁਆਰਾ ਕੰਪਲੈਕਸ ’ਚ ਅਗੇਤ ਤਿਆਰੀ ਕਰਕੇ ਰੱਖੀ ਸੀ। ਉੱਧਰ 24 ਜਨਵਰੀ 1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ  ਹੋਈ, ਜਿਸ ਵਿਚ ਪਹਿਲੀ ਪਾਤਸ਼ਾਹੀ ਦੇ ਜਨਮ ਅਸਥਾਨ ਦੀ ਵਿਗੜ ਰਹੀ ਸਥਿਤੀ ’ਤੇ ਚਰਚਾ ਹੋਈ ਅਤੇ ਮਤਾ ਪਾਸ ਕੀਤਾ ਕਿ 4 ਤੋਂ 6 ਮਾਰਚ 1921 ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਸਮੂਹ ਖ਼ਾਲਸੇ ਦਾ ਇਕੱਠ ਹੋਵੇਗਾ। ਜਿਸ ਵਿਚ ਮਹੰਤ ਨੂੰ ਪੰਥਕ ਮਰਿਆਦਾ ਅਨੁਸਾਰ ਚੱਲਣ ਲਈ ਕਿਹਾ ਜਾਵੇਗਾ। ਇਸ ਪੰਥਕ ਇਕੱਠ ਲਈ ਭਾਈ ਲਛਮਣ ਸਿੰਘ ਧਾਰੋਵਾਲੀ, ਦਲੀਪ ਸਿੰਘ ਸਾਂਘਲਾ, ਬੂਟਾ ਸਿੰਘ ਅਤੇ ਜਥੇਦਾਰ ਕਰਤਾਰ ਸਿੰਘ ਝੱਬਰ ਨੂੰ ਜ਼ਿੰਮੇਵਾਰੀ ਸੌਂਪੀ ਗਈ।  ਸਾਜ਼ਿਸ਼ ਸਿਰਜਣ ’ਚ ਮਾਹਿਰ ਨਰੈਣ ਦਾਸ ਨੇ  ਸਿੱਖਾਂ ਨਾਲ ਸਮਝੌਤਾ ਕਰਨ ਦੇ ਦਿਖਾਵੇ ਵੱਜੋਂ ਆਪਣੇ ਦੋ ਹੋਰ ਮਹੰਤ ਸੁੰਦਰ ਦਾਸ ਅਤੇ ਸੰਤ ਹਰੀ ਦਾਸ ਨੂੰ ਭੇਜ ਕੇ ਅੰਦਰ ਦੇ ਭੇਤ ਵੀ ਲੈ ਲਏ।  

ਇਸੇ ਦੌਰਾਨ ਪੰਥ ਦਰਦੀਆਂ ਨੂੰ ਜਾਣਕਾਰੀ ਮਿਲੀ ਕਿ 19 ਅਤੇ 20 ਫਰਵਰੀ ਨੂੰ ਮਹੰਤ ਲਾਹੌਰ ਵਿਚ ਸਨਾਤਨੀ ਧਰਮ ਕਾਨਫਰੰਸ ’ਚ ਸ਼ਾਮਲ ਹੋਣ ਜਾ ਰਹੇ ਹਨ। ਇਸ ਨੂੰ ਗੁਰਦੁਆਰਾ ਜਨਮ ਅਸਥਾਨ (ਸ੍ਰੀ ਗੁਰੂ ਨਾਨਕ ਦੇਵ) ਦੀ ਪਵਿੱਤਰਤਾ ਬਹਾਲ ਕਰਨ ਲਈ ਇਸ ਨੂੰ ਆਪਣੇ ਕਬਜ਼ੇ ਵਿਚ ਲੈਣ ਦੇ ਢੁਕਵੇਂ ਮੌਕੇ ਵੱਜੋਂ ਵਿਉਂਤਿਆ ਗਿਆ।  19 ਫਰਵਰੀ ਨੂੰ ਭਾਈ ਲਛਮਣ ਸਿੰਘ ਆਪਣੇ ਜਥੇ ਨਾਲ ਪਿੰਡ ਧਾਰੋਵਾਲੀ, ਜ਼ਿਲ੍ਹਾ ਸ਼ੇਖੂਪੁਰਾ ਤੋਂ ਚਾਲੇ ਪਾਉਂਦਿਆਂ ਵੱਖ ਵੱਖ ਪਿੰਡਾਂ ਤੋਂ ਹੁੰਦਿਆਂ 20 ਫਰਵਰੀ  ਨੂੰ ਤੜਕੇ ਸ੍ਰੀ ਨਨਕਾਣਾ ਸਾਹਿਬ ਨੇੜੇ ਪਹੁੰਚਣ ’ਚ ਸਫਲ ਹੋ ਗਏ।  ਜਥੇ ਵਿਚ ਭਾਈ ਸਾਹਿਬ ਦੀ ਪਤਨੀ ਬੀਬੀ ਇੰਦਰ ਕੌਰ ਸਮੇਤ ਹੋਰ ਬੀਬੀਆਂ ਵੀ ਸਨ। ਜਥਾ ਗੁਰਦੁਆਰਾ ਸਾਹਿਬ ਦਾਖਲ ਹੋ ਚੁੱਕਾ ਸੀ। ਜਾਣਕਾਰ ਦੱਸਦੇ ਹਨ ਕਿ ਮਹੰਤ ਉਸ ਸਮੇਂ ਰੇਲ ਗੱਡੀ ’ਚ ਸਵਾਰ ਸੀ ਜੋ ਸਵੇਰੇ ਹੀ ਲਾਹੌਰ ਨੂੰ ਜਾਣ ਵਾਲੀ ਸੀ। ਇਸੇ ਦੌਰਾਨ ਉਸ ਨੂੰ ਸੂਚਨਾ ਮਿਲੀ ਕਿ ਸਿੱਖਾਂ ਨੇ ਗੁਰਦੁਆਰੇ ’ਤੇ ਕਬਜ਼ਾ ਕਰ ਲਿਆ ਹੈ। ਜਾਣਕਾਰਾਂ ਅਨੁਸਾਰ ਮਹੰਤ ਨੇ ਹੌਲੀ ਰਫ਼ਤਾਰ ਨਾਲ ਚੱਲ ਰਹੀ ਰੇਲ ਵਿਚੋਂ ਛਾਲ ਮਾਰੀ ਤੇ ਆਪਣੇ ਕਰੀਬੀ ਤਨਖਾਹੀਆਂ ਨੂੰ ਹੁਕਮ ਦਿੱਤਾ ਕਿ ਕੋਈ ਸਿੱਖ ਬਚ ਕੇ ਨਾ ਜਾਵੇ। ਭਾਈ ਲਛਮਣ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿਚ ਚੌਰ ਕਰ ਰਹੇ ਸਨ, ਇਸ ਦੌਰਾਨ ਉਨ੍ਹਾਂ ਦੇ ਇਕ ਗੋਲੀ ਵੱਜੀ ਤੇ ਜ਼ਖ਼ਮੀ ਹੋ ਗਏ। ਮਹੰਤ ਦੇ ਕਰਿੰਦਿਆਂ ਨੇ ਬਰਛੇ, ਟਕੂਏ, ਗੰਡਾਸੇ, ਬਰਛੀਆਂ ਅਤੇ ਬੰਦੂਕਾਂ ਨਾਲ ਹਮਲਾ ਕਰਕੇ ਸਵਾ ਸੌ ਦੇ ਕਰੀਬ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ। ਜ਼ਖ਼ਮੀ ਹਾਲਤ ਵਿਚ ਭਾਈ ਲਛਮਣ ਸਿੰਘ ਨੂੰ ਜੰਡ ਨਾਲ ਬੰਨ੍ਹ ਕੇ ਮਿੱਟੀ ਦਾ ਤੇਲ ਪਾ ਕੇ ਸਾੜਿਆ ਗਿਆ।  23 ਫਰਵਰੀ 1921 ਨੂੰ ਗੁਰਦੁਆਰਾ ਪ੍ਰਕਾਸ਼ ਸਥਾਨ ਦੇ ਸਾਹਮਣੇ ਅੰਗੀਠਾ ਤਿਆਰ ਕੀਤਾ ਗਿਆ। ਜਿਸ ਵਿਚ 119 ਖੋਪੜੀਆਂ ਅਤੇ 7 ਅੱਧ ਸੜੀਆਂ ਖੋਪੜੀਆਂ ਨੂੰ ਜਿੱਥੇ ਇਕ ਸਥਾਨ ’ਤੇ ਰੱਖਿਆ ਗਿਆ, ਉੱਥੇ ਮਾਸ ਦੇ ਤਿੰਨ ਅਤੇ ਦਸ ਟੋਕਰੇ ਛੋਟੀਆਂ ਹੱਡੀਆਂ ਦੇ ਲਿਆ ਕੇ ਇਕ ਸਥਾਨ ’ਤੇ ਰੱਖ ਕੇ ਸੰਸਕਾਰ ਕੀਤਾ ਗਿਆ। ਗ਼ਮਗੀਨ ਸੰਗਤ ਨੇ ਜਪੁਜੀ ਸਾਹਿਬ ਦਾ ਪਾਠ ਕੀਤਾ।

ਸ਼ਹੀਦ ਭਾਈ ਲਛਮਣ ਸਿੰਘ ਜੋ ਬਟਾਲਾ ਡੇਰਾ ਬਾਬਾ ਨਾਨਕ ਸੜਕ ’ਤੇ ਸਥਿਤ ਪਿੰਡ ਧਾਰੋਵਾਲੀ ਦੇ ਜੰਮਪਲ ਸਨ, ਉਨ੍ਹਾਂ ਦੇ ਪੁਰਖੇ ਇੱਥੋਂ ਬਾਅਦ ਵਿਚ ਪਾਕਿਸਤਾਨ ਦੇ ਜ਼ਿਲ੍ਹਾ ਸ਼ੇਖੂਪੁਰ ਦੇ ਪਿੰਡ ਕੋਟਲਾ ਸੰਤ ਸਿੰਘ ਚੱਕ ਨੰਬਰ 33 ਚਲੇ ਗਏ, ਪਰ ਦੇਸ਼ ਵੰਡ ਤੋਂ ਬਾਅਦ ਭਾਈ ਲਛਮਣ ਸਿੰਘ ਦੇ ਪਰਿਵਾਰਕ ਮੈਂਬਰ ਬਟਾਲਾ ਤੋਂ 8-9 ਕਿਲੋਮੀਟਰ ਦੂਰ ਪਿੰਡ ਗੋਧਰਪੁਰ ’ਚ ਵੱਸ ਗਏ। ਜਿੱਥੇ ਮਾਲ ਵਿਭਾਗ ਦੇ ਰਿਕਾਰਡ ’ਚ ਅੱਜ ਵੀ  ਭਾਈ ਲਛਮਣ ਸਿੰਘ ਦੀ ਪਤਨੀ ਬੀਬੀ ਇੰਦਰ ਕੌਰ  ਦੇ ਨਾਮ ’ਤੇ  22 ਏਕੜ ਜ਼ਮੀਨ ਦੱਸੀ ਜਾਂਦੀ ਹੈ। ਪਿੰਡ ਗੋਧਰਪੁਰ ਦੇ ਗੁਰਿੰਦਰ ਸਿੰਘ ਰੰਧਾਵਾ ਜੋ ਸ਼ਹੀਦ ਭਾਈ ਲਛਮਣ ਸਿੰਘ ਦੇ ਖਾਨਦਾਨ ’ਚੋਂ ਹਨ, ਨੇ ਦੱਸਿਆ ਕਿ ਦੇਸ਼ ਵੰਡ ਤੋਂ ਬਾਅਦ  ਸ਼ਹੀਦ ਭਾਈ ਲਛਮਣ ਸਿੰਘ ਦੇ ਤਿੰਨ ਭਰਾ ਭਾਈ ਊਧਮ ਸਿੰਘ, ਭਾਈ ਹਾਕਮ ਸਿੰਘ, ਭਾਈ ਮੂਲਾ ਸਿੰਘ ਅਤੇ ਸ਼ਹੀਦ ਦੀ ਪਤਨੀ ਬੀਬੀ ਇੰਦਰ ਕੌਰ ਪਿੰਡ ਗੋਧਰਪੁਰ ਆ ਗਏ ਸਨ। ਸ੍ਰੀ ਨਨਕਾਣਾ ਸਾਹਿਬ ਵਿਖੇ ਵਾਪਰੀ ਘਟਨਾ ਵਿਚ ਭਾਈ ਲਛਮਣ ਸਿੰਘ ਤੋਂ ਇਲਾਵਾ ਉਨ੍ਹਾਂ ਦੁਆਰਾ ਗੋਦ ਲਿਆ ਪੁੱਤਰ ਮੰਗਲ ਸਿੰਘ ਜੋ ਰੰਘਰੇਟਾ ਸਮਾਜ ਨਾਲ ਸਬੰਧਤ ਸੀ, ਤੋਂ ਇਲਾਵਾ ਸ਼ਹੀਦ ਦੇ ਚਾਚਾ ਭਾਈ ਈਸ਼ਰ ਸਿੰਘ, ਭਾਈ ਆਤਮਾ ਸਿੰਘ ਅਤੇ ਭਾਈ ਸੁੰਦਰ ਸਿੰਘ ਨੇ ਸ਼ਹੀਦੀ ਜਾਮ ਪੀਤਾ ਸੀ। 

ਰੰਧਾਵਾ ਨੇ ਦੱਸਿਆ ਕਿ ਇਨ੍ਹਾਂ ਸ਼ਹੀਦਾਂ ਦੀ ਸਦੀਵੀ ਯਾਦ ਲਈ ਸੰਤ ਫਤਹਿ ਸਿੰਘ ਨੇ 1965 ਦੇ ਕਰੀਬ ਪਿੰਡ ਗੋਧਰਪੁਰ ਵਿਚ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਰੱਖਿਆ। ਇਸੇ ਤਰ੍ਹਾਂ ਮਿਸਲ ਸ਼ਹੀਦ ਬਾਬਾ ਨਿਬਾਹੂ ਸਿੰਘ ਜੀ ਤਰਨਾਦਲ ਦੀ ਵਹੀਰ ਨਿਹੰਗ ਸਿੰਘ ਦੇ ਮੁੱਖ ਜਥੇਦਾਰ ਬਾਬਾ ਬਲਦੇਵ ਸਿੰਘ ਨੇ ਦੱਸਿਆ ਕਿ ਇਸ ਸਾਕੇ ਵਿਚ ਰੰਘਰੇਟਾ ਕੌਮ ਨੇ ਵੀ ਭਰਪੂਰ ਯੋਗਦਾਨ ਪਾਇਆ। ਉਨ੍ਹਾਂ ਦੇ ਖਾਨਦਾਨ ਵਿਚੋਂ ਭਾਈ ਆਤਮਾ ਸਿੰਘ, ਭਾਈ ਹੀਰਾ ਸਿੰਘ, ਭਾਈ ਪ੍ਰੇਮ ਸਿੰਘ, ਭਾਈ ਲਛਮਣ ਸਿੰਘ, ਭਾਈ ਮੰਗਲ ਸਿੰਘ, ਬੀਬੀ ਈਸ਼ਰ ਕੌਰ, ਬੀਬੀ ਈਸ਼ਰਾ ਅਤੇ ਬੇਟਾ ਦਰਬਾਰਾ ਸਿੰਘ ਸ਼ਹੀਦ ਹੋ ਗਏ ਸਨ। ਉਨ੍ਹਾਂ ਦੇ ਪੁਰਖੇ ਵੀ ਪਾਕਿਸਤਾਨ ਦੇ ਬਾਰ ’ਚ ਰਹਿੰਦੇ ਸਨ ਜੋ ਦੇਸ਼ ਵੰਡ ਤੋਂ ਬਾਅਦ ਬਟਾਲਾ-ਕਲਾਨੌਰ ਰੋਡ ’ਤੇ ਸਥਿਤ ਪਿੰਡ ਮੁਸਤਰਾਪੁਰ ’ਚ ਆ ਗਏ ਸਨ। ਜਿੱਥੇ ਹਰ ਸਾਲ 22-23 ਫਰਵਰੀ ਨੂੰ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ, ਪਰ ਇਸ ਵਾਰ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ 26 ਫਰਵਰੀ ਨੂੰ ਸ਼ਹੀਦੀ ਸਮਾਗਮ ਹੋ  ਰਿਹਾ ਹੈ। ਇਸੇ ਤਰ੍ਹਾਂ ਪਿੰਡ ਗੋਧਰਪੁਰ ਵਿਚ ਸ਼ਹੀਦੀ ਦਿਹਾੜਾ 19 ਫਰਵਰੀ ਤੋਂ 21 ਫਰਵਰੀ ਤਕ ਮਨਾਇਆ ਜਾ ਰਿਹਾ ਹੈ। 

ਸੰਪਰਕ: 97794-79439

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All