ਡਾ. ਸੈਮੂਅਲ ਹੈਨੀਮਨ ਨੇ ਕੀਤੀ ਸੀ ਹੋਮਿਓਪੈਥੀ ਦੀ ਖੋਜ
ਹੋੋਮਿਓਪੈਥੀ ਦੇ ਜਨਮਦਾਤਾ ਡਾਕਟਰ ਕ੍ਰਿਸਚਨ ਫਰੈਡਰਿਕ ਸੈਮੂਅਲ ਹੈਨੀਮਨ ਹਨ। ਉਨ੍ਹਾਂ ਦਾ ਜਨਮ 10 ਅਪਰੈਲ ਸੰਨ 1755 ਵਿੱਚ ਜਰਮਨੀ ਦੇ ਸ਼ਹਿਰ ਮੀਜ਼ਨ ਵਿੱਚ ਹੋਇਆ ਸੀ। ਹਰ ਸਾਲ ਦਸ ਅਪਰੈਲ ਨੂੰ ਹੋਮਿਓਪੈਥੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਹੋਮਿਓਪੈਥੀ ਦੀ ਖੋਜ ਕਰਨ ਤੋਂ...
ਹੋੋਮਿਓਪੈਥੀ ਦੇ ਜਨਮਦਾਤਾ ਡਾਕਟਰ ਕ੍ਰਿਸਚਨ ਫਰੈਡਰਿਕ ਸੈਮੂਅਲ ਹੈਨੀਮਨ ਹਨ। ਉਨ੍ਹਾਂ ਦਾ ਜਨਮ 10 ਅਪਰੈਲ ਸੰਨ 1755 ਵਿੱਚ ਜਰਮਨੀ ਦੇ ਸ਼ਹਿਰ ਮੀਜ਼ਨ ਵਿੱਚ ਹੋਇਆ ਸੀ। ਹਰ ਸਾਲ ਦਸ ਅਪਰੈਲ ਨੂੰ ਹੋਮਿਓਪੈਥੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਹੋਮਿਓਪੈਥੀ ਦੀ ਖੋਜ ਕਰਨ ਤੋਂ ਪਹਿਲਾਂ ਉਹ ਇੱਕ ਮਿਹਨਤੀ ਐੱਮ ਡੀ ਡਾਕਟਰ ਸਨ। ਡਾਕਟਰ ਹੈਨੀਮਨ ਕੁਝ ਤਤਕਾਲੀ ਪ੍ਰਚਲਿਤ ਇਲਾਜ ਵਿਧੀਆਂ ਤੋਂ ਸੰਤੁਸ਼ਟ ਨਹੀਂ ਸਨ ਕਿਉਂਕਿ ਇੱਕ ਤਾਂ ਉਹ ਵਿਧੀਆਂ ਕਈ ਵਾਰ ਰੋਗ ਤੋਂ ਵੀ ਵਧੇਰੇ ਪੀੜਾਦਾਇਕ ਹੁੰਦੀਆਂ ਸਨ ਅਤੇ ਦੂਸਰਾ ਉਹ ਵਿਧੀਆਂ ਸਥਾਈ ਇਲਾਜ ਨਹੀਂ ਕਰਦੀਆਂ ਸਨ।
ਇਸ ਲਈ ਡਾਕਟਰ ਹੈਨੀਮਨ ਨੇ ਵਧੇਰੇ ਖੋਜ ਦੀ ਲੋੜ ਮਹਿਸੂਸ ਕਰਦਿਆਂ ਪ੍ਰੈਕਟਿਸ ਛੱਡ ਦਿੱਤੀ ਤੇ ਮੈਡੀਕਲ ਦੀਆਂ ਕਿਤਾਬਾਂ ਦਾ ਅਨੁਵਾਦ ਕਰਨਾ ਸ਼ੁਰੂ ਕਰ ਦਿੱਤਾ। ਸੰਨ 1789 ਵਿੱਚ ਉਹ ‘ਮਟੀਰੀਆ ਮੈਡੀਕਾ ਔਫ ਵਿਲੀਅਮ ਕੁਲੇਨ’ ਨਾਮ ਦੀ ਕਿਤਾਬ ਦਾ ਅਨੁਵਾਦ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਇੱਕ ਨੋਟ ਪੜ੍ਹਿਆ ਕਿ ਸਿਨਕੋਨਾ ਨਾਮ ਦੇ ਪੌਦੇ ਦਾ ਸੱਕ ਮਲੇਰੀਆ ਨੂੰ ਇਸ ਲਈ ਠੀਕ ਕਰਦਾ ਹੈ ਕਿਉਂਕਿ ਇਹ ਸੱਕ ਕੌੜਾ ਹੈ। ਡਾ. ਹੈਨੀਮਨ ਇਸ ਗੱਲ ਤੋਂ ਸੰਤੁਸ਼ਟ ਨਾ ਹੋਏ ਕਿਉਂਕਿ ਹੋਰ ਵੀ ਕਈ ਔਸ਼ਧੀਆਂ ਕੌੜੀਆਂ ਸਨ ਪਰ ਮਲੇਰੀਆ ਨੂੰ ਸਿਰਫ਼ ਸਿਨਕੋਨਾ ਹੀ ਠੀਕ ਕਰਦੀ ਸੀ। ਇਸ ਗੱਲ ਦੀ ਪੁਸ਼ਟੀ ਕਰਨ ਲਈ ਉਨ੍ਹਾਂ ਨੇ ਖ਼ੁਦ ਸਿਨਕੋਨਾ ਦੇ ਸੱਕ ਦਾ ਜੂਸ ਪੀਣਾ ਸ਼ੁਰੂ ਕਰ ਦਿੱਤਾ। ਉਹ ਹੈਰਾਨ ਸਨ ਕਿ ਕੁਝ ਦਿਨਾਂ ਵਿੱਚ ਉਨ੍ਹਾਂ ਦੇ ਸਰੀਰ ਵਿੱਚ ਮਲੇਰੀਆ ਵਰਗੇ ਲੱਛਣ ਪੈਦਾ ਹੋਣੇ ਸ਼ੁਰੂ ਹੋ ਗਏ। ਇਸ ਤਜਰਬੇ ਤੋਂ ਡਾ. ਹੈਨੀਮਨ ਨੇ ਇਹ ਸਿੱਟਾ ਕੱਢਿਆ ਕਿ ਸਿਨਕੋਨਾ ਦਾ ਸੱਕ ਮਲੇਰੀਆ ਨੂੰ ਇਸ ਲਈ ਠੀਕ ਕਰਦਾ ਹੈ ਕਿਉਂਕਿ ਉਸ ਵਿੱਚ ਮਲੇਰੀਆ ਵਰਗੇ ਲੱਛਣ ਪੈਦਾ ਕਰਨ ਦੀ ਸਮਰੱਥਾ ਹੈ, ਨਾ ਕਿ ਉਸ ਵਿਚਲੀ ਕੁੜੱਤਣ ਕਰ ਕੇ। ਇਹੀ ਉਹ ਸਮਾਂ ਸੀ ਜਦੋਂ ਹੋਮਿਓਪੈਥੀ ਦੇ ਸਿਧਾਂਤ ਨੇ ਜਨਮ ਲਿਆ। ਕਿਹਾ ਜਾ ਸਕਦਾ ਹੈ ਕਿ ਜਿਸ ਤਰ੍ਹਾਂ ਗੁਰੂਤਾ ਆਕਰਸ਼ਣ (Law of Gravity) ਦੇ ਨਿਯਮ ਦੀ ਖੋਜ ਦੌਰਾਨ ਸਰ ਇਸਾਕ ਨਿਊਟਨ ਲਈ ਸੇਬ ਇੱਕ ਜ਼ਰੀਆ ਬਣਿਆ ਸੀ, ਉਸੇ ਤਰ੍ਹਾਂ ਹੋਮਿਓਪੈਥੀ ਦੀ ਖੋਜ ਦੌਰਾਨ ਡਾਕਟਰ ਹੈਨੀਮਨ ਲਈ ਸਿਨਕੋਨਾ ਦੇ ਰੁੱਖ ਦਾ ਸੱਕ (Cinchona bark) ਵੀ ਅਜਿਹਾ ਹੀ ਸਾਧਨ ਬਣਿਆ।
ਇਸੇ ਤਰ੍ਹਾਂ ਡਾਕਟਰ ਹੈਨੀਮਨ ਨੇ ਕੁਝ ਹੋਰ ਦਵਾਈਆਂ ਦਾ ਨਿਰੀਖਣ ਖ਼ੁਦ ’ਤੇ ਅਤੇ ਆਪਣੇ ਜਾਣ-ਪਛਾਣ ਵਾਲੇ ਇਨਸਾਨਾਂ ’ਤੇ ਕਰਨਾ ਸ਼ੁਰੂ ਕਰ ਦਿੱਤਾ। ਇੱਕ ਤੰਦਰੁਸਤ ਵਿਅਕਤੀ ਵਿੱਚ ਜੋ ਵੀ ਲੱਛਣ ਕਿਸੇ ਔਸ਼ਧੀ ਨਾਲ ਪੈਦਾ ਹੁੰਦੇ, ਉਹ ਉਨ੍ਹਾਂ ਨੂੰ ਲਿਖ਼ਤੀ ਰੂਪ ਵਿੱਚ ਇਕੱਠਾ ਕਰ ਲੈਂਦੇ। ਇਸੇ ਲਿਖ਼ਤ ਨੂੰ ਉਨ੍ਹਾਂ ਨੇ ‘ਮਟੀਰੀਆ ਮੈਡੀਕਾ ਔਫ ਹੋਮਿਓਪੈਥੀ’ ਦਾ ਨਾਮ ਦਿੱਤਾ। ਇਹ ਕਿਤਾਬ ਅੱਜ ਹੋਮਿਓਪੈਥੀ ਦੇ ਡਾਕਟਰਾਂ ਲਈ ਕਿਸੇ ਮਹਾਨ ਗ੍ਰੰਥ ਤੋਂ ਘੱਟ ਨਹੀਂ ਹੈ।
ਹੋਮਿਓਪੈਥੀ ਦੇ ਇਸ ਸਿਧਾਂਤ ਨੂੰ ‘ਸਿਮੀਲੀਆ ਸਿਮੀਲੀਬਸ ਕਿਊਰੇਂਤਰ’ (Similia Similibus Curentur) ਕਿਹਾ ਜਾਂਦਾ ਹੈ। ਇਸ ਦਾ ਅਰਥ ਹੈ ਕਿ ਜੋ ਔਸ਼ਧੀ ਜਿਸ ਤਰ੍ਹਾਂ ਦੇ ਲੱਛਣ ਇੱਕ ਤੰਦਰੁਸਤ ਆਦਮੀ ਵਿੱਚ ਪੈਦਾ ਕਰਦੀ ਹੈ, ਉਹ ਔਸ਼ਧੀ ਜੇਕਰ ਬਿਮਾਰ ਆਦਮੀ ਨੂੰ ਦਿੱਤੀ ਜਾਵੇ ਤਾਂ ਉਸੇ ਤਰ੍ਹਾਂ ਦੇ ਲੱਛਣਾਂ ਨੂੰ ਠੀਕ ਕਰਦੀ ਹੈ।
ਡਾਕਟਰ ਹੈਨੀਮਨ ਨੇ ਇਹ ਸਿਧਾਂਤ ਵੀ ਸਾਹਮਣੇ ਲਿਆਂਦਾ ਕਿ ਇਨਸਾਨ ਦੇ ਸਥੂਲ ਸਰੀਰ ਦੇ ਅੰਦਰ ਹਮੇਸ਼ਾ ਇੱਕ ਜੀਵਨਧਾਰਾ ਵਹਿੰਦੀ ਰਹਿੰਦੀ ਹੈ ਜੋ ਇਨਸਾਨ ਨੂੰ ਜਿਊਂਦਾ ਰੱਖਦੀ ਹੈ। ਉਨ੍ਹਾਂ ਇਸ ਜੀਵਨਧਾਰਾ ਨੂੰ ‘ਵਾਈਟਲ ਫੋਰਸ’ (ਭਾਵ ਇੱਕ ਮਹੱਤਵਪੂਰਨ ਸ਼ਕਤੀ) ਦਾ ਨਾਮ ਦਿੱਤਾ। ਉਨ੍ਹਾਂ ਅਨੁਸਾਰ ਜਦੋਂ ਵੀ ਸਾਡੇ ਸਥੂਲ ਸਰੀਰ ਅਤੇ ਇਸ ਸੂਖ਼ਮ ਜੀਵਨਧਾਰਾ ਦੀ ਇਕਾਗਰਤਾ ਵਿੱਚ ਵਿਘਨ ਪੈਂਦਾ ਹੈ ਤਾਂ ਬਿਮਾਰੀ ਪੈਦਾ ਹੁੰਦੀ ਹੈ। ਇਹੀ ਕਾਰਨ ਹੈ ਕਿ ਕਿਸੇ ਵੀ ਬਿਮਾਰੀ ਨੂੰ ਠੀਕ ਕਰਨ ਲਈ ਵੀ ਸੂਖ਼ਮ ਔਸ਼ਧੀ ਹੀ ਲੋੜੀਂਦੀ ਹੈ। ਸੂਖ਼ਮ ਔਸ਼ਧੀ ਤਿਆਰ ਕਰਨ ਦੀ ਵਿਧੀ ਨੂੰ ਡਾਕਟਰੀ ਭਾਸ਼ਾ ਵਿੱਚ ‘ਪੋਟੈਂਟਾਈਜੇਸ਼ਨ’ ਕਿਹਾ ਜਾਂਦਾ ਹੈ।
ਹੋਮਿਓਪੈਥੀ ਦੀ ਖੋਜ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਇਹ ਖੋਜ ਕਰਨ ਤੋਂ ਇਲਾਵਾ ਡਾ. ਹੈਨੀਮਨ ਨੇ ਹੋਮਿਓਪੈਥੀ ਦੇ ਸਿਧਾਂਤਾਂ ਉੱਪਰ ਵੀ ਇੱਕ ਕਿਤਾਬ ਲਿਖੀ ਜਿਸ ਨੂੰ ‘ਔਰਗੈਨਨ ਔਫ ਮੈਡੀਸਨ’ ਦਾ ਨਾਮ ਦਿੱਤਾ ਗਿਆ। ਇਸ ਕਿਤਾਬ ਦੇ ਕੁੱਲ ਛੇ ਐਡੀਸ਼ਨ ਪ੍ਰਕਾਸ਼ਿਤ ਕੀਤੇ ਗਏ ਹਨ। ਵਰਨਣਯੋਗ ਹੈ ਕਿ ਇਸ ਕਿਤਾਬ ਦਾ ਛੇਵਾਂ ਐਡੀਸ਼ਨ ਡਾ. ਹੈਨੀਮਨ ਦੀ ਮੌਤ ਤੋਂ ਬਾਅਦ 1921 ਵਿੱਚ ਪ੍ਰਕਾਸ਼ਿਤ ਹੋਇਆ ਸੀ।
ਤਤਕਾਲੀ ਇਲਾਜ ਪ੍ਰਣਾਲੀਆਂ ਤੋਂ ਵਖਰੇਵਾਂ ਹੋਣ ਕਾਰਨ ਡਾ. ਹੈਨੀਮਨ ਦਾ ਬਹੁਤ ਵਿਰੋਧ ਕੀਤਾ ਗਿਆ ਪਰ ਉਹ ਆਪਣੇ ਵਿਸ਼ਵਾਸ ’ਤੇ ਕਾਇਮ ਰਹੇ ਤੇ ਆਪਣੀ ਖੋਜ ਜਾਰੀ ਰੱਖੀ। ਇਹ ਉਨ੍ਹਾਂ ਦੀ ਸਖ਼ਤ ਮਿਹਨਤ ਦੇ ਦ੍ਰਿੜਤਾ ਦਾ ਹੀ ਨਤੀਜਾ ਹੈ ਜੋ ਸੰਸਾਰ ਨੂੰ ਇਹ ਸੂਖ਼ਮ ਪ੍ਰਣਾਲੀ ਇਲਾਜ ਲਈ ਮਿਲੀ।
ਡਾਕਟਰ ਹੈਨੀਮਨ ਨੇ 2 ਜੁਲਾਈ 1843 ਨੂੰ 88 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਿਹਾ। ਉਨ੍ਹਾਂ ਦੀ ਸਮਾਧ ਫਰਾਂਸ ਦੇ ਪੈਰਿਸ ਸ਼ਹਿਰ ਵਿੱਚ ਹੈ। ਅੱਜ ਲਗਪਗ ਦੋ ਸ਼ਤਾਬਦੀਆਂ ਬਾਅਦ ਵੀ ਉਨ੍ਹਾਂ ਵੱਲੋਂ ਕੀਤੀ ਗਈ ਖੋਜ ਆਮ ਲੋਕਾਂ ਦੀ ਜ਼ਿੰਦਗੀ ਨੂੰ ਆਰਾਮਦਾਇਕ ਅਤੇ ਤੰਦਰੁਸਤ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ। ਅੱਜ ਵੀ ਵੱਡੀ ਗਿਣਤੀ ਵਿੱਚ ਲੋਕ ਆਪਣੀ ਬਿਮਾਰੀ ਦੇ ਹੱਲ ਲਈ ਹੋਮਿਓਪੈਥੀ ’ਤੇ ਭਰੋਸਾ ਕਰਦੇ ਹਨ। ਡਾ. ਹੈਨੀਮਨ ਦੀ ਸੋਚ ਤੇ ਖੋਜ ਨੂੰ ਦਿਲੋਂ ਪ੍ਰਣਾਮ ਹੈ।
ਸੰਪਰਕ: 98726-28767

