ਡਾ. ਰਤਨ ਸਿੰਘ ਜੱਗੀ ਦੀ ਗੌਰਵਮਈ ਵਿਰਾਸਤ
ਡਾ. ਰਤਨ ਸਿੰਘ ਜੱਗੀ ਨੂੰ ਸਾਡੇ ਕੋਲੋਂ ਵਿਛੜਿਆਂ ਇੱਕ ਸਾਲ ਹੋ ਗਿਆ ਹੈ। ਪਿਛਲੇ ਸਾਲ ਉਹ 97 ਸਾਲ ਦੀ ਲੰਮੀ ਅਰਥਭਰਪੂਰ ਉਮਰ ਭੋਗ ਕੇ, ਪੰਜਾਬੀ ਸਾਹਿਤ ਚਿੰਤਨ ਵਿੱਚ ਗੂੜ੍ਹੀਆਂ ਤੇ ਲੰਮੀਆਂ ਲੀਹਾਂ ਪਾ ਕੇ ਸਾਥੋਂ ਵਿਦਾ ਹੋਏ। ਆਪਣੇ ਆਖ਼ਰੀ ਸਾਹ...
ਡਾ. ਰਤਨ ਸਿੰਘ ਜੱਗੀ ਨੂੰ ਸਾਡੇ ਕੋਲੋਂ ਵਿਛੜਿਆਂ ਇੱਕ ਸਾਲ ਹੋ ਗਿਆ ਹੈ। ਪਿਛਲੇ ਸਾਲ ਉਹ 97 ਸਾਲ ਦੀ ਲੰਮੀ ਅਰਥਭਰਪੂਰ ਉਮਰ ਭੋਗ ਕੇ, ਪੰਜਾਬੀ ਸਾਹਿਤ ਚਿੰਤਨ ਵਿੱਚ ਗੂੜ੍ਹੀਆਂ ਤੇ ਲੰਮੀਆਂ ਲੀਹਾਂ ਪਾ ਕੇ ਸਾਥੋਂ ਵਿਦਾ ਹੋਏ। ਆਪਣੇ ਆਖ਼ਰੀ ਸਾਹ ਤੱਕ ਉਨ੍ਹਾਂ ਨੇ ਪੰਜਾਬੀ ਸਾਹਿਤ ਨਾਲ ਵਫ਼ਾ ਨਿਭਾਈ। ਫਰਵਰੀ ਤੱਕ ਉਹ ਆਪਣੇ ਪੜ੍ਹਨ ਕਮਰੇ ਵਿੱਚ ਰੋਜ਼ ਵਾਂਗ ਲਗਾਤਾਰ ਆਪਣੇ ਪ੍ਰੋਜੈਕਟ ਉੱਤੇ ਕਾਰਜਸ਼ੀਲ ਰਹੇ, ਪਰ ਉਨ੍ਹਾਂ ਦੀ ਵਿਰਾਸਤ ਭਾਰਤੀ ਪੰਜਾਬੀ ਸਾਹਿਤਕ, ਧਾਰਮਿਕ, ਸੱਭਿਆਚਾਰਕ ਚਿੰਤਨ ਪੱਖੋਂ ਕਦੇ ਵੀ ਵਿਸਰਨ ਵਾਲੀ ਨਹੀਂ। ਜਿਨ੍ਹਾਂ ਔਖੇ ਖੇਤਰਾਂ ਵਿੱਚ ਉਨ੍ਹਾਂ ਨੇ ਤਾਉਮਰ ਸਖ਼ਤ ਮਿਹਨਤ, ਵੱਡੀ ਲਗਨ ਅਤੇ ਪੂਰੀ ਤਨਦੇਹੀ ਨਾਲ ਮੂਲ ਸਰੋਤਾਂ ਤੀਕ ਰਸਾਈ ਕਰਕੇ ਖੋਜ ਅਤੇ ਚਿੰਤਨ ਦਾ ਕਾਰਜ ਕੀਤਾ, ਉਸ ਦੀ ਮਿਸਾਲ ਆਧੁਨਿਕ ਪੰਜਾਬੀ ਸਾਹਿਤ ਵਿੱਚ ਘੱਟ ਹੀ ਮਿਲਦੀ ਹੈ। ਨਵੀਂ ਪੀੜ੍ਹੀ ਗਿਆਨ ਦੇ ਹੀ ਨਹੀਂ, ਸਗੋਂ ਸੁਚੱਜੇ ਜੀਵਨ ਦੇ ਲਾਜ਼ਮੀ ਜੀਵੰਤ ਸਰੋਤਾਂ ਤੇ ਗੌਰਵਸ਼ੀਲ ਪ੍ਰਮਾਣਿਕ ਵਿਰਾਸਤੀ ਖ਼ਜ਼ਾਨਿਆਂ ਤੋਂ ਦੂਰ ਹੁੰਦੀ ਜਾ ਰਹੀ ਹੈ। ਅਗਲੇਰੀਆਂ ਪੀੜ੍ਹੀਆਂ ’ਚੋਂ, ਜੋ ਵੀ ਜਗਿਆਸੂ ਅਸਲ ਜੀਵਨ ਹਿੱਤਕਾਰੀ ਤੇ ਪ੍ਰਮਾਣਿਕ ਸਰੋਤਾਂ ਨਾਲ ਲੈਸ ਹੋ ਕੇ ਆਪਣੀ ਲਗਨ ਅਤੇ ਮਿਹਨਤ ਨਾਲ ਨਵੇਂ ਪੂਰਨੇ ਪਾਉਣੇ ਚਾਹੇਗਾ, ਉਸ ਲਈ ਡਾ. ਜੱਗੀ ਦੀ ਇਹ ਮੁੱਲਵਾਨ ਵਿਰਾਸਤ ਭਰਪੂਰ ਖ਼ਜ਼ਾਨਾ ਬਣੀ ਰਹੇਗੀ।
ਇੰਨੀਆਂ ਪ੍ਰਾਪਤੀਆਂ ਕਰਨ ਵਾਲੇ ਡਾ. ਜੱਗੀ ਦਾ ਜੀਵਨ ਸਫ਼ਰ ਨਾ ਸੁਖਾਵਾਂ ਸੀ, ਨਾ ਸੁਹਾਵਣਾ ਤੇ ਸੌਖਾ। ਬਚਪਨ ਤੋਂ ਹੀ ਉਨ੍ਹਾਂ ਨੇ ਪੜ੍ਹਨ ਦੀ ਲਗਨ ਨੂੰ ਸੀਨੇ ਨਾਲ ਲਾਈ ਰੱਖਿਆ। ਪੁਲੀਸ ਵਿਭਾਗ ਦੇ ਸੀ ਆਈ ਡੀ ਵਿੰਗ ਵਿੱਚ ਨੌਕਰੀ ਤੇ ਨਾਲ-ਨਾਲ ਐੱਮ ਏ ਕਰਕੇ ਉਹ ਕਾਲਜ ਅਧਿਆਪਨ ਤੇ ਛੇਤੀ ਹੀ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਲੈਕਚਰਾਰ ਆਣ ਲੱਗੇ। ਇੱਥੇ ਤੱਕ ਆਉਣਾ ਵੀ ਉਨ੍ਹਾਂ ਦੀ ਸਾਹਿਤਕ ਲਗਨ, ਉਚੇਰੀ ਪੜ੍ਹਾਈ ਅਤੇ ਖੋਜ ਬਿਰਤੀ ਸਦਕਾ ਹੀ ਸੰਭਵ ਹੋਇਆ ਸੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਿੱਠ ਕੇ ਪੜ੍ਹਾਇਆ। ਖ਼ੁਦ ਜੀਵਨ ਵਿੱਚ ਅਨੁਸ਼ਾਸਨ ਵਿੱਚ ਰਹਿ ਕੇ ਉਨ੍ਹਾਂ ਨੇ ਆਪਣੇ ਉੱਚ ਅਕੀਦਿਆਂ ਦਾ ਹਰ ਪਲ ਪਿੱਛਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀਆਂ ਪਰਿਵਾਰਕ ਅਤੇ ਹੋਰ ਸਮਾਜਿਕ ਜ਼ਿੰਮੇਵਾਰੀਆਂ ਵੀ ਬਾਖ਼ੂਬੀ ਨਿਭਾਈਆਂ। ਇਸ ਦੌਰਾਨ ਉਨ੍ਹਾਂ ਨੂੰ ਵੱਡੀਆਂ ਬਿਪਤਾਵਾਂ ਤੇ ਸਦਮਿਆਂ ’ਚੋਂ ਗੁਜ਼ਰਨਾ ਪਿਆ। 1969 ਵਿੱਚ ਉਨ੍ਹਾਂ ਦਾ ਇੱਕ ਭਿਆਨਕ ਮੋਟਰਸਾਈਕਲ ਹਾਦਸਾ ਹੋਇਆ। ਫਿਰ 1972 ਵਿੱਚ ਉਨ੍ਹਾਂ ਦੀ ਪਤਨੀ ਰਾਜਿੰਦਰ ਕੌਰ ਨੂੰ ਕੈਂਸਰ ਹੋਣ ਦਾ ਪਤਾ ਲੱਗਾ। ਇਲਾਜ ਦੇ ਬਾਵਜੂਦ ਲੰਮੀ ਪੀੜਾ ਵਿੱਚੋਂ ਗੁਜ਼ਰ ਕੇ ਉਹ 1975 ਵਿੱਚ ਸਾਥ ਛੱਡ ਗਏ। ਇਸ ਮੁਸ਼ਕਿਲ ਸਮੇਂ ’ਚੋਂ ਲੰਘ ਰਹੇ ਹੋਣ ਦੇ ਬਾਵਜੂਦ ਡਾ. ਜੱਗੀ ਬਾਕਾਇਦਾ ਕਲਾਸਾਂ ਲੈਂਦੇ, ਦੋਵਾਂ ਪੁੱਤਰਾਂ ਨੂੰ ਸਾਂਭਦੇ, ਪਤਨੀ ਦੇ ਇਲਾਜ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ। ਪਤਨੀ ਦੀ ਮੌਤ ਉਪਰੰਤ ਡਾ. ਜੱਗੀ ਦੀ ਜ਼ਿੰਦਗੀ ਇੱਕ ਅਜਬ ਚੁਰਾਹੇ ’ਤੇ ਆਣ ਰੁਕੀ। ਸਕੂਲ ਪੜ੍ਹਦੇ ਦੋ ਪੁੱਤਰ, ਉਨ੍ਹਾਂ ਦਾ ਖ਼ੁਦ ਪੜ੍ਹਨ ਲਿਖਣ ਦਾ ਜਨੂੰਨ, ਅੱਗੇ ਲੰਮਾ ਇਕੱਲਤਾ ਭਰਿਆ ਸਫ਼ਰ। ਇਸ ਪੜਾਅ ’ਤੇ ਉਨ੍ਹਾਂ ਨੂੰ ਡਾ. ਗੁਰਸ਼ਰਨ ਕੌਰ ਦਾ ਅਜਿਹਾ ਸਾਥ ਮਿਲਿਆ ਕਿ ਉਨ੍ਹਾਂ ਦੀ ਨਿੱਜੀ, ਪਰਿਵਾਰਕ, ਸਮਾਜਿਕ ਅਤੇ ਪੇਸ਼ੇਵਰ ਜ਼ਿੰਦਗੀ ਸੁਖਾਵਾਂ ਮੋੜ ਕੱਟ ਗਈ। ਉਨ੍ਹਾਂ ਨੇ ਫਿਰ ਪਰਿਵਾਰ, ਸਮਾਜ ਅਤੇ ਆਪਣੇ ਜਨੂੰਨ ਵਿੱਚ ਇੱਕ ਖ਼ੂਬਸੂਰਤ ਸਿਰਜਣਾਤਮਕ ਸੰਤੁਲਨ ਬਣਾਉਣ ’ਚ ਸਫ਼ਲਤਾ ਹਾਸਲ ਕੀਤੀ। ਕੁਝ ਸਾਲਾਂ ਮਗਰੋਂ ਜਵਾਨ ਉਮਰੇ ਉਨ੍ਹਾਂ ਦਾ ਵੱਡਾ ਪੁੱਤਰ ਸਦੀਵੀ ਵਿਛੋੜਾ ਦੇ ਗਿਆ। ਉਨ੍ਹਾਂ ਦਾ ਛੋਟਾ ਪੁੱਤਰ ਐੱਮ ਐੱਸ ਜੱਗੀ ਪੀ ਸੀ ਐੱਸ ਬਣਿਆ ਤੇ ਆਈ ਏ ਐੱਸ ਵਜੋਂ ਸੇਵਾਮੁਕਤ ਹੋਇਆ।
ਡਾ. ਜੱਗੀ ਨੇ ਆਪਣਾ ਵੱਡਾ ਮੁੱਲਵਾਨ ਸਮਾਂ ਆਪਣੇ ਸਾਹਿਤਕ ਚਿੰਤਨ ਕਾਰਜ ਦੇ ਲੇਖੇ ਲਾਇਆ। ਜਦ ਕਦੇ ਵੀ ਮਿਲਣ ਗਏ, ਉਹ ਸਿਰੜੀ ਕਾਮੇ ਵਾਂਗ ਆਪਣੇ ਪੜ੍ਹਨ ਕਮਰੇ ਵਿੱਚ ਆਪਣੀ ਕੁਰਸੀ ’ਤੇ ਡਟੇ ਦਿਸੇ। ਪੰਜਾਬੀ ਵਿਭਾਗ ਵਿੱਚ ਅਧਿਆਪਨ ਦੌਰਾਨ ਉਨ੍ਹਾਂ ਨੇ ਸਾਹਿਤ ਚਿੰਤਨ ਉੱਤੇ ਧਿਆਨ ਕੇਂਦਰਿਤ ਕੀਤਾ। ਦਸਮ ਗ੍ਰੰਥ ’ਤੇ ਉਨ੍ਹਾਂ ਦਾ ਕੰਮ ਮੀਲ ਪੱਥਰ ਹੈ। ਗੁਰਬਾਣੀ ਬਾਰੇ ਉਨ੍ਹਾਂ ਦਾ ਚਿੰਤਨ ਭਾਰਤੀ ਸਨਾਤਨੀ ਚਿੰਤਨ ਅਤੇ ਗੁਰਮਤਿ ਚਿੰਤਨ ਦੀ ਮੌਲਿਕਤਾ ਦੇ ਨਵੇਂ ਪ੍ਰਕਰਨ ਖੋਲ੍ਹਦਾ ਹੈ। ਉਨ੍ਹਾਂ ਨੇ ਡੀ ਲਿੱਟ ਕੀਤੀ। ਉਹ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸੰਸਕ੍ਰਿਤ ਦੇ ਵਿਦਵਾਨ ਸਨ। ਉਨ੍ਹਾਂ ਦਾ ਮੁੱਖ ਕਰਮ ਖੇਤਰ ਪੰਜਾਬੀ ਹੀ ਰਿਹਾ। ਇਸ ਵਿੱਚ ਇੱਕ ਅਹਿਮ ਮੋੜ ਉਨ੍ਹਾਂ ਦੇ 1978 ਵਿੱਚ ਪੰਜਾਬੀ ਸਾਹਿਤ ਅਧਿਐਨ ਵਿਭਾਗ ਵਿੱਚ ਪ੍ਰੋਫੈਸਰ ਨਿਯੁਕਤ ਹੋਣ ਅਤੇ ਉਸ ਦੇ ਮੁਖੀ ਬਣਨ ਨਾਲ ਆਇਆ। ਵਿਭਾਗ ਅਤੇ ਪੰਜਾਬੀ ਯੂਨੀਵਰਸਿਟੀ ਦੇ ਮਨੋਰਥਾਂ ਨੂੰ ਉਨ੍ਹਾਂ ਨੇ ਸੰਜੀਦਗੀ ਨਾਲ ਵਿਚਾਰਿਆ। ਉਹ ਪੰਜਾਬੀ ਸਾਹਿਤ ਦੀ ਉੱਨਤੀ ਲਈ ਸਰੋਤਮੂਲਕ ਸਮੱਗਰੀ ਦੀ ਮਹੱਤਤਾ ਤੇ ਜ਼ਰੂਰਤ ਨੂੰ ਸਮਝਦੇ ਹੋਏ ਇਸ ਪਾਸੇ ਤੁਰ ਪਏ। ਉਨ੍ਹਾਂ ਨੇ ‘ਪੰਜਾਬੀ ਸਾਹਿਤ ਸੰਦਰਭ ਸ਼ਬਦ ਕੋਸ਼’ ਤਿਆਰ ਕੀਤਾ। ਅਗਲੇ ਸਾਲਾਂ ਵਿੱਚ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਨਾਯਾਬ ਕੋਸ਼ ਅਤੇ ਸਰੋਤਮੂਲਕ ਸਮੱਗਰੀ ਗ੍ਰੰਥ ਤਿਆਰ ਕੀਤੇ। ਉਨ੍ਹਾਂ ਨੇ ਪੰਜ ਜਿਲਦਾਂ ਵਿੱਚ ‘ਪੰਜਾਬੀ ਸਾਹਿਤ ਦਾ ਸ੍ਰੋਤਮੂਲਕ ਇਤਿਹਾਸ’ ਲਿਖਿਆ।’ ਇਸੇ ਤਰ੍ਹਾਂ ‘ਗੁਰੂ ਗ੍ਰੰਥ ਵਿਸ਼ਵਕੋਸ਼’ ਪੰਜ ਜਿਲਦਾਂ ਵਿੱਚ, ‘ਅਰਥਬੋਧ ਸ੍ਰੀ ਗੁਰੂ ਗ੍ਰੰਥ ਸਾਹਿਬ,’ (ਪ੍ਰਕਾਸ਼ਕ: ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, 2007) ਅਤੇ ‘ਸ੍ਰੀ ਗੁਰੂ ਭਾਵ ਪ੍ਰਬੋਧਨੀ ਟੀਕਾ- ਸ੍ਰੀ ਗੁਰੂ ਗ੍ਰੰਥ ਸਾਹਿਬ’ ਅੱਠ ਜਿਲਦਾਂ ਵਿੱਚ ਰਚਿਆ। ਉਨ੍ਹਾਂ ਦੀਆਂ 71 ਪੁਸਤਕਾਂ ਪੰਜਾਬੀ, 14 ਪੁਸਤਕਾਂ ਹਿੰਦੀ ਵਿੱਚ, 11 ਵਿਸ਼ਵਕੋਸ/ਸਾਹਿਤ ਕੋਸ਼, 25 ਟੀਕੇ/ਵਿਆਖਿਆਵਾਂ ਤੋਂ ਇਲਾਵਾ ਕਈ ਅਨੁਵਾਦ ਵੀ ਛਪੇ ਹਨ। ਉਨ੍ਹਾਂ ਨੇ ਬਹੁਤ ਵਸੀਹ ਪੈਮਾਨੇ ’ਤੇ ਅਹਿਮ ਖੇਤਰਾਂ ਬਾਰੇ ਉੱਚ ਪਾਏ ਦਾ ਖੋਜ ਕਾਰਜ ਕੀਤਾ।
ਡਾ. ਰਤਨ ਸਿੰਘ ਜੱਗੀ ਨੂੰ ਭਾਰਤ ਸਰਕਾਰ ਵੱਲੋਂ ਪਦਮ ਸ੍ਰੀ, ਦੋ ਆਨਰੇਰੀ ਡੀ ਲਿੱਟ (ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ), ਸਾਹਿਤ ਰਤਨ (ਭਾਸ਼ਾ ਵਿਭਾਗ ਪੰਜਾਬ), ਅਨੁਵਾਦ ਪੁਰਸਕਾਰ, ਸਾਹਿਤ ਅਕਾਦਮੀ ਦਿੱਲੀ, ਸੌਹਾਰਦ ਪੁਰਸਕਾਰ (ਹਿੰਦੀ ਸੰਸਥਾਨ, ਲਖਨਊ, ਉੱਤਰ ਪ੍ਰਦੇਸ਼) ਤੇ ਕਈ ਹੋਰ ਪੁਰਸਕਾਰ ਮਿਲੇ।
ਇੱਕ ਅਧਿਆਪਕ ਵਜੋਂ ਡਾ. ਜੱਗੀ ਨੇ ਪੂਰੀ ਸੁਹਿਰਦਤਾ ਅਤੇ ਵਿਦਵਤਾਪੂੁਰਨ ਢੰਗ ਨਾਲ ਵਿਦਿਆਰਥੀਆਂ ਨੂੰ ਪੜ੍ਹਾਇਆ। ਪ੍ਰੋ. ਸਤਿੰਦਰ ਸਿੰਘ, ਡਾ. ਰਵਿੰਦਰ ਸਿੰਘ ਰਵੀ ਵਰਗੇ ਚਿੰਤਕ ਉਨ੍ਹਾਂ ਦੇ ਸ਼ਿਸ਼ ਰਹੇ। ਉਨ੍ਹਾਂ ਦੀ ਕਮਾਈ ਸਿਰਫ਼ ਪੁਸਤਕਾਂ ਹੀ ਨਹੀਂ, ਸਗੋਂ ਉਨ੍ਹਾਂ ਦੇ ਸੂਝਵਾਨ ਵਿਦਿਆਰਥੀ ਵੀ ਹਨ। ਉਨ੍ਹਾਂ ਨੇ ਸੁਚੱਜੇ ਅਧਿਆਪਕਾਂ ਤੇ ਲੇਖਕਾਂ ਦੀ ਪਨੀਰੀ ਪੈਦਾ ਕੀਤੀ। ਉਨ੍ਹਾਂ ਨੇ ਇਕਚਿੱਤ ਹੋ ਕੇ ਆਪਣੇ ਆਖ਼ਰੀ ਸਾਹਾਂ ਤੀਕ ਆਪਣੇ ਜਨੂੰਨ, ਆਪਣੀ ਪ੍ਰਤੀਬੱਧਤਾ ਨੂੰ ਨਿਭਾਇਆ, ਜੋ ਹੋਰਨਾਂ ਲਈ ਸਿੱਖਣ ਵਾਲੀ ਗੱਲ ਹੈ।
ਸੰਪਰਕ: 98728-60245

