ਲੜੀ ਨੰਬਰ 4

ਡਾ. ਹਰਿਭਜਨ ਸਿੰਘ ਦੀ ਖੇਡ ਵਾਰਤਾ

ਡਾ. ਹਰਿਭਜਨ ਸਿੰਘ ਦੀ ਖੇਡ ਵਾਰਤਾ

1966 ਵਿਚ ਦਿੱਲੀ ਯੂਨੀਵਰਸਿਟੀ ਦੀ ਕਰਾਸ ਕੰਟਰੀ ਚੈਂਪੀਅਨਸ਼ਿਪ ਜਿੱਤਣ ਵਾਲੀ ਖ਼ਾਲਸਾ ਕਾਲਜ ਦਿੱਲੀ ਦੀ ਟੀਮ ਨਾਲ ਯੂਨੀਵਰਸਿਟੀ ਗਰਾਊਂਡ ਵਿਚ ਖੜ੍ਹੇ ਪ੍ਰੋ. ਸਰਵਣ ਸਿੰਘ, ਪ੍ਰੀਤਮ ਸਿੰਘ ਬੈਂਸ ਡੀਪੀਈ, ਡਾ. ਹਰਿਭਜਨ ਸਿੰਘ ਤੇ ਕੋਚ ਡਾ. ਪਲੈਜ਼ਰ।

ਪ੍ਰਿੰ. ਸਰਵਣ ਸਿੰਘ

ਡਾ. ਹਰਿਭਜਨ ਸਿੰਘ ਜਿੰਨਾ ਵਧੀਆ ਕਵੀ ਸੀ, ਓਨਾ ਹੀ ਵਧੀਆ ਵਾਰਤਕਕਾਰ। ਜਦ ਉਹ ਵਜਦ ਵਿਚ ਆਉਂਦਾ ਤਾਂ ਉਹਦੇ ਮੂੰਹ ‘ਤੇ ਮੱਧਮ ਪਏ ਮਾਤਾ ਦੇ ਦਾਗ ਤਾਰਿਆਂ ਹਾਰ ਲਿਸ਼ਕਣ ਲੱਗਦੇ। ਉਸ ਨੇ ਬਤੌਰ ਕਵੀ, ਆਲੋਚਕ, ਅਨੁਵਾਦਕ, ਅਧਿਆਪਕ, ਖੋਜਕਾਰ ਤੇ ਗੋਸ਼ਟੀਕਾਰ ਵਜੋਂ ਨਾਮਣਾ ਵੀ ਖ਼ੂਬ ਖੱਟਿਆ। ਉਹਦਾ ਲੱਛੇਦਾਰ ਭਾਸ਼ਨ ਸਰੋਤਿਆਂ ‘ਤੇ ਟੂਣਾ ਕਰ ਦਿੰਦਾ ਸੀ ਅਤੇ ਆਪਣੇ ਹੀ ਵੇਗ ਵਿਚ ਵਹਾ ਲਿਜਾਂਦਾ ਸੀ। ਉਹ ਬੋਲਬਾਣੀ ਦਾ ਛੱਲਾਂ ਮਾਰਦਾ ਸਰੋਵਰ ਸੀ। 18 ਅਗਸਤ 1920 ਤੋਂ 21 ਅਕਤੂਬਰ 2002 ਤਕ ਉਹ 82 ਸਾਲ 2 ਮਹੀਨੇ 3 ਦਿਨ ਜੀਵਿਆ। ਉਹ ਆਸਾਮ ਵਿਚ ਜੰਮਿਆ ਸੀ, ਲਾਹੌਰ ਪੜ੍ਹਿਆ ਅਤੇ ਦਿੱਲੀ ਰਹਿੰਦਾ ਚੜ੍ਹਾਈ ਕਰ ਗਿਆ।

1962 ਵਿਚ ਉਹ ਖ਼ਾਲਸਾ ਕਾਲਜ ਦਿੱਲੀ ਵਿਖੇ ਹਿੰਦੀ ਵਿਭਾਗ ਦਾ ਮੁਖੀ ਸੀ। ਮੈਂ ਉਸ ਤੋਂ ਕਾਲਜ ਮੈਗਜ਼ੀਨ ਦੇ ਪੰਜਾਬੀ ਸੈਕਸ਼ਨ ਲਈ ਕਵਿਤਾ ਮੰਗਦਿਆਂ ਆਪਣੀ ਸਿਆਣ ਕਰਾਈ ਸੀ। ਉਦੋਂ ਤੋਂ ਉਹ ਮੈਨੂੰ ‘ਜੱਟਾ’ ਕਹਿਣ ਲੱਗ ਪਿਆ ਸੀ। ਜਦੋਂ ਉਹ ਪਲੈਖਾਨੋਵ ਦੀ ਪੁਸਤਕ ‘ਅਨਐਡਰੈੱਸਡ ਲੈਟਰਜ਼’ ਦਾ ‘ਚਿੱਠੀਆਂ ਬਿਨ ਸਿਰਨਾਵਿਓਂ’ ਦੇ ਨਾਮ ਹੇਠ ਅਨੁਵਾਦ ਕਰਨ ਲੱਗਾ ਤਾਂ ਕਦੇ ਕਦੇ ਮੈਨੂੰ ਆਪਣੇ ਕੋਲ ਬੁਲਾ ਲੈਂਦਾ। ਉਹ ਅਨੁਵਾਦ ਬੋਲੀ ਜਾਂਦਾ ਜੋ ਮੈਂ ਲਿਖੀ ਜਾਂਦਾ। ਉਹ ਕਰੋਲ ਬਾਗ ਗੁਰਦਵਾਰਾ ਰੋਡ ਦੀ 68 ਨਾਈਵਾਲਾ ਗਲੀ ਵਿਚ ਆਪਣੇ ਛੇ ਜੀਆਂ ਦੇ ਪਰਿਵਾਰ ਨਾਲ ਰਹਿੰਦਾ ਸੀ। ਘਰ ਉਹਦਾ ਤੰਗ ਜਿਹਾ ਸੀ ਜਿਥੇ ਉਸ ਨੇ ਕਈ ਵਰ੍ਹੇ ਤੰਗੀ ਦੇ ਕੱਟੇ। ਕੁਝ ਕਦਮਾਂ ਦੀ ਵਿੱਥ ‘ਤੇ ਕਾਫੀ ਹਾਊਸ ਸੀ ਜਿਥੇ ਅਸੀਂ ਅਕਸਰ ਕਾਫੀ ਪੀਣ ਜਾਂਦੇ।

ਉਸੇ ਕਾਫੀ ਹਾਊਸ ਵਿਚ ਮੇਰਾ ਦੇਵਿੰਦਰ ਸਤਿਆਰਥੀ ਨਾਲ ਮੇਲ ਹੋਇਆ ਸੀ ਜਿਸ ਦੀਆਂ ਗੱਲਾਂ ਅਲੋਕਾਰ ਸਨ। ਉਹ ਸਰੋਤੇ ਭਾਲਦਾ ਰਹਿੰਦਾ ਸੀ। ਜਿਹੜਾ ਲੱਭ ਜਾਂਦਾ ਫਿਰ ਉਹਦਾ ਖਹਿੜਾ ਨਾ ਛੱਡਦਾ। ਉਸ ਨੂੰ ਅਜਿਹੇ ਸਰੋਤੇ ਵੀ ਟੱਕਰੇ ਜਿਹੜੇ ਜੁੱਤੀ ਲਾਹ ਕੇ ਕਹਿੰਦੇ, “ਲੈ ਹੁਣ ਨੀ ਡਾਹੀ ਦਿੰਦੇ!” ਅੱਕ ਕੇ ਮੈਨੂੰ ਵੀ ਉਨ੍ਹਾਂ ਵਿਚ ਸ਼ਾਮਲ ਹੋਣਾ ਪਿਆ।

ਇਕ ਦਿਨ ਮੈਂ ਡਾ. ਹਰਿਭਜਨ ਸਿੰਘ ਕੋਲ ਬੈਠਾ ਸਾਂ। ਭਲਵਾਨੀ ਜੁੱਸੇ ਵਾਲਾ ਕਵੀ ਤਾਰਾ ਸਿੰਘ ਕਾਮਲ ‘ਆਰਸੀ’ ਦਾ ਨਵਾਂ ਅੰਕ ਲਿਆਇਆ। ਆਪ ਉਹ ‘ਲੋਕ ਰੰਗ’ ਨਾਂ ਦਾ ਨੋਕ ਝੋਕ ਵਾਲਾ ਪਰਚਾ ਕੱਢਦਾ ਸੀ। ਉਹ ਆਉਂਦਾ ਈ ਕਹਿਣ ਲੱਗਾ, “ਡਾ. ਸਾਹਿਬ ਆਹ ਚੇਲਾ ਕਿਥੋਂ ਮੁੰਨਿਆਂ?” ਡਾਕਟਰ ਸਾਹਿਬ ਨੇ ਸਿਰਫ ਏਨਾ ਹੀ ਦੱਸਿਆ, “ਇਹ ਪੰਜਾਬੀ ਦਾ ਜੱਟ ਲੈਕਚਰਾਰ ਏ।”

ਕਾਮਲ ਕਹਿਣ ਲੱਗਾ, “ਆਹ ‘ਆਰਸੀ’ ਵਿਚ ਇਕ ਕਹਾਣੀ ਐ ਪੜ੍ਹਨ ਵਾਲੀ।”

ਜਦੋਂ ਉਸ ਨੇ ਰਸਾਲਾ ਖੋਲ੍ਹ ਕੇ ਵਿਖਾਇਆ ਤਾਂ ਮੈਨੂੰ ਕਹਾਣੀ ਦਾ ਨਾਂ ‘ਨਚਾਰ’ ਨਜ਼ਰੀਂ ਪੈ ਗਿਆ। ਇਸ ਨਾਂ ਦੀ ਕਹਾਣੀ ਕੁਝ ਦਿਨ ਪਹਿਲਾਂ ਹੀ ਮੈਂ ਭਾਪਾ ਪ੍ਰੀਤਮ ਸਿੰਘ ਨੂੰ ਦੇ ਕੇ ਆਇਆ ਸਾਂ। ਮੇਰੇ ਤਾਂ ਲੂੰਅ ਖੜ੍ਹੇ ਹੋ ਗਏ। ਆਰਸੀ ਵਿਚ ਛਪਣਾ ਤੇ ਤਾਰਾ ਸਿੰਘ ਕਾਮਲ ਦੇ ਮੂੰਹੋਂ ਸਿਫ਼ਤ ਸੁਣਨੀ ਕਮਾਲ ਦੀ ਗੱਲ ਸੀ! ਡਾ. ਹਰਿਭਜਨ ਸਿੰਘ ਨੇ ਕਹਾਣੀ ਹੇਠਾਂ ਨਾਂ ਪੜ੍ਹਿਆ-ਸਰਵਣ ਸਿੰਘ। ਉਹਦੇ ਮੂੰਹੋਂ ਨਿਕਲਿਆ, “ਇਹ ਸਰਵਣ ਕਿਹੜਾ ਹੋਇਆ ਪਈ?” ਹੱਦ ਹੋ ਗਈ! ਮੈਂ ਉਨ੍ਹਾਂ ਨੂੰ ਸਾਹਮਣੇ ਬੈਠਾ ਵੀ ਉਨ੍ਹਾਂ ਨੂੰ ਨਹੀਂ ਸਾਂ ਦਿਸਿਆ!

ਕਹਾਣੀ ਪੜ੍ਹਨ ਪਿੱਛੋਂ ਹਰਿਭਜਨ ਸਿੰਘ ਦੀ ਟਿੱਪਣੀ ਸੀ, “ਇਹ ਵੇ ਸਾਡਾ ਦੋਗਲਾਪਣ! ਨੱਚਣ ਗਾਉਣ ਵਾਲਿਆਂ ਨੂੰ ਅਸੀਂ ਇਨਾਮ ਦੇ ਸਕਦੇ ਆਂ ਪਰ ਆਪਣੇ ਧੀਆਂ ਪੁੱਤਾਂ ਨੂੰ ਉਨ੍ਹਾਂ ਨਾਲ ਨੱਚਦੇ ਗਾਉਂਦੇ ਜਰ ਨਹੀਂ ਸਕਦੇ। ਹੋਰਨਾਂ ਦੇ ਘਰ ਜੰਮੀ ਹੀਰ ਚੰਗੀ ਏ ਪਰ ਆਪਣੇ ਘਰ ਮਾੜੀ। ਭਗਤ ਸਿੰਘ ਕਿਸੇ ਹੋਰ ਦਾ ਪੁੱਤਰ ਹੋਵੇ ਤਾਂ ਲਾਇਕ, ਆਪਣਾ ਹੋਵੇ ਤਾਂ ਨਾਲਾਇਕ!”

1982 ਵਿਚ ਮੇਰੀ ਪੁਸਤਕ ‘ਖੇਡ ਸੰਸਾਰ’ ਛਪੀ ਤਾਂ ਡਾ. ਹਰਿਭਜਨ ਸਿੰਘ ਨੇ ਉਸ ਬਾਰੇ ‘ਆਰਸੀ’ ਵਿਚ ਇਕ ਲੇਖ ਲਿਖਿਆ। ਇਸੇ ਬਹਾਨੇ ਆਓ ਡਾ. ਹਰਿਭਜਨ ਸਿੰਘ ਦੀ ਸ਼ਤਾਬਦੀ ਮੌਕੇ ਉਸ ਨੂੰ ਯਾਦ ਕਰੀਏ ਤੇ ਉਹਦੀ ਖੇਡ ਵਾਰਤਾ ਦਾ ਅਨੰਦ ਮਾਣੀਏਂ:

ਸਰਵਣ ਸਿੰਘ ਦਾ ਖੇਡ ਸੰਸਾਰ: ਡਾ. ਹਰਿਭਜਨ ਸਿੰਘ

ਸਰਵਣ ਸਿੰਘ ਬਾਰੇ ਲਿਖਣਾ ਸੌ ਗਜ਼ ਦੀ

ਸਪਰਿੰਟ ਮਾਰਨਾ ਹੈ ਜਾਂ ਚਾਰ ਮਿੰਟਾਂ ਤੋਂ ਉਰ੍ਹਾਂ ਉਰ੍ਹਾਂ ਦਾ ਮੀਲ-ਦੌੜਾਕ ਬਣਨਾ ਹੈ। ਉਹ ਸਾਡੇ ਨਾਲ ਨਾਲ ਦੌੜਦਾ ਅਚਾਨਕ ਸਾਥੋਂ ਅਗਾਂਹ ਲੰਘ ਜਾਂਦਾ ਹੈ। ਉਹਦੀ ਲਿਖਤ ਹਰ ਥਾਂ ਮੁਕਾਬਲੇਬਾਜ਼ ਖੇਡ ਦਾ ਪ੍ਰਭਾਵ ਦੇਂਦੀ ਹੈ। ਉਹਦਾ ਵੇਗ ਪੈਰੋ ਪੈਰ ਤਿੱਖਿਓਂ ਤਿੱਖਾ ਹੁੰਦਾ ਜਾਂਦਾ ਹੈ।

ਫੋਟੋਆਂ: ਅਮਰਜੀਤ ਚੰਦਨ

ਉਹਦੇ ਬਾਰੇ ਲਿਖਣ ਵਾਲੇ ਦੇ ਦਿਲ ਦਿਮਾਗ਼ ਤੇ ਤਨ ਮਨ ਦੇ ਸਾਰੇ ਕਲ-ਪੁਰਜ਼ੇ ਠੀਕ-ਠਾਕ ਹੋਣੇ ਚਾਹੀਦੇ ਹਨ, ਸਗੋਂ ਸਿਹਤਮੰਦੀ ਤੇ ਸੁਹਿਰਦਤਾ ਦੀ ਉਚਤਮ ਪੱਧਰ ਉਪਰ ਅਡੋਲ ਟਿਕੇ ਹੋਣੇ ਚਾਹੀਦੇ ਹਨ। ਸ਼ਬਦਾਂ ਦਾ ਮੂੰਹ-ਮੁਹਾਂਦਰਾ ਨਿੱਖੜਵਾਂ ਤੇ ਉਨ੍ਹਾਂ ਨੂੰ ਵਰਤਣ ਦੀ ਜਾਚ ਅਸਲੋਂ ਨਿਵੇਕਲੀ ਹੋਣੀ ਚਾਹੀਦੀ ਹੈ। ਸਰਵਣ ਸਿੰਘ ਬਾਰੇ ਲਿਖਣ ਲੱਗਿਆਂ ਖ਼ੁਦ ਮੈਨੂੰ ਆਪਣੇ ਆਪ ਤੋਂ ਉਚੀ ਛਾਲ ਮਾਰਨੀ ਪਏਗੀ, ਪੋਲ ਵਾਲਟ ਦੇ ਟਪਾਰ ਵਾਂਗ। ਭਾਵੇਂ ਮੈਂ ਜਾਣਦਾ ਹਾਂ ਕਿ ਮੈਂ ਸਰਵਣ ਸਿੰਘ ਵਾਂਗ ਸ਼ਬਦਾਂ ਦਾ ਓਲਿੰਪੀਅਨ ਨਹੀਂ, ਤਾਂ ਵੀ ਮੇਰਾ ਜੀਅ ਉਹਦੇ ਨਾਲ ਨਾਲ ਦੌੜਨ ਨੂੰ ਕਰਦਾ ਹੈ। ਤਿੱਖੇ ਤੇ ਸੋਹਣੇ ਦੌੜਾਕ ਦੇ ਨਾਲ ਨਾਲ ਜਿਵੇਂ ਦਰਸ਼ਕਾਂ ਦੇ ਦਿਲ ਦੀ ਧੜਕਣ ਵੀ ਦੌੜਦੀ ਹੈ, ਬਿਲਕੁਲ ਉਵੇਂ ਹੀ ਦੌੜਾਂਗਾ ਮੈਂ ਸਰਵਣ-ਸੋਹਣੀ ਕਿਰਤ ਦੇ ਨਾਲ ਨਾਲ।

ਬਿਨਾਂ ਸ਼ੱਕ ਸਰਵਣ ਸਿੰਘ ਸ਼ਬਦਾਂ ਦਾ ਓਲਿੰਪੀਅਨ ਹੈ। ਵੇਖਣ ਨੂੰ ਉਹਦੀ ਲਿਖਤ ਸਿਧੀ ਸਾਦੀ ਜਾਪਦੀ ਹੈ, ਪਰ ਉਹਦੀ ਸ਼ਬਦ-ਘਾੜਤ ਪਿੱਛੇ ਬੜੀ ਕਰੜੀ ਘਾਲਣਾ ਦਾ ਝਾਉਲਾ ਪੈਂਦਾ ਹੈ। ਹਰ ਵਾਕ ਤਿੱਖੀ ਝੁੱਟੀ ਮਾਰ ਕੇ ਨੱਸਦਾ ਹੈ। ਉਹਦੇ ਵੇਗ ਤੋਂ ਤਾਂ ਇਹੋ ਜਾਪਦਾ ਹੈ ਕਿ ਉਹਨੇ ਜੱਗ ਜਿੱਤਣ ਦੇ ਮਨੋਰਥ ਨਾਲ ਕਰੜੀ ਮਸ਼ਕ ਕੀਤੀ ਹੈ। ਉਹਦੀ ਲਿਖਤ ਆਪਣੀ ਫ਼ਾਰਮ ਨਾਲ ਹੀ ਚਕਾਚੌਂਧ ਕਰ ਦੇਂਦੀ ਹੈ। ਉਸ ਵਿਚ ਕਿਤੇ ਵੀ ਕੁਝ ਵੀ ਫਾਲਤੂ ਨਹੀਂ ਜਿਵੇਂ ਮੁਕਾਬਲੇ ਵਿਚ ਉਤਰੇ ਖਿਡਾਰੀ ਦੇ ਪਿੰਡੇ ‘ਤੇ ਪੋਟਾ ਭਰ ਵੀ ਮਾਸ ਵਾਧੂ ਨਹੀਂ ਹੁੰਦਾ। ਕਦੇ ਕਦੇ ਮੈਨੂੰ ਲੱਗਦਾ ਹੈ, ਉਸ ਦਾ ਹਰ ਲੇਖ ਕਿਸੇ ਐਥਲੀਟ ਦੀ ਰਿਕਾਡ-ਤੋੜੂ ਝਾਕੀ ਹੈ ਤੇ ਕਦੇ ਕਦੇ ਇਵੇਂ ਜਿਵੇਂ ਉਹ ਆਪਣੇ ਪਿੰਡ ਦੀ ਜੂਹ ਵਿਚ ਹੀ ਅਥਰੇ ਅਣਲੱਗ ਊਠ ਨੂੰ ਭਜਾਉਂਦਾ ਆਪਣੀ ਸਪਾਟ ਤਲੀ ‘ਤੇ ਪਾਣੀ ਦਾ ਅਣਛੁਲਕਦਾ ਛੰਨਾ ਟਿਕਾਈ ਜਾ ਰਿਹਾ ਹੈ। ਉਸ ਵਿਚ ਇਕੋ ਵੇਲੇ ਪੇਂਡੂ ਠੇਠਤਾ ਤੇ ਸ਼ਹਿਰੀ ਨਫ਼ਾਸਤ ਦਾ ਜੋੜਮੇਲ ਹੈ। ਉਹ ਆਪਣੇ ਲੋਕ ਵੇਦ ਦੇ ਪੁਰਾਣੇ ਪੈਟਰਨਾਂ ਨਾਲ ਏਦਾਂ ਅਸਲੋਂ ਆਧੁਨਿਕ ਕਿਸਮ ਦੇ ਚਿਤਰ ਉਲੀਕਦਾ ਹੈ ਕਿ ਹੈਰਤ ਹੁੰਦੀ ਹੈ!

ਆਖ਼ਰ, ਸਰਵਣ ਸਿੰਘ ਇਹ ਕ੍ਰਿਸ਼ਮਾ ਕਿਸ ਤਰ੍ਹਾਂ ਕਰ ਵਿਖਾਉਂਦਾ ਹੈ? ਸਮੁੱਚੀ ਕਾਇਨਾਤ ਵਿਚ ਸਭ ਤੋਂ ਵੱਡਾ ਕ੍ਰਿਸ਼ਮਾ ਨਿਰਮੈਲ ਮਨ ਹੈ। ਮਨ ਦੀ ਨਿਰਮੈਲਤਾ ਵਿਚੋਂ ਹੀ ਦੁਨੀਆ ਭਰ ਦੇ ਕ੍ਰਿਸ਼ਮੇ ਦਰਿਆ ਵਾਂਗ ਫੁੱਟ ਨਿਕਲਦੇ ਹਨ। ਮੇਰਾ ਇਹ ਬੋਲ ਲੱਗੇਗਾ ਤਾਂ ਭਾਵਕ, ਪਰ ਮੈਂ ਕੀ ਕਰਾਂ, ਮੈਨੂੰ ਇਹ ਪਰਮ ਸੱਚ ਜਾਪਦਾ ਹੈ। ਨਿਰਮੈਲ ਮਨ ਰੱਬ ਹੈ, ਜਦੋਂ ਮਨੁੱਖ ਬੇਮੈਲ ਹੋ ਕੇ ਕੂੰਦਾ ਹੈ ਤਾਂ ‘ਤਿਸ ਤੇ ਹੋਏ ਲੱਖ ਦਰੀਆਉ’।

ਸਰਵਣ ਸਿੰਘ ਦੀ ਰਚਨਾ ਦੋਖ, ਦਵੈਖ ਜਾਂ ਦੁਰਭਾਵਨਾ ਤੋਂ ਅਸਲੋਂ ਪਾਕ ਸਾਫ ਹੈ। ਉਸ ਨੂੰ ਨਾ ਕਿਸੇ ਨਾਲ ਖੁਣਸ ਹੈ ਨਾ ਖ਼ਾਰ, ਨਾ ਕੀਨਾ ਨਾ ਕਦੂਰਤ। ਉਹਨੇ ਜਿਸ ਕਿਸੇ ਬਾਰੇ ਜੋ ਕੁਝ ਵੀ ਲਿਖਿਆ ਹੈ, ਉਹ ਸੱਚਾ ਵੀ ਹੈ ਤੇ ਸੁੱਚਾ ਵੀ। ਸੱਚ ਦਾ ਸੰਬੰਧ ਤਾਂ ਉਹਨਾਂ ਨਾਲ ਹੈ ਜਿਨ੍ਹਾਂ ਬਾਰੇ ਉਹਨੇ ਲਿਖਿਆ ਹੈ ਤੇ ਸੁੱਚ ਦਾ ਉਹਦੇ ਆਪਣੇ ਮਨ ਨਾਲ। ਉਹਨੇ ਹਰ ਕਿਸੇ ਨੂੰ ਪੂਰਾ ਤੋਲਿਆ ਹੈ ਤੇ ਉਹਨਾਂ ਬਾਰੇ ਪਿਆਰਾ ਬੋਲਿਆ ਹੈ। ਸੱਚ ਤੇ ਸੁੱਚ ਦਾ ਇਹ ਸੁਮੇਲ, ਪੂਰੇ ਤੇ ਪਿਆਰੇ ਦਾ ਗੰਢ-ਚਿਤਰਾਵਾ ਅੱਜ ਦੀ ਦੁਨੀਆ ਵਿਚ ਬੜਾ ਵਿਰਲਾ ਹੈ। ਸ਼ਬਦ-ਕਲਾ ਦੇ ਮਾਹਰ ਅੱਜ ਕੱਲ੍ਹ ਲੁੱਚੀਆਂ ਗੱਲਾਂ ਵੱਲ ਏਨੇ ਰੁਚਿਤ ਹੋ ਗਏ ਹਨ ਕਿ ਸੁੱਚੀਆਂ ਦਾ ਕਾਲ ਪਿਆ ਜਾਪਦਾ ਹੈ। ਕੋਈ ਅਜਬ ਨਹੀਂ ਕਿ ਅੱਜ ਦੀ ਸਾਹਿਤ ਕਿਰਤ ਵਿਚ ਸਾਹਿਤ ਤੋਂ ਵਧੀਕ ਨਿੰਦਿਆ ਦੇ ਚਿਹਨ-ਚੱਕਰ ਵਧੇਰੇ ਉੱਘੜ ਆਏ ਹਨ। ਇਹੋ ਜੇਹੇ ਮਾਰੂ ਮਾਹੌਲ ਵਿਚ ਸਰਵਣ ਸਿੰਘ ਜਿਹਾਂ ਦੀ ਕਿਰਤ ਕਾਲੇ ਪਾਣੀਆਂ ਵਿਚ ਇਕ ਚਿੱਟਾ ਜਜ਼ੀਰਾ ਜਾਪਦੀ ਹੈ। ਅਥਾਹ ਸਮੁੰਦਰ ਵਿਚ ਡੁਬਦੇ ਪੈਰਾਂ ਹੇਠ ਜਿਵੇਂ ਅਚਾਨਕ ਜ਼ਮੀਨ ਆ ਜਾਏ।

ਸਰਵਣ ਸਿੰਘ ਕਵਿਤਾ ਨਹੀਂ ਕਹਿੰਦਾ, ਨਾਵਲ-ਕਹਾਣੀ ਨਹੀਂ ਸੁਣਾਉਂਦਾ, ਨਾਟਕ ਨਹੀਂ ਵਿਖਾਉਂਦਾ ਤਾਂ ਵੀ ਮੈਨੂੰ ਉਸ ਵਿਚ ਸਾਹਿਤ-ਕਲਾ ਵਰਗਾ ਸੁਆਦ ਆਉਂਦਾ ਹੈ। ਕਾਰਣ? ਉਹ ਸਾਡੇ ਆਲੇ ਦੁਆਲੇ ਫੈਲੀ ਕੌੜੀ ਕੋਝੀ ਦੁਨੀਆ ਦੇ ਸਮਵਿਥ ਇਕ ਸੁਹਜਮਈ ਜ਼ਿੰਦਗੀ ਦਾ ਚਿੱਤਰ ਪੇਸ਼ ਕਰਦਾ ਹੈ। ਖੇਡ ਸਾਡੇ ਸੰਸਾਰ ਦੀ ਕਵਿਤਾ ਹੈ। ਸਾਡੀ ਜ਼ਿੰਦਗੀ ਦਾ ਸੁਹਜ। ਖੇਡ ਸਾਡੇ ਸੰਸਾਰ ਵਿਚ ਵਸ ਕੇ ਵੀ ਇਸ ਤੋਂ ਸੋਹਣੀ ਤੇ ਇਸ ਤੋਂ ਵੱਖਰੀ ਹੈ। ਇਸ ਵਿਚ ਸਾਡੀ ਦੁਨੀਆ ਵਰਗੀ ਹੀ ਮੁਕਾਬਲੇਬਾਜ਼ੀ ਹੈ, ਪਰ ਉਹ ਸਾਡੀ ਜਾਨ ਦਾ ਖਉ ਨਹੀਂ ਬਣਦੀ, ਕਿਉਂਕਿ ਇਹ ਪਹਿਲਾਂ ਮਿਥੇ ਤੇ ਕਬੂਲੇ ਨੇਮਾਂ ਮੁਤਾਬਿਕ ਖੇਡੀ ਜਾਂਦੀ ਹੈ।

ਸਰਵਣ ਸਿੰਘ ਦੀ ਲਿਖਤ ਵਿਚ ਫਾਊਲ ਕੋਈ ਨਹੀਂ। ਇਕ ਤਰ੍ਹਾਂ ਇਹ ਖੇਡ ਤੋਂ ਵੀ ਵਧੀਕ ਸੋਹਣੀ ਹੈ। ਖੇਡ ਵਿਚ ਕਿਤੇ ਕਿਤੇ ਖਿਡਾਰੀ ਪਾਸੋਂ ਨਾ ਚਾਹੁੰਦਿਆਂ ਵੀ ਕੋਈ ਫਾਊਲ ਹੋ ਜਾਂਦਾ ਹੈ ਤੇ ਉਹਨੂੰ ਹਰਾ, ਪੀਲਾ ਜਾਂ ਲਾਲ ਗੱਤਾ ਵਿਖਾਇਆ ਜਾਂਦਾ ਹੈ। ਸਰਵਣ ਸਿੰਘ ਦੇ ਕਿਸੇ ਇਕ ਬੋਲ ਨੂੰ ਵੀ ਗੱਤਾ ਵਿਖਾਉਣ ਦੀ ਲੋੜ ਨਹੀਂ ਪੈਂਦੀ। ਲਿਖਤ ਦੇ ਮਾਮਲੇ ਵਿਚ ਮੈਂ ਆਪ ਬੜਾ ਘੁਣਤਰੀ ਹਾਂ, ਲਿਖਤ ਵਿਚ ਕੋੜਕੂ ਨੂੰ ਮਾਫ਼ ਕਰਨਾ ਮੇਰੇ ਸੁਭਾਅ ਵਿਚ ਨਹੀਂ। ਪਰ ਸਰਵਣ ਸਿੰਘ ਨੇ ਜੋ ਪਰੋਸਾ ਸਾਡੇ ਲਈ ਸਜਾਇਆ ਹੈ, ਉਹ ਕੋੜਕੂਆਂ ਤੋਂ ਏਨਾ ਸਾਫ਼ ਹੈ ਕਿ ਮੈਨੂੰ ਆਪਣੇ ਜੁੰਮੇ ਲੱਗਿਆ ਕੰਮ ਮੁੱਕਿਆ ਜਾਪਦਾ ਹੈ। ਲਿਖਤ ਦੇ ਮਾਮਲੇ ਵਿਚ ਉਹ ਜਿਮਨਾਸਟ ਨਾਦੀਆ ਕੋਮੈਂਸੀ ਹੈ। ਦਸ ਬਟਾ ਦਸ। ਕਿਤੇ ਕੋਈ ਨੰਬਰ ਕੱਟਣ ਦੀ ਗੁੰਜ਼ਾਇਸ਼ ਨਹੀਂ ਰਹਿਣ ਦਿੱਤੀ ਉਹਨੇ।

ਜੇ ਤੁਸੀਂ ਉਹਨੂੰ ਅਜੇ ਤਕ ਨਹੀਂ ਪੜ੍ਹਿਆ ਤਾਂ ਇਕ ਵਾਰ ਜ਼ਰੂਰ ਪੜ੍ਹੋ। ਤੁਸੀਂ ਕਵਿਤਾ, ਕਹਾਣੀ ਦੇ ਗਿੱਝੇ ਹੋਏ ਉਹਦੀ ਲਿਖਤ ਵੱਲ ਧਿਆਨ ਦੇਵੋਗੇ ਤਾਂ ਤੁਹਾਨੂੰ ਆਪਣੇ ਮੂੰਹ ਦਾ ਸੁਆਦ ਬਦਲਿਆ ਬਦਲਿਆ ਜਾਪੇਗਾ। ਅੱਜ ਕੱਲ੍ਹ ਦੀ ਕਵਿਤਾ-ਕਹਾਣੀ ਵਿਚ ਕੋੜਕੂ ਬਹੁਤੇ ਤੇ ਚਿੱਥਣ ਜੋਗਾ ਦਾਣਾ ਕੋਈ ਕੋਈ ਹੀ ਹੁੰਦਾ ਹੈ। ਅਜਿਹੀਆਂ ਲਿਖਤਾਂ ਨੂੰ ਮੂੰਹ ਮਾਰ ਕੇ ਭੁੱਖ ਨਹੀਂ ਮਿਟਦੀ ਤੇ ਜਾਪਦਾ ਹੈ ਅਸੀਂ ਦੋਸਤਾਂ ਦਾ ਬੂਹਾ ਖੜਕਾ ਕੇ ਵੈਰੀਆਂ ਦੇ ਹੀ ਘਰ ਪਹੁੰਚ ਗਏ ਹਾਂ। ਸਾਹਿਤ ਦਿਨੋ ਦਿਨ ਨਿੰਦਣਜੋਗ, ਭੰਡਣਜੋਗ ਤੇ ਖੰਡਣਜੋਗ ਚਤਰਾਈ ਨਾਲ ਏਨਾ ਘਿਰ ਗਿਆ ਹੈ ਇਸ ਨੂੰ ਪਿਆਰਜੋਗ, ਸਤਿਕਾਰਜੋਗ ਤੇ ਸਵੀਕਾਰਜੋਗ ਵਰਗੇ ਸਹਿਜ ਗੁਣਾਂ ਨਾਲ ਜਿਵੇਂ ਵਾਕਫ਼ੀ ਹੀ ਨਹੀਂ ਰਹੀ।

ਦੁਨੀਆ ਦੇ ਕੋਝ ਤੋਂ ਉਕਤਾ ਕੇ ਅਸੀਂ ਸੁਹਜੀਲੇ ਸਾਹਿਤ ਵੱਲ ਰੁਚਿਤ ਹੁੰਦੇ ਹਾਂ। ਜੇ ਸਾਹਿਤ ਵਿਚਲੇ ਕੋਝ ਤੋਂ ਵੀ ਤੁਹਾਡਾ ਮਨ ਉਚਾਟ ਹੋ ਜਾਵੇ ਤਾਂ ਸਰਵਣ ਸਿੰਘ ਦੇ ਖੇਡ ਸੰਸਾਰ ਵਿਚ ਪ੍ਰਵੇਸ਼ ਕਰੋ। ਤੁਹਾਨੂੰ ਪਤਾ ਲੱਗੇਗਾ ਕਿ ਨਿਰਭਉ ਤੇ ਨਿਰਵੈਰ ਅਕਾਲ ਪੁਰਖ ਅਜੇ ਜਿਊਂਦਾ ਹੈ। ਇਸ ਦੁਨੀਆ ਵਿਚ ਬਹੁਤ ਕੁਝ ਪਿਆਰ ਤੇ ਸਵੀਕਾਰ ਜੋਗਰਾ ਅਜੇ ਬਾਕੀ ਹੈ। ਸਾਨੂੰ ਕਿਸੇ ਸਾਹਿਤ-ਪਾਰਖੂ ਨੇ ਦੱਸਿਆ ਹੈ ਕਿ ਨਾਵਲ ਓਦੋਂ ਹੋਂਦ ਵਿਚ ਆਇਆ ਜਦੋਂ ਰੱਬ ਦੁਨੀਆ ਤੋਂ ਰੁਖ਼ਸਤ ਹੋ ਚੁੱਕਾ ਸੀ। ਮੈਨੂੰ ਜਾਪਦਾ ਹੈ ਸਰਵਣ ਸਿੰਘ ਓਸ ਰੁਖ਼ਸਤਸ਼ੁਦਾ ਰੱਬ ਨੂੰ ਮੁੜ ਦੁਨੀਆ ਵਿਚ ਮੋੜ ਲਿਆਇਆ ਹੈ। ਉਹਨੇ ਰੱਬੀ ਮਿਹਰ ਤੇ ਮਨੁੱਖੀ ਮਰਿਯਾਦਾ ਵਿਚ ਸਾਡੇ ਵਿਸਵਾਸ਼ ਨੂੰ ਮੁੜ ਪੱਕਾ ਕਰ ਦਿੱਤਾ ਹੈ।

ਉਹਦੀ ਰਚਨਾ ਮਾਨਵਤਾ ਦਾ ਨਾਹਰਾ ਨਹੀਂ ਮਾਰਦੀ ਪਰ ਮਾਨਵਤਾ ਦਾ ਇਕ ਹੁਸੀਨ ਪੱਖ ਉਜਾਗਰ ਕਰ ਕੇ ਸਾਨੂੰ ਉਹਦੇ ਨਾਲ ਜੋੜਦੀ ਹੈ। ਉਸ ਦੀ ਲਿਖਤ ਪੜ੍ਹਨ ਵੇਲੇ ਅਸੀਂ ਜ਼ੋਰਾਵਰਾਂ ਦੇ ਹਾਣੀ ਹੋਏ ਜਾਪਦੇ ਹਾਂ। ਉਹਦੇ ਬੋਲ ਸਾਡੇ ਆਲੇ ਦੁਆਲੇ ਕੋਸੀ ਧੁੱਪ ਵਾਂਗ ਵਿਛ ਜਾਂਦੇ ਹਨ ਤੇ ਸਾਡੇ ਮਨ ਵਿਚ ਸੁਖਾਵਾਂ ਜਿਹਾ ਨਿੱਘ ਬਣ ਕੇ ਬੈਠ ਜਾਂਦੇ ਹਨ। ਉਹਦੀ ਲਿਖਤ ਪੰਜਾਬੀ ਦਾ ਪੱਖ ਪੂਰਨ ਲਈ ਡਾਂਗ ਨਹੀਂ ਫੜਦੀ, ਪੰਜਾਬੀ ਰੰਗਾਂ ਦਾ ਖਲਾਰਾ ਪਾ ਕੇ ਵੇਖਣ-ਪੜ੍ਹਨ ਵਾਲਿਆਂ ਦਾ ਮਨ ਮੋਂਹਦੀ ਹੈ। ਉਹ ਪਿੰਡ ਤੋਂ ਸ਼ਹਿਰ ਤਕ ਇਕਸਾਰ ਅਪਣੱਤ ਨਾਲ ਫੈਲਦੀ ਹੈ। ਉਹਨੂੰ ਪੁਰਾਣੇ ਠੇਠ ਤੇ ਨਵੇਂ ਨਫ਼ੀਸ ਨਾਲ ਇਕੋ ਜਿੰਨਾ ਮੋਹ ਹੈ।

ਸਰਵਣ ਸਿੰਘ ਦੀ ਲਿਖਤ ਖੇਡਾਂ ਸੰਬੰਧੀ ਨਿਰਜਿੰਦ, ਨਿਰਭਾਵ ਜਾਣਕਾਰੀ ਨਹੀਂ ਦੇਂਦੀ, ਉਹਨਾਂ ਦੇ ਅੰਗ-ਸੰਗ ਹਸਦੀ ਹੈ, ਰੋਂਦੀ ਹੈ, ਡਰਦੀ ਹੈ, ਬੇਹੋਸ਼ ਹੋਣ ਤਕ ਜਾਂਦੀ ਹੈ। ਜੇ ਤੁਸੀਂ ਕੁੜੀ-ਮੁੰਡੇ ਦੇ ਘਿਸੇ-ਪਿਟੇ ਇਸ਼ਕ-ਪੇਚੇ ਦੇ ਬਗ਼ੈਰ ਸਰੋਦੀ ਰਚਨਾ ਦਾ ਅਨੰਦ ਲੈਣਾ ਚਾਹੁੰਦੇ ਹੋ, ਕਹਾਣੀ-ਪਲਾਟ ਤੋਂ ਬਗ਼ੈਰ ਬਿਰਤਾਂਤ ਨੂੰ ਸੰਭਵ ਹੋਇਆ ਵੇਖਣਾ ਚਾਹੁੰਦੇ ਹੋ ਤਾਂ ਸਰਵਣ ਸਿੰਘ ਤੇ ਖੇਡ ਸੰਸਾਰ ਵਿਚ ਪ੍ਰਵੇਸ਼ ਕਰੋ।

ਸ਼ਾਇਦ ਤੁਹਾਨੂੰ ਜਾਪੇਗਾ ਮੈਂ ਭਾਵਕ ਹੋ ਰਿਹਾਂ। ਜਾਪਦਾ ਮੈਨੂੰ ਵੀ ਹੈ। ਏਸੇ ਲਈ ਮੈਂ ਆਪਣੇ ਲਿਖੇ ਨੂੰ ਦੁਬਾਰਾ ਪੜ੍ਹ ਗਿਆ। ਪਰ, ਲਿਖੇ ਹੋਏ ਵਿਚੋਂ ਕੁਝ ਵੀ ਕੱਟਣ ਦਾ ਹੀਆ ਨਹੀਂ ਪਿਆ। ਮੈਨੂੰ ਖੇਡਾਂ ਵਿਚ ਖ਼ਾਸ ਦਿਲਚਸਪੀ ਨਹੀਂ, ਪਰ ਖੇਡਾਂ ਵਿਖਾਉਂਦੇ ਸਰਵਣ ਸਿੰਘ ਨੇ ਪੰਜਾਬੀ ਬੋਲੀ ਦੇ ਸੁਹੱਪਣ ਤੇ ਸਮਰੱਥਾ ਦਾ ਸੁਖਾਵਾਂ ਨਜ਼ਾਰਾ ਵੀ ਤਾਂ ਪੇਸ਼ ਕੀਤਾ ਹੈ। ਮੈਂ ਬੋਲੀ ਦੇ ਚਸਕੇ ਦਾ ਮਾਰਿਆ ਉਹਦੀਆਂ ਅੱਖਾਂ ਥਾਣੀ ਖੇਡਾਂ, ਖਿਡਾਰੀਆਂ, ਖੇਡ-ਵਿਦਿਆ ਤੇ ਖੇਡ-ਵਿਗਿਆਨ ਨਾਲ ਵਾਕਫ਼ੀ ਪਾ ਗਿਆ। ਤੁਸੀਂ ਪੁੱਛੋਗੇ: ਕੀ ਸਰਵਣ ਸਿੰਘ ਏਡਾ ਹੀ ਸਮਰੱਥਾਵਾਨ ਲਿਖਾਰੀ ਹੈ ਜਿੱਡਾ ਮੈਂ ਉਹਨੂੰ ਦੱਸ ਰਿਹਾ ਹਾਂ? ਮੈਂ ਵੀ ਇਸ ਕਿਤਾਬ ਨੂੰ ਪੜ੍ਹਦੇ ਪੜ੍ਹਦੇ ਰੁਕ ਜਾਂਦਾ ਰਿਹਾ ਹਾਂ ਤੇ ਗ਼ੈਰ-ਹਾਜ਼ਰ ਸਰਵਣ ਸਿੰਘ ਨੂੰ ਸਵਾਲ ਕਰਦਾ ਰਿਹਾਂ ਹਾਂ: ਕੀ ਤੇਰੀਆਂ ਖੇਡਾਂ ਤੇ ਖਿਡਾਰੀ ਏਨੇ ਹੀ ਸੋਹਣੇ ਹਨ? ਫੇਰ ਜਵਾਬ ਵਜੋਂ ਆਪ ਹੀ ਸੌਦਾ ਦੀ ਗ਼ਜ਼ਲ ਦਾ ਇਕ ਸ਼ੇਅਰ ਆਪਣੇ ਆਪ ਨੂੰ ਸੁਣਾਉਂਦਾ ਰਿਹਾ ਹਾਂ:

ਸੌਦਾ ਜੋ ਤਿਰਾ ਹਾਲ ਹੈ ਇਤਨਾ ਤੋ ਨਹੀਂ ਵੋਹ
ਕਿਆ ਜਾਨੀਏ ਤੂ ਨੇ ਉਸੇ ਕਿਸ ਆਨ ਮੇ ਦੇਖਾ

ਕਿਸੇ ਆਨ ਵਿਚ ਵੇਖਣਾ ਅਤੇ ਵਿਖਾਉਣਾ ਹੀ ਤਾਂ ਕਲਾਕਾਰੀ ਹੈ।
ਸੰਪਰਕ: 94651-01651

ਮੈਨੂੰ ਖੇਡਾਂ ਵਿਚ ਖ਼ਾਸ ਦਿਲਚਸਪੀ ਨਹੀਂ ਪਰ...

ਸ਼ਾਇਦ ਤੁਹਾਨੂੰ ਜਾਪੇਗਾ ਮੈਂ ਭਾਵਕ ਹੋ ਰਿਹਾਂ। ਜਾਪਦਾ ਮੈਨੂੰ ਵੀ ਹੈ। ਏਸੇ ਲਈ ਮੈਂ ਆਪਣੇ ਲਿਖੇ ਨੂੰ ਦੁਬਾਰਾ ਪੜ੍ਹ ਗਿਆ। ਪਰ, ਲਿਖੇ ਹੋਏ ਵਿਚੋਂ ਕੁਝ ਵੀ ਕੱਟਣ ਦਾ ਹੀਆ ਨਹੀਂ ਪਿਆ। ਮੈਨੂੰ ਖੇਡਾਂ ਵਿਚ ਖ਼ਾਸ ਦਿਲਚਸਪੀ ਨਹੀਂ, ਪਰ ਖੇਡਾਂ ਵਿਖਾਉਂਦੇ ਸਰਵਣ ਸਿੰਘ ਨੇ ਪੰਜਾਬੀ ਬੋਲੀ ਦੇ ਸੁਹੱਪਣ ਤੇ ਸਮਰੱਥਾ ਦਾ ਸੁਖਾਵਾਂ ਨਜ਼ਾਰਾ ਵੀ ਤਾਂ ਪੇਸ਼ ਕੀਤਾ ਹੈ। ਮੈਂ ਬੋਲੀ ਦੇ ਚਸਕੇ ਦਾ ਮਾਰਿਆ ਉਹਦੀਆਂ ਅੱਖਾਂ ਥਾਣੀ ਖੇਡਾਂ, ਖਿਡਾਰੀਆਂ, ਖੇਡ-ਵਿਦਿਆ ਤੇ ਖੇਡ-ਵਿਗਿਆਨ ਨਾਲ ਵਾਕਫ਼ੀ ਪਾ ਗਿਆ। ਤੁਸੀਂ ਪੁੱਛੋਗੇ: ਕੀ ਸਰਵਣ ਸਿੰਘ ਏਡਾ ਹੀ ਸਮਰੱਥਾਵਾਨ ਲਿਖਾਰੀ ਹੈ ਜਿੱਡਾ ਮੈਂ ਉਹਨੂੰ ਦੱਸ ਰਿਹਾ ਹਾਂ? ਮੈਂ ਵੀ ਇਸ ਕਿਤਾਬ ਨੂੰ ਪੜ੍ਹਦੇ ਪੜ੍ਹਦੇ ਰੁਕ ਜਾਂਦਾ ਰਿਹਾ ਹਾਂ ਤੇ ਗ਼ੈਰ-ਹਾਜ਼ਰ ਸਰਵਣ ਸਿੰਘ ਨੂੰ ਸਵਾਲ ਕਰਦਾ ਰਿਹਾਂ ਹਾਂ: ਕੀ ਤੇਰੀਆਂ ਖੇਡਾਂ ਤੇ ਖਿਡਾਰੀ ਏਨੇ ਹੀ ਸੋਹਣੇ ਹਨ?

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All