ਉਦਾਸ ਨਹੀਂ ਹੋਈਦਾ ਬੀਬਾ...
ਉਦਾਸ ਨਹੀਂ ਹੋਈਦਾ। ਬੜੀ ਖ਼ਤਰਨਾਕ ਹੁੰਦੀ ਏ ਉਦਾਸੀ। ਉਦਾਸ ਪਲਾਂ ਵਿੱਚ ਸਿਰਫ਼ ਹਉਕੇ ਤੇ ਹਾਵੇ ਉੱਗਦੇ ਹਨ। ਕਦੇ ਉਦਾਸੀ ਦਸਤਕ ਦੇਵੇ ਤਾਂ ਇਸ ਤੋਂ ਪਾਸਾ ਵੱਟਣਾ ਜ਼ਰੂਰੀ ਹੁੰਦਾ ਹੈ। ਉਦਾਸ ਚਿਹਰਿਆਂ ਤੋਂ ਹਾਸੀ, ਖ਼ੁਮਾਰੀ ਅਤੇ ਹੁਲਾਸ ਉੱਡ ਜਾਂਦਾ ਹੈ। ਮਿਟ...
ਉਦਾਸ ਨਹੀਂ ਹੋਈਦਾ। ਬੜੀ ਖ਼ਤਰਨਾਕ ਹੁੰਦੀ ਏ ਉਦਾਸੀ। ਉਦਾਸ ਪਲਾਂ ਵਿੱਚ ਸਿਰਫ਼ ਹਉਕੇ ਤੇ ਹਾਵੇ ਉੱਗਦੇ ਹਨ। ਕਦੇ ਉਦਾਸੀ ਦਸਤਕ ਦੇਵੇ ਤਾਂ ਇਸ ਤੋਂ ਪਾਸਾ ਵੱਟਣਾ ਜ਼ਰੂਰੀ ਹੁੰਦਾ ਹੈ। ਉਦਾਸ ਚਿਹਰਿਆਂ ਤੋਂ ਹਾਸੀ, ਖ਼ੁਮਾਰੀ ਅਤੇ ਹੁਲਾਸ ਉੱਡ ਜਾਂਦਾ ਹੈ। ਮਿਟ ਜਾਂਦੇ ਹਨ ਚਾਅ ਅਤੇ ਆਸ। ਚਿਹਰੇ ਉੱਪਰ ਉੱਗੀਆਂ ਝੁਰੜੀਆਂ ਵਿੱਚ ਉਦਾਸੀ ਦੀਆਂ ਉਲਝੀਆਂ ਲਕੀਰਾਂ ਤਕਦੀਰ ਨੂੰ ਹੀ ਉਲਝਾ ਦਿੰਦੀਆਂ ਹਨ।
ਉੱਦਮ ਉਦਾਸ ਹੋ ਜਾਣ ਤਾਂ ਨਵੇਂ ਹੰਭਲਿਆਂ ਦਾ ਹੌਸਲਾ ਪਸਤ ਹੋ ਜਾਂਦਾ ਹੈ। ਨਵੀਆਂ ਪਹਿਲਕਦਮੀਆਂ ਰੁਕ ਜਾਂਦੀਆਂ ਹਨ। ਨਵੀਆਂ ਪੇਸ਼ਕਦਮੀਆਂ ਨਾਲ ਹੋਣ ਵਾਲੀਆਂ ਵਿਲੱਖਣ ਪ੍ਰਾਪਤੀਆਂ ਸਿਸਕੀਆਂ ਬਣ ਜਾਂਦੀਆਂ ਹਨ। ਉੱਦਮ ਦਾ ਜਲੌਅ ਤਾਂ ਹਮੇਸ਼ਾਂ ਜਾਰੀ ਰਹਿਣਾ ਚਾਹੀਦਾ ਹੈ।
ਉਦਾਸ ਰੁੱਤ ਵਿੱਚ ਕੁਝ ਵੀ ਮਨ ਨੂੰ ਨਹੀਂ ਭਾਉਂਦਾ। ਚਿੱਤ ਹਮੇਸ਼ਾਂ ਢਹਿੰਦੀ ਕਲਾ ਵਿੱਚ ਰਹਿੰਦਾ ਹੈ। ਉਦਾਸ ਰੁੱਤ ਸਾਡੇ ਆਲੇ-ਦੁਆਲੇ ਨੂੰ ਉਦਾਸ ਪਰਤ ਨਾਲ ਹੀ ਢੱਕ ਲੈਂਦੀ ਹੈ। ਉਦਾਸ ਮੌਸਮਾਂ ਵਿੱਚ ਬਹਾਰ ਨਹੀਂ ਆਉਂਦੀ। ਫੁੱਲ ਨਹੀਂ ਖਿੜਦੇ। ਲਗਰਾਂ ਨਹੀਂ ਫੁੱਟਦੀਆਂ। ਕੂਲੇ ਪੱਤਿਆਂ ਦੇ ਲਿਬਾਸ ਤੋਂ ਵਿਰਵੀਆਂ ਟਹਿਣੀਆਂ ਖ਼ੁਦ ਨੂੰ ਨੰਗਾ ਮਹਿਸੂਸ ਕਰਦੀਆਂ ਹਨ। ਸੂਰਜ ਦੀ ਧੁੱਪ ਵਿਚਲਾ ਖੇੜਾ ਗਾਇਬ ਹੁੰਦਾ ਹੈ ਅਤੇ ਸਾਡੀ ਚੇਤਨਾ ਵਿੱਚ ਦੁਪਹਿਰ ਸੋਨਰੰਗੀ ਨਹੀਂ ਹੁੰਦੀ। ਮਰਨਹਾਰਾ ਬੰਦਾ ਆਪਣੇ ਸਾਹਾਂ ਨੂੰ ਘੜੀਸਣ ਲੱਗਦਾ ਹੈ।
ਕਲਮ ਉਦਾਸ ਹੋ ਜਾਵੇ ਤਾਂ ਪੁੰਗਰਨ ਵਾਲੇ ਸ਼ਬਦ ਹਉਕਾ ਬਣਦੇ ਹਨ। ਸਫ਼ਿਆਂ ਨੂੰ ਕੋਰੇਪਣ ਦਾ ਦਰਦ ਹੰਢਾਉਣਾ ਪੈਂਦਾ ਹੈ। ਸ਼ਬਦਾਂ ਦੀ ਹਿੱਕ ’ਚ ਜਗਣ ਵਾਲੇ ਅਰਥਾਂ ਦੇ ਦੀਵੇ ਬਣ ਜਾਂਦੇ ਹਨ। ਹਉਕਾ ਤੇ ਹਟਕੋਰੇ ਭਰਦਾ ਚਾਨਣ ਭਲਾਂ ਕਿਸੇ ਦੇ ਮੱਥੇ ਨੂੰ ਕਿਵੇਂ ਉਜਿਆਰਾ ਕਰੇਗਾ? ਸੋਚ ਉਦਾਸ ਹੋ ਜਾਵੇ ਤਾਂ ਖ਼ਿਆਲਾਂ ਦੀਆਂ ਫੁੱਲਝੜੀਆਂ ਫੁੱਸ ਹੋ ਕੇ ਰਹਿ ਜਾਂਦੀਆਂ ਹਨ। ਖ਼ਾਬਾਂ ਵਿੱਚ ਉੱਗਣ ਵਾਲੇ ਤਾਰੇ ਮਰਸੀਆ ਬਣ ਜਾਂਦੇ ਹਨ ਅਤੇ ਮਰਸੀਆ ਕਦੇ ਵੀ ਜਿਉਣ ਦਾ ਸਬਕ ਨਹੀਂ ਦੇ ਸਕਦਾ।
ਸੁਪਨਾ ਉਦਾਸ ਹੋ ਜਾਵੇ ਤਾਂ ਸਾਡੀਆਂ ਸੰਭਾਵਨਾਵਾਂ ਵਿੱਚ ਮਾਤਮ ਉੱਗਦਾ ਹੈ। ਨਵੀਆਂ ਸਫਲਤਾਵਾਂ ਸਰਾਪੀਆਂ ਜਾਂਦੀਆਂ ਹਨ ਅਤੇ ਸੁਪਨਿਆਂ ਦਾ ਧੁਖਣਾ ਬੰਦੇ ਦੀ ਬਿਰਤੀ ਨੂੰ ਬਰਬਾਦ ਕਰ ਦਿੰਦਾ ਹੈ। ਬਲਦੇ ਸਿਵਿਆਂ ਵਿੱਚੋਂ ਜਿਉਣ ਨੂੰ ਕਿਵੇਂ ਕਿਆਸੋਗੇ? ਖਿੜ ਰਹੇ ਫੁੱਲ, ਹੱਸਦੇ ਬੱਚੇ ਅਤੇ ਉਮੰਗਾਂ ਨਾਲ ਲਬਰੇਜ਼ ਜਵਾਨ ਦਿਲਾਂ ਦਾ ਸੁਪਨਾ ਬਣੋਗੇ ਤਾਂ ਸੁਪਨਈ ਰੰਗਤ ਵਿੱਚ ਰੰਗੇ ਜਾਵੋਗੇ।
ਘੋਰ ਉਦਾਸੀ ਦਾ ਰੂਪ ਦੇਖਣ ਲਈ ਕਦੇ ਬ੍ਰਾਂਡੇਡ ਕੱਪੜੇ ਪਹਿਨਣ ਵਾਲੇ ਸ਼ਖ਼ਸ ਦੀ ਲਾਸ਼ ਨੂੰ ਦੇਖਣਾ। ਭਲਾ! ਬੇਮੈਚ ਚਿੱਟੇ ਕੱਫ਼ਣ ’ਚ ਲਿਪਟੀ ਲਾਸ਼, ਕਿੰਝ ਕਹੇ ਕਿ ਕੱਫ਼ਣ ਤਾਂ ਮੇਚ ਹੀ ਨਹੀਂ ਆਉਂਦਾ। ਵੈਸੇ ਕੱਫ਼ਣ ਵੀ ਕੇਹੀ ਚੀਜ਼ ਏ ਜੋ ਖ਼ਰੀਦਦਾ ਉਹ ਪਾਉਂਦਾ ਨਹੀਂ, ਜਿਸ ’ਤੇ ਪਾਇਆ ਜਾਂਦਾ ਉਹ ਖ਼ੁਦ ਪਾ ਨਹੀਂ ਸਕਦਾ ਅਤੇ ਜਿਸਨੂੰ ਦਿਖਾਉਣ ਲਈ ਪਾਇਆ ਜਾਂਦਾ, ਉਹ ਤਾਂ ਦੇਖ ਹੀ ਨਹੀਂ ਸਕਦਾ। ਘੋਰ ਉਦਾਸੀ ’ਚ ਬੰਦਾ ਵੀ ਇੱਕ ਬੇਕੱਫ਼ਣੀ ਲਾਸ਼ ਹੀ ਤਾਂ ਹੁੰਦਾ ਹੈ, ਤੁਰਦੀ ਫਿਰਦੀ ਲਾਸ਼ ਜੋ ਖ਼ੁਦ ਤੋਂ ਬੇਸੁੱਧ ਹੋ ਕੇ ਸਿਵਿਆਂ ਵੱਲ ਨੂੰ ਤੁਰੀ ਜਾਂਦੀ ਹੈ।
ਬਸਤਾ ਉਦਾਸ ਹੋ ਜਾਵੇ ਤਾਂ ਇਸ ਵਿੱਚੋਂ ਕਿਤਾਬਾਂ ਅਤੇ ਕਾਪੀਆਂ ਗਾਇਬ ਹੋ ਜਾਂਦੀਆਂ ਹਨ। ਇਸ ਦਾ ਖਾਲੀਪਣ ਭਰਦੀਆਂ ਨੇ ਬੰਦੂਕਾਂ, ਬਰੂਦ ਅਤੇ ਬਰਬਾਦੀ। ਕਦੇ ਵੀ ਬਸਤੇ ਨੂੰ ਉਦਾਸ ਨਾ ਹੋਣ ਦਿਓ ਸਗੋਂ ਇਸ ਵਿੱਚ ਪਈਆਂ ਪੈਨਸਲਾਂ ਨਾਲ ਕੋਰੇ ਕਾਗਜ਼ਾਂ ’ਤੇ ਕੁਝ ਤਾਂ ਅਜਿਹਾ ਲਿਖੋ ਜੋ ਬੰਦੇ ਦਾ ਜਿਉਣ-ਸਬੱਬ ਬਣ ਜਾਣ।
ਸ਼ਬਦ ਉਦਾਸ ਹੋ ਜਾਣ ਤਾਂ ਤੁਹਾਡੇ ਅੰਦਰ ਇੱਕ ਕਬਰ ਉੱਗਦੀ ਹੈ ਜੋ ਹੌਲੀ ਹੌਲੀ ਤੁਹਾਨੂੰ ਵੀ ਕਬਰ ਬਣਾ ਦਿੰਦੀ ਹੈ। ਇਸ ਤੋਂ ਪਹਿਲਾਂ ਕਿ ਸਾਡੇ ਅੰਦਰ ਕਬਰਾਂ ਉੱਗਣ ਲੱਗਣ ਕੁਝ ਤਾਂ ਆਪਣੀ ਰੂਹ ਵਰਗਾ ਸੱਚਾ ਸੁੱਚਾ ਅਤੇ ਸੰਜੀਵ ਸ਼ਬਦ ਲਿਖੀਏ। ਯਾਦ ਰਹੇ ਬੰਦਾ ਲਿਖੇ ਹੋਏ ਸ਼ਬਦਾਂ ਦਾ ਗੁਲਾਮ ਹੁੰਦਾ ਹੈ, ਪਰ ਉਹ ਅਣਲਿਖੇ ਸ਼ਬਦਾਂ ਦਾ ਹਮੇਸ਼ਾਂ ਬਾਦਸ਼ਾਹ ਹੁੰਦਾ ਹੈ। ਅਣਲਿਖੇ ਸ਼ਬਦਾਂ ਨਾਲ ਕੁਝ ਕੁ ਜਿਉਣ ਜੋਗਾ ਲਿਖ ਜਾਣਾ ਹੀ ਸ਼ੁਭ-ਕਰਮਨ ਦਾ ਰੂਪ ਧਾਰਦਾ ਹੈ।
ਦਰਿਆ ਉਦਾਸ ਹੋ ਜਾਵੇ ਤਾਂ ਇਸ ਵਿੱਚ ਬਰੇਤੇ ਉੱਗਦੇ ਹਨ। ਕੰਢਿਆਂ ’ਤੇ ਉਜਾੜ ਅਤੇ ਸੁੰਨਸਾਨ। ਦਰਿਆ ’ਤੇ ਰੁੱਸੇ ਕੰਢਿਆਂ ਨੂੰ ਮਿਲਾਉਣ ਵਾਲੇ ਪਾਣੀ ਦਾ ਤਰਲਾ ਏ ਕਿ ਕਦੇ ਵੀ ਦਰਿਆ ਨੂੰ ਉਦਾਸ ਨਾ ਹੋਣ ਦਿਓ। ਦਰਿਆ ਨਾ ਰਹੇ ਤਾਂ ਮਨੁੱਖੀ ਸੱਭਿਅਤਾ ਨੂੰ ਮਿਟਣ ਲੱਗਿਆਂ ਬਹੁਤੀ ਦੇਰ ਨਹੀਂ ਲੱਗਣੀ।
ਖੇਤ ਉਦਾਸ ਹੋ ਜਾਣ ਤਾਂ ਇਨ੍ਹਾਂ ਵਿੱਚ ਖੁਦਕੁਸ਼ੀਆਂ ਉੱਗਦੀਆਂ ਹਨ। ਬੰਨੇ ਬਣਦੇ ਨੇ ਕਬਰਾਂ ਅਤੇ ਆੜਾਂ ਵਿੱਚ ਵਗਦਾ ਏ ਆਪਣਿਆਂ ਦਾ ਲਹੂ। ਇਸ ਤੋਂ ਪਹਿਲਾਂ ਕਿ ਬੰਦੇ ਜੰਮਣ ਵਾਲੀਆਂ ਜ਼ਮੀਨਾਂ ਮਾਤਮ ਪੈਦਾ ਕਰਨ ਲੱਗ ਪੈਣ, ਖੇਤਾਂ ਦਾ ਵਾਸਤਾ ਜ਼ਰੂਰ ਸੁਣਨਾ। ਇਨ੍ਹਾਂ ਦੀ ਹਿੱਕ ’ਚ ਸੁੱਚਮ ਦਾ ਬੀਜ ਬੀਜੋ ਤਾਂ ਕਿ ਇਸ ਵਿੱਚ ਉੱਗਣ ਵਾਲੀ ਬੰਦਿਆਈ ਤੇ ਚੰਗਿਆਈ ਭਰੇ ਭੜੌਲਿਆਂ ਦਾ ਵਰਦਾਨ ਬਣੇ।
ਖੂਹ ਉਦਾਸ ਹੋ ਜਾਣ ਤਾਂ ਖਾਮੋਸ਼ ਹੋ ਜਾਂਦਾ ਹੈ ਪਾੜਛੇ ਵਿੱਚ ਪੈਂਦੇ ਪਾਣੀ ਦਾ ਸੰਗੀਤ। ਪਾਣੀਆਂ ਲਈ ਜੰਗ ਵਾਲੀ ਮਾਨਸਿਕਤਾ ਆਪਣਿਆਂ ਦੇ ਸੀਰਮੇ ਪੀਣ ਨੂੰ ਕਾਹਲੀ ਅਤੇ ਇਸ ਕਾਹਲ ਵਿੱਚ ਬੰਦਾ ਆਪਾ ਹੀ ਗਵਾ ਬਹਿੰਦਾ ਹੈ। ਖ਼ੂਹਾਂ ’ਤੇ ਤਾਂ ਰੱਬ ਵੱਸਦਾ ਸੀ। ਉਸ ਰੱਬ ਨੂੰ ਮੋੜ ਲਿਆਵੋ ਅਤੇ ਆਪਣੀਆਂ ਤਰਜੀਹਾਂ ਨਾਲ ਤਦਬੀਰਾਂ ਸਿੰਝ ਕੇ ਮਾਣਮੱਤੀ ਜੀਵਨ-ਸ਼ੈਲੀ ਅਪਣਾਵੋ।
ਸੂਰਜ ਉਦਾਸ ਹੋ ਜਾਵੇ ਤਾਂ ਪਲੱਤਣਾਂ ਵਰਗਾ ਦਿਨ ਚੜ੍ਹਦਾ ਹੈ। ਮਰਨਾਊ ਜਿਹੀ ਪੀਲੀ ਧੁੱਪ ਹੀ ਹੁੰਦੀ ਹੈ ਜੋ ਧੁੰਦ ਅਤੇ ਸੀਤ ਤੋਂ ਤ੍ਰਿਹੰਦੀ, ਖੁਦ ਹੀ ਖੁਦਕੁਸ਼ੀ ਕਰ ਲੈਂਦੀ ਹੈ;
ਦਰਿਆ ਨੂੰ ਉਦਾਸ ਨਾ ਹੋਣ ਦਿਓ
ਬਰੇਤੇ ਜੀਰ ਜਾਣਗੇ ਦਰਿਆ
ਤੇ ਪਿਆਸ ਚੜ੍ਹ ਜਾਵੇਗੀ ਸੂਲੀ।
ਸ਼ਬਦਾਂ ’ਚ ਸਿਸਕੀ ਨਾ ਧਰੋ
ਵਰਕਿਆਂ ’ਤੇ ਉੱਗ ਪੈਣਗੀਆਂ ਘਰਾਲਾਂ
ਵਾਕਾਂ ’ਚ ਸਿੰਮ ਆਉਣੀ ਸਿੱਲ
ਤੇ ਲਿਖਤ ਦਾ ਜ਼ਰਜ਼ਰੀਪਣ
ਨਿਗਲ ਜਾਵੇਗਾ ਤਵਾਰੀਖ਼ੀ ਤਹਿਰੀਕ।
ਸੁਪਨੇ ਦੀ ਅੱਖ ’ਚ ਕਸੀਰ ਨਾ ਪਾਓ।
ਪੈਦਾ ਹੋਏ ਧੁੰਧਲਕੇ ’ਚ
ਸੰਦਲੀ ਪੈੜਾਂ ਦਾ ਰੁੱਸਿਆ ਸਿਰਨਾਵਾਂ
ਪੂੰਝ ਦੇਵੇਗਾ ਮੰਜ਼ਿਲ ਦੇ ਮੱਥੇ ਤੋਂ ਸਿਰਲੇਖ।
ਸੇਜ਼ ਨੂੰ ਸੱਖਣੇਪਣ ਨਾ ਸਰਾਪੋ
ਸਿਲਵਟਾਂ ਦਾ ਦਰਦ
ਕਮਰੇ ਦੀ ਚੁੱਪ ’ਚ
ਗੁਣਗੁਣਾਵੇਗਾ ਮਾਤਮੀ ਸੁਰਾਂ।
ਕਮਰੇ ਨੂੰ ਖਾਮੋਸ਼ੀ ਨਾ ਵਣਜੋ
ਗੁੁਟਕਦੇ ਹਾਸਿਆਂ ਦੀ ਚੀਸ
ਕਮਰੇ ਦੀ ਫਿਜ਼ਾ ਨੂੰ ਲਾ ਦੇਵੇਗੀ ਰੋਣ
ਤੇ ਹਉਕਿਆਂ ਦਾ ਸੇਕ
ਸਾੜ ਕੇ ਰਾਖ ਕਰੇਗਾ
ਰੀਝਾਂ ਦੇ ਕਪਾਹੀ ਫੁੱਲ।
ਘਰ ਨੂੰ ਕਮਰਿਆਂ ’ਚ ਤਕਸੀਮ ਨਾ ਕਰੋ
ਨਿੱਕੇ ਨਿੱਕੇ ਘੁਰਨਿਆਂ ’ਚ ਵੰਡਿਆ
ਘਰ ਦਾ ਪ੍ਰਤਾਪੀ ਸਰੂਪ
ਘਰ ਨੂੰ ਮਕਾਨ ਬਣਾ ਦੇਵੇਗਾ।
ਚੁੱਲ੍ਹੇ ’ਚ ਬਲਦੀ ਅੱਗ ਨਾ ਬੁਝਾਓ
ਤੌੜੀ ਵਿੱਚ ਰਿੱਝਦੇ ਸਾਗ ਦੀ ਮਹਿਕ
ਬਦਬੂ ਬਣ ਚੌਂਕੇ ਵਿੱਚ ਫੈਲੀ
ਤਾਂ ਜੀਆਂ ਦੇ ਰੱਜ ਨੇ
ਕਰ ਲੈਣੀ ਹੈ ਖੁਦਕੁਸ਼ੀ।
ਵਿਹੜੇ ਦੀ ਰੌਣਕ ਨੂੰ ਨਾ ਰੁਸਾਓ
ਅਜਿਹਾ ਨਾ ਹੋਵੇ
ਕਿ ਫਲੀਆਂ ਧਰੇਕਾਂ
ਜਵਾਨੀ ਦੀ ਦਹਿਲੀਜ਼ ਤੋਂ ਤਿਲ੍ਹਕ
ਫਿਜ਼ਾ ਦਾ ਰੁਦਨ ਬਣ ਜਾਣ।
ਅੰਬਰ ’ਚ ਗਹਿਰ ਨਾ ਚਿਤਾਰੋ
ਸੂਰਜ ਦੀ ਅੱਖ ਵਿੱਚ ਉਤਰਿਆ ਮੋਤੀਆ
ਕੁਦਰਤੀ ਰਹਿਮਤਾਂ ਲਈ ਵਰਜਣਾ ਬਣ
ਧਰਤ ਨੂੰ ਖੰਡਰਾਤ ਬਣਾ ਦੇਵੇਗਾ।
ਖ਼ਿਆਲਾਂ ਦੀ ਵਸੀਹਤਾ ਨਾ ਸੰਗੋੜੋ
ਆਪੋ ਆਪਣੇ ਖੋਲ ’ਚ ਸਿਮਟਿਆਂ
ਉਚੇਰੀ ਪਰਵਾਜ਼
ਤੇ ਨਿਰਾਲਾ ਅੰਦਾਜ਼
ਸੂਲੀ ’ਤੇ ਟੰਗੇ ਜਾਣਗੇ।
ਅੰਦਰਲੇ ਸਫ਼ਰ ਤੋਂ ਨਾ ਹਟੋ
ਬਾਹਰੀ ਸਫ਼ਰ ਦੀਆਂ ਤਰੇੜਾਂ
ਅੰਦਰੂਨੀ ਯਾਤਰਾ ਨੂੰ ਵਰਜ
ਅੰਤਰੀਵੀ ਸੰਤਾਪ ਬਣ ਜਾਣਗੀਆਂ।
ਆਪੇ ਦੇ ਸਨਮੁੱਖ ਹੋਣ ਤੋਂ ਨਾ ਘਬਰਾਵੋ
ਖੁਦ ਨੂੰ ਮਿਲ ਕੇ
ਪ੍ਰਾਪਤ ਸਕੂਨ ਤੋਂ ਵਿਰਵਾ ਹੋ
ਆਪਣੀਆਂ ਤਰਜੀਹਾਂ ਵੀ ਭੁੱਲ ਜਾਵੋਗੇ।
ਕਦੇ ਬਹੁਤੇ ਹੀ ਉਦਾਸ ਹੋਵੋ
ਤਾਂ ਖਿੜੀ ਬਹਾਰ
ਸੁੱਚੇ ਵਿਚਾਰ
ਚੱਜ-ਅਚਾਰ
ਦੁਮੇਲੜਾ-ਕਿਰਦਾਰ
ਤੇ ਸੁਖਨ ਸੰਸਾਰ
ਦੀ ਉਦਾਸੀ ’ਤੇ ਨਿਕਲ ਜਾਣਾ।
ਜੇ ਜ਼ਿਆਦਾ ਹੀ ਉਦਾਸ ਹੋਵੋ
ਤਾਂ ਬਾਬੇ ਦੀ ਉਦਾਸੀ ਦਾ ਧਿਆਨ ਧਰਨਾ
ਬਾਕੀ ਉਦਾਸੀਆਂ
ਬੇਅਰਥ
ਬੇਲੋੜੀਆਂ
ਬੇਮਤਲਬ
ਬੇਹੂਦਾ
ਤੇ ਬੇਗਾਨੀਆਂ ਹੋ ਜਾਣਗੀਆਂ।
ਤੁਸੀਂ ਖੁਦ ਹੀ
ਆਪਣੀ ਉਦਾਸੀ
ਉਦਾਸੀ ਦੇ ਰਾਹਗੀਰ
ਤੇ ਤਲਬ-ਤਸ਼ਬੀਹ ਬਣ ਜਾਵੋਗੇ।
ਅਜਿਹੀ ਉਦਾਸੀ ’ਤੇ ਜ਼ਰੂਰ ਨਿਕਲਣਾ।
ਉਦਾਸੀ ਦੀ ਸੰਘਣੀ ਧੁੰਦ ਨਾਲ ਜੀਵਨ ਰਾਹ ਦਿਸਣੋਂ ਹੀ ਹਟ ਜਾਂਦੇ ਹਨ। ਜਦ ਜ਼ਿੰਦਗੀ ਦੇ ਪਲ ਪਲ ਨੂੰ ਜਿਉਣਾ ਇੱਕ ਮਜਬੂਰੀ ਬਣ ਜਾਵੇ ਤਾਂ ਸਾਹਾਂ ਦਾ ਸਾਥ ਵੀ ਸਾਥ ਦੇਣ ਤੋਂ ਕੰਨੀਂ ਕਤਰਾਵੇ। ਜ਼ਿੰਦਗੀ ਇੱਕ ਸ਼ੀਸ਼ਾ ਹੈ। ਉਦਾਸ ਚਿਹਰਿਆਂ ਵਿੱਚੋਂ ਮਾਯੂਸੀ ਹੀ ਨਜ਼ਰ ਆਉਂਦੀ ਹੈ, ਜਦੋਂਕਿ ਹੱਸਦੇ ਚਿਹਰੇ ਖੇੜਿਆਂ ਦਾ ਦਸਤਾਵੇਜ਼ ਹੁੰਦੇ ਹਨ। ਉਦਾਸੀ ਬਹੁਤ ਵੱਡੀ ਤਾਕਤ ਹੈ। ਕਈ ਵਾਰ ਉਦਾਸ ਪਲਾਂ ਵਿੱਚ ਅਜਿਹਾ ਕੂਹਣੀ ਮੋੜ ਕੱਟਦਾ ਕਿ ਬੰਦਾ ਖੁਦ ਵੀ ਹੈਰਾਨ ਹੁੰਦਾ ਕਿ ਉਦਾਸੀ ਨੂੰ ਇੰਝ ਵੀ ਉਲਥਾਇਆ ਜਾ ਸਕਦਾ ਹੈ। ਇੱਕ ਅਜਿਹਾ ਹੀ ਪਲ ਜੋ ਸਦਾ ਮੇਰੇ ਚੇਤਿਆਂ ਵਿੱਚ ਤਾਜ਼ਾ ਰਹਿੰਦਾ ਹੈ। ਜਦੋਂ ਮੈਂ ਉਸਨੂੰ ਚਿਤਵਦਾ ਹਾਂ ਤਾਂ ਹਲੂਣਿਆ ਜਾਂਦਾ ਹਾਂ।
ਮੈਂ ਆਪਣੇ ਪਿਤਾ ਜੀ ਨਾਲ ਜੂਨ ਦੇ ਮਹੀਨੇ ਖੇਤਾਂ ਵਿੱਚ ਰੂੜੀ ਪਾ ਰਿਹਾ ਸਾਂ। ਜਦ ਮੇਰੇ ਜਮਾਤੀ ਨੇ ਦੱਸਿਆ ਕਿ ਤੂੰ ਪ੍ਰੈਪ ਵਿੱਚੋਂ ਫੇਲ੍ਹ ਹੋ ਗਿਆ ਏਂ ਤਾਂ ਮੇਰੇ ਪਿਤਾ ਜੀ ਇਕਦਮ ਉਦਾਸ ਹੋ ਗਏ। ਨਿਰਾਸ਼ਤਾ ਅਤੇ ਮਾਯੂਸੀ ਦੀ ਪਰਤ ਉਨ੍ਹਾਂ ਦੇ ਚਿਹਰੇ ’ਤੇ ਫੈਲ ਗਈ। ਉਨ੍ਹਾਂ ਦੇ ਦੀਦਆਂ ਵਿੱਚ ਉਤਰੀ ਸਿੱਲ ਨੂੰ ਦੇਖ ਕੇ ਮੇਰਾ ਮਨ ਵਲੂੰਧਰਿਆ ਗਿਆ। ਇਸ ਉਦਾਸ ਦ੍ਰਿਸ਼ ਨੇ ਮੇਰੇ ਮਨ ਨੂੰ ਕੇਹਾ ਹਲੂਣਾ ਦਿੱਤਾ ਕਿ ਮੈਂ ਮਨ ਵਿੱਚ ਪਿਤਾ ਜੀ ਦੇ ਨੈਣਾਂ ਵਿੱਚ ਖੁਸ਼ੀ ਦੇ ਹੰਝੂ ਲਿਆਉਣ ਦਾ ਪ੍ਰਣ ਕਰ ਲਿਆ ਅਤੇ ਉਦਾਸੀ ਦੀ ਪਰਤ ਵਿੱਚੋਂ ਮਿਲੀ ਦ੍ਰਿੜਤਾ ਲਿਆ ਕੇ ਹੀ ਪੇਂਡੂ ਜਵਾਕ ਨੇ ਐੱਮਐੱਸੀ ਤੇ ਪੀਐੱਚ.ਡੀ ਵੀ ਕਰ ਲਈ। ਪੰਜਾਬ ਦੇ ਕਾਲਜਾਂ ਅਤੇ ਅਮਰੀਕਾ ਦੀ ਯੂਨੀਵਰਸਿਟੀ ਵਿੱਚ ਪਿਛਲੇ 48 ਸਾਲਾਂ ਤੋਂ ਫਜ਼ਿਕਸ ਪੜ੍ਹਾ ਰਿਹਾ ਹਾਂ। ਦਰਅਸਲ, ਦੇਖਣਾ ਇਹ ਹੁੰਦਾ ਕਿ ਉਦਾਸੀ ਤੁਹਾਨੂੰ ਢਹਿੰਦੀਆਂ ਕਲਾਂ ਵੱਲ ਧਕੇਲਦੀ ਹੈ ਜਾਂ ਤੁਸੀਂ ਉਦਾਸ ਪਲਾਂ ਦੀ ਤਲੀ ’ਤੇ ਨਵੇਂ ਸੁਪਨਿਆਂ ਅਤੇ ਸਫਲਤਾਵਾਂ ਦਾ ਇਤਿਹਾਸ ਉੱਕਰਦੇ ਹੋ।
ਉਦਾਸੀ ਸਿਰਜਣਾਤਮਕ ਵੀ ਅਤੇ ਕਿਰਿਆਤਮਕ ਵੀ ਹੁੰਦੀ ਹੈ। ਸਾਰਥਿਕ ਵੀ ਅਤੇ ਸਰੋਕਾਰੀ ਵੀ। ਨਕਾਰਾਤਮਕ ਵੀ ਅਤੇ ਸਕਾਰਾਤਮਕ ਵੀ। ਖ਼ੁਦ ਦਾ ਸਿਵਾ ਸੇਕਣ ਵੰਨੀਂ ਉਲਾਰ ਵੀ, ਪਰ ਆਪਣੀ ਤਰਜੀਹਾਂ ਨੂੰ ਆਪਣੀ ਤਕਦੀਰ ਸਿਰਜਣ ਦਾ ਵੱਲ ਵੀ। ਇਹ ਤਾਂ ਬੰਦੇ ’ਤੇ ਨਿਰਭਰ ਹੈ ਕਿ ਉਸ ਦੀ ਮਾਨਸਿਕਤਾ ਨੇ ਕਿਹੜੀ ਤਦਬੀਰ ਨੂੰ ਆਪਣੀ ਤਸ਼ਬੀਹ ਬਣਾਉਣਾ ਹੈ।
ਮੈਂ ਅਕਸਰ ਜਦ ਉਦਾਸ ਹੁੰਦਾ ਹਾਂ ਤਾਂ ਸੋਚਦਾ ਹਾਂ ਕਿ ਮੈਂ ਕਿਉਂ ਉਦਾਸ ਹਾਂ? ਇਸ ਦੇ ਕੀ ਕਾਰਨ ਹਨ? ਇਸ ਉਦਾਸੀ ਵਿੱਚੋਂ ਮੈਂ ਕੀ ਲਾਹਾ ਖੱਟਾਂਗਾ ਜਾਂ ਕਿਹੜਾ ਘਾਟਾ ਪਵੇਗਾ? ਕਈ ਵਾਰ ਤਾਂ ਇਹ ਉਦਾਸੀ ਨਿਰਮੂਲ ਹੁੰਦੀ ਹੈ। ਖਾਹ-ਮਖਾਹ ਅਸੀਂ ਆਪਣੀਆਂ ਗਿਣਤੀਆਂ ਮਿਣਤੀਆਂ ਵਿੱਚ ਉਲਝੇ ਖ਼ੁਦ ਨੂੰ ਉਦਾਸੀ ਦੀ ਦਲਦਲ ਵਿੱਚ ਅਜਿਹਾ ਫਸਾ ਲੈਂਦੇ ਹਾਂ ਕਿ ਇਸ ਵਿੱਚੋਂ ਨਿਕਲਣਾ ਜੀਵਨ ਦਾ ਜੰਜ਼ਾਲ ਬਣ ਜਾਂਦਾ ਹੈ।
ਨਿਰਮੂਲ, ਬੇਵਜ੍ਹਾ ਅਤੇ ਅਕਾਰਥ ਜਾਪਦੀ ਉਦਾਸੀ ਨੂੰ ਆਪਣੇ ਨੇੜੇ ਨਾ ਫਟਕਣ ਦੇਵੋ। ਸਗੋਂ ਉਦਾਸੀ ਨੂੰ ਹੁਲਾਸ ਦਾ ਵਰਦਾਨ ਦਿਓ ਤਾਂ ਕਿ ਉਦਾਸੀ ਵਿੱਚ ਬੇਅਰਥ ਗਵਾਉਣ ਵਾਲੇ ਪਲਾਂ ਵਿੱਚ ਜੀਵਨ ਨੂੰ ਜੀਅ ਭਰ ਕੇ ਜੀਵੋ ਤਾਂ ਕਿ ਹਰ ਕੋਈ ਰਸ਼ਕ ਕਰੇ ਕਿ ਜ਼ਿੰਦਗੀ ਨੂੰ ਇੰਝ ਵੀ ਜੀਵਿਆ ਜਾ ਸਕਦਾ ਹੈ।
ਸਵੇਰੇ ਸਵੇਰੇ ਬਿਰਖ ਤੋਂ ਜਦ ਪੰਛੀ ਉਡਾਰੀ ਮਾਰਦੇ ਹਨ ਤਾਂ ਬਿਰਖ ਕਦੇ ਵੀ ਉਦਾਸ ਨਹੀਂ ਹੁੰਦਾ ਕਿਉਂਕਿ ਉਸ ਨੂੰ ਪਤਾ ਹੁੰਦਾ ਹੈ ਕਿ ਸ਼ਾਮ ਪੈਂਦਿਆਂ ਹੀ ਇਨ੍ਹਾਂ ਨੇ ਆਲ੍ਹਣਿਆਂ ਵਿੱਚ ਪਰਤ ਆਉਣਾ ਹੈ। ਬੱਚਿਆਂ ਨੂੰ ਸਕੂਲੇ ਤੋਰ ਕੇ ਮਾਂ ਕਦੇ ਵੀ ਉਦਾਸ ਨਹੀਂ ਹੁੰਦੀ ਸਗੋਂ ਉਹ ਛੁੱਟੀ ਦੇ ਵਕਤ ਬਾਹਰਲਾ ਬੂਹਾ ਖੋਲ੍ਹ ਕੇ ਆਉਂਦੇ ਬੱਚਿਆਂ ਨੂੰ ਲਈ ਬਾਹਾਂ ਫੈਲਾਈ ਖੜ੍ਹੀ ਹੁੰਦੀ ਹੈ।
ਬਾਹਰਲੇ ਗੇਟ ਨੂੰ ਜਿੰਦਰਾ ਲਾਉਣ ’ਤੇ ਘਰ ਉਦਾਸ ਹੋ ਜਾਂਦਾ ਹੈ ਕਿਉਂਕਿ ਉਸ ਨੂੰ ਖਦਸ਼ਾ ਹੁੰਦਾ ਕਿ ਕੀ ਪਤਾ ਹੱਥੀਂ ਜਿੰਦਰਾ ਲਾਉਣ ਵਾਲਿਆਂ ਨੇ ਆ ਕੇ ਬੂਹਾ ਖੋਲ੍ਹਣਾ ਹੈ ਜਾਂ ਉਸ ਦੀ ਅਗਲੀ ਪੀੜ੍ਹੀ ਜਿੰਦਰੇ ਖੋਲ੍ਹੇਗੀ ਜਾਂ ਸਿਰਫ਼ ਜੰਗਾਲ ਹੀ ਜਿੰਦਰੇ ਨੂੰ ਖਾ ਜਾਵੇਗਾ? ਸ਼ਾਇਦ ਅਜਿਹੇ ਉਦਾਸ ਪਲਾਂ ਦਾ ਹੀ ਖ਼ਿਆਲ ਆਉਂਦਾ ਹੈ ਕਿ ਮੈਂ ਘਰੋਂ ਪ੍ਰਦੇਸ ਨੂੰ ਤੁਰਨ ਲੱਗਿਆਂ ਕਦੇ ਵੀ ਹੱਥੀਂ ਘਰ ਨੂੰ ਜਿੰਦਰਾ ਲਾ ਕੇ ਨਹੀਂ ਆਉਂਦਾ ਅਤੇ ਜਦੋਂ ਵੀ ਮੈਂ ਆਪਣੇ ਘਰ ਪਰਤਦਾ ਹਾਂ ਤਾਂ ਮੇਰੇ ਜਾਣ ਤੋਂ ਪਹਿਲਾਂ ਘਰ ਦੇ ਬੂਹੇ ਖੁੱਲ੍ਹੇ ਹੁੰਦੇ ਹਨ। ਮੈਨੂੰ ਜਾਪਦਾ ਹੈ ਕਿ ਘਰ ਖੁੱਲ੍ਹੀਆਂ ਬਾਹਾਂ ਨਾਲ ਘਰਵਾਲਿਆਂ ਨੂੰ ਮਿਲ ਕੇ ਬਹੁਤ ਸਕੂਨ ਮਹਿਸੂਸ ਕਰਦਾ ਹੈ। ਖੁੱਲ੍ਹੇ ਬੂਹੀਂ ਪ੍ਰਦੇਸ ਜਾਣ ਅਤੇ ਵਾਪਸ ਪਰਤਣ ਵਾਲੇ ਲੋਕ ਕਦੇ ਵੀ ਘਰ ਤੋਂ ਦੂਰ ਨਹੀਂ ਹੁੰਦੇ ਕਿਉਂਕਿ ਪ੍ਰਦੇਸ ਵਿੱਚ ਰਹਿੰਦਿਆਂ ਵੀ ਖੁੱਲ੍ਹੇ ਦਰਾਂ ਵਾਲਾ ਘਰ ਉਨ੍ਹਾਂ ਦੇ ਅੰਦਰ ਵੱਸਦਾ ਹੈ।
ਵਾਸਤਾ ਈ! ਘਰ ਨੂੰ ਕਦੇ ਵੀ ਉਦਾਸ ਨਾ ਹੋਣ ਦਿਓ ਕਿਉਂਕਿ ਘਰ ਨੂੰ ਲੱਗਾ ਹੋਇਆ ਝੋਰਾ ਹੀ ਘਰ ਨੂੰ ਅੰਦਰੋਂ ਅੰਦਰੀਂ ਖਾ ਜਾਂਦਾ ਹੈ। ਘਰ ਪਹਿਲ ਮਕਾਨ ਬਣਦਾ ਹੈ ਅਤੇ ਫਿਰ ਹੌਲੀ ਹੌਲੀ ਬੇਅਬਾਦ ਜੂਹ ਦਾ ਤਿੜਕਿਆ ਬਿੰਬ ਬਣ ਕੇ, ਘਰਵਾਲਿਆਂ ਦੇ ਨਾਮ ਤੋਂ ਵੀ ਮੁਨਕਰ ਹੋ ਜਾਂਦਾ ਹੈ।
ਜੇ ਉਦਾਸੀ ’ਤੇ ਨਿਕਲਣ ਦਾ ਬਹੁਤਾ ਹੀ ਚਿੱਤ ਕਰੇ ਤਾਂ ਬਾਬੇ ਨਾਨਕ ਵਰਗੀ ਕਿਸੇ ਲੰਮੀ ਉਦਾਸੀ ’ਤੇ ਨਿਕਲਣਾ, ਤੁਹਾਡੇ ਲਈ ਉਦਾਸੀ ਦੇ ਅਰਥ ਬਦਲ ਜਾਣਗੇ। ਉਦਾਸ ਫਿਜ਼ਾ ਵਿੱਚ ਹਾਸਿਆਂ ਦੇ ਹੋਕਰੇ ਲਾਉਣ, ਕੁਮਲਾਈ ਸੋਚ ਵਿੱਚ ਬਹਾਰਾਂ ਦੇ ਸੁਪਨੇ ਉਗਾਉਣ ਅਤੇ ਬੁੱਝੇ ਹੋਏ ਦੀਦਿਆਂ ਵਿੱਚ ਚਮਕ ਪੈਦਾ ਕਰਨ ਅਤੇ ਹਟਕੋਰੇ ਭਰਦੇ ਚਿਰਾਗਾਂ ਨੂੂੰ ਆਲਿਆਂ ਵਿੱਚ ਡੰਗਣ ਵਾਲੇ ਲੋਕ ਸੁਰਖ ਪਲਾਂ ਦੀ ਨਿਸ਼ਾਨਦੇਹੀ ਹੁੰਦੇ ਹਨ ਜੋ ਸੰਧੂਰੀ ਵਕਤਾਂ ਦਾ ਮਾਣ ਬਣਦੇ ਹਨ। ਤੁਸੀਂ ਵੀ ਤਾਂ ਅਜਿਹਾ ਮਾਣ ਬਣ ਸਕਦੇ। ਫਿਰ ਐਂਵੇਂ ਕਾਹਤੋਂ ਉਦਾਸੀ ਵਿੱਚ ਝੂਰਦੇ ਹੋ।

