ਪੜ੍ਹਦਿਆਂ-ਸੁਣਦਿਆਂ

ਸੰਤਾਪੇ ਦੌਰ ਦਾ ਦਸਤਾਵੇਜ਼ੀ ਇਤਿਹਾਸ...

ਸੰਤਾਪੇ ਦੌਰ ਦਾ ਦਸਤਾਵੇਜ਼ੀ ਇਤਿਹਾਸ...

ਸੁਰਿੰਦਰ ਸਿੰਘ ਤੇਜ

 ਸੰਤਾਪਾਂ ਨਾਲ ਪੰਜਾਬ ਦਾ ਵਾਸਤਾ ਦਰਜਨਾਂ ਸਦੀਆਂ ਪੁਰਾਣਾ ਹੈ। ਇਸ ਰੁਝਾਨ ਤੋਂ ਪਿਛਲੀ ਸਦੀ ਵੀ ਮੁਕਤ ਨਹੀਂ ਰਹੀ। ਇਸ ਸਦੀ ਦੌਰਾਨ ਪਹਿਲਾਂ ਸੰਤਾਲੀ ਵਾਲੀ ਵੰਡ ਨੇ ਪੰਜਾਬ ਉੱਤੇ ਕਹਿਰ ਢਾਹਿਆ ਅਤੇ ਫਿਰ 1978 ਤੋਂ 1993 ਤਕ ਖਾੜਕੂਵਾਦ ਵਾਲਾ ਦੌਰ ਸਾਡੇ ਸੂਬੇ ਲਈ ਕਹਿਰਵਾਨ ਸਾਬਤ ਹੋਇਆ। ਇਸ ਡੇਢ ਦਹਾਕੇ ਦੌਰਾਨ ਹਿੰਸਾ ਤੇ ਖ਼ੂਨ-ਖਰਾਬਾ ਰਾਜਸੀ, ਧਾਰਮਿਕ ਤੇ ਸਮਾਜਿਕ ਹਥਿਆਰਾਂ ਦੀ ਸ਼ਕਲ ’ਚ ਪੰਜਾਬ ਦੀ ਹੋਣੀ ਦਾ ਹਿੱਸਾ ਬਣੇ ਰਹੇ। ਬੜਾ ਖ਼ੂਨੀ ਸੀ ਇਹ ਦੌਰ। ਜੁੱਗਗ਼ਰਦੀ, ਬੁਰਛਾਗ਼ਰਦੀ ਤੇ ਦਹਿਸ਼ਤਗਰਦੀ ਦੇ ਗ਼ੈਰ-ਸਰਕਾਰੀ ਤੇ ਸਰਕਾਰੀ ਰੂਪ, ਪੰਜਾਬੀਆਂ ਦੇ ਸਬਰ ਤੇ ਸੰਜਮ ਦੀ ਲਗਾਤਾਰ ਪ੍ਰੀਖਿਆ ਲੈਂਦੇ ਰਹੇ। ਮਾਸੂਮ ਬੰਦੇ ਬੱਸਾਂ ਤੇ ਰੇਲਾਂ ਦੇ ਅੰਦਰ ਵੀ ਮਾਰੇ ਗਏ ਅਤੇ ਅੰਦਰੋਂ ਧੂਹ ਕੇ ਬਾਹਰ ਵੀ। ਸਰਕਾਰੀ ਵਹਿਸ਼ਤ ਦੋ ਘੱਲੂਘਾਰਿਆਂ (ਸਾਕਾ ਨੀਲਾ ਤਾਰਾ ਤੇ ਨਵੰਬਰ ’84 ਦੇ ਸਿੱਖ ਕਤਲੇਆਮ) ਅਤੇ ਜਾਅਲੀ ਪੁਲੀਸ ਮੁਕਾਬਲਿਆਂ ਦੀ ਸ਼ਕਲ ਵਿਚ ਸਾਡੇ ਸਾਹਮਣੇ ਬਿਫ਼ਰਦੀ ਰਹੀ। ਇਹ ਕਾਲਾ ਦੌਰ ਤਾਂ ਗੁਜ਼ਰ ਗਿਆ, ਪਰ ਇਸ ਦੇ ਜ਼ਖ਼ਮਾਂ ਦੇ ਨਿਸ਼ਾਨ ਅੱਜ ਵੀ ਅਮਿੱਟ ਹਨ। ਅਜਿਹੇ ਜ਼ਖ਼ਮਾਂ ਦੀ ਟੀਸ ਅਤੇ ਇਸ ਟੀਸ ਤੋਂ ਉਪਜੀ ਬਦਲੇ ਦੀ ਭਾਵਨਾ ਛੇਤੀ ਮਿਟਣ ਵਾਲੀ ਨਹੀਂ ਹੁੰਦੀ। ਲਿਹਾਜ਼ਾ, ਹਿੰਸਕ ਦੌਰ ਦੀ ਵਾਪਸੀ ਵਾਲਾ ਖ਼ੌਫ਼ ਪੰਜਾਬੀ ਮਨਾਂ ਵਿਚੋਂ ਗਾਇਬ ਨਹੀਂ ਹੋਇਆ। ਰਾਜਸੀ ਤੇ ਪ੍ਰਸ਼ਾਸਨਿਕ ਤੰਤਰ ਨੇ ਵੀ ਇਸ ਖ਼ੌਫ਼ ਜਾਂ ਇਸ ਵਿਚੋਂ ਉਪਜਦੀਆਂ ਰੋਹ ਦੀਆਂ ਕਰੂੰਬਲਾਂ ਨੂੰ ਆਪਣੇ ਸੌੜੇ ਸੁਆਰਥਾਂ ਤੇ ਹਿੱਤਾਂ ਦੀ ਪੂਰਤੀ ਲਈ ਜਿਉਂਦਾ ਰੱਖਿਆ ਹੋਇਆ ਹੈ। ਅਜ਼ਾਬ ਸਦੀਆਂ ਪਹਿਲਾਂ ਵੀ ਪੰਜਾਬ ਦੀ ਤਕਦੀਰ ਸੀ, ਅੱਜ ਵੀ ਹੈ।

ਅਜਿਹੇ ਸਮਕਾਲੀਨ ਇਤਿਹਾਸ ਨੂੰ ਯਥਾਰਥਕ ਤੇ ਨਿਰਲਿਪਤ ਰੂਪ ਵਿਚ ਸਹੇਜਣਾ ਅਤੇ ਪੇਸ਼ ਕਰਨਾ ਬੜਾ ਔਖਾ ਕੰਮ ਹੈ, ਖ਼ਾਸ ਤੌਰ ’ਤੇ ਉਨ੍ਹਾਂ ਕਲਮਕਾਰਾਂ ਲਈ ਜਿਹੜੇ ਘਟਨਾਕ੍ਰਮ ਵਾਲੇ ਖਿੱਤੇ ਦੇ ਵਸਨੀਕ ਹੋਣ। ਜਜ਼ਬਾਤ ਅਤੇ ਨਿੱਜੀ ਪਸੰਦਗੀ-ਨਾਪਸੰਦਗੀ, ਸਾਡੀ ਸੋਚ ਤੇ ਲੇਖਣੀ ਉੱਤੇ ਅਸਿੱਧੇ ਰੂਪ ਵਿਚ ਅਸਰ ਜ਼ਰੂਰ ਪਾਉਂਦੇ ਹਨ। ਇਸੇ ਲਈ ਇਤਿਹਾਸਕਾਰੀ ਦੇ ਮਿਆਰਾਂ ਤੋਂ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਜੋ ਵਿਚਾਰ, ਵਿਆਖਿਆਵਾਂ ਤੇ ਵੇਰਵੇ ਦਰਜ ਕੀਤੇ ਜਾਣ, ਉਹ ਸਬੂਤਾਂ ਤੇ ਦ੍ਰਿਸ਼ਟਾਂਤਾਂ ਦੀ ਬੁਨਿਆਦ ਉੱਤੇ ਟਿਕੇ ਹੋਣ। ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨੇ ਆਪਣੀ ਨਵੀਂ ਪੁਸਤਕ ‘ਰਿਵਰਜ਼ ਔਨ ਫਾਇਰ: ਖਾਲਿਸਤਾਨ ਸਟ੍ਰਗਲ’ (ਆਕਾਰ ਬੁੱਕਸ; 376 ਪੰਨੇ; 1495 ਰੁਪਏ) ਵਿਚ ਇਹ ਜੁਗਤ ਅਪਣਾਈ ਹੈ। ਖ਼ਾਲਿਸਤਾਨੀ ਲਹਿਰ ਨਾਲ ਜੁੜੇ ਮੁੱਦਿਆਂ ਬਾਰੇ ਇਹ ਉਨ੍ਹਾਂ ਦੀ ਦੂਜੀ ਕਿਤਾਬ ਹੈ; ਪਹਿਲੀ ਕਿਤਾਬ ‘ਖਾਲਿਸਤਾਨ ਸਟ੍ਰਗਲ: ਏ ਨੌਨ-ਮੂਵਮੈਂਟ’ ਨਾਲੋਂ ਵੱਧ ਵਿਆਪਕ, ਵੱਧ ਵਿਸ਼ਲੇਸ਼ਣਾਤਮਿਕ, ਅਕਾਦਮਿਕ ਦ੍ਰਿਸ਼ਟੀ ਤੋਂ ਵੱਧ ਪੁਖਤਾ। ਮੁਖਬੰਦ ਵਿਚ ਉੱਘੇ ਵਿਚਾਰਵਾਨ ਡਾ. ਪ੍ਰਮੋਦ ਕੁਮਾਰ ਲਿਖਦੇ ਹਨ ਕਿ ਇਹ ‘‘ਸਬੂਤਾਂ ਉੱਤੇ ਆਧਾਰਿਤ ਬਿਹਤਰੀਨ ਕਿਤਾਬ ਹੈ। ... (ਲੇਖਕ ਨੇ) ਇਸ ਵਿਚ ਸਮੁੱਚੀ ਘਟਨਾਵਲੀ ਦੇ ਸਾਰੇ ਵੇਰਵੇ ਬਾਰੀਕੀ ਨਾਲ ਦਰਜ ਕੀਤੇ ਹਨ।’’ ਕਿਤਾਬ ਇਸ ਤਾਰੀਫ਼ ਅੰਦਰ ਨਿਹਿਤ ਪੈਮਾਨਿਆਂ ਉੱਤੇ ਖਰੀ ਉਤਰਦੀ ਹੈ।

ਕਿਤਾਬ ਦੇ 13 ਅਧਿਆਏ ਹਨ। ਪੰਜਾਬ ਦੇ ਵਿਸਫੋਟਕ ਦਿਨਾਂ ਤੋਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ (ਵੱਖ-ਵੱਖ) ਭੂਮਿਕਾਵਾਂ ਤਕ ਦਾ ਬਿਰਤਾਂਤ ਇਨ੍ਹਾਂ 13 ਅੰਕਾਂ ਵਿਚ ਸੰਮਲਿਤ ਹੈ। ਇਕ ਤਾਣੇ ਵਿਚ ਬੱਝੇ ਹੋਣ ਦੇ ਬਾਵਜੂਦ ਸਾਰੇ ਅਧਿਆਇ ਆਜ਼ਾਦ ਨਿਬੰਧਾਂ ਵਾਂਗ ਵੀ ਹਨ। ਇਹ ਤਕਨੀਕ, ਕਿਤਾਬ ਨੂੰ ਪਾਠਕ ਲਈ ਵੱਧ ਪੜ੍ਹਨਯੋਗ ਬਣਾਉਂਦੀ ਹੈ।

ਲੇਖਕ ਕਿਉਂਕਿ ਬਹੁਤ ਸਾਰੀਆਂ ਘਟਨਾਵਾਂ ਦਾ ਚਸ਼ਮਦੀਦ ਰਿਹਾ, ਇਸ ਕਰਕੇ ਹਰ ਅਧਿਆਇ ਨਵੇਂ-ਨਿਵੇਕਲੇ ਵੇਰਵਿਆਂ ਨਾਲ ਲੈਸ ਹੈ। ਅਜਿਹੇ ਨਿਵੇਕਲੇ ਵੇਰਵਿਆਂ ਵਿਚ ਨਾਗੋਕੇ ਅਖਾੜੇ ਦੀ ਭੂਮਿਕਾ, ਸਾਕਾ ਨੀਲਾ ਤਾਰਾ ਨੂੰ ਟਾਲਣ ਤੇ ਵਾਪਰਨ ਨਾਲ ਜੁੜੇ ਸਿੱਧੇ-ਅਸਿੱਧੇ ਯਤਨਾਂ ਦੀ ਤਫ਼ਸੀਲ, ਸੰਤ ਭਿੰਡਰਾਂਵਾਲਾ ਤੇ ਬੱਬਰ ਖਾਲਸਾ ਦਰਮਿਆਨ ਕਸ਼ੀਦਗੀ ਦੇ ਵਜੂਹਾਤ, ਖਾੜਕੂ ਆਗੂਆਂ ਦਰਮਿਆਨ ਮਾਅਰਕੇਬਾਜ਼ੀ ਦੀ ਹੋੜ, ਡਾ. ਸੋਹਣ ਸਿੰਘ ਦੀ ਗ੍ਰਿਫ਼ਤਾਰੀ ਦੀ ਘਟਨਾਵਲੀ ਆਦਿ ਪੱਖ ਸ਼ਾਮਲ ਹਨ। ਕਿਤੇ ਕਿਤੇ ਬੁਝਾਰਤੀ ਫ਼ਿਕਰੇ ਵੀ ਮੌਜੂਦ ਹਨ ਜਿਵੇਂਕਿ 1992 ਦੀਆਂ ਵਿਧਾਨ ਸਭਾ ਚੋਣਾਂ ਦੇ ਅਕਾਲੀ ਦਲ ਵੱਲੋਂ ਬਾਈਕਾਟ ਵਿਚ ਕੇ.ਪੀ.ਐੱਸ. ਗਿੱਲ ਵੱਲੋਂ ਨਿਭਾਈ ਭੂਮਿਕਾ ਦਾ ਸੰਕੇਤ (ਪੰਨਾ 355)। ਅਜਿਹੀਆਂ ਚਾਲਾਂ-ਕੁਚਾਲਾਂ ਬਾਰੇ ਹੋਰ ਜਾਣਕਾਰੀ ਦੀ ਅਣਹੋਂਦ ਪਾਠਕ ਲਈ ਬੇਸੁਆਦਗੀ ਵੀ ਪੈਦਾ ਕਰਦੀ ਹੈ।

ਕਿਤਾਬ, ਪੰਜਾਬ ਅੰਦਰਲੇ ਖਾੜਕੂਵਾਦ ਵਿਚ ਪਾਕਿਸਤਾਨ ਦੀ ਭੂਮਿਕਾ ਦੀ ਅਹਿਮ ਤਫ਼ਸੀਲ ਪੇਸ਼ ਕਰਦੀ ਹੈ। ਇਹ ਤਫ਼ਸੀਲ ਸਰਕਾਰੀ ਪ੍ਰੈੱਸ ਨੋਟਾਂ ਜਾਂ ਪੁਲੀਸ ਦੇ ਦਾਅਵਿਆਂ ਦੀ ਥਾਂ ਉਸ ਮੁਲਕ ਵਿਚ ਕਿਆਮ ਕਰਨ ਜਾਂ ਉੱਥੋਂ ਦੀਆਂ ਏਜੰਸੀਆਂ ਨਾਲ ਸਿੱਧਾ ਰਾਬਤਾ ਰੱਖਣ ਵਾਲਿਆਂ ਨਾਲ ਵਾਰਤਾਲਾਪ ਅਤੇ ਇਸ ਵਾਰਤਾਲਾਪ ਅੰਦਰਲੇ ਦਾਅਵਿਆਂ ਦੀ ਆਜ਼ਾਦਾਨਾ ਤਸਦੀਕ ਉੱਤੇ ਆਧਾਿਰਤ ਹੈ। ਹਾਲਾਂਕਿ ਲੇਖਕ ਦੀ ਲਿਖਣ ਸ਼ੈਲੀ ਉੱਤੇ ਅਖ਼ਬਾਰੀ ਨਾਮਾਨਿਗਾਰੀ ਹਾਵੀ ਹੈ ਅਤੇ ਇਤਿਹਾਸਕਾਰੀ ਵਾਲਾ ਜ਼ਾਇਕਾ ਬਹੁਤਾ ਪ੍ਰਤੱਖ ਨਹੀਂ, ਫਿਰ ਵੀ ਇਹ ਸਮਕਾਲੀਨ ਇਤਿਹਾਸ ਨੂੰ ਸਹੇਜਣ ਤੇ ਸਾਂਭਣ ਦਾ ਸਚੇਤ ਤੇ ਨਿਗਰ ਉੱਦਮ ਹੈ। ਭਵਿੱਖ ਦੇ ਇਤਿਹਾਸਕਾਰਾਂ ਨੂੰ ਸਹੀ ਸੇਧ ਅਤੇ ਸਹੀ ਆਧਾਰ ਪ੍ਰਦਾਨ ਕਰਨ ਵਾਲਾ ਹੈ ਇਹ ਉੱਦਮ।

* * *

ਬਹੁਆਯਾਮੀ ਵਿਦਵਾਨ ਸਨ ਡਾ. ਹਰਿਭਜਨ ਸਿੰਘ। ਉਨ੍ਹਾਂ ਨੇ ਪੰਜਾਬੀ ਸਾਹਿਤ ਤੇ ਸਿੱਖਿਆ ਨੂੰ ਅਮੀਰੀ ਬਖ਼ਸ਼ੀ ਹੀ, ਭਾਰਤੀ ਭਾਸ਼ਾਈ ਦਾਇਰੇ ਵਿਚ ਪੰਜਾਬੀ ਨੂੰ ਮਾਣ-ਸਨਮਾਨ ਵਾਲਾ ਰੁਤਬਾ ਦਿਵਾਉਣ ਵਿਚ ਵੀ ਭਰਵਾਂ ਯੋਗਦਾਨ ਪਾਇਆ। ਚੰਦ ਦਿਨ ਪਹਿਲਾਂ ਵਿਵਿਧ ਭਾਰਤੀ ਤੋਂ ਪੁਨਰ-ਪ੍ਰਸਾਰਿਤ ਇਕ ਪੁਰਾਣੇ ਇੰਟਰਵਿਊ ’ਚ ਨਾਮਵਰ ਉਰਦੂ ਸ਼ਾਇਰ ਤੇ ਦਾਨਿਸ਼ਵਰ ਸ਼ਹਰਯਾਰ ਨੇ ਭਾਰਤੀ ਵਿਦਵਾਨਾਂ ਦੀ ਬੁੱਧੀਮਾਨੀ ਦੀ ਗੱਲ ਕਰਦਿਆਂ ਡਾ. ਹਰਿਭਜਨ ਦਾ ਜ਼ਿਕਰ ਕੀਤਾ। ਨਾਲ ਹੀ ਉਨ੍ਹਾਂ ਕਿਹਾ ਕਿ ਡਾ. ਹਰਿਭਜਨ ਨੂੰ ਮਿਲਣ ਮਗਰੋਂ ‘‘ਮੇਰੇ ਅੰਦਰ ਵੀ ਬਹੁਵਿਧਾਈ ਲੇਖਕ ਬਣਨ ਦੀ ਇੱਛਾ ਜਾਗੀ।’’

ਇਸੇ ਬਹੁਮੁਖੀ ਵਿਦਵਤਾ ਦਾ ਜ਼ਿਕਰ ਜਗਤਾਰਜੀਤ ਸਿੰਘ ਹੁਰਾਂ ਨੇ ਆਪਣੀ ਨਵੀਂ ਕਿਤਾਬ ‘ਅਲਵਿਦਾ ਤੋਂ ਬਾਅਦ’ (ਰਵੀ ਸਾਹਿਤ ਪ੍ਰਕਾਸ਼ਨ; 280 ਪੰਨੇ; 400 ਰੁਪਏ) ਦੀ ਭੂਮਿਕਾ ਵਿਚ ਇਨ੍ਹਾਂ ਸ਼ਬਦਾਂ ਨਾਲ ਕੀਤਾ ਹੈ, ‘‘... ਸਾਡੇ ਵਿਦਵਾਨ ਇਕ ਖੇਤਰ ਦੇ ਹੀ ਵਿਦਵਾਨ ਹੁੰਦੇ, ਹੋਰ ਉਨ੍ਹਾਂ ਲਈ ਵਿਵਰਜਤ ਰਹਿੰਦੇ ਹਨ। ਪਰ ਡਾ. ਹਰਿਭਜਨ ਸਿੰਘ ਇਸ ਦਾ ਅਪਵਾਦ ਰਹੇ। ... ਉਨ੍ਹਾਂ ਨੇ ਲਿਖਦੇ ਤੇ ਬੋਲਦੇ ਸਮੇਂ ‘ਸ਼ਬਦ’ ਦੀ ਪਵਿੱਤਰਤਾ ਨੂੰ ਕਾਇਮ ਰੱਖਿਆ। ਇਹ ਗੁਣ ਪੰਜਾਬੀ ਵਿਚ ਅਤਿ ਵਿਰਲਾ ਹੈ।’’

‘ਅਲਵਿਦਾ ਤੋਂ ਬਾਅਦ’ ਦੋ ਆਯਾਮੀ ਕਿਤਾਬ ਹੈ। ਇਹ ਇਕ ਪਾਸੇ ਡਾ. ਹਰਿਭਜਨ ਦੀਆਂ ਅਣਛਪੀਆਂ ਕਵਿਤਾਵਾਂ ਤੇ ਲੇਖਾਂ ਦਾ ਸੰਕਲਨ ਹੈ, ਦੂਜੇ ਪਾਸੇ ਉਨ੍ਹਾਂ ਨਾਲ ਲੰਮੀ ਵਾਰਤਾਲਾਪ ਦੇ ਅੰਸ਼ ਅਤੇ ਯਾਦਾਂ ਤੇ ਯਾਦਗਾਰੀ ਪਲਾਂ ਦੇ ਬਿਰਤਾਂਤ ਵੀ ਪੇਸ਼ ਕਰਦੀ ਹੈ। ਕੁਝ ਬਿਰਤਾਂਤ ਬਹੁਤ ਮਾਰਮਿਕ ਹਨ, ਖਾਸ ਕਰਕੇ ‘ਇਕ ਦਿਨ ਪਹਿਲਾਂ’। ਜ਼ਾਹਰਾ ਤੌਰ ’ਤੇ ਡਾ. ਹਰਿਭਜਨ ਨੂੰ ਸੱਚੀ-ਸੁੱਚੀ ਅਕੀਦਤ ਹੈ ਇਹ ਕਿਤਾਬ।

* * *

ਭਾਰਤੀ ਸੰਗੀਤ ਦੇ ਰਸਿਕ ਯਤੀਂਦ੍ਰ ਮਿਸ਼ਰ ਦੀ ਕਿਤਾਬ ‘ਸੁਰ ਦੀ ਬਾਰਾਦਰੀ’ ਆਕਾਰ ਪੱਖੋਂ ਬਹੁਤ ਛੋਟੀ ਜਹੀ ਹੈ, ਪਰ ਉਸਤਾਦ ਸ਼ਹਿਨਾਈਨਵਾਜ਼ ਬਿਸਮਿੱਲਾ ਖ਼ਾਨ ਦੀ ਸੰਗੀਤਕ ਜੀਵਨੀ ਨੂੰ ਖ਼ੂਬਸੂਰਤ ਅੰਦਾਜ਼ ਵਿਚ ਪੇਸ਼ ਕਰਦੀ ਹੈ। ਇਸ ਕਿਤਾਬ ਅਨੁਸਾਰ 1950ਵਿਆਂ ਵਿਚ ਬਿਸਮਿੱਲਾ ਖ਼ਾਨ ਨੂੰ ਜਦੋਂ ਵੀ ਆਕਾਸ਼ਵਾਣੀ ’ਚ ਬੁਲਾਇਆ ਜਾਂਦਾ ਤਾਂ ਹਮੇਸ਼ਾ ਰਾਗ ਬਿਹਾਗ ਵਜਾਉਣ ਲਈ ਕਿਹਾ ਜਾਂਦਾ। ਪੰਜ ਵਾਰ ਅਜਿਹਾ ਕਰਨ ’ਤੇ ਖ਼ਾਨ ਸਾਹਿਬ ਨੂੰ ਬਿਹਾਗ ਤੋਂ ਚਿੜ੍ਹ ਹੋਣ ਲੱਗੀ। ਛੇਵੀਂ ਵਾਰ ਜਦੋਂ ਲਖਨਊ ਸਟੇਸ਼ਨ ’ਤੇ ਪਹੁੰਚੇ ਤਾਂ ਬਿਹਾਗ ਵਾਲਾ ਹੁਕਮ ਆਉਂਦਿਆਂ ਹੀ ਉਨ੍ਹਾਂ ਨੇ ਸਟੇਸ਼ਨ ਡਾਇਰੈਕਟਰ ਨੂੰ ਕਿਹਾ: ‘‘ਮੂਡ ਬਣਾਉਣ ਲਈ ਪਹਿਲਾਂ ਚਾਹ ਮੰਗਵਾਓ। ਨਾਲ ਅਮਰਤੀ ਜ਼ਰੂਰ ਹੋਵੇ।’’ ਕੁਝ ਮਿੰਟਾਂ ਬਾਅਦ ਚਾਹ ਆ ਗਈ। ਨਾਲ ਅਮਰਤੀ ਨਹੀਂ, ਬਰਫ਼ੀ ਆਈ। ਖ਼ਾਨ ਸਾਹਿਬ ਨੇ ਪੁੱਛਿਆ, ‘‘ਅਮਰਤੀ ਕਿੱਥੇ?’’ ਜਵਾਬ ਮਿਲਿਆ, ‘‘ਉਹ ਮਿਲੀ ਨਹੀਂ, ਅੱਜ ਬਰਫ਼ੀ ਨਾਲ ਕੰਮ ਚਲਾ ਲਓ।’’ ਖ਼ਾਨ ਸਾਹਿਬ ਦਾ ਜਵਾਬ ਸੀ, ‘‘ਬਿਹਾਗ, ਅਮਰਤੀ ਦੇ ਨਾਲ ਉਤਰਦਾ ਹੈ। ਬਰਫ਼ੀ ਨਾਲ ਤਾਂ (ਰਾਗ) ਭੀਮਪਲਾਸੀ ਹੀ ਉਤਰੇਗਾ। ਇਸ ਵਾਰ ਉਹਦੇ ਨਾਲ ਹੀ ਕੰਮ ਚਲਾਓ।’’ ਇਹ ਤੀਰ ਐਨ ਨਿਸ਼ਾਨੇ ’ਤੇ ਲੱਗਾ। ਇਸ ਤੋਂ ਬਾਅਦ ਖ਼ਾਨ ਸਾਹਿਬ ਨੂੰ ਇਹ ਹੁਕਮ ਕਦੇ ਨਹੀਂ ਹੋਇਆ ਕਿ ਫਲਾਣਾ ਰਾਗ ਵਜਾਓ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਮੁੱਖ ਖ਼ਬਰਾਂ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

28 ਥਾਵਾਂ ’ਤੇ ਮੋਰਚੇ 15 ਦਿਨਾਂ ਲਈ ਮੁਲਤਵੀ; ਅੰਮ੍ਰਿਤਸਰ ਰੇਲ ਮਾਰਗ ’ਤ...

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਅਸ਼ਵਨੀ ਸ਼ਰਮਾ ਤੇ ਸਾਂਪਲਾ ਸਮੇਤ ਦਰਜਨਾਂ ਭਾਜਪਾ ਆਗੂ ਹਿਰਾਸਤ ’ਚ ਲਏ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਪੁਲੀਸ ਵੱਲੋਂ ਖ਼ੁਦਕੁਸ਼ੀ ਨੋਟ ਬਰਾਮਦ; ਕਰਜ਼ੇ ਤੇ ਕੰਮ ਨਾ ਚੱਲਣ ਕਾਰਨ ਰਹ...

ਸ਼ਹਿਰ

View All