ਦਿਲਜੀਤ ਦੋਸਾਂਝ ਨੇ ਜਿਮੀ ਫੈਲਨ ਨੂੰ ਭੰਗੜਾ ਸਿਖਾਇਆ
ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਅਮਰੀਕੀ ਕਲਾਕਾਰ ਜਿਮੀ ਫੈਲਨ ਦੇ ‘ਦਿ ਟੂਨਾਈਟ ਸ਼ੋਅ’ ਦੌਰਾਨ ਦਿੱਤੀ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਇਸ ਦੌਰਾਨ ਦਿਲਜੀਤ ਨੇ ਆਪਣੇ ਨਵੇਂ ਗੀਤ ‘ਮੋਰਨੀ’ ਉੱਤੇ ਨੱਚ ਕੇ ਦਿਖਾਇਆ। ਉਹ ਸਾਲ 2024 ਵਿੱਚ ਵੀ...
ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਅਮਰੀਕੀ ਕਲਾਕਾਰ ਜਿਮੀ ਫੈਲਨ ਦੇ ‘ਦਿ ਟੂਨਾਈਟ ਸ਼ੋਅ’ ਦੌਰਾਨ ਦਿੱਤੀ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਇਸ ਦੌਰਾਨ ਦਿਲਜੀਤ ਨੇ ਆਪਣੇ ਨਵੇਂ ਗੀਤ ‘ਮੋਰਨੀ’ ਉੱਤੇ ਨੱਚ ਕੇ ਦਿਖਾਇਆ। ਉਹ ਸਾਲ 2024 ਵਿੱਚ ਵੀ ਇਸ ਸ਼ੋਅ ਵਿੱਚ ਆਇਆ ਸੀ। ਦਿਲਜੀਤ ਨੇ ਇੰਸਟਾਗ੍ਰਾਮ ’ਤੇ ਵੀਡੀਓ ਸਾਂਝਾ ਕੀਤਾ ਹੈ। ਇਸ ਦੌਰਾਨ ਦਰਵਾਜ਼ਾ ਖੋਲ੍ਹਦਿਆਂ ਉਹ ਆਖਦਾ ਹੈ, ‘‘ਕਯਾ ਲਗਤਾ ਥਾ ਨਹੀਂ ਲੌਟੇਂਗੇ। ਕਹਾ ਥਾ ਨਾ ਕੇ ਏਕ ਬਾਰ ਪੰਜਾਬੀ ਆ ਜਾਏਂ ਤੋਂ ਛੇਤੀ ਨਹੀਂ ਜਾਤੇ... ਜਿਮੀ ਫਾਲਨ ਆ ਗਏ ਓਏ।’’ ਇਸ ਵੀਡੀਓ ਦੇ ਪਿੱਛੇ ਦਿਲਜੀਤ ਦਾ ਨਵਾਂ ਗੀਤ ਮੋਰਨੀ ਚੱਲ ਰਿਹਾ ਹੈ। ਦਿਲਜੀਤ ਨੇ ਇੰਸਟਾਗ੍ਰਾਮ ਸਟੋਰੀ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਉਸ ਨੇ ਜਿਮੀ ਵੱਲੋਂ ਉਸ ਲਈ ਲਿਖਿਆ ਨੋਟ ਸਾਂਝਾ ਕੀਤਾ ਹੈ। ਇਸ ਵਿੱਚ ਜਿਮੀ ਨੇ ਸ਼ੋਅ ਵਿੱਚ ਦੁਬਾਰਾ ਆਉਣ ਲਈ ਦਿਲਜੀਤ ਦਾ ਧੰਨਵਾਦ ਕੀਤਾ ਹੈ। ਸ਼ੋਅ ਦੇ ਅਧਿਕਾਰਤ ਇੰਸਟਾਗ੍ਰਾਮ ਖਾਤੇ ’ਤੇ ਵੀ ਇਸ ਦਾ ਇੱਕ ਵੀਡੀਓ ਸਾਂਝਾ ਕੀਤਾ ਗਿਆ ਹੈ। ਇਸ ਵਿੱਚ ਦਿਲਜੀਤ ਸ਼ੋਅ ਦੇ ਮੇਜ਼ਬਾਨ ਜਿਮੀ ਨੂੰ ਭੰਗੜਾ ਸਿਖਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਦੌਰਾਨ ਦੋਵੇਂ ਕਲਾਕਾਰ ਨੱਚਦੇ ਹੋਏ ਦਿਖਾਈ ਦੇ ਰਹੇ ਹਨ। ਇਸ ਨਾਲ ਸੋਸ਼ਲ ਮੀਡੀਆ ’ਤੇ ਸ਼ੋਅ ਵਿੱਚ ਵਾਪਸੀ ਲਈ ਉਸ ਦੇ ਪ੍ਰਸ਼ੰਸਕਾਂ ਵਿੱਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਦੌਰਾਨ ਦਿਲਜੀਤ ਨੇ ਆਪਣੀ ਨਵੀਂ ਐਲਬਮ ਬਾਰੇ ਵੀ ਗੱਲਬਾਤ ਕੀਤੀ। ਦਿਲਜੀਤ ਜਲਦੀ ਹੀ ਇਮਤਿਆਜ਼ ਅਲੀ ਦੇ ਨਿਰਦੇਸ਼ਨ ਵਿੱਚ ਬਣਨ ਵਾਲੀ ਫਿਲਮ ‘ਮੈਂ ਵਾਪਸ ਆਊਂਗਾ’ ਵਿੱਚ ਨਜ਼ਰ ਆਵੇਗਾ। ਇਹ ਫਿਲਮ 12 ਜੂਨ ਨੂੰ ਰਿਲੀਜ਼ ਹੋਵੇਗੀ। ਇਹ ਫਿਲਮ 1947 ਦੀ ਵੰਡ ’ਤੇ ਆਧਾਰਿਤ ਹੈ। ਇਸ ਵਿੱਚ ਨਸੀਰੂਦੀਨ ਸ਼ਾਹ, ਸ਼ਰਵਰੀ ਵਾਘ ਅਤੇ ਵੇਦਾਂਗ ਰੈਨਾ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਸਾਲ 2024 ਦੀ ਫਿਲਮ ‘ਅਮਰ ਸਿੰਘ ਚਮਕੀਲਾ’ ਤੋਂ ਬਾਅਦ ਇਮਤਿਆਜ਼ ਅਲੀ ਨਾਲ ਦਿਲਜੀਤ ਦਾ ਇਹ ਦੂਜਾ ਪ੍ਰਾਜੈਕਟ ਹੈ।

