ਡਿਜੀਟਲ ਦੌਰ: ਇਕਲਾਪੇ ਕਾਰਨ ਘਰਾਂ ’ਚ ਅਜਬ ਖਾਮੋਸ਼ੀ
ਅਜੋਕਾ ਮਨੁੱਖ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਬੇਮਿਸਾਲ ਤਰੱਕੀ ਕਰ ਚੁੱਕਾ ਹੈ। ਉਹ ਚੰਨ ਤੱਕ ਪਹੁੰਚ ਗਿਆ ਹੈ, ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਏ ਆਈ) ਵਰਗੀਆਂ ਅਦਭੁੱਤ ਖੋਜਾਂ ਕਰ ਚੁੱਕਾ ਹੈ ਅਤੇ ਪੂਰੀ ਦੁਨੀਆ ਨੂੰ ਛੋਟੀ ਜਿਹੀ ਸਕਰੀਨ ’ਚ ਸਮੇਟ ਚੁੱਕਾ ਹੈ।...
ਅਜੋਕਾ ਮਨੁੱਖ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਬੇਮਿਸਾਲ ਤਰੱਕੀ ਕਰ ਚੁੱਕਾ ਹੈ। ਉਹ ਚੰਨ ਤੱਕ ਪਹੁੰਚ ਗਿਆ ਹੈ, ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਏ ਆਈ) ਵਰਗੀਆਂ ਅਦਭੁੱਤ ਖੋਜਾਂ ਕਰ ਚੁੱਕਾ ਹੈ ਅਤੇ ਪੂਰੀ ਦੁਨੀਆ ਨੂੰ ਛੋਟੀ ਜਿਹੀ ਸਕਰੀਨ ’ਚ ਸਮੇਟ ਚੁੱਕਾ ਹੈ। ਪਰ ਇਸ ਚਮਕਦਾਰ ਤਰੱਕੀ ਨੇ ਇੱਕ ਅਜਿਹੀ ਆਦਤ ਵੀ ਪੈਦਾ ਕਰ ਦਿੱਤੀ ਹੈ, ਜਿਸ ਨੂੰ ਅਸੀਂ ਅਕਸਰ ਅਣਦੇਖਿਆ ਕਰ ਦਿੰਦੇ ਹਾਂ। ਇਹ ਆਦਤ ਹੈ- ਮਨੁੱਖ ਦਾ ਡਿਜੀਟਲ ਗ਼ੁਲਾਮ ਹੋਣਾ। ਇਹ ਸਿਰਫ਼ ਆਦਤ ਨਹੀਂ, ਸਗੋਂ ਇੱਕ ਖਾਮੋਸ਼ ਮਹਾਮਾਰੀ ਵਜੋਂ ਉੱਭਰ ਰਹੀ ਹੈ, ਜੋ ਮਨੁੱਖ ਦੇ ਮਨ, ਸਰੀਰ ਅਤੇ ਰਿਸ਼ਤਿਆਂ ਨੂੰ ਨਿਗਲ ਰਹੀ ਹੈ। ਅੱਜ ਦੇ ਮਨੁੱਖ ਦੀ ਸਵੇਰ ਦੀ ਸ਼ੁਰੂਆਤ ਸੂਰਜ ਦੀ ਰੌਸ਼ਨੀ ਨਾਲ ਨਹੀਂ, ਸਗੋਂ ਮੋਬਾਈਲ ਦੀ ਸਕਰੀਨ ਨਾਲ ਹੁੰਦੀ ਹੈ। ਦਿਨ ਦਾ ਅੰਤ ਵੀ ਓਸੇ ਸਕਰੀਨ ਨਾਲ ਹੁੰਦਾ ਹੈ। ਮਨੁੱਖੀ ਜੀਵਨ ਦਾ ਹਰ ਪਲ ਹੁਣ ਡਿਜੀਟਲ ਜਗਤ ਨਾਲ ਜੁੜ ਗਿਆ ਹੈ।
ਇੱਕ ਸਮਾਂ ਸੀ ਜਦੋਂ ਲੋਕ ਘਰਾਂ ਦੇ ਵਿਹੜੇ ’ਚ ਬੈਠ ਕੇ ਗੱਲਾਂ ਕਰਦੇ ਤੇ ਹੱਸਦੇ ਹੁੰਦੇ ਸਨ ਅਤੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਂਦੇ ਸਨ। ਪਰ ਅੱਜ ਇੱਕ ਹੀ ਛੱਤ ਹੇਠਾਂ ਰਹਿੰਦੇ ਹੋਏ ਵੀ ਹਰ ਵਿਅਕਤੀ ਆਪੋ-ਆਪਣੇ ਮੋਬਾਈਲ ਨੂੰ ਚਿੰਬੜਿਆ ਹੋਇਆ ਹੈ। ਪਿਤਾ ਸੋਸ਼ਲ ਮੀਡੀਆ ’ਤੇ ਸਕਰੋਲ ਕਰ ਰਿਹਾ ਹੈ, ਬੱਚੇ ਆਨਲਾਈਨ ਗੇਮਾਂ ਵਿੱਚ ਰੁੱਝੇ ਹਨ ਅਤੇ ਮਾਂ ਵਟਸਐਪ ’ਤੇ ਮਗਨ ਹੈ। ਘਰ ਵਿੱਚ ਚੁੱਪ ਹੈ- ਪਰ ਇਹ ਅਜਬ ਖਾਮੋਸ਼ੀ ਸ਼ਾਂਤੀ ਦੀ ਨਹੀਂ, ਸਗੋਂ ਇਕਲਾਪੇ ਦੀ ਹੈ।
ਸੋਸ਼ਲ ਮੀਡੀਆ ਨੇ ਸਾਨੂੰ ਦੁਨੀਆ ਨਾਲ ਜੋੜਨ ਦਾ ਦਾਅਵਾ ਕੀਤਾ ਸੀ, ਪਰ ਅਸਲ ਵਿੱਚ ਇਸ ਨੇ ਸਾਨੂੰ ਆਪਣੇ ਹੀ ਲੋਕਾਂ ਤੋਂ ਦੂਰ ਕਰ ਦਿੱਤਾ ਹੈ। ਅਸੀਂ ਆਪਣੀ ਜ਼ਿੰਦਗੀ ਨੂੰ ਹੋਰਾਂ ਦੀ ਚਮਕਦਾਰ ਜ਼ਿੰਦਗੀ ਨਾਲ ਤੋਲਣ ਲੱਗ ਪਏ ਹਾਂ।
ਕਿਸੇ ਦੀਆਂ ਖੁਸ਼ੀਆਂ ਦੇ ਪਲ ਸਾਨੂੰ ਆਪਣੀ ਕਮੀ ਦਾ ਅਹਿਸਾਸ ਦਿਵਾਉਂਦੇ ਹਨ। ਅਸੀਂ ਇਹ ਨਹੀਂ ਸਮਝਦੇ ਕਿ ਹਰ ਤਸਵੀਰ ਅਤੇ ਵੀਡੀਓ ਪਿੱਛੇ ਇੱਕ ਅਧੂਰੀ ਹਕੀਕਤ ਲੁਕੀ ਹੁੰਦੀ ਹੈ। ਨਤੀਜੇ ਵਜੋਂ ਸਾਡੇ ਅੰਦਰ ਅਸੰਤੁਸ਼ਟੀ, ਹੀਣਤਾ ਅਤੇ ਚਿੰਤਾ ਵਧ ਰਹੀ ਹੈ। ਇਹ ਤੁਲਨਾ ਮਨੁੱਖ ਨੂੰ ਅੰਦਰੋਂ ਕਮਜ਼ੋਰ ਕਰ ਰਹੀ ਹੈ। ਨੌਜਵਾਨ ਪੀੜ੍ਹੀ ਇਸ ਡਿਜੀਟਲ ਐਡਿਕਸ਼ਨ ਦਾ ਸਭ ਤੋਂ ਵੱਡਾ ਸ਼ਿਕਾਰ ਬਣ ਰਹੀ ਹੈ। ਉਨ੍ਹਾਂ ਦੇ ਸੁਪਨੇ ਹੁਣ ਸਕਰੀਨਾਂ ਵਿੱਚ ਕੈਦ ਹੋ ਰਹੇ ਹਨ। ਖੇਡ ਮੈਦਾਨ ਸੁੰਨੇ ਹੋ ਰਹੇ ਹਨ, ਕਿਤਾਬਾਂ ਪੜ੍ਹਨ ਦੀ ਆਦਤ ਘਟ ਰਹੀ ਹੈ ਅਤੇ ਅੱਖਾਂ ਹਮੇਸ਼ਾ ਸਕਰੀਨ ਦੀ ਚਮਕ ਨਾਲ ਥੱਕੀਆਂ ਰਹਿੰਦੀਆਂ ਹਨ। ਸਿਰਫ਼ ਸਰੀਰਕ ਸਿਹਤ ਹੀ ਨਹੀਂ, ਸਗੋਂ ਮਾਨਸਿਕ ਸਿਹਤ ਵੀ ਪ੍ਰਭਾਵਿਤ ਹੋ ਰਹੀ ਹੈ।
ਡਿਪਰੈਸ਼ਨ ਅਤੇ ਨੀਂਦ ਦੀ ਸਮੱਸਿਆ ਆਮ ਹੋ ਗਈ ਹੈ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਇਹ ਦਰਦ ਅਕਸਰ ਅਣਕਿਹਾ ਰਹਿ ਜਾਂਦਾ ਹੈ ਕਿਉਂਕਿ ਹਰ ਕੋਈ ਆਪੋ-ਆਪਣੇ ਡਿਜੀਟਲ ਸੰਸਾਰ ਵਿੱਚ ਗੁਆਚਿਆ ਹੋਇਆ ਹੈ। ਡਿਜੀਟਲ ਮੀਡੀਆ ਨੇ ਰਿਸ਼ਤਿਆਂ ਦੀ ਪਰਿਭਾਸ਼ਾ ਵੀ ਬਦਲ ਦਿੱਤੀ ਹੈ। ਅੱਜ ਦੋਸਤੀ ‘ਲਾਈਕਸ’ ਅਤੇ ‘ਕੁਮੈਂਟਸ’ ਨਾਲ ਮਾਪੀ ਜਾਂਦੀ ਹੈ।
ਜਨਮ ਦਿਨ ਦੀਆਂ ਵਧਾਈਆਂ ਸਿਰਫ਼ ਮੈਸੇਜ ਤੱਕ ਸੀਮਿਤ ਹੋ ਕੇ ਰਹਿ ਗਈਆਂ ਹਨ। ਅਸਲ ਮਿਲਣ-ਮਿਲਾਪ ਘਟ ਗਿਆ ਹੈ। ਅਸੀਂ ਲੋਕਾਂ ਦੇ ਨੇੜੇ ਹੋ ਕੇ ਵੀ ਦਿਲੋਂ ਦੂਰ ਹੋ ਗਏ ਹਾਂ। ਇੱਕ ਸਮਾਂ ਸੀ ਜਦੋਂ ਕਿਸੇ ਦੇ ਦੁੱਖ ਵਿੱਚ ਹਾਜ਼ਰੀ ਲਾਉਣਾ ਸਭ ਤੋਂ ਵੱਡਾ ਸਹਾਰਾ ਬਣ ਜਾਂਦਾ ਸੀ, ਪਰ ਹੁਣ ‘ਸਟੇਅ ਸਟਰੌਂਗ’ ਲਿਖ ਦੇਣਾ ਹੀ ਕਾਫ਼ੀ ਸਮਝਿਆ ਜਾਂਦਾ ਹੈ। ਇਹ ਬਦਲਾਅ ਹੌਲੀ-ਹੌਲੀ ਮਨੁੱਖਤਾ ਦੀ ਸੰਵੇਦਨਸ਼ੀਲਤਾ ਨੂੰ ਘਟਾ ਰਿਹਾ ਹੈ। ਇਹ ਸਮੱਸਿਆ ਸਿਰਫ਼ ਮਨੁੱਖ ਤੱਕ ਸੀਮਿਤ ਨਹੀਂ ਰਹੀ, ਸਗੋਂ ਸਮਾਜਿਕ ਤਾਣੇ-ਬਾਣੇ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਅਸੀਂ ਸਚਾਈ ਨਾਲੋਂ ਵੱਧ ਦਿਖਾਵੇ ਨੂੰ ਮਹੱਤਵ ਦੇਣ ਲੱਗ ਪਏ ਹਾਂ। ਅਸਲੀਅਤ ਪਿੱਛੇ ਰਹਿ ਗਈ ਹੈ ਅਤੇ ਵਰਚੁਅਲ ਅਕਸ ਅੱਗੇ ਆ ਗਿਆ ਹੈ। ਅਸੀਂ ਆਪਣੀ ਖੁਸ਼ੀ ਨੂੰ ਜਿਊਣ ਦੀ ਬਜਾਏ ਉਸ ਨੂੰ ਪ੍ਰਦਰਸ਼ਿਤ ਕਰਨ ’ਚ ਜ਼ਿਆਦਾ ਰੁਚੀ ਰੱਖਣ ਲੱਗੇ ਹਾਂ। ਯਾਦਾਂ ਹੁਣ ਦਿਲ ’ਚ ਨਹੀਂ, ਸਗੋਂ ਮੋਬਾਈਲ ਦੀ ਗੈਲਰੀ ਵਿੱਚ ਸੰਭਾਲੀਆਂ ਜਾਂਦੀਆਂ ਹਨ। ਇਹ ਬਦਲਾਅ ਸਾਨੂੰ ਅਸਲੀ ਜੀਵਨ ਤੋਂ ਦੂਰ ਕਰ ਰਿਹਾ ਹੈ।
ਡਿਜੀਟਲ ਐਡਿਕਸ਼ਨ ਦੇ ਕਈ ਕਾਰਨ ਹਨ ਜਿਨ੍ਹਾਂ ’ਚ ਇਕੱਲਾਪਣ, ਤਣਾਅ ਤੋਂ ਬਚਣ ਦੀ ਕੋਸ਼ਿਸ਼, ਮਨੋਰੰਜਨ ਦੇ ਪਰੰਪਰਾਗਤ ਸਾਧਨਾਂ ਦੀ ਘਾਟ ਅਤੇ ਡਿਜੀਟਲ ਸਾਧਨਾਂ ਦੀ ਆਸਾਨ ਉਪਲੱਬਧਤਾ ਸ਼ਾਮਲ ਹਨ। ਲੋਕ ਅਕਸਰ ਹਕੀਕਤ ਤੋਂ ਭੱਜ ਕੇ ਡਿਜੀਟਲ ਦੁਨੀਆ ਵਿੱਚ ਸਹਾਰਾ ਲੱਭਦੇ ਹਨ, ਪਰ ਇਹ ਸਹਾਰਾ ਅਸਥਾਈ ਹੁੰਦਾ ਹੈ। ਲੰਮੇ ਸਮੇਂ ਵਿੱਚ ਇਹ ਹੋਰ ਵੱਡੀ ਸਮੱਸਿਆ ਬਣ ਜਾਂਦਾ ਹੈ। ਪਰ ਇਸ ਦਾ ਹੱਲ ਵੀ ਮੌਜੂਦ ਹੈ। ਸਭ ਤੋਂ ਪਹਿਲਾਂ ਸਾਨੂੰ ਆਪਣੇ ਆਪ ਨੂੰ ਸਮਝਣਾ ਪਵੇਗਾ। ਸਾਨੂੰ ਇਹ ਸਵੀਕਾਰ ਕਰਨਾ ਪਵੇਗਾ ਕਿ ਡਿਜੀਟਲ ਦੁਨੀਆ ਸਾਡੇ ਲਈ ਹੈ, ਅਸੀਂ ਇਸ ਦੇ ਲਈ ਨਹੀਂ। ਸਾਨੂੰ ਆਪਣੇ ਸਮੇਂ ਦਾ ਸੰਤੁਲਨ ਬਣਾਉਣਾ ਪਵੇਗਾ। ਦਿਨ ’ਚ ਕੁਝ ਸਮਾਂ ਐਸਾ ਰੱਖਣਾ ਚਾਹੀਦਾ ਹੈ ਜਦੋਂ ਅਸੀਂ ਸਕਰੀਨ ਤੋਂ ਦੂਰ ਰਹੀਏ ਅਤੇ ਆਪਣੇ ਪਰਿਵਾਰ, ਦੋਸਤਾਂ ਅਤੇ ਆਪਣੇ ਆਪ ਨਾਲ ਸਮਾਂ ਬਿਤਾਈਏ। ਬੱਚਿਆਂ ਨੂੰ ਸਿਰਫ ਮੋਬਾਈਲ ਦੇ ਕੇ ਚੁੱਪ ਕਰਵਾਉਣਾ ਹੱਲ ਨਹੀਂ ਹੈ। ਉਨ੍ਹਾਂ ਨੂੰ ਖੇਡਾਂ, ਕਿਤਾਬਾਂ ਅਤੇ ਰਚਨਾਤਮਕ ਗਤੀਵਿਧੀਆਂ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ। ਮਾਪਿਆਂ ਨੂੰ ਆਪਣੇ ਵਰਤਾਰੇ ਨਾਲ ਉਦਾਹਰਣ ਪੇਸ਼ ਕਰਨੀ ਚਾਹੀਦੀ ਹੈ। ਜੇ ਵੱਡੇ ਖੁਦ ਹਰ ਵੇਲੇ ਫੋਨ ’ਤੇ ਲੱਗੇ ਰਹਿਣਗੇ, ਤਾਂ ਬੱਚਿਆਂ ਤੋਂ ਵੱਖਰੀ ਉਮੀਦ ਨਹੀਂ ਕੀਤੀ ਜਾ ਸਕਦੀ।
ਸਕੂਲਾਂ ਅਤੇ ਸਮਾਜ ਨੂੰ ਵੀ ਇਸ ਮਸਲੇ ’ਤੇ ਗੰਭੀਰ ਹੋਣ ਦੀ ਲੋੜ ਹੈ। ਜਾਗਰੂਕਤਾ ਮੁਹਿੰਮਾਂ, ਖੇਡਾਂ ਅਤੇ ਸਾਂਝੀਆਂ ਗਤੀਵਿਧੀਆਂ ਰਾਹੀਂ ਲੋਕਾਂ ਨੂੰ ਡਿਜੀਟਲ ਸੰਤੁਲਨ ਬਾਰੇ ਸਿੱਖਿਆ ਦਿੱਤੀ ਜਾ ਸਕਦੀ ਹੈ। ਛੋਟੇ-ਛੋਟੇ ਕਦਮ, ਜਿਵੇਂ ਕਿ ਸਕਰੀਨ ਟਾਈਮ ਘਟਾਉਣਾ, ਸੌਣ ਤੋਂ ਪਹਿਲਾਂ ਮੋਬਾਈਲ ਤੋਂ ਦੂਰ ਰਹਿਣਾ ਅਤੇ ਪਰਿਵਾਰ ਨਾਲ ਖਾਣਾ ਖਾਂਦੇ ਸਮੇਂ ਫੋਨ ਨਾ ਵਰਤਣਾ, ਵੱਡੇ ਬਦਲਾਅ ਲਿਆ ਸਕਦੇ ਹਨ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਸਕਰੀਨ ਦੀ ਆਦਤ ਖਾਮੋਸ਼ ਮਹਾਮਾਰੀ ਦਾ ਰੂਪ ਧਾਰ ਚੁੱਕੀ ਹੈ। ਇਹ ਸਿਰਫ ਸਾਡੇ ਸਰੀਰ ਨੂੰ ਨਹੀਂ, ਸਗੋਂ ਸਾਡੇ ਮਨ ਅਤੇ ਰੂਹ ਨੂੰ ਵੀ ਚਿੰਬੜ ਰਹੀ ਹੈ। ਜੇ ਅਸੀਂ ਅੱਜ ਨਾ ਜਾਗੇ, ਤਾਂ ਕੱਲ੍ਹ ਸਾਡੇ ਕੋਲ ਸਿਰਫ ਸਕਰੀਨਾਂ ਹੀ ਰਹਿ ਜਾਣਗੀਆਂ- ਸਾਡੇ ਕੋਲ ਨਾ ਰਿਸ਼ਤੇ, ਨਾ ਜਜ਼ਬਾਤ ਅਤੇ ਨਾ ਹੀ ਖੁਸ਼ੀਆਂ ਬਚਣਗੀਆਂ। ਆਓ, ਸਕਰੀਨ ਦੀ ਦੁਨੀਆ ਤੋਂ ਬਾਹਰ ਨਿਕਲ ਕੇ ਅਸਲੀ ਜ਼ਿੰਦਗੀ ਨੂੰ ਮਹਿਸੂਸ ਕਰੀਏ। ਅਸਲੀ ਖੁਸ਼ੀ ‘ਲਾਈਕਸ’ ਅਤੇ ‘ਫਾਲੋਅਰਜ਼’ ਵਿੱਚ ਨਹੀਂ, ਸਗੋਂ ਉਨ੍ਹਾਂ ਅਨਮੋਲ ਪਲਾਂ ਵਿੱਚ ਹੁੰਦੀ ਹੈ ਜੋ ਅਸੀਂ ਆਪਣੇ ਪਿਆਰੇ ਲੋਕਾਂ ਨਾਲ ਬਿਤਾਉਂਦੇ ਹਾਂ।
ਸੰਪਰਕ: 97800-36224

