ਸੰਵਾਦ ਅਤੇ ਕਿਸਾਨ ਸੰਘਰਸ਼

ਸੰਵਾਦ ਅਤੇ ਕਿਸਾਨ ਸੰਘਰਸ਼

ਕੁਮਾਰ ਸੁਸ਼ੀਲ (ਡਾ.)* ਅਮਰਦੀਪ**

ਕਿਸਾਨਾਂ/ਮਜ਼ਦੂਰਾਂ ਦਾ ਖੇਤੀ ਕਾਨੂੰਨ ਰੱਦ ਕਰਵਾਉਣ ਨੂੰ ਲੈ ਕੇ ਸਰਕਾਰ ਖਿ਼ਲਾਫ਼ ਚੱਲ ਰਿਹਾ ਸੰਘਰਸ਼ ਸਾਲ 2020 ਦੀ ਮੁੱਖ ਘਟਨਾ ਵਜੋਂ ਸਾਹਮਣੇ ਆਇਆ ਹੈ। ਕਿਸਾਨ ਲੀਡਰਾਂ ਅਤੇ ਸਰਕਾਰ ਵਿਚਕਾਰ ਮਸਲੇ ਦਾ ਹੱਲ ਕੱਢਣ ਲਈ ਸੰਵਾਦ ਲਗਾਤਾਰ ਜਾਰੀ ਹੈ ਅਤੇ ਇਹ ਸੰਵਾਦ ਕਿਸਾਨਾਂ ਦੇ ਮਿੱਥੇ ਟੀਚੇ ਵੱਲ ਹੌਲੀ ਹੌਲੀ ਵਧ ਰਿਹਾ ਹੈ। ਸੰਘਰਸ਼ ਦੀ ਸ਼ੁਰੂਆਤ ਵਿਚ ਤਾਂ ਸਰਕਾਰ ਕਿਸਾਨਾਂ ਦਾ ਏਜੰਡਾ ਸਵੀਕਾਰਨ ਲਈ ਵੀ ਤਿਆਰ ਨਹੀਂ ਸੀ ਪਰ ਸੰਵਾਦ ਦੌਰਾਨ ਕਿਸਾਨਾਂ ਦਾ ਏਜੰਡਾ ਵੀ ਸਵੀਕਾਰ ਕਰ ਲਿਆ ਅਤੇ ਦੋ ਏਜੰਡਿਆਂ ਤੇ ਸਹਿਮਤੀ ਵੀ ਬਣ ਚੁੱਕੀ ਹੈ। ਵੱਖ ਵੱਖ ਦੌਰ ਦੀ ਗੱਲਬਾਤ ਦੌਰਾਨ ਸੰਵਾਦ ਸਰਕਾਰੀ ਹਠ ਦੀ ਭੇਂਟ ਚੜ੍ਹਦਾ ਦਿਖਾਈ ਦੇ ਰਿਹਾ ਹੈ, ਫਿਰ ਵੀ ਇਸ ਵਿਚ ਬਹੁਤ ਸਾਰੀਆਂ ਗੱਲਾਂ ਹਾਂ-ਪੱਖੀ ਹਨ। ਇਨ੍ਹਾਂ ਵਿਚੋਂ ਇੱਕ ਸੰਵਾਦ ਜਾਰੀ ਰਹਿਣਾ ਹੈ। ਇਤਿਹਾਸ ਦੱਸਦਾ ਹੈ ਕਿ ਜਮੂਹਰੀਅਤ ਵਿਚ ਸੰਵਾਦ ਰਾਹੀਂ ਵੱਡੇ ਤੋਂ ਵੱਡਾ ਮਸਲਾ ਹੱਲ ਹੋ ਸਕਦਾ ਹੈ। ਸੰਵਾਦ ਤੋਂ ਉਮੀਦ ਰੱਖੀ ਜਾ ਸਕਦੀ ਹੈ ਕਿ ਇਸ ਰਾਹੀਂ ਨਾ ਸਿਰਫ਼ ਮਸਲੇ ਦਾ ਤਰਕਪੂਰਨ ਹੱਲ ਨਿਕਲੇਗਾ ਸਗੋਂ ਸਮਾਜ ਵਿਚ ਸਾਂਝੀਵਾਲਤਾ ਅਤੇ ਸ਼ਮੂਲੀਅਤ ਦਾ ਸੁਨੇਹਾ ਵੀ ਜਾਵੇਗਾ। ਮਨੁੱਖੀ ਹੋਂਦ ਸੰਵਾਦ ਰਾਹੀਂ ਵਿਕਸਤ ਹੁੰਦੀ ਹੈ ਅਤੇ ਸੰਵਾਦ ਰਾਹੀਂ ਹੀ ਮਨੁੱਖ ਸੰਸਾਰ ਵਿਚ ਤਬਦੀਲੀ ਲਿਆਉਂਦੇ ਹਨ।

ਕਿਸਾਨੀ ਸੰਘਰਸ਼ ਵਿਚ ਇੱਕੋ ਸਮੇਂ ਵੱਖੋ-ਵੱਖਰੇ ਕਈ ਸੰਵਾਦ ਚੱਲ ਰਹੇ ਹਨ। ਆਓ ਕੁਝ ਮੁੱਖ ਵਿਚਾਰਕਾਂ ਦੀਆਂ ਸੰਵਾਦ ਨੂੰ ਲੈ ਕੇ ਪੇਸ਼ ਧਾਰਨਾਵਾਂ ਰਾਹੀਂ ਇਨ੍ਹਾਂ ਸੰਵਾਦਾਂ ਨੂੰ ਸਮਝਣ ਦਾ ਜਤਨ ਕਰੀਏ। ਮਨੁੱਖੀ ਪੱਖ ਤੋਂ ਦੇਖੀਏ ਤਾਂ ਸੰਵਾਦ ਦੀ ਬੁਨਿਆਦ ਹੈ ਸ਼ਬਦ। ਇਹ ਸੰਵਾਦ ਨੂੰ ਸੰਭਵ ਬਣਾਉਣ ਦੇ ਹੀਲੇ ਤੋਂ ਕਿਤੇ ਵਧ ਕੇ ਹੈ। ਇਸ ਲਈ ਲਾਜ਼ਮੀ ਹੈ ਕਿ ਸ਼ਬਦ ਨੂੰ ਆਕਾਰ ਅਤੇ ਅਰਥ ਦੇਣ ਵਾਲੇ ਤੱਤਾਂ ਦੀ ਭਾਲ ਕੀਤੀ ਜਾਣੀ ਚਾਹੀਦੀ ਹੈ। ਗੁਰਬਾਣੀ ਵਿਚ ਵੀ ਸ਼ਬਦ ਨੂੰ ਹੀ ਗੁਰੂੁ ਮੰਨਿਆ ਗਿਆ ਹੈ: ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ ਬ੍ਰਾਜ਼ੀਲ ਦੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਪਾਉਲੋ ਫਰੇਰੇ ਆਪਣੀ ਮਸ਼ਹੂਰ ਪੁਸਤਕ ‘ਪੈਡਾਗੋਜ਼ੀ ਆਫ ਦਿ ਆਪਰੈੱਸਡ’ ਵਿਚ ਸ਼ਬਦ ਦੇ ਦੋ ਪੱਖਾਂ ਦੀ ਗੱਲ ਕਰਦੇ ਹਨ: ਚਿੰਤਨ ਅਤੇ ਅਮਲ। ਇਹ ਦੋਵੇਂ ਪੱਖ ਸ਼ਬਦ ਦੇ ਅੰਦਰ ਇਸ ਤਰ੍ਹਾਂ ਕਾਰਜਸ਼ੀਲ ਹੁੰਦੇ ਹਨ ਕਿ ਜੇ ਇੱਕ ਪੱਖ ਦਾ ਛੋਟੇ ਤੋਂ ਛੋਟਾ ਅੰਸ਼ ਛੱਡ ਦਿੱਤਾ ਜਾਵੇ ਤਾਂ ਤੁਰੰਤ ਦੂਜਾ ਨੁਕਸਾਨਿਆ ਜਾਂਦਾ ਹੈ; ਜਾਂ ਫਿਰ ਇਨ੍ਹਾਂ ਦੋਵੇਂ ਪੱਖਾਂ ਨੂੰ ਜ਼ਬਰਦਸਤੀ ਵੱਖ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਉਹ ਸ਼ਬਦ ਅ-ਪ੍ਰਮਾਣਿਕ ਹੋ ਜਾਂਦਾ ਹੈ। ਅ-ਪ੍ਰਮਾਣਿਕ ਸ਼ਬਦ, ਸਥਾਪਤੀ ਨੂੰ ਤਬਦੀਲ ਕਰਨ ਵਿਚ ਅਸਮਰੱਥ ਹੁੰਦਾ ਹੈ। ਜਦੋਂ ਕਿਸੇ ਸ਼ਬਦ ਦੇ ਅਮਲ ਵਾਲੇ ਪੱਖ ਨੂੰ ਵੱਖਰਾ ਕਰ ਦਿੱਤਾ ਜਾਂਦਾ ਹੈ ਤਾਂ ਚਿੰਤਨ ਵੀ ਢਹਿ-ਢੇਰੀ ਹੋਣ ਲੱਗਦਾ ਹੈ ਅਤੇ ਸ਼ਬਦ ਇੱਕ ਅਰਥਹੀਣ ਵਾਰਤਾ ਅਤੇ ਬੋਝਲ ਅਲੰਕਾਰਾਂ ਵਾਲੀ ਭਾਸ਼ਾ ਵਿਚ ਬਦਲ ਜਾਂਦਾ ਹੈ, ਤੇ ਇੱਕ ਤਰ੍ਹਾਂ ਦੀ ਬੇਗਾਨਗੀ ਅਤੇ ਬੇਗਾਨਗੀ ਵਾਲੀ ਚਰਚਾ ਸਿਰਜਦਾ ਹੈ। ਦੂਜੇ ਪਾਸੇ ਜੇ ਸ਼ਬਦ ਦੇ ਚਿੰਤਨ ਵਾਲੇ ਪੱਖ ਨੂੰ ਛੱਡ ਕੇ ਸਿਰਫ਼ ਅਮਲ ਉੱਤੇ ਜ਼ੋਰ ਦਿੱਤਾ ਜਾਵੇ ਤਾਂ ਸ਼ਬਦ ਮਹਿਜ਼ ਸਰਗਰਮੀ ਲਈ ਸਰਗਰਮੀ ਬਣ ਕੇ ਰਹਿ ਜਾਂਦਾ ਹੈ। ਸੰਵਾਦ ਚਿੰਤਨ ਬਿਨਾਂ ਸੰਭਵ ਨਹੀਂ, ਇਸ ਚਿੰਤਨ ਰਾਹੀਂ ਸੰਸਾਰ ਅਤੇ ਮਨੁੱਖਾਂ ਵਿਚਕਾਰ ਕੋਈ ਵਖਰੇਵਾਂ ਨਹੀਂ ਕੀਤਾ ਜਾਂਦਾ ਸਗੋਂ ਦੋਵਾਂ ਦੀ ਸਾਂਝੀਵਾਲਤਾ ਨੂੰ ਜਾਣ ਲਿਆ ਜਾਂਦਾ ਹੈ। ਚਿੰਤਨ ਰਾਹੀਂ ਯਥਾਰਥ ਨੂੰ ਖੜੋਤ ਵਿਚ ਨਹੀਂ ਸਮਝਿਆ ਜਾਂਦਾ ਸਗੋਂ ਤਬਦੀਲੀ ਵਾਲੇ ਕਾਰਜ ਵਜੋਂ ਦੇਖਿਆ ਜਾਂਦਾ ਹੈ। ਇਹ ਚਿੰਤਨ ਖੁਦ ਨੂੰ ਅਮਲ ਤੋਂ ਵੱਖ ਨਹੀਂ ਕਰਦਾ। ਚਿੰਤਨ ਲਈ ਜ਼ਰੂਰੀ ਹੈ ਕਿ ਮਨੁੱਖਾਂ ਦਾ ਲਗਾਤਾਰ ਮਨੁੱਖੀਕਰਨ ਕੀਤਾ ਜਾਵੇ। ਸੰਵਾਦ ਰਾਹੀਂ ਸੱਚਾ ਸ਼ਬਦ ਬੋਲਣਾ ਕਾਰਜ, ਅਮਲ ਅਤੇ ਸੰਸਾਰ ਨੂੰ ਤਬਦੀਲ ਕਰਨਾ ਹੈ। ਜਰਮਨੀ ਦੇ ਮਸ਼ਹੂਰ ਫਿਲਾਸਫਰ ਹੈਬਰਮਾਸ ਆਪਣੀ ਪੁਸਤਕ ‘ਥਿਉਰੀ ਆਫ ਕਿਉਮਨੀਕੇਟਿਵ ਐਕਸ਼ਨ’ (1981) ਵਿਚ ਲਿਖਦੇ ਹਨ ਕਿ ਸੰਵਾਦ ਰਾਹੀਂ ਹੀ ਘਰੇਲੂ ਜਾਂ ਰਾਜਨੀਤਕ ਜ਼ਿੰਦਗੀ ਨੂੰ ਨਿਰਧਾਰਤ ਕੀਤਾ ਜਾ ਸਕਦਾ ਹੈ ਪਰ ਸੰਵਾਦ ਲਈ ਆਦਰਸ਼ ਹਾਲਤ ਹੈ ਕਿ ਇਸ ਵਿਚ ਕਿਸੇ ਕਿਸਮ ਦਾ ਦਾਬਾ, ਦਬਾਅ ਜਾਂ ਬੇਈਮਾਨੀ ਨਾ ਹੋਵੇ ਸਗੋਂ ਸਿਰਫ਼ ਦਲੀਲ ਹੀ ਮੁੱਖ ਹੋਵੇ। ਬਾਖਤਿਨ ਅਨੁਸਾਰ ਭਾਸ਼ਾ ਅਤੇ ਵਿਚਾਰ ਸੰਵਾਦੀ ਹੁੰਦੇ ਹਨ। ਇਸ ਦਾ ਅਰਥ ਹੈ ਜੋ ਕੁਝ ਵੀ ਕਿਹਾ ਅਤੇ ਵਿਚਾਰਿਆ ਜਾਂਦਾ ਹੈ, ਉਹ ਪਹਿਲਾਂ ਕਹੇ ਜਾਂ ਵਿਚਾਰੇ ਗਏ ਦੇ ਪ੍ਰਸੰਗ ਵਿਚ ਵੀ ਹੁੰਦਾ ਹੈ ਜਾਂ ਇਹ ਕਹਿ ਲਓ ਕਿ ਸੰਵਾਦ ਨਵੀਆਂ ਖੋਜਾਂ ਅਤੇ ਨਵੇਂ ਵਿਚਾਰਾਂ ਨੂੰ ਜਨਮ ਦਿੰਦਾ ਹੈ। ਸੰਵਾਦ ਲਈ ਭਾਵੇਂ ਦੋਵੇਂ ਧਿਰਾਂ ਸਮਾਨ ਰੂਪ ਵਿਚ ਤਾਕਤਵਰ ਨਾ ਵੀ ਹੋਣ ਪਰ ਆਪਸੀ ਰਾਬਤਾ ਅਤੇ ਸਾਂਝੀਵਾਲਤਾ ਲਾਜ਼ਮੀ ਹੈ।

ਜਿਹੜੇ ਲੋਕ ਸੰਸਾਰ ਨੂੰ ਬਿਹਤਰ, ਮਨੁੱਖੀ ਗੁਣਾਂ ਨਾਲ਼ ਭਰਪੂਰ, ਬਰਾਬਰੀ ਤੇ ਇਨਸਾਫ਼ ਪਸੰਦਗੀ ਵਾਲਾ ਬਣਾਉਣਾ ਚਾਹੁੰਦੇ ਹੋਣ ਅਤੇ ਜਿਹੜੇ ਲੋਕ ਦੂਜਿਆਂ ਦਾ ਬੋਲਣ ਦਾ ਹੱਕ ਖੋਹਣਾ ਚਾਹੁੰਦੇ ਹੋਣ, ਉਨ੍ਹਾਂ ਵਿਚਕਾਰ ਸੰਵਾਦ ਨਹੀਂ ਹੋ ਸਕਦਾ। ਦੂਜੇ ਪਾਸੇ ਉਹ ਲੋਕ ਵੀ ਸੰਵਾਦ ਨਹੀਂ ਕਰ ਸਕਦੇ ਜਿਨ੍ਹਾਂ ਤੋਂ ਬੋਲਣ ਦਾ ਹੱਕ ਖੋਹ ਲਿਆ ਹੋਵੇ। ਸੰਵਾਦ ਲਈ ਜ਼ਰੂਰੀ ਹੈ ਕਿ ਉਹ ਪਹਿਲਾਂ ਇਸ ਹੱਕ ਨੂੰ ਮੁੜ ਹਾਸਲ ਕਰਨ। ਸੰਵਾਦ ਨੂੰ ਇੱਕ ਧਿਰ ਦੁਆਰਾ ਦੂਜੀ ਧਿਰ ਉੱਤੇ ਆਪਣੇ ਵਿਚਾਰ ਥੋਪਣ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ, ਨਾ ਇਸ ਨੂੰ ਇੱਕ ਧਿਰ ਦੁਆਰਾ ਦੂਜੀ ਧਿਰ ਉੱਤੇ    ਦਾਬਾ ਜਮਾਉਣ ਵਾਲਾ ਫਰੇਬੀ ਸੰਦ ਸਮਝਣਾ ਚਾਹੀਦਾ ਹੈ। ਯਾਦ ਰੱਖਣਾ ਚਾਹੀਦਾ ਹੈ ਕਿ ਦੋ ਮੋਨੋਲਾਗ ਸੰਵਾਦ ਨਹੀਂ ਹੁੰਦੇ।

ਸੰਵਾਦ ਲਈ ਪਹਿਲੀ ਸ਼ਰਤ ਹੈ ਪ੍ਰੇਮ। ਸੰਵਾਦ ਉਦੋਂ ਤੱਕ ਸੰਭਵ ਨਹੀਂ ਜਦੋਂ ਤੱਕ ਦੋਵੇਂ ਧਿਰਾਂ ਪ੍ਰੇਮ ਨਾਲ਼ ਲਬਰੇਜ਼ ਨਾ ਹੋਣ। ਪ੍ਰੇਮ ਤੋਂ ਭਾਵ ਸਾਰੀ ਲੋਕਾਈ ਲਈ ਪ੍ਰਤੀਬੱਧ ਹੋਣਾ ਹੈ ਜੋ ਲੋਕਾਈ ਦੀ ਮੁਕਤੀ ਲਈ ਸੰਵਾਦ ਕਰਤਾਵਾਂ ਨੂੰ ਦ੍ਰਿੜ ਕਰਦਾ ਹੈ। ਇਹ ਦ੍ਰਿੜਤਾ ਅਤੇ ਪ੍ਰਤੀਬੱਧਤਾ ਪ੍ਰੇਮ ਨਾਲ਼ ਲਬਰੇਜ਼ ਹੁੰਦੀ ਹੈ ਕਿਉਂਕਿ ਇਹ ਸੰਵਾਦ ਰਾਹੀਂ ਪੈਦਾ ਹੁੰਦੀ ਹੈ। ਪ੍ਰੇਮ ਆਜ਼ਾਦੀ ਨੂੰ ਜਨਮ ਦਿੰਦਾ ਅਤੇ ਦਾਬੇ ਦੀ ਅਵਸਥਾ ਨੂੰ ਖਤਮ ਕਰਦਾ ਹੈ। ਸੰਵਾਦ ਦੀ ਦੂਜੀ ਲਾਜ਼ਮੀ ਸ਼ਰਤ ਹੈ ਨਿਮਰਤਾ। ਇਸ ਤੋਂ ਬਿਨਾਂ ਵੀ ਸੰਵਾਦ ਸੰਭਵ ਨਹੀਂ ਕਿਉਂਕਿ ਸੰਵਾਦ ਵਿਚ ਟਕਰਾਅ ਵੀ ਹੁੰਦਾ ਹੈ ਪਰ ਸਮਝਣ ਤੇ ਸਿੱਖਣ ਲਈ। ਇਸ ਲਈ ਜੇ ਦੋਵਾਂ ਧਿਰਾਂ ਵਿਚੋਂ ਇੱਕ ਧਿਰ ਵੀ ਨਿਮਰ ਨਹੀਂ ਤਾਂ ਸੰਵਾਦ ਟੁੱਟ ਜਾਂਦਾ ਹੈ। ਜੇ ਦੋਵੇਂ ਧਿਰਾਂ ਆਪਣੇ-ਆਪ ਨੂੰ ਇੱਕ ਦੂਜੇ ਤੋਂ ਵੱਖ ਸਮਝਦੀਆਂ ਹਨ ਤਾਂ ਵੀ ਸੰਵਾਦ ਨਹੀਂ ਹੋ ਸਕਦਾ; ਭਾਵ ਜੇ ਦੋਵੇਂ ਧਿਰਾਂ ਇੱਕ-ਦੂਜੇ ਤੋਂ ਬੇਮੁੱਖ ਹੋ ਜਾਣ ਤਾਂ ਸੰਵਾਦ ਨਹੀਂ ਹੋ ਸਕਦਾ।

ਆਤਮ ਕੇਂਦਰਤ ਹੋ ਕੇ ਕੀਤਾ ਜਾਣ ਵਾਲਾ ਸੰਵਾਦ ਸਵੈ-ਸੰਤੁਸ਼ਟੀ ਤਾਂ ਦੇ ਸਕਦਾ ਹੈ ਪਰ ਨਿਸ਼ਚਤ ਨਤੀਜੇ ਤੱਕ ਨਹੀਂ ਬਦਲ ਸਕਦਾ। ਸੰਵਾਦ ਲਈ ਮਨੁੱਖਤਾ ਵਿਚ ਯਕੀਨ ਹੋਣਾ ਲਾਜ਼ਮੀ ਹੈ। ਯਕੀਨ ਨਿਰਮਾਣ ਤੇ ਪੁਨਰ-ਨਿਰਮਾਣ ਵਿਚ, ਸਿਰਜਣਾ ਤੇ ਪੁਨਰ ਸਿਰਜਣਾ ਵਿਚ, ਮਨੁੱਖਾਂ ਤੇ ਉਨ੍ਹਾਂ ਦੇ ਕਾਰਜਾਂ ਤੇ ਯਕੀਨ ਲਾਜ਼ਮੀ ਹੈ; ਹਾਲਾਂਕਿ ਇਹ ਕੋਈ ਸਿੱਧ-ਪੱਧਰਾ ਯਕੀਨ ਨਹੀਂ ਹੁੰਦਾ ਸਗੋਂ ਆਲੋਚਨਾਤਮਕ ਹੁੰਦਾ ਹੈ। ਸੰਵਾਦ ਕਰਤਾ ਨੂੰ ਪੱਕਾ ਯਕੀਨ ਹੈ ਕਿ ਮਨੁੱਖ ਸਿਰਜਣਾ ਅਤੇ ਤਬਦੀਲੀ ਲਿਆਉਣ ਵਿਚ ਸਮਰੱਥ ਹੈ ਪਰ ਸਮਾਜ ਅਤੇ ਆਪਣੇ-ਆਪ ਤੋਂ ਬੇਗਾਨਗੀ ਕਾਰਨ ਉਸ ਤੋਂ ਆਪਣੀ ਇਸ ਸਮਰੱਥਾ ਦੀ ਵਰਤੋਂ ਨਹੀਂ ਹੁੰਦੀ। ਉਸ ਨੂੰ ਪੱਕਾ ਯਕੀਨ ਹੁੰਦਾ ਹੈ ਕਿ ਸਿਰਜਣਾ ਅਤੇ ਤਬਦੀਲੀ ਦੀ ਤਾਕਤ ਕਿਸੇ ਵਿਸ਼ੇਸ਼ ਹਾਲਤ ਵਿਚ ਨਿਸਫਲ਼ ਬੇਸ਼ੱਕ ਹੋ ਜਾਏ ਪਰ ਉਸ ਵਿਚ ਦੁਬਾਰਾ ਜਨਮ ਲੈਣ ਦੀ ਤਾਕਤ ਹੁੰਦੀ ਹੈ। ਇਹ ਪੁਨਰ-ਜਨਮ ਆਪਣੇ-ਆਪ ਨਹੀਂ ਹੋ ਸਕਦਾ ਸਗੋਂ ਕੀਤੇ ਜਾਣ ਵਾਲੇ ਸੰਘਰਸ਼ਾਂ ਵਿਚੋਂ ਜਨਮ ਲੈਂਦਾ ਹੈ।

ਸੰਵਾਦ ਦੀ ਅਗਲੀ ਸ਼ਰਤ ਹੈ ਉਮੀਦ। ਨਾ-ਉਮੀਦ ਹੋਣਾ ਚੁੱਪ ਦਾ ਹੀ ਇੱਕ ਰੂਪ ਹੈ; ਸੰਸਾਰ ਨੂੰ ਰੱਦ ਕਰਨਾ ਅਤੇ ਉਸ ਤੋਂ ਭੱਜਣਾ ਹੈ। ਅਨਿਆਂਪੂਰਨ ਪ੍ਰਬੰਧ ਤੋਂ ਪੈਦਾ ਹੋਣ ਵਾਲਾ ਅ-ਮਨੁੱਖੀਕਰਨ ਉਦਾਸੀ ਨਹੀਂ ਸਗੋਂ ਉਮੀਦ ਪੈਦਾ ਕਰਦਾ ਹੈ। ਇਹ ਉਮੀਦ ਮਨੁੱਖਤਾ ਨੂੰ ਮੁੜ ਹਾਸਲ ਕਰਨ ਦੇ ਲਗਾਤਾਰ ਯਤਨਾਂ ਵੱਲ ਲੈ ਜਾਂਦੀ ਹੈ। ਉਮੀਦ ਹੱਥ ਤੇ ਹੱਥ ਧਰ ਕੇ ਬੈਠਣ ਜਾਂ ਇੰਤਜ਼ਾਰ ਕਰਨ ਨਾਲ਼ ਪੈਦਾ ਨਹੀਂ ਹੁੰਦੀ। ਇੰਤਜ਼ਾਰ ਤਾਂ ਹੀ ਹੋ ਸਕਦਾ ਹੈ, ਜੇ ਸੰਘਰਸ਼ ਜਾਰੀ ਹੋਵੇ ਅਤੇ ਉਮੀਦ ਰੱਖ ਕੇ ਇੰਤਜ਼ਾਰ ਕਰਦੇ ਰਹੀਏ। ਜੇ ਇਹ ਲੱਗੇ ਕਿ ਸੰਵਾਦ ਦੀਆਂ ਕੋਸ਼ਿਸ਼ਾਂ ਬੇਕਾਰ ਜਾਣਗੀਆਂ ਤਾਂ ਇਹ ਸੰਵਾਦ ਅਕਾਊ ਅਤੇ ਥਕਾਊ ਕਾਰਜ ਬਣ ਜਾਵੇਗਾ।

ਫਰੇਰੇ ਕਹਿੰਦਾ ਸੀ ਪ੍ਰੇਮ, ਨਿਮਰਤਾ, ਯਕੀਨ ਅਤੇ ਉਮੀਦ ਨਾਲ਼ ਲਬਰੇਜ਼ ਸੰਵਾਦ ਸਮਾਨਤਾ ਦਾ ਪ੍ਰਤੀਕ ਬਣ ਜਾਂਦਾ ਹੈ। ਇਸ ਨਾਲ਼ ਦੋਵੇਂ ਧਿਰਾਂ ਵਿਚ ਆਪਸੀ ਭਰੋਸਾ ਵਧਦਾ ਹੈ। ਝੂਠਾ ਪ੍ਰੇਮ, ਝੂਠੀ ਨਿਮਰਤਾ, ਨਾ-ਉਮੀਦੀ ਅਤੇ ਅਧੂਰਾ ਯਕੀਨ ਸੰਵਾਦ ਨੂੰ ਖਤਮ ਕਰ ਦਿੰਦਾ ਹੈ। ਸੰਵਾਦ ਤੱਤ ਮੀਮਾਂਸਾ, ਗਿਆਨ ਮੀਮਾਂਸਾ, ਨੈਤਿਕ ਅਤੇ ਰਾਜਨੀਤਕ ਹੁੰਦਾ ਹੈ। ਸੰਵਾਦ ਤਾਂ ਦਲੀਲ, ਜੂਝਣਾ, ਸਾਂਝੀਵਾਲਤਾ, ਵਿਆਖਿਆਤਮਕ ਅਤੇ ਸਿੱਖਿਆ ਸ਼ਾਸਤਰ ਹੁੰਦਾ ਹੈ। ਸੰਵਾਦ ਨਾ ਸਿਰਫ਼ ਸਾਡੀ ਸਮਝ ਨੂੰ ਪੁਖਤਾ ਕਰਦਾ ਹੈ ਸਗੋਂ ਦੁਨੀਆ ਵਿਚ ਵਾਪਰਨ ਵਾਲੀ ਤਬਦੀਲੀ ਵਿਚ ਮੁੱਖ ਭੂਮਿਕਾ ਨਿਭਾਉਂਦਾ ਹੈ।

ਸਰਕਾਰ ਭਾਵੇਂ ਸੰਘਰਸ਼ ਕਰ ਰਹੇ ਕਿਸਾਨਾਂ ਨਾਲ਼ ਬਿਨਾਂ ਸ਼ਰਤ ਸੰਵਾਦ ਰਚਾ ਰਹੀ ਹੈ ਪਰ ਖੇਤੀ ਕਾਨੂੰਨ ਵਾਪਸ ਲੈਣ ਵੱਲ ਕਦਮ ਪੁੱਟਦੀ ਦਿਖਾਈ ਨਹੀਂ ਦੇ ਰਹੀ। ਸਰਕਾਰ ਦੇ ਕੁਝ ਲੀਡਰਾਂ ਦੀ ਬਿਆਨਬਾਜ਼ੀ ਦੇਖੀਏ ਤਾਂ ਜਾਪਦਾ ਹੈ ਕਿ ਕਿਸਾਨ ਅਤੇ ਸਰਕਾਰ ਦੋਵੇਂ ਧਿਰਾਂ ਸੰਵਾਦ ਜਾਰੀ ਰੱਖਣ ਦੀਆਂ ਲਾਜ਼ਮੀ ਸ਼ਰਤਾਂ ਪੂਰੀਆਂ ਨਹੀਂ ਕਰਦੀਆਂ। ਇਹ ਵੀ ਖਦਸ਼ਾ ਹੈ ਕਿ ਇਨ੍ਹਾਂ ਹਾਲਾਤ ਵਿਚ ਜੇ ਕੋਈ ਹੱਲ ਨਿੱਕਲਦਾ ਹੈ ਤਾਂ ਉਹ ਥੁੜ-ਚਿਰਾ ਹੋ ਸਕਦਾ ਹੈ ਜਦੋਂ ਕਿ ਸੰਵਾਦ ਰਾਹੀਂ ਨਿੱਕਲਿਆ ਹੱਲ ਚਿਰ-ਸਥਾਈ ਹੁੰਦਾ ਹੈ। ਦੂਜੇ ਪਾਸੇ ਕਿਸਾਨਾਂ ਦੀਆਂ ਇਨ੍ਹਾਂ ਵੱਖੋ-ਵੱਖਰੀਆਂ ਵਿਚਾਰਧਾਰਾ ਵਾਲੀਆਂ ਜੱਥੇਬੰਦੀਆਂ, ਬਜ਼ੁਰਗਾਂ ਤੇ ਨੌਜਵਾਨਾਂ ਵਿਚਕਾਰ, ਕਿਸਾਨਾਂ ਤੇ ਮਜ਼ਦੂਰਾਂ ਵਿਚਕਾਰ, ਨਵੇਂ ਤੇ ਪੁਰਾਣੇ ਵਿਚਾਰਾਂ ਵਿਚਕਾਰ ਚੱਲ ਰਹੇ ਸੰਵਾਦ ਨੂੰ ਦੇਖੀਏ ਤਾਂ ਸਪੱਸ਼ਟ ਨਜ਼ਰ ਆਉਂਦਾ ਹੈ ਕਿ ਇਹ ਸੰਵਾਦ ਲਈ ਲੋੜੀਂਦੀਆਂ ਬੁਨਿਆਦੀ ਸ਼ਰਤਾਂ ਨੂੰ ਪੂਰਾ ਕਰਦੇ ਹਨ। ਚਾਹੇ ਟਰੈਕਟਰ ਮਾਰਚ ਹੋਵੇ, ਚਾਹੇ ਸਟੇਜ ਦੀ ਕਾਰਵਾਈ, ਚਾਹੇ ਲੰਗਰ ਤਿਆਰ ਕਰਨ ਦੀ ਕਾਰਵਾਈ, ਇਨ੍ਹਾਂ ਵਿਚ ਪ੍ਰੇਮ, ਨਿਮਰਤਾ, ਯਕੀਨ ਡੁੱਲ੍ਹ ਡੁੱਲ੍ਹ ਪੈਂਦਾ ਹੈ। ਸਰਕਾਰ ਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਜੇ ਕਿਸਾਨ ਅਤੇ ਸਰਕਾਰ ਸੰਵਾਦ ਦੀਆਂ ਬੁਨਿਆਦੀ ਸ਼ਰਤਾਂ ਨਾ ਪੂਰੀਆਂ ਕਰਨ ਕਰ ਕੇ ਸੰਵਾਦ ਟੁੱਟ ਜਾਵੇ ਤਾਂ ਇਸ ਦੇ ਨਤੀਜੇ ਸਮੁੱਚੀ ਲੋਕਾਈ ਲਈ ਖਤਰਨਾਕ ਹੋ ਸਕਦੇ ਹਨ। ਸਾਨੂੰ ਫਰਾਂਸੀਸੀ ਨਾਵਲਕਾਰ ਐਲਬਰਟ ਕਾਮੂ ਦੀਆਂ ਦੂਜੀ ਆਲਮੀ ਜੰਗ ਦੇ ਪ੍ਰਸੰਗ ਵਿਚ ਕਹੀਆਂ ਇਹ ਸਤਰਾਂ ਕਿ ਅਸੀਂ ਡਰ ਦੇ ਮਾਹੌਲ ਵਿਚ ਰਹਿਣ ਲਈ ਮਜਬੂਰ ਹਾਂ ਕਿਉਂਕਿ ਹੁਣ ਸੰਵਾਦ ਸੰਭਵ ਨਹੀਂ ਰਿਹਾ, ਨੂੰ ਯਾਦ ਰੱਖਣਾ ਚਾਹੀਦਾ ਹੈ। ਇੱਥੇ ਸਰਕਾਰ ਦੀ ਜਿ਼ੰਮੇਵਾਰੀ ਵਧ ਜਾਂਦੀ ਹੈ ਕਿਉਂਕਿ ਕਿਸਾਨ ਖੁਦ ਚੱਲ ਕੇ ਸੰਵਾਦ ਲਈ ਦਿੱਲੀ ਪਹੁੰਚੇ ਹਨ, ਦੂਜਾ ਜਿਸ ਤਰ੍ਹਾਂ ਕਿਸਾਨਾਂ ਤੇ ਖਾਸ ਕਰ ਕੇ ਨੌਜਵਾਨਾਂ ਨੇ ਜ਼ਾਬਤੇ ਵਿਚ ਰਹਿ ਕੇ ਪੂਰੀ ਦੁਨੀਆ ਦਾ ਦਿਲ ਜਿੱਤਿਆ ਹੈ, ਇਹ ਉਨ੍ਹਾਂ ਦੇ ਸੰਵਾਦ ਵਿਚ ਪੱਕੀ ਆਸਥਾ ਵੱਲ ਵੀ ਇਸ਼ਾਰਾ ਕਰਦਾ ਹੈ।

ਕਿਸਾਨਾਂ ਅਤੇ ਸਰਕਾਰ ਵਿਚਕਾਰ ਚੱਲ ਰਹੇ ਇਸ ਸੰਵਾਦ ਦੇ ਨਤੀਜੇ ਕੀ ਹੋਣਗੇ, ਇਸ ਦੀ ਭਵਿੱਖਬਾਣੀ ਮੁਸ਼ਕਿਲ ਹੈ ਪਰ ਆਸ ਕੀਤੀ ਜਾ ਸਕਦੀ ਹੈ ਕਿ ਸਰਕਾਰ ਵੱਡਾ ਦਿਲ ਅਤੇ ਲਚਕਦਾਰ ਰਵੱਈਏ ਰਾਹੀਂ ਸੰਵਾਦ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਦੇ ਹੋਏ ਨਾ ਸਿਰਫ਼ ਕਿਸਾਨਾਂ ਨਾਲ਼ ਸੰਵਾਦ ਜਾਰੀ ਰੱਖੇਗੀ ਸਗੋਂ ਮਸਲੇ ਦਾ ਹੱਲ ਕੱਢਣ ਲਈ ਕਿਸੇ ਠੋਸ ਨਤੀਜੇ ਤੇ ਪਹੁੰਚੇਗੀ।

*ਅੰਗਰੇਜ਼ੀ ਵਿਭਾਗ, ਪੰਜਾਬੀ ਯੂਨੀਵਰਸਿਟੀ ਕੈਂਪਸ, ਤਲਵੰਡੀ ਸਾਬੋ।

**ਖੋਜਾਰਥੀ, ਪੰਜਾਬੀ ਯੂਨੀਵਰਸਿਟੀ ਕੈਂਪਸ,

ਤਲਵੰਡੀ ਸਾਬੋ।

ਸੰਪਰਕ: 94174-05636

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All