‘ਧੁਰੰਧਰ: 2’ ਨੇ ਤਿੰਨ ਦਿਨਾਂ ’ਚ 339 ਕਰੋੜ ਰੁਪਏ ਕਮਾ ਕੇ ਇਤਿਹਾਸ ਰਚਿਆ
ਆਦਿਤਿਆ ਧਰ ਦੇ ਨਿਰਦੇਸ਼ਨ ਹੇਠ ਬਣੀ ਅਦਾਕਾਰ ਰਣਵੀਰ ਸਿੰਘ ਦੀ ਫਿਲਮ ‘ਧੁਰੰਧਰ: ਦਿ ਰਿਵੈਂਜ’ ਨੇ ਘਰੇਲੂ ਬਾਕਸ ਆਫਿਸ ’ਤੇ ਇਤਿਹਾਸ ਰਚ ਦਿੱਤਾ ਹੈ। ਰਿਲੀਜ਼ ਦੇ ਮਹਿਜ਼ ਤਿੰਨ ਦਿਨਾਂ ਵਿੱਚ ਹੀ ਫਿਲਮ ਨੇ 300 ਕਰੋੜ ਰੁਪਏ ਦੀ ਕਮਾਈ ਦਾ ਅੰਕੜਾ ਪਾਰ...
ਆਦਿਤਿਆ ਧਰ ਦੇ ਨਿਰਦੇਸ਼ਨ ਹੇਠ ਬਣੀ ਅਦਾਕਾਰ ਰਣਵੀਰ ਸਿੰਘ ਦੀ ਫਿਲਮ ‘ਧੁਰੰਧਰ: ਦਿ ਰਿਵੈਂਜ’ ਨੇ ਘਰੇਲੂ ਬਾਕਸ ਆਫਿਸ ’ਤੇ ਇਤਿਹਾਸ ਰਚ ਦਿੱਤਾ ਹੈ। ਰਿਲੀਜ਼ ਦੇ ਮਹਿਜ਼ ਤਿੰਨ ਦਿਨਾਂ ਵਿੱਚ ਹੀ ਫਿਲਮ ਨੇ 300 ਕਰੋੜ ਰੁਪਏ ਦੀ ਕਮਾਈ ਦਾ ਅੰਕੜਾ ਪਾਰ ਕਰ ਲਿਆ ਹੈ। 2025 ਵਿੱਚ ਆਈ ਫਿਲਮ ‘ਧੁਰੰਧਰ’ ਦਾ ਅਗਲਾ ਭਾਗ ‘ਧੁਰੰਧਰ 2’ ਵੀਰਵਾਰ ਨੂੰ ਰਿਲੀਜ਼ ਹੋਇਆ ਸੀ। ਕਮਾਈ ਦੇ ਅੰਕੜੇ ਜਾਰੀ ਕਰਨ ਵਾਲੀ ਵੈੱਬਸਾਈਟ ‘ਸੈਕਨਿਲਕ’ ਮੁਤਾਬਕ ਬੁੱਧਵਾਰ ਨੂੰ ‘ਪੇਡ ਪ੍ਰੀਵਿਊ’ ਤੋਂ 43 ਕਰੋੜ ਰੁਪਏ ਦੀ ਕਮਾਈ ਹੋਈ, ਜਦਕਿ ਪਹਿਲੇ ਦਿਨ ਫਿਲਮ ਨੇ 102.55 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਘਰੇਲੂ ਬਾਕਸ ਆਫਿਸ ’ਤੇ ਫਿਲਮ ਦੀ ਕਮਾਈ 339.27 ਕਰੋੜ ਰੁਪਏ ਅਤੇ ਦੇਸ਼-ਵਿਦੇਸ਼ ਵਿੱਚ ਕੁੱਲ ਕਮਾਈ 404.54 ਕਰੋੜ ਰੁਪਏ ਹੋ ਗਈ ਹੈ। ਇਸ ਫਿਲਮ ਵਿੱਚ ਰਣਵੀਰ ਸਿੰਘ ਤੋਂ ਇਲਾਵਾ ਆਰ ਮਾਧਵਨ, ਅਰਜੁਨ ਰਾਮਪਾਲ, ਸੰਜੈ ਦੱਤ, ਸਾਰਾ ਅਰਜੁਨ ਅਤੇ ਰਾਕੇਸ਼ ਬੇਦੀ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ। ‘ਧੁਰੰਧਰ’ ਦੀ ਕਹਾਣੀ ਕੰਧਾਰ ਜਹਾਜ਼ ਅਗਵਾ ਕਾਂਡ, 2001 ਦੇ ਸੰਸਦ ਹਮਲੇ ਅਤੇ 26/11 ਦੇ ਮੁੰਬਈ ਹਮਲਿਆਂ ਵਰਗੀਆਂ ਘਟਨਾਵਾਂ ਦੁਆਲੇ ਘੁੰਮਦੀ ਹੈ, ਜਿਸ ਵਿੱਚ ਖੁਫੀਆ ਅਪਰੇਸ਼ਨਾਂ ਨੂੰ ਦਿਖਾਇਆ ਗਿਆ ਹੈ। ਜਯੋਤੀ ਦੇਸ਼ਪਾਂਡੇ ਅਤੇ ਲੋਕੇਸ਼ ਧਰ ਨੇ ਇਸ ਫਿਲਮ ਦਾ ਨਿਰਮਾਣ ਕੀਤਾ ਹੈ। ਇਹ ਫਿਲਮ ਹਿੰਦੀ, ਤੇਲਗੂ, ਤਮਿਲ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ਵਿੱਚ ਰਿਲੀਜ਼ ਕੀਤੀ ਗਈ ਹੈ।

