ਸਾਲ ਦੇ ਪਹਿਲੇ ਅੱਧ ’ਚ ‘ਧੁਰੰਦਰ ਦਿ ਰਿਵੈਂਜ’ ਦਾ ਜਲਵਾ
ਫਿਲਮਾਂ ‘ਮੈਂ ਵਾਪਸ ਆੳਂੂਗਾ’ ਅਤੇ ‘ਬਾਰਡਰ 2’ ਦਾ ਵੀ ਬਾਕਸ ਆਫਿਸ ’ਤੇ ਵਧੀਆ ਪ੍ਰਦਰਸ਼ਨ
‘ਧੁਰੰਦਰ ਦਿ ਰਿਵੈਂਜ’, ‘ਬਾਰਡਰ 2’ ਅਤੇ ‘ਮੈਂ ਵਾਪਸ ਆਊਂਗਾ’ ਵਰਗੀਆਂ ਫਿਲਮਾਂ ਨੇ 2026 ਦੇ ਪਹਿਲੇ ਛੇ ਮਹੀਨਿਆਂ ’ਚ ਦਰਸਾਇਆ ਹੈ ਕਿ ਦਰਸ਼ਕ ਸ਼ਾਨਦਾਰ ਦ੍ਰਿਸ਼ਾਂ ਅਤੇ ਤਿੱਖੇ ਰਾਸ਼ਟਰਵਾਦ ਵੱਲ ਤਾਂ ਖਿੱਚੇ ਜਾਂਦੇ ਹੀ ਹਨ, ਪਰ ਨਾਲ ਹੀ ਸ਼ਾਂਤਮਈ ਤਰੀਕੇ ਨਾਲ ਕਹਾਣੀ ਸੁਣਾਉਣ ਦੇ ਅੰਦਾਜ਼ ਨੂੰ ਵੀ ਪਸੰਦ ਕਰਦੇ ਹਨ। ਸਾਲ ਦੇ ਪਹਿਲੇ ਅੱਧ ਵਿੱਚ ਸਿਨੇਮਾਘਰਾਂ ਵਿੱਚ ਦੋ ਦਰਜਨ ਤੋਂ ਵੱਧ ਫਿਲਮਾਂ ਰਿਲੀਜ਼ ਹੋਈਆਂ। ਪਰ ਇਹ ਤਿੰਨ ਫਿਲਮਾਂ ਸਭ ਤੋਂ ਵੱਖਰੀਆਂ ਰਹੀਆਂ ਜਿਨ੍ਹਾਂ ’ਚ ਆਦਿਤਿਆ ਧਰ ਦੀ ਜਾਸੂਸੀ ਗਾਥਾ ਦੀ ਦੂਜੀ ਕਿਸ਼ਤ ‘ਧੁਰੰਦਰ: ਦਿ ਰਿਵੈਂਜ’ ਨੇ ਦੁਨੀਆ ਭਰ ਵਿੱਚ 1,800 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ, ‘ਬਾਰਡਰ 2’ 450 ਕਰੋੜ ਰੁਪਏ ਦੇ ਨਾਲ ਦੂਜੇ ਨੰਬਰ ’ਤੇ ਰਹੀ ਅਤੇ ਫਿਰ ‘ਭੂਤ ਬੰਗਲਾ’ ਰਹੀ ਜਿਸ ਨੇ 270 ਕਰੋੜ ਰੁਪਏ ਕਮਾਏ। ਇਨ੍ਹਾਂ ਤੋਂ ਇਲਾਵਾ, ਸਿਰਫ਼ ਸ਼ਾਹਿਦ ਕਪੂਰ ਦੀ ਮੁੱਖ ਭੂਮਿਕਾ ਵਾਲੀ ‘ਓ ਰੋਮੀਓ’ ਅਤੇ ‘ਕੌਕਟੇਲ 2’ ਹੀ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਸਕੀਆਂ। ਫਿਲਮ ਕਾਰੋਬਾਰ ਦੇ ਵਿਸ਼ਲੇਸ਼ਕ ਗਿਰੀਸ਼ ਵਾਨਖੇੜੇ ਨੇ ਦੱਸਿਆ, ‘ਸਾਡੇ ਕੋਲ ਤਿੰਨ ਅਸਲੀ ਸੁਪਰਹਿੱਟ ਫਿਲਮਾਂ ਹਨ: ‘ਧੁਰੰਦਰ 2’, ‘ਬਾਰਡਰ 2’ ਅਤੇ ‘ਭੂਤ ਬੰਗਲਾ’... ਜੋ ਅੰਕੜੇ ਅਸੀਂ ਦੇਖ ਰਹੇ ਹਾਂ ਉਹ 3,000 ਕਰੋੜ ਰੁਪਏ ਦੇ ਹਨ ਪਰ ਇਹ ਨੰਬਰ ਤਿੰਨ ਤੋਂ ਚਾਰ ਫਿਲਮਾਂ ਤੋਂ ਆਏ ਹਨ, ਜਦਕਿ ਇਹ ਛੇ ਤੋਂ ਅੱਠ ਫਿਲਮਾਂ ਤੋਂ ਆ ਸਕਦੇ ਸਨ। ਇਸ ਲਈ ਸਾਡੇ ਕੋਲ ਸਫ਼ਲ ਫਿਲਮਾਂ ਘੱਟ ਹਨ ਪਰ ਬਾਕਸ-ਆਫਿਸ ਦੇ ਨੰਬਰ ਤਸੱਲੀਬਖਸ਼ ਹਨ।’ ਪੀ ਵੀ ਆਰ ਆਈਨੌਕਸ ਲਿਮਟਿਡ ਦੇ ਕਮਲ ਗਿਆਨਚੰਦਾਨੀ ਨੇ ‘ਮੈਂ ਵਾਪਸ ਆਊਂਗਾ’ ਦੀ ਉਦਾਹਰਣ ਦਿੱਤੀ, ਜਿਸ ਨੂੰ 12 ਜੂਨ ਨੂੰ ਰਿਲੀਜ਼ ਹੋਣ ’ਤੇ ਸਕਾਰਾਤਮਕ ਸਮੀਖਿਆਵਾਂ (ਰਿਵਿਊ) ਮਿਲੀਆਂ ਪਰ ਬਾਕਸ ਆਫਿਸ ’ਤੇ ਇਸ ਦੀ ਸ਼ੁਰੂਆਤ ਸੁਸਤ ਰਹੀ। ਹਾਲਾਂਕਿ, ਲੋਕਾਂ ਦੇ ਹੁੰਗਾਰੇ ਨੇ ਦੂਜੇ ਹਫਤੇ ਵਿੱਚ ਇਸ ਦੀ ਰਫਤਾਰ ਫੜਨ ਵਿੱਚ ਮਦਦ ਕੀਤੀ, ਜਿਸ ਤੋਂ ਬਾਅਦ ਸ਼ੋਅਜ਼ ਦੀ ਗਿਣਤੀ ਵਧਾਉਣੀ ਪਈ।
