ਵਿਕਾਸ ਜਾਂ ਕੁਦਰਤ ਤੋਂ ਵਧ ਰਹੀ ਦੂਰੀ?
ਮਿੱਟੀ ਦੀ ਖ਼ੁਸ਼ਬੂ ਨੂੰ ਕਦੇ ਪੁਰਾਣਾ ਨਾ ਸਮਝੀਂ ਕਿਉਂਕਿ ਇਹੀ ਖ਼ੁਸ਼ਬੂ ਮਨੁੱਖ ਨੂੰ ਉਸ ਦੀਆਂ ਅਸਲ ਜੜ੍ਹਾਂ ਨਾਲ ਜੋੜਦੀ ਹੈ। ਬੀਤੇ ਸਮੇਂ ਵਿੱਚ ਕੱਚੇ ਮਕਾਨ ਪੂਰੀ ਤਰ੍ਹਾਂ ਕੁਦਰਤੀ ਵਸਤਾਂ ਨਾਲ ਤਿਆਰ ਕੀਤੇ ਜਾਂਦੇ ਸਨ। ਸੁੱਕੇ ਹੋਏ ਟੋਭਿਆਂ ਵਿੱਚੋਂ ਮਿੱਟੀ ਦੇ...
ਮਿੱਟੀ ਦੀ ਖ਼ੁਸ਼ਬੂ ਨੂੰ ਕਦੇ ਪੁਰਾਣਾ ਨਾ ਸਮਝੀਂ ਕਿਉਂਕਿ ਇਹੀ ਖ਼ੁਸ਼ਬੂ ਮਨੁੱਖ ਨੂੰ ਉਸ ਦੀਆਂ ਅਸਲ ਜੜ੍ਹਾਂ ਨਾਲ ਜੋੜਦੀ ਹੈ। ਬੀਤੇ ਸਮੇਂ ਵਿੱਚ ਕੱਚੇ ਮਕਾਨ ਪੂਰੀ ਤਰ੍ਹਾਂ ਕੁਦਰਤੀ ਵਸਤਾਂ ਨਾਲ ਤਿਆਰ ਕੀਤੇ ਜਾਂਦੇ ਸਨ। ਸੁੱਕੇ ਹੋਏ ਟੋਭਿਆਂ ਵਿੱਚੋਂ ਮਿੱਟੀ ਦੇ ਛੋਟੇ-ਵੱਡੇ ਡਲਿਆਂ ਨੂੰ ਬਾਹਰ ਕੱਢ ਕੇ ਚੀਕਣੀ ਮਿੱਟੀ ਵਿੱਚ ਤੂੜੀ ਅਤੇ ਗੋਹਾ ਮਿਲਾ ਕੇ ਕੰਧਾਂ ਤੇ ਵਿਹੜਿਆਂ ਨੂੰ ਲਿੱਪਿਆ ਜਾਂਦਾ ਸੀ। ਘਰਾਂ ਦੀਆਂ ਛੱਤਾਂ ਲੱਕੜ ਦੀਆਂ ਸ਼ਤੀਰੀਆਂ, ਬਾਲਿਆਂ, ਸਰਕੰਡੇ ਜਾਂ ਫੂਸ ਨਾਲ ਬਣਾਈਆਂ ਜਾਂਦੀਆਂ ਸਨ।
ਇਹ ਕੁਦਰਤੀ ਮਕਾਨ ਗਰਮੀਆਂ ਵਿੱਚ ਠੰਢੇ ਅਤੇ ਸਰਦੀਆਂ ਵਿੱਚ ਨਿੱਘੇ ਰਹਿੰਦੇ ਸਨ, ਜਿਸ ਨਾਲ ਇਨ੍ਹਾਂ ਵਿੱਚ ਰਹਿਣਾ ਬੇਹੱਦ ਆਰਾਮਦਾਇਕ ਹੁੰਦਾ ਸੀ। ਮੀਂਹ ਦੇ ਮੌਸਮ ਤੋਂ ਪਹਿਲਾਂ ਲੋਕ ਆਪਣੇ ਘਰਾਂ ਨੂੰ ਮੁੜ ਮਿੱਟੀ ਅਤੇ ਗੋਹੇ ਨਾਲ ਲਿੱਪ ਲੈਂਦੇ ਸਨ ਤਾਂ ਜੋ ਮੀਂਹ ਵਿੱਚ ਛੱਤਾਂ ਚੋਣ ਜਾਂ ਤਿਪਕਣ ਨਾ। ਉਸ ਦੌਰ ਵਿੱਚ ਨਾ ਤਾਂ ਪੱਖਿਆਂ, ਕੂਲਰਾਂ ਜਾਂ ਏਅਰ ਕੰਡੀਸ਼ਨਰਾਂ ਦੀ ਲੋੜ ਪੈਂਦੀ ਸੀ ਅਤੇ ਨਾ ਹੀ ਅਜੋਕੇ ਸਮੇਂ ਵਾਂਗ ਸਰਦੀਆਂ ਲਈ ਹੀਟਰਾਂ ਦੀ। ਇਨਸਾਨੀ ਜ਼ਿੰਦਗੀ ਲਈ ਕੁਦਰਤ ਆਪ ਹੀ ਸਭ ਕੁਝ ਸੀ।
ਕੁਦਰਤੀ ਵਾਤਾਵਰਨ ਨੂੰ ਮੁੱਖ ਰੱਖਦਿਆਂ ਘਰਾਂ ਦੀ ਉਸਾਰੀ ਸਮੇਂ ਰੌਸ਼ਨਦਾਨ, ਖੁੱਲ੍ਹੀਆਂ ਖਿੜਕੀਆਂ ਅਤੇ ਵੱਡੇ-ਵੱਡੇ ਵਿਹੜੇ ਘਰ ਦਾ ਲਾਜ਼ਮੀ ਹਿੱਸਾ ਹੁੰਦੇ ਸਨ, ਜਿਸ ਨਾਲ ਘਰ ਹਰ ਵੇਲੇ ਹਵਾਦਾਰ ਰਹਿੰਦੇ ਸਨ। ਘਰਾਂ ਦੇ ਆਸ-ਪਾਸ ਨਿੰਮ, ਟਾਹਲੀ, ਅੰਬ, ਜਾਮਣ ਅਤੇ ਕਿੱਕਰ ਵਰਗੇ ਸੰਘਣੇ ਛਾਂਦਾਰ ਰੁੱਖ ਲਾਏ ਜਾਂਦੇ ਸਨ। ਇਹ ਰੁੱਖ ਸਿਰਫ਼ ਛਾਂ ਹੀ ਨਹੀਂ ਦਿੰਦੇ ਸਨ ਸਗੋਂ ਘਰਾਂ ਦੇ ਆਲੇ-ਦੁਆਲੇ ਦੇ ਤਾਪਮਾਨ ਨੂੰ ਸੰਤੁਲਿਤ ਰੱਖਣ, ਸ਼ੁੱਧ ਆਕਸੀਜਨ ਦੇਣ ਅਤੇ ਮਨੁੱਖਾਂ ਦੇ ਨਾਲ-ਨਾਲ ਪਸ਼ੂ-ਪੰਛੀਆਂ ਲਈ ਵੀ ਵੱਡਾ ਆਸਰਾ ਬਣਦੇ ਸਨ।
ਇੱਕੀਵੀਂ ਸਦੀ ਵਿੱਚ ਵਿਗਿਆਨ ਅਤੇ ਤਕਨਾਲੋਜੀ ਦੀ ਬਦੌਲਤ ਮਨੁੱਖ ਦੇ ਰਹਿਣ-ਸਹਿਣ, ਖਾਣ-ਪੀਣ ਅਤੇ ਪਹਿਨਣ ਵਿੱਚ ਵੱਡੀਆਂ ਤਬਦੀਲੀਆਂ ਆਈਆਂ ਹਨ। ਅੱਜ ਆਧੁਨਿਕ ਤਕਨੀਕ ਦੀ ਵਰਤੋਂ ਕਰਦਿਆਂ ਮਕਾਨ ਅਤੇ ਕੋਠੀਆਂ ਇੱਟਾਂ, ਸੀਮਿੰਟ, ਲੋਹੇ ਅਤੇ ਕੰਕਰੀਟ ਦੀ ਮਦਦ ਨਾਲ ਉਸਾਰੇ ਜਾ ਰਹੇ ਹਨ। ਵਾਤਾਵਰਨ ਦਾ ਸੰਤੁਲਨ ਵਿਗੜਨ ਅਤੇ ਗਰਮੀ ਵਧਣ ਕਾਰਨ ਤਾਪਮਾਨ ਨੂੰ ਕਾਬੂ ਹੇਠ ਰੱਖਣ ਲਈ ਹੁਣ ਘਰ-ਘਰ ਏਅਰ ਕੰਡੀਸ਼ਨਰਾਂ ਅਤੇ ਸਰਦੀਆਂ ਵੇਲੇ ਹੀਟਰਾਂ ਦੀ ਅੰਨ੍ਹੇਵਾਹ ਵਰਤੋਂ ਹੋਣ ਲੱਗੀ ਹੈ।
ਇਸ ਨਵੇਂ ਰੁਝਾਨ ਨੂੰ ਵੇਖਦਿਆਂ ਆਰਕੀਟੈਕਟਾਂ ਅਤੇ ਇੰਜੀਨੀਅਰਾਂ ਵੱਲੋਂ ਪੂਰੀ ਕੋਠੀ ਨੂੰ ਏਸੀ-ਯੁਕਤ ਬਣਾਉਣ ਲਈ ਹੁਣ ਰੌਸ਼ਨਦਾਨਾਂ ਨੂੰ ਗ਼ੈਰ-ਜ਼ਰੂਰੀ ਸਮਝ ਕੇ ਬਿਲਕੁਲ ਖ਼ਤਮ ਕਰ ਦਿੱਤਾ ਗਿਆ ਹੈ ਜਦੋਂਕਿ ਪੁਰਾਣੇ ਸਮੇਂ ਵਿੱਚ ਘਰਾਂ ਅੰਦਰ ਰੌਸ਼ਨਦਾਨ ਬਣਾਉਣਾ ਸਭ ਤੋਂ ਅਹਿਮ ਮੰਨਿਆ ਜਾਂਦਾ ਸੀ। ਅੱਜ ਕਈ ਨਵੇਂ ਘਰਾਂ ਦੇ ਨਕਸ਼ਿਆਂ ਵਿੱਚੋਂ ਰੌਸ਼ਨਦਾਨ ਸਿਰਫ਼ ਗ਼ਾਇਬ ਹੀ ਨਹੀਂ ਹੋਏ ਸਗੋਂ ਖਿੜਕੀਆਂ ਵਿੱਚ ਵੱਡੇ-ਵੱਡੇ ਪੱਕੇ ਸ਼ੀਸ਼ੇ ਲਗਾ ਦਿੱਤੇ ਜਾਂਦੇ ਹਨ ਅਤੇ ਹਵਾ ਆਉਣ ਲਈ ਖਿੜਕੀਆਂ ਵੀ ਬਹੁਤ ਛੋਟੀਆਂ ਰੱਖੀਆਂ ਜਾਂਦੀਆਂ ਹਨ। ਇਸ ਕਾਰਨ ਕੋਠੀ ਦੇ ਅੰਦਰ ਕੁਦਰਤੀ ਹਵਾ ਦਾ ਦਾਖ਼ਲਾ ਨਾਮੁਮਕਿਨ ਹੋ ਜਾਂਦਾ ਹੈ। ਕਮਰਿਆਂ ਵਿੱਚੋਂ ਗੰਦੀ ਅਤੇ ਬਾਸੀ ਹਵਾ ਬਾਹਰ ਨਿਕਲਣ ਲਈ ਕੋਈ ਵੀ ਰੌਸ਼ਨਦਾਨ ਨਾ ਹੋਣ ਕਾਰਨ ਇਹ ਸਥਿਤੀ ਮਨੁੱਖੀ ਸਿਹਤ ਉੱਤੇ ਬਹੁਤ ਮਾੜਾ ਪ੍ਰਭਾਵ ਪਾ ਰਹੀ ਹੈ।
ਬੇਸ਼ੱਕ ਆਰ ਸੀ ਸੀ ਲੈਂਟਰ ਵਾਲੇ ਸੀਮਿੰਟ ਅਤੇ ਕੰਕਰੀਟ ਦੇ ਬਣੇ ਇਹ ਘਰ ਪੁਰਾਣੇ ਜ਼ਮਾਨੇ ਦੇ ਕੱਚੇ ਮਕਾਨਾਂ ਨਾਲੋਂ ਕਈ ਗੁਣਾ ਵੱਧ ਮਜ਼ਬੂਤ ਹਨ ਪਰ ਇਹ ਗਰਮੀ ਵਿੱਚ ਬਹੁਤ ਜਲਦੀ ਤਪ ਜਾਂਦੇ ਹਨ ਅਤੇ ਸਰਦੀਆਂ ਵਿੱਚ ਬਹੁਤ ਜ਼ਿਆਦਾ ਠੰਢੇ ਹੋ ਜਾਂਦੇ ਹਨ। ਇਸ ਦੇ ਨਤੀਜੇ ਵਜੋਂ ਏਅਰ ਕੰਡੀਸ਼ਨਰ, ਕੂਲਰ, ਹੀਟਰ ਅਤੇ ਹੋਰ ਬਿਜਲੀ ਦੇ ਸਾਧਨਾਂ ਉੱਤੇ ਨਿਰਭਰ ਰਹਿਣਾ ਪੈਂਦਾ ਹੈ। ਸਵਾਲ ਇਹ ਹੈ ਕਿ ਕੀ ਅਸੀਂ ਆਧੁਨਿਕ ਸੁੱਖ-ਸਹੂਲਤਾਂ ਨੂੰ ਹਾਸਲ ਕਰਦੇ-ਕਰਦੇ ਅਸਲ ਵਿੱਚ ਕੁਦਰਤ ਤੋਂ ਬਹੁਤ ਦੂਰ ਹੋ ਗਏ ਹਾਂ?
ਮਨੁੱਖ ਵੱਲੋਂ ਵਿਕਾਸ ਦੇ ਨਾਂ ’ਤੇ ਰੁੱਖਾਂ ਦੀ ਕੀਤੀ ਜਾ ਰਹੀ ਅੰਨ੍ਹੇਵਾਹ ਕਟਾਈ ਅੱਜ ਇੱਕ ਬੇਹੱਦ ਗੰਭੀਰ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ। ਜਿੰਨੀ ਤੇਜ਼ੀ ਨਾਲ ਦਰੱਖ਼ਤ ਵੱਢੇ ਜਾ ਰਹੇ ਹਨ, ਉਸ ਮੁਤਾਬਿਕ ਨਵੇਂ ਰੁੱਖ ਨਹੀਂ ਲਗਾਏ ਜਾ ਰਹੇ। ਇਸ ਦਾ ਭਾਰੀ ਖ਼ਮਿਆਜ਼ਾ ਵਧਦੇ ਤਾਪਮਾਨ, ਬਦਲਦੇ ਮੌਸਮੀ ਚੱਕਰ ਅਤੇ ਗਰਮੀਆਂ ਦੀ ਤੀਬਰਤਾ ਵਿੱਚ ਵਾਧੇ ਵਜੋਂ ਸਾਹਮਣੇ ਆ ਰਿਹਾ ਹੈ। ਇਸ ਤੋਂ ਇਲਾਵਾ ਸਿੰਗਲ-ਯੂਜ਼ ਪਲਾਸਟਿਕ ਨੇ ਮਿੱਟੀ, ਪਾਣੀ ਅਤੇ ਜੀਵ-ਜੰਤੂਆਂ ਲਈ ਅਨੇਕਾਂ ਨਵੀਆਂ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਇਨਸਾਨੀ ਸਹੂਲਤਾਂ ਲਈ ਬਣਾਈਆਂ ਗਈਆਂ ਕਈ ਚੀਜ਼ਾਂ ਅੱਜ ਕੁਦਰਤ ਲਈ ਵੱਡਾ ਸਰਾਪ ਬਣ ਗਈਆਂ ਹਨ।
ਅੱਜ ਕਈ ਲੋਕ ਆਪਣੇ ਫਾਰਮ ਹਾਊਸਾਂ ਵਿੱਚ ਮਿੱਟੀ, ਗਾਰੇ, ਲੱਕੜ, ਗਾਰਡਰ, ਕਾਨਿਆਂ ਅਤੇ ਬਾਲਿਆਂ ਦੀ ਮਦਦ ਨਾਲ ਇੱਕ-ਦੋ ਕੱਚੇ ਕਮਰੇ ਤਿਆਰ ਕਰਵਾ ਰਹੇ ਹਨ। ਉਹ ਉੱਥੇ ਕੁਝ ਸਮਾਂ ਬਿਤਾ ਕੇ ਉਸ ਕੁਦਰਤੀ ਸਕੂਨ ਦੀ ਭਾਲ ਕਰਦੇ ਹਨ, ਜੋ ਉਨ੍ਹਾਂ ਨੂੰ ਕੰਕਰੀਟ ਅਤੇ ਸੀਮਿੰਟ ਦੀਆਂ ਮਹਿੰਗੀਆਂ ਕੋਠੀਆਂ ਵਿੱਚੋਂ ਨਹੀਂ ਮਿਲਦਾ। ਕੱਚੇ ਫ਼ਰਸ਼ਾਂ ਦੀ ਥਾਂ ਹੁਣ ਸੰਗਮਰਮਰ, ਗ੍ਰੇਨਾਈਟ ਅਤੇ ਚਮਕਦਾਰ ਟਾਈਲਾਂ ਨੇ ਲੈ ਲਈ ਹੈ।
ਆਧੁਨਿਕ ਘਰਾਂ ਵਿੱਚ ਬੈੱਡਰੂਮ ਨਾਲ ਟਾਇਲਟ ਜੋੜਨ ਦਾ ਰੁਝਾਨ ਵੀ ਵਧਿਆ ਹੈ ਜਦੋਂਕਿ ਪੁਰਾਣੇ ਬਜ਼ੁਰਗ ਟਾਇਲਟ ਰਹਿਣ ਵਾਲੇ ਕਮਰਿਆਂ ਤੋਂ ਦੂਰ ਬਣਾਉਂਦੇ ਸਨ ਤਾਂ ਜੋ ਬਦਬੂ ਅਤੇ ਨੁਕਸਾਨਦੇਹ ਪ੍ਰਭਾਵਾਂ ਤੋਂ ਬਚਿਆ ਜਾ ਸਕੇ। ਪਹਿਲਾਂ ਬੱਚੇ ਮਿੱਟੀ ਵਿੱਚ ਖੇਡਦੇ, ਰੁੱਖਾਂ ’ਤੇ ਚੜ੍ਹਦੇ ਅਤੇ ਖੁੱਲ੍ਹੇ ਵਿਹੜਿਆਂ ਵਿੱਚ ਦੌੜਦੇ ਸਨ, ਪਰ ਅੱਜ ਉਹ ਚਾਰਦੀਵਾਰੀ ਅੰਦਰ ਪੱਕੇ ਫ਼ਰਸ਼ਾਂ, ਮਹਿੰਗੇ ਖਿਡੌਣਿਆਂ ਅਤੇ ਮੋਬਾਈਲ ਫੋਨਾਂ ਦੀਆਂ ਡਿਜੀਟਲ ਸਕਰੀਨਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਏ ਹਨ ਜਦੋਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਸਿਰਫ਼ ਕੁਦਰਤੀ ਮਾਹੌਲ ਵਿੱਚ ਰਹਿ ਕੇ ਹੀ ਮੁਮਕਿਨ ਹੈ।
ਪੁਰਾਣੇ ਕੱਚੇ ਘਰਾਂ ਦੀਆਂ ਆਪਣੀਆਂ ਸੀਮਾਵਾਂ ਸਨ, ਪਰ ਆਧੁਨਿਕ ਘਰਾਂ ਦੀ ਮਜ਼ਬੂਤੀ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਇਸ ਸਮੱਸਿਆ ਦਾ ਹੱਲ ਪੁਰਾਣੇ ਜਾਂ ਨਵੇਂ ਵਿੱਚੋਂ ਕਿਸੇ ਇੱਕ ਨੂੰ ਚੁਣਨਾ ਨਹੀਂ ਸਗੋਂ ਦੋਵਾਂ ਦੀਆਂ ਖ਼ੂਬੀਆਂ ਨੂੰ ਅਪਣਾ ਕੇ ਇੱਕ ਅਜਿਹਾ ਘਰ ਬਣਾਉਣਾ ਹੈ ਜੋ ਹਰ ਮੌਸਮ ਦੇ ਅਨੁਕੂਲ ਹੋਵੇ। ਅੱਜ ਲੋੜ ਹੈ ਕਿ ਨਵੇਂ ਘਰਾਂ ਦੀ ਉਸਾਰੀ ਸਮੇਂ ਰੌਸ਼ਨਦਾਨਾਂ, ਕੁਦਰਤੀ ਹਵਾ, ਵਰਖਾ ਦੇ ਪਾਣੀ ਦੀ ਸੰਭਾਲ, ਕੂੜਾ ਪ੍ਰਬੰਧਨ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਨੂੰ ਪਹਿਲ ਦਿੱਤੀ ਜਾਵੇ। ਜੇ ਵਿਕਾਸ ਨੂੰ ਕੁਦਰਤ ਨਾਲ ਜੋੜਿਆ ਜਾਵੇਗਾ ਤਾਂ ਹੀ ਸਾਡੇ ਘਰ ਸਿਹਤਮੰਦ ਅਤੇ ਵਾਤਾਵਰਣ ਸੁਰੱਖਿਅਤ ਰਹਿ ਸਕੇਗਾ।
ਸੰਪਰਕ: 91159-17355

