ਪ੍ਰਗਤੀ ਲਈ ਪਿੰਡਾਂ ਅੰਦਰਲੇ ‘ਪਿੰਡਾਂ’ ਦਾ ਵਿਕਾਸ ਜ਼ਰੂਰੀ

ਪ੍ਰਗਤੀ ਲਈ ਪਿੰਡਾਂ ਅੰਦਰਲੇ ‘ਪਿੰਡਾਂ’ ਦਾ ਵਿਕਾਸ ਜ਼ਰੂਰੀ

ਪ੍ਰੋ. ਮਨਜੀਤ ਤਿਆਗੀ

ਭਾਰਤ ਪਿੰਡਾਂ ਵਿਚ ਵੱਸਦਾ ਹੈ। 70% ਲੋਕ ਪਿੰਡਾਂ ਵਿਚ ਰਹਿੰਦੇ ਹਨ। ਇਹ ਵੀ ਸੱਚਾਈ ਹੈ ਕਿ ਹਰ ਪਿੰਡ ਵਿਚ ਅਜਿਹਾ ਇਕ ਹੋਰ ਪਿੰਡ ਰਹਿੰਦਾ ਹੈ ਜਿਹੜਾ ਬੁਨਿਆਦੀ ਲੋੜਾਂ ਤੇ ਸੁੱਖ-ਸਹੂਲਤਾਂ ਪੱਖੋ ਹੀ ਨਹੀਂ ਸਗੋਂ ਹਰ ਪੱਖੋਂ ਪੱਛੜਿਆ ਹੁੰਦਾ ਹੈ। ਉੱਦਮ ਅਤੇ ਗਤੀਸ਼ੀਲਤਾ ਦੀ ਘਾਟ ਕਾਰਨ ਵੀ ਇਹ ਸਮਾਜ ਵਿਕਾਸ ਪੱਖੋਂ ਰੀਂਗਦਾ ਰਹਿੰਦਾ ਹੈ। ਅਜਿਹੇ ਪਛੜੇ ‘ਪਿੰਡਾਂ’ ਦੇ ਲੋਕਾਂ ਨੂੰ ਉਸਾਰੂ ਸੋਚ ਅਪਣਾਉਣ ਲਈ ਕਹਿਣਾ ਡੱਡੂ ਨੂੰ ਉਡਣ ਲਈ ਕਹਿਣ ਬਰਾਬਰ ਹੁੰਦਾ ਹੈ। ਅਰਥ-ਸ਼ਾਸਤਰ ਅਨੁਸਾਰ ਸਮਾਜ ਨੂੰ ਤਿੰਨ ਭਾਗਾਂ ਵਿਚ ਵੰਡਿਆਂ ਜਾਂਦਾ ਹੈ; ਈਲੀਟ, ਬੁਰਜਵਾ ਤੇ ਪਰੋਲੀਟੇਰੀਅਨ। ਇਨ੍ਹਾਂ ਖੇਤਰਾਂ ਵਿਚ ਬਹੁਗਿਣਤੀ ਵੱਸੋਂ ਪਰੋਲੀਟੇਰੀਅਨ, ਭਾਵ ਮਜ਼ਦੂਰ ਵਰਗ ਨਾਲ ਸਬੰਧਿਤ ਹੁੰਦੀ ਹੈ। ਇਨ੍ਹਾਂ ‘ਪਿੰਡਾਂ’ ਵਿਚ ਬੁੱਢਿਆਂ ਦੀ ਗਿਣਤੀ ਜ਼ਿਆਦਾ ਅਤੇ ਬਜ਼ੁਰਗਾਂ ਦੀ ਗਿਣਤੀ ਘੱਟ ਹੁੰਦੀ ਹੈ। ਬਜ਼ੁਰਗ ਅਤੇ ਬੁੱਢੇ ਵਿਚ ਬੁਨਿਆਦੀ ਫ਼ਰਕ ਇਹ ਹੁੰਦਾ ਹੈ ਕਿ ਬਜ਼ੁਰਗ ਸਿਆਣੀਆਂ ਗੱਲਾਂ ਕਰਦੇ ਹਨ ਜਦੋਂ ਕਿ ਬੁੱਢੇ ਸਿਰਫ ਗੱਲਾਂ ਹੀ ਕਰਦੇ ਹਨ।

ਵਿੱਦਿਆ ਅਤੇ ਵਿਕਾਸ ਦਾ ਸਿੱਧਾ ਸਬੰਧ ਹੈ। ਇਸ ਸੱਚਾਈ ਨੂੰ ਜਾਣਦੇ ਹੋਏ ਪਿੰਡਾਂ ਵਿਚ ਵਸਦੇ ‘ਪਿੰਡਾਂ’ ਦੇ ਗ਼ਰੀਬ ਤੋਂ ਗ਼ਰੀਬ ਮਾਂ-ਬਾਪ ਵੀ ਬੱਚੇ ਨੂੰ ਆਪਣੇ ਵਿੱਤ ਅਨੁਸਾਰ ਪੜ੍ਹਾਉਣਾ ਚਾਹੁੰਦੇ ਹਨ ਪਰ ਬੱਚਿਆਂ ਦੀ ਕਲਪਨਾ ਦਾ ਘੇਰਾ ਸੀਮਤ ਹੋਣ ਕਰ ਕੇ ਉਹ ਆਪਣਾ ਦਿਮਾਗ਼ੀ ਖੇਤਰਫਲ ਵਧਾਉਣ ਵੱਲ ਧਿਆਨ ਹੀ ਨਹੀਂ ਦਿੰਦੇ। ਨਤੀਜੇ ਵਜੋਂ ਉਨ੍ਹਾਂ ਲਈ ਦਸਵੀਂ ਪਾਸ ਕਰਨਾ ਹੀ ਪੀਐੱਚਡੀ ਕਰਨ ਬਰਾਬਰ ਹੋ ਨਿਬੜਦਾ ਹੈ। ਵਿੱਦਿਅਕ ਪੱਖੋਂ ਪਛੜਨ ਦਾ ਮੁੱਖ ਕਾਰਨ ਅਗਿਆਨਤਾ ਅਤੇ ਵਿੱਦਿਅਕ ਮਾਹੌਲ ਦਾ ਨਾ ਹੋਣਾ ਹੈ। ਸਕੂਲਾਂ ਵਿਚੋਂ ਭੱਜੇ ਅਜਿਹੇ ਨੌਜਵਾਨ ਆਪਣੇ ਸਮਾਜ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ। ਪੜ੍ਹਾਈ ਨਾਲ ਮੋਹ ਘੱਟ ਹੋਣ ਕਰ ਕੇ ਇੱਥੇ ਸਰਕਾਰੀ ਬਾਬੂ ਤਾਂ ਘੱਟ ਹੀ ਹੁੰਦੇ ਹਨ ਪਰ ਅਜਿਹੇ ਬਾਬੇ ਵਾਧੂ ਹੁੰਦੇ ਹਨ ਜੋ ਖੁੰਢੇ ਦਿਮਾਗ਼ਾਂ ਨੂੰ ਹੋਰ ਖੁੰਢਾ ਕਰ ਕੇ ਆਪਣਾ ਤੋਰੀ-ਫੁਲਕਾ ਚਲਾਉਣ ਵਿਚ ਮਾਹਿਰ ਹੁੰਦੇ ਹਨ। ਅਜਿਹੇ ਖੇਤਰਾਂ ਵਿਚ ਮੋੜਾਂ ਤੇ ਰੋਡ-ਇੰਸਪੈਕਟਰਾਂ ਦਾ ਝੁੰਡ ਤੁਹਾਡਾ ਸੁਆਗਤ ਕਰਨ ਲਈ ਖੜ੍ਹਾ ਹੁੰਦਾ ਹੈ। ਇਨ੍ਹਾਂ ਦਾ ਮੁੱਖ ਕੰਮ ਸੜਕ ਤੋਂ ਲੰਘਣ ਵਾਲੇ ਬੰਦੇ ਦਾ ਲੇਖਾ-ਜੋਖਾ ਕਰਨਾ ਹੁੰਦਾ ਹੈ।

ਅਜਿਹੇ ‘ਪਿੰਡਾਂ’ ਵਿਚ ਪੜ੍ਹੇ-ਲਿਖਿਆਂ ਦੀ ਗਿਣਤੀ ਆਟੇ ਵਿਚ ਲੂਣ ਬਰਾਬਰ ਹੀ ਹੁੰਦੀ ਹੈ। ਜੇ ਕੋਈ ਪੜ੍ਹਿਆਂ-ਲਿਖਿਆਂ ਬੰਦਾ ਇਨ੍ਹਾਂ ਨੂੰ ਉਸਾਰੂ ਵਿਚਾਰ ਦੇ ਕੇ ਅੱਗੇ ਵੱਲ ਵਧਣ ਲਈ ਪ੍ਰੇਰਦਾ ਹੈ ਤਾਂ ਇਹ ‘ਝੁੰਡ-ਮਾਨਸਿਕਤਾ’ ਦਾ ਇਸਤੇਮਾਲ ਕਰ ਕੇ ਪਹਿਲਾਂ ਤਾਂ ਪੜ੍ਹੇ-ਲਿਖੇ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਹੁੰਦੇ, ਫਿਰ ਅਗਲੇ ਪੜਾਅ ਤੇ ਆਪਣੇ ਤਜਰਬੇ ਨਾਲ ਪੜ੍ਹਾਈ ਲਿਖਾਈ ਨੂੰ ਨਕਾਰਨ ਲੱਗਦੇ ਹਨ। ਅਜਿਹੇ ਮਾਹੌਲ ਵਿਚ ਜਿੱਥੇ ਅਨਪੜ੍ਹਾਂ ਦੀ ਚੌਧਰ ਹੋਵੇ, ਪੜ੍ਹਿਆ ਲਿਖਿਆ ਵਿਅਕਤੀ ਪੜ੍ਹਾਈ ਦਾ ਸਰਾਪ ਭੁਗਤਦਾ ਹੈ ਅਤੇ ਫਿਰ ਹਾਲਾਤ ਤੋਂ ਤੰਗ ਆ ਕੇ ਕਿਸੇ ਹੋਰ ਇਲਾਕੇ ਵਿਚ ਚਲਿਆ ਜਾਂਦਾ ਹੈ, ਤੇ ਮੁੜ ਕਦੇ ਆਪਣੇ ਪਿੰਡ ਆਉਣ ਬਾਰੇ ਨਹੀਂ ਸੋਚਦਾ।

ਅਜਿਹੇ ਖੇਤਰ ਦੇ ਲੋਕਾਂ ਦਾ ਮੁੱਖ ਕਿੱਤਾ ਮਜ਼ਦੂਰੀ ਜਾਂ ਕੋਈ ਛੋਟਾ-ਮੋਟਾ ਕਾਰੋਬਾਰ ਹੁੰਦਾ ਹੈ। ਲੋਕਾਂ ਦੀਆਂ ਆਦਤਾਂ, ਸ਼ੌਂਕ ਅਤੇ ਜ਼ਿੰਦਗੀ ਜਿਊਣ ਪ੍ਰਤੀ ਨਜ਼ਰੀਆ ਇਨ੍ਹਾਂ ਨੂੰ ਮੌਜੂਦਾ ਹਾਲਾਤ ਵਿਚ ਜਕੜੀ ਰੱਖਦਾ ਹੈ। ਅਜਿਹੇ ਖੇਤਰਾਂ ਵਿਚ ਕਈ ਲੋਕ ਆਪਣੇ ਸ਼ੌਂਕ ਜਾਂ ਸਹਾਇਕ ਧੰਦੇ ਲਈ ਕੁੱਤੇ, ਬਿੱਲੀਆਂ, ਭੇਡਾਂ, ਮੁਰਗੇ ਜਾਂ ਕਬੂਤਰ ਰੱਖ ਲੈਂਦੇ ਹਨ। ਇਹ ਵੀ ਸੱਚਾਈ ਹੈ ਕਿ 21ਵੀਂ ਸਦੀ ਵਿਚ ਰਹਿ ਕੇ 14ਵੀਂ ਸਦੀ ਵਾਲੇ ਸ਼ੌਂਕ ਤਰੱਕੀ ਨਹੀਂ ਦਵਾ ਸਕਦੇ; ਹਾਂ! ਆਂਢੀ-ਗੁਆਂਢੀਆਂ ਲਈ ਪ੍ਰੇਸ਼ਾਨੀ ਦਾ ਸਬਬ ਜ਼ਰੂਰ ਬਣਦੇ ਹਨ। ਕਬੂਤਰਬਾਜ਼ ਵਿੱਦਿਆ ਦੇ ਪਸਾਰ ਵਿਚ ਵੱਡਾ ਅੜਿਕਾ ਪਾਉਂਦੇ ਹਨ। 5ਵੀਂ ਫ਼ੇਲ੍ਹ ਕਬੂਤਰਬਾਜ਼ ਕੋਠਿਆਂ ਤੇ ਚੜ੍ਹ ਕੇ ਸਵੇਰੇ-ਸ਼ਾਮ ਦੋ ਦੋ ਘੰਟੇ ਕੰਨ ਪਾੜਵੀਆਂ ਸੀਟੀਆਂ ਅਤੇ ਹੋਕਰੇ ਮਾਰ ਮਾਰ ਕੇ ਪੜ੍ਹਨ ਵਾਲੇ ਬੱਚਿਆਂ ਦੀ ਇਕਾਗਰਤਾ ਭੰਗ ਕਰਦੇ ਹਨ। ਉੱਲੂਆਂ ਵਾਂਗ ਇੱਧਰ-ਉਧਰ ਝਾਕਣਾ ਅਤੇ ਖੁਸਰਿਆਂ ਵਾਗੂ ਸੀਟੀਆਂ ਮਾਰਨਾ ਇਨ੍ਹਾਂ ਲਈ ਭਾਵੇਂ ਮਸਤੀ ਜਾਂ ਰੁਜ਼ਗਾਰ ਹੋਵੇ ਪਰ ਇਹ ਆਸੇ ਪਾਸੇ ਦੇ ਵੀਹ ਘਰਾਂ ਦੇ ਬੱਚਿਆਂ ਦਾ ਭਵਿੱਖ ਤਬਾਹ ਕਰ ਦਿੰਦੇ ਹਨ। ਬੌਧਿਕ ਪੱਧਰ ਨੀਵਾਂ ਹੋਣ ਕਰ ਕੇ ਇਨ੍ਹਾਂ ਨੂੰ ਆਪਣੀ ਬਦਤਮੀਜ਼ੀਆਂ ਦਾ ਅਹਿਸਾਸ ਵੀ ਨਹੀਂ ਹੁੰਦਾ।

ਅਗਾਂਹਵਧੂ, ਚੇਤਨ ਅਤੇ ਜਾਗਰੂਕ ਨੌਜਵਾਨਾਂ ਨੂੰ ਅੱਗੇ ਆ ਕੇ ਅਜਿਹੀਆਂ ਸਮਾਜਿਕ ਸਮੱਸਿਆਵਾਂ ਦੇ ਹੱਲ ਲਈ ਯਤਨ ਕਰਨੇ ਚਾਹੀਦੇ ਹਨ।

ਵਿਕਾਸਸ਼ੀਲ ਦੇਸ਼ਾਂ ਦੀ ਸ਼੍ਰੇਣੀ ਵਿਚ ਸ਼ਾਮਲ ਹੋਣ ਲਈ ਭਾਰਤ ਵਿਚ ਅਸੀਮਤ ਸੰਭਾਵਨਾਵਾਂ ਮੌਜੂਦ ਹਨ ਪਰ ਸੱਚਾਈ ਇਹ ਹੈ ਕਿ ਕੋਈ ਵੀ ਦੇਸ਼ ਆਪਣੀ ਅਬਾਦੀ ਦੇ ਵੱਡੇ ਹਿੱਸੇ ਨੂੰ ਅਣਦੇਖਿਆ ਕਰ ਕੇ ਆਪਣੀ ਅਰਥ-ਵਿਵਸਥਾ ਮਜ਼ਬੂਤ ਨਹੀਂ ਕਰ ਸਕਦਾ। ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਪਿੰਡਾਂ ਦੇ ਇਨ੍ਹਾਂ ‘ਪਿੰਡਾਂ’ ਦੀ ਆਬਾਦੀ ਦੀਆਂ ਸਮੱਸਿਆਵਾਂ ਦੇ ਕਾਰਨਾਂ ਦੀ ਤਲਾਸ਼ ਕਰ ਕੇ ਉਨ੍ਹਾਂ ਦਾ ਹੱਲ ਲੱਭਿਆ ਜਾਵੇ। ਇਨ੍ਹਾਂ ਖੇਤਰਾਂ ਵਿਚ ਸਮਾਜਿਕ ਅਤੇ ਆਰਥਿਕ ਪੱਖਾਂ ਦੀ ਘੋਖ ਕਰ ਕੇ ਨਵੇਂ ਅਤੇ ਨਰੋਏ ਸਮਾਜ ਦੀ ਸਿਰਜਣਾ ਕਰਨ ਲਈ ਅਜੇ ਬਹੁਤ ਕੁਝ ਅਜਿਹਾ ਕਰਨ ਦੀ ਲੋੜ ਹੈ। ਲੋਕਾਂ ਨੂੰ ਆਪਣੀਆਂ ਆਦਤਾਂ ਅਤੇ ਪੁਰਾਣੀਆਂ ਧਾਰਨਾਵਾਂ ਤਿਆਗਣ ਲਈ ਪ੍ਰੇਰਨਾ ਪਵੇਗਾ। ਉਸਾਰੂ ਸੋਚ ਅਪਣਾ ਕੇ ਨਵੇਂ ਰਾਹਾਂ ਦੀ ਤਲਾਸ਼ ਕਰਨੀ ਚਾਹੀਦੀ ਹੈ। ਲੋਕਾਂ ਨੂੰ ਆਪਣੇ ਇਤਿਹਾਸ ਅਤੇ ਸਮਾਜ ਸ਼ਾਸਤਰ ਨੂੰ ਸਮਝਣਾ ਚਾਹਿਦਾ ਹੈ। ਅਗਾਂਹਵਧੂ ਸਮਾਜ ਤੇ ਵਿਕਸਤ ਦੇਸ਼ ਦੇ ਲੋਕਾਂ ਦੀ ਜੀਵਨ-ਸ਼ੈਲੀ ਨੂੰ ਸਮਝਣਾ ਪਵੇਗਾ ਜੋ ਦੁਨੀਆ ਦੇ ਬਾਕੀ ਖਿੱਤਿਆਂ ਲੋਕਾਂ ਨਾਲੋਂ ਵਧੇਰੇ ਖ਼ੁਸ਼ਹਾਲ ਅਤੇ ਸ਼ਾਂਤ ਹਨ।

ਇਸ ਤੋਂ ਇਲਾਵਾ ਸਮਾਜ ਨੂੰ ਸਿਹਤਮੰਦ ਰੱਖਣ ਲਈ ਅਜਿਹੇ ਖੇਤਰਾਂ ਵਾਸਤੇ ਸਾਨੂੰ ਬਹੁ-ਨੁਕਾਤੀ ਪ੍ਰਗਰਾਮ ਉਲੀਕਣ ਦੀ ਲੋੜ ਹੈ; ਜਿਵੇਂ:

  1. ਸ਼ਬਦ ਨਾਲ ਜੁੜ ਕੇ ਅਤੇ ਸਿੱਖਿਆ ਪ੍ਰਾਪਤ ਕਰਨ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ।
  2. ਕਿਸੇ ਸਾਂਝੀ ਜਗ੍ਹਾ ਕਸਰਤ ਲਈ ਜਿੰਮ ਦਾ ਸਮਾਨ ਰੱਖ ਕੇ, ਖੇਡਾਂ ਆਦਿ ਦਾ ਪ੍ਰਬੰਧ ਕਰ ਕੇ ਨੌਜਵਾਨਾਂ ਦੀ ਊਰਜਾ ਸਾਕਰਾਤਮਿਕ ਤਰੀਕੇ ਨਾਲ ਵਰਤੀ ਜਾ ਸਕਦੀ ਹੈ।
  3. ਸਮਾਜ ਭਲਾਈ ਕਲੱਬ ਅਤੇ ਧਾਰਮਿਕ ਆਗੂਆਂ ਨੂੰ ਪਰਿਵਾਰਕ ਤੇ ਸਮਾਜਿਕ ਜੀਵਨ ਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਉਣ ਲਈ ਸੈਮੀਨਾਰਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਜੋ ਨੌਜਵਾਨ ਨਸ਼ਿਆਂ ਦੀ ਦਲਦਲ ਵਿਚ ਫਸ ਚੁੱਕੇ ਹਨ, ਉਨ੍ਹਾਂ ਨੂੰ ਮੈਡੀਕਲ ਸਹੂਲਤਾਂ ਦੀ ਮਦਦ ਨਾਲ ਸਮਾਜ ਦੀ ਮੁੱਖ ਧਾਰਾ ਵਿਚ ਲਿਆਉਣ ਲਈ ਯਤਨ ਕਰਨੇ ਚਾਹੀਦੇ ਹਨ।
  4. ਲਾਇਬਰੇਰੀ ਮਨ ਦੀ ਬਗੀਚੀ ਵਿਚ ਪਿਆਰ, ਮੋਹ, ਸਨੇਹ ਅਤੇ ਮੁਹੱਬਤ ਦੇ ਬੀਜ਼ ਬੀਜ ਕੇ ਸਮਾਜ ਦੀ ਮਾਨਸਿਕ ਸਿਹਤ ਤੰਦਰੁਸਤ ਰੱਖਣ ‘ਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਜੇਕਰ ਇੱਕ ਲਾਇਬ੍ਰੇਰੀ ਖੁੱਲਦੀ ਹੈ ਤਾਂ ਕਈ ਸਮਾਜਿਕ ਬੁਰਾਈਆਂ ਖ਼ਤਮ ਹੁੰਦੀਆ ਹਨ। ਲਾਇਬ੍ਰੇਰੀ ਅੰਧਵਿਸ਼ਵਾਸ, ਅਨਪੜ੍ਹਤਾ ਅਤੇ ਅਗਿਆਨਤਾ ਨੂੰ ਦੂਰ ਕਰਕੇ ਵੱਖ-ਵੱਖ ਧਰਮਾਂ, ਜਾਤਾਂ ਅਤੇ ਫਿਰਕਿਆਂ ਵਿਚ ਵੰਡੇ ਸਮਾਜ ਨੂੰ ਜੋੜਨ ਵਿਚ ਅਹਿਮ ਯੋਗਦਾਨ ਪਾਉਂਦੀ ਹੈ।
  5. ਪੜ੍ਹੇ-ਲਿਖੇ ਬੱਚਿਆਂ ਨੂੰ ਕਰੀਅਰ ਕੌਂਸਲਿੰਗ ਰਾਹੀਂ ਕਿੱਤਾ ਮੁੱਖੀ ਕੋਰਸ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਕਿ ਪੜ੍ਹਾਈ ਪੂਰੀ ਕਰਨ ਉਪਰੰਤ ਉਹ ਮਾਂ-ਬਾਪ ‘ਤੇ ਬੋਝ ਨਾ ਬਣਨ ਸਗੋਂ ਆਪਣੀ ਰੋਜ਼ੀ-ਰੋਟੀ ਕਮਾਉਣ ਦੇ ਸਮਰੱਥ ਹੋ ਸਕਣ।
  6. ਖ਼ੁਸ਼ੀ ਅਤੇ ਗ਼ਮੀ ਦੇ ਪ੍ਰੋਗਰਾਮ ਸਾਦੇ ਢੰਗ ਨਾਲ ਮਨਾ ਕੇ ਕਰਜ਼ੇ ਦੇ ਫ਼ਨੀਅਰ ਨਾਗ ਤੋਂ ਬਚਿਆ ਜਾ ਸਕਦਾ ਹੈ ਤੇ ਸ਼ਾਂਤੀ ਨਾਲ ਜ਼ਿੰਦਗੀ ਦਾ ਲੁਤਫ਼ ਲਿਆ ਜਾ ਸਕਦਾ ਹੈ।
  7. ਇਹ ਵੀ ਸੱਚਾਈ ਹੈ ਕਿ ਸਰਕਾਰ ਸਾਰੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਨਹੀਂ ਦੇ ਸਕਦੀ। ਇਸ ਲਈ ਨੌਜਵਾਨਾਂ ਨੂੰ ਆਮਦਨੀ ਵਧਾਉਣ ਲਈ ਕਿਰਤ ਦੀ ਮਹੱਤਤਾ ਸਮਝਦੇ ਹੋਏ ਸਹਾਇਕ-ਧੰਦੇ ਅਪਣਾਉਣ ਬਾਰੇ ਵੀ ਸੋਚਣਾ ਚਾਹੀਦਾ ਹੈ।

ਇਨ੍ਹਾਂ ਸੁਝਾਵਾਂ ਨੂੰ ਹਾਂ-ਪੱਖੀ ਸੋਚ ਨਾਲ ਲਾਗੂ ਕਰ ਕੇ ਊਸਾਰੂ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਜਿਵੇਂ ਹਨੇਰੇ ਦੀ ਆਪਣੀ ਕੋਈ ਹੋਂਦ ਨਹੀਂ ਹੁੰਦੀ, ਲੋੜ ਹੁੰਦੀ ਹੈ ਸਿਰਫ ਚਿਰਾਗ ਜਗਾ ਕੇ ਰੌਸ਼ਨੀ ਕਰਨ ਦੀ। ਉਸੇ ਤਰ੍ਹਾਂ ਬਹੁਤ ਸਾਰੀਆਂ ਅਜਿਹੀਆਂ ਸਮਾਜਿਕ ਅਲਾਮਤਾਂ ਨੂੰ ਲੋਕਾਂ ਵਿਚ ਗਿਆਨ ਦੀ ਰੌਸ਼ਨੀ ਫੈਲਾਅ ਕੇ ਖ਼ਤਮ ਕੀਤਾ ਜਾ ਸਕਦਾ ਹੈ ਤੇ ਪ੍ਰਗਤੀਸ਼ੀਲ ਸਮਾਜ ਦਾ ਸੰਕਲਪ ਪੂਰਾ ਕੀਤਾ ਜਾ ਸਕਦਾ ਹੈ।
ਸੰਪਰਕ: 98140-96108

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All