ਵਿਗਿਆਨ ਦੀ ਰੌਸ਼ਨੀ ਵੱਲ ਵਧਦੇ ਕਦਮ ਤੇ ਧਰਮ ਤੋਂ ਬੇਮੁੱਖਤਾ : The Tribune India

ਵਿਗਿਆਨ ਦੀ ਰੌਸ਼ਨੀ ਵੱਲ ਵਧਦੇ ਕਦਮ ਤੇ ਧਰਮ ਤੋਂ ਬੇਮੁੱਖਤਾ

ਵਿਗਿਆਨ ਦੀ ਰੌਸ਼ਨੀ ਵੱਲ ਵਧਦੇ ਕਦਮ ਤੇ ਧਰਮ ਤੋਂ ਬੇਮੁੱਖਤਾ

ਪਰਮਿੰਦਰ ਕੌਰ ਸਵੈਚ

ਪਿਛਲੇ ਦਿਨੀਂ ਕੈਨੇਡਾ ਦੀ 2021 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਨੇ ਜਿੱਥੇ ਧਾਰਮਿਕ ਲੋਕਾਂ ਨੂੰ ਹੈਰਾਨ ਕੀਤਾ ਹੋਵੇਗਾ, ਉੱਥੇ ਗੈਰ-ਧਾਰਮਿਕ ਲੋਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਕਿ ਕੈਨੇਡਾ ਦਾ ਵੱਡਾ, ਸੋਹਣਾ ਤੇ ਕੁਦਰਤ ਦੇ ਨੇੜੇ ਹੋਣ ਵਾਲਾ ਸੂਬਾ ਬ੍ਰਿਟਿਸ਼ ਕੋਲੰਬੀਆ ਜਿਸ ਵਿਚ ਅੱਧੇ ਤੋਂ ਵੱਧ, ਭਾਵ 52.1% ਲੋਕਾਂ ਨੇ ਆਪਣੇ ਗੈਰ-ਧਾਰਮਿਕ, ਧਰਮ ਨਿਰਪੱਖ ਜਾਂ ਨਾਸਤਿਕ ਹੋਣ ਬਾਰੇ ਦੱਸਿਆ ਹੈ। ਇਸ ਦਾ ਮਤਲਬ ਉਹਨਾਂ ਨੇ ਕਿਸੇ ਗੈਬੀ ਸ਼ਕਤੀ ਰੱਬ ਜਾਂ ਧਾਰਮਿਕ ਸੰਸਥਾਵਾਂ ਜਾਂ ਧਰਮਾਂ ਦੇ ਸਾਏ ਤੋਂ ਮੁਕਤ ਹੋ ਕੇ ਮਨੁੱਖਤਾਵਾਦੀ ਰਾਹ ਨੂੰ ਅਪਣਾਇਆ ਹੈ। ਇਹ ਅੰਕੜੇ ਬ੍ਰਿਟਿਸ਼ ਕੋਲੰਬੀਆ ਵਿਚ 2011 ਵਿਚ 44.1% ਸਨ ਪਰ ਇਸ ਵਾਰ ਇਹਨਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਵਧੀ ਹੈ। ਕੈਨੇਡਾ ਵਿਚ ਕੌਮੀ ਪੱਧਰ ’ਤੇ ਇਹ ਅੰਕੜੇ 34.6% ਹੋ ਗਏ ਹਨ; ਭਾਵ, ਕਹਿ ਸਕਦੇ ਹਾਂ ਕਿ ਕੈਨੇਡਾ ਦੇ ਤੀਜੇ ਹਿੱਸੇ ਤੋਂ ਵੱਧ ਲੋਕ ਕਿਸੇ ਵੀ ਧਰਮ ਜਾਂ ਰੱਬ ਵਿਚ ਯਕੀਨ ਨਹੀਂ ਰੱਖਦੇ। ਸ਼ਹਿਰਾਂ ਵਿਚ ਇਹ ਗਿਣਤੀ ਵੈਨਕੂਵਰ ਵਿਚ 55.8%, ਵਿਕਟੋਰੀਆ ਵਿਚ 63.4%, ਕਲੋਨਾ ਵਿਚ 53.8% ਤੇ ਸ਼ੁਕਾਮਿਸ਼ ਵਿਚ 70.1% ਲੋਕ ਗੈਰ-ਧਾਰਮਿਕ ਹਨ ਜਦਕਿ ਸੂਬਿਆਂ ਦੇ ਪੱਧਰ ’ਤੇ ਯੂਕੋਨ ਵਿਚ 59.7% ਗੈਰ-ਧਾਰਮਿਕ ਲੋਕ ਸਭ ਨਾਲੋਂ ਵੱਧ ਹਨ ਤੇ ਨਿਊ ਫਾਊਂਡਲੈਂਡ ਵਿਚ ਸਭ ਨਾਲੋਂ ਘੱਟ 16.0% ਗੈਰ-ਧਾਰਮਿਕ ਲੋਕ ਹਨ।

ਉੱਪਰ ਲਿਖੇ ਅੰਕੜੇ ਪੜ੍ਹ ਕੇ ਮਨ ਵਿਚ ਬਹੁਤ ਸਾਰੇ ਸਵਾਲ ਪੈਦਾ ਹੁੰਦੇ ਹਨ ਕਿ ਇਹ ਸਾਰਾ ਕੁਝ ਬਦਲਣ ਦੇ ਕਾਰਨ ਕੀ ਹਨ? ਸਾਨੂੰ ਬੇਸ਼ੱਕ ਪਤਾ ਹੈ ਕਿ ਮੁੱਢ ਕਦੀਮ ਤੋਂ ਹੀ ਦੁਨੀਆ ਵਿਚ ਦੋ ਫਿਲਾਸਫੀਆਂ ਕੰਮ ਕਰਦੀਆਂ ਰਹੀਆਂ ਹਨ ਜਿਨ੍ਹਾਂ ਵਿਚੋਂ ਇੱਕ ਪਦਾਰਥਵਾਦ ਨੂੰ ਮੰਨਦੀ ਹੈ ਜੋ ਕਹਿੰਦੀ ਹੈ ਕਿ ਪਹਿਲਾਂ ਮਾਦਾ ਪੈਦਾ ਹੋਇਆ, ਉਸ ਤੋਂ ਬਾਅਦ ਹੌਲੀ ਹੌਲੀ ਵਿਕਾਸ ਹੋ ਕੇ ਅੱਜ ਤੱਕ ਦੀ ਤਬਦੀਲੀ ਸਾਡੇ ਸਾਹਮਣੇ ਆਈ ਹੈ; ਦੂਸਰੇ ਪਾਸੇ ਦੂਸਰੀ ਫਿਲਾਸਫੀ ਜੋ ਅਧਿਆਤਮਵਾਦ ਜਾਂ ਆਦਰਸ਼ਵਾਦ ਨੂੰ ਮੰਨਦੀ ਹੈ, ਅਨੁਸਾਰ ਚੇਤਨਾ ਪਹਿਲਾਂ ਆਈ ਹੈ ਜਾਂ ਇਹ ਸਾਰਾ ਕੁਝ ਰੱਬ ਨੇ ਪੈਦਾ ਕੀਤਾ ਹੈ। ਇਹਨਾਂ ਦੋਨਾਂ ਸੰਕਲਪਾਂ ਦਾ ਆਪਸੀ ਵਿਰੋਧ ਸਦੀਆਂ ਤੋਂ ਹੈ।

ਸਾਨੂੰ ਪਤਾ ਹੈ ਕਿ ਪਹਿਲਾਂ ਪਹਿਲ ਲੋਕ ਜੰਗਲਾਂ ਵਿਚ ਰਹਿੰਦੇ ਜੋ ਪ੍ਰਾਪਤ ਕਰਦੇ, ਵੰਡ ਕੇ ਖਾ ਲੈਂਦੇ; ਫਿਰ ਜਦੋਂ ਕਬੀਲਿਆਂ ਵਿਚ ਰਹਿਣ ਲੱਗੇ, ਆਪੋ-ਆਪਣੇ ਹਿਤਾਂ ਲਈ ਭੰਡਾਰਾ ਕਰਨਾ ਸ਼ੁਰੂ ਕੀਤਾ ਤਾਂ ਸਮਾਜ ਦੋ ਜਮਾਤਾਂ ਵਿਚ ਵੰਡ ਹੋ ਗਿਆ, ਇੱਕ ਅਮੀਰ ਤੇ ਦੂਸਰੀ ਗਰੀਬ। ਅਧਿਆਤਮਵਾਦ ਵਾਲੇ ਸੰਕਲਪ ਪੱਖੀ ਲੋਕ ਅਮੀਰ ਲੋਕਾਂ ਦੇ ਹਿਤ ਵਿਚ ਚਲੇ ਗਏ ਕਿਉਂਕਿ ਉਹਨਾਂ ਦੁਆਰਾ ਹੋ ਰਹੀ ਲੁੱਟ ਨੂੰ ਉਹ ਰੱਬ ਦੀ ਮਰਜ਼ੀ ਨਾਲ ਜੋੜ ਕੇ ਸੱਚਾਈ ਨੂੰ ਛੁਪਾ ਸਕਦੇ ਸਨ। ਧਾਰਮਿਕ ਲੋਕਾਂ ਨੂੰ ਵੀ ਉਹਨਾਂ ਆਪਣੇ ਕਲਾਵੇ ਵਿਚ ਲੈ ਲਿਆ ਕਿਉਂਕਿ ਲੋਕਾਂ ਦੀ ਬੇਸਮਝੀ ਹੀ ਉਹਨਾਂ ਦੀ ਲੁੱਟ ਵਿਚ ਵਾਧਾ ਕਰ ਸਕਦੀ ਸੀ ਅਤੇ ਉਹ ਇਸ ਦਾ ਪ੍ਰਚਾਰ ਬਾਖੂਬੀ ਕਰ ਰਹੇ ਸਨ।

ਇਤਿਹਾਸ ਤੋਂ ਸਬਕ ਸਿੱਖਦੇ ਹੋਏ ਲੋਕਾਂ ਨੂੰ ਸਪੱਸ਼ਟ ਹੋ ਗਿਆ ਹੈ ਕਿ ਸਦੀਆਂ ਤੋਂ ਧਰਮਾਂ ਦੇ ਪੈਰੋਕਾਰਾਂ ਨੇ ਮਨੁੱਖਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਲੋਕਾਂ ਦੀ ਅੰਨ੍ਹੀ ਲੁੱਟ ਕੀਤੀ ਹੈ ਤੇ ਧਰਮਾਂ ਦੇ ਨਾਂ ’ਤੇ ਹੋ ਰਹੀਆਂ ਲੜਾਈਆਂ ਵਿਚ ਸਭ ਤੋਂ ਵੱਧ ਘਾਣ ਮਨੁੱਖਤਾ ਦਾ ਹੋਇਆ ਹੈ; ਇਹ ਸਿਲਸਿਲਾ ਘਟਣ ਦੀ ਬਜਾਇ ਅਜੇ ਵੀ ਭਾਰਤ ਵਰਗੇ ਬਹੁਤ ਸਾਰੇ ਦੇਸ਼ਾਂ ਵਿਚ ਵਧ ਰਿਹਾ ਹੈ। ਭਾਰਤ ਵਿਚ ਅੱਜ ਵੀ ਗਊ, ਸੂਰ, ਕਿਰਪਾਨਾਂ, ਤ੍ਰਿਸ਼ੂਲਾਂ, ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮੁੱਦੇ ਨਿੱਤ ਹਵਾ ਵਿਚ ਉਛਾਲੇ ਜਾਂਦੇ ਹਨ ਤੇ ਲੜਾਈ ਮਿੰਟਾਂ ਸਕਿੰਟਾਂ ਵਿਚ ਕਰਵਾਈ ਜਾ ਸਕਦੀ ਹੈ, ਜਿੱਥੇ ਅਜੇ ਸਾਇੰਸ ਦਾ ਨਹੀਂ ਧਰਮਾਂ ਦਾ ਬੋਲਬਾਲਾ ਜ਼ਿਆਦਾ ਹੈ। ਦੁਨੀਆ ’ਤੇ ਬੇਸ਼ੱਕ ਗਿਣਵੇਂ ਚੁਣਵੇਂ ਧਰਮ ਈਸਾਈ, ਇਸਲਾਮ, ਹਿੰਦੂ, ਸਿੱਖ, ਜੈਨੀ, ਬੋਧੀ ਆਦਿ ਗਿਣੇ ਜਾਂਦੇ ਹਨ ਪਰ ਇਹਨਾਂ ਦੀਆਂ ਬਹੁਤ ਸਾਰੀਆਂ ਸਾਖਾਵਾਂ ਪੈਦਾ ਹੋ ਰਹੀਆਂ ਹਨ। ਇਹਨ੍ਹਾਂ ਸਾਰਿਆਂ ਦਾ ਬੇਸ਼ੱਕ ਕਹਿਣਾ ਹੈ ਕਿ ਉਹ ਸਰਬੱਤ ਦਾ ਭਲਾ ਸੋਚਦੇ ਹਨ, ਮਨੁੱਖ ਨੂੰ ਚੰਗਾ ਬਣਨ ਲਈ ਪ੍ਰੇਰਦੇ ਹਨ ਪਰ ਇਹ ਆਪਸ ਵਿਚ ਹਮੇਸ਼ਾ ਲੜਦੇ ਝਗੜਦੇ ਦਿਸਦੇ ਹਨ, ਆਪਣੇ ਆਪ ਨੂੰ ਉੱਤਮ ਦਰਸਾਉਣ ਵਿਚ ਜੁਟੇ ਹਨ ਤੇ ਲੋਕਾਂ ਨੂੰ ਲੋਕਾਂ ਦੇ ਪੈਸੇ ਨਾਲ ਹੀ ਸਮਾਜ ਭਲਾਈ ਦਾ ਲਾਲਚ ਦੇ ਕੇ ਭਰਮਾਉਣ ਦੀ ਕੋਸ਼ਿਸ਼ ਵਿਚ ਹਨ।

ਇਸ ਖਿੱਚੋਤਾਣ ਕਰ ਕੇ ਅੱਜ ਧਰਮ ਬਦਲੀ ਜਾਂ ਬਹੁਤ ਸਾਰੇ ਡੇਰਿਆਂ ਦਾ ਪੈਦਾ ਹੋਣਾ ਸ਼ੁਰੂ ਹੋਇਆ ਹੈ। ਅਸਲ ਵਿਚ ਇਸ ਦੇ ਵੱਖਰੇ ਕਾਰਨ ਇਹੀ ਹਨ ਕਿ ਮਨੁੱਖ ਹਮੇਸ਼ਾ ਆਰਥਿਕਤਾ ਨਾਲ ਜੁੜਿਆ ਰਿਹਾ ਹੈ। ਉਹ ਆਰਥਿਕ ਪੱਖੋਂ ਆਪਣੀ ਜ਼ਿੰਦਗੀ ਖੁਸ਼ਹਾਲ ਕਰਨਾ ਚਾਹੁੰਦਾ ਹੈ; ਇਸ ਲਈ ਜੋ ਧਰਮ ਉਹਦੇ ਲਈ ਉਹਦੀਆਂ ਲੋੜਾਂ ਦੀ ਪੂਰਤੀ ਕਰਦਾ ਹੈ, ਉਹ ਉਧਰ ਨੂੰ ਹੋ ਜਾਂਦਾ ਹੈ ਜਿਵੇਂ ਅਸੀਂ ਦੇਖਦੇ ਹਾਂ ਕਿ ਡੇਰਿਆਂ ਵਾਲੇ ਜਾਂ ਈਸਾਈ ਮੱਤ ਵਾਲੇ ਮਦਦ ਕਰਦੇ ਹਨ, ਬੱਚਿਆਂ ਨੂੰ ਪੜ੍ਹਾਉਣਾ ਜਾਂ ਵਿਆਹ ਆਦਿ ਕਰਨੇ।

ਕੈਨੇਡਾ ਦੀ ਮਰਦਮਸ਼ੁਮਾਰੀ ਦੇ ਇਹ ਅੰਕੜੇ ਦੱਸਦੇ ਹਨ ਕਿ ਧਰਮਾਂ ਦੁਆਰਾ ਲੋਕਾਂ ਦੇ ਜ਼ਿਹਨ ’ਤੇ ਪਾਏ ਡਰ ਤੇ ਗੈਬੀ ਸ਼ਕਤੀਆਂ ਦੇ ਕਹਿਰ ਨੂੰ ਲੋਕਾਂ ਨੇ ਵਿਗਿਆਨਕ ਤਰੀਕੇ ਨਾਲ ਸਮਝਣ ਤੇ ਤਰਕ ਨਾਲ ਸੋਚਣਾ ਸ਼ੁਰੂ ਕਰ ਦਿੱਤਾ ਹੈ। ਜਿਉਂ ਜਿਉਂ ਮਨੁੱਖ ਦੁਆਰਾ ਵਿਗਿਆਨ ਦੀ ਤਰੱਕੀ ਹੋਈ ਹੈ, ਉਸ ਨੇ ਆਪਣੀ ਨੀਝ ਤੇ ਘੋਖ ਪੜਤਾਲ ਨਾਲ ਉਹ ਰਹੱਸ ਜਿਨ੍ਹਾਂ ਬਾਰੇ ਪਹਿਲਾਂ ਮਨੁੱਖ ਅਗਿਆਨੀ ਸੀ, ਉਹ ਪਰਖ ਦੀ ਕੱਸਵੱਟੀ ਤੇ ਪਰਖ ਕੇ ਲੋਕਾਂ ਸਾਹਮਣੇ ਸੱਚ ਕਰ ਦਿਖਾਇਆ ਹੈ। ਧਰਤੀ ਨੂੰ ਭਾਵੇਂ ਚਪਟੀ ਨਹੀਂ ਗੋਲ ਕਹਿਣ ਦਾ ਸਾਡੇ ਵਿਗਿਆਨੀਆਂ ਨੇ ਹਰਜਾਨਾ ਭੁਗਤਿਆ ਸੀ ਪਰ ਅੱਜ ਦੁਨੀਆ ਦਾ ਬੱਚਾ ਬੱਚਾ ਜਾਣਦਾ ਹੈ ਕਿ ਧਰਤੀ ਵਾਕਿਆ ਹੀ ਗੋਲ ਹੈ। ਕੁਦਰਤ ਦੇ ਨਿਯਮ ਮੁਤਾਬਕ ਹਰ ਜੀਵ ਨੂੰ ਆਪਣੀ ਜ਼ਿੰਦਗੀ ਜਿਊਣ ਲਈ ਢਿੱਡ ਦੀ ਭੁੱਖ ਦੂਰ ਕਰਨ ਲਈ ਕੋਈ ਨਾ ਕੋਈ ਹੀਲਾ ਵਸੀਲਾ ਕਰ ਕੇ ਜ਼ਿੰਦਾ ਰਹਿਣਾ ਪੈਂਦਾ ਹੈ, ਹੁਣ ਇਹ ਮਨੁੱਖ ਨੇ ਸਮਝ ਲਿਆ ਹੈ। ਜੋ ਲੋਕ ਦੂਜਿਆਂ ਦੇ ਟੁਕੜਿਆਂ ’ਤੇ ਪਲਣਾ ਚਾਹੁੰਦੇ ਹਨ, ਉਹ ਲੋਕਾਂ ਨੂੰ ਹਮੇਸ਼ਾ ਗੁਮਰਾਹ ਕਰਦੇ ਹਨ।

ਕੈਨੇਡਾ ਵਿਚ ਬੀਸੀ ਦੇ ਲੋਕਾਂ ਵਿਚ ਇਸ ਤਬਦੀਲੀ ਦਾ ਮੁੱਖ ਕਾਰਨ ਧਰਮਾਂ ਦੁਆਰਾ ਰੈਜ਼ੀਡੈਂਸ਼ੀਅਲ ਸਕੂਲਾਂ ਵਿਚ ਹੋਏ ਤਸ਼ੱਦਦ ਨੂੰ ਦੇਖਿਆ ਜਾ ਸਕਦਾ ਹੈ ਕਿ ਸਰਕਾਰਾਂ ਤੇ ਕੈਥੋਲਿਕ ਚਰਚ ਨੇ ਸਾਂਝੀ ਭਾਈਵਾਲੀ ਵਿਚ ਇੱਥੋਂ ਦੇ ਮੂਲ ਨਿਵਾਸੀਆਂ ਦਾ ਖੁਰਾ ਖੋਜ ਮਿਟਾਉਣ ਲਈ ਉਹਨਾਂ ਦੇ ਬੱਚਿਆਂ ਨੂੰ ਹੀ ਮਾਰ ਮੁਕਾਇਆ ਜਾਂ ਜ਼ਿਹਨ ਵਿਚ ਡਰ ਬਣਾ ਕੇ ਜੀਣ ਲਈ ਮਜਬੂਰ ਕੀਤਾ ਹੈ। ਇਹ ਵੀ ਬਹੁਤੀ ਪੁਰਾਣੀ ਗੱਲ ਨਹੀਂ ਪਰ ਅਜੇ ਵੀ ਧਰਮ ਲੋਕਾਂ ਦੀਆਂ ਜ਼ਿੰਦਗੀਆਂ ਤੇ ਬਹੁਤ ਨਾਂਹ-ਵਾਚਕ ਪ੍ਰਭਾਵ ਪਾ ਰਿਹਾ ਹੈ ਜਦੋਂ ਲੋਕ ਆਪੋ-ਆਪਣੇ ਮਜ਼ਹਬਾਂ ਲਈ ਲੜ ਰਹੇ ਹਨ।

ਜਦੋਂ ਅੰਕੜੇ ਇਹ ਦੱਸ ਰਹੇ ਹਨ ਕਿ ਹੁਣ ਅੱਧ ਤੋਂ ਵੱਧ ਲੋਕ ਧਾਰਮਿਕਤਾ ਵਿਚ ਵਿਸ਼ਵਾਸ ਨਹੀਂ ਕਰਦੇ ਤਾਂ ਇੱਥੋਂ ਦੀਆਂ ਸਰਕਾਰਾਂ ਨੂੰ ਧਾਰਮਿਕ ਅਦਾਰਿਆਂ ਰਾਹੀਂ ਹੋ ਰਹੀ ਲੁੱਟ ’ਤੇ ਵਿਚਾਰ ਕਰਨੀ ਚਾਹੀਦੀ ਹੈ ਅਤੇ ਆਪਣੀਆਂ ਨੀਤੀਆਂ ਵਿਚ ਸੋਧ ਕਰਨੀ ਚਾਹੀਦੀ ਹੈ। ਕੈਨੇਡਾ ਵਿਚ ਅਜੇ ਵੀ ਬਹੁਤ ਸਾਰੇ ਧਾਰਮਿਕ ਸਕੂਲ ਖੁੱਲ੍ਹੇ ਹਨ ਜੋ ਬੇਸ਼ੱਕ ਪ੍ਰਾਈਵੇਟ ਜਾਇਦਾਦ ਹਨ, ਉਹ ਵਿਦਿਆਰਥੀਆਂ ਤੋਂ ਫੀਸਾਂ ਵੀ ਬਹੁਤ ਲੈਂਦੇ ਹਨ ਤੇ ਆਮ ਲੋਕਾਂ ਦੇ ਟੈਕਸ ਵਿਚੋਂ ਵੀ ਵੱਡੀਆਂ ਗਰਾਂਟਾਂ ਹਾਸਲ ਕਰਦੇ ਹਨ।

ਇਸੇ ਤਰ੍ਹਾਂ ਬੀਸੀ ਹਿਊਮਨਿਸਟ ਐਸੋਸੀਏਸ਼ਨ (ਬੀਸੀਐੱਚਏ) ਦਾ ਕਹਿਣਾ ਹੈ ਕਿ ਕੈਥੋਲਿਕ ਹਸਪਤਾਲਾਂ ਨੂੰ ਸਰਕਾਰ ਨੂੰ ਆਪਣੇ ਅਧੀਨ ਕਰਨਾ ਚਾਹੀਦਾ ਹੈ। ਉਹਨਾਂ ਮੁਤਾਬਕ ਸਰਕਾਰ ਦੁਆਰਾ ਬਿਲੀਅਨ ਡਾਲਰ ਧਾਰਮਿਕ ਹੈਲਥ ਕੇਅਰ ਸਹੂਲਤਾਂ ਲਈ ਦਿੱਤਾ ਜਾਂਦਾ ਹੈ। ਕੋਰਟਾਂ ਵਿਚ ਜਾਂ ਸਰਕਾਰੀ ਅਦਾਰਿਆਂ ਵਿਚ ਅਰਦਾਸਾਂ ਆਦਿ ਦਾ ਸਿਸਟਮ ਬੰਦ ਹੋਣਾ ਚਾਹੀਦਾ ਹੈ, ਉਹਨਾਂ ਨੂੰ ਨਿਰਪੱਖ ਤੌਰ ’ਤੇ ਕੰਮ ਕਰਨਾ ਚਾਹੀਦਾ ਹੈ। ਧਰਮ ਹਰ ਸ਼ਖ਼ਸ ਦਾ ਨਿੱਜੀ ਮਸਲਾ ਹੋਣਾ ਚਾਹੀਦਾ ਹੈ, ਮਨੁੱਖ ਆਪਣੇ ਤੌਰ ’ਤੇ ਉਹਦੇ ਲਈ ਕੀ ਕਰਦਾ ਹੈ ਕਰੇ ਪਰ ਸਰਕਾਰਾਂ ਨੂੰ ਸਭ ਦੇ ਹਿਤਾਂ ਬਾਰੇ ਸੋਚਣਾ ਚਾਹੀਦਾ ਹੈ। 2015 ਵਿਚ ਸੁਪਰੀਮ ਕੋਰਟ ਨੇ ਪਾਸ ਕੀਤਾ ਸੀ ਕਿ ਸਿਟੀ ਕੌਂਸਲ ਦੀਆਂ ਮੀਟਿੰਗਾਂ ਦੀ ਸ਼ੁਰੂਆਤ ਲਈ ਅਰਦਾਸ (ਪ੍ਰੇਅਰ) ਕਰਨਾ ਅਸੰਵਿਧਾਨਕ ਹੈ। ਮੁਢਲੀ ਰਿਪੋਰਟ ਮੁਤਾਬਕ ਬੀਸੀਐੱਚਏ ਦੱਸਦੀ ਹੈ ਕਿ ਹੁਣ 11 ਮਿਉਂਸਿਪੈਲਟੀਜ਼ ਆਪਣੀ ਪ੍ਰੈਕਟਿਸ ਬਦਲਣ ਵਾਰੇ ਸੋਚ ਰਹੀਆਂ ਹਨ।

ਇੱਥੇ ਬਹੁਤ ਸਾਰੇ ਰੇਡਿਓ, ਟੈਲੀਵਿਜ਼ਨ ਕੰਮ ਕਰ ਰਹੇ ਹਨ, ਉਹਨਾਂ ਲਈ ਇਹ ਜ਼ਰੂਰੀ ਹੈ ਕਿ ਕੁਝ ਮਿੰਟਾਂ ਲਈ ਉਹਨਾਂ ਲਈ ਰੱਬ ਦਾ ਨਾਂ ਲੈਣਾ ਜ਼ਰੂਰੀ ਹੈ ਜੋ ਗਲਤ ਧਾਰਨਾ ਹੈ; ਨਾਸਤਿਕ ਲੋਕਾਂ ’ਤੇ ਇਹ ਬੇਵਜ੍ਹਾ ਠੋਸੀ ਜਾ ਰਹੀ ਹੈ। ਉਂਝ ਵੀ ਅਸੀਂ ਦੇਖਦੇ ਹਾਂ ਕਿ ਧਾਰਮਿਕ ਸਥਾਨਾਂ ਦੇ ਨਾਂ ’ਤੇ ਲੋਕਾਂ ਨੇ ਛੋਟੇ ਛੋਟੇ ਕਮਰਿਆਂ ਵਿਚ ਧਾਰਮਿਕ ਗ੍ਰੰਥ ਸੁਸ਼ੋਭਿਤ ਕਰ ਕੇ ਸਰਕਾਰੀ ਗਰਾਂਟਾਂ ਲੈਣ ਦੇ ਵੱਡੇ ਵੱਡੇ ਕਾਰਜ ਕੀਤੇ ਹੋਏ ਹਨ ਜਿਨ੍ਹਾਂ ਬਾਰੇ ਸਰਕਾਰ ਨੂੰ ਸੁਚੇਤ ਹੋਣਾ ਚਾਹੀਦਾ ਹੈ।

ਸਭਿਆਚਾਰਕ ਤੌਰ ’ਤੇ ਵੀ ਇਹ ਦੇਖਣ ਲਈ ਮਿਲਦਾ ਹੈ ਕਿ ਕਈ ਗਾਉਣ ਵਾਲੇ ਪ੍ਰੋਗਰਾਮ ਦੀ ਸ਼ੁਰੂਆਤ ਲਈ ਤਾਂ ਰੱਬ ਦੀ ਮਹਿਮਾ ਵਿਚ ਗਾਉਣਗੇ, ਬਾਅਦ ਵਿਚ ਉਹਨਾਂ ਦਾ ਮਿਆਰ ਬਹੁਤ ਥੱਲੇ ਗਿਰ ਜਾਂਦਾ ਹੈ। ਇਸ ਲਈ ਇਹਨਾਂ ਗੱਲਾਂ ਬਾਰੇ ਲੋਕਾਂ ਨੂੰ ਸਮਝਾਉਣ ਦੀ ਲੋੜ ਹੈ ਕਿ ਤੁਸੀਂ ਪੰਜ ਮਿੰਟ ਲਈ ਕਿਸ ਰੱਬ ਨੂੰ ਪੱਠੇ ਪਾ ਰਹੇ ਹੋ ਜੋ ਉਹਨਾਂ ਮੁਤਾਬਕ ਜਿਸ ਦੀ ਮਰਜ਼ੀ ਬਿਨਾ ਪੱਤਾ ਨਹੀਂ ਹਿੱਲਦਾ! ਅਸਲ ਵਿਚ ਹੁਣ ਸਭ ਨੂੰ ਪਤਾ ਹੈ ਕਿ ਹਰ ਚੀਜ਼ ਪੈਸੇ ਜਾਂ ਸਾਡੀਆਂ ਆਰਥਿਕ ਲੋੜਾਂ ਨਾਲ ਜੁੜੀ ਹੈ ਪਰ ਰੱਬ ਦੇ ਮੁਖੌਟੇ ਨਾਲ ਕੁਝ ਲੋਕਾਂ ਨੂੰ ਅੰਧਵਿਸ਼ਵਾਸ ਵਿਚ ਰੱਖਣ ਲਈ ਇਹ ਸਭ ਕੁਝ ਕੀਤਾ ਜਾਂਦਾ ਹੈ।

ਸਾਨੂੰ ਸਾਡੀ ਸੋਚ ਨੂੰ ਨਿਰਪੱਖ ਬਣਾ ਕੇ ਚੱਲਣਾ ਚਾਹੀਦਾ ਹੈ, ਇਸ ਵਿਚ ਹੀ ਮਨੁੱਖਤਾ ਦਾ ਭਲਾ ਹੈ ਤੇ ਸਰਕਾਰਾਂ ਨੂੰ ਵੀ ਗੌਰ ਕਰਨਾ ਚਾਹੀਦਾ ਹੈ ਕਿ ਲੋਕ ਸੁਚੇਤ ਹੋ ਰਹੇ ਹਨ। ਉਹਨਾਂ ਨੇ ਧਰਮ ਦੇ ਨਾਲ ਮਿਲ ਕੇ ਜੋ ਮਨਮਰਜ਼ੀਆਂ ਕਰ ਲਈਆਂ ਹਨ, ਉਹਨਾਂ ਦਾ ਅੰਤ ਹੋਣ ਵਾਲਾ ਹੈ।
ਸੰਪਰਕ: +1-604-760-4794

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਕੈਂਸਰ ਬਾਰੇ ਚੇਤਨਾ ਲਈ ਹੰਭਲੇ

ਕੈਂਸਰ ਬਾਰੇ ਚੇਤਨਾ ਲਈ ਹੰਭਲੇ

ਚੋਣਾਂ ਦੀ ਚਾਸ਼ਣੀ ’ਚ ਲਪੇਟਿਆ ਬਜਟ

ਚੋਣਾਂ ਦੀ ਚਾਸ਼ਣੀ ’ਚ ਲਪੇਟਿਆ ਬਜਟ

ਕਿਸਾਨ ਖੁਦਕੁਸ਼ੀਆਂ: ਕੌਮਾਂਤਰੀ ਵਰਤਾਰਾ

ਕਿਸਾਨ ਖੁਦਕੁਸ਼ੀਆਂ: ਕੌਮਾਂਤਰੀ ਵਰਤਾਰਾ

ਸ਼ਹਿਰ

View All