ਜਸਮੀਨ ਕੌਰ
ਅਜੌਕੇ ਦੌਰ ’ਚ ਨੌਜਵਾਨ ਪੀੜ੍ਹੀ ਅੰਦਰ ਦਿਨੋਂ-ਦਿਨ ਸਹਿਣਸ਼ੀਲਤਾ ਅਤੇ ਅਪਣੱਤ ਘਟ ਰਹੀ ਹੈ। ਇਹ ਪੀੜ੍ਹੀ ਆਪਣੇ ਅਮੀਰ ਵਿਰਸੇ ਅਤੇ ਸੱਭਿਆਚਾਰ ਨੂੰ ਭੁੱਲ ਕੇ ਆਪਣੀ ਪਛਾਣ ਗੁਆਉਂਦੀ ਜਾਪਦੀ ਹੈ। ਇਉਂ ਪ੍ਰਤੀਤ ਹੁੰਦਾ ਹੈ ਕਿ ਭਾਵੇਂ ਅਸੀਂ ਪੁਲਾੜ ਤੱਕ ਪਹੁੰਚ ਰੱਖਣ ਵਾਲੇ ਸਾਇੰਸਦਾਨ ਤਾਂ ਪੈਦਾ ਕਰ ਲਏ ਪਰ ਮਾਨਵ ਜੀਵਨ ਦਾ ਕੀਮਤੀ ਗੁਣ ਸਹਿਣਸ਼ੀਲਤਾ ਅਤੇ ਅਪਣੱਤ ਸ਼ਾਇਦ ਗੁਆ ਲਿਆ ਹੈ। ਬੱਚਿਆਂ ਅਤੇ ਨੌਜਵਾਨਾਂ ’ਚ ਮਾਪਿਆਂ ਅਤੇ ਬਜ਼ੁਰਗਾਂ ਪ੍ਰਤੀ ਘਟ ਰਹੇ ਸਤਿਕਾਰ ਪਿੱਛੇ ਕਈ ਕਾਰਨ ਹਨ, ਜਿਨ੍ਹਾਂ ’ਤੇ ਵਿਚਾਰ ਕਰਨੀ ਸਮੇਂ ਦੀ ਲੋੜ ਹੈ। ਅੱਜ ਦੇ ਅਧੁਨਿਕ ਯੁੱਗ ’ਚ ਬੱਚਿਆਂ ਨੂੰ ਜਿਥੇ ਸਹੂਲਤਾਂ ਲੋੜ ਤੋਂ ਵੱਧ ਮਿਲ ਰਹੀਆਂ ਹਨ, ਉੱਥੇ ਉਹ ਭਾਵਨਾਤਮਕ ਸੋਚ ਤੋਂ ਦੂਰ ਹੁੰਦੇ ਜਾ ਰਹੇ ਹਨ। ਉਨ੍ਹਾਂ ‘ਚ ਬੌਧਿਕ ਤੌਰ ’ਤੇ ਅਨੁਭਵ ਦੀ ਘਾਟ ਰੜਕ ਰਹੀ ਹੈ। ਸ਼ਾਇਦ ਇਸੇ ਕਾਰਨ ਬੱਚਿਆਂ ’ਚ ਸਮਾਜੀ ਕਦਰਾਂ ਕਦਰਾਂ-ਕੀਮਤਾਂ ਘਟ ਰਹੀਆਂ ਹਨ।
ਇਸ ਲਈ ਲੋੜ ਹੈ ਮਾਪਿਆਂ ਅਤੇ ਅਧਿਆਪਕਾਂ ਨੂੰ ਢੁਕਵੇਂ ਕਦਮ ਚੁੱਕਣ ਦੀ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ‘ਚ ਮਨੁੱਖੀ ਭਾਵਨਾਵਾਂ ਨੂੰ ਕਾਇਮ ਰੱਖਿਆ ਜਾ ਸਕੇ। ਬੱਚਿਆਂ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਮੁਤਾਬਕ ਤੇ ਸਾਰਥਕ ਢੰਗ ਨਾਲ ਗੱਲਬਾਤ ਕਰੋ। ਉਨ੍ਹਾਂ ਨੂੰ ਅਹਿਸਾਸ ਕਰਾਉਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸੰਜੀਦਗੀ ਨਾਲ ਸਮਝਦੇ ਹਾਂ। ਜੇ ਉਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਉਨ੍ਹਾਂ ਦੀ ਪ੍ਰਵਾਹ ਨਹੀਂ ਕਰਦੇ, ਤਾਂ ਉਹ ਆਪਣੀਆਂ ਚਿੰਤਾਵਾਂ ਦੱਬੀ ਰੱਖਣਗੇ, ਜਾਂ ਸ਼ਾਇਦ ਕਿਸੇ ਹੋਰ ਕੋਲ ਜਾ ਕੇ ਦਿਲ ਹੌਲਾ ਕਰਨਗੇ ਤੇ ਸਾਡੇ ਤੋਂ ਹੋਰ ਵੀ ਦੂਰ ਚਲੇ ਜਾਣਗੇ।
ਇਸ ਲਈ ਬੱਚਿਆਂ ਨੂੰ ਅਨੁਸ਼ਾਸ਼ਨ ਸਿਖਾਓ, ਉਨ੍ਹਾਂ ਨੂੰ ਸਹੀ ਸੇਧ ਦੇਣ ਲਈ ਪਹਿਲ ਕਰੋ। ਕਦੇ-ਕਦੇ ਅਨੁਸ਼ਾਸਨ ਦਾ ਮਤਲਬ ਹੈ ਬੱਚੇ ਦੇ ਬੁਰੇ ਵਿਹਾਰ ਨੂੰ ਸੁਧਾਰਨਾ ਵੀ ਹੁੰਦਾ ਹੈ। ਇਸ ਵਿਚ ਬੱਚਿਆਂ ਨੂੰ ਨੇਕ ਚਾਲ-ਚਲਣ ਦੀ ਸਿੱਖਿਆ ਦੇਣੀ ਸ਼ਾਮਲ ਹੁੰਦੀ ਹੈ ਤਾਂ ਕਿ ਬੱਚੇ ਸਹੀ ਫ਼ੈਸਲੇ ਕਰ ਸਕਣ। ਕਈ ਵਾਰ ਮਾਪਿਆਂ ਅੰਦਰ ਭੈਅ ਹੁੰਦਾ ਹੈ ਕਿ ਜੇ ਉਹ ਬੱਚੇ ਨੂੰ ਟੋਕਣਗੇ ਜਾਂ ਉਨ੍ਹਾਂ ਦੀ ਗ਼ਲਤੀ ਸੁਧਾਰਨਗੇ, ਤਾਂ ਬੱਚਾ ਆਪਣਾ ਆਤਮ-ਸਨਮਾਨ ਗੁਆ ਬੈਠੇਗਾ। ਪਰ ਸਮਝਦਾਰ ਮਾਪੇ ਆਪਣੇ ਬੱਚਿਆਂ ਲਈ ਜੋ ਵੀ ਜੀਵਨ ਜਾਚ ਦੇ ਨਿਯਮ ਬਣਾਉਂਦੇ ਹਨ ਅਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਯਤਨਸ਼ੀਲ ਰਹਿੰਦੇ ਹਨ। ਇਸ ‘ਚ ਬੱਚਿਆਂ ਨੂੰ ਨੈਤਿਕ ਕਦਰਾਂ-ਕੀਮਤਾਂ ਤੋ ਜਾਣੂ ਕਰਵਾਉਣਾ ਵੀ ਜ਼ਰੂਰੀ ਹੈ। ਛੋਟੀ ਉਮਰ ‘ਚ ਅਜਿਹੇ ਗੁਣ ਨੂੰ ਪੈਦਾ ਕਰਨ ਦਾ ਵਧੀਆ ਸਮਾਂ ਹੁੰਦਾ ਹੈ। ਬੱਚਿਆਂ ਅਤੇ ਨੌਜਵਾਨਾਂ ਦੀ ਜ਼ਿੰਦਗੀ ‘ਚ ਮਾਪਿਆਂ ਤੋਂ ਬਿਨਾਂ ਕਿਸੇ ਦਾ ਵੀ ਇੰਨਾ ਅਸਰ ਨਹੀਂ ਪੈਂਦਾ, ਚਾਹੇ ਉਨ੍ਹਾਂ ਦੇ ਦੋਸਤਾਂ ਦੀ ਹੀ ਕਿਉਂ ਨਾ ਹੋਵੇ। ਚੰਗੀ-ਮਾੜੀ ਸੰਗਤ ਦਾ ਅਸਰ ਦਿਖਾਈ ਦੇਣ ਲੱਗਦਾ ਹੈ। ਇਸ ਮੌਕੇ ਮਾਪਿਆਂ ਤੇ ਅਧਿਆਪਕਾਂ ਨੂੰ ਸਾਰਥਕ ਰੋਲ ਨਿਭਾਉਣਾ ਚਾਹੀਦਾ ਹੈ। ਬੱਚੇ ਸਰੀਰਕ ਤੌਰ ’ਤੇ ਜਿੰਨੇ ਸੋਹਲ ਹੁੰਦੇ ਹਨ, ਮਾਨਸਿਕ ਤੌਰ ’ਤੇ ਵੀ ਓਨੇ ਹੀ ਮਲੂਕ ਹੁੰਦੇ ਹਨ। ਮਾਤਾ-ਪਿਤਾ ਵਲੋਂ ਦਿੱਤੀ ਹਰ ਸਿੱਖਿਆ ਬੱਚਿਆਂ ਦੀ ਮਾਨਸਿਕਤਾ ’ਤੇ ਡੂੰਘਾ ਅਸਰ ਪਾਉਂਦੀ ਹੈ। ਮਾਪਿਆਂ ਨੂੰ ਸਮੇਂ ਦੀ ਮੰਗ ਮੁਤਾਬਕ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣਾ ਚਾਹੀਦਾ ਹੈ, ਤਾਂ ਜੋ ਬੱਚਿਆਂ ਦਾ ਭਾਵਨਾਤਕ ਵਿਕਾਸ ਵੀ ਹੋ ਸਕੇ ਅਤੇ ਸਿਰਜਣਾਤਮਕ ਸਮਾਜ ਦੀ ਹੋਂਦ ਬਰਕਰਾਰ ਰਹਿ ਸਕੇ।
*ਵਿਦਿਆਰਥਣ, ਐਮ.ਏ ਜਰਨਲਿਜ਼ਮ, ਪੰਜਾਬੀ ਯੂਨੀਵਰਸਿਟੀ ਪਟਿਆਲਾ।
ਸੰਪਰਕ: 81466-28394