Decline of Library Culture: ਲਾਇਬ੍ਰੇਰੀ ਜਾਣਾ ਜ਼ਰੂਰੀ ਕਿਉਂ ?
ਆਧੁਨਿਕ ਯੁੱਗ ਵਿੱਚ ਜਿੱਥੇ ਤਕਨਾਲੋਜੀ ਨੇ ਮਨੁੱਖੀ ਜੀਵਨ ਬੇਹੱਦ ਸੁਖਾਲਾ ਬਣਾ ਦਿੱਤਾ ਹੈ, ਉੱਥੇ ਕੁੱਝ ਅਜਿਹੀਆਂ ਰਵਾਇਤਾਂ ਅਤੇ ਆਦਤਾਂ ਹੌਲੀ-ਹੌਲੀ ਦਮ ਤੋੜ ਰਹੀਆਂ ਹਨ ਜੋ ਮਨੁੱਖੀ ਸ਼ਖ਼ਸੀਅਤ ਦੇ ਵਿਕਾਸ ਲਈ ਬਹੁਤ ਜ਼ਰੂਰੀ ਸਨ। ਇਨ੍ਹਾਂ ਵਿੱਚੋਂ ਇੱਕ ਅਹਿਮ ਆਦਤ ਹੈ- ਲਾਇਬ੍ਰੇਰੀ...
ਆਧੁਨਿਕ ਯੁੱਗ ਵਿੱਚ ਜਿੱਥੇ ਤਕਨਾਲੋਜੀ ਨੇ ਮਨੁੱਖੀ ਜੀਵਨ ਬੇਹੱਦ ਸੁਖਾਲਾ ਬਣਾ ਦਿੱਤਾ ਹੈ, ਉੱਥੇ ਕੁੱਝ ਅਜਿਹੀਆਂ ਰਵਾਇਤਾਂ ਅਤੇ ਆਦਤਾਂ ਹੌਲੀ-ਹੌਲੀ ਦਮ ਤੋੜ ਰਹੀਆਂ ਹਨ ਜੋ ਮਨੁੱਖੀ ਸ਼ਖ਼ਸੀਅਤ ਦੇ ਵਿਕਾਸ ਲਈ ਬਹੁਤ ਜ਼ਰੂਰੀ ਸਨ। ਇਨ੍ਹਾਂ ਵਿੱਚੋਂ ਇੱਕ ਅਹਿਮ ਆਦਤ ਹੈ- ਲਾਇਬ੍ਰੇਰੀ ਜਾਣ ਦੀ। ਪਹਿਲੇ ਸਮਿਆਂ ਵਿੱਚ ਵਿਦਿਆਰਥੀ ਅਤੇ ਗਿਆਨ-ਪ੍ਰੇਮੀ ਲਾਇਬ੍ਰੇਰੀਆਂ ਵਿੱਚ ਘੰਟਿਆਂਬੱਧੀ ਬੈਠ ਕੇ ਅਧਿਐਨ ਕਰਦੇ ਸਨ, ਪਰ ਅਜੋਕੇ ਦੌਰ ਵਿੱਚ ਮੋਬਾਈਲ ਫ਼ੋਨ, ਇੰਟਰਨੈੱਟ ਅਤੇ ਸੋਸ਼ਲ ਮੀਡੀਆ ਨੇ ਇਸ ਰੁਝਾਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
ਲਾਇਬ੍ਰੇਰੀ ਇੱਕ ਅਜਿਹਾ ਸਥਾਨ ਹੈ ਜਿੱਥੇ ਸਿਰਫ਼ ਕਿਤਾਬਾਂ ਹੀ ਨਹੀਂ ਹੁੰਦੀਆਂ, ਸਗੋਂ ਗਿਆਨ ਦਾ ਇੱਕ ਵਿਸ਼ਾਲ ਖ਼ਜ਼ਾਨਾ ਹੁੰਦਾ ਹੈ। ਇੱਥੇ ਪਾਠਕਾਂ ਨੂੰ ਵੱਖ-ਵੱਖ ਵਿਸ਼ਿਆਂ ਦੀਆਂ ਪੁਸਤਕਾਂ, ਅਖ਼ਬਾਰ, ਰਸਾਲੇ ਅਤੇ ਖੋਜ ਸਮੱਗਰੀ ਪ੍ਰਾਪਤ ਹੁੰਦੀ ਹੈ। ਇਹ ਸਥਾਨ ਸਿੱਖਣ ਅਤੇ ਚਿੰਤਨ ਕਰਨ ਲਈ ਇੱਕ ਖੁੱਲ੍ਹਾ ਆਕਾਸ਼ ਪ੍ਰਦਾਨ ਕਰਦਾ ਹੈ, ਜਿੱਥੇ ਮਨੁੱਖ ਆਪਣੇ ਮੌਲਿਕ ਵਿਚਾਰਾਂ ਨੂੰ ਵਿਕਸਿਤ ਕਰ ਸਕਦਾ ਹੈ। ਲਾਇਬ੍ਰੇਰੀ ਜਾਣ ਦੀ ਪ੍ਰਵਿਰਤੀ ਵਿਦਿਆਰਥੀਆਂ ਵਿੱਚ ਪੜ੍ਹਨ ਦੀ ਲਗਨ ਪੈਦਾ ਕਰਦੀ ਹੈ। ਜਦੋਂ ਵਿਦਿਆਰਥੀ ਨਿਯਮਿਤ ਤੌਰ ’ਤੇ ਇੱਥੇ ਜਾਂਦੇ ਹਨ ਤਾਂ ਉਨ੍ਹਾਂ ਦੀ ਰੁਚੀ ਸਹਿਜੇ ਹੀ ਅਧਿਐਨ ਵੱਲ ਵਧਣ ਲੱਗਦੀ ਹੈ। ਲਾਇਬ੍ਰੇਰੀ ਦਾ ਸ਼ਾਂਤ ਅਤੇ ਅਨੁਸ਼ਾਸਿਤ ਮਾਹੌਲ ਉਨ੍ਹਾਂ ਨੂੰ ਇਕਾਗਰਤਾ ਬਣਾਈ ਰੱਖਣ ਵਿੱਚ ਮਦਦਗਾਰ ਸਾਬਤ ਹੁੰਦਾ ਹੈ। ਇਸ ਤਰ੍ਹਾਂ ਉਹ ਆਪਣੇ ਵਿਸ਼ਿਆਂ ਨੂੰ ਗਹਿਰਾਈ ਨਾਲ ਸਮਝਣ ਅਤੇ ਪ੍ਰੀਖਿਆ ਵਿੱਚ ਉੱਤਮ ਪ੍ਰਦਰਸ਼ਨ ਕਰਨ ਦੇ ਸਮਰੱਥ ਹੁੰਦੇ ਹਨ।
ਇਸ ਤੋਂ ਇਲਾਵਾ ਲਾਇਬ੍ਰੇਰੀ ਮਨੁੱਖ ਦੇ ਚਰਿੱਤਰ ਨਿਰਮਾਣ ਵਿੱਚ ਵੀ ਫ਼ੈਸਲਾਕੁਨ ਭੂਮਿਕਾ ਨਿਭਾਉਂਦੀ ਹੈ। ਕਿਤਾਬਾਂ ਪੜ੍ਹਨ ਨਾਲ ਮਨੁੱਖ ਵਿੱਚ ਸਹਿਣਸ਼ੀਲਤਾ, ਸੂਝ-ਬੂਝ ਅਤੇ ਨੈਤਿਕਤਾ ਆਉਂਦੀ ਹੈ। ਮਹਾਨ ਲੇਖਕਾਂ ਦੀਆਂ ਕਾਲਜਈ ਰਚਨਾਵਾਂ ਪੜ੍ਹ ਕੇ ਵਿਅਕਤੀ ਨੂੰ ਜੀਵਨ ਦੀਆਂ ਅਸਲ ਕਦਰਾਂ-ਕੀਮਤਾਂ ਦਾ ਪਤਾ ਲਗਦਾ ਹੈ। ਇਸ ਨਾਲ ਉਸ ਦਾ ਮਾਨਸਿਕ ਦਾਇਰਾ ਵਿਸ਼ਾਲ ਹੁੰਦਾ ਹੈ ਅਤੇ ਉਹ ਇੱਕ ਜ਼ਿੰਮੇਵਾਰ ਨਾਗਰਿਕ ਬਣਦਾ ਹੈ। ਅਜੋਕੇ ਦੌਰ ਵਿੱਚ ਨੌਜਵਾਨ ਪੀੜ੍ਹੀ ਦਾ ਧਿਆਨ ਜ਼ਿਆਦਾਤਰ ਸੋਸ਼ਲ ਮੀਡੀਆ ਦੀ ਚਕਾਚੌਂਧ ’ਤੇ ਕੇਂਦਰਿਤ ਹੋ ਗਿਆ ਹੈ। ਫੇਸਬੁੱਕ, ਇੰਸਟਾਗ੍ਰਾਮ ਅਤੇ ਯੂਟਿਊਬ ਆਦਿ ’ਤੇ ਬੇਲੋੜਾ ਸਮਾਂ ਗੁਆਉਣ ਕਾਰਨ ਉਨ੍ਹਾਂ ਵਿੱਚ ਪੜ੍ਹਨ ਦੀ ਆਦਤ ਲਗਾਤਾਰ ਮਨਫ਼ੀ ਹੋ ਰਹੀ ਹੈ। ਇਹ ਰੁਝਾਨ ਸੱਚਮੁੱਚ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸ ਨਾਲ ਉਨ੍ਹਾਂ ਦੀ ਸੋਚਣ ਦੀ ਸ਼ਕਤੀ ਅਤੇ ਇਕਾਗਰਤਾ ’ਤੇ ਨਕਾਰਾਤਮਕ ਪ੍ਰਭਾਵ ਪੈ ਰਿਹਾ ਹੈ। ਜੇਕਰ ਉਹ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਕੁੱਝ ਸਮਾਂ ਲਾਇਬ੍ਰੇਰੀ ਵਿੱਚ ਬਿਤਾਉਣ ਤਾਂ ਉਹ ਆਪਣੇ ਜੀਵਨ ਨੂੰ ਇੱਕ ਨਵੀਂ ਅਤੇ ਸਾਰਥਕ ਦਿਸ਼ਾ ਦੇ ਸਕਦੇ ਹਨ।
ਲਾਇਬ੍ਰੇਰੀ ਸਿਰਫ਼ ਵਿਦਿਆਰਥੀਆਂ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਹ ਹਰ ਉਮਰ ਦੇ ਲੋਕਾਂ ਲਈ ਬੇਹੱਦ ਲਾਹੇਵੰਦ ਹੈ। ਨੌਕਰੀਪੇਸ਼ਾ ਵਿਅਕਤੀ, ਸੁਆਣੀਆਂ ਅਤੇ ਬਜ਼ੁਰਗ ਵੀ ਲਾਇਬ੍ਰੇਰੀ ਤੋਂ ਭਰਪੂਰ ਲਾਹਾ ਲੈ ਸਕਦੇ ਹਨ। ਇਹ ਸਥਾਨ ਹਰ ਵਰਗ ਨੂੰ ਆਪਣੇ ਗਿਆਨ ਦੇ ਦਾਇਰੇ ਨੂੰ ਵਿਸ਼ਾਲ ਕਰਨ ਦਾ ਮੌਕਾ ਦਿੰਦਾ ਹੈ। ਇਸ ਨਾਲ ਸਮਾਜ ਵਿੱਚ ਚੇਤਨਾ ਦਾ ਪਸਾਰ ਹੁੰਦਾ ਹੈ ਅਤੇ ਲੋਕ ਆਪਣੇ ਅਧਿਕਾਰਾਂ ਤੇ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਹੁੰਦੇ ਹਨ। ਸਾਡੇ ਪਿੰਡਾਂ ਵਿੱਚ ਲਾਇਬ੍ਰੇਰੀਆਂ ਦੀ ਘਾਟ ਵੀ ਇੱਕ ਗੰਭੀਰ ਚੁਣੌਤੀ ਹੈ। ਬਹੁਤੇ ਪਿੰਡਾਂ ਵਿੱਚ ਅਜੇ ਵੀ ਮਿਆਰੀ ਲਾਇਬ੍ਰੇਰੀਆਂ ਮੌਜੂਦ ਨਹੀਂ ਹਨ, ਜਿਸ ਕਾਰਨ ਉੱਥੋਂ ਦੇ ਹੋਣਹਾਰ ਵਿਦਿਆਰਥੀ ਇਸ ਅਹਿਮ ਸਹੂਲਤ ਤੋਂ ਵਾਂਝੇ ਰਹਿ ਜਾਂਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਿੰਡਾਂ ਅਤੇ ਕਸਬਿਆਂ ਵਿੱਚ ਲਾਇਬ੍ਰੇਰੀਆਂ ਸਥਾਪਿਤ ਕਰੇ ਅਤੇ ਉਨ੍ਹਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇ।
ਸਕੂਲਾਂ ਅਤੇ ਕਾਲਜਾਂ ਵਿੱਚ ਵੀ ਲਾਇਬ੍ਰੇਰੀ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ। ਅਧਿਆਪਕਾਂ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨ। ਹਫ਼ਤੇ ਵਿੱਚ ਕੁੱਝ ਸਮਾਂ ਲਾਇਬ੍ਰੇਰੀ ਵਿੱਚ ਗੁਜ਼ਾਰਨਾ ਵਿਦਿਆਰਥੀਆਂ ਦੇ ਟਾਈਮ-ਟੇਬਲ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਵਿੱਚ ਪੜ੍ਹਨ ਦੀ ਆਦਤ ਵਿਕਸਿਤ ਹੋਵੇਗੀ। ਲਾਇਬ੍ਰੇਰੀ ਜਾਣ ਦੀ ਆਦਤ ਪਾਉਣ ਲਈ ਕੁੱਝ ਸਰਲ ਤਰੀਕੇ ਅਪਣਾਏ ਜਾ ਸਕਦੇ ਹਨ, ਜਿਵੇਂ ਕਿ ਹਫ਼ਤੇ ਵਿੱਚ ਇੱਕ ਦਿਨ ਲਾਇਬ੍ਰੇਰੀ ਜਾਣ ਲਈ ਨਿਸ਼ਚਿਤ ਕਰਨਾ, ਆਪਣੀ ਦਿਲਚਸਪੀ ਮੁਤਾਬਿਕ ਕਿਤਾਬਾਂ ਦੀ ਚੋਣ ਕਰਨਾ ਅਤੇ ਪੜ੍ਹਨ ਲਈ ਇੱਕ ਟੀਚਾ ਮਿਥਣਾ। ਅਜਿਹਾ ਕਰਨ ਨਾਲ ਇਹ ਆਦਤ ਹੌਲੀ-ਹੌਲੀ ਸਾਡੀ ਜੀਵਨ-ਸ਼ੈਲੀ ਦਾ ਹਿੱਸਾ ਬਣ ਜਾਂਦੀ ਹੈ।
ਅਜੋਕੇ ਡਿਜੀਟਲ ਯੁੱਗ ਵਿੱਚ ‘ਈ-ਲਾਇਬ੍ਰੇਰੀਆਂ’ ਵੀ ਇੱਕ ਨਵੇਂ ਵਿਕਲਪ ਵਜੋਂ ਉੱਭਰੀਆਂ ਹਨ। ਇੰਟਰਨੈੱਟ ਰਾਹੀਂ ਕਿਤਾਬਾਂ ਪੜ੍ਹੀਆਂ ਜਾ ਸਕਦੀਆਂ ਹਨ, ਪਰ ਫਿਰ ਵੀ ਅਸਲ (ਭੌਤਿਕ) ਲਾਇਬ੍ਰੇਰੀ ਦਾ ਆਪਣਾ ਇੱਕ ਵੱਖਰਾ ਹੀ ਮਹੱਤਵ ਹੈ। ਉੱਥੋਂ ਦਾ ਸ਼ਾਂਤ ਮਾਹੌਲ ਅਤੇ ਪੁਸਤਕਾਂ ਦੀ ਖ਼ੁਸ਼ਬੂ ਪਾਠਕ ਨੂੰ ਇੱਕ ਅਲੌਕਿਕ ਸਕੂਨ ਤੇ ਤਸੱਲੀ ਦਿੰਦੀ ਹੈ। ਲਾਇਬ੍ਰੇਰੀ ਸਾਨੂੰ ਸਿਰਫ਼ ਗਿਆਨ ਹੀ ਨਹੀਂ ਵੰਡਦੀ, ਸਗੋਂ ਸਮੇਂ ਦੀ ਕਦਰ ਕਰਨਾ ਵੀ ਸਿਖਾਉਂਦੀ ਹੈ। ਜਦੋਂ ਅਸੀਂ ਨਿਯਮਿਤ ਤੌਰ ’ਤੇ ਲਾਇਬ੍ਰੇਰੀ ਜਾਂਦੇ ਹਾਂ, ਤਾਂ ਅਸੀਂ ਆਪਣੇ ਕੀਮਤੀ ਸਮੇਂ ਦੀ ਸਾਰਥਿਕ ਵਰਤੋਂ ਕਰ ਰਹੇ ਹੁੰਦੇ ਹਾਂ। ਇਹ ਰੁਝਾਨ ਸਾਨੂੰ ਅਨੁਸ਼ਾਸਿਤ, ਸੰਵੇਦਨਸ਼ੀਲ ਅਤੇ ਜ਼ਿੰਮੇਵਾਰ ਇਨਸਾਨ ਬਣਾਉਂਦਾ ਹੈ। ਅੱਜ ਦੇ ਮੁਕਾਬਲੇਬਾਜ਼ੀ ਦੇ ਦੌਰ ਵਿੱਚ ਕਾਮਯਾਬੀ ਹਾਸਲ ਕਰਨ ਲਈ ਲਗਾਤਾਰ ਸਿੱਖਦੇ ਰਹਿਣਾ ਬੇਹੱਦ ਜ਼ਰੂਰੀ ਹੈ। ਲਾਇਬ੍ਰੇਰੀ ਸਿੱਖਣ ਦੀ ਇਸ ਨਿਰੰਤਰ ਪ੍ਰਕਿਰਿਆ ਨੂੰ ਸੁਖਾਲਾ ਬਣਾਉਂਦੀ ਹੈ। ਇੱਥੇ ਮੌਜੂਦ ਪੁਸਤਕਾਂ ਅਤੇ ਹੋਰ ਗਿਆਨ-ਸਰੋਤ ਸਾਨੂੰ ਨਵੇਂ ਵਿਚਾਰਾਂ ਦੇ ਰੂ-ਬਰੂ ਕਰਵਾਉਂਦੇ ਹਨ ਅਤੇ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ।
ਅੰਤ ਵਿੱਚ, ਇਹ ਕਿਹਾ ਜਾ ਸਕਦਾ ਹੈ ਕਿ ਲਾਇਬ੍ਰੇਰੀ ਜਾਣ ਦੀ ਪ੍ਰਵਿਰਤੀ ਇੱਕ ਅਜਿਹੀ ਖ਼ੂਬਸੂਰਤ ਆਦਤ ਹੈ ਜੋ ਇਨਸਾਨ ਦੀ ਜ਼ਿੰਦਗੀ ਬਦਲਣ ਦੀ ਸਮਰੱਥਾ ਰੱਖਦੀ ਹੈ। ਇਹ ਸਿਰਫ਼ ਵਿਦਿਆਰਥੀ ਵਰਗ ਲਈ ਹੀ ਨਹੀਂ, ਸਗੋਂ ਸਮਾਜ ਦੇ ਹਰ ਨਾਗਰਿਕ ਲਈ ਲਾਹੇਵੰਦ ਹੈ। ਜੇਕਰ ਅਸੀਂ ਇਸ ਆਦਤ ਨੂੰ ਆਪਣੀ ਜੀਵਨ ਦਾ ਹਿੱਸਾ ਬਣਾ ਲਈਏ ਤਾਂ ਅਸੀਂ ਨਾ ਸਿਰਫ਼ ਆਪਣੀ ਸ਼ਖ਼ਸੀਅਤ ਨੂੰ ਨਿਖਾਰ ਸਕਦੇ ਹਾਂ, ਬਲਕਿ ਸਮੁੱਚੇ ਸਮਾਜ ਨੂੰ ਨਵੀਆਂ ਉਚਾਈਆਂ ’ਤੇ ਲਿਜਾ ਸਕਦੇ ਹਾਂ। ਇਸ ਲਈ ਸਾਨੂੰ ਸਭ ਨੂੰ ਰਲ ਕੇ ਲਾਇਬ੍ਰੇਰੀ ਜਾਣ ਦੀ ਇਸ ਰਵਾਇਤ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ। ਗਿਆਨ ਹੀ ਅਸਲ ਸ਼ਕਤੀ ਹੈ ਅਤੇ ਲਾਇਬ੍ਰੇਰੀ ਇਸ ਸ਼ਕਤੀ ਦਾ ਸਭ ਤੋਂ ਵੱਡਾ ਅਤੇ ਭਰੋਸੇਯੋਗ ਸਰੋਤ ਹੈ।
ਸੰਪਰਕ: 62396-00623

