ਕਰਜ਼ਾ, ਅਣਖ ਅਤੇ ਬਦਲਦੀਆਂ ਕਦਰਾਂ-ਕੀਮਤਾਂ
ਕੋਈ ਵੀ ਕਾਰੋਬਾਰ ਸ਼ੁਰੂ ਕਰਨਾ ਹੋਵੇ, ਖੇਤੀਬਾੜੀ ਦਾ ਪਸਾਰ ਕਰਨਾ ਹੋਵੇ, ਆਪਣਾ ਮਕਾਨ ਬਣਾਉਣਾ ਹੋਵੇ ਜਾਂ ਫਿਰ ਮੁਲਕ ਅੰਦਰ ਜਾਂ ਵਿਦੇਸ਼ ਜਾ ਕੇ ਉਚੇਰੀ ਸਿੱਖਿਆ ਹਾਸਲ ਕਰਨੀ ਹੋਵੇ- ਅੱਜਕੱਲ੍ਹ ਲਗਪਗ ਸਾਰੇ ਹੀ ਬੈਂਕ ਵੱਖ-ਵੱਖ ਕਾਰਜਾਂ ਲਈ ਕਰਜ਼ਾ ਮੁਹੱਈਆ ਕਰਵਾਉਂਦੇ ਹਨ,...
ਕੋਈ ਵੀ ਕਾਰੋਬਾਰ ਸ਼ੁਰੂ ਕਰਨਾ ਹੋਵੇ, ਖੇਤੀਬਾੜੀ ਦਾ ਪਸਾਰ ਕਰਨਾ ਹੋਵੇ, ਆਪਣਾ ਮਕਾਨ ਬਣਾਉਣਾ ਹੋਵੇ ਜਾਂ ਫਿਰ ਮੁਲਕ ਅੰਦਰ ਜਾਂ ਵਿਦੇਸ਼ ਜਾ ਕੇ ਉਚੇਰੀ ਸਿੱਖਿਆ ਹਾਸਲ ਕਰਨੀ ਹੋਵੇ- ਅੱਜਕੱਲ੍ਹ ਲਗਪਗ ਸਾਰੇ ਹੀ ਬੈਂਕ ਵੱਖ-ਵੱਖ ਕਾਰਜਾਂ ਲਈ ਕਰਜ਼ਾ ਮੁਹੱਈਆ ਕਰਵਾਉਂਦੇ ਹਨ, ਪਰ ਅਸੂਲਨ ਸਾਨੂੰ ਕਰਜ਼ਾ ਬੇਹੱਦ ਲੋੜ ਅਨੁਸਾਰ ਅਤੇ ਕਿਸੇ ਠੋਸ ਮਕਸਦ ਲਈ ਹੀ ਲੈਣਾ ਚਾਹੀਦਾ ਹੈ। ਜੇਕਰ ਕਿਸੇ ਖ਼ਾਸ ਮੰਤਵ ਲਈ ਲਏ ਗਏ ਕਰਜ਼ੇ ਦੀ ਰਕਮ ਨੂੰ ਹੋਰਨਾਂ ਘਰੇਲੂ ਕੰਮਾਂ ਜਾਂ ਫ਼ਜ਼ੂਲ ਖ਼ਰਚਿਆਂ ’ਤੇ ਉਡਾ ਦਿੱਤਾ ਜਾਵੇ ਤਾਂ ਇਹ ਰਕਮ ਇਨਸਾਨ ਸਿਰ ਬਹੁਤ ਵੱਡਾ ਆਰਥਿਕ ਬੋਝ ਬਣ ਜਾਂਦੀ ਹੈ? ਨਿਯਮ ਇਹ ਕਹਿੰਦਾ ਹੈ ਕਿ ਕਰਜ਼ਾ ਜਿਸ ਕੰਮ ਲਈ ਲਿਆ ਗਿਆ ਹੈ, ਉਸ ਦੀ ਵਰਤੋਂ ਹਰ ਹਾਲ ਉਸੇ ਕਾਰਜ ’ਤੇ ਹੀ ਹੋਣੀ ਚਾਹੀਦੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਤੁਸੀਂ ਕਰਜ਼ੇ ਦੀ ਰਕਮ ਵਿਆਜ ਸਮੇਤ ਨਿਸ਼ਚਿਤ ਕਿਸ਼ਤਾਂ ਰਾਹੀਂ ਵਾਪਸ ਮੋੜਨੀ ਹੁੰਦੀ ਹੈ।
ਇਹ ਅਦਾਇਗੀ ਉਦੋਂ ਹੀ ਸੰਭਵ ਹੋ ਸਕਦੀ ਹੈ ਜੇਕਰ ਕਰਜ਼ੇ ਦੀ ਰਕਮ ਦੀ ਸਹੀ ਅਤੇ ਸੁਚੱਜੀ ਵਰਤੋਂ ਕਰਕੇ ਆਪਣੀ ਆਮਦਨ ਵਿੱਚ ਓਨੀ ਹੀ ਬਰਕਤ ਲਿਆਂਦੀ ਜਾਵੇ। ਜੇਕਰ ਕਰਜ਼ੇ ਦੀ ਰਕਮ ਕਿਸੇ ਗ਼ਲਤ ਪਾਸੇ ਨਿਵੇਸ਼ ਹੋ ਜਾਵੇ ਤਾਂ ਕਿਸ਼ਤਾਂ ਟੁੱਟਣੀਆਂ ਸੁਭਾਵਿਕ ਹਨ। ਇਸ ਤੋਂ ਇਲਾਵਾ ਕਰਜ਼ਾ ਨਾ ਮੋੜ ਸਕਣ ਦੇ ਹੋਰ ਵੀ ਕਈ ਗੰਭੀਰ ਕਾਰਨ ਹੋ ਸਕਦੇ ਹਨ, ਜੋ ਅਕਸਰ ਕਰਜ਼ਦਾਰ ਦੇ ਵੱਸ ਤੋਂ ਬਾਹਰ ਹੁੰਦੇ ਹਨ; ਜਿਵੇਂ ਕਿ ਫ਼ਸਲਾਂ ਦੀ ਬਰਬਾਦੀ, ਕਾਰੋਬਾਰ ਦਾ ਅਚਾਨਕ ਠੱਪ ਹੋ ਜਾਣਾ ਜਾਂ ਕੋਈ ਹੋਰ ਕੁਦਰਤੀ ਕਰੋਪੀ।
ਮੇਰੇ ਬੈਂਕਿੰਗ ਕਾਲ ਦੌਰਾਨ ਮੇਰੇ ਸਾਹਮਣੇ ਬਿਲਕੁਲ ਅਜਿਹਾ ਹੀ ਇੱਕ ਮਾਮਲਾ ਆਇਆ ਸੀ। ਕਰਜ਼ਾ ਟਰੈਕਟਰ ਖ਼ਰੀਦਣ ਲਈ ਲਿਆ ਗਿਆ ਸੀ ਅਤੇ ਉਸ ਮਾਮਲੇ ਨੂੰ ਕੋਈ 15-20 ਵਰ੍ਹੇ ਬੀਤ ਚੁੱਕੇ ਸਨ। ਮੈਂ ਉਸ ਕਰਜ਼ਦਾਰ ਨੂੰ ਦੋ-ਤਿੰਨ ਵਾਰ ਮਿਲਿਆ ਤਾਂ ਮੈਨੂੰ ਅਸਲੀਅਤ ਪਤਾ ਲੱਗੀ। ਕਰਜ਼ਾ ਨਾ ਮੋੜ ਸਕਣ ਦਾ ਅਸਲ ਕਾਰਨ ਲਗਾਤਾਰ ਫ਼ਸਲਾਂ ਦਾ ਫੇਲ੍ਹ ਹੋ ਜਾਣਾ ਅਤੇ ਘਰ ਦੇ ਹੋਰ ਸਮਾਜਿਕ ਖ਼ਰਚੇ (ਜਿਵੇਂ ਕਿ ਬੱਚਿਆਂ ਦਾ ਵਿਆਹ ਆਦਿ) ਸਨ। ਉਹ ਇਨਸਾਨ ਮਨੋਂ ਚਾਹੁੰਦਾ ਸੀ ਕਿ ਕਰਜ਼ੇ ਦੀ ਪਾਈ-ਪਾਈ ਵਾਪਸ ਕਰ ਦਿੱਤੀ ਜਾਵੇ, ਪਰ ਉਹ ਆਪਣੀ ਆਰਥਿਕ ਤੰਗੀ ਹੱਥੋਂ ਬੇਵੱਸ ਸੀ। ਉਸ ਨੇ ਬੜੀ ਸੰਜੀਦਗੀ ਨਾਲ ਕਿਹਾ ਕਿ ਉਹ ਕਰਜ਼ਾ ਜ਼ਰੂਰ ਵਾਪਸ ਕਰੇਗਾ, ਪਰ ਸਿਰਫ਼ ਉਸ ਦਿਨ ਜਦੋਂ ਉਸ ਦੀ ਜੇਬ ਇਜਾਜ਼ਤ ਦੇਵੇਗੀ ਜਾਂ ਪੈਸਿਆਂ ਦਾ ਕੋਈ ਬੰਦੋਬਸਤ ਹੋ ਜਾਵੇਗਾ। ਉਸ ਦੀ ਇਹ ਲਾਚਾਰੀ ਅਤੇ ਇਮਾਨਦਾਰੀ ਦੇਖ ਕੇ ਮੈਂ ਮੁੜ ਕਦੇ ਉਸ ਦੇ ਦਰ ’ਤੇ ਨਹੀਂ ਗਿਆ। ਜੇਕਰ ਅੱਜ ਤੋਂ ਕੋਈ 25-30 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਉਸ ਸਮੇਂ ਸਮਾਜਿਕ ਕਦਰਾਂ-ਕੀਮਤਾਂ ਬਿਲਕੁਲ ਵੱਖਰੀਆਂ ਸਨ। ਜੇਕਰ ਕਿਸੇ ਦੇ ਘਰ ਬੈਂਕ ਵਾਲੇ ਕਰਜ਼ੇ ਦੀ ਵਾਪਸੀ ਲਈ ਚਲੇ ਜਾਂਦੇ ਤਾਂ ਲੋਕ ਇਸ ਨੂੰ ਆਪਣੀ ਘੋਰ ਬੇਇੱਜ਼ਤੀ ਸਮਝਦੇ ਸਨ। ਇਹੀ ਕਾਰਨ ਸੀ ਕਿ ਲਗਪਗ 85 ਤੋਂ 90 ਫ਼ੀਸਦੀ ਲੋਕ ਬਿਨਾਂ ਕਹੇ ਖ਼ੁਦ ਹੀ ਸਮੇਂ ਸਿਰ ਕਿਸ਼ਤਾਂ ਵਾਪਸ ਕਰ ਦਿੰਦੇ ਸਨ। ਘਰਾਂ ਅੰਦਰ ਵੀ ਇਹ ਮਰਿਆਦਾ ਹੁੰਦੀ ਸੀ ਕਿ ਕਰਜ਼ੇ ਵਰਗੀਆਂ ਗੱਲਾਂ ਤੋਂ ਔਰਤਾਂ ਅਤੇ ਬੱਚਿਆਂ ਨੂੰ ਬਿਲਕੁਲ ਦੂਰ ਰੱਖਿਆ ਜਾਂਦਾ ਸੀ ਤਾਂ ਜੋ ਉਨ੍ਹਾਂ ਦੇ ਮਨ ’ਤੇ ਕੋਈ ਬੋਝ ਨਾ ਪਵੇ। ਪਰਿਵਾਰ ਦਾ ਮੁਖੀ ਹੀ ਸਾਰੇ ਵਿੱਤੀ ਫ਼ੈਸਲੇ ਲੈਂਦਾ ਸੀ ਅਤੇ ਪਰਿਵਾਰ ਦਾ ਕੋਈ ਹੋਰ ਜੀਅ ਉਸ ਨੂੰ ਕਦੇ ਕੋਈ ਸਵਾਲ ਕਰਨ ਦੀ ਹਿੰਮਤ ਨਹੀਂ ਸੀ ਕਰਦਾ। ਉਸ ਮੁਲਾਕਾਤ ਤੋਂ ਬਾਅਦ ਮੈਂ ਮੁੜ ਕਦੇ ਵੀ ਉਸ ਦੇ ਘਰ ਕਦਮ ਨਹੀਂ ਰੱਖਿਆ ਕਿਉਂਕਿ ਮੈਂ ਉਸ ਦੀ ਬੇਵਸੀ ਅਤੇ ਹਾਲਾਤ ਨੂੰ ਚੰਗੀ ਤਰ੍ਹਾਂ ਸਮਝ ਗਿਆ ਸੀ, ਪਰ ਉਸ ਦਾ ਘਰ ਪਿੰਡ ਦੇ ਬਾਹਰਵਾਰ ਫਿਰਨੀ ਉੱਤੇ ਸੀ। ਆਪਣੇ ਬੈਂਕ ਦੇ ਕੰਮਕਾਜ ਦੇ ਸਿਲਸਿਲੇ ਵਿੱਚ ਜਦੋਂ ਵੀ ਮੈਂ ਉਸ ਪਿੰਡ ਜਾਂ ਅਗਲੇ ਪਿੰਡਾਂ ਵੱਲ ਜਾਂਦਾ ਤਾਂ ਉਹ ਅਕਸਰ ਘਰ ਦੇ ਬਾਹਰ ਡਾਹੇ ਮੰਜੇ ’ਤੇ ਬੈਠਾ ਦਿਖਾਈ ਦਿੰਦਾ। ਉਹ ਬਜ਼ੁਰਗ ਮੇਰੇ ਪਿਤਾ ਦੀ ਉਮਰ ਦਾ ਹੋਣ ਕਰਕੇ ਮੈਂ ਸਤਿਕਾਰ ਵਜੋਂ ਹਮੇਸ਼ਾ ਲੰਘਦੇ ਹੋਏ ‘ਸਤਿ ਸ੍ਰੀ ਅਕਾਲ’ ਜ਼ਰੂਰ ਬੁਲਾਉਂਦਾ ਸੀ।
ਇਸੇ ਤਰ੍ਹਾਂ ਕਰਦਿਆਂ ਜਦੋਂ ਸਾਲ ਤੋਂ ਵੱਧ ਦਾ ਸਮਾਂ ਬੀਤ ਗਿਆ ਤਾਂ ਇੱਕ ਦਿਨ ਉਹ ਅਚਾਨਕ ਬੈਂਕ ਵਿੱਚ ਆਇਆ। ਉਸ ਕੋਲ ਨੋਟਾਂ ਨਾਲ ਭਰਿਆ ਇੱਕ ਝੋਲਾ ਸੀ ਅਤੇ ਉਸ ਨੇ ਆਪਣੇ ਕਰਜ਼ੇ ਦਾ ਸਾਰਾ ਖਾਤਾ ਇੱਕੋ ਵਾਰ ਵਿੱਚ ਚੁਕਤਾ ਕਰ ਦਿੱਤਾ। ਬੈਂਕ ਵੱਲੋਂ ਉਸ ਨੂੰ ਕਲੀਅਰੈਂਸ ਦਾ ਸਰਟੀਫਿਕੇਟ ਦੇ ਦਿੱਤਾ ਗਿਆ। ਮੈਂ ਉਸ ਬਜ਼ੁਰਗ ਨੂੰ ਆਦਰ-ਮਾਣ ਸਹਿਤ ਕੁਰਸੀ ’ਤੇ ਬਿਠਾਇਆ ਅਤੇ ਚਾਹ ਦੇ ਦੋ ਕੱਪਾਂ ਦਾ ਆਰਡਰ ਦੇ ਦਿੱਤਾ। ਉਸ ਨੇ ਚਾਹ ਤਾਂ ਪੀਤੀ, ਪਰ ਬੁੱਲ੍ਹਾਂ ’ਤੇ ਚੁੱਪ ਛਾਈ ਰਹੀ। ਅਖ਼ੀਰ ਮੈਂ ਹੀ ਉਸ ਖ਼ਾਮੋਸ਼ੀ ਨੂੰ ਤੋੜਦਿਆਂ ਪੁੱਛਿਆ, ‘‘ਬਾਪੂ ਜੀ, ਇਹ ਅਚਾਨਕ ਚਮਤਕਾਰ ਕਿਵੇਂ ਹੋਇਆ?’’ ਉਨ੍ਹਾਂ ਬੜੀ ਸੰਜੀਦਗੀ ਨਾਲ ਜਵਾਬ ਦਿੱਤਾ, “ਬੇਟਾ, ਜਦੋਂ ਤੂੰ ਰਾਹੇ-ਬਾਹੇ ਲੰਘਦਾ ਹੋਇਆ ਮੈਨੂੰ ‘ਸਤਿ ਸ੍ਰੀ ਅਕਾਲ’ ਬੁਲਾਉਂਦਾ ਸੀ ਤਾਂ ਇੱਕ ਦਿਨ ਮੇਰੀ ਨੂੰਹ ਨੇ ਮੈਨੂੰ ਪੁੱਛ ਲਿਆ ਕਿ ਬਾਪੂ ਜੀ, ਇਹ ਬੈਂਕ ਵਾਲਾ ਬਾਬੂ ਤੁਹਾਨੂੰ ਰੋਜ਼ ਏਨੀ ਇੱਜ਼ਤ ਨਾਲ ਸਤਿ ਸ੍ਰੀ ਅਕਾਲ ਕਿਉਂ ਬੁਲਾਉਂਦਾ ਹੈ? ਕਿਤੇ ਆਪਾਂ ਬੈਂਕ ਦਾ ਕੋਈ ਕਰਜ਼ਾ ਤਾਂ ਨਹੀਂ ਦੇਣਾ?” ਬਾਪੂ ਨੇ ਭਰੀਆਂ ਅੱਖਾਂ ਨਾਲ ਕਿਹਾ, “ਬੱਸ ਬੇਟਾ, ਮੈਨੂੰ ਆਪਣੀ ਨੂੰਹ ਸਾਹਮਣੇ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ ਅਤੇ ਮੈਂ ਜਿਵੇਂ-ਕਿਵੇਂ ਕਰਕੇ ਇਸ ਕਰਜ਼ੇ ਨੂੰ ਮੋੜਨ ਦਾ ਬੰਦੋਬਸਤ ਕਰ ਲਿਆ।”
ਸੰਪਰਕ: 99103-72972

