‘‘ਭਾਜੀ, ਤੁਹਾਨੂੰ ਨਵੀਂ ਕਹਾਣੀ ਲਈ ਵਿਸ਼ਾ ਦੇਵਾਂ?’’ ਮੇਰੇ ਦੋਸਤ ਕੰਗ ਨੇ ਕਰੋਨਾ ਵਾਲੀ ਗੱਲ ਮੁਕਾ ਕੇ ਪੁੱਛਿਆ। ਉਹ ਮਹੀਨੇ ਵਿੱਚ ਇਕ ਵਾਰ ਅਵੱਸ਼ ਹੀ ਮੈਨੂੰ ਮਿਲਣ ਆਉਂਦਾ ਹੈ। ਵਿੱਚ-ਵਿਚਾਲੇ ਅਸੀਂ ਆਪਸ ਵਿੱਚ ਫੋਨ ਕਰਕੇ ਇਕ-ਦੂਜੇ ਦਾ ਹਾਲ-ਚਾਲ ਪੁੱਛਦੇ ਰਹਿੰਦੇ ਹਾਂ। ਉਸ ਮੈਨੂੰ ਅਨੇਕਾਂ ਕਹਾਣੀਆਂ ਦੇ ਵਿਸ਼ੇ ਦਿੱਤੇ ਪਰ ਮੈਥੋਂ ਕਿਸੇ ’ਤੇ ਵੀ ਸੰਪੂਰਨ ਕਹਾਣੀ ਲਿਖੀ ਨਹੀਂ ਗਈ। ਮੈਂ ਕਹਾਣੀ ਲਿਖਦਾ ਪਰ ਕਹਾਣੀ ‘ਬਣਦੀ’ ਨਾ। ਮੈਂ ਕੰਪੋਜ ਕਰਾਉਂਦਾ। ਕੱਟ-ਵੱਢ ਕਰਦਾ। ਘੁੰਮਦਿਆਂ-ਫਿਰਦਿਆਂ, ਪੜ੍ਹਦਿਆਂ ਮਨ ਨਾਲ ਵਿਚਾਰਾਂ ਕਰਦਾ। ਪਰ ਕਹਾਣੀ ਮੇਰੀ ਫਾਈਲ ਵਿੱਚ ਹੀ ਪਈ ਰਹਿ ਜਾਂਦੀ। ਇਕ ਵਾਰ ਉਸਨੇ ਮੈਨੂੰ ਦੱਸਿਆ ਕਿ ਉਸ ਨੇ ਆਪਣੇ ਬਾਪ ਦਾ ਸੁਆਟਰ ਪਾਇਆ ਤਾਂ ਉਸ ਦੀ ਮਾਂ ਬੜੀ ਔਖੀ ਹੋ ਕੇ ਬੋਲੀ, ‘‘ਮੈਂ ਬੜੀਆਂ ਰੀਝਾਂ ਨਾਲ ਉਨ੍ਹਾਂ ਦਾ ਇਹ ਸੁਆਟਰ ਬੁਣਿਆ। ਤੂੰ ਅੱਜ ਪਾ ਲਿਆ। ਮੁੜ ਕੇ ਨਾ ਪਾਈਂ। ਜਿੱਥੋਂ ਚੁੱਕਿਆ, ਉੱਥੇ ਹੀ ਰੱਖ ਦਈਂ।’’ ਮੈਨੂੰ ਉਸ ਦੀ ਸੁਣਾਈ ਇਸ ਗੱਲ ਨੇ ਹਲੂਣਿਆ। ਮੈਂ ਕੁਝ ਦਿਨਾਂ ਬਾਅਦ ਇਸ ਵਿਸ਼ੇ ’ਤੇ ਕਹਾਣੀ ਲਿਖਣੀ ਸ਼ੁਰੂ ਕੀਤੀ। ਕਿੰਨੇ ਸਾਲ ਉਹ ਕਹਾਣੀ ਮੇਰੇ ਬੇਟੇ ਦੇ ਕੰਪਿਊਟਰ ਵਿੱਚ ਪਈ ਰਹੀ। ਜਦੋਂ ਮੈਨੂੰ ਇਸ ਕਹਾਣੀ ਬਾਰੇ ਕੁਝ ਨਵੀਆਂ ਗੱਲਾਂ ਸੁੱਝੀਆਂ ਤਾਂ ਕਹਾਣੀ ਲੱਭੀ ਹੀ ਨਾ। ਐਦਾਂ ਹੀ ਉਸ ਨੇ ਯੂਪੀ ਦੇ ਇਕ ਰਿਕਸ਼ਾ ਚਾਲਕ ਦੀ ਗੱਲ ਸੁਣਾਈ ਸੀ। ਕੰਗ ਜਮਸ਼ੇਰਪੁਰ ਵੱਲ ਦੁੱਧ ਲੈਣ ਜਾਂਦਾ। ਰਸਤੇ ਵਿੱਚ ਇਕ ਚਾਹ ਦਾ ਖੋਖਾ ਆਉਂਦਾ ਜਿੱਥੇ ਉਸ ਨੂੰ ਅਕਸਰ ਰਿਕਸ਼ਾ ਚਾਲਕ ਮਿਲਦਾ। ਇਕ ਦਿਨ ਉਹ ਰਿਕਸ਼ੇ ’ਤੇ ਬੈਠਾ ਬੀੜੀ ਪੀ ਰਿਹਾ ਸੀ ਕਿ ਇਕ ਸਰਦਾਰ ਜੀ ਨੇ ਆ ਕੇ ਪੁੱਛਿਆ, ‘‘ਹਾਂ ਬਈ, ਬੱਸ ਸਟੈਂਡ ਚੱਲਣਾ? ਕਿੰਨੇ ਪੈਸੇ ਲਵੇਂਗਾ?’’ ਰਿਕਸ਼ੇ ਵਾਲੇ ਨੇ ਕਿਹਾ ਕਿ ਪੰਜਾਹ ਲੈਣੇ। ਸਰਦਾਰ ਜੀ ਨੇ ਚਾਲੀ ਕਿਹਾ, ਪਰ ਉਹ ਨਾ ਮੰਨਿਆ। ਸਰਦਾਰ ਬੁੜ-ਬੁੜ ਕਰਦਾ ਤੁਰ ਗਿਆ। ਕੰਗ ਜਦੋਂ ਦੁੱਧ ਲੈ ਕੇ ਵਾਪਸ ਆਇਆ ਤਾਂ ਉੱਥੇ ਆਪਣੀ ਆਦਤ ਮੁਤਾਬਕ ਅਖ਼ਬਾਰ ਪੜ੍ਹਣ ਲਈ ਖੜ੍ਹ ਗਿਆ। ਉਦੋਂ ਹੀ ਇਕ ਖ਼ੂਬਸੂਰਤ ਔਰਤ ਆਈ। ਰਿਕਸ਼ੇ ਵਾਲੇ ਕੋਲੋਂ ਬੱਸ ਸਟੈਂਡ ਜਾਣ ਬਾਰੇ ਪੁੱਛਿਆ ਤਾਂ ਉਸ ਪੰਜਾਹ ਮੰਗੇ। ਔਰਤ ਨੇ ਕਿਹਾ ਕਿ ਉਹ ਪੈਂਤੀ ਦੇਵੇਗੀ। ਇਕ-ਅੱਧ ਵਾਰ ਨਾਂਹ ਕਰਨ ਮਗਰੋਂ ਉਹ ਮੰਨ ਗਿਆ। ਉਸ ਰਿਕਸ਼ੇ ਦੇ ਰੱਖਣੇ ਵਿੱਚੋਂ ਕੱਪੜਾ ਕੱਢਿਆ। ਸੀਟ ਸਾਫ਼ ਕੀਤੀ। ਸਵਾਰੀ ਨੂੰ ਲੈ ਕੇ ਬੱਸ ਸਟੈਂਡ ਵੱਲ ਤੁਰ ਪਿਆ। ਤੀਜੇ ਦਿਨ ਕੰਗ ਨੇ ਉਸ ਤੋਂ ਪੁੱਛਿਆ, ‘‘ਉਏ ਭੂਤਨੀ ਦਿਆ – ਸਰਦਾਰ ਕੋਲੋਂ ਪੰਜਾਹ ਮੰਗਦਾ ਸੀ, ਜਨਾਨੀ ਕੋਲ ਪੈਂਤੀਆਂ ’ਤੇ ਕਿਉਂ ਮੰਨ ਗਿਆ?’’ ਉਸ ਦਾ ਜੁਆਬ ਸੀ, ‘‘ਮਨ ਕੀ ਮੌਜ ਭੀ ਹੋਤੀ ਹੈ ਬਾਬੂ ਜੀ।’’
‘‘ਮੇਰੀ ਪਿੱਠ ਦੁੱਖਦੀ। ਜੇ ਤੁਸੀਂ ਮਾਈਂਡ ਨਾ ਕਰੋ ਤਾਂ ਮੈਂ ਸਿੱਧਾ ਪੈ ਜਾਵਾਂ?’’ ਮੈਂ ਸ਼ਿਸ਼ਟਾਚਾਰ ਵਜੋਂ ਪੁੱਛਿਆ। ਪਿਛਲੇ ਹਫ਼ਤੇ ਮੈਂ ਛੱਤ ’ਤੇ ਬੈਠਾ ਪੜ੍ਹ ਰਿਹਾ ਸੀ ਕਿ ਮੇਰਾ ਪੋਤਾ ਹੇਠੋਂ ਦੌੜਾ-ਦੌੜਾ ਆਇਆ, ‘‘ਦਾਦੂ… ਦਾਦੂ ਜੀ… ਬਲੂਨ ਵਾਲਾ ਆਇਆ। ਚੱਲੋ ਮੈਨੂੰ ਲੈ ਕੇ ਦਿਉ। ਨ੍ਹੀਂ ਤਾਂ ਉਸ ਚੱਲੇ ਜਾਣਾ।’’ ਮੈਂ ਖੱਬਾ ਹੱਥ ਹੇਠਾਂ ਰੱਖ ਕੇ ਉੱਠਣ ਲੱਗਾ ਤਾਂ ਖੱਬੇ ਪਾਸਿਓਂ (ਲੱਕ ਕੋਲੋਂ) ਕੜਕ ਦੇਣੀ ਹੋਈ। ਸ਼ਾਇਦ ਮਾਸਪੇਸ਼ੀ ਖਿੱਚੀ ਗਈ ਸੀ ਜਾਂ ਜੋੜ ਹਿਲ ਗਿਆ ਸੀ। ਮੈਂ ਹਫ਼ਤਾ ਭਰ ਬਹੁਤ ਹੀ ਔਖਾ ਰਿਹਾ। ਹੁਣ ਕੁਝ ਕੁ ਮੋੜਾ ਪਿਆ ਸੀ ਪਰ ਬਹੁਤਾ ਚਿਰ ਬੈਠਿਆ ਨਹੀਂ ਸੀ ਜਾਂਦਾ।
‘‘ਇਹ ਕਿਹੜੀ ਗੱਲ ਹੋਈ। ਆਪਾਂ ਘਰੇ ਬੈਠੇ ਆਂ।’’ ਉਸ ਨੇ ਮੋਬਾਈਲ ’ਤੇ ਆਇਆ ਮੈਸੇਜ ਪੜ੍ਹ ਕੇ ਕਿਹਾ।
ਮੈਂ ਧੌਣ ਹੇਠ ਸਿਰਹਾਣਾ ਦੂਹਰਾ ਕਰ ਕੇ ਪੈ ਗਿਆ।
‘‘ਭਾਜੀ, ਤੁਹਾਨੂੰ ਨ੍ਹੀਂ ਲੱਗਦਾ ਕਿ ਜਦੋਂ ਦਾ ਫੋਨ ਫਰੀ ਵਰਗਾ ਹੋ ਗਿਆ, ਰਿਸ਼ਤਿਆਂ ’ਚ ਪਹਿਲਾ ਜਿਹਾ ਨਿੱਘ ਨ੍ਹੀਂ ਰਿਹਾ?’’ ਆਪਣੀ ਆਦਤ ਮੂਜਬ ਕੰਗ ਨੇ ਅੱਜ ਫੇਰ ਆਪਣੀ ਇਕ ਹੋਰ ਚਿੰਤਾ ਜ਼ਾਹਿਰ ਕੀਤੀ।
‘‘ਮੈਂ ਆਪਣੇ ਘਰ ’ਚ ਦੇਖਿਆ ਕਿ ਜੇ ਸਾਡੇ ਘਰ ’ਚ ਕੜ੍ਹੀ ਵੀ ਬਣਾਈ ਹੋਵੇ ਤਾਂ ਬਹੂ ਦੀ ਮਾਂ ਨੂੰ ਪਤਾ ਲੱਗ ਜਾਂਦਾ ਕਿ ਕੜ੍ਹੀ ’ਚ ਪਾਏ ਪਕੌੜੇ ਬਾਜ਼ਾਰ ਦੇ ਨੇ ਜਾਂ ਘਰ ਦੇ ਬਣਾਏ ਹੋਏ।’’ ਮੈਂ ਆਪਣੇ ਘਰ ਦੀ ਗੱਲ ਦੱਸੀ।
‘‘ਇਸੇ ਲਈ ਤਾਂ ਹੁਣ ਕਿਤੇ ਆਉਣ ਜਾਣ ਨੂੰ ਮਨ ਨ੍ਹੀਂ ਕਰਦਾ। ਦੇਖੋ ਕਿੱਦਾਂ ਦਾ ਸਮਾਂ ਆ ਗਿਆ- ਭੈਣ-ਭਰਾ ਵੀ ਇੱਕ-ਦੂਜੇ ਦੀ ਮੌਤ ਮੰਗਦੇ ਨੇ। ਹੈ ਨਾ ਭਾਜੀ ਅਜੀਬ ਗੱਲ?’’ ਉਸ ਨੇ ਆਪਣੀ ਗੱਲ ਦੀ ਪ੍ਰੋੜਤਾ ਕਰਨ ਲਈ ਮੈਥੋਂ ਪੁੱਛਿਆ।
‘‘ਹਿਊਮਨ ਸਾਇਕੀ ਬੜੀ ਅਜੀਬ ਆ। ਇਹਦਾ ਕੋਈ ਲੜ ਸਿਰਾ ਨ੍ਹੀਂ ਫੜਿਆ ਜਾਂਦਾ,’’ ਜਿੱਦਾਂ ਮੈਂ, ਮਹਾਭਾਰਤ ਦੇ ਪਾਤਰਾਂ ਦਾ ਵਿਸ਼ਲੇਸ਼ਣ ਕਰਨ ਉਪਰੰਤ ਇਕ ਥਿਊਰੀ ਬਣਾਈ ਸੀ, ਉੱਦਾਂ ਹੀ ਕਿਹਾ।
‘‘ਸਾਡੀ ਕੋਠੀ ਦੇ ਉਪਰਲੇ ਪੋਰਸ਼ਨ ’ਚ ਪਿਛਲੇ ਵੀਹਾਂ ਸਾਲਾਂ ਤੋਂ ਇਕ ਕਿਰਾਏਦਾਰ ਰਹਿੰਦੇ ਨੇ। ਦੋਵੇਂ ਨੌਕਰੀ ਪੇਸ਼ਾ। ਜਗਦੀਸ਼ ਬੈਂਕ ’ਚ ਮੈਨੇਜਰ। ਉਸ ਦੀ ਮਿਸਿਜ਼ ਕਾਂਤਾ ਗੌਰਮੈਂਟ ਸਕੂਲ ’ਚ ਟੀਚਰ। ਆਪਣਾ ਮਕਾਨ ਇਸ ਲਈ ਨ੍ਹੀਂ ਬਣਾਇਆ ਕਿਉਂਜੁ ਉਨ੍ਹਾਂ ਦੀ ਆਪਣੀ ਕੋਈ ਔਲਾਦ ਨ੍ਹੀਂ। ਜਦੋਂ ਔਲਾਦ ਨ੍ਹੀਂ, ਫੇਰ ਕੋਠੀ ਕਿਸ ਲਈ ਬਣਾਉਣੀ। ਦੋਵੇਂ ਰੱਜ ਕੇ ਸਰੀਫ਼। ਕਦੇ ਉੱਚੀ ਬੋਲਦੇ ਨ੍ਹੀਂ ਸੁਣੇ। ਕੰਨ ’ਚ ਪਾਇਆਂ ਨ੍ਹੀਂ ਰੜਕਦੇ… ਲੰਘਦਿਆਂ-ਵੜਦਿਆਂ ਸਤਿ ਸ੍ਰੀ ਅਕਾਲ ਬੁਲਾ ਜਾਂਦੇ। ਰਿਟਾਇਰਮੈਂਟ ਤੋਂ ਬਾਅਦ ਕਾਂਤਾ ਮਿਸਿਜ਼ ਕੋਲ ਆ ਜਾਂਦੀ। ਉਸ ਦਾ ਵੱਡਾ ਦੁੱਖ ਇਹੀ ਆ ਕਿ ਉਨ੍ਹਾਂ ਦੇ ਔਲਾਦ ਨ੍ਹੀਂ ਹੈ। ਇਹ ਵੀ ਗੱਲ ਨ੍ਹੀਂ ਕਿ ਉਨ੍ਹਾਂ ਦੇ ਔਲਾਦ ਨ੍ਹੀਂ ਹੋਈ। ਪਹਿਲਾਂ ਮੁੰਡਾ ਹੋਇਆ ਸੀ। ਉਸ ਦੀ ਵੱਡੀ ਭੈਣ ਰਜਨੀ ਨੇ ਇਹ ਮੁੰਡਾ ਗੋਦ ਲੈ ਲਿਆ ਜ਼ੋਰ ਪਾ ਕੇ, ‘ਇਹ ਬੱਚਾ ਸਾਨੂੰ ਦੇ ਦਿਓ। ਤੁਹਾਡੇ ਤਾਂ ਹੋਰ ਹੋ ਜਾਵੇਗਾ।’ ਕਾਂਤਾ ਨੇ ਭਾਵੁਕ ਹੋ ਕੇ ਮੁੰਡਾ ਵੱਡੀ ਭੈਣ ਨੂੰ ਦੇ ਦਿੱਤਾ। ਰਜਨੀ ਨੇ ਕਾਂਤਾ ’ਤੇ ਬਹੁਤ ਅਹਿਸਾਨ ਕੀਤੇ ਸੀ। ਮਾਂ-ਪਿਓ ਇਕ ਐਕਸੀਡੈਂਟ ’ਚ ਮਾਰੇ ਗਏ। ਰਜਨੀ ਨੇ ਹੀ ਕਾਂਤਾ ਨੂੰ ਪੜ੍ਹਾਇਆ ਤੇ ਉਸ ਦੀ ਮਰਜ਼ੀ ਅਨੁਸਾਰ ਉਸ ਦਾ ਵਿਆਹ ਕੀਤਾ। ਉਹ ਆਪਣੀ ਵੱਡੀ ਭੈਣ ਤੋਂ ਐਦਾਂ ਡਰਦੀ ਆ ਜਿੱਦਾਂ ਕਾਂ ਧੁਨਖੀ ਤੋਂ। ਜਦੋਂ ਵੱਡੀ ਭੈਣ ਸਾਹਮਣੇ ਆ ਜਾਵੇ ਤਾਂ ਉਸ ਦਾ ਭੈਣ ਜੀ ਭੈਣ ਜੀ ਕਹਿੰਦੀ ਦਾ ਮੂੰਹ ਸੁੱਕ ਜਾਂਦਾ।’’ ਉਸ ਨੇ ਚਾਹ ਵਾਲਾ ਕੱਪ ਚੁੱਕਿਆ। ਦੋ ਘੁੱਟ ਭਰੇ। ਆਪਣੀ ਗੱਲ ਜਾਰੀ ਰੱਖੀ।
‘‘ਰਜਨੀ ਨੇ ਨਵਜੀਤ ਨੂੰ ਚਾਵਾਂ ਨਾਲ ਪਾਲਿਆ। ਦੋਵੇਂ ਮੀਆਂ-ਬੀਵੀ ਕਾਲਜ ’ਚ ਲੈਕਚਰਾਰ। ਸਰਕਾਰ ਦੀ ਪੂਰੀ ਮਿਹਰ ਹੋਈ। ਪੰਡ ਰੁਪਈਆਂ ਦੀ ਆਏ ਮਹੀਨੇ ਮਿਲਦੀ। ਪੈਸੇ ਖਰਚਿਆਂ ਮੁਕਦੇ ਨ੍ਹੀਂ। ਨਵਜੀਤ ਇਕ ਚੀਜ਼ ਮੰਗਦਾ ਤਾਂ ਉਹ ਚਾਰ ਖਰੀਦ ਦਿੰਦੇ। ਸ਼ਹਿਰ ਦੇ ਮਹਿੰਗੇ ਸਕੂਲ ’ਚ ਪੜ੍ਹਾਇਆ। ਮੁੰਡਾ ਨੇਕ ਨਿਕਲਿਆ। ਜੇ ਕਦੇ ਇਧਰਲੇ ਮਾਂ-ਪਿਓ ਕਿਸੇ ਵੇਲੇ ਹੱਥ ਘੁਟਦੇ ਤਾਂ ਉਹ ਆਪਣੀ ਜਨਮ-ਜਾਤ ਮੰਮੀ ਕੋਲ ਆ ਜਾਂਦਾ। ਉਸ ਨੂੰ ਉਹ ਆਂਟੀ ਕਹਿੰਦਾ। ਮਾਂ ਦੀ ਮਮਤਾ ਜਾਗਦੀ। ਉਸ ਨੂੰ ਪਛਤਾਵਾ ਹੁੰਦਾ ਕਿ ਉਸ ਆਪਣਾ ਮੁੰਡਾ ਭੈਣ ਨੂੰ ਕਿਉਂ ਦਿੱਤਾ। ਪੁੱਤ ਦੇ ਮੋਹ ’ਚ ਭਿੱਜੀ ਉਹ ਆਪਣਾ ਪਰਸ ਮੁੰਡੇ ਸਾਹਮਣੇ ਰੱਖ ਦਿੰਦੀ ਕਿ ਜਿੰਨੇ ਪੈਸੇ ਚਾਹੀਦੇ ਨੇ, ਉੱਨੇ ਆਪੇ ਹੀ ਕੱਢ ਲੈ। ਫੇਰ ਤਾਂ ਉਸ ਆਪਣਾ ਏ.ਟੀ.ਐਮ. ਕਾਰਡ ਵੀ ਮੁੰਡੇ ਨੂੰ ਦੇ ਦਿੱਤਾ। ਇਹ ਅਵੱਸ਼ ਕਿਹਾ, ‘ਜਿੰਨੇ ਪੈਸੇ ਕਢਵਾਏ, ਮੈਨੂੰ ਫੋਨ ਕਰ ਕੇ ਦੱਸ ਦਈਂ।’ ਇਸ ਮਾਂ ਕੋਲੋਂ ਪੈਸੇ ਲੈਣਾ ਵੀ ਮੁੰਡਾ ਆਪਣਾ ਹੱਕ ਸਮਝਦਾ। ਉਹ ਦੇਖ-ਦੇਖ ਕੇ ਖੀਵੀ ਹੁੰਦੀ ਰਹਿੰਦੀ ਕਿ ਮੇਰਾ ਢਿੱਡੋਂ ਜਾਇਆ ਪੁੱਤ ਕਿੰਨਾ ਜੁਆਨ ਨਿਕਲਿਆ। ਕੁਸ਼ ਵੀ ਹੋਵੇ, ਹੈ ਤਾਂ ਮੇਰਾ ਹੀ ਪੁੱਤ ਨਾ। ਹੋ ਸਕਦਾ ਕਿਸੇ ਦਿਨ ਲੜ-ਝਗੜ ਕੇ ਇੱਧਰ ਹੀ ਆ ਜਾਵੇ। ਮੇਰੇ ਦਰਵਾਜ਼ੇ ਹਮੇਸ਼ਾ ਉਸ ਲਈ ਖੁੱਲ੍ਹੇ ਨੇ।’’
‘‘ਉੱਧਰਲੀ ਮਾਂ ਨੂੰ ਇਸ ਗੱਲ ਦਾ ਹੌਸਲਾ ਹੁੰਦਾ ਕਿ ਉਨ੍ਹਾਂ ਦੇ ਖਾਨਦਾਨ ਦਾ ਕੋਈ ਨਾ ਕੋਈ ਵਾਰਿਸ ਤਾਂ ਹੈ ਨਾ। ਕੀ ਹੋਇਆ ਜੇ ਉਸ ਨਵਜੀਤ ਨੂੰ ਢਿੱਡੋਂ ਨ੍ਹੀਂ ਜੰਮਿਆ। ਜੇ ਉਹ ਕਾਂਤਾ ਦਾ ਖੂਨ ਹੈ ਤਾਂ ਉਸ ਦਾ ਆਪਣਾ ਖੂਨ ਵੀ ਹੈ ਨਾ। ਮਾਂ ਤੇ ਮਾਸੀ ਦਾ ਇਕੋ ਖੂਨ ਹੁੰਦਾ ਹੈ। ਵਿੱਚੋਂ-ਵਿੱਚ ਦੋਵੇਂ ਔਖੀਆਂ ਹੁੰਦੀਆਂ ਰਹਿੰਦੀਆਂ। ਰਜਨੀ ਚਾਹੁੰਦੀ ਸੀ ਕਿ ਉਹ ਕਾਂਤਾ ਵੱਲ ਨਾ ਜਾਵੇ। ਕਾਂਤਾ ਦੀ ਦਿਲੀ ਇੱਛਾ ਸੀ ਕਿ ਉਹ ਪੱਕੇ ਤੌਰ ’ਤੇ ਉਸ ਕੋਲ ਆ ਜਾਵੇ। ਨਵਜੀਤ ਦਾ ਆਪਣੀ ਮਾਂ ਤੇ ਮਾਸੀ ’ਚ ਇਕੋ ਜਿੰਨਾ ਪਿਆਰ ਤੇ ਸਤਿਕਾਰ ਸੀ। ਬਸ ਉੱਨੀ-ਇੱਕੀ ਦਾ ਫਰਕ ਹੋਣਾ। ਦੋਵੇਂ ਜਣੀਆਂ ਆਪੋ ਆਪਣੇ ਥਾਂ ’ਤੇ ਸੱਚੀਆਂ ਸਨ। ਰਜਨੀ ਆਪਣਾ ਅਧਿਕਾਰ ਕਿਸੇ ਵੀ ਕੀਮਤ ’ਤੇ ਗੁਆਉਣਾ ਨ੍ਹੀਂ ਚਾਹੁੰਦੀ ਸੀ। ਹੋਰ ਬੱਚਾ ਨਾ ਹੋਣ ਕਰਕੇ ਕਾਂਤਾ ਦਾ ਮੋਹ-ਪਿਆਰ ਨਵਜੀਤ ਵੱਲ ਡੁੱਲ੍ਹ-ਡੁੱਲ੍ਹ ਕੇ ਪੈਂਦਾ। ਉਸ ਨੂੰ ਪਤਾ ਹੁੰਦਾ ਕਿ ਨਵਜੀਤ ਨੂੰ ਕਿਸ ਰੰਗ ਦੇ ਕੱਪੜੇ ਪਸੰਦ ਨੇ। ਕਿਹੜੇ ਵੇਲੇ ਉਸ ਨਾਲ ਕਿਹੜੀ ਗੱਲ ਕਰਨੀ ਆ। ਕਿਹੜੇ ਮੂਡ ’ਚ ਗੱਲ ਕਰਨੀ ਆ। ਉਹ ਇਸ ਗੱਲ ਪ੍ਰਤੀ ਹਮੇਸ਼ਾ ਸੁਚੇਤ ਰਹਿੰਦੀ ਕਿ ਕਿਤੇ ਮੁੰਡਾ ਨਰਾਜ਼ ਨਾ ਹੋ ਜਾਵੇ। ਜਦੋਂ ਮੁੰਡੇ ਨੇ ਕਾਰ ਲੈਣੀ ਸੀ ਤਾਂ ਉਸ ਨੇ ਮੁੰਡੇ ਨੂੰ ਫੋਨ ਕਰ ਕੇ ਕਿਹਾ ਸੀ ਕਿ ਉਹ ਆਪਣੀ ਪਸੰਦ ਮੁਤਾਬਕ ਕਾਰ ਖਰੀਦੇ। ਜੇ ਪੈਸਿਆਂ ਦੀ ਲੋੜ ਪਈ ਤਾਂ ਉਹ ਦੇ ਦੇਵੇਗੀ। ਉਸ ਇੱਥੋਂ ਤੀਕ ਕਿਹਾ ਸੀ ਕਿ ਉਹ ਕਾਰ ਖਰੀਦਣ ਲਈ ਸਾਰੇ ਪੈਸੇ ਦੇਣ ਨੂੰ ਤਿਆਰ ਆ ਪਰ ਵੱਡੀ ਨੂੰ ਇਸ ਗੱਲ ਦੀ ਭਿਣਕ ਨ੍ਹੀਂ ਲੱਗਣੀ ਚਾਹੀਦੀ।’’
‘‘ਲਓ ਜੀ, ਮੁੰਡੇ ਨੇ ਪੜ੍ਹਾਈ ਪੂਰੀ ਕਰ ਲਈ। ਨੌਕਰੀ ਮਿਲ ਗਈ। ਰਜਨੀ ਨੇ ਨਵਜੀਤ ਦਾ ਵਿਆਹ ਕਰ ਦਿੱਤਾ। ਵਿਆਹ ਹੋ ਗਿਆ ਤਾਂ ਬੱਚੇ ਵੀ ਪੈਦਾ ਹੋਣੇ ਸੀ। ਜਦੋਂ ਨਵਜੀਤ ਦੇ ਘਰੇ ਮੁੰਡੇ ਨੇ ਜਨਮ ਲਿਆ ਤਾਂ ਕਾਂਤਾ ਆਪਣੇ ਗੋਢਿਆਂ ਦਾ ਦਰਦ ਭੁੱਲ ਗਈ। ਉਸ ਨੇ ਮਿਸਿਜ਼ ਨੂੰ ਟੈਲੀਫੋਨ ਨ੍ਹੀਂ ਕੀਤਾ। ਕੁੜੀਆਂ ਵਾਂਗੂ ਦਗੜ-ਦਗੜ ਕਰਦੀ ਪੌੜੀਆਂ ਉਤਰੀ ਤੇ ਬਰਫੀ ਦੀ ਪਲੇਟ ਮਿਸਿਜ਼ ਅੱਗੇ ਕਰਕੇ ਬੋਲੀ, ‘ਭੈਣ ਜੀ, ਅਜੇ ਇਸੇ ਨਾਲ ਮੂੰਹ ਮਿੱਠਾ ਕਰੋ। ਵੱਡੀ ਪਾਰਟੀ ਬਾਅਦ ’ਚ ਕਰਾਂਗੇ। ਮੈਂ ਤਾਂ ਆਪਣੇ ਪੋਤੇ ਦਾ ਨਾਂ ਵੀ ਰੱਖ ਲਿਆ- ਚਿਰਾਗ। ਉਹ ਜਿਹੜਾ ਮਰਜ਼ੀ ਰੱਖਣ। ਮੈਂ ਤਾਂ ਇਸੇ ਨਾਂ ਨਾਲ ਸੱਦਿਆ ਕਰਨਾ।’ ਉਸ ਨੇ ਸਾਰੀ ਕਲੋਨੀ ’ਚ ‘ਲਵਲੀ ਸਵੀਟ ਹਾਊਸ’ ਤੋਂ ਮਿਠਿਆਈ ਦੇ ਡੱਬੇ ਮੰਗਵਾ ਕੇ ਵੰਡੇ। ਖੁਸਰਿਆਂ ਨੂੰ ਟੈਲੀਫੋਨ ਕਰਕੇ ਸੱਦਿਆ। ਭੰਡਾਂ ਕੋਲੋਂ ਬਾਹਰਲੇ ਦਰਵਾਜ਼ੇ ’ਤੇ ਸਰੀਂਹ ਦੇ ਪੱਤੇ ਬੰਨ੍ਹਵਾਏ।’’
‘‘ਜਿਸ ਦਿਨ ਨੂੰਹ-ਪੁੱਤ ਤੇ ਪੋਤਰੇ ਨੇ ਆਉਣਾ ਹੁੰਦਾ, ਉਸ ਦਿਨ ਕਾਂਤਾ ਦੀ ਅੱਡੀ ਫਰਸ਼ ’ਤੇ ਨਾ ਲੱਗਦੀ। ਘਰ ਤਾਂ ਕੀ, ਬਾਹਰਲੀਆਂ ਪੌੜੀਆਂ ਦੀ ਸਫ਼ਾਈ ਆਪ ਕੋਲ ਖੜ੍ਹ ਕੇ ਕਰਾਉਂਦੀ। ਉਹ ਤਾਂ ਚਾਅ-ਚਾਅ ਨਾਲ ਉੱਡੀ ਫਿਰਦੀ। ਮੁੰਡੇ ਦੇ ਪਸੰਦ ਦਾ ਚਿਕਨ ਬਣਾਉਂਦੀ। ਮੱਛੀ ‘ਮਹਿਤਾ ਫਿਸ਼ ਕੋਰਨਰ’ ਤੋਂ ਮੰਗਵਾਉਂਦੀ। ਆਉਂਦੇ ਸਾਰ ਹੀ ਨੂੰਹ ਰਸੋਈ ਦਾ ਕੰਮ ਸੰਭਾਲ ਲੈਂਦੀ। ਕਾਂਤਾ ਪੋਤਰੇ ਨਾਲ ਖੇਡਣ ਲੱਗ ਜਾਂਦੀ। ਆਪਣੇ ਹਸਬੈਂਡ ਨੂੰ ਵਾਰ-ਵਾਰ ਕਹਿੰਦੀ, ‘ਆਹ ਦੇਖੋ ਨਾ ਚਿਰਾਗ ਦਾ ਮੱਥਾ ਤਾਂ ਜਮਾ ਤੁਹਾਡੇ ਵਰਗਾ। ਨੱਕ ਮੇਰੇ ਵਰਗਾ ਤਿੱਖਾ।’ ਉਸ ਦਾ ਹਸਬੈਂਡ ਵੀ ਆਪਣੇ ਪੋਤਰੇ ਵੱਲ ਦੇਖਦਾ-ਦੇਖਦਾ ਭਾਵੁਕ ਹੋ ਜਾਂਦਾ ਪਰ ਉਸ ਕਦੇ ਆਪਣੇ ਪੋਤਰੇ ’ਤੇ ਹੱਕ ਨਾ ਜਤਾਇਆ। ਉਸ ਦੀ ਭਾਵਨਾ ਬਾਬੇ ਵਾਲੀ ਨ੍ਹੀਂ, ਨਾਨੇ ਵਾਲੀ ਰਹੀ। ਨੂੰਹ-ਪੋਤੇ ਨਾਲ ਕਾਂਤਾ ਨੂੰ ਆਪਣਾ ਘਰ ਭਰਿਆ-ਭਰਿਆ ਲੱਗਦਾ। ਜੇ ਬਹੂ ਦੇ ਪਾਏ ਹੋਏ ਕੱਪੜੇ ਉਸ ਨੂੰ ਪਸੰਦ ਨਾ ਆਉਂਦੇ ਤਾਂ ਉਹ ਪਿਓ-ਪੁੱਤ-ਪੋਤਰੇ ਨੂੰ ਘਰੇ ਛੱਡ ਕੇ, ਬਹੂ ਨੂੰ ਨਾਲ ਜਾ ਕੇ ਸ਼ੌਪਿੰਗ ਕਰਵਾਉਂਦੀ। ਅੱਗੋਂ ਪਿੱਛੋਂ ਦਸ ਵੀਹਾਂ ਦੀ ਕਿਰਸ ਕਰਨ ਵਾਲੀ ਸ਼ਾਹ ਖਰਚ ਬਣ ਜਾਂਦੀ। ਸੂਟ ਭਾਵੇਂ ਪੰਜ ਹਜ਼ਾਰ ਦਾ ਆਵੇ ਜਾਂ ਦਸ ਹਜ਼ਾਰ ਦਾ- ਉਹ ਆਪਣੀ ਪਸੰਦ ਦਾ ਹੀ ਲੈ ਕੇ ਦਿੰਦੀ, ‘ਮੇਰੀ ਨੂੰਹ ਰਾਣੀ ਨੂੰ ਜਚਣਾ ਚਾਹੀਦਾ। ਤੇਰੇ ਸਹੁਰੇ ਨੇ ਮੈਨੂੰ ਕਿਹਾ ਹੋਇਆ ਕਿ ਬਹੂ ਦੀ ਖੁਸ਼ੀ ’ਚ ਹੀ ਸਾਡੀ ਖੁਸ਼ੀ ਆ। ਅਸੀਂ ਪੈਸੇ ਜੋੜ ਕੇ ਕੀ ਕਰਨੇ। ਮਗਰੋਂ ਵੀ ਇਨ੍ਹਾਂ ਨੇ ਸਾਂਭਣੇ। ਧੀਏ, ਤੂੰ ਖੁੱਲ੍ਹਾ ਖਰਚ। ਅਜੇ ਤੇਰੀ ਸੱਸ ਜਿਉਂਦੀ ਆ ਤੇਰੀਆਂ ਰੀਝਾਂ ਪੂਰੀਆਂ ਕਰਨ ਵਾਲੀ। ਬਸ ਐਨਾ ਧਿਆਨ ਰੱਖ ਲਈਂ ਕਿ ਵੱਡੀ ਨੂੰ ਪਤਾ ਨਾ ਲੱਗੇ। ਜੇ ਪਤਾ ਲੱਗ ਗਿਆ ਤਾਂ ਉਸ ਨੇ ਬੋਲਣ ਲੱਗਿਆਂ ਇਹ ਵੀ ਭੁੱਲ ਜਾਣਾ ਕਿ ਮੈਂ ਉਸ ਦੀ ਛੋਟੀ ਭੈਣ ਆਂ। ਉਨ੍ਹਾਂ ਨੂੰ ਕਿੱਦਾਂ ਸਮਝਾਵਾਂ ਕਿ ਪੋਤਾ ਮੇਰਾ ਵੀ ਕੁਸ਼ ਲੱਗਦਾ ਆ।’ ਉਹ ਰਾਤ ਨੂੰ ਜਾਣ ਲੱਗਦੇ ਤਾਂ ਉਹ ਜ਼ੋਰ ਦੇ ਕੇ ਕਹਿੰਦੀ, ‘ਇੱਥੇ ਰਹਿ ਲਓ ਨਾ। ਇਹ ਵੀ ਤੁਹਾਡਾ ਘਰ ਹੀ ਹੈ ਨਾ।’ ਨਵਜੀਤ ਕਹਿੰਦਾ, ‘ਰਾਤ ਨੂੰ ਅਸੀਂ ਇਕੱਠਿਆਂ ਨੇ ਰੋਟੀ ਖਾਣ ਦੀ ਆਦਤ ਪਾਈ ਹੋਈ ਆ। ਜੇ ਅਸੀਂ ਨਾ ਗਏ ਤਾਂ ਮੰਮੀ-ਡੈਡੀ ਨੇ ਕੁਸ਼ ਨ੍ਹੀਂ ਖਾਣਾ। ਨਾ ਹੀ ਉਨ੍ਹਾਂ ਨੂੰ ਨੀਂਦ ਆਉਣੀ ਆਂ।’ ਕਾਂਤਾ ਕਹਿਦੀ, ‘ਉਨ੍ਹਾਂ ਨੂੰ ਵੀ ਇੱਥੇ ਬੁਲਾ ਲੈਣੇ ਆਂ।’ ਪਰ ਨਵਜੀਤ ਨਾ ਰੁੱਕਦਾ। ਉਸ ਨੂੰ ਆਪਣੀ ਮਾਂ ਦਾ ਫਿਕਰ ਰਹਿੰਦਾ ਕਿ ਪਤਾ ਨ੍ਹੀਂ ਕੀ-ਕੀ ਸੋਚ ਕੇ ਆਪਣਾ ਬਲੱਡ ਪਰੈਸ਼ਰ ਵਧਾ ਲਵੇਗੀ।’’
‘‘ਕਦੇ-ਕਦੇ ਮੇਰੇ ਮਨ ’ਚ ਆਉਂਦਾ ਕਿ ਮੈਂ ਨਵਜੀਤ ਨੂੰ ਸ਼ਹਿਰ ਦੇ ਕਿਸੇ ਹੋਟਲ ’ਚ ਲੰਚ ਕਰਾਵਾਂ। ਉਸ ਦੇ ਮਨ ਦੀ ਗੱਲ ਪੁੱਛਾਂ। ਇਹੀ ਕਿ ਕਦੇ ਉਸ ਦਾ ਮਨ ਇਹ ਤਾਂ ਨ੍ਹੀਂ ਕਰਦਾ ਕਿ ਆਪਣੇ ਅਸਲੀ ਮਾਂ-ਪਿਓ ਕੋਲ ਪੱਕਾ ਹੀ ਆ ਜਾਵੇ। ਹੁਣ ਉਸ ਦੀ ਮਾਂ ਨੂੰ ਉਸ ਦੀ ਬਹੁਤ ਜ਼ਿਆਦਾ ਲੋੜ ਹੈ। ਜਦੋਂ ਬੰਦਾ ਨੌਕਰੀ ਕਰਦਾ ਹੋਵੇ ਤਾਂ ਸਮਾਂ ਬੀਤਦੇ ਦਾ ਪਤਾ ਨ੍ਹੀਂ ਲੱਗਦਾ। ਰਿਟਾਇਰਮੈਂਟ ਮਗਰੋਂ ਸਮਾਂ ਖੜ੍ਹ ਜਾਂਦਾ। ਕਾਂਤਾ ਨੂੰ ਗੱਠੀਏ ਨੇ ਜ਼ਿਆਦਾ ਹੀ ਤੰਗ ਕੀਤਾ ਹੋਇਆ। ਉਹ ਮਸਾਂ-ਮਸਾਂ ਗੋਡਿਆਂ ਜਾਂ ਸੋਟੀ ’ਤੇ ਭਾਰ ਪਾ ਕੇ ਉੱਠਦੀ। ਦੋ ਨੌਕਰਾਣੀਆਂ ਰੱਖੀਆਂ। ਇਕ ਰੋਟੀ-ਪਾਣੀ ਤੇ ਕੱਪੜੇ ਧੋਣ ਲਈ। ਦੂਜੀ ਸਫਾਈ ਕਰਨ ਲਈ। ਮੀਆਂ-ਬੀਬੀ ਨੂੰ ਲੱਖ ਤੋਂ ਜ਼ਿਆਦਾ ਪੈਨਸ਼ਨ ਮਿਲਦੀ। ਮਕਾਨ ਦਾ ਕਿਰਾਇਆ ਵੀਹ ਹਜ਼ਾਰ ਆ ਮਹੀਨੇ ਦਾ। ਦੋ ਜੀਆਂ ਦਾ ਕਿੰਨਾ ਕੁ ਖਰਚ ਹੋ ਜਾਣਾ। ਮੈਂ ਦੇਖਿਆ ਕਿ ਜਦੋਂ ਕਾਂਤਾ ਦੇ ਨੂੰਹ-ਪੁੱਤ ਚਲੇ ਜਾਂਦੇ ਨੇ ਤਾਂ ਉਹ ਕਿੰਨੇ ਦਿਨ ਉਦਾਸ-ਉਦਾਸ ਰਹਿੰਦੀ ਆ। ਮਿਸਿਜ਼ ਫੋਨ ਕਰਕੇ ਹਾਲ-ਚਾਲ ਪੁੱਛਣ ਤਾਂ ਉਸ ਦੀ ਆਵਾਜ਼ ਨ੍ਹੀਂ ਨਿਕਲਦੀ। ਮੈਂ ਨਵਜੀਤ ਨੂੰ ਸਮਝਾਵਾਂ ਕਿ ਹਫਤੇ ’ਚ ਦੋ ਵਾਰ ਅਵੱਸ਼ ਹੀ ਇੱਧਰ ਗੇੜਾ ਮਾਰਿਆ ਕਰ। ਇਸ ਨਾਲ ਉਸ ਦੀ ਮਾਂ ਨੂੰ ਭਾਵਨਾਤਮਕ ਸਪੋਟ ਮਿਲੇਗੀ। … ਉਸ ਦੀ ਮਾਂ ਤਾਂ ਉਸ ਨਾਲ ਇੱਥੋਂ ਤੀਕ ਜੁੜੀ ਹੋਈ ਹੈ ਕਿ ਜੇ ਉਹ ਨੰਗੇ ਪੈਰ ਵੀ ਪੌੜੀਆਂ ਚੜ੍ਹੇ, ਫੇਰ ਵੀ ਉਹ ਨੂੰ ਪਤਾ ਲੱਗ ਜਾਂਦਾ ਕਿ ਮੇਰਾ ਪੁੱਤ ਆ ਰਿਹਾ। … ਮੈਂ ਉਸ ਨਾਲ ਲੰਮੀ-ਚੌੜੀ ਗੱਲਬਾਤ ਕਰਨੀ ਚਾਹੁੰਦਾ ਸੀ। ਮੈਂ ਪਿੰਡ ’ਚੋਂ ਸ਼ਹਿਰ ਆ ਕੇ ਕੋਠੀ ਬਣਵਾਈ ਪਰ ਪਿੰਡ ਵਾਲਾ ਭਾਈਚਾਰਾ ਕਦੇ ਨ੍ਹੀਂ ਛੱਡਿਆ। ਮੇਰੀ ਮਿਸਿਜ਼ ਨੇ ਵੀ। … ਮੈਨੂੰ ਲੱਗਦਾ ਕਿ ਰਜਨੀ ਨੇ ਮਾਂ ਬਣਨ ਦਾ ਸੁੱਖ ਦੇਖਿਆ। ਕਾਂਤਾ ਨੇ ਜੰਮਣ-ਪੀੜਾ ਸਹੀਆਂ ਪਰ ਬੱਚੇ ਨੂੰ ਖਿਡਾ ਕੇ ਨ੍ਹੀਂ ਦੇਖਿਆ। ਜਦੋਂ ਮਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਵੇ ਕਿ ਕੀ ਹੋਇਆ ਜੇ ਮੈਂ ਢਿੱਡੋਂ ਨ੍ਹੀਂ ਜਾਇਆ ਪਰ ਹੈ ਤਾਂ ਮੇਰਾ ਪੁੱਤ- ਤਾਂ ਉਹ ਆਪਣੇ ਪੁੱਤ ਲਈ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਹੋ ਜਾਂਦੀ ਆ। ਮੈਂ ਇਹ ਭਾਵਨਾ ਰਜਨੀ ’ਚ ਦੇਖੀ ਆ। … ਉਦੋਂ ਕਾਂਤਾ ਜੁਆਨ ਸੀ। ਉਸ ਦਾ ਜ਼ਿਆਦਾ ਧਿਆਨ ਆਪਣੇ ਕੰਮ ਤੇ ਘਰਵਾਲੇ ਵੱਲ ਸੀ। ਫੇਰ ਉਸ ਦੇ ਮਨ ’ਚ ਇਹ ਖਿਆਲ ਕਦੇ ਨ੍ਹੀਂ ਆਇਆ ਸੀ ਕਿ ਮੁੜ ਕੇ ਉਨ੍ਹਾਂ ਦੇ ਔਲਾਦ ਨ੍ਹੀਂ ਹੋਣੀ। ਨਵਜੀਤ ਤੋਂ ਬਾਅਦ ਉਨ੍ਹਾਂ ਚਾਰ ਸਾਲ ਬੱਚਾ ਪੈਦਾ ਨਾ ਹੋਣ ਦਿੱਤਾ। ਫੇਰ ਉਸ ਦੀ ਬਦਲੀ ਹਸਬੈਂਡ ਦੇ ਸ਼ਹਿਰ ਦੀ ਹੋ ਗਈ ਤਾਂ ਉਸ ਇਸ ਬਾਰੇ ਸੋਚਿਆ। ਇੰਗਲਿਸ਼ ’ਚ ਕੀ ਕਹਿੰਦੇ ਹੁੰਦੇ ‘ਯੂ ਹੈਵ ਮਿਸਡ ਦੀ ਟ੍ਰੇਨ’ ਵਾਲੀ ਗੱਲ ਹੋ ਗਈ। ਉਨ੍ਹਾਂ ਮਹਿੰਗੇ ਤੋਂ ਮਹਿੰਗੇ ਡਾਕਟਰ ਨਾਲ ਸੰਪਰਕ ਬਣਾਏ। ਕੋਈ ਪੀਰ-ਪੈਂਗਬਰ ਨਾ ਛੱਡਿਆ ਜਿੱਥੇ ਨੱਕ ਨਾ ਰਗੜਿਆ ਹੋਵੇ। ਬੱਚਾ ਤਾਂ ਨਾ ਹੋਇਆ, ਗੱਠੀਆ ਅਵੱਸ਼ ਹੋ ਗਿਆ।’’
‘‘ਮੈਂ ਆਪਣੇ ਮਨ ਦੀ ਗੱਲ ਮਿਸਿਜ਼ ਨੂੰ ਦੱਸੀ। ਮਿਸਿਜ਼ ਕਹਿੰਦੇ, ‘ਪੁੱਛਣ ਵਾਲੀ ਕਿਹੜੀ ਗੱਲ ਆ। ਉਸ ਨੇ ਰਜਨੀ ਨੂੰ ਆਪਣੀ ਮਾਂ ਮੰਨਿਆ ਹੋਇਆ। ਕਾਂਤਾ ਨੂੰ ਮਾਸੀ। ਉਹ ਕਿਹੜਾ ਅਨਪੜ੍ਹ ਆ ਜਿਹਨੂੰ ਸਮਝਾਉਣ ਦੀ ਲੋੜ ਆ। ਉਸ ਨੂੰ ਸਾਰੀਆਂ ਗੱਲਾਂ ਦਾ ਪਤਾ। ਕੋਈ ਗੱਲ ਲੁਕੀ ਛਿਪੀ ਨ੍ਹੀਂ। ਉਸ ਦੀ ਵਹੁਟੀ ਨੂੰ ਵੀ ਪਤਾ। ਤੁਸੀਂਂ ਚੁੱਪ ਕਰਕੇ ਬੈਠੋ। ਜਨਾਨੀਆਂ ਦੀਆਂ ਗੱਲਾਂ ’ਚ ਨ੍ਹੀਂ ਆਉਣਾ। ਜੇ ਨਾ ਮੰਨੇ ਤਾਂ ਮੈਂ ਕੋਈ ਗੱਲ ਨ੍ਹੀਂ ਦੱਸਿਆ ਕਰਨੀ। ਆਪਣਾ ਪੜ੍ਹਿਆ-ਲਿਖਿਆ ਵਿਚਾਰ ਲਓ।’ ਮੈਂ ਹਥਿਆਰ ਨਾ ਸੁੱਟੇ ਪਰ ਪਹਿਲ ਵੀ ਨਾ ਕੀਤੀ।’’
‘‘ਭਾਜੀ ਬੜੀ ਲੰਮੀ-ਚੌੜੀ ਕਹਾਣੀ ਆ ਇਨ੍ਹਾਂ ਦੋ ਪਰਿਵਾਰਾਂ ਦੀ। ਹੁਣ ਸ਼ੋਰਟ ਫਾਰਮ ’ਚ ਦੱਸਦਾਂ – ਆਖਿਰੀ ਗੱਲ। ਪਿਛਲੇ ਹਫ਼ਤੇ ਅਚਨਚੇਤ ਰਜਨੀ ਆਈ। ਉਪਰਲੇ ਪੋਰਸ਼ਨ ਨੂੰ ਜਿੰਦਰਾ ਲੱਗਾ ਦੇਖ ਕੇ ਮਿਸਿਜ਼ ਕੋਲ ਆ ਬੈਠੀ। ਤੁਹਾਨੂੰ ਪਤਾ ਈ ਆ ਕਿ ਦੋ ਜਨਾਨੀਆਂ ਘੰਟਾ ਕੁ ਕੱਠੀਆਂ ਬੈਠ ਜਾਣ ਤਾਂ ਸੱਤ ਪੀੜ੍ਹੀਆਂ ਦੇ ਪੋਤੜੇ ਫੋਲ ਜਾਂਦੀਆਂ ਨੇ। ਰਜਨੀ ਦੋ ਘੰਟੇ ਮਿਸਿਜ਼ ਕੋਲ ਬੈਠੀ ਆਪਣੇ ਦੁਖੜੇ ਰੋਂਦੀ ਰਹੀ ਕਿ ਕਾਂਤਾ ਨੇ ਉਸ ਦਾ ਪੁੱਤ ਪੱਟ ਕੇ ਲੈ ਜਾਣਾ। ਉਸ ਨੇ ਗੁਰਦੁਆਰੇ ਜਾ ਕੇ ਅਖੰਡ ਪਾਠ ਸੁੱਖਿਆ ਕਿ ਕਾਂਤਾ ਤੇ ਉਸ ਦਾ ਘਰਵਾਲਾ ਮਰ ਜਾਵੇ ਤਾਂ ਉਹ ਆਪਣੇ ਆਖਿਰੀ ਚਾਰ ਦਿਨ ਸੁਖਾਲਿਆਂ ਲੰਘਾ ਲਵੇ। ਪਤਾ ਨ੍ਹੀਂ ਕਦੋਂ ਸੱਚੇ ਪਾਤਸ਼ਾਹ ਨੇ ਉਸ ਦੀ ਦੁੱਖੀ ਆਵਾਜ਼ ਸੁਣਨੀ ਆ। ਐਦਾਂ ਹੀ ਕੁਝ ਦਿਨ ਪਹਿਲਾਂ ਕਾਂਤਾ ਨੇ ਆਪਣੇ ਮਨ ਦੀ ਗੱਲ ਦੱਸੀ ਸੀ, ‘ਮੈਂ ਤਾਂ ਦੋ ਵੇਲੇ ਸੁੱਤੀ ਉੱਠਦੀ ਅਰਦਾਸ ਕਰਦੀ ਆਂ ਕਿ ਵੱਡੀ ਭੈਣ ਤੇ ਜੀਜਾ ਜੀ ਦਾ ਐਕਸੀਡੈਂਟ ਹੋ ਜਾਏ। ਦੋਨੋਂ ਕੱਠੇ ਹੀ ਮਰ ਜਾਣ। ਫੇਰ ਹੀ ਮੇਰੇ ਘਰ ਮੇਰੇ ਨੂੰਹ-ਪੁੱਤ ਆ ਸਕਦੇੇ ਨੇ। ਉਸੇ ਦਿਨ ਮੈਨੂੰ ਚੈਨ ਆਉਣਾ। ਮੈਂ ਰਜਵੀਂ ਨੀਂਦਰੇ ਸੌਣਾਂ। ਜੇ ਇਹ ਹੋ ਜਾਵੇ ਤਾਂ ਮੈਂ ਮਹਾਮਾਈ ਦਾ ਜਗਰਾਤਾ ਕਰਵਾਵਾਂਗੀ।’’
ਇਹ ਕਹਾਣੀ ਸੁਣਾ ਕੇ ਕੰਗ ਨੇ ਮੇਰੇ ਵੱਲ ਦੇਖਿਆ।
ਮੈਂ ਚੁੱਪ ਰਿਹਾ। ਮੇਰੇ ਵਿੱਚ ਕੁਝ ਵੀ ਕਹਿਣ ਜਾਂ ਸੁਣਨ ਦੀ ਸਮਰੱਥਾ ਨਹੀਂ ਰਹੀ ਸੀ।
ਸੰਪਰਕ: 98148-03254