ਸਾਹਿਤ ਮਾਰਗ ਦਾ ਦਰਵੇਸ਼ ਪਾਂਧੀ

ਸਾਹਿਤ ਮਾਰਗ ਦਾ ਦਰਵੇਸ਼ ਪਾਂਧੀ

ਇਕ ਸਾਹਿਤਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸੰਤੋਖ ਸਿੰਘ ਧੀਰ।

ਸਰਬਜੀਤ ਸੋਹੀ

ਆਧੁਨਿਕ ਪੰਜਾਬੀ ਸਾਹਿਤ ਦੇ ਪਹਿਲੇ ਦੌਰ ਦੇ ਕਲਮਕਾਰਾਂ ਵਿਚ ਸੰਤੋਖ ਸਿੰਘ ਧੀਰ ਦਾ ਯੋਗਦਾਨ ਬਹੁਤ ਅਹਿਮ ਅਤੇ ਬਹੁਪੱਖੀ ਹੈ। ਉਨ੍ਹਾਂ ਨੇ ਸਾਹਿਤ ਨੂੰ ਆਪਣੀ ਜ਼ਿੰਦਗੀ ਦੀ ਸੂਝ ਅਤੇ ਸੰਘਰਸ਼ ਵਿੱਚੋਂ ਚੁਣਿਆ ਅਤੇ ਆਖ਼ਰੀ ਸਾਹ ਤੱਕ ਲੇਖਣ ਨੂੰ ਆਪਣੇ ਜੀਵਨ ਦਾ ਮਨੋਰਥ ਬਣਾਈ ਰੱਖਿਆ।

ਸੰਤੋਖ ਸਿੰਘ ਧੀਰ ਦੋ ਦਸੰਬਰ 1920 ਨੂੰ ਪੇਂਡੂ ਬੇਜ਼ਮੀਨੇ ਮਜ਼ਦੂਰ ਦੇ ਘਰ ਪੈਦਾ ਹੋਏ। ਆਰਥਿਕ ਤੰਗੀਆਂ-ਤੁਰਸ਼ੀਆਂ ’ਚ ਪੜ੍ਹੇ ਤੇ ਜਵਾਨ ਹੋਏ। ਗ਼ਰੀਬੀ ਤੇ ਗ਼ਰੀਬਾਂ ਨੂੰ ਨੇੜਿਉਂ ਦੇਖਣ ਕਾਰਨ ਉਨ੍ਹਾਂ ਨੇ ਸਦਾ ਗ਼ਰੀਬਾਂ ਦੇ ਹੱਕ ਵਿਚ ਲਿਖਿਆ। ਉਹ ਆਪਣੇ ਅੱਠ ਭੈਣ-ਭਰਾਵਾਂ ਵਿਚ ਸਭ ਤੋਂ ਵੱਡੇ ਸਨ। ਆਰਥਿਕ ਤੰਗੀਆਂ ਕਾਰਨ ਸਿਰਫ਼ ਛੇਵੀਂ ਜਮਾਤ ਤੱਕ ਹੀ ਪੜ੍ਹ ਸਕੇ। ਉਨ੍ਹਾਂ ਨੂੰ ਸਕੂਲੀ ਵਿੱਦਿਆ ਛੱਡ ਕੇ ਦਰਜੀ ਦਾ ਪਿਤਾ ਪੁਰਖੀ ਧੰਦਾ ਸ਼ੁਰੂ ਕਰਨਾ ਪਿਆ। ਬਾਅਦ ਵਿਚ ਉਨ੍ਹਾਂ ਨੇ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ। ਸਭ ਤੋਂ ਪਹਿਲਾਂ ਮੰਡੀ ਗੋਬਿੰਦਗੜ੍ਹ ਵਿਖੇ ਕੁਝ ਸਮਾਂ ਸ਼ਰਾਬ ਦਾ ਠੇਕਾ ਖੋਲ੍ਹਿਆ, ਪਰ ਜਲਦੀ ਹੀ ਆਪਣੀ ਤਬੀਅਤ ਦੇ ਮੁਆਫ਼ਕ ਨਾ ਹੋਣ ਕਰਕੇ ਇਹ ਕੰਮ ਛੱਡ ਦਿੱਤਾ। ਉਨ੍ਹਾਂ ਨੂੰ ਦੋ ਵਾਰ ਨੌਕਰੀ ਦੀ ਚੰਗੀ ਪੇਸ਼ਕਸ਼ ਆਈ, ਪਰ ਇਹ ਨੌਕਰੀਆਂ ਲਿਖਣ ਰੁਚੀਆਂ ਲਈ ਬੰਦਿਸ਼ਾਂ ਵਾਲੀਆਂ ਹੋਣ ਕਰਕੇ ਠੁਕਰਾ ਦਿੱਤੀਆਂ। ਕੁਝ ਸਮਾਂ ਸਕੂਲ ਅਧਿਆਪਕ ਰਹੇ। ਫਿਰ ਅਧਿਆਪਨ ਦਾ ਕਿੱਤਾ ਵੀ ਜਲਦੀ ਹੀ ਤਿਆਗ ਦਿੱਤਾ। ਕੁਝ ਸਮਾਂ ਜੀਵਨ ਪ੍ਰੀਤੀ ਵਿਚ ਨੌਕਰੀ ਕੀਤੀ। ਇਸ ਤੋਂ ਬਾਅਦ ਸਮੇਂ ਸਮੇਂ ’ਤੇ ਹਰਮਨ ਪਿਆਰੇ ਮੈਗਜ਼ੀਨ ਪ੍ਰੀਤਲੜੀ, ਪੰਜ ਦਰਿਆ ਅਤੇ ਅਖ਼ਬਾਰ ਨਵਾਂ ਜ਼ਮਾਨਾ ਵਿਚ ਕੰਮ ਕੀਤਾ। ਸੰਤੋਖ ਸਿੰਘ ਧੀਰ ਪਰੂਫ਼ ਰੀਡਰ ਬਣਨ ਲਈ ਪੈਦਾ ਨਹੀਂ ਹੋਇਆ ਸੀ। ਉਸ ਦੇ ਅੰਦਰਲਾ ਸਾਹਿਤਕ ਸੋਮਾ ਬੇਰੋਕ ਵਹਿਣ ਲਈ ਤਤਪਰ ਸੀ। ਆਖ਼ਰ ਉਸ ਨੇ ਇਸ ਸਭ ਕਾਸੇ ਨੂੰ ਅਲਵਿਦਾ ਕਹਿ ਕਿ ਨਿਰੋਲ ਰੂਪ ਵਿਚ ਕਲਮਕਾਰੀ ਨੂੰ ਆਪਣਾ ਜੀਵਨ ਆਦਰਸ਼ ਬਣਾ ਲਿਆ।

ਸੰਤੋਖ ਸਿੰਘ ਧੀਰ ਦੀ ਕਲਮ ਤੋਂ ਨਿਕਲੀਆਂ ਮੁੱਢਲੇ ਦੌਰ ਦੀ ਕਵਿਤਾਵਾਂ ਉਸ ਦੇ ਪਹਿਲੇ ਕਾਵਿ-ਸੰਗ੍ਰਹਿ ‘ਗੁੱਡੀਆਂ-ਪਟੋਲੇ’ ਵਿਚ ਪ੍ਰਕਾਸ਼ਿਤ ਹੋਈਆਂ ਜੋ 1944 ’ਚ ਛਪਿਆ। 1960 ਵਿਚ ਉਸ ਦਾ ਕਾਵਿ-ਸੰਗ੍ਰਹਿ ਬਿਰਹੜੇ ਆਇਆ। ਇਸ ਤੋਂ ਅਗਲੇ 16 ਸਾਲ ਸੰਤੋਖ ਸਿੰਘ ਧੀਰ ਦੀਆਂ ਵਾਰਤਕ ਪੁਸਤਕਾਂ ਆਉਂਦੀਆਂ ਰਹੀਆਂ, ਪਰ ਕਾਵਿ ਪੁਸਤਕ ਦੀ ਹਾਜ਼ਰੀ ਉਸਦੀ ਕਵਿਤਾ ਦੇ ਦੂਸਰੇ ਦੌਰ ਦੌਰਾਨ 1976 ਵਿਚ ਕਾਵਿ ਸੰਗ੍ਰਹਿ ‘ਅੱਗ ਦੇ ਪੱਤੇ’ ਨਾਲ ਲੱਗੀ। ਸੰਤੋਖ ਸਿੰਘ ਦੀਆਂ ਕਵਿਤਾਵਾਂ ਦੀ ਅਸਲ ਪਛਾਣ ਉਸਦੇ ਦੂਜੇ ਦੌਰ ਨਾਲ ਹੁੰਦੀ ਹੈ, ਜਦੋਂ ਉਹ ਨਿੱਜੀ ਦਰਦ ਅਤੇ ਅਹਿਸਾਸਾਂ ਦੀ ਵਲਗਣ ਉਲੰਘ ਕੇ ਸਮਾਜਿਕ ਵਖਰੇਵਿਆਂ ਅਤੇ ਰਾਜਨੀਤਕ ਹਾਲਤਾਂ ਦੇ ਰੂ-ਬ-ਰੂ ਹੋਇਆ। ਕਮਿਊਨਿਸਟ ਪਾਰਟੀ ’ਤ ਸਰਗਰਮੀ ਅਤੇ ਲੋਕ ਘੋਲਾਂ ’ਚ ਨਿਤਰਣ ਨਾਲ ਉਸ ਦੀ ਕਵਿਤਾ ਪ੍ਰਚੰਡ ਹੋ ਕੇ ਸਾਹਮਣੇ ਆਈ। 1975 ਵਿਚ ਐਮਰਜੈਂਸੀ ਲੱਗਣ ਤੱਕ ਭਾਰਤ ਵਿਚ ਤਿੱਖੇ ਸੰਘਰਸ਼ ਅਤੇ ਲੋਕ ਲਾਮਬੰਦੀਆਂ ਧੀਰ-ਕਾਵਿ ਦੀ ਬੁਨਿਆਦ ਬਣੇ। ਉਸ ਦੀ ਕਵਿਤਾ ਮਾਨਵੀ ਸਰੋਕਾਰ ਅਤੇ ਸਮਾਜਵਾਦੀ ਜਜ਼ਬੇ ਨਾਲ ਲਬਰੇਜ਼ ਹੋ ਕੇ ਮਨੁੱਖੀ ਹਕੂਕ ਦੀ ਪੈਰਵਾਈ ਕਰਦੀ ਹੈ। ਸੰਤੋਖ ਸਿੰਘ ਧੀਰ ਦੀ ਕਵਿਤਾ ਬਹੁਤੀਆਂ ਤੀਬਰ ਅਤੇ ਤਿੱਖੀਆਂ ਸੁਰਾਂ ਤੋਂ ਗੁਰੇਜ਼ ਕਰਦਿਆਂ ਨਿਮਨ ਵਰਗ ਦੀ ਜ਼ਿੰਦਗੀ ਨੂੰ ਨੇੜਿਓਂ ਚਿਤਰਣ ਦਾ ਯਤਨ ਕਰਦੀ ਹੈ। ਧੀਰ ਦੀਆਂ ਕਵਿਤਾਵਾਂ ਦੇ ਬਿੰਬ ਵਿਧਾਨ ਅਕਾਦਮਿਕ ਸਜਾਵਟ ਦੀ ਬਜਾਏ ਮਿੱਟੀ ਨਾਲ ਮਿੱਟੀ ਹੋਏ ਕਿਰਤੀ ਦੇ ਮੁੜਕੇ ਦੀ ਮਹਿਕ ਨੂੰ ਪੇਸ਼ ਕਰਨ ਵਾਲੇ ਹਨ। ਸਾਂਝੇ ਪੰਜਾਬ ਦੀ ਸਭਿਆਚਾਰਕ ਨੁਹਾਰ ਅਤੇ ਪੰਜਾਬੀਅਤ ਦੀ ਮੜਕ ਧੀਰ ਦੀ ਕਵਿਤਾ ਦੀ ਪਛਾਣ ਹੈ।

ਸੰਤੋਖ ਸਿੰਘ ਧੀਰ ਇਕ ਕਵੀ ਹੋਣ ਦੇ ਨਾਲ ਨਾਲ ਚੰਗਾ ਵਾਰਤਕ ਲਿਖਾਰੀ ਵੀ ਸੀ। ਉਸ ਨੇ ਬਹੁਤ ਸਾਰੇ ਨਾਵਲ ਅਤੇ ਕਹਾਣੀ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ। ਵਾਰਤਕ ਵਿਚ ਖ਼ਾਸ ਤੌਰ ’ਤੇ ਉਸਦੀਆਂ ਕਹਾਣੀਆਂ ਦਾ ਜ਼ਿਕਰ ਕੀਤੇ ਬਿਨਾ ਪੰਜਾਬੀ ਕਹਾਣੀ ਦਾ ਇਤਿਹਾਸ ਅਧੂਰਾ ਰਹੇਗਾ। ਸੰਤੋਖ ਸਿੰਘ ਧੀਰ ਨੇ ਸ਼ਰਾਬੀ ਜਾਂ ਦੋ ਫੂਲ, ਯਾਦਗਾਰ, ਅਤੀਤ ਦੇ ਪਰਛਾਵੇਂ, ਮੈਨੂੰ ਇਕ ਸੁਫ਼ਨਾ ਆਇਆ ਅਤੇ ਹਿੰਦੁਸਤਾਨ ਹਮਾਰਾ ਆਦਿ ਨਾਵਲ ਲਿਖੇ ਸਨ। 1950 ਵਿਚ ਉਸ ਦਾ ਪਹਿਲਾ ਕਹਾਣੀ ਸੰਗ੍ਰਹਿ ‘ਸਿੱਟਿਆਂ ਦੀ ਛਾਂ’ ਪ੍ਰਕਾਸ਼ਿਤ ਹੋਇਆ ਸੀ। ਇਸ ਤੋਂ ਬਾਅਦ ਲਗਾਤਾਰ ਆਪਣੇ ਅੰਤਲੇ ਸਾਹਾਂ ਤੱਕ ਉਸ ਨੇ ਕਹਾਣੀਆਂ ਦੇ ਰੂਪ ਵਿਚ ਖ਼ੂਬਸੂਰਤ ਕ੍ਰਿਤਾਂ ਪੰਜਾਬੀ ਪਾਠਕਾਂ ਦੀ ਨਜ਼ਰ ਕੀਤੀਆਂ ਸਨ। ਸੰਤੋਖ ਸਿੰਘ ਧੀਰ ਦੀ ਕਹਾਣੀ ਨਾਲ ਹੀ ਪੰਜਾਬੀ ਕਹਾਣੀ ਦਾ ਪਹਿਲਾ ਦੌਰ ਸ਼ੁਰੂ ਹੁੰਦਾ ਹੈ। ਸੱਠਵਿਆਂ ਵਿਚ ਜਿਉਂ ਹੀ ਭਾਰਤੀ ਲੋਕਾਂ ਨੂੰ ਚੜ੍ਹਿਆ ਅਖੌਤੀ ਰਾਸ਼ਟਰਵਾਦ ਦਾ ਖ਼ੁਮਾਰ ਲਹਿਣਾ ਸ਼ੁਰੂ ਹੋਇਆ। ਸਾਹਿਤ ਵਿਚ ਵੀ ਸਮਾਜਿਕ ਨਾਬਰਾਬਰੀ, ਗ਼ਰੀਬੀ ਅਤੇ ਆਰਥਿਕ ਵਸੀਲਿਆਂ ਦੀ ਅਸਾਵੀਂ ਵੰਡ ਬਾਰੇ ਭਖਵੀਂ ਚਰਚਾ ਸ਼ੁਰੂ ਹੋਈ। ਸੰਸਾਰ ਭਰ ਵਿਚ ਲੋਕ ਕਮਿਊਨਿਸਟ ਲਹਿਰਾਂ ਨੇ ਸਾਮਰਾਜੀ ਤਾਕਤਾਂ ਅਤੇ ਰਜਵਾੜਾਸ਼ਾਹੀਆਂ ਨੂੰ ਉਖੇੜਨਾ ਸ਼ੁਰੂ ਕਰ ਦਿੱਤਾ। ਬਿਲਕੁਲ ਇਸ ਸਮੇਂ ਪੰਜਾਬੀ ਸਾਹਿਤ ਵਿਚ ਸੰਤੋਖ ਸਿੰਘ ਧੀਰ ਹੋਰਾਂ ਵਾਲੀ ਇਕ ਲੋਕ ਧਿਰ ਖੜ੍ਹੀ ਹੋ ਗਈ ਜੋ ਕਿ ਰਾਜਨੀਤਕ ਤੌਰ ’ਤੇ ਚੇਤੰਨ ਵੀ ਸੀ ਅਤੇ ਕਲਾ ਨੂੰ ਸਮਾਜਿਕ ਕਲਿਆਣ ਦਾ ਸਾਧਨ ਸਮਝਦਿਆਂ ਸਿਰਜਣਾ ਕਰਦੀ ਸੀ। ਅਸਲ ਵਿਚ ਆਧੁਨਿਕ ਪੰਜਾਬੀ ਸਾਹਿਤ ਦੀ ਬੁਨਿਆਦ ਸੱਠਵੇਂ ਦਹਾਕੇ ਵਿਚ ਹੀ ਬੱਝਦੀ ਹੈ। ਸੰਤੋਖ ਸਿੰਘ ਧੀਰ ਉਸ ਦੌਰ ਦੇ ਸਮਰੱਥ ਕਹਾਣੀਕਾਰ ਵਜੋਂ ਸਾਹਮਣੇ ਆਉਂਦਾ ਹੈ।

ਸੰਤੋਖ ਸਿੰਘ ਧੀਰ ਪ੍ਰਗਤੀਵਾਦੀ ਵਿਚਾਰਧਾਰਾ ਦੇ ਮੋਹਰੀ ਕਹਾਣੀਕਾਰਾਂ ਵਿੱਚੋਂ ਇਕ ਹੈ ਜਿਸ ਨੇ ਉਦੇਸ਼ਮੂਲਕ ਪ੍ਰਵਿਰਤੀ ਤਹਿਤ ਕਹਾਣੀ ਸਿਰਜਣ ਦੀ ਪ੍ਰਕਿਰਿਆ ਨੂੰ ਨਿਭਾਇਆ ਹੈ। ਉਹ ਵਸਤੂਗਤ ਜਗਤ ਦੇ ਵਿਭਿੰਨ ਸੁਹਜਤਮਕ ਤੱਤਾਂ ਨੂੰ ਸਮਾਵੇਸ਼ ਤਹਿਤ ਰੂਪਮਾਨ ਕਰਦੀ ਹੈ। ਉਹ ਪਦਾਰਥਵਾਦੀ ਦ੍ਰਿਸ਼ਟੀਕੋਣ ਤੋਂ ਸਮਾਜਿਕ ਸਮੀਕਰਨਾਂ ਅਤੇ ਅੰਤਰ ਵਿਰੋਧਾਂ ਦੀ ਨਿਸ਼ਾਨਦੇਹੀ ਕਰਦਿਆ ਹਾਲਾਤ ਅਤੇ ਹੋਣੀ ਤੱਕ ਸੰਕਟਾਂ ਦੀ ਹੋਂਦ ਅਤੇ ਇਨ੍ਹਾਂ ਦੀ ਨਵਿਰਤੀ ਨੂੰ ਰਚਨਾਤਮਿਕ ਮੂਲਾਂ ਦਾ ਆਧਾਰ ਬਣਾਉਂਦਾ ਹੈ। ਸੰਤੋਖ ਸਿੰਘ ਪਾਤਰ ਉਸਾਰੀ ਕਰਦਿਆਂ ਚੇਤਨ ਦੇ ਨਾਲ ਨਾਲ ਅਵਚੇਤਨ ਵਿਚ ਤਿੜਕਦੇ ਦਵੰਦਾਂ ਅਤੇ ਅਨੁਮਾਨਾਂ ਨੂੰ ਬਿਨਾ ਕਿਸੇ ਉਚੇਚ ਅਤੇ ਵਿਸ਼ੇਸ਼ਤਾ ਦੇ ਸਾਧਾਰਨ ਸ਼ਬਦਾਂ ਵਿਚ ਅੰਕਿਤ ਕਰਦਾ ਹੈ। ਪ੍ਰਚਾਰਕੀ ਜਾਂ ਪ੍ਰਵਚਨੀ ਸ਼ੈਲੀ ਕਹਾਣੀ ਵਿਚ ਧੀਰ ਦੇ ਵਿਚਾਰਧਾਰਕ ਸਰੋਕਾਰਾਂ ਦੀ ਪੈਰਵਾਈ ਕਰਦੀ ਹੋਈ ਚਿਤਵੇ ਹੋਏ ਸਮਾਜ ਦਾ ਵਾਤਾਵਰਣ ਸਿਰਜਦੀ ਹੈ। ਸੰਤੋਖ ਸਿੰਘ ਦੇ ਗਲਪੀ ਬਿੰਬ ਪੰਜਾਬ ਦੇ ਨਿਮਨ ਵਰਗ ਦੇ ਪ੍ਰਤੀਨਿਧ ਹਨ। ਪੂੰਜੀਵਾਦੀ ਢਾਂਚੇ ਵਿਚ ਮਨੁੱਖ ਹੱਥੋਂ ਹੋ ਰਿਹਾ ਮਨੁੱਖੀ ਸ਼ੋਸ਼ਣ, ਬਦਤਰ ਹਾਲਤਾਂ ਵਿਚ ਭੁਰਦੇ ਮਨੁੱਖ ਦੀ ਮਨੋ-ਅਵਸਥਾ, ਕਾਰੀਗਰ ਦੀ ਕਲਾ ਦਾ ਉਤਪਾਦਨ ਵਿਚ ਤਬਦੀਲ ਹੋਣਾ ਅਤੇ ਮੰਡੀ ਵਿਵਸਥਾ ਵਿਚ ਉਪਜੀਵਿਕਾ ਲਈ ਗੁਆਚਦੀਆਂ ਕਦਰਾਂ-ਕੀਮਤਾਂ ਸੰਤੋਖ ਸਿੰਘ ਧੀਰ ਦੀਆਂ ਕਹਾਣੀਆਂ ਦੇ ਮੂਲ ਆਧਾਰ ਹਨ। ਮੁੱਢਲੀਆਂ ਕਹਾਣੀਆਂ ਵਿਚ ਆਦਰਸ਼ਵਾਦੀ ਪਿਆਰ ਅਤੇ ਨਿੱਜੀ ਰਿਸ਼ਤਿਆਂ ਦੀ ਪੇਸ਼ਕਾਰੀ ਤੋਂ ਬਾਅਦ ਧੀਰ ਦਾ ਸਮਰਪਣ ਪੂਰੀ ਤਰ੍ਹਾਂ ਮਾਰਕਸਵਾਦੀ ਅਕੀਦੇ ਨੂੰ ਹੋ ਜਾਂਦਾ ਹੈ। ਸਮਾਜ ਨੂੰ ਬਦਲਣ ਦੀ ਰੀਝ ਉਸ ਦੀ ਕਹਾਣੀਆਂ ਨੂੰ ਲੋਕ ਹਿਤੈਸ਼ੀ ਧਿਰ ਵਜੋਂ ਪੇਸ਼ ਕਰਦੀ ਹੈ। ਉਸ ਦੇ ਛੇ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋਏ ਹਨ। ਸਭ ਤੋਂ ਪਹਿਲਾਂ 1950 ਵਿਚ ਪ੍ਰਕਾਸ਼ਿਤ ਹੋਇਆ ਕਹਾਣੀ ਸੰਗ੍ਰਹਿ ‘ਸਿੱਟਿਆਂ ਦੀ ਛਾਂ’ ਵਿਚ ਦੇਸ਼ ਦੀ ਵੰਡ ਦਾ ਉਸ ਦੇ ਮਨ ’ਤੇ ਪਿਆ ਪ੍ਰਭਾਵ ਸਪੱਸ਼ਟ ਨਜ਼ਰ ਆਉਂਦਾ ਹੈ। ਸੰਤੋਖ ਸਿੰਘ ਧੀਰ ਦਾ ਜਨਮ ਸਾਂਝੇ ਪੰਜਾਬ ਵਿਚ ਹੋਇਆ ਸੀ। ਇਸ ਕਰਕੇ ਉਹ ਸਦੀਆਂ ਦੀ ਭਾਈਚਾਰਕ ਸਾਂਝ ਨੂੰ ਲਹੂ-ਲੁਹਾਣ ਹੁੰਦਿਆਂ ਵੇਖ ਕੇ ਕੁਰਲਾ ਉੱਠਦਾ ਹੈ। ਇਸ ਕਹਾਣੀ ਸੰਗ੍ਰਹਿ ਵਿਚ ‘ਮੇਰਾ ਉੱਜੜਿਆ ਗੁਆਂਢੀ’, ‘ਜਥੇਦਾਰ’ ਅਤੇ ‘ਭੂਤਨੀਆਂ’ ਕਹਾਣੀਆਂ ਉਸ ਦਰਦਨਾਕ ਤਕਸੀਮ ਦੀ ਵੇਦਨਾ ਨੂੰ ਪ੍ਰਗਟ ਕਰਦੀਆਂ ਹਨ। ਇਸ ਕਿਤਾਬ ਵਿਚ ਸ਼ਾਮਿਲ ਕਹਾਣੀ ‘ਸਿੱਟਿਆਂ ਦੀ ਛਾਂ’ ਧੀਰ ਦੀ ਪ੍ਰਤੀਨਿਧ ਕਹਾਣੀ ਹੈ ਜੋ ਸਦੀਆਂ ਤੋਂ ਕੁਚਲੀ ਆ ਰਹੀ ਸ਼੍ਰੇਣੀ ਜੱਦੋਜਹਿਦ ਨੂੰ ਪੇਸ਼ ਕਰਦੀ ਹੈ।

ਸੰਤੋਖ ਸਿੰਘ ਧੀਰ ਦਾ ਅਗਲਾ ਕਹਾਣੀ ਸੰਗ੍ਰਹਿ ‘ਸਵੇਰ ਹੋਣ ਤੱਕ’ 1955 ਵਿਚ ਪ੍ਰਕਾਸ਼ਿਤ ਹੋਇਆ। ਇਹ ਕਹਾਣੀ ਸੰਗ੍ਰਹਿ ਪੰਜਾਬ ਦੇ ਪੇਂਡੂ ਜੀਵਨ ਦੀ ਬਹੁਤ ਸਜੀਵ ਪੇਸ਼ਕਾਰੀ ਕਰਦਾ ਹੈ। ਸਵੇਰ ਹੋਣ ਤੱਕ ਕਹਾਣੀ ਵਿਚ ਉਸ ਨੇ ਪਿੰਡ ਦੇ ਨਿਮਨ ਵਰਗ ਦੀਆਂ ਦੁਬਿਧਾਜਨਕ ਪ੍ਰਸਥਿਤੀਆਂ ਅਤੇ ਮਨੋ ਆਧਾਰਾਂ ਨੂੰ ਖ਼ੂਬਸੂਰਤੀ ਨਾਲ ਚਿਤਰਿਆ ਹੈ। ਧੀਰ ਦੇ ਪਾਤਰ ਕਿਸੇ ਉਪਰਲੀ ਦੁਨੀਆਂ ਦੇ ਨਹੀਂ, ਉਸ ਦੇ ਆਲੇ-ਦੁਆਲੇ ਦੇ ਵਸਨੀਕ ਹੀ ਹਨ। ਇਸ ਕਰਕੇ ਯਥਾਰਥਵਾਦ ਦੀ ਛੋਹ ਨਾਲ ਉਹ ਕਹਾਣੀ ਨੂੰ ਕਥਾ ਨਹੀਂ ਬਣਨ ਦਿੰਦਾ ਸਗੋਂ ਪਾਠਕ ਨੂੰ ਪਾਤਰਾਂ ਦੇ ਸੰਗ ਤੋਰਦਾ ਹੋਇਆ ਸੁਹਜਾਤਮਕ ਵਿਸਮਾਦ ਦੀ ਸਿਖ਼ਰ ਸਿਰਜ ਦਿੰਦਾ ਹੈ। ਸੰਤੋਖ ਸਿੰਘ ਧੀਰ ਦਾ ਤੀਜਾ ਕਹਾਣੀ ਸੰਗ੍ਰਹਿ ‘ਸਾਂਝੀ ਕੰਧ’ 1958 ਵਿਚ ਪਾਠਕਾਂ ਦੇ ਹੱਥਾਂ ਵਿਚ ਆਇਆ। ਇਸ ਕਹਾਣੀ ਸੰਗ੍ਰਹਿ ਵਿਚ 10 ਕਹਾਣੀਆਂ ਹਨ। ਕਿਤਾਬ ਦੇ ਸਿਰਲੇਖ ਵਾਲੀ ਕਹਾਣੀ ‘ਸਾਂਝੀ ਕੰਧ’ ਪੇਂਡੂ ਜੀਵਨ ਵਿਚ ਸ਼ਰੀਕੇਬਾਜ਼ੀ ਦੀ ਭਾਵਨਾ, ਆਰਥਿਕ ਮੰਦਹਾਲੀ ਅਤੇ ਪਿੰਡ ਨੂੰ ਇਕ ਸਮਾਜਿਕ ਇਕਾਈ ਵਜੋਂ ਪੇਸ਼ ਕਰਦੀ ਹੈ।

ਗਲ਼ੀਆਂ ਦੇ ਕੱਖਾਂ ਅਤੇ ਚਾਂਦੀ ਦੇ ਪਹੀਏ ਇਸ ਕਿਤਾਬ ਦੀਆਂ ਚਰਚਿਤ ਕਹਾਣੀਆਂ ਹਨ। ਇਸ ਕਹਾਣੀ ਸੰਗ੍ਰਹਿ ਤੋਂ 12 ਸਾਲ ਬਾਅਦ 1970 ਵਿਚ ਧੀਰ ਦਾ ਚੌਥਾ ਕਹਾਣੀ ਸੰਗ੍ਰਹਿ ‘ਸ਼ਰਾਬ ਦਾ ਗਲਾਸ’ ਪ੍ਰਕਾਸ਼ਿਤ ਹੋਇਆ। ਇਸ ਕਹਾਣੀ ਸੰਗ੍ਰਹਿ ਦੀਆਂ ਬਹੁਤੀਆਂ ਕਹਾਣੀਆਂ ਪੂੰਜੀਵਾਦੀ ਪ੍ਰਬੰਧ ਵਿਚ ਪਿਸਦੇ ਆਮ ਵਿਅਕਤੀ ਦੀ ਜ਼ਿੰਦਗੀ ਨੂੰ ਪਾਠਕਾਂ ਸਾਹਮਣੇ ਪੇਸ਼ ਕਰਦੀਆਂ ਹਨ। ਇਸ ਵਿਚ ਸ਼ਾਮਿਲ ਲੁਟੇਰੇ, ਅੰਨ੍ਹੀ ਪੀਂਹਦੀ ਹੈ, ਗਊਆ, ਹੱਲਾਸ਼ੇਰੀ, ਇਕ ਸਾਧਾਰਨ ਵਿਅਕਤੀ, ਸ਼ੇਰ, ਮਲੰਗ, ਰਸਤਾ ਆਦਿ ਕਹਾਣੀਆਂ ਰਾਜਨੀਤਕ ਭ੍ਰਿਸ਼ਟਾਚਾਰ, ਪ੍ਰਬੰਧਕੀ ਘਾਲੇ-ਮਾਲਿਆਂ ਦੇ ਪੋਲ ਖੋਲ੍ਹਦੀਆਂ ਹਨ। ਇਸ ਸੰਗ੍ਰਹਿ ਦੀ ਪ੍ਰਤੀਨਿਧ ਕਹਾਣੀ ‘ਸ਼ਰਾਬ ਦਾ ਗਲਾਸ’ ਇਕ ਮ੍ਰਿਤਕ ਕਮਿਊਨਿਸਟ ਦੀ ਯਾਦ ਵਿਚ ਹੋਏ ਸਮਾਗਮ ਦਾ ਬਿਰਤਾਂਤ ਹੈ। ਸੰਤੋਖ ਸਿੰਘ ਧੀਰ ਦਾ ਪੰਜਵਾਂ ਕਹਾਣੀ ਸੰਗ੍ਰਹਿ ‘ਸ਼ੇਰਾਂ ਦੀ ਆਵਾਜ਼’ 1988 ਵਿਚ ਪ੍ਰਕਾਸ਼ਿਤ ਹੋਇਆ। ਇਹ ਕਹਾਣੀ ਸੰਗ੍ਰਹਿ ਪੰਜਾਬ ਦੇ ਰਾਜਨੀਤਕ ਹਾਲਾਤ ਅਤੇ ਖੁਰ ਰਹੀ ਸਭਿਆਚਾਰਕ ਸਾਂਝ ਦਾ ਮਾਰਮਿਕ ਬਿਰਤਾਂਤ ਪੇਸ਼ ਕਰਦਾ ਹੈ।

ਸੰਤੋਖ ਸਿੰਘ ਧੀਰ ਦਾ ਛੇਵਾਂ ਕਹਾਣੀ ਸੰਗ੍ਰਹਿ ‘ਊਸ਼ਾ ਭੈਣ ਜੀ ਚੁੱਪ ਹਨ’ ਸਾਲ 1991 ਵਿਚ ਛਪਿਆ। ਇਹ ਕਹਾਣੀ ਸੰਗ੍ਰਹਿ ਪੂਰੀ ਤਰ੍ਹਾਂ ਮਾਰਕਸੀ ਚੇਤਨਾ ਨਾਲ ਲਬਰੇਜ਼ ਹੈ। ‘ਊਸ਼ਾ ਭੈਣ ਜੀ ਚੁੱਪ ਹਨ’ ਸਮਾਜ ਨੂੰ ਬਦਲਣ ਲਈ ਤਹੱਈਆ ਕਰਨ ਵਾਲੇ ਸਮਰਪਿਤ ਉੱਦਮੀਆਂ ਦੀ ਗਾਥਾ ਹੈ। ਕਹਾਣੀ ‘ਪਾਟੀਆਂ ਹੋਈਆਂ ਜ਼ੁਰਾਬਾਂ’ ਗ਼ਰੀਬ ਵਿਅਕਤੀ ਦੇ ਘੋਰ ਆਰਥਿਕ ਸੰਕਟਾਂ ਨੂੰ ਭਾਵੁਕਤਾ ਨਾਲ ਪੇਸ਼ ਕਰਦੀ ਹੈ।

ਇਸੇ ਸਾਲ ਸੰਤੋਖ ਸਿੰਘ ਧੀਰ ਦਾ ਕਹਾਣੀ ਸੰਗ੍ਰਹਿ ‘ਪੱਖੀ’ ਛਪਿਆ। ਉਸ ਦੇ ਜੀਵਨ ਦੇ ਅੰਤਲੇ ਦੌਰ ਵਿਚ ‘ਇਕ ਕੁੱਤਾ ਅਤੇ ਮੈਂ’, ‘ਇਕ ਰਾਗ’ ਅਤੇ ‘ਖੱਬੇਪੱਖੀ’ ਤਿੰਨ ਹੋਰ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋਏ ਮਿਲਦੇ ਹਨ। ਸੰਤੋਖ ਸਿੰਘ ਧੀਰ ਨਿਰਸੰਦੇਹ ਪੰਜਾਬੀ ਸਾਹਿਤ ਦਾ ਮਹਾਨ ਗਲਪਕਾਰ ਹੈ, ਸਾਹਿਤ ਉਹਦੇ ਲਈ ਸਹਾਇਕ ਧੰਦੇ ਵਰਗਾ ਨਹੀਂ ਸੀ। ਉਸ ਨੇ ਜੋ ਜੀਵਿਆ, ਜੋ ਹੰਢਾਇਆ ਅਤੇ ਜੋ ਨੇੜਿਓਂ ਵੇਖਿਆ ਉਸ ਨੂੰ ਹੀ ਕਲਮਬੱਧ ਕਰਦਿਆਂ ਆਪਣੀਆਂ ਸ਼ਾਹਕਾਰ ਰਚਨਾਵਾਂ ਲੋਕ ਅਰਪਣ ਕੀਤੀਆਂ ਹਨ। ਸੰਤੋਖ ਸਿੰਘ ਧੀਰ ਪੰਜਾਬੀ ਸਾਹਿਤ ਦੀ ਬੁਨਿਆਦ ਅਤੇ ਮਾਣ ਕਰਨ ਯੋਗ ਪੀੜ੍ਹੀ ਦਾ ਅਹਿਮ ਹਸਤਾਖ਼ਰ ਹੈ।

ਪੰਜਾਬੀ ਸਾਹਿਤ ਦੀ ਝੋਲੀ ਦਰਜਨਾਂ ਨਾਵਲ, ਅਨੁਵਾਦ, ਸਫ਼ਰਨਾਮੇ, ਜੀਵਨੀਆਂ ਪਾਉਣ ਵਾਲੇ ਸਰਬਾਂਗੀ ਲੇਖਕ ਸੰਤੋਖ ਸਿੰਘ ਧੀਰ ਨੇ 8 ਫ਼ਰਵਰੀ 2010 ਨੂੰ ਇਸ ਜਹਾਨ ਨੂੰ ਅਲਵਿਦਾ ਆਖ ਦਿੱਤੀ। ਦੋ ਦਸੰਬਰ 1920 ਨੂੰ ਸੰਤੋਖ ਸਿੰਘ ਧੀਰ ਬੱਸੀ ਪਠਾਣਾਂ ਵਿਖੇ ਜਨਮਿਆ ਸੀ। ਇਹ ਵਰ੍ਹਾ ਉਸ ਮਹਾਨ ਲੇਖਕ ਦਾ ਜਨਮ ਸ਼ਤਾਬਦੀ ਵਰ੍ਹਾ ਹੈ।
ਸੰਪਰਕ: +61-410-584-302

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੋਡੇ ਹੇਠ ਆਈ ਧੌਣ

ਗੋਡੇ ਹੇਠ ਆਈ ਧੌਣ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਸ਼ਹਿਰ

View All