ਦਰਵੇਸ਼ ਤੇ ਕ੍ਰਾਂਤੀਕਾਰੀ ਸਿਆਸਤਦਾਨ ਸਤਪਾਲ ਡਾਂਗ

ਦਰਵੇਸ਼ ਤੇ ਕ੍ਰਾਂਤੀਕਾਰੀ ਸਿਆਸਤਦਾਨ ਸਤਪਾਲ ਡਾਂਗ

ਹਰਿਭਜਨ ਸਿੰਘ ਭਾਟੀਆ
ਲੋਕ-ਪੱਖੀ ਸਿਆਸਤ 

ਜਨਮ ਸ਼ਤਾਬਦੀ ਵਰ੍ਹਾ

ਲੋਗ ਹੋਠੋਂ ਪੇ ਸਜਾਏ ਹੂਏ ਫਿਰਤੇ ਹੈਂ ਮੁਝੇ,

ਮਿਰੀ ਸ਼ੁਹਰਤ ਕਿਸੀ ਅਖ਼ਬਾਰ ਕੀ ਮੋਹਤਾਜ ਨਹੀਂ।                             (ਰਾਹਤ ਇੰਦੌਰੀ)

ਸਮੇਂ ਦਾ ਚੱਕਾ ਪੂਰੀ ਰਫ਼ਤਾਰ ਨਾਲ ਘੁੰਮਦਾ ਹੈ। ਬਹੁਤੇ ਗਫ਼ਲਤ ਤੇ ਜਹਾਲਤ ਦੇ ਆਲਮ ਵਿਚ ਉਂਜ ਹੀ ਆਪਣੀ ਜੂਨ ਹੰਢਾਅ ਜਾਂਦੇ ਨੇ ਜਿਵੇਂ ਭੌਣ ਉੱਪਰੋਂ ਕੀੜੀਆਂ-ਕਾਢੇ ਗੁਜ਼ਰ ਜਾਂਦੇ ਨੇ। ਵਿਰਲੇ ਮਨੁੱਖ ਆਪਣੇ ਕੰਮਾਂਕਾਰਾਂ ਤੇ ਮਾਨਵੀ ਸੋਚ ਨਾਲ ਲੋਕਾਂ ਦੇ ਦਿਲੋ-ਦਿਮਾਗ਼ ਉੱਪਰ ਸਦੀਵੀ ਨਕਸ਼ ਛੱਡ ਜਾਂਦੇ ਨੇ। ਅਜਿਹੇ ਵਿਅਕਤੀ ਮੰਡੀ, ਮਾਇਆ ਤੇ ਮੁਨਾਫੇ਼ ਦੇ ਰਾਹ ਨਹੀਂ ਤੁਰਦੇ ਸਗੋਂ ਉਚੇਰੀਆਂ ਮਾਨਵੀ ਕਦਰਾਂ-ਕੀਮਤਾਂ ਨੂੰ ਪ੍ਰਣਾਏ ਹੁੰਦੇ ਹਨ। ਉਨ੍ਹਾਂ ਦਾ ਮਕਸਦ ਮਹਿਜ਼ ਜ਼ਮਾਨੇ ਨੂੰ ਸਮਝਣਾ ਹੀ ਨਹੀਂ ਬਲਕਿ ਉਸ ਵਿਚ ਕ੍ਰਾਂਤੀਕਾਰੀ ਤਬਦੀਲੀ ਰਾਹੀਂ ਉਸ ਨੂੰ ਬਦਲਣਾ ਹੁੰਦਾ ਹੈ। ਉਨ੍ਹਾਂ ਦਾ ਨਿੱਜ, ਛੋਟੀਆਂ ਛੋਟੀਆਂ ਗ਼ਰਜ਼ਾਂ ਅਤੇ ਨਿੱਕੇ-ਮੋਟੇ ਲਾਲਚ ਉਨ੍ਹਾਂ ਨੂੰ ਆਪਣੀ ਮੰਜ਼ਿਲ ਵੱਲ ਵਧਣ ਤੋਂ ਹੋੜ ਨਹੀਂ ਸਕਦੇ। ਆਮ ਬੰਦੇ ਤੋਂ ਉਲਟ ਉਨ੍ਹਾਂ ਦੀ ਜੀਵਨ ਕਹਾਣੀ ਸੰਘਰਸ਼, ਜੱਦੋਜਹਿਦ, ਇਨਸਾਨੀ ਰਿਸ਼ਤਿਆਂ ਅਤੇ ਦਰਦਮੰਦੀ ਦੀ ਦਾਸਤਾਂ ਹੋ ਨਿਬੜਦੀ ੲੇ। ਕੁਝ ਅਜਿਹੀ ਹੀ ਸ਼ਖ਼ਸੀਅਤ ਦਾ ਨਾਮ ਸੀ ਕਾਮਰੇਡ ਸਤਪਾਲ ਡਾਂਗ। ਉਸ ਨੂੰ ਕਦੀ ਆਪਣੇ ਗ਼ਮ ਤੇ ਪੀੜਾ ਨੇ ਨਹੀਂ ਸਗੋਂ ਪੀੜਿਤ, ਦੁਖੀ ਅਤੇ ਦਰਦੀ ਦੇ ਗ਼ਮ ਨੇ ਸਤਾਇਆ। ਉਹ ਜੋ ਵੇਖਦਾ ਉਹ ਸੋਚਦਾ, ਜੋ ਸੋਚਦਾ ਉਹ ਪੂਰੀ ਜੁਰੱਅਤ ਨਾਲ ਬੋਲਦਾ ਅਤੇ ਜੋ ਬੋਲਦਾ ਉਸ ਨੂੰ ਪੂਰੇ ਸਹਿਜ ਨਾਲ ਲਫ਼ਜ਼ਾਂ ਦਾ ਜਾਮਾ ਪਹਿਨਾ ਦਿੰਦਾ। ਖਾਣ, ਪੀਣ ਅਤੇ ਪਹਿਨਣ ਦੀਆਂ ਮੁੱਢਲੀਆਂ ਲੋੜਾਂ ਵੀ ਪੂਰੀ ਤਰ੍ਹਾਂ ਉਸ ਦੇ ਕਾਬੂ ਹੇਠ ਸਨ ਅਤੇ ਉਸ ਤਮਾਮ ਉਮਰ ਦਰਵੇਸ਼ੀ, ਮਲੰਗੀ, ਜੱਦੋਜਹਿਦ ਅਤੇ ਜਗਦੇ ਜ਼ਿਹਨ ਨਾਲ ਗੁਜ਼ਾਰੀ। ਸੰਜਮ ਤੇ ਤਿਆਗ ਤੋਂ ਇਲਾਵਾ ਤਰੱਕੀ ਪਸੰਦ ਸਿਆਸਤ ਨਾਲ ਜੁੜਿਆ ਤੇ ਇਨਸਾਨੀ ਕਦਰਾਂ-ਕੀਮਤਾਂ ਨੂੰ ਮੁਕੰਮਲ ਰੂਪ ਵਿਚ ਪਰਨਾਇਆ। ਇਹ ਸਿਆਸਤਦਾਨ ਹਰ ਕਿਸਮ ਦੇ ਅਨਿਆਂ ਅਤੇ ਵਧੀਕੀ ਖ਼ਿਲਾਫ਼ ਡਟ ਜਾਣ ਦਾ ਹੌਸਲਾ ਤੇ ਹਿੰਮਤ ਰੱਖਦਾ ਸੀ। ਮੌਕਾਪ੍ਰਸਤ ਸਿਆਸਤ ਨੂੰ ਨਫ਼ਰਤ ਕਰਨ ਵਾਲੇ ਇਸ ਸਿਆਸਤਦਾਨ ਨੇ ਹਮੇਸ਼ਾ ਹੱਕ ਤੇ ਨਿਆਂ ਉੱਪਰ ਪਹਿਰਾ ਦੇਣ ਨੂੰ ਆਪਣੇ ਜੀਵਨ ਦਾ ਮੂਲ ਮੰਤਰ ਬਣਾਇਆ। ਇਸੇ ਲਈ, ਊਸ ਨੂੰ ਸਾਡੇ ਕੋਲੋਂ ਵਿੱਛੜਿਆਂ ਸੱਤ ਤੋਂ ਉੱਪਰ ਵਰ੍ਹੇ ਹੋ ਜਾਣ ਦੇ ਬਾਵਜੂਦ, ਉਹ ਮੁੜ ਮੁੜ ਚੇਤੇ ਆਉਂਦਾ ਹੈ, ਆਪਣੀਆਂ ਸਲਾਹੀਅਤਾਂ ਦੀ ਬਦੌਲਤ। ਕੀ ਵੱਖਰਾ, ਕੀ ਅਨੋਖਾ ਤੇ ਅਨੂਠਾ ਕੀਤਾ ਸੀ ਇਸ ਸ਼ਖ਼ਸ ਨੇ? ਆਪਣੇ ਨਿੱਜੀ ਸੁਖਾਂ ਤੇ ਸਹੂਲਤਾਂ ਨੂੰ ਤਿਆਗ ਕਿਨ੍ਹਾਂ ਅਸੂਲਾਂ, ਆਦਰਸ਼ਾਂ ਤੇ ਕਦਰਾਂ-ਕੀਮਤਾਂ ਉੱਪਰ ਡਟਿਆ ਰਿਹਾ ਇਹ ਸ਼ਖ਼ਸ ਉਮਰ ਭਰ? ਅੱਜ ਇਸ ਸਭ ਕੁਝ ਨੂੰ ਜਾਣਨ-ਸਮਝਣ ਦੀ ਵਧੇਰੇ ਜ਼ਰੂਰਤ ਹੈ। ਮੈਨੂੰ ਸਿਆਸਤ ਤੇ ਮਾਨਵੀ ਕਦਰਾਂ-ਕੀਮਤਾਂ ਦੇ ਇਸ ਚਾਨਣ ਮੁਨਾਰੇ ਨੂੰ ਨੇੜਿਓਂ ਵੇਖਣ ਅਤੇ ਫ਼ਾਸਲੇ ਉੱਪਰ ਖਲੋ ਕੇ ਨਿਹਾਰਣ ਦਾ ਮੌਕਾ ਮਿਲਿਆ ਹੈ। ਇਸੇ ਲਈ ਹੀ ਤਾਂ ਅਜੋਕੀ ਆਦਰਸ਼-ਵਿਹੂਣੀ ਤੇ ਨਿੱਘਰੀ ਸਥਿਤੀ ਵਿਚ ਉਸ ਨੂੰ ਚਿਤਾਰਣ ਨੂੰ ਚਿੱਤ ਕਰਦਾ ਹੈ।

18 ਸਤੰਬਰ 1987 ਨੂੰ ਚੰਡੀਗੜ੍ਹ ਵਿਖੇ ਮਜ਼ਦੂਰਾਂ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਸਤਿਪਾਲ ਡਾਂਗ।

ਪਰਿਵਾਰ ਵੱਲੋਂ ਮਿਲੇ ਨਾਮ ‘ਸਤਪਾਲ’ ਉੱਪਰ ਪਹਿਰਾ ਦਿੰਦਿਆਂ ਉਸ ਹਮੇਸ਼ਾ ਸੱਚ ਤੇ ਨਿਆਂ ਦਾ ਸਾਥ ਦਿੱਤਾ। ਇਸ ਬਾਂਕੀ ਸ਼ਖ਼ਸੀਅਤ ਦਾ ਜਨਮ ਪਿਤਾ ਗਿਆਨ ਚੰਦ ਦੇ ਘਰ ਮਾਤਾ ਸੱਤਿਆਵਤੀ ਦੀ ਕੁੱਖੋਂ 4 ਅਕਤੂਬਰ 1920 ਨੂੰ ਪਿੰਡ ਰਾਮ ਨਗਰ ਸ਼ੇਖੂਪੁਰਾ ਜ਼ਿਲ੍ਹਾ ਗੁੱਜਰਾਂਵਾਲਾ ਵਿਖੇ ਹੋਇਆ। ਮੁੱਢਲੀ ਵਿੱਦਿਆ ਪੇਂਡੂ ਕਸਬੇ ਤੋਂ ਹਾਸਲ ਕਰਨ ਉਪਰੰਤ ਉਸ ਦਾ ਰਿਸ਼ਤਾ ਗੌਰਮਿੰਟ ਕਾਲਜ ਲਾਹੌਰ ਨਾਲ ਜੁੜ ਗਿਆ। ਮੱਧ ਸ਼੍ਰੇਣੀ ਦੇ ਹਿੰਦੂ ਪਰਿਵਾਰ ਨਾਲ ਸਬੰਧਿਤ ਸਤਪਾਲ ਦੇ ਪਿਤਾ ਆਪਣੇ ਇਲਾਕੇ ਵਿਚ ਵੈਦ ਜਾਂ ਹਕੀਮ ਵਜੋਂ ਜਾਣੇ ਜਾਂਦੇ ਸਨ। ਤਾਲੀਮ ਹਾਸਲ ਕਰਦੇ ਦੀ ਅਕਲ ਕੁਝ ਇੰਜ ਵਿਕਸਤ ਹੋਈ ਕਿ ਉਹ ਰੰਗ, ਜਾਤ, ਨਸਲ ਦੇ ਭੇਦਾਂ ਤੋਂ ਵੀ ਉੱਪਰ ਉੱਠ ਗਿਆ ਅਤੇ ਪਿਤਾ ਪੁਰਖੀ ਵੈਦਗੀ ਦੇ ਕਿੱਤੇ ਤੋਂ ਵੀ ਉਸ ਪਿੱਠ ਕਰ ਲਈ। ਹਿੰਦੂ ਪਰਿਵਾਰ ਦੀ ਹੀ ਜਾਤ ਡੰਗ (Dang) ਨੂੰ ਉਸ ਦੇ ਸੰਗੀ ਸਾਥੀਆਂ ਨੇ ਜਦ ‘ਡਾਂਗ’ ਪੜ੍ਹਿਆ ਤਾਂ ਉਸ ਆਪਣੀ ਇਸ ਜਾਤ ਨੂੰ ਹੀ ਆਪਣਾ ਤਖੱਲਸ ਸਵੀਕਾਰ ਲਿਆ। ਗ਼ਰੀਬ, ਨਿਮਾਣੇ, ਨਿਤਾਣੇ, ਨੀਚ ਅਤੇ ਸਾਧਨਹੀਣ ਨਾਲ ਹੁੰਦੀ ਵਧੀਕੀ ਜਾਂ ਜ਼ੁਲਮ ਨੂੰ ਵੇਖ ਉਹ ਅੱਖਾਂ ਨਹੀਂ ਸੀ ਮੁੰਦ ਲੈਂਦਾ (ਸਾਡੇ ਸਮਿਆਂ ਵਿਚ ਵੀਡੀਓ ਬਣਾਉਂਦੇ ਨੇ) ਸਗੋਂ ਖੜ੍ਹ ਜਾਂਦਾ ਸੀ, ਪ੍ਰੋ. ਪੂਰਨ ਸਿੰਘ ਦੇ ਕੌਲ ‘ਖੜ੍ਹ ਜਾਣ ਡਾਂਗਾਂ ਮੋਢੇ ਤੇ ਉਲਾਰ ਕੇ’ ਵਾਂਗ। ਬੀ.ਏ. ਕਰਨ ਦੌਰਾਨ ਹੀ ਪਹਿਲਾਂ ਇੰਡੀਅਨ ਨੈਸ਼ਨਲ ਕਾਂਗਰਸ ਵਿਚ ਸ਼ਾਮਿਲ ਹੋੲੇ ਅਤੇ 1940 ਈ. ਵਿਚ ਕਮਿਊਨਿਸਟ ਪਾਰਟੀ ਨਾਲ ਆਪਣਾ ਐਸਾ ਰਿਸ਼ਤਾ ਜੋੜਿਆ ਕਿ ਅੰਤ ਤਕ ਉਨ੍ਹਾਂ ਦੇ ਨਾਲ ਹੀ ਨਿਭਿਆ। ਮਾਇਆ, ਛੋਟੇ ਛੋਟੇ ਲਾਭਾਂ ਤੇ ਗਰਜ਼ਾਂ ਲਈ ਗਿਰਗਿਟ ਵਾਂਗ ਰੰਗ ਬਦਲਣੇ ਡਾਂਗ ਦੀ ਸ਼ਖ਼ਸੀਅਤ ਦਾ ਹਿੱਸਾ ਨਹੀਂ ਸਨ। ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ, ਉਪ ਪ੍ਰਧਾਨ ਅਤੇ ਸਕੱਤਰ ਦੇ ਸਭ ਅਹੁਦਿਆਂ ਉੱਪਰ ਉਸ ਕੰਮ ਕੀਤਾ। 1940 ਈ. ਵਿਚ ਕਮਿਊਨਿਸਟ ਪਾਰਟੀ ਵਿਚ ਸ਼ਾਮਿਲ ਹੋਣ ਅਤੇ ਮੁੜ 1943 ਵਿਚ ਪਾਰਟੀ ਦੀ ਪਹਿਲੀ ਕਾਂਗਰਸ ਵਿਚ ਸ਼ਿਰਕਤ ਕਰਨ ਸਮੇਂ ਹੀ ਉਸ ਦੀ ਮੁਲਾਕਾਤ ਬਾਬਾ ਸੋਹਣ ਸਿੰਘ ਭਕਨਾ, ਸੋਹਣ ਸਿੰਘ ਜੋਸ਼ ਅਤੇ ਤੇਜਾ ਸਿੰਘ ਸੁਤੰਤਰ ਨਾਲ ਵੀ ਹੋਈ। ਗੌਰਮਿੰਟ ਕਾਲਜ ਲਾਹੌਰ ਵਿਖੇ ਹੀ ਉਸ ਦਾ ਸੰਪਰਕ ਐਲ.ਕੇ. ਅਡਵਾਨੀ, ਆਰ.ਐਲ. ਭਾਟੀਆ, ਖੁਸ਼ਵੰਤ ਸਿੰਘ ਅਤੇ ਪ੍ਰੋ. ਰਣਧੀਰ ਸਿੰਘ ਆਦਿ ਵਰਗੇ ਸਿਆਸਤਦਾਨਾਂ, ਪੱਤਰਕਾਰਾਂ ਅਤੇ ਦਾਨਿਸ਼ਵਰਾਂ ਨਾਲ ਵੀ ਬਣਿਆ ਜਿਹੜਾ ਭਵਿੱਖ ਵਿਚ ਭਾਰਤ ਅਤੇ ਵਿਦੇਸ਼ੀ ਸਿਆਸਤਦਾਨਾਂ ਤਕ ਫੈਲਿਆ। 15 ਜੂਨ 2013 ਨੂੰ ਡਾਂਗ ਦੇ ਫੌਤ ਹੋਣ ਮਗਰੋਂ ਪ੍ਰਸਿੱਧ ਮਾਰਕਸਵਾਦੀ ਚਿੰਤਕ ਪ੍ਰੋ. ਰਣਧੀਰ ਸਿੰਘ ਨੇ ਪੁਰਾਣੇ ਜ਼ਮਾਨੇ ਦੀਆਂ ਗੌਰਮਿੰਟ ਕਾਲਜ ਲਾਹੌਰ ਦੀਆਂ ਖ਼ੂਬਸੂਰਤ ਯਾਦਾਂ ਤੇ ਉਸ ਨਾਲ  ਸਾਂਝ ਨੂੰ ਚਿਤਾਰਦੇ ਹੋਏ ਆਪਣੇ ਇਕ ਖ਼ਤ ਵਿਚ ਲਿਖਿਆ ਕਿ ‘‘ਮੇਰੀਆਂ ਸਤਪਾਲ ਡਾਂਗ ਨਾਲ ਬੜੀਆਂ ਸਾਂਝਾਂ ਰਹੀਆਂ ਨੇ। ਅਸੀਂ 1935 ਵਿਚ ਲਾਹੌਰ ਵਿਖੇ ਵਿਦਿਆਰਥੀ ਲਹਿਰ ’ਚ ਇਕੱਠੇ ਕੰਮ ਕੀਤਾ। ਮੈਨੂੰ ਹੁਣ ਵੀ ਯਾਦ ਹੈ 1941 ਵਿਚ ਇੰਡੀਆ ਗੇਟ, ਨਵੀਂ ਦਿੱਲੀ ਵਿਖੇ ਲੋਕ ਯੁੱਧ ਦੇ ਸਵਾਲ ਉੱਤੇ ਕਾਮਰੇਡ ਅਰੁਣ ਬੋਸ ਸਾਨੂੰ ਸਮਝਾਉਂਦੇ ਰਹੇ ਕਿਉਂਕਿ ਅਸੀਂ ਪੰਜਾਬ ਡੈਲੀਗੇਸ਼ਨ ਦੇ ਨੁਮਾਇੰਦੇ ਦੇ ਤੌਰ ਉੱਤੇ ਪਟਨਾ ਵਿਖੇ ਆਲ ਇੰਡੀਆ ਕਾਨਫਰੰਸ ਵਿਚ ਸ਼ਾਮਿਲ ਹੋਣ ਜਾ ਰਹੇ ਸੀ। ਉਹ ਬੜੇ ਪ੍ਰਤੀਬੱਧ ਕਮਿਊਨਿਸਟ ਸਨ ਜੋ ਮਰਦੇ ਦਮ ਤਕ ਲੋਕਾਂ ਲਈ ਲੜਦੇ ਰਹੇ।’’ ਮੁਲਕ ਦੀ ਆਜ਼ਾਦੀ ਲਈ ਜੱਦੋਜਹਿਦ ਤੋਂ ਡਾਂਗ ਦੇ ਸਿਆਸੀ ਜੀਵਨ ਦਾ ਆਰੰਭ ਹੋਇਆ ਜਿਹੜਾ ਆਜ਼ਾਦੀ ਦੀ ਖ਼ੁਸ਼ੀ ਅਤੇ ਹੋਈ ਕਤਲੋ-ਗਾਰਤ ਵਿਚੋਂ ਪੈਦਾ ਹੋਏ ਦੁੱਖ ਤੇ ਸੰਤਾਪ ਤਕ  ਅੱਪੜਿਆ। ਨਿਰਸੰਦੇਹ ਉਨ੍ਹਾਂ ਅਜਿਹੀ ਆਜ਼ਾਦੀ ਲਈ ਤਾਂ ਸੰਘਰਸ਼ ਜਾਂ ਜੱਦੋਜਹਿਦ ਨਹੀਂ ਸੀ ਕੀਤਾ। ਆਜ਼ਾਦੀ ਦੀ ਇਸ ਸਵੇਰ ਨੂੰ ਡਾਂਗ ਅਕਸਰ ‘ਧੁੰਦਲੀ ਸਵੇਰ’ ਦਾ ਨਾਂ ਦਿੰਦੇ ਸਨ। ਇਸ ਦਾ ਵੱਡਾ ਦੁਖਾਂਤਕ ਪੱਖ ਆਜ਼ਾਦੀ ਮਗਰੋਂ ਹੋਈ ਵੱਢ-ਟੁੱਕ ਸੀ। ਇਹ ਵੱਢ-ਟੁੱਕ ਡਾਂਗ ਦੀ ਨਜ਼ਰ ਵਿਚ ‘ਵੱਡਾ ਅਲਮੀਆ’ (Great Tragedy) ਅਤੇ ‘ਇਨਸਾਨੀਅਤ ਦੇ ਕਤਲ’ ਸਮਾਨ ਸੀ। ਲੋਕ ਸੰਘਰਸ਼ ਦੇ ਮੁੱਢਲੇ ਵਰ੍ਹਿਆਂ ਯਾਨੀ 1940 ਈ. ਤੋਂ ਮਗਰੋਂ ਊਨ੍ਹਾਂ ਦੀ ਮੁਲਾਕਾਤ ਕਸ਼ਮੀਰੀ ਪੀੜਤਾਂ ਦੇ ਘਰਾਣੇ ਦੀ ਧੀ ਵਿਮਲਾ ਬਕਾਇਆ ਨਾਲ ਹੋਈ ਜਿਹੜੀ 1952 ਈ. ਵਿਚ ਸ਼ਾਦੀ ਵਿਚ ਬਦਲ ਗਈ। ਇਸੇ ਸਮੇਂ ਤੋਂ, ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਵਿਚ ਵਸਣ ਮਗਰੋਂ, ਉਨ੍ਹਾਂ ਦਾ ਲੁੱਟੇ ਤੇ ਲਤਾੜੇ ਲੋਕਾਂ ਲਈ ਸੰਘਰਸ਼ ਆਰੰਭ ਹੋਇਆ। ਸਤਪਾਲ ਤੇ ਵਿਮਲਾ ਦੀ ਜੋੜੀ ‘ਡਾਂਗ ਜੋੜੀ’ ਬਣ ਗਈ ਅਤੇ ਉਨ੍ਹਾਂ ਦੀ ਸਰਲ ਸਾਦੀ ਜੀਵਨ ਸ਼ੈਲੀ ਨੇ ਉਨ੍ਹਾਂ ਨੂੰ ਪੰਜਾਬ ਹੀ ਨਹੀਂ ਸਗੋਂ ਸਮੁੱਚੇ ਭਾਰਤ ਵਿਚ ਖੱਬੇ-ਪੱਖੀ ਸਿਆਸਤਦਾਨਾਂ ਦੇ ਉਤਸ਼ਾਹ ਤੇ ਪ੍ਰੇਰਨਾ ਦਾ ਸੋਮਾ ਬਣਾ ਦਿੱਤਾ।

ਸਤਪਾਲ ਡਾਂਗ ਵੀਹ ਸਾਲ ਦੀ ਉਮਰ ਵਿਚ ਹੀ ਸਰਗਰਮ ਸਿਆਸਤ ਵਿਚ ਸ਼ਾਮਿਲ ਹੋ ਗਿਆ। ਮੁਲਕ ਦੀ ਆਜ਼ਾਦੀ ਮਗਰੋਂ ਇਸ ਜੋੜੀ ਨੂੰ ਮਜ਼ਦੂਰ ਜਮਾਤ ਵਿਚ ਕੰਮ ਕਰਨ ਦੀ ਜ਼ਿੰਮੇਵਾਰੀ ਪਾਰਟੀ ਵੱਲੋਂ ਸੌਂਪੀ ਗਈ। ਲਗਪਗ ਡੇਢ ਦਹਾਕਾ (1953 ਤੋਂ 1967) ਉਹ ਛੇਹਰਟੇ ਦੀ ਮਿਉਂਸਪੈਲਟੀ ਦੇ ਪ੍ਰਧਾਨ ਵਜੋਂ ਸੇਵਾ ਨਿਭਾਉਂਦੇ ਰਹੇ। ਲੋਕ ਸੇਵਾ ਦੇ ਕਾਰਜਾਂ ਨੂੰ ਬੇਲਾਗ ਭਾਵਨਾ ਤੇ ਪੂਰੀ ਜ਼ਿੰਮੇਵਾਰੀ ਨਾਲ ਨੇਪਰੇ ਚਾੜ੍ਹਨ ਕਰਕੇ ਹੀ ਉਨ੍ਹਾਂ ਲੋਕ ਦਿਲਾਂ ਵਿਚ ਆਪਣੀ ਜਗ੍ਹਾ ਬਣਾ ਲਈ। ਸਿਆਸੀ ਮੈਦਾਨ ਵਿਚ ਉਹ ਕੁੱਦੇ ਪਰੰਤੂ ਸ਼ੁਹਰਤ, ਪੈਸੇ ਜਾਂ ਨਿੱਜੀ ਮੁਫ਼ਾਦ ਕਰਕੇ ਨਹੀਂ। ਉਹ ਸਿਆਸੀ ਤਾਕਤ ਨਾਲ ਖ਼ੁਦ ਨੂੰ ਇਸ ਲਈ ਵਧੇਰੇ ਤਾਕਤਵਰ ਤੇ ਮਜ਼ਬੂਤ ਕਰਨਾ ਲੋੜਦੇ ਸਨ ਤਾਂ ਕਿ ਉਹ ਲੋਕ ਭਲਾਈ ਤੇ ਸੇਵਾ ਦੇ ਕੰਮ ਵਧੇਰੇ ਤਨਦੇਹੀ ਨਾਲ ਨਿਭਾਅ ਸਕਣ। ਵਰ੍ਹਾ 1967 ਦਾ ਆਇਆ ਤਾਂ ਪਾਰਟੀ ਨੇ ਉਨ੍ਹਾਂ ਨੂੰ ਛੇਹਰਟਾ ਤੋਂ ਉਸ ਵੇਲੇ ਦੇ ਮੁੱਖ ਮੰਤਰੀ ਗੁਰਮੁਖ ਸਿੰਘ ਮੁਸਾਫ਼ਰ ਵਿਰੁੱਧ ਚੋਣ ਲੜਾਉਣ ਦਾ ਫੈ਼ਸਲਾ ਕੀਤਾ। ਇਕ ਪਾਸੇ ਪੂਰੇ ਰਾਜ ਦੀ ਤਾਕਤ, ਮੁੱਖ ਮੰਤਰੀ ਅਤੇ ਦੂਸਰੇ ਪਾਸੇ ਮਜ਼ਦੂਰਾਂ ਤੇ ਮਜ਼ਲੂਮਾਂ ਦਾ ਮਸੀਹਾ। ਜਿੱਤ ਲੋਕਾਂ ਦੀ ਹੋਈ ਤੇ ਚੌਤਰਫ਼ੀ ਲੋਕਾਂ ਦਾ ਧਿਆਨ ਮੁੱਖ ਮੰਤਰੀ ਦੀ ਹਾਰ ਵੱਲ ਖਿੱਚਿਆ ਗਿਆ। ਕਮਾਲ ਦੀ ਗੱਲ ਇਹ ਵਾਪਰੀ ਕਿ ਡਾਂਗ ਖ਼ੁਦ ਸ਼ਾਇਰ ਤੇ ਸਿਆਸਤਦਾਨ ਮੁਸਾਫ਼ਰ ਦੀ ਦਿਲੋਂ ਇੱਜ਼ਤ ਕਰਦੇ ਸਨ ਅਤੇ ਉਨ੍ਹਾਂ ਵਿਰੁੱਧ ਚੋਣ ਨਹੀਂ ਸਨ ਲੜਨਾ ਚਾਹੁੰਦੇ। ਪਾਰਟੀ ਦਾ ਫ਼ੈਸਲਾ ਉਨ੍ਹਾਂ ਹਰਫ਼ੇ ਆਖ਼ਰ ਵਜੋਂ ਸਵੀਕਾਰ ਕੀਤਾ ਅਤੇ ਫਿਰ 1969, 1972 ਤੇ 1977 ਦੀ ਚੋਣ ਜਿੱਤੀ। ਜਦੋਂ ਯੂਨਾਈਟਡ ਫਰੰਟ ਨੇ ਪਹਿਲਾਂ ਚੋਣ ਜਿੱਤੀ ਤਾਂ ਉਹ ਫੂਡ ਤੇ ਸਿਵਲ ਸਪਲਾਈਜ਼ ਵਿਭਾਗ ਦੇ ਮੰਤਰੀ ਵੀ ਰਹੇ। ਉਨ੍ਹਾਂ ਨੇ ‘ਰਾਜ ਨਹੀਂ, ਸੇਵਾ’ ਦੇ ਨਾਅਰੇ ਨੂੰ ਕਿਸੇ ਦਿਖਾਵੇ ਜਾਂ ਆਡੰਬਰ ਵਜੋਂ ਨਹੀਂ ਅਪਣਾਇਆ ਬਲਕਿ ਵਿਹਾਰ ਰਾਹੀਂ ਸੱਚ ਕਰ ਦਿਖਾਇਆ। ਉਹ ਕਹਿੰਦੇ ਘੱਟ ਅਤੇ ਸਿਆਸੀ ਤਾਕਤ ਰਾਹੀਂ ਕਰਕੇ ਵੱਧ ਦਿਖਾਉਂਦੇ ਸਨ। ਸਿਆਸੀ ਤਾਕਤ ਨਾਲ ਡਾਂਗ ਨੇ ਕੋਈ ਹੰਗਾਮੇ ਨਹੀਂ ਕੀਤੇ ਬਲਕਿ ਸੂਰਤੇ-ਹਾਲ ਨੂੰ ਬਦਲਣ ਦੀ ਵਾਹ ਲਾਈ। 1980 ਈ. ਵਿਚ ਉਹ ਸੇਵਾ ਰਾਮ ਅਰੋੜਾ ਪਾਸੋਂ ਚੋਣ ਤਾਂ ਹਾਰ ਗਏ ਪਰੰਤੂ ਉਨ੍ਹਾਂ ਦੀ ਮਕਬੂਲੀਤ ਅਤੇ ਇੱਜ਼ਤ ਵਿਚ ਭੋਰਾ ਫ਼ਰਕ ਨਹੀਂ ਪਿਆ। ਏਹੀ ਸੀਟ ਵਿਮਲਾ ਡਾਂਗ ਨੇ 1982 ਵਿਚ ਮੁੜ ਜਿੱਤ ਲਈ। 1998 ਵਿਚ ਭਾਰਤ ਸਰਕਾਰ ਨੇ ਪਦਮ ਭੂਸ਼ਨ ਸਨਮਾਨ ਦਿੱਤਾ। ਸਤਪਾਲ ਹੋਰਾਂ ਦੇ ਨਾਲ ਵਿਮਲਾ ਹੋਰੀਂ ਪਾਰਟੀ ਵਿਚ ਤਾਂ ਕੰਮ ਕਰਦੇ ਹੀ ਰਹੇ, ਨਾਲ ਹੀ ਨਾਲ ਇਸਤਰੀ ਦਲ ਨੂੰ ਵੀ ਮਜ਼ਬੂਤ ਬੁਨਿਆਦ ਉੱਪਰ ਖੜ੍ਹਾ ਕਰ ਦਿੱਤਾ। ਇਸ ਜੋੜੀ ਨੇ ਆਪਣੀਆਂ ਵਿਅਕਤੀਗਤ ਖ਼ੁਸ਼ੀਆਂ, ਸੁਖਾਂ ਤੇ ਐਸ਼ੋ ਆਰਾਮ ਨੂੰ ਲਾਂਭੇ ਸੁੱਟ ਲੋਕਾਂ ਅਤੇ ਆਪਣੇ ਜ਼ਮਾਨੇ ਦੀ ਧੜਕਣ, ਪੀੜਾ ਅਤੇ ਦਰਦ ਨੂੰ ਮਹਿਸੂਸ ਕੀਤਾ। ਮਾਰਕਸਵਾਦ ਨੂੰ ਇਸ ਜੋੜੀ ਨੇ ਪੜ੍ਹਿਆ ਅਤੇ ਸਮਝਿਆ ਹੀ ਨਹੀਂ ਸਗੋਂ ਪੂਰੀ ਤਰ੍ਹਾਂ ਆਤਮਸਾਤ ਕਰਕੇ ਆਪਣੀ ਸੂਝ ਅਤੇ ਵਿਹਾਰ ਦਾ ਹਿੱਸਾ ਬਣਾ ਲਿਆ। ਪੈਸੇ, ਮੁਨਾਫ਼ੇ, ਕੋਠੀਆਂ, ਜਾਇਦਾਦਾਂ ਅਤੇ ਵਸਤਾਂ ਵੱਲ ਝਾਕ ਉਹ ਕਦੀ ਸਵੈ-ਧੋਖੇ ਦਾ ਸ਼ਿਕਾਰ ਨਹੀਂ ਹੋਏ। ਮਾਨਵਵਾਦ, ਦਰਦਮੰਦੀ, ਉਦਾਰਤਾ ਅਤੇ ਸਮਾਜ ਭਲਾਈ ਦੇ ਰਾਹ ਤੁਰਨ ਦਾ ਸਲੀਕਾ ਉਨ੍ਹਾਂ ਇਸੇ ਵਿਚਾਰਧਾਰਾ ਪਾਸੋਂ ਹੀ ਸਿੱਖਿਆ। ਖ਼ੁਦਪ੍ਰਸਤ ਵਿਅਕਤੀਵਾਦ ਦੇ ਇਸ ਯੁੱਗ ਵਿਚ ਉਨ੍ਹਾਂ ਨੇ ਗੱਲਾਂ ਦੀਆਂ ਫੁੱਲਝੜੀਆਂ ਨਹੀਂ ਚਲਾਈਆਂ ਬਲਕਿ ਆਪਣੇ ਕਿਰਦਾਰ ਦੀ ਬੁਲੰਦੀ ਨੂੰ ਕਾਇਮ ਰੱਖਿਆ। ਗੱਲਬਾਤ ਤੇ ਕਿਰਦਾਰ ਵਿਚਾਲੇ ਏਨਾ ਅਨੂਠਾ ਤੇ ਜ਼ੋਰਦਾਰ ਤਵਾਜ਼ਨ ਕਿਧਰੇ ਵਿਰਲਾ ਟਾਵਾਂ ਹੀ ਦਿਖਾਈ ਦਿੰਦਾ ਹੈ। ਹਰ ਕਿਸਮ ਦੇ ਅਨਿਆਂ ਖ਼ਿਲਾਫ਼ ਲੜਾਈ, ਉਚੇਰੇ ਆਦਰਸ਼ਾਂ ਨਾਲ ਸਾਂਝ ਅਤੇ ਸੰਜਮ ਤੇ ਤਿਆਗ ਦੀਆਂ ਇਨ੍ਹਾਂ ਦੋਵਾਂ ਮੂਰਤਾਂ ਵਿਚੋਂ ਇਕ ਨੇ 10 ਮਈ 2009 ਨੂੰ (ਵਿਮਲਾ ਡਾਂਗ) ਅਲਵਿਦਾ ਆਖਿਆ ਅਤੇ ਦੂਸਰੀ 6 ਜੂਨ 2013 (ਸਤਪਾਲ ਡਾਂਗ) ਨੂੰ ਸਾਥੋਂ ਹਮੇਸ਼ਾ ਲਈ ਜੁਦਾ ਹੋ ਗਈ। ਡਾਂਗ ਜੋੜੀ ਨੂੰ ਚੇਤੇ ਕਰਦਿਆਂ ਫ਼ੈਜ਼ ਅਹਿਮਦ ਫ਼ੈਜ਼ ਦਾ ਸ਼ਿਅਰ ਬਦੋਬਦੀ ਚੇਤੇ ਵਿਚੋਂ ਕਾਗ਼ਜ਼ ਉੱਪਰ ਉਤਰ ਆਇਆ ਹੈ: 

ਜੋ ਹਮ ਪੇ ਗੁਜ਼ਰੀ ਸੋ ਗੁਜ਼ਰੀ ਮਗਰ ਸ਼ਬੇ ਹਿਜਰਾਂ,

ਹਮਾਰੇ ਅਸ਼ਕ ਤੇਰੀ ਆਕਬਤ ਸੰਵਾਰ ਚਲੇ।

ਪੰਜਾਬ ਡੇਢ ਦਹਾਕਾ (1978 ਤੋਂ 1992) ਦਹਿਸ਼ਤ, ਸੰਤਾਪ ਅਤੇ ਸੰਕਟ ਦੇ ਦੌਰ ਵਿਚੋਂ ਗੁਜ਼ਰਿਆ। ਡਾਂਗ ਨੂੰ ਇਸ ਸੰਤਾਪ ਪਿੱਛੇ ਕੰਮ ਕਰਦੀ ਹਰ ਧਿਰ ਦੇ ਕਿਰਦਾਰ ਦਾ ਇਲਮ ਸੀ। ਉਹ ਹਰ ਪ੍ਰਕਾਰ ਦੀ ਦਹਿਸ਼ਤਗਰਦੀ, ਕੱਟੜਤਾ ਅਤੇ ਜ਼ੁਲਮ ਦੇ ਖ਼ਿਲਾਫ਼ ਸੀ। ਕੱਟੜਪੰਥੀ ਉਸ ਦੀ ਨਜ਼ਰ ਵਿਚ ਮਾਨਵਤਾ ਦੇ ਦੁਸ਼ਮਣ ਸਨ। ਸਟੇਟ ਦਹਿਸ਼ਤਗਰਦੀ ਦਾ ਟਾਕਰਾ ਕਰਦਾ ਹੋਇਆ ਉਹ ਲਾਲ ਫ਼ੀਤਾਸ਼ਾਹੀ ਅਤੇ ਅਮੀਰਾਂ ਵਜ਼ੀਰਾਂ ਨਾਲ, ਅੱਖ ’ਚ ਅੱਖ ਪਾ ਕੇ, ਪੂਰੀ ਜੁਰੱਅਤ, ਨਿਡਰਤਾ ਅਤੇ ਨਿਧੜਕਤਾ ਨਾਲ ਗੱਲ ਕਰਦਾ ਸੀ। ਪੰਜਾਬ ਦੇ ਮਾਹੌਲ ਵਿਚ ਘੁਲ ਰਿਹਾ ਫ਼ਿਰਕੂ ਜ਼ਹਿਰ ਅਤੇ ਵੱਖ ਵੱਖ ਫ਼ਿਰਕਿਆਂ ਦੇ ਘਰਾਂ ਵਿਚ ਵਪਰਿਆ ਫ਼ਾਸਲਾ ਉਸ ਨੂੰ ਬੇਜ਼ਾਰ ਕਰਦਾ ਸੀ। ਜਿਵੇਂ ਬੀਤੇ ਜ਼ਮਾਨੇ ਵਿਚ ਉਹ ਕਾਰਖਾਨੇਦਾਰਾਂ, ਸਰਮਾਏਦਾਰਾਂ ਤੇ ਅਮੀਰਾਂ ਵਜ਼ੀਰਾਂ ਦੀ ਅੱਖ ਵਿਚ ਰੜਕਦਾ ਸੀ, ਇਵੇਂ ਹੀ ਉਹ ਦਹਿਸ਼ਤ ਤੇ ਖ਼ੌਫ਼ ਫੈਲਾਅ ਰਹੇ ਪੁਲੀਸ-ਤੰਤਰ ਅਤੇ ਦਹਿਸ਼ਤਗਰਦਾਂ ਦੀ ਹਿੱਟ ਲਿਸਟ ’ਤੇ ਸੀ। ਦਹਿਸ਼ਤ, ਖ਼ੌਫ਼ ਅਤੇ ਬੇਬਸੀ ਦਾ ਆਲਮ ਇਹ ਸੀ ਕਿ ਹਨੇਰਾ ਪੈਂਦੇ ਹੀ ਲੋਕ ਆਪਣੇ ਘਰਾਂ ਅੰਦਰ ਦੁਬਕ ਜਾਂਦੇ ਸਨ। ਲੋਕ ਡਰਦੇ ਸਨ ਘਰਾਂ ’ਚ ਰੰਗ ਰੋਗਨ ਕਰਨ ਤੋਂ, ਸਕੂਟਰ ਮੋਟਰਸਾਈਕਲ ਤੇ ਕਾਰਾਂ ਖ਼ਰੀਦਣ ਤੋਂ। ਹੱਸਾਸ ਸ਼ਾਇਰ ‘ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ’ ਅਤੇ ‘ਚਿੱਟਾ ਕੱਪੜਾ ਬਜ਼ਾਰ ਵਿਚੋਂ ਮੁੱਕ ਚੱਲਿਆ’ ਦੀ ਗੁਹਾਰ ਲਗਾ ਰਹੇ ਸਨ। ਇਸ ਦੌਰ ਵਿਚ ਸਤਪਾਲ ਡਾਂਗ ਬੇਖ਼ੌਫ਼ ਹੋ ਡਟਿਆ ਵੀ ਅਤੇ ਚਿੰਘਾੜਿਆ ਵੀ। ਖਾਲਿਸਤਾਨ ਦੇ ਹਮਾਇਤੀ ਉਸ ਉੱਪਰ ਹਿੰਦੂ-ਪੱਖੀ ਅਤੇ ਰਾਜ-ਪੱਖੀ ਹੋਣ ਦੇ ਇਲਜ਼ਾਮ ਧਰਦੇ ਰਹੇ ਪਰੰਤੂ ਇਸ ਲੋਕ-ਪੱਖੀ ਨਾਇਕ ਨੇ ਭੋਰਾ ਪ੍ਰਵਾਹ ਨਾ ਕੀਤੀ। ਜਿਨ੍ਹਾਂ ਲੋਕਾਂ ਦੀ ਉਹ ਚਾਰ ਦਹਾਕਿਆਂ ਉੱਪਰ ਪੀੜਾ ਨੂੰ ਮਹਿਸੂਸ ਕਰ ਰਿਹਾ ਸੀ ਉਨ੍ਹਾਂ ਨੇ ਹੀ ਉਸ ਦੀ ਸੁਰੱਖਿਆ ਦੇ ਇੰਤਜ਼ਾਮ ਕੀਤੇ। ਉਹ ਆਪਣੀ ਕਰਮਭੂਮੀ ਏਕਤਾ ਭਵਨ (ਛੇਹਰਟਾ) ਤੋਂ ਨੱਸਿਆ, ਦੌੜਿਆ, ਡਰਿਆ, ਘਬਰਾਇਆ ਅਤੇ ਦੁਬਕਿਆ ਬਿਲਕੁਲ ਨਹੀਂ। ਉਹ ਅੱਪੜਿਆ ਉੱਥੇ ਵੀ ਜਿੱਥੇ ਪੁਲੀਸ ਨੇ ਵਧੀਕੀ ਕੀਤੀ, ਜਿੱਥੇ ਨੇਤਾਵਾਂ ਨੇ ਦਹਿਸ਼ਤਗਰਦਾਂ ਦਾ ਸਾਥ ਦਿੱਤਾ, ਜਿੱਥੇ ਪੁਲੀਸ ਨਾਲ ਵਧੀਕੀ ਹੋਈ; ਅੱਪੜਿਆ ਹੀ ਨਹੀਂ ਉਹ ਚਿੰਘਾੜਿਆ ਵੀ। ਆਪਣੇ ਹੌਸਲੇ ਤੇ ਜੁਰੱਅਤ ਕਰਕੇ ਅਤੇ ਲੋਕਾਂ ਦੇ ਸਾਥ ਕਰਕੇ ਉਹ ਮਜ਼ਬੂਤੀ ਨਾਲ ਖੜ੍ਹਾ ਰਿਹਾ। 

ਜੇ ਉਸ ਨੇ ਹਮੇਸ਼ਾ ਦਲਿਤਾਂ, ਪੀੜਤਾਂ ਅਤੇ ਮਜ਼ਲੂਮਾਂ ਨੂੰ ਆਪਣੀ ਹਿੱਕ ਨਾਲ ਲਗਾ ਕੇ ਮਨੁੱਖੀ ਬਰਾਬਰੀ ਦੀ ਬਾਤ ਪਾਈ ਤਾਂ ਲੋਕਾਈ ਨੇ ਵੀ ਹਰ ਔਖੇ ਸੌਖੇ ਵੇਲੇ (ਆਖ਼ਰੀ ਤਿੰਨ ਵਰ੍ਹੇ ਉਹ ਅੱਖਾਂ ਦੇ ਰੋਗ ਅਤੇ ਅਲਜ਼ਾਈਮਰ ਵਰਗੀ ਬਿਮਾਰੀ ਤੋਂ ਪੀੜਿਤ ਰਿਹਾ) ਉਸ ਦਾ ਸਾਥ ਦਿੱਤਾ। ਡਾਂਗ ਨੇ ਪੰਜਾਬ ਸੰਕਟ ਦੇ ਦੌਰ ਬਾਰੇ ਆਪਣੀ ਸਮਝ ਅਤੇ ਤਜਰਬੇ ਦੇ ਆਧਾਰ ਉੱਪਰ ਦੋ ਪੁਸਤਕਾਂ Terrorism in Punjab (2000) ਅਤੇ State Religion and Politics (2004) ਦੀ ਰਚਨਾ ਕੀਤੀ। ਉਹ ਪੰਜਾਬ ਸੰਕਟ ਨੂੰ ਗ਼ਰੀਬੀ ਤੇ ਅਮੀਰੀ, ਸਾਧਨ ਸੰਪੰਨ ਤੇ ਸਾਧਨਹੀਣ, ਜ਼ਾਲਮ ਤੇ ਮਜ਼ਲੂਮ ਧਿਰਾਂ ਨਾਲ ਜੋੜ ਕੇ ਵੇਖਦਾ ਸੀ। ‘‘ਮੱਕੜਾ ਮਾਰੋ, ਜਾਲੇ ਲੱਗਣੇ ਖ਼ੁਦ-ਬ-ਖ਼ੁਦ ਹਟ ਜਾਣਗੇ’’ ਉਸ ਦੀ ਧਾਰਨਾ ਸੀ। ਪੱਤਰਕਾਰ ਖੁਸ਼ਵੰਤ ਸਿੰਘ ਨੇ ਉਸ ਦੀਆਂ ਕੁਝ ਧਾਰਨਾਵਾਂ ਨੂੰ ਇਕਪਾਸੜ ਆਖਿਆ।

ਸਤਪਾਲ ਡਾਂਗ ਦੀ ਨੌਂ ਤੋਂ ਵੱਧ ਦਹਾਕਿਆਂ ਉੱਪਰ ਪਸਰੀ ਮਾਅਨੀਖੇਜ਼ ਜ਼ਿੰਦਗੀ ਦਾ ਸਭ ਤੋਂ ਅਹਿਮ ਪਹਿਲੂ ਸੀ ਉਸ ਦੀ ਜੀਵਨ ਸ਼ੈਲੀ। ਕਿਸੇ ਸਾਧਾਰਨ ਵਿਅਕਤੀ ਨੂੰ ਵੀ ਇਹ ਸਵਾਲ ਪੁੱਛੋ: ਸਿਆਸਤ ਤੇ ਸਾਦਗੀ ਦਾ ਆਪਸੀ ਸੰੰਬੰਧ ਹੈ? ਸਿਆਸਤ ਤੇ ਲੋਕ ਸੇਵਾ ਦਾ ਰਿਸ਼ਤਾ ਹੈ? ਸਿਆਸਤ ਤੇ ਸੰਤੋਖ ਦਾ ਤਾਅਲੁੱਕ ਹੈ? ਕੀ ਸਿਆਸਤਦਾਨ ਸੱਚ ਤੇ ਸੇਵਾ ਦੇ ਰਾਹ ਤੁਰ ਰਹੇ ਹਨ? ਸਭਨਾਂ ਦਾ ਜਵਾਬ ਨਾਂਹ ਵਿਚ ਹੀ ਮਿਲੇਗਾ, ਕਿਸੇ ਵਿਰਲੇ ਅਪਵਾਦ ਨੂੰ ਦਰਕਿਨਾਰ ਕਰ। ਦਿਖਾਵਾ, ਲਾਲਚ, ਆਡੰਬਰ, ਅਫ਼ਰਾ-ਤਫ਼ਰੀ, ਦੂਹਰੀ ਜ਼ਿੰਦਗੀ, ਝੂਠ, ਗਰਜ਼, ਮੁਨਾਫ਼ਾ ਅਤੇ ਨਿੱਜਤਾ ਦਾ ਕਰੀਬੀ ਰਿਸ਼ਤਾ ਬਣ ਗਿਆ ਹੈ। ਉਹ ਜ਼ਮਾਨਾ ਗੁਜ਼ਰ ਚੁੱਕਾ ਹੈ ਜਦੋਂ ਸਿਆਸਤਦਾਨ ਇਨ੍ਹਾਂ ਸਭ ਰੋਗਾਂ ਤੋਂ ਫ਼ਾਸਲਾ ਸਾਜ਼ ਕੇ ਵਿਚਰਦੇ ਸਨ। ਸਤਪਾਲ ਡਾਂਗ ਸਾਦਗੀ ਤੇ ਜੁਰੱਅਤ ਦੇ ਮੁਜੱਸਮੇ ਦਾ ਨਾਂ ਸੀ। ਉਹ ਆਪਣੇ ਰਸਤਿਆਂ ਬਾਰੇ ਪੂਰੀ ਤਰ੍ਹਾਂ ਸਪਸ਼ਟ ਸੀ। ਉਹ ਨਾਸਤਿਕ ਸੀ ਪਰੰਤੂ ਬਹੁਤ ਅਖੌਤੀ ਤੇ ਆਡੰਬਰੀ ਆਸਤਕਾਂ ਤੋਂ ਬਿਹਤਰ। ਇਨਸਾਨੀਅਤ ਹੀ ਉਸ ਦਾ ਮਜ਼ਹਬ ਸੀ ਅਤੇ ਹਿੰਦੂ, ਸਿੱਖ, ਮੁਸਲਮਾਨ ਅਤੇ ਇਸਾਈ ਦੇ ਝਮੇਲਿਆਂ ਵਿਚ ਉਹ ਨਹੀਂ ਸੀ ਪੈਂਦਾ। ਉਹ ਧਰਮ ਦੀ ਅਗਾਂਹਵਧੂ ਤੇ ਪਿਛਾਖੜੀ ਦੋਵੇਂ ਕਿਸਮ ਦੀ ਭੂਮਿਕਾ ਤੋਂ ਵਾਕਫ਼ ਸੀ ਅਤੇ ਉਸ ਨੂੰ ਇਹ ਵੀ ਮਾਲੂਮ ਸੀ ਕਿ ‘‘ਦਿਲ ਕੇ ਖੁਸ਼ ਰਖਨੇ ਕੋ ਗ਼ਾਲਿਬ ਯੇ ਖਯਾਲ ਅੱਛਾ ਹੈ।’’ ਧਾਰਮਿਕ ਰਸਮਾਂ,  ਅੰਧ-ਵਿਸ਼ਵਾਸਾਂ ਅਤੇ ਰੂੜ੍ਹੀਵਾਦ ਤੋਂ ਉਹ ਤਮਾਮ ਉਮਰ ਕੋਹਾਂ ਦੂਰ ਵਿਚਰਿਆ। ਉਹ ਜੀਵਨ ਦੇ ਮੁੱਢ ਤੇ ਅੰਤ ਨੂੰ ਬਹੁਤ ਹੀ ਤਰਕਸ਼ੀਲ ਤੇ ਵਿਗਿਆਨਕ ਢੰਗ ਨਾਲ ਸਮਝਦਾ ਸੀ। ਧਰਮ, ਸਮੇਂ, ਸਥਾਨ ਤੇ ਵਿਅਕਤੀ ਤੋਂ ਬਹੁਤ ਉਚੇਰਾ ਉੱਠ ਕੇ ਉਹ ਲੁੱਟ, ਗਰਜ਼ ਤੇ ਮਾਇਆ ਦੇ ਪਰਪੰਚ ਬਾਰੇ ਸੋਚਦਾ ਸੀ। ਮਾਰਕਸਵਾਦ ਤੋਂ ਮਿਲੇੇ ਚਾਨਣ ਨੇ ਹੀ ਊਸ ਨੂੰ ਦੱਸਿਆ ਸੀ ਕਿ ਵਿਸ਼ਵ ਵਿਚ ਦੋ ਹੀ ਤਰ੍ਹਾਂ ਦੇ ਲੋਕ ਹਨ: ਸਾਧਨ ਸੰਪੰਨ/ ਲੋਟੂ ਅਤੇ ਮਜ਼ਲੂਮ ਤੇ ਲੁੱਟੇ ਜਾ ਰਹੇ। ਬਰਾਬਰੀ, ਸਮਾਨਤਾ ਤੇ ਨਿਆਂ ਇਸੇ ਲਈ ਉਸ ਦੀ ਜੀਵਨ ਸ਼ੈਲੀ ਦਾ ਸੁਪਨਾ ਸਨ। ਸਾਧਾਰਨ ਪਰਿਵਾਰ ਵਿਚ ਪੈਦਾ ਹੋਏ ਸਤਪਾਲ ਨੇ ਸ਼ੁਰੂ ਤੋਂ ਸਾਦਗੀ ਨਾਲ ਨਾਤਾ ਜੋੜਿਆ। ਸਾਦਾ ਜੀਵਿਆ, ਸਾਦਾ ਵਿਆਹ, ਸਾਦੇ ਵਸਤਰ, ਸਾਦਾ ਭੋਜਨ, ਸਾਦਾ ਘਰ ਅਤੇ ਸਾਦਾ ਵਾਹਨ। ਊਸ ਨੂੰ ਕਿਸੇ ਵੀ ਚਮਕੀਲੇ-ਭੜਕੀਲੇ ਲਿਬਾਸ, ਮਹਿੰਗੀਆਂ ਵਸਤਾਂ ਅਤੇ ਅੱਯਾਸ਼ੀ ਭਰੇ ਸਾਜ਼ੋ-ਸਾਮਾਨ ਸੰਗ ਨਹੀਂ ਡਿੱਠਾ। ਉਹਦੇ ਲਈ ਲੋੜੀਂਦੇ ਵਸਤਰ ਵੀ ਵਿਮਲਾ ਭੈਣ ਜੀ ਫੜ੍ਹੀਆਂ ਤੋਂ ਲੈ ਕੇ ਆਉਂਦੇ ਸਨ। ਲੰਮਾ ਅਰਸਾ ਉਸ ਸਾਈਕਲ ਦੀ ਸਵਾਰੀ ਕੀਤੀ, ਐਮ.ਐਲ.ਏ. ਬਣਨ ਮਗਰੋਂ ਵੀ। ਘਰ ਵਿਚ ਬਹੁਤ ਅਰਸਾ ਪੱਖਾ ਤਕ ਵੀ ਨਹੀਂ ਸੀ। ਕੱਚ ਦੇ ਭਾਂਡੇ ਉਹ ਇਸ ਲਈ ਨਹੀਂ ਸੀ ਰੱਖਦਾ ਕਿ ਟੁੱਟ ਜਾਣਗੇ ਤੇ ਮੁੜ ਖਰੀਦਣੇ ਪਹਿਣਗੇ। ਉਹ ਸਾਧਾਰਨ ਲੋਕਾਂ ਨਾਲ ਸਾਧਾਰਨ ਲੋਕਾਂ ਵਾਂਗ ਜੀਵਿਆ। ਛੋਟਾ ਜਿਹਾ ਕਮਰਾ ਤੇ ਥੋੜ੍ਹਾ ਜਿਹਾ ਸਾਮਾਨ ਉਸ ਦੀ ਕੁੱਲ ਦੁਨੀਆ ਸੀ। ਮੰਤਰੀ ਬਣ ਉਸ ਸਰਕਾਰੀ ਬੰਗਲੇ ਨੂੰ ਲੱਤ ਮਾਰੀ ਤੇ ਐਮ.ਐਲ.ਏ. ਹੋਸਟਲ ਵਿਚ ਰਿਹਾ। ਪਰਿਵਾਰਕ ਤੇ ਸਮਾਜਿਕ ਝਮੇਲਿਆਂ ਤੋਂ ਮੁਕਤ ਰਹਿ ਉਹ ਲੋਕ ਸੇਵਾ ਵਿਚ ਜੁਟਿਆ ਰਿਹਾ। ਉਸ ਆਪਣੀ ਪੈਨਸ਼ਨ ਵਿਚੋਂ ਦਸਵੰਧ ਨਹੀਂ ਬਲਕਿ ਦਸਵੰਧ ਦਾ ਵੀ ਲਗਭਗ ਅੱਧਾ (ਅਠੱਤੀ ਹਜ਼ਾਰ ’ਚੋਂ ਸਿਰਫ਼ ਦੋ ਹਜ਼ਾਰ) ਅਤਿ ਜ਼ਰੂਰੀ ਲੋੜਾਂ ਲਈ ਖਰਚ ਕੀਤਾ। ਖੁੱਲ੍ਹੀਆਂ ਕੋਠੀਆਂ, ਮਹਿੰਗੀਆਂ ਕਾਰਾਂ ਅਤੇ ਸੁਖ ਸਹੂਲਤਾਂ ਨਾਲ ਖਚਾਖਚ ਭਰੀ ਅੱਯਾਸ਼ ਜ਼ਿੰਦਗੀ ਗੁਜ਼ਾਰ ਰਹੇ ਅਤੇ ਨਿਮਾਣਿਆਂ ਨਿਤਾਣਿਆਂ, ਨੀਚਾਂ ਅਤੇ ਮਜ਼ਲੂਮਾਂ ਦੇ ਪੱਖੀ ਹੋਣ ਦੀਆਂ ਡੀਂਗਾਂ ਮਾਰਨ ਵਾਲਿਆਂ ਲਈ ਸਤਪਾਲ ਡਾਂਗ ਦੀ ਜੀਵਨ ਸ਼ੈਲੀ ਵਿਚ ਬਹੁਤ ਕੁਝ ਸਿੱਖਣ ਤੇ ਜੀਊਣ ਲਈ ਮੌਜੂਦ ਹੈ:

ਕਿਰਦਾਰ ਕੋ ਬਨਾਈਏ ਮੱਯਾਰੇ ਜ਼ਿੰਦਗੀ,

ਮਾਹੌਲ ਸੇ ਹੱਯਾਤ ਕਾ ਸੌਦਾ ਨਾ ਕੀਜੀਏ।

ਸੰਪਰਕ: 98557-19118

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All